LakhwinderSRaiya7“ਮਨੁੱਖੀ ਜੀਵਨ ਦੇ ਸੁੱਚੇ ਅਸੂਲਾਂ ਵਿੱਚੋਂ ਇੱਕ ਅਸੂਲ ਇਹ ਵੀ ਹੈ ਕਿ ਬੋਲਣ ਤੋਂ ਪਹਿਲਾਂ ਤੋਲਣ ...”
(25 ਮਾਰਚ 2023)
ਇਸ ਸਮੇਂ ਪਾਠਕ: 255.


ਜ਼ਬਾਨ
ਸਰੀਰ ਦਾ ਮੁੱਖ ਤੇ ਨਾਜ਼ੁਕ ਅੰਗ ਹੈ ਇਹ ਮੂੰਹ ਵਿੱਚ ਮਾਸ ਦੇ ਲੋਥੜੇ ਦੇ ਰੂਪ ਵਿੱਚ ਹੀ ਹੁੰਦੀ ਹੈ ਇਸ ਦਾ ਕੰਟਰੋਲ ਦਿਮਾਗ਼ ਕੋਲ ਹੁੰਦਾ ਉਸ ਦੇ ਸੰਦੇਸ਼ ਨਾਲ ਹੀ ਇਹ ਹਰਕਤ ਵਿਚ ਆ ਕੇ ਸਾਡੇ ਮਨ ਦੇ ਭਾਵਾਂ ਨੂੰ ਬੋਲੀ ਰੂਪ ਵਿੱਚ ਪ੍ਰਗਟ ਕਰਦੀ ਹੈ ਖਾਧੇ ਪੀਤੇ ਜਾਂਦੇ ਪਦਾਰਥਾਂ ਦੇ ਸਵਾਦ ਦਾ ਅਨੁਭਵ ਵੀ ਏਸੇ ਰਾਹੀਂ ਹੁੰਦਾ ਹੈ

ਸੁਰੀਲੀ ਅਵਾਜ਼ ਹਮੇਸ਼ਾ ਮਨ ਨੂੰ ਭਾਉਂਦੀ ਹੈ ਇਸ ਦੇ ਉਲਟ ਖਰ੍ਹਵੀ ਆਵਾਜ਼ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੈ ਆਪਣੀ ਜ਼ਬਾਨ ਦਾ ਰਸ (ਕੌੜਾ, ਖੱਟਾ, ਮਿੱਠਾ) ਕਿਤੇ ਨਾ ਕਿਤੇ ਚੱਖਣਾ ਹੀ ਪੈਂਦਾ ਹੈ ਹਲੀਮੀ ਭਰੀ ਬੋਲਬਾਣੀ ਦੀ ਮਿਠਾਸ ਤਪਦੇ ਤਨ ਮਨ ਨੂੰ ਠਾਰ ਕੇ ਖੇੜੇ ਨਾਲ ਭਰ ਦਿੰਦੀ ਹੈ ਅਤੇ ਵਿਗੜੇ ਤਿਗੜੇ ਕੰਮ ਵੀ ਸਿੱਧੀ ਲੀਹੇ ਪੈ ਜਾਂਦੇ ਹਨ ਜਦ ਕਿ ਕੜਵੇ, ਫ਼ਿਰਕੂ ਬੋਲਾਂ ਨਾਲ ਕ੍ਰੋਧ ਦੇ ਜ਼ਹਿਰੀਲੇ ਡੰਗ ਹੋਰ ਵੀ ਤਿੱਖੇ ਹੋ ਜਾਂਦੇ ਹਨ, ਜੋ ਜੀਵਨ ਦੇ ਸਭ ਰੰਗਾਂ, ਸੁਰਾਂ-ਸੁਆਦਾਂ ਨੂੰ ਹੀ ਫਿੱਕਾ ਕਰਕੇ ਰੱਖ ਦਿੰਦੇ ਹਨ। ਇਸ ਬਾਬਤ ਗੁਰੂ ਨਾਨਕ ਸਾਹਿਬ ਨੇ ਵੀ ਫ਼ੁਰਮਾਇਆ ਹੈ:

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ

ਬੇਮੁਹਾਰੇ ਖਰ੍ਹਵੇ, ਮੰਦੇ ਬੋਲ ਬੋਲਣ (ਝੱਖ ਮਾਰਨ) ਵਾਲੇ ਬਣੇ ਬਣਾਏ ਕੰਮ ਵਿਗਾੜ ਕੇ ਹਮੇਸ਼ਾ ਘਾਟੇ ਵਿੱਚ ਹੀ ਰਹਿੰਦੇ ਹਨ ਯਾਨਿ ਉਹ ਆਪਣੇ ਜੀਵਨ ਦੇ ਰਸ (ਅਨੰਦ) ਨੂੰ ਵੀ ਗਵਾ ਬਹਿੰਦੇ ਹਨ

ਬੰਦੂਕ ਤੋਂ ਚੱਲੀ ਗੋਲੀ ਤੇ ਜ਼ਬਾਨੋਂ ਨਿਕਲੀ ਗੱਲ ਕਦੇ ਵਾਪਸ ਨਹੀਂ ਆਉਂਦੀ ਬੇਲਗਾਮ ਹੋਈ ਜ਼ਬਾਨ ਹੀ ‘ਲੁਤਰੋ’ ਅਖਵਾਉਂਦੀ ਤਲਵਾਰ ਦੇ ਫੱਟ ਤਾਂ ਭਰ ਜਾਂਦੇ ਹਨ ਪਰ ‘ਲੁਤਰ’ ਦੇ ਦਿੱਤੇ ਫੱਟ ਕਦੇ ਨਹੀਂ ਭਰਦੇ ਖਾਸ ਕਰਕੇ ਕਿਸੇ ਖਾਸ ਆਪਣੇ ਵਲੋਂ ਬੋਲੇ ਬੋਲ-ਕੁਬੋਲ (ਤਾਹਨੇ ਮਿਹਣੇ) ਹਮੇਸ਼ਾ ਰੜਕਦੇ ਰਹਿੰਦੇ ਹਨ ਕਿਸੇ ਆਪਣੇ ਵੱਲੋਂ ਮਾਰਿਆ ਫੁੱਲ ਵੀ ਦੁਸ਼ਮਣ ਵਲੋਂ ਮਾਰੇ ਪੱਥਰ ਨਾਲੋਂ ਵਧੇਰੇ ਕਸ਼ਟਦਾਇਕ ਹੋ ਨਿੱਬੜਦਾ ਹੈ ਬਹੁਤੇ ਘਰਾਂ ਪਰਵਾਰਾਂ ਦੇ ਆਪਸੀ ਇਤਫਾਕ, ਪ੍ਰੇਮ-ਪਿਆਰ ਨੂੰ ‘ਲੁਤਰੋ’ ਹੀ ਲੀਰੋ ਲੀਰ ਕਰਨ ਦੀ ਜ਼ਿੰਮੇਵਾਰ ਹੁੰਦੀ ਹੈ ਇਸ ਦੀ ਕੁੜੱਤਣ ਐਸੀ ਨਫਰਤ ਦੀ ਦੀਵਾਰ ਖੜ੍ਹੀ ਕਰ ਦਿੰਦੀ ਹੈ ਕਿ ਇੱਕੋ ਥਾਲੀ ਵਿੱਚ ਬੁਰਕੀ ਸਾਂਝੀ ਕਰਨ ਵਾਲਿਆਂ ਦਾ ਜੰਮਣ ਮਰਨ ਜਾਂ ਹੋਰ ਕਾਰ-ਵਿਹਾਰਾਂ ’ਤੇ ਹੋਣ ਵਾਲਾ ਮੇਲ ਮਿਲਾਪ ਹੀ ਛੁੱਟ ਜਾਂਦਾ ਹੈ ਗਲ਼ੀ ਗੁਆਂਢ, ਸ਼ਰੀਕੇ ਨਾਲ ਪੈਂਦੀ ਸਿਰ ਵੱਢਵੀਂ ਦੁਸ਼ਮਣੀ ਦੀ ਜੜ੍ਹ ਵੀ ਇਹ ‘ਲੁਤਰੋ’ ਹੀ ਹੁੰਦੀ ਹੈ ‘ਲੁਤਰੋ ਦੇ ਪੁਆੜੇ, ਕਈ ਘਰ ਉਜਾੜੇ‘ਲੁਤਰੋ

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ‘ਲੁਤਰੋ’ ਦੀ ਆਪਣੀ ਹੱਡੀ ਨਹੀਂ ਹੁੰਦੀ ਪਰ ਕਦੇ ਕਦੇ ਇਹ ਬੰਦੇ ਦੀਆਂ ਹੱਡੀਆਂ ਜ਼ਰੂਰ ਤੁੜਾ ਦਿੰਦੀ ਹੈ ਦੇਸ਼ ਦੁਨੀਆਂ ਵਿੱਚ ਹੋ ਰਹੇ ਦੰਗਿਆਂ-ਫਸਾਦਾਂ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ‘ਲੁਤਰੋ’ ਵੱਲੋਂ ਦਾਗੇ ਹਵਾਈ ਗੋਲੇ (ਬੇਤੁੱਕੇ ਬਿਆਨ) ਹੀ ਹੰਦੇ ਹਨ

ਅੱਜਕਲ੍ਹ ਸੋਸ਼ਲ ਮੀਡੀਆ ‘ਲੁਤਰੋ’ ਨੂੰ ਇੱਕ ਤਰ੍ਹਾਂ ਖੰਭ ਲਾ ਦਿੰਦਾ ਹੈ ਖੰਭਾਂ ਦੀਆਂ ਬਣੀਆਂ ਇਹ ਡਾਰਾਂ ਜਦੋਂ ਉਡਾਰਾਂ (ਬਾਤ ਦੇ ਬਤੰਗੜ, ਅਫਵਾਹਾਂ) ਭਰਦੀਆਂ ਕਿਸੇ ਦੀ ਆਸਥਾ ਦੇ ਹੰਕਾਰ ਦੀ ਹਿੱਕ ਵਿੱਚ ਠਾਹ ਕਰਕੇ ਵੱਜਦੀਆਂ ਹਨ ਤੇ ਅਗਲਾ ਕਿਹੜਾ ਅੱਗੋਂ ਘੱਟ ਹੁੰਦਾ ਹੈ, ਉਹ ਵੀ ਖੰਭਾਂ ਨੂੰ ਨਾਗ ਵਲ਼ ਪਾ ਬਹਿੰਦਾ ਹੈ ਤਾਂ ਫਿਰ ‘ਹਾਏ ਉਏ ਮਾਰ ਸੁੱਟਿਆ’ ਦਾ ਚੀਕ ਚਿਹਾੜਾ ਪੈ ਜਾਂਦਾ ਹਾਏ ਬਾਡੀਗਾਰਡ! ਹਾਏ ਬਾਡੀਗਾਰਡ!! ਲਈ ਹੱਥ ਅੱਡਣੇ ਸ਼ੁਰੂ ਹੋ ਜਾਂਦੇ ਹਨ ਬਾਡੀਗਾਰਡ ਮਿਲ ਜਾਣ ’ਤੇ ਕਈ ਫੁਕਰੇ ਤਾਂ ਬਾਡੀਗਾਰਡਾਂ ਦੇ ਸਿਰ ਉੱਤੇ ਪੂਰੀ ਪਹਿਲਵਾਨੀ/ਦਾਦਾਗਿਰੀ ਕਰਦਿਆਂ ਆਪਣੀ ‘ਲੁਤਰੋ’ ਦੀਆਂ ਵਾਗਾਂ ਹੋਰ ਵੀ ਖੁੱਲ੍ਹੀਆਂ ਛੱਡ ਦਿੰਦੇ ਹਨ

ਬਹੁਤ ਸਾਰੀਆਂ ਦੇਸੀ ਬਦੇਸ਼ੀ ਹਕੂਮਤਾਂ ਦੀ ਹੈਂਕੜਬਾਜ਼ੀ ,ਹੋਰਨਾਂ ਉੱਤੇ ਧੌਂਸ, ਕਬਜ਼ੇ ਕਰਨ ਦੀ ਬਦਨੀਤੀ ਵਾਲੀ ‘ਲੁਤਰੋ’ ਦੀ ਬਿਆਨਬਾਜ਼ੀ ਕਰਕੇ ਹੀ ਬੰਦੂਕਾਂ ਤੋਂ ਗੱਲ ਵਧਦੀ ਵਧਦੀ ਕੁੱਲ ਦੁਨੀਆਂ ਦਾ ਮਿੰਟਾਂ ਸੈਕਿੰਡਾਂ ਵਿਚ ਵਿਨਾਸ਼ ਕਰਨ ਵਾਲੇ ਮਾਰੂ ਹਥਿਆਰਾਂ ਤੱਕ ਪਹੁੰਚ ਗਈ ਹੈ ਹਥਿਆਰਾਂ, ਨਸ਼ਿਆਂ ਦੇ ਵਪਾਰੀਆਂ ਦੀ ਚਾਂਦੀ ਹੋਈ ਜਾਂਦੀ ਹੈ ਵਿਕਾਸ ਦੀ ਥਾਂ ਵਿਨਾਸ਼ ਵੱਲ ਵਧਣਾ ਇੱਕ ਤਰ੍ਹਾਂ ਦੀ ‘ਹਊਮੈ’ ਬਣਦੀ ਜਾ ਰਹੀ ਹੈ ਪਰ ਲੋਕਾਈ ਨੂੰ ਰੋਟੀ ਦੇ ਪੈ ਰਹੇ ਲਾਲਿਆਂ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ

ਬਹੁਤੇ ਗਾਇਕਾਂ ਨੇ ਵੀ ਗਾਣਿਆਂ ਵਿੱਚ ਨਸ਼ਿਆਂ, ਹਥਿਆਰਾਂ ਦੇ ਵਿਖਾਵਿਆਂ ਦੀ ਹਨੇਰੀ ਲਿਆ ਛੱਡੀ ਹੈ ਤੇ ਉੱਧਰੋਂ ਗੈਂਗਸਟਰ/ਹੁੱਲੜ੍ਹਬਾਜ਼ ਵੀ ਕੋਈ ਕਸਰ ਨਹੀਂ ਛੱਡ ਰਹੇ ਬਦ ਨਾਲ ਬਦ ਹੀ ਪੂਰਾ ਮੋਢੇ ਜੋੜ ਕੇ ਸਾਥ ਦੇ ਰਿਹਾ ਹੈ ਵਿਚਾਰੇ ਮਾਪਿਆਂ ਦੇ ਪੁੱਤ ਕੁਝ ਨਸ਼ਿਆਂ ਦੇ ਸ਼ਿਕਾਰ ਹੋਈ ਜਾਂਦੇ ਹਨ, ਕੁਝ ਮਰੀ ਜਾਂਦੇ ਹਨ, ਕੁਝ ਜੇਲਾਂ ਵਿੱਚ ਸੜੀ ਜਾਂਦੇ ਹਨ ਤੇ ਕੁਝ ਜਹਾਜਜ਼ੇ ਚੜ੍ਹੀ ਜਾਂਦੇ ਹਨ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਸੁੰਨੀਆਂ ਹੋ ਜਾਣ ਗਲੀਆਂ ਵਿੱਚ ‘ਲੁਤਰੋ’ ਪਈ ਨੱਚੇ, ਵਾਲੇ ਵਰਤਾਰੇ ਵਰਤ ਰਹੇ ਨੇ ਲੋਕਾਂ ਦੇ ਦੁੱਖਾਂ ਤਕਲੀਫਾਂ ਦੇ ਅਫਸੋਸਾਂ ਸਮੇਂ ਵੀ ‘ਲੁਤਰੋ’ ਡੰਗ ਮਾਰਨੋਂ ਨਹੀਂ ਟਲਦੀ

ਜ਼ੁਬਾਨੋਂ (ਬਚਨ ਤੋਂ) ਮੁਕਰਨ ਨੂੰ ਥੁੱਕ ਕੇ ਚੱਟਣਾ ਕਿਹਾ ਜਾਂਦਾ ਹੈ ਸਾਡੇ ਸਮਾਜ ਦੇ ਹਰ ਖੇਤਰ ਵਿਚ ਹੀ ਇਹ ਸਭ ਕੁਝ ਵੱਡੀ ਪੱਧਰ ਉੱਤੇ ਵਾਪਰ ਰਿਹਾ ਹੈ ਸਿਆਸਤ ਵਿੱਚ ਇਸ ਨੂੰ ਬੜੀ ਟੌਹਰ ਨਾਲ ‘ਯੂ ਟਰਨ’ ਆਖ ਕੇ ਹੋਊ ਪਰੇ ਕੀਤਾ ਜਾ ਰਿਹਾ ਹੈ ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਅਨੁਸਾਰ ਸੱਤਾਧਾਰੀ ‘ਲੁਤਰੋ’ ਲਾਰੇ ਲੱਪਿਆਂ ਦੇ ਠੁੰਮਕਿਆਂ ਨਾਲ ਕੁਰਸੀ ਨੂੰ ਪਏ ਜੱਫੇ ਦੀ ਪਕੜ ਨੂੰ ਮਜ਼ਬੂਤ ਕਰਨ ਵਿੱਚ ਮਸਤ ਹੈ। ਆਮ ਲੋਕਾਈ ਦੇ ਮੁੱਦੇ ਧਰੇ ਧਰਾਏ ਪਏ ਰਹਿੰਦੇ ਹਨ। ਕੌਣ ਜਾਣੇ ਪੀੜ ਪਰਾਈ

ਬੇ ਨਿਆਈਂ ਦੇ ਹਨੇਰ ਹੋਰ ਗਾੜ੍ਹੇ ਤੇ ਨੱਪੀਆਂ ਫਾਈਲਾਂ ਦੇ ਢੇਰ ਹੋਰ ਉੱਚੇ ਹੋਈ ਜਾਂਦੇ ਹਨ। ਏਨਾ ਥੱਲੇ ਦੱਬਿਆ ਸੱਚ, ਨਿਆਂ ਦਮ ਤੋੜੀ ਜਾ ਰਿਹਾ ਹੈ ਜੇ ਕੋਈ ਦੱਬੇ ਨਿਆਂ, ਸੱਚ ਦੀਆਂ ਪਰਤਾਂ ਫਰੋਲਣ ਲਈ ਨਿਆਂ ਦੇ ਮੰਦਰਾਂ ਵੱਲ ਭੱਜਣ ਦੀ ਹਿੰਮਤ ਕਰਦਾ ਵੀ ਹੈ ਤਾਂ ‘ਲੁਤਰੋ’ ਇੱਥੇ ਵੀ ਆਪਣਾ ਜਲਵਾ ਵਿਖਾ ਹੀ ਦਿੰਦੀ ਹੈ ਅੱਗੋਂ ਨਿਆਂ ਦੀ ਤੱਕੜੀ ਫੜੀ ਬੈਠੇ ਨਿਆਂ ਦੇ ਮੰਦਰਾਂ ਦੇ ਚੌਧਰੀ ਵੀ ਕਿਹੜੇ ਘੱਟ ਹਨ ਹਿਰਦੇ ਵਿਸ਼ਾਲ ਕਰਕੇ ਬੇਨਿਆਈ ਦੇ ਅਸਲ ਮੁੱਦਾ ਫੜ ਕੇ ਸੱਚ ਨੂੰ ਨਿਆਂ ਦੇ ਛਾਬੇ ਨਾਲ ਬਾਹਰ ਲਿਆਉਣ ਦੀ ਥਾਂ ‘ਲੁਤਰੋ’ ਨੂੰ ਹੀ ਵੱਡਾ ਮੁੱਦਾ ਬਣਾ ਕੇ ਉਹ ਵੀ ਮਾਣਹਾਨੀ ਦੇ ‘ਹਾਰਾਂ’ ਨਾਲ ਸੁਆਗਤ ਵੀ ਕਰੀ ਜਾਂਦੇ ਹਨ

‘ਲੁਤਰੋ’ ਨਾਲ ਬੰਦੇ ਨੇ ਧਰਮ ਨੂੰ ਵੇਚਣ ਤੇ ਰੱਬ ਨੂੰ ਵੀ ਨਿਲਾਮੀ ਉਤੇ ਵੀ ਲਾਇਆ ਹੋਇਆ ਹੈ ਰੱਬ ਦੇ ਵੱਖ ਵੱਖ ਨਾਵਾਂ, ਧਾਰਮਿਕ ਗ੍ਰੰਥਾਂ ਦੇ ਪਾਠਾਂ ਦੇ ਬੇਸ਼ੁਮਾਰ ‘ਤੋਤਾ ਰਟਣ’ ਜ਼ਰੂਰ ਹੋਈ ਜਾਂਦੇ ਹਨ ਪਰ ਉਨ੍ਹਾਂ ਦੇ ਅਸਲ ਉਪਦੇਸ਼ਾਂ ਅਨੁਸਾਰ ਅਭਿਆਸੀ ਕਰਮ ਨਾ ਮਾਤਰ ਹੋ ਰਹੇ ਹਨ, ਅਡੰਬਰ ਸਭ ਤੋਂ ਵੱਧ ਨਤੀਜੇ ਵਜੋਂ ਭਗਵਾਨ, ਰੱਬ/ਗੁਰੂ/ ਪੀਰਾਂ/ ਦਿਨ ਦਿਹਾਰਾਂ ਦੇ ਨਾਵਾਂ ਉੱਤੇ ਲੱਗਦੇ ਮੇਲਿਆਂ ਵਿੱਚ ਅਸਲ ਸ਼ਰਧਾ, ਆਸਥਾ ਦੀ ਥਾਂ ਦੇ ਅਖੌਤੀ ਭਗਤਾਂ/ ਸ਼ਰਧਾਲੂਆਂ ਦੀਆਂ ਤੀਰਥ ਯਾਤਰਾਵਾਂ ਦੌਰਾਨ ਫੁਕਰੀਆਂ, ਛੋਛੇਬਾਜ਼ੀਆਂ, ਹੁੱਲੜ੍ਹਬਾਜ਼ੀਆਂ,ਹੁੜਦੰਗਪੁਣੇ ਤੇ ਬੇਦਰਦ ਕਤਲੋਗਾਰਤ ਦੇ ਮਾਮਲਿਆਂ ਦੀਆਂ ਗਤੀਵਿਧੀਆਂ ਦੇ ਪ੍ਰਚਲਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਮਾਨੋ ਮਨੁੱਖ ਦੀ ਇਨਸਾਨੀਅਤ ਨੂੰ ਇੱਕ ਭਾਰੀ ਮਾਰ ਪੈ ਰਹੀ ਹੈ ਤੇ ਸ਼ਾਨਮੱਤੇ ਵਿਰਾਸਤੀ ਇਤਿਹਾਸ ਨੂੰ ਖੋਰਾ ਲੱਗ ਰਿਹਾ ਹੈ ਪਰ ਸੰਗਠਨਾਂ ਦੇ ਅਖੌਤੀ ਨੇਤਾਵਾਂ ਦੀ ‘ਲੁਤਰੋ’ ਹੋਰ ਵੀ ਬੇਥਵੀਆਂ ਮਾਰੀ ਜਾ ਰਹੀ ਹੈ ਝੂਠ ਦੇ ਗੱਫੇ ਵਰਤਾਉਣ ਵਾਲੀ ‘ਲੁਤਰੋ’  ਨੂੰ ਸੱਚ ਰੂਪੀ ਦੰਦਾਂ ਥੱਲੇ ਕਦੇ ਨਾ ਕਦੇ ਆਉਣਾ ਹੀ ਪੈਣਾ ਹੈ ਸੋ ਗਪੌੜਾਂ ਦੇ ਕੜਾਹ ਨਾਲ ਹੋਰਨਾਂ ਨੂੰ ਗੁਮਰਾਹ ਕਰਨ ਤੋਂ ਬਾਜ਼ ਆਉਣ ਲਈ ‘ਲੁਤਰੋ’ ਦੀ ਲਗਾਮ ਕੱਸਣੀ ਬੇਹੱਦ ਜ਼ਰੂਰੀ ਹੈ

ਜੇ ਲੁਤਰੋ ਨੂੰ ਕਾਬੂ ਕਰਨ ਦਾ ਜਾਵੇ ਵੱਲ,
ਤਾਂ ਫਿਰ ਬਹੁਤ ਸਾਰੇ ਮਸਲੇ ਹੋ ਜਾਣਗੇ ਹੱਲ

ਮਨੁੱਖੀ ਜੀਵਨ ਦੇ ਸੁੱਚੇ ਅਸੂਲਾਂ ਵਿੱਚੋਂ ਇੱਕ ਅਸੂਲ ਇਹ ਵੀ ਹੈ ਕਿ ਬੋਲਣ ਤੋਂ ਪਹਿਲਾਂ ਤੋਲਣ (ਵਿਚਾਰਾਂ ਦੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ) ਵਾਲੇ ਸਲੀਕੇਦਾਰ ਵਿਅਕਤੀ ਕਦੇ ਵੀ ਕਿਸੇ ਦੇ ਹਿਰਦੇ ਨੂੰ ‘ਲੁਤਰੋ’ ਦੇ ਸ਼ਬਦੀ ਬਾਣਾਂ ਨਾਲ ਛਲਣੀ ਨਹੀਂ ਕਰਦੇ, ਸਗੋਂ ਉਹ ਸਮਝਦੇ ਹੁੰਦੇ ਹਨ ਕਿ ਚੰਗੇ ਬੋਲਾਂ ਨਾਲ ਖੁਦ ਦੇ ਆਤਮ ਸਨਮਾਨ ਵਿੱਚ ਵੀ ਵਾਧਾ ਹੁੰਦਾ ਹੈ ਤੇ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਪੂਰਾ ਸਨਮਾਨ ਹੁੰਦਾ ਹੈ ਆਪਣੀ ਇੱਜ਼ਤ ਆਪਣੇ ਹੱਥ।

ਸੋ, ਨਾਪ ਤੋਲ ਕੇ ਬੋਲੀਏ, ਕਦੇ ਨਾ ਡੋਲੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3871)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਲਖਵਿੰਦਰ ਸਿੰਘ ਰਈਆ

ਲਖਵਿੰਦਰ ਸਿੰਘ ਰਈਆ

Phone: (91 - 98764 - 74858)
Email (lakhwinderhaviliana@yahoo.com)