KulwantKaurDr7ਪਰ ਭਗਵਾਂਕਰਣ ਦੀ ਰੁਚੀ ਅਧੀਨ ਹੁਣ ਆਰ.ਐੱਸ.ਐੱਸ. ਤੋਂ ਇਹ ਧੱਬਾ ਲਾਹੁਣ ਦੀ ਕੋਸ਼ਿਸ਼ ਕਾਰਨ ...
(24 ਅਪ੍ਰੈਲ 23)
ਇਸ ਸਮੇਂ ਪਾਠਕ: 332.


ਬਿਨਾਂ ਸ਼ੱਕ ਤਬਦੀਲੀ ਕੁਦਰਤ ਦਾ ਨਿਯਮ ਹੈ
ਹਰ ਕੋਈ ਬਦਲਾਓ ਲੋਚਦਾ ਹੈਵੰਨ ਸੁਵੰਨਤਾ ਹਰੇਕ ਦੇ ਮਨ ਨੂੰ ਭਾਉਂਦੀ ਹੈ ਪਰ ਜੇਕਰ ਅਦਲਾ ਬਦਲੀ, ਨਵੀਨਤਾ ਅਤੇ ਸੰਖੇਪਤਾ ਦੇ ਨਾਂ ’ਤੇ ਕਾਂਟ-ਛਾਂਟ, ਲਾਗ-ਡਾਟ, ਪੱਖ ਪਾਤ, ਦੂਈ ਦਵੈਤ ਅਤੇ ਤਰਫ਼ਦਾਰੀ ਭਾਰੂ ਹੋ ਜਾਵੇ, ਫਿਰ ਉਸ ਤਬਦੀਲੀ ਨੂੰ ਕੋਈ ਵੀ ਹਜ਼ਮ ਨਹੀਂ ਕਰ ਸਕਦਾ ਐੱਨ.ਸੀ.ਈ.ਆਰ.ਟੀ. (The National Council of Educational Research and Training)ਵੱਲੋਂ ਹਾਲ ਹੀ ਵਿੱਚ ਕੀਤੇ ਬਦਲਾਵਾਂ ਨੂੰ ਵੀ ਸਾਡੇ ਵਿੱਦਿਆ ਮਾਹਿਰ, ਇਤਿਹਾਸਕਾਰ ਅਤੇ ਗੁਣੀ ਗਿਆਨੀ ਅੱਜ ਇਸੇ ਨਜ਼ਰੀਏ ਤੋਂ ਦੇਖ ਰਹੇ ਹਨਲਗਾਤਾਰ ਮਿਡਲ ਕਲਾਸਾਂ ਤੋਂ ਸੀਨੀਅਰ ਸੈਕੰਡਰੀ ਜਮਾਤਾਂ ਤਕ ਸਿਲੇਬਸੀ ਅਦਲਾ ਬਦਲੀਆਂ (ਕਦੇ ਕਰੋਨਾ ਦੇ ਨਾਂ ’ਤੇ, ਕਦੇ ਸੰਖੇਪ ਕਰਨ ਦੀ ਆੜ ਵਿੱਚ ਤੇ ਕਦੇ ਤਾਰਕਿਤਤਾ (ਅਪ੍ਰਸੰਗਿਕਤਾ) ਦੇ ਲੇਬਲ ਹੇਠ ਹਰਗਿਜ਼ ਵੀ ਉਚਿਤ ਨਹੀਂ ਜਦੋਂ ਤਕ ਇਰਾਦੇ ਸਪਸ਼ਟ ਅਤੇ ਸਾਫ਼ ਨਹੀਂ ਹਨ, ਮਨਾਂ ਵਿੱਚ ਮੈਲ ਨਹੀਂ ਅਤੇ ਸਭ ਲਈ ਮਾਪਦੰਡ ਇੱਕੋ ਜਿਹੇ ਨਹੀਂ ਹੁੰਦੇ ਵਿੱਦਿਆ, ਖੋਜ ਤੇ ਸਿਖਲਾਈ ਦੀ ਕੌਮੀ ਕੌਸਲ ਨੇ ਥੋੜ੍ਹੇ ਜਿਹੇ ਅਰਸੇ ਵਿੱਚ ਵੱਡੇ-ਵੱਡੇ ਬਦਲਾਅ ਕਰਕੇ ਨਾ ਕੇਵਲ ਸਿਆਸੀ ਲੋਕਾਂ ਵਿੱਚ ਹੀ ਅਫਰਾ ਤਫਰੀ ਦਾ ਮਾਹੌਲ ਸਿਰਜ ਦਿੱਤਾ ਹੈ, ਸਗੋਂ ਅਕਾਦਮਿਕਤਾ ਅਤੇ ਇਤਿਹਾਸ ਨਾਲ ਵਾਬਸਤਾ ਲੇਖਕਾਂ, ਵਿਦਵਾਨਾਂ ਅਤੇ ਸੰਵੇਦਨਸ਼ੀਲਾਂ ਵਿੱਚ ਵੀ ਬੇਚੈਨੀ ਪੈਦਾ ਕਰ ਦਿੱਤੀ ਹੈ ਕਿਉਂਕਿ 2022-23 ਲਈ ਸੁਝਾਈਆਂ ਕਿਤਾਬਾਂ ਜੋ ਕਿ 2023-24 ਵਿੱਚ ਵੀ ਲਾਗੂ ਹੋਣੀਆਂ ਸਨ, ਨੂੰ ਇੱਕ ਵਾਰ ਫਿਰ ਤੋਂ ਕੱਟ-ਵੱਢ ਦਿੱਤਾ ਗਿਆ ਹੈ ਤੇ ਕੱਟਿਆ ਵੱਢਿਆ ਵੀ ਇਸ ਤਰ੍ਹਾਂ ਗਿਆ ਹੈ ਕਿ ਉਨ੍ਹਾਂ ਨੂੰ, ਜਿਨ੍ਹਾਂ ਨੇ ਇਸ ਦੇਸ਼ ਲਈ ਸੈਂਕੜੇ ਵਰ੍ਹੇ ਸੰਘਰਸ਼ ਕੀਤਾ, ਪੀੜ੍ਹੀਆਂ ਵਾਰੀਆਂ, ਤੱਤੀਆਂ ਤਵੀਆਂ ਸਹਾਰੀਆਂ ਤੇ ਸਰਬੰਸ ਕੁਰਬਾਨ ਕੀਤੇ - ਉਨ੍ਹਾਂ ਦੀ ਜਾਣਕਾਰੀ ਆਉਣ ਵਾਲੀਆਂ ਪੀੜ੍ਹੀਆਂ ਤੋਂ ਖੋਹ ਲਈ ਗਈ ਜਾਂ ਖੋਹੀ ਜਾ ਰਹੀ ਹੈ

17 ਜਾਂ 18 ਸਾਲਾਂ ਦੇ ਗੱਭਰੂ ਤੇ ਮੁਟਿਆਰਾਂ ਐਨੇ ਨਿਆਣੇ ਨਹੀਂ ਰਹਿ ਜਾਂਦੇ ਕਿ ਉਨ੍ਹਾਂ ਨੂੰ ਆਪਣੇ ਅਤੇ ਪਰਾਏ ਦੀ ਪਛਾਣ ਹੀ ਨਾ ਹੋ ਸਕੇਅੱਜ ਦੇ ਪਾੜ੍ਹੇ ਨੌਜਵਾਨ ਭਲੇ ਬੁਰੇ ਦੀ ਤਮੀਜ਼ ਸਮਝਦੇ ਹਨਸੋ, ਮੱਧਕਾਲੀ ਸਮੇਂ ਦੇ ਜ਼ਿਕਰਯੋਗ ਸਾਮਰਾਜ - ਮੁਗਲ ਸਾਮਰਾਜ ਨੂੰ ਮਨਫ਼ੀ ਕਰਨ ਦਾ ਮਤਲਬ ਹੈ ਸਾਰੇ ਗੁਰੂ ਕਾਲ ਨੂੰ ਮਨਫੀ ਕਰ ਦੇਣਾਉਹ ਗੁਰੂ ਕਾਲ, ਜਿਸਨੇ ਸਭ ਤੋਂ ਪਹਿਲੀ ਵਾਰ ‘ਹਿੰਦੁਸਤਾਨੀਅਤ’ ਨੂੰ ਜਿਊਂਦਾ ਕੀਤਾ, ਉਹ ਨਾਨਕ ਕਾਲ ਜਿਸ ਨੇ ਬਾਬਰ ਬਾਦਸ਼ਾਹ ਦੀ ਸ਼ਰੇਆਮ ਮੁਖ਼ਾਲਫ਼ਤ ਕੀਤੀ ਤੇ ਪਹਿਲੀ ਤੇ ਆਖ਼ਰੀ ਵਾਰ ਰੱਬ ਨੂੰ ਵੀ ਉਲਾਂਭਾ ਦਿੱਤਾ - ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦੁ ਨ ਆਇਆ‘ਬਰਬਾਦੀ’ ਵਿੱਚ ਸਮਕਾਲੀ ਸਮੇਂ ਦਾ ਹੂ-ਬ-ਹੂ ਚਿੱਤਰ ਉਲੀਕਦਿਆਂ ਜਿਸ ਜੁਰਅਤ, ਦਲੇਰੀ, ਨਿਡਰਤਾ, ਸਾਹਸ ਅਤੇ ਨਿਰਭੈਤਾ ਦਾ ਬਿਗਲ ਵਜਾਇਆ, ਉਹ ਸਮੁੱਚੇ ਮਨੁੱਖੀ ਇਤਿਹਾਸ ਦਾ ਇੱਕ ਵਿਲੱਖਣ ਅਧਿਆਇ ਹੋ ਨਿੱਬੜਿਆ ਹੈਸਤਿਗੁਰ ਜੀ ਨੇ ਕਿੱਡਾ ਬੇਬਾਕ ਫ਼ੁਰਮਾਇਆ:

ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੇ ਚਾਇ
ਬਾਬਰਵਾਣੀ ਫਿਰਿ ਗਈ
ਕੁਇਰੁ ਨ ਰੋਟੀ ਖਾਇ

ਗੁਰਦੇਵ ਜੀ ਜਦੋਂ ਫ਼ੁਰਮਾਉਂਦੇ ਹਨ ਕਿ

ਰਾਜੇ ਸ਼ੀਂਹ ਮੁਕੱਦਮ ਕੁੱਤੇ
ਜਾਇ ਜਗਾਇਨ ਬੈਠੇ ਸੁੱਤੇ

ਕੀ ਕੋਈ ਹੋਰ ਕਸਰ ਰਹਿ ਜਾਂਦੀ ਹੈ ਕਿ ਹਿੰਦੁਸਤਾਨੀ ਸਥਾਨਕ ਰਾਜਿਆਂ ਦਾ ਵਰਤਾਰਾ ਕੀ ਸੀ? ਅਫਗਾਨਿਸਤਾਨ ਤੋਂ ਚੱਲਿਆ ਕੋਈ ਧਾੜਵੀ ਇੱਧਰ ਆ ਕੇ ਕਿਵੇਂ ਰਾਜ-ਸਿੰਘਾਸਨ ’ਤੇ ਕਾਬਜ਼ ਹੋ ਗਿਆ, ਡੂੰਘੀ ਵਿਚਾਰ ਦੀ ਮੰਗ ਕਰਦਾ ਹੈ ਸਪਸ਼ਟ ਹੈ ਕਿ ਐਸ਼ ਪ੍ਰਸਤੀ ਵਿੱਚ ਡੁੱਬੇ, ਰੰਗ ਰਲ਼ੀਆਂ ਵਿੱਚ ਖੁੱਭੇ ਅਤੇ ਰਾਜਸ਼ਾਹੀ ਦੀਆਂ ਮੌਜਾਂ ਮਾਣਦੇ ਉਨ੍ਹਾਂ ਸਮਿਆਂ ਦੇ ਰਾਜੇ, ਨਵਾਬ ਅਤੇ ਚੌਧਰੀ ਆਪਣੇ ਫ਼ਰਜ਼ਾਂ ਤੋਂ ਗਾਫ਼ਲ ਸਨਤਾਣ ਹੁੰਦਿਆਂ ਹੋਇਆਂ ਨਿਤਾਣੇ, ਸਿਪਾਹੀ ਹੁੰਦਿਆਂ ਹੋਇਆਂ ਸ਼ਕਤੀਹੀਣ ਅਤੇ ਮਾਨਸਿਕ ਨਿਘਾਰ ਨਾਲ ਓਤਪੋਤਅਜਿਹੇ ਹਿੰਦੂ ਰਾਜਿਆਂ ਦੀ ਕਮਜ਼ੋਰੀ, ਬੁਜ਼ਦਿਲੀ, ਕਮਅਕਲੀ, ਬਦਨੀਅਤ ਅਤੇ ਸੌੜੀ ਰਾਜਨੀਤੀ ਸਾਹਮਣੇ ਮੁਗ਼ਲ ਰਾਜਿਆਂ ਦੀ ਬਹਾਦਰੀ, ਹੌਸਲਾ, ਦਲੇਰੀ, ਦੂਰਅੰਦੇਸ਼ੀ ਅਤੇ ਚੜ੍ਹਤ ਦਾ ਪ੍ਰਗਟਾਵਾ ਸੰਬੰਧਿਤ ਧਿਰਾਂ ਨੂੰ ਹਜ਼ਮ ਨਹੀਂ ਹੋ ਸਕਦਾਫਿਰ ਦੇਖੋ ਪੰਚਮ ਨਾਨਕ ਵੱਲੋਂ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਸੰਪਾਦਨਾ ਪੂਰੇ ਭਾਰਤੀ ਉਪ ਮਹਾਂਦੀਪ ਦੀ ਕਿੱਡੀ ਕ੍ਰਾਂਤੀਕਾਰੀ, ਵਿਸਮਾਦੀ, ਨੂਰਾਨੀ, ਸਰਬਸਾਂਝੀ ਅਤੇ ਲੋਕ ਪੱਖੀ ਘਟਨਾ ਹੈ ਜਿਸ ਵਿੱਚ ਸਮਾਜ ਦੇ ਰੋਲੇ ਮਧੋਲੇ, ਦੱਬੇ ਕੁਚਲੇ, ਨਿਮਾਣੇ ਨਿਤਾਣੇ, ਰੁਲਦੇ ਖੁੱਲਦੇ ਅਤੇ ਦਬਾਏ ਸਤਾਏ ਵਰਗਾਂ ਦੀ ਪ੍ਰਤਿਨਿਧਤਾ ਕਰਦੇ ਮਹਾਨ ਰਹਿਬਰਾਂ ਦੇ ਦੈਵੀ ਕਲਾਮ ਨੂੰ ਗੁਰੂ ਪਾਤਿਸ਼ਾਹੀਆਂ ਨੇ ਆਪਣੇ ਹਮ ਆਸਣ ਕੀਤਾ ਤੇ ਡੰਕੇ ਦੀ ਚੋਟ ਤੇ ਸਮਕਾਲੀ ਸਮਾਜ ਦੇ ਤਿੰਨ ਜ਼ਿੰਮੇਵਾਰ, ਪ੍ਰਮੁੱਖ, ਕੁਲੀਨ ਤੇ ਪ੍ਰਤਿਸ਼ਠਤ ਵਰਗਾਂ ਨੂੰ ਦਰਗਾਹੀ ਅਸਲੀਅਤ ਤੋਂ ਕੋਰਾ ਕਰਾਰ ਦਿੱਤਾ:

ਵੇਲ ਨ ਪਾਈਆਂ ਪੰਡਤੀ
ਜਿ ਹੋਵੈ ਲੇਖੁ ਪੁਰਾਣੁ
ਵਖ਼ਤੁ ਨ ਪਾਇਓ ਕਾਦੀਆਂ
ਜਿ ਲਿਖਨਿ ਲੇਖੁ ਕੁਰਾਣੁ
ਥਿਤਿ ਵਾਰੁ ਨ ਜੋਗੀ ਜਾਣੈ
ਰੁਤਿ ਮਾਹੁ ਨਾ ਕੋਈ
ਜਾ ਕਰਤਾ, ਸਿਰਠੀ ਕਉ ਸਾਜੇ
ਆਪੇ ਜਾਣਾ ਹੈ ਸੋਈ

ਕਿਹਾ ਜਾ ਸਕਦਾ ਹੈ ਕਿ ਇਤਿਹਾਸ ਨਾਲ ਛੇੜਛਾੜ ਕਰਕੇ ਅਨੇਕ ਦੇ ਮਨਾਂ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਕਰਨਾ ਇਹ ਕੋਈ ਅਸਲੋਂ ਨਵਾਂ ਵਰਤਾਰਾ ਨਹੀਂ, ਇਹ ਪੂਰੀ ਦੁਨੀਆ ਵਿੱਚ ਵਾਰ-ਵਾਰ ਤੇ ਕਈ ਕਈ ਵਾਰ ਵਾਪਰ ਚੁਕਾ ਹੈਇਤਿਹਾਸ ਗਵਾਹ ਹੈ ਕਿ ਜਿਸਦੀ ਲਾਠੀ ਉਹਦੀ ਮੱਝ ਹੋ ਜਾਂਦੀ ਰਹੀ ਹੈ ਕਿਉਂਕਿ ਹਾਕਮ ਜਮਾਤ ਆਪਣੀ ਸਲਾਮਤੀ, ਟਿਕਾਓ, ਅਤੇ ਸਦੀਵੀ ਕਾਇਮੀ ਲਈ ਅਜਿਹੇ ਵਿਗਾੜ, ਖੱਪੇ ਅਤੇ ਜੁਗਾੜ ਲਾਉਂਦੀ ਹੈ ਕਿ ਇਤਿਹਾਸਕ ਤੱਥ ਤਰੁੰਡੇ ਮੁਰੰਡੇ ਜਾਂਦੇ ਹਨਸੱਚ ਦਫ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦਾ ਸਮੂਹਿਕ ਕਤਲੇਆਮ ਕਰਕੇ ਇਹ ਭਰਮ ਪਾਲ ਲਿਆ ਸੀ ਕਿ ਹੁਣ ਇਨ੍ਹਾਂ ਦਾ ਨਾਂ-ਨਿਸ਼ਾਨ ਹੀ ਮਿਟ ਜਾਵੇਗਾ ਪਰ ਦੱਬੀ ਹੋਈ ਭੁੱਬਲ ਵਿੱਚੋਂ ਵੀ ਕੋਈ ਨਾ ਕੋਈ ਚੰਗਿਆੜੀ ਮਚ ਉੱਠਦੀ ਹੈਅੱਜ ਉਹੀ ਯਹੂਦੀ ਸਾਰੇ ਸੰਸਾਰ ਵਿੱਚ ਆਪਣੀ ਲਿਆਕਤ ਦਾ ਸਿੱਕਾ ਮੰਨਵਾ ਰਹੇ ਹਨ

ਚੀਨ ਦੇ ਵੁਹਾਨ ਤੋਂ ਨਿਕਲਿਆ ਕਰੋਨਾ ਵਾਇਰਸ, ਪਹਿਲੋਂ ਪਹਿਲ, ਉੱਥੋਂ ਦੇ ਲੋਕਾਂ ਨੂੰ ਹੀ ਸ਼ਿਕਾਰ ਬਣਾਉਣ ਲੱਗ ਪਿਆ ਸੀਚੀਨ ਨੇ ਇਹ ਤੱਥ ਨਕਾਰੇ ਤੇ ਛੁਪਾਏ ਤੇ ਅੱਜ ਵੀ ਇੱਕ ਰਹੱਸ ਹੀ ਬਣਿਆ ਆ ਰਿਹਾ ਹੈ। ਇਸਦੀ ਸ਼ੁਰੂਆਤ ਦਾ ਮਾਜਰਾ ਪਰ ਕੁਝ ਨਾ ਕੁਝ ਨਸ਼ਰ ਹੋ ਰਿਹਾ ਹੈ ਵਿਗਿਆਨੀਆਂ ਦੇ ਹਵਾਲੇ ਨਾਲਰੂਸ ਤੇ ਯੁਕਰੇਨ ਯੁੱਧ ਕਾਰਨ ਰੂਸ ਅੰਦਰਲੀਆਂ ਧਮਾਕੇਖੇਜ਼ ਪਰਿਸਥਿਤੀਆਂ ਦਬਾਈਆਂ ਗਈਆਂ, ਲੋਕ ਜੇਲ੍ਹਾਂ ਵਿੱਚ ਸੁੱਟੇ ਗਏ, ਸਜ਼ਾਵਾਂ ਹੋਈਆਂ ਤੇ ਲੋਕਾਂ ਦੀ ਖ਼ੁਆਰੀਆਂ ਵੀ ਤਾਂ ਜੋ ਲੋਕਾਂ ਅੰਦਰਲਾ ਹਕੂਮਤ-ਵਿਰੋਧੀ ਗੁੱਸਾ ਕਿਤੇ ਇਤਿਹਾਸ ਵਜੋਂ ਅੰਕਿਤ ਨਾ ਹੋ ਸਕੇ

ਹਾਕਮ ਧਿਰਾਂ ਸਦਾ ਇਸੇ ਕੋਸ਼ਿਸ਼ ਵਿੱਚ ਰਹਿੰਦੀਆਂ ਹਨਇਸ ਕੰਮ ਲਈ ਲਾਲਚ, ਡਰ, ਦਬਾਅ ਤੇ ਕਈ ਹੋਰ ਹਰਬੇ ਭਾਵੇਂ ਵਰਤੇ ਜਾਂਦੇ ਹਨ ਪ੍ਰੰਤੂ ਬਾਜ਼ਮੀਰ, ਖ਼ੁਦਦਾਰ, ਵਫ਼ਾਦਾਰ ਅਤੇ ਇਨਸਾਫ਼ਪਸੰਦ ਜਿਓੜੇ ਜਿਉਂਦੇ ਹੈਨ ਧਰਤੀ ’ਤੇ ਹਾਲੇਅਸਲ ਮੌਤ ਜ਼ਮੀਰ ਦਾ ਮਰ ਜਾਣਾ ਹੁੰਦੀ ਹੈ ਜਿਹੜੀ ਅੱਜ ਸਾਡੇ ਸਮੁੱਚੇ ਪੰਜਾਬੀ ਸਮਾਜ ਵਿੱਚੋਂ ਅਤੇ ਖਾਸ ਕਰਕੇ ਸਿੱਖ ਸਮਾਜ ਵਿੱਚੋਂ ਮਰ ਚੁੱਕੀ ਜਾਂ ਮਨਫ਼ੀ ਹੋ ਚੁੱਕੀ ਹੈਅਹੁਦਿਆਂ, ਕੁਰਸੀਆਂ, ਮਾਇਆ ਅਤੇ ਵਿਅਕਤੀਗਤ ਤਾਕਤ ਦੇ ਲਲਸਾਏ ਸਾਡੇ ਜ਼ਿੰਮੇਵਾਰ ਸੰਸਥਾਵਾਂ ਅਤੇ ਅਦਾਰਿਆਂ ਦੇ ਲੋਕ ਅੱਜ ਵੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠੇ ਹੋਏ ਹਨ ਤੇ ਸਾਡੇ ਬੁੱਧੀਜੀਵੀ ਤੇ ਵਿਸ਼ਵਵਿਦਿਆਲਿਆ ਦੇ ਕਥਿਤ ਵਿਦਵਾਨ ਵੀ ਅੱਜ ਖਾਮੋਸ਼ ਬੈਠੇ ਹਨ ਜਿਨ੍ਹਾਂ ਨੇ ਆਜੀਵਨ ਗੁਰਬਾਣੀ ਜਾਂ ਗੁਰਮਤਿ ਚਿੰਤਨ ਦੇ ਸਿਰ ’ਤੇ ਮੌਜਾਂ ਮਾਣੀਆਂ ਅਤੇ ਨਾਂ ਕਮਾਏ ਹਨ, ਮਲਾਈਆਂ ਖਾਧੀਆਂ ਤੇ ਸਿਆਹੀਆਂ ਨੂੰ ਸਫ਼ੈਦ ਵੀ ਕੀਤਾ ਹੈ ਇੱਕ ਜ਼ਿੰਮੇਵਾਰ ਚੈਨਲ ’ਤੇ ਬੀਤੇ ਦਿਨੀਂ ਦੋ ਸੁਪ੍ਰਸਿੱਧ ਇਤਿਹਾਸਕਾਰਾਂ ਦੇ ਵਿਚਾਰ-ਵਟਾਂਦਰੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਮੁਗ਼ਲ ਕਾਲ ’ਤੇ ਪਾਬੰਦੀ ਲਾ ਦੇਣ ਦਾ ਮਤਲਬ ਹੈ ਗੁਰੂ ਨਾਨਕ ਕਾਲ ਨੂੰ ਖਾਰਿਜ ਕਰ ਦੇਣਾ ਕਿੱਡੀ ਵੱਡੀ ਦੁਖਾਂਤਕ ਘਟਨਾ ਹੈ, ਮਰ ਮਿਟ ਜਾਣ ਦਾ ਸਬੱਬ ਪਰ ਸਾਡੇ ਇੱਧਰ ਚੁੱਪ-ਚਾਂ ਹੈ ਇੱਕ ਦਮ ਖ਼ਾਮੋਸ਼ੀ

ਕਹਿਣ ਨੂੰ ਤਾਂ ਇਹ (35”) ਇੱਕ ਖ਼ੁਦ ਮੁਖਤਿਆਰ ਸੰਸਥਾ ਹੈ ਜੋ 1961 ਵਿੱਚ ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਦੀ ਰਹਿਨੁਮਾਈ ਲਈ ਸਥਾਪਿਤ ਕੀਤੀ ਗਈ ਸੀ ਤਾਂ ਜੋ ਸਕੂਲੀ ਸਿੱਖਿਆ ਨੂੰ ਹੋਰ ਵਧੇਰੇ ਗੁਣਵੱਤੀ ਅਤੇ ਲਾਭਕਾਰੀ ਬਣਾਇਆ ਜਾ ਸਕੇ ਪ੍ਰੰਤੂ ਸਾਮਿਅਕ ਸਰਕਾਰਾਂ ਆਪਣੀ ਚਾਹਤ ਅਨੁਸਾਰ ਇਸ ਵਿੱਚ ਘਾਟੇ ਵਾਧੇ ਕਰਨ ਵਿੱਚ ਖੁਸ਼ੀ ਤੇ ਤ੍ਰਿਪਤੀ ਮਹਿਸੂਸ ਕਰਦੀਆਂ ਹਨਅਜਿਹਾ ਕਰਦਿਆਂ ਉਹ ਭੁੱਲ ਜਾਂਦੀਆਂ ਹਨ ਕਿ ਇਤਿਹਾਸ ਨਾਲ ਖਿਲਵਾੜ ਕਰਕੇ ਉਹ ਕਿੱਡਾ ਵੱਡਾ ਗੁਨਾਹ ਕਰ ਰਹੀਆਂ ਹਨਸੰਸਥ ਦੇ ਨਿਰਦੇਸ਼ਕ ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ ਨੇ ਦੱਸਿਆ ਹੈ ਕਿ ਪ੍ਰਸੰਗਿਕਤਾ ਦੇ ਨਾਂ ’ਤੇ ਪਹਿਲਾਂ ਕੀਤੀਆਂ ਅਦਲਾ ਬਦਲੀਆ ਪਿੱਛੋਂ, ਪਹਿਲਾਂ ਹੀ ਕਿਤਾਬਾਂ ਛਪ ਚੁੱਕੀਆਂ ਹਨਉਨ੍ਹਾਂ ਇਹ ਵੀ ਕਿਹਾ ਕਿ ਗਾਂਧੀ ਬਾਰੇ ਕੁਝ ਸਮਗਰੀ ਛਾਂਟਣ ਦਾ ਸੁਝਾਅ 1990 ਤੋਂ ਆ ਰਿਹਾ ਸੀ ਪਰ ਭਗਵਾਂਕਰਣ ਦੀ ਰੁਚੀ ਅਧੀਨ ਹੁਣ ਆਰ.ਐੱਸ.ਐੱਸ. ਤੋਂ ਇਹ ਧੱਬਾ ਲਾਹੁਣ ਦੀ ਕੋਸ਼ਿਸ਼ ਕਾਰਨ ਗਾਂਧੀ ਵਾਲਾ ਬਿਰਤਾਂਤ, ਸਨਅਤੀ ਇਨਕਲਾਬ, ਅਜੋਕੇ ਵਿਸ਼ਵ ਪ੍ਰਬੰਧ ਵਿੱਚ ਅਮਰੀਕਾ ਦੀ ਜੈ ਜੈ ਕਾਰ, ਲੋਕਤੰਤਰ ਨੂੰ ਚੁਣੌਤੀਆਂ, ਲੋਕਤੰਤਰ ਦੀ ਵਿਵਿਧਤਾ, ਮੁਸਲਿਮ ਸੁਲਤਾਨ ਤੇ ਮੁਗਲ ਬਾਦਸ਼ਾਹ ਆਦਿ ਮਨਫ਼ੀ ਕਰ ਦਿੱਤੇ ਗਏ ਹਨਕੀ ਇਹ ਮਹਿਜ਼ ਬੱਚਿਆਂ ਤੋਂ ਬੋਝ ਘਟਾਉਣ ਦੀ ਕਵਾਇਦ ਹੈ? ਹਰਗਿਜ਼ ਵੀ ਨਹੀਂਸੱਚ ਨੂੰ ਕੁਝ ਸਮੇਂ ਲਈ ਦਬਾਇਆ ਜਾ ਸਕਦਾ ਹੈ ਪਰ ਮਿਟਾਇਆ ਨਹੀਂ ਜਾ ਸਕਦਾਜਿਵੇਂ ਚੌਹਾਂ ਸਾਹਿਬਜ਼ਾਦਿਆਂ ਦੀ ਬੇਜੋੜ, ਵਿਲੱਖਣ, ਮਾਣਮੱਤੀ, ਨਾਯਾਬ ਤੇ ਅਦੁੱਤੀ ਸ਼ਹਾਦਤ ਸਮੁੱਚੇ ਮਨੁੱਖੀ ਇਤਿਹਾਸ ਦੀ ਇਕਲੌਤੀ, ਅਮਰ, ਅਮਿੱਟ ਤੇ ਅਭੁੱਲ ਘਟਨਾ ਹੈ ਪਰ ਹੁਣ ਤਕ ਦਬਾਈ ਗਈ ਹੈਤੱਤੀਆਂ ਤਵੀਆਂ ਦਾ ਪ੍ਰਸੰਗ ਜਾਂ ਸੀਸ ਗੰਜ ਦੀ ਅੱਲੋਕਾਰੀ ਸ਼ਹਾਦਤ ਬਾਰੇ ਕਿਸੇ ਦੱਖਣ ਭਾਰਤੀ ਨੂੰ ਹੁਣ ਵੀ ਪਤਾ ਨਹੀਂ ਜਦੋਂ ਕਿ ਪੰਜ ਪਿਆਰਿਆਂ ਵਿੱਚ ਸ਼ਾਮਲ ਸਾਰੇ ਹੀ ਗੁਰੂ ਕੇ ‘ਪਿਆਰੇ’ ਪੂਰੇ ਉੱਤਰ, ਮੱਧ ਅਤੇ ਦੱਖਣ ਭਾਰਤ ਦੀ ਪ੍ਰਤਿਨਿਧਤਾ ਕਰਦੇ ਸਨਇਸ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ, ਸ੍ਰਿਸ਼ਟੀ ਅਤੇ ਧਰਮ ਦੀ ਚਾਦਰ ਅਤੇ ਸਮੁੱਚੇ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋਏ ਨੌਂਵੇਂ ਨਾਨਕ ਅਤੇ ਸਾਹਿਬਜ਼ਾਦਿਆਂ ਦਾ ਬਿਰਤਾਂਤ, ਮਹਾਰਾਜਾ ਰਣਜੀਤ ਸਿੰਘ ਦੀਆਂ ਅਲੌਕਿਕ ਪ੍ਰਾਪਤੀਆਂ ਤੇ 40 ਸਾਲਾ ਸਿੱਖ ਰਾਜ, ਦਿੱਲੀ ਦੇ ਲਾਲ ਕਿਲੇ ’ਤੇ ਜਾ ਝੰਡਾ ਲਹਿਰਾ ਦੇਣ ਵਾਲੇ ਮਿਸਲ ਸਰਦਾਰਾਂ ਦੇ ਜੀਵਨ (35”) ਵੱਲੋਂ ਕਿਉਂ ਨਹੀਂ ਸ਼ਾਮਲ ਕੀਤੇ ਜਾਂਦੇ? ‘ਪਗੜੀ ਸੰਭਾਲ ਜੱਟਾ’ ਅੰਦੋਲਨ ਪੜ੍ਹਾਏ ਜਾਣ ਦੀ ਵੀ ਫੌਰੀ ਲੋੜ ਹੈ, ਜਿਸ ਵਿੱਚ ਜਲਾਵਤਾਨੀਆ ਤਕ ਹੰਢਾਈਆਂ ਗਈਆਂ

ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਗੁਰੂ ਪਾਤਿਸ਼ਾਹੀਆਂ ਦੇ ਇਹ ਗੁਰਵਾਕ, ਗੁਰੂ ਨਾਨਕ ਕਾਲ ਦੇ ਸਮਕਾਲੀ ਵਰਤਾਰੇ (ਮੁਗਲ ਕਾਲ ਦੇ ਸਮਵਿੱਥ) ਅਤੇ ਹਿੰਦੂ ਤੇ ਮੁਸਲਿਮ ਸਮਾਜ ਦੀ ਸਚਾਈ ਨੂੰ ਰੂਪਮਾਨ ਕਰਦੇ ਹਨ

ਹਿੰਦੂ ਅੰਨ੍ਹਾ ਤੁਰਕੂ ਕਾਣਾ
ਦੁਹਾਂ ਤੇ ਗਿਆਨੀ ਸਿਆਣਾ

ਇਨ੍ਹਾਂ ਸੱਚਾਈਆਂ ਨੂੰ ਛੁਪਾਉਣ ਅਤੇ ਆਉਂਦੀਆਂ ਪੀੜ੍ਹੀਆਂ ਨੂੰ ਮੁਤੱਸਬੀ ਜਾਣਕਾਰੀਆਂ ਪ੍ਰਦਾਨ ਕਰਨ ਦੀ ਹੋੜ ਵਿੱਚ ਸੋਨੇ ਨੂੰ ਧਰਤੀ ਹੇਠਾਂ ਦੱਬਣ ਦੀ ਕਵਾਇਦ ਲਗਾਤਾਰ ਜਾਰੀ ਹੈਰੱਬ ਇਨ੍ਹਾਂ ਨੂੰ ਸੁਮੱਤ ਬਖਸ਼ੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3931)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਕੁਲਵੰਤ ਕੌਰ

ਡਾ. ਕੁਲਵੰਤ ਕੌਰ

Phone: (91 - 98156 - 20515)