PrabhdeepSChawla7ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸੇ ਇੱਕ ਵਿਅਕਤੀ ਦਾ ਨਸ਼ਾ ਛੁਡਾਈਏਅਤੇ ਸਾਰੇ ਪਰਿਵਾਰ ਦੇ ...
(16 ਅਪ੍ਰੈਲ 2023)


ਨਸ਼ਾ ਮਜ਼ਾ ਨਹੀਂ, ਸਜ਼ਾ ਹੈ।”

ਇਨ੍ਹੀਂ ਦਿਨੀਂ ਬਠਿੰਡਾ ਸ਼ਹਿਰ ਦੀ ਨੌਜਵਾਨਾਂ ਦੀ ਨਸ਼ਾ ਕਰਦਿਆਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਵੱਖ-ਵੱਖ ਇਲਾਕਿਆਂ ਦੀਆਂ ਨਸ਼ਾ ਕਰਦੇ ਅਤੇ ਤੁਰਨ ਤੋਂ ਵੀ ਅਸਮਰਥ ਦਿਖਾਈ ਦੇ ਰਹੇ ਨੌਜਵਾਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨਅੱਜਕਲ ਚਾਰ-ਚੁਫੇਰੇ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ, ਨਸ਼ਾ ਪੀੜਤਾਂ ਦੇ ਪੁਨਰਵਾਸ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਕਰਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਸਬੰਧੀ ਵਿਉਂਤਬੰਦੀ ਕਰਨ ਬਾਰੇ ਚਰਚਾਵਾਂ ਦਾ ਬਜ਼ਾਰ ਹਰ ਪਾਸੇ ਗਰਮ ਨਜ਼ਰ ਆ ਰਿਹਾ ਹੈਇਹ ਠੀਕ ਹੈ ਕਿ ਬੀਤੇ ਦਿਨੀਂ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸਖਤੀ ਕਰਦਿਆਂ ਵਿਸ਼ੇਸ਼ ਸਰਚ ਮਹਿੰਮ ਵੀ ਚਲਾਈ ਸੀ ਅਤੇ ਨਸ਼ਿਆਂ ਸਮੇਤ ਕਈਆਂ ਨੂੰ ਆਪਣੀ ਹਿਰਾਸਤ ਵਿੱਚ ਵੀ ਲਿਆ ਸੀ, ਪਰ ਨਸ਼ਿਆਂ ਦੇ ਸੌਦਾਗਰਾਂ ਨੇ ਤਾਂ ਜਿਵੇਂ ਪੰਜਾਬ ਨੂੰ ਆਪਣਾ ਨਿਸ਼ਾਨਾ ਹੀ ਮਿਥ ਲਿਆ ਹੋਵੇ, ਹਰ ਰੋਜ਼ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਨਾਲ ਆਮ ਲੋਕਾਂ ਵਿੱਚ ਤਾਂ ਪਰੇਸ਼ਾਨੀ, ਡਰ ਅਤੇ ਸਹਿਮ ਦਾ ਮਾਹੌਲ ਬਣਨਾ ਸੁਭਵਿਕ ਹੀ ਹੈ, ਨੌਜਵਾਨਾਂ ਨੂੰ ਕੁਰਾਹੇ ਪਾ ਕੇ ਮੌਤ ਵੰਡਣ ਵਾਲਾ ਇਹ ਡਰੱਗ ਮਾਫੀਆ, ਨਸ਼ੇ ਵੱਲ ਬੜੀ ਹੀ ਚਲਾਕੀ ਨਾਲ ਛੋਟੀ ਉਮਰ ਦੇ ਨੌਜਵਾਨਾਂ ਨੂੰ ਮੋੜਨ ਵਾਲੇ ਦੋਮੂੰਹੇ ਇਹ ਅਜ਼ਗਰ ਸਾਡਾ ਭਵਿੱਖ, ਸਾਡੇ ਬੱਚਿਆਂ ਨੂੰ ਨਿਗਲਦੇ ਹੀ ਜਾ ਰਹੇ ਹਨ

ਨਸ਼ਾ ਜਿਸ ਤਰ੍ਹਾਂ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਇਹ ਸੱਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹ ਨੌਜਵਾਨ ਪੀੜ੍ਹੀ – ਮੁੰਡੇ, ਕੁੜੀਆਂ ਜਿਸ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ, ਉਹ ਨਸ਼ਿਆਂ ਦੀ ਦਲ-ਦਲ ਵਿੱਚ ਧਸਦੇ ਹੀ ਜਾ ਰਹੇ ਹਨ। ਹੁਣ ਤਾਂ ਸਭ ਦਾ ਇੱਕੋ ਹੀ ਸਵਾਲ ਹੈ ਕਿ ਆਖਿਰ ਕੌਣ ਬਚਾਊ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ? ਨਸ਼ਾ ਬਰਬਾਦੀ ਅਤੇ ਉਜਾੜੇ ਦਾ ਜਨਮਦਾਤਾ ਹੈ। ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਕ, ਫੁਕਰਾਪਣ ਜਾਂ ਕਿਸੇ ਮਜਬੂਰੀ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ, ਜਦੋਂ ਨਸ਼ੇ ਦੀ ਪੂਰਤੀ ਨਹੀਂ ਹੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖੌਫ ਚੋਰੀਆਂ, ਡਾਕਿਆਂ ਅਤੇ ਲੁੱਟਾਂ-ਖੋਹਾਂ ਦਾ ਰਸਤਾ ਇਖਤਿਆਰ ਕਰ ਲੈਂਦੇ ਹਨਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਅਨੇਕਾਂ ਘਰਾਂ ਦੇ ਚੁੱਲ੍ਹੇ ਠੰਢੇ ਕਰ ਛੱਡੇ ਹਨਭੰਗ, ਅਫੀਮ, ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਹੁਣ ਨਵੇਕਲੇ, ਘਾਤਕ, ਜਾਨਲੇਵਾ ਅਤੇ ਮਹਿੰਗੇ ਨਸ਼ੇ ਚਰਸ, ਬਰਾਊਨ ਸ਼ੂਗਰ, ਸਮੈਕ, ਹੈਰੋਇਨ, ਟੀਕੇ, ਗੋਲੀਆਂ ਅਤੇ ਕੈਪਸੂਲ ਆਦਿ ਦੀ ਵਰਤੋਂ ਬਰਬਾਦੀ ਹੀ ਹੈ

ਕਿਉਂ ਵਧ ਰਿਹਾ ਹੈ ਨਸ਼ੇ ਦਾ ਰੁਝਾਨ?

* ਪਰਿਵਾਰ ਵਿੱਚ ਜੇ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਉਸ ਨੂੰ ਦੇਖ ਕੇ ਹੀ ਘਰ ਦਾ ਕੋਈ ਛੋਟਾ ਬੱਚਾ ਜਾਂ ਮੈਂਬਰ ਵੀ ਨਸ਼ੇ ਦੀ ਵਰਤੋਂ ਕਰਨ ਲੱਗਦਾ ਹੈ

* ਮਾਨਸਿਕ ਪ੍ਰੇਸ਼ਾਨੀ, ਘਬਰਾਹਟ, ਵਹਿਮ ਜਾਂ ਬਿਮਾਰੀ ਕਰਕੇ ਵੀ ਕਈ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਹਨ

* ਨਸ਼ੇ ਦੀ ਵਰਤੋਂ ਲੋਕ ਅਰਾਮ ਕਰਨ ਲਈ ਨਹੀਂ ਕਰਦੇ, ਸਗੋਂ ਕਿਸੇ ਡੂੰਘੇ ਉਦੇਸ਼ ਦੀ ਪ੍ਰਾਪਤੀ, ਮਾਨਸਿਕ ਦਬਾਅ ਨੂੰ ਘਟਾਉਣ ਲਈ ਕਰਦੇ ਹਨ

* ਜਵਾਨੀ ਦਾ ਸਮਾਂ ਮਿਹਨਤ, ਲਗਨ ਦੇ ਨਾਲ ਸਿੱਖਿਆ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਣ ਦਾ ਹੁੰਦਾ ਹੈ, ਪਰ ਕਈ ਜਵਾਨੀ ਦੇ ਦੌਰ ਨੂੰ ਸਿਰਫ ਜੋਸ਼, ਸ਼ੌਕ, ਮਨੋਰੰਜਨ, ਜਸ਼ਨ, ਖੁਸ਼ਹਾਲੀ ਕਹਿ ਕੇ ਖੁਸ਼ੀ ਮਨਾਉਣ ਲਈ ਨਸ਼ਾ ਕਰਦੇ ਹਨ

* ਬੇਰੁਜ਼ਗਾਰੀ, ਭਵਿੱਖ ਦੀ ਚਿੰਤਾ, ਪਰਿਵਾਰਕ ਲੜਾਈ-ਝਗੜੇ ਜਾਂ ਕੋਈ ਹੋਰ ਮਜਬੂਰੀ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ।

* ਸਰੀਰਕ ਸਮਰੱਥਾ, ਕਾਰਜ-ਕੁਸ਼ਲਤਾ, ਜ਼ੋਰ-ਅਜ਼ਮਾਇਸ਼ ਕਰਨ ਜਾਂ ਸਰੀਰਕ ਤੇਜ਼ੀ ਲਿਆਉਣ ਲਈ ਵੀ ਨੌਜਵਾਨ ਨਸ਼ਾ ਕਰਦੇ ਹਨ

* ਪਹਿਲੀ ਵਾਰ ਵਿੱਚ ਹੀ ਕਿਸੇ ਵੱਡੇ ਨਸ਼ੇ ਦਾ ਸੇਵਨ ਕਰ ਲੈਣਾ ਭੁਲਾਉਣਾ ਔਖਾ ਹੋ ਸਕਦਾ ਹੈ ਤੇ ਨਸ਼ੇ ਦੀ ਲਤ ਲੱਗਣ ਦਾ ਅਧਾਰ ਵੀ ਬਣ ਸਕਦਾ ਹੈ

ਨਸ਼ੇ ਕਰਨ ਨਾਲ ਸਰੀਰ ਦੇ ਨਾੜੀ-ਤੰਤਰ, ਅੰਦਰੂਨੀ ਅੰਗਾਂ ਦਿਲ, ਜਿਗਰ, ਫੇਫੜੇ ਅਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਦਾ ਹੈਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਅਤੇ ਉਸ ਦਾ ਆਪਣੇ ਹੀ ਦਿਮਾਗ ਉੱਤੇ ਨਿਯੰਤਰਣ ਘਟ ਜਾਂਦਾ ਹੈ ਜਿਸ ਕਰਕੇ ਗੁੱਸਾ ਆਉਣਾ, ਗਾਲੀ-ਗਲੋਚ ਕਰਨਾ ਜਾਂ ਹਮਲਾਵਰ ਬਣਨਾ ਉਸ ਦਾ ਆਮ ਵਿਹਾਰ ਬਣ ਜਾਂਦਾ ਹੈਨਸ਼ੇ ਕਰਨ ਵਾਲੇ ਨੂੰ ਕੋਈ ਮੂੰਹ ਨਹੀਂ ਲਾਉਣਾ ਚਾਹੁੰਦਾਨਸ਼ੇ ਨਾਲ ਰੱਜਿਆ ਵਿਅਕਤੀ ਕੋਈ ਨੌਕਰੀ ਜਾਂ ਕੰਮ ਵੀ ਨਹੀਂ ਕਰ ਸਕਦਾ ਜਿਸ ਕਰਕੇ ਉਸ ਦਾ ਆਰਥਿਕ ਨੁਕਸਾਨ ਵੀ ਹੋਣਾ ਨਿਸ਼ਚਿਤ ਹੋ ਜਾਂਦਾ ਹੈਪਰ ਕਿਹਾ ਜਾਂਦਾ ਹੈ ਕਿ “ਨਸ਼ੇ ਤੋਂ ਨਫਰਤ ਕਰੋ ਨਸ਼ਾ ਕਰਨ ਵਾਲੇ ਤੋਂ ਨਹੀ”। ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗਲਤ ਹੈ। ਉਸ ਨੂੰ ਇੱਕ ਬਿਮਾਰ ਜਾਂ ਮਾਨਸਿਕ ਪੀੜਤ ਵਿਅਕਤੀ ਵਾਂਗ ਹੀ ਸਮਝਣਾ, ਉਸਦਾ ਇਲਾਜ ਕਰਵਾਉਣਾ ਅਤੇ ਉਸਦੀ ਮਦਦ ਕਰਨੀ ਚਾਹੀਦੀ ਹੈਨਸ਼ਿਆਂ ਦੀ ਦਲ-ਦਲ ਵਿੱਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਖਾਉਣ ਅਤੇ ਸਮਾਜ ਵਿੱਚ ਉਨ੍ਹਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਰੱਗ-ਡੀਅਡਿਕਸ਼ਨ ਪ੍ਰੋਗਰਾਮ ਤਹਿਤ “ਨਸ਼ਿਆ ਨੂੰ ਕਹੋ, ਨਾਂਹ - ਜ਼ਿੰਦਗੀ ਨੂੰ ਕਹੋ, ਹਾਂ।” ਦਾ ਨਾਅਰਾ ਦਿੱਤਾ ਜਾਂਦਾ ਹੈਪੰਜਾਬ ਵਿੱਚ ਨਸ਼ਾ ਪੀੜਤਾਂ ਦੇ ਮੁਫਤ ਇਲਾਜ ਲਈ ਨਸ਼ਾ ਛੁਡਾਓ ਕੇਂਦਰ (ਨਵ-ਜੀਵਨ ਕੇਂਦਰ), ਓਟ ਕਲੀਨਕ ਅਤੇ ਪੁਨਰਵਾਸ ਕੇਂਦਰਾਂ (ਨਵ-ਨਿਰਮਾਣ ਕੇਂਦਰਾਂ) ਦਾ ਕਾਰਜਸ਼ੀਲ ਹੋਣਾ ਅਤੇ ਇਹਨਾਂ ਸੰਸਥਾਵਾਂ ਵਿੱਚ ਮਨੋਚਿਕਿਤਸਕ, ਕਾਊਂਸਲਰ, ਸੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ-ਮੈਡੀਕਲ ਸਟਾਫ ਦਾ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਇੱਕ ਸ਼ਲਾਘਾਯੋਗ ਕਦਮ ਹੈਇਹਨਾਂ ਸੈਂਟਰਾਂ ਵਿੱਚ ਮਰੀਜ਼ਾਂ ਲਈ ਖਾਣਾ, ਮਨੋਰੰਜਨ ਦੀਆਂ ਸੁਵਿਧਾਵਾਂ, ਯੋਗਾ-ਕਸਰਤ ਅਤੇ ਸਮਾਜ ਵਿੱਚ ਵਿਚਰਨ ਅਤੇ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾ-ਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈਇਹ ਠੀਕ ਹੈ ਕਿ ਸਿੱਖਿਆ, ਸਮਾਜਸੇਵੀ ਸੰਸਥਾਵਾਂ, ਪੰਚਾਇਤਾਂ, ਪੇਂਡੂ ਸਿਹਤ ਕਮੇਟੀਆਂ ਦੇ ਸਹਿਯੋਗ ਅਤੇ ਪੁਲਿਸ ਵਿਭਾਗ ਦੀ ਸਖਤੀ ਅਤੇ ਤਾਲਮੇਲ ਨੇ ਅਨੇਕਾਂ ਹੀ ਘਰਾਂ ਨੂੰ ਉਜੜਨ ਤੋਂ ਬਚਾ ਲਿਆ ਹੈ। ਜਿਨ੍ਹਾਂ ਨੇ ਸਮਾਂ ਸਾਂਭ ਲਿਆ ਅਤੇ ਮਨ ਪੱਕਾ ਕਰਕੇ ਨਸ਼ਾ ਛੱਡਣ ਦਾ ਤਹੱਈਆ ਕੀਤਾ ਹੈ, ਉਨ੍ਹਾਂ ਵਿੱਚੋਂ ਕੁਝ ਕੁ ਇਲਾਜ ਅਧੀਨ ਹਨ ਅਤੇ ਬਹੁਤੇ ਤਾਂ ਤੰਦਰੁਸਤ ਹੋ ਕੇ ਆਪਣੇ-ਆਪਣੇ ਪਰਿਵਾਰਾਂ ਨਾਲ ਇਸ ਖੂਬਸੂਰਤ ਜ਼ਿੰਦਗੀ ਦਾ ਅਨੰਦ ਵੀ ਮਾਣ ਰਹੇ ਹਨਪਰ ਕਈ ਅਜੇ ਵੀ ਹਨ ਜੋ ਨਸ਼ੇ ਦੀ ਲਪੇਟ ਤੋਂ ਨਹੀਂ ਛੁੱਟ ਸਕੇ। ਆਓ ਹੰਭਲਾ ਮਾਰੀਏ ਅਤੇ ਨਸ਼ਾ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਈਏ

ਛੋਟੀ ਉਮਰ ਵਿੱਚ ਹੀ ਮਾੜੀ ਸੰਗਤ ਵਿੱਚ ਸ਼ਾਮਿਲ ਹੋ ਕੇ ਨਸ਼ੇ ਕਰਨ ਵਾਲੇ ਬੱਚਿਆਂ ਦਾ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਚਲਦਾ। ਉਨ੍ਹਾਂ ਨੂੰ ਚਾਹੀਦਾ ਹੈ ਕੇ ਉਹ ਅਜਿਹੇ ਲੱਛਣ, ਜਿਵੇਂ ਸਰੀਰਕ ਤੇ ਮਾਨਸਿਕ ਹਾਵ-ਭਾਵ, ਵਿਹਾਰ ਵਿੱਚ ਪਰਿਵਰਤਣ, ਚਿੜਚਿੜਾਪਣ, ਇਕੱਲੇ ਰਹਿਣਾ, ਜ਼ਿਆਦਾ ਖਰਚੀਲੇ ਹੋਣਾ ਜਾਂ ਪੈਸੇ ਚੋਰੀ ਕਰਨਾ, ਭੁੱਖ ਜਾਂ ਨੀਂਦ ਵਿੱਚ ਉਤਰਾਅ-ਚੜ੍ਹਾ ਜਾਂ ਬੇਚੈਨ ਰਹਿਣ ਵਰਗੇ ਲੱਛਣਾਂ ਨੂੰ ਭਲੀ-ਭਾਂਤ ਪਛਾਣ ਲੈਣ ਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾ ਲੈਣ, ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਹਾਨੂੰ ਨਸ਼ਿਆਂ ’ਤੇ ਲਾਉਣ ਵਾਲਾ ਤੁਹਾਡਾ ਦੋਸਤ ਨਹੀਂ, ਤੁਹਾਡਾ ਦੁਸ਼ਮਣ ਹੈ, “ਨਸ਼ਾ ਮਜ਼ਾ ਨਹੀਂ-ਸਜ਼ਾ ਹੈ।”

ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਕਿਸੇ ਇੱਕ ਵਿਅਕਤੀ ਦਾ ਨਸ਼ਾ ਛੁਡਾਈਏ, ਅਤੇ ਉਸਦੇ ਸਾਰੇ ਪਰਿਵਾਰ ਦੀਆਂ ਉਦਾਸੀਆਂ ਨੂੰ ਖੇੜਿਆਂ ਵਿੱਚ ਬਦਲਣ ਦਾ ਆਪਣੇ ਆਪ ਨਾਲ ਪ੍ਰਣ ਕਰੀਏ

ਨਸ਼ੇ ਦੀ ਆਦਤ ਛੱਡਣ ਲਈ ਕੁਝ ਸੁਝਾ:

* ਨਸ਼ੇ ਛੱਡਣ ਲਈ ਵਿਅਕਤੀ ਨਵੀਆਂ ਆਦਤਾਂ, ਰੁਝਾਨ ਭਾਲੇ ਜਿਸ ਵਿੱਚ ਉਸ ਨੂੰ ਅਨੰਦ ਅਤੇ ਖੁਸ਼ੀ ਮਿਲੇ ਅਤੇ ਧਿਆਨ ਲੱਗੇ ਜਿਵੇਂ ਸੰਗੀਤ ਸੁਣਨਾ, ਪੇਂਟਿੰਗ ਕਰਨੀ, ਖਾਣਾ ਬਣਾਉਣਾ, ਪੌਦਿਆਂ ਦੀ ਦੇਖ-ਭਾਲ, ਘਰ ਦੇ ਕੰਮ-ਕਾਜ ਆਦਿ

* ਕਸਰਤ ਅਤੇ ਖੇਡਾਂ ਵਿੱਚ ਭਾਗ ਲੈਣਾ ਲਾਹੇਵੰਦ ਹੋ ਸਕਦਾ ਹੈ। ਇਸ ਨਾਲ ਲਹੂ-ਚੱਕਰ, ਦਿਲ ਦੀ ਧੜਕਣ ਅਤੇ ਫੇਫੜਿਆਂ ਦੀ ਸ਼ਕਤੀ ’ਤੇ ਪ੍ਰਭਾਵ ਪੈਂਦਾ ਹੈ

* ਮੈਡੀਟੇਸ਼ਨ ਕਰਕੇ ਸਰੀਰਕ ਅਤੇ ਮਾਨਸਿਕ ਇੱਕਜੁਟਤਾ ਵਿੱਚ ਸੁਧਾਰ ਅਤੇ ਇਕਾਗਰਤਾ ਵਿੱਚ ਵਾਧਾ ਹੋ ਸਕਦਾ ਹੈ

* ਚੰਗੀ ਖੁਰਾਕ ਦਾ ਸੇਵਨ ਕਰਨ ਨਾਲ ਸਰੀਰ ਰਿਸ਼ਟ-ਪੁਸ਼ਟ ਹੋ ਜਾਂਦਾ ਹੈ। ਰਿਕਵਰੀ ਕਰ ਰਹੇ ਵਿਅਕਤੀ ਲਈ ਸੰਤੁਲਿਤ ਆਹਾਰ ਲੈਣਾ ਫਾਇਦੇਮੰਦ ਹੋ ਸਕਦਾ ਹੈ

* ਸਮੁਦਾਇਕ ਭਾਗੀਦਾਰੀ ਕਰਨੀ ਚਾਹੀਦੀ ਹੈ। ਬੁੱਧੀਜੀਵੀਆਂ, ਸਹਿਪਾਠੀਆਂ, ਪੁਰਾਣੇ ਦੋਸਤਾਂ-ਮਿੱਤਰਾਂ ਅਤੇ ਆਂਢ-ਗੁਆਂਢ ਮਿਲਣ-ਗਿਲਣ ਨਾਲ ਮੁੜ ਵਿਸ਼ਵਾਸ ਅਤੇ ਰੁਤਬਾ ਬਹਾਲ ਹੋ ਸਕਦਾ ਹੈ ਅਤੇ ਆਤਮ-ਵਿਸ਼ਵਾਸ ਵਧ ਸਕਦਾ ਹੈ

* ਮਾੜੀ ਸੰਗਤ ਤੋਂ ਦੂਰ ਰਹੋ, ਤਾਂ ਜੋ ਦੁਬਾਰਾ ਉਸ ਮਾਹੌਲ ਵਿੱਚ ਸ਼ਾਮਲ ਹੋਣ ਤੋਂ ਸਕੋਂ ਅਤੇ ਨਸ਼ੇ ਦੀ ਤੋੜ ਨਾ ਲੱਗੇ, ਦਿਲ-ਦਿਮਾਗ ਉੱਤੇ ਕੰਟਰੋਲ ਰਹੇ ਅਤੇ ਇਰਾਦਾ ਦ੍ਰਿੜ੍ਹ ਬਣਿਆ ਰਹੇ

* ਕਿਸੇ ਸਮਾਜਸੇਵੀ ਸੰਸਥਾ, ਕਲੱਬ ਜਾਂ ਵਲੰਟੀਅਰ ਨਾਲ ਤਾਲਮੇਲ ਰੱਖੋ ਤਾਂ ਜੋ ਆਪਣੇ ਤਜਰਬੇ ਜਾਂ ਵਿਚਾਰ ਸਾਂਝੇ ਕਰਕੇ ਕਿਸੇ ਮੌਕੇ ਮਦਦ ਲਈ ਜਾ ਸਕੇ

* ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਅਤੇ ਟੀਮ ਮੈਬਰਾਂ ਦੀ ਮਦਦ ਲੈਣੀ, ਸਲਾਹ ਕਰਨੀ ਤੇ ਆ ਰਹੀਆਂ ਸਰੀਰਕ ਤੇ ਮਾਨਸਿਕ ਮੁਸ਼ਕਲਾਂ ਸਬੰਧੀ ਜਾਣਕਾਰੀ ਸਾਂਝੀ ਕਰਕੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ

* ਨਸ਼ਾ ਛੱਡਣ ਵਾਲਾ ਵਿਅਕਤੀ ਜੇ ਹੋ ਸਕੇ ਜਲਦੀ ਤੋਂ ਜਲਦੀ ਆਪਣੀ ਪੜ੍ਹਾਈ ਮੁੜ ਜਾਰੀ ਕਰ ਲਵੇ। ਜੇ ਨੌਕਰੀ ਕਰਦਾ ਹੈ ਤਾਂ ਵਰਕ ਪਲੇਸ ਦੇ ਵਾਤਾਵਰਣ ਵਿੱਚ ਢਲ ਜਾਵੇ। ਜੇ ਬੇਰੁਜ਼ਗਾਰ ਹੈ ਤਾਂ ਰੁਚੀ ਮੁਤਾਬਕ ਕਿੱਤਾਮੁਖੀ ਕੋਰਸ ਦੀ ਚੋਣ ਕਰਕੇ ਬੈਂਕ ਕਰਜ਼ੇ, ਲੋਨ ਲਈ ਯੋਗਤਾ ਪੂਰੀ ਕਰਕੇ ਸਵੈ-ਰੁਜ਼ਗਾਰ ਸਥਾਪਤ ਕੀਤਾ ਜਾ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3914)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)