“ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਵੀ ਸਾਬਿਤ ਕਰ ਚੁੱਕੀਆਂ ਹਨ ਕਿ ਹੋਰ ਕੋਈ ਵੀ ਭਾਸ਼ਾ ਸਿੱਖਣ ਲਈ ...”
(24 ਫਰਵਰੀ 2023)
ਇਸ ਸਮੇਂ ਪਾਠਕ: 380.
ਮਨੁੱਖ ਸਮਾਜਿਕ ਪ੍ਰਾਣੀ ਹੈ। ਜੀਵਨ ਸੰਚਾਰ ਤੋਂ ਸ਼ੁਰੂ ਹੁੰਦਾ ਹੈ। ਜਿਊਣ ਲਈ ਮੁੱਖ ਤੌਰ ’ਤੇ ਸੰਚਾਰ ਦੀ ਲੋੜ ਹੁੰਦੀ ਹੈ। ਮਨੁੱਖਤਾ ਦੇ ਵਿਕਾਸ ਵਿੱਚ ਸੰਚਾਰ ਦਾ ਸਭ ਤੋਂ ਵੱਧ ਯੋਗਦਾਨ ਹੈ। ਸੰਚਾਰ ਸਾਰੇ ਹੀ ਪ੍ਰਾਣੀ ਜਗਤ ਵਿੱਚ ਵਿਦਮਾਨ ਹੈ ਪਰ ਮਨੁੱਖੀ ਸੰਚਾਰ ਦੀ ਸਮਰੱਥਾ ਸਭ ਤੋਂ ਸ੍ਰੇਸ਼ਟ ਅਤੇ ਵਿਆਪਕ ਹੈ। ਮਾਨਵੀ ਸੰਚਾਰ ਦੇ ਸੰਦਰਭ ਵਿੱਚ ਭਾਸ਼ਾ ਉਪਰੰਤ ਲਿਪੀ ਦੀ ਭੂਮਿਕਾ ਸਰਵੋਤਮ ਹੈ। ਭਾਸ਼ਾ ਮਨੁੱਖ ਦੀ ਸਭ ਤੋਂ ਮਹਾਨ ਖੋਜ ਹੈ। ਭਾਸ਼ਾ ਅਤੇ ਵਿਚਾਰ ਸ਼ਕਤੀ ਮਨੁੱਖਾਂ ਨੂੰ ਜਾਨਵਰਾਂ ਤੋਂ ਅਲੱਗ ਕਰਦੀ ਹੈ। ਭਾਸ਼ਾ ਤੋਂ ਅੱਗੇ ਲਿਪੀ ਮਨੁੱਖ ਦੀ ਦੂਜੀ ਵੱਡੀ ਪ੍ਰਾਪਤੀ ਹੈ। ਛਾਪੇਖਾਨੇ ਦੀ ਈਜਾਦ ਨਾਲ ਸੰਚਾਰ ਦਾ ਘੇਰਾ ਹੋਰ ਵੀ ਵਧ ਗਿਆ। ਇਸਨੇ ਸੰਚਾਰ ਦੀ ਗਤੀ ਵਿੱਚ ਇੱਕ ਵੱਡਾ ਇਨਕਲਾਬ ਲਿਆਂਦਾ ਹੈ। ਭਾਸ਼ਾ ਮਨੁੱਖੀ ਸੰਚਾਰ ਦਾ ਮਾਧਿਅਮ ਹੈ। ਭਾਸ਼ਾ ਦੀ ਸਿਰਜਣਾ ਬਾਕੀ ਸਾਰੀਆਂ ਮਨੁੱਖੀ ਸਿਰਜਣਾਵਾਂ ਨਾਲੋਂ ਸਭ ਤੋਂ ਉੱਤਮ ਹੈ। ਬਾਕੀ ਸਾਰੇ ਜੀਵਾਂ ਦੇ ਮੁਕਾਬਲੇ ਮਨੁੱਖੀ ਜ਼ਬਾਨ ਦੀ ਬਣਤਰ ਹੀ ਅਜਿਹੀ ਹੈ ਕਿ ਉਹ ਵੱਖੋ ਵੱਖਰੀਆਂ ਧੁਨੀਆਂ ਉਚਾਰ ਸਕਦਾ ਹੈ। ਬਾਕੀ ਸਾਰੇ ਜਾਨਵਰ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਨਿਸ਼ਚਿਤ ਧੁਨੀਆਂ ਤਕ ਹੀ ਸੀਮਤ ਹਨ, ਜਦਕਿ ਮਨੁੱਖ ਆਪਣੀ ਉਚਾਰਨ ਸ਼ਕਤੀ ਦੇ ਕਾਰਨ ਵੱਖੋ ਵੱਖਰੀਆਂ ਧੁਨੀਆਂ ਉਚਾਰ ਸਕਦਾ ਹੈ। ਇਸੇ ਲਈ ਸੰਸਾਰ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਹਨ। ਕਿਹਾ ਜਾਂਦਾ ਹੈ ਕਿ ਬੋਲੀ ਬਾਰਾਂ ਕੋਹ ’ਤੇ ਬਦਲ ਜਾਂਦੀ ਹੈ। ਇਸ ਲਈ ਵੱਖ ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵੱਖੋ ਵੱਖਰੀਆਂ ਭਾਸ਼ਾਵਾਂ ਹਨ।
ਪੰਜਾਬੀ ਗਿਣਤੀ ਦੇ ਆਧਾਰ ’ਤੇ ਦੁਨੀਆਂ ਦੀ ਦਸਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। 10 ਕਰੋੜ ਤੋਂ ਜ਼ਿਆਦਾ ਲੋਕ ਇਸ ਨੂੰ ਬੋਲਣ ਵਾਲੇ ਹਨ। ਪੰਜਾਬੀ ਬੋਲੀ ਨੂੰ ਸਭ ਤੋਂ ਜ਼ਿਆਦਾ ਬੋਲਣ ਵਾਲੇ ਲੋਕ ਪਾਕਿਸਤਾਨ ਵਿੱਚ ਹਨ। ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਆਸਟਰੇਲੀਆਂ ਆਦਿ ਵਰਗੇ ਦੇਸ਼ ਵੀ ਪੰਜਾਬੀ ਬੋਲਣ ਵਾਲੇ ਖੇਤਰ ਵਿੱਚ ਸ਼ਾਮਲ ਹਨ, ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬੀ ਪਰਵਾਸੀ ਇਹਨਾਂ ਦੇਸ਼ਾਂ ਵਿੱਚ ਹੀ ਵਸਦੇ ਹਨ। ਇਸ ਸਮੇਂ ਇਹ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਪੰਜਾਬੀ ਭਾਸ਼ਾ ਖ਼ਤਮ ਹੋਣ ਵਾਲੀ ਹੈ ਜਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਅੱਜ ਹਰ ਕੋਈ ਅੰਗਰੇਜ਼ੀ ਭਾਸ਼ਾ ਦੀ ਦਿਨੋਂ ਦਿਨ ਵਧ ਰਹੀ ਵਰਤੋਂ ਤੇ ਪੰਜਾਬੀ ਭਾਸ਼ਾ ਵਿੱਚ ਨਿਘਾਰ ਕਾਰਨ ਚਿੰਤਤ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਦੁਆਰਾ ਬਾਹਰੋਂ ਸ਼ਬਦ ਲੈਣ ਦੀ ਗੱਲ ਕੋਈ ਨਵੀਂ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਰਬੀ ਫਾਰਸੀ ਵਰਗੀਆਂ ਭਾਸ਼ਾਵਾਂ ਦੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਆ ਚੁੱਕੇ ਹਨ। ਪੰਜਾਬੀ ਭਾਸ਼ਾ ਦਾ ਤਾਂ ਨਾਂ ਵੀ ਹੋਰ ਭਾਸ਼ਾ ਤੋਂ ਪਿਆ ਹੈ, ਜਿਹੜਾ ਫਾਰਸੀ ਦੇ ਦੋ ਸ਼ਬਦਾਂ ਪੰਜ ਤੇ ਆਬ ਤੋਂ ਮਿਲ ਕੇ ਬਣਿਆ ਹੈ। ਇਸਦਾ ਭਾਵ ਕਿ ਸਾਡੀ ਭਾਸ਼ਾ ਦਾ ਤਾਂ ਨਾਮ ਵੀ ਦੂਜੀਆਂ ਭਾਸ਼ਾਵਾਂ ਨੂੰ ਮਿਲ ਕੇ ਬਣਿਆ ਹੈ। ਭਾਵ ਇਹ ਹੈ ਕਿ ਵੱਖ ਵੱਖ ਭਾਸ਼ਾਵਾਂ ਵਿੱਚ ਸ਼ਬਦਾਂ ਦੇ ਲੈਣ ਦੇਣ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ, ਇਸ ਨਾਲ ਜਿਸ ਭਾਸ਼ਾ ਵਿੱਚੋਂ ਸ਼ਬਦ ਲਏ ਜਾ ਰਹੇ ਹਨ, ਉਹਨਾਂ ਦਾ ਵਿਸਥਾਰ ਵੀ ਤੇ ਜਿਸ ਭਾਸ਼ਾ ਵਿੱਚ ਸ਼ਬਦ ਸ਼ਾਮਲ ਹੋ ਰਹੇ ਹਨ ਉਸਦਾ ਵੀ। ਸਮੇਂ ਸਮੇਂ ਜਿੱਥੇ ਪੰਜਾਬੀ ਭਾਸ਼ਾ ਨੇ ਵੱਖ ਵੱਖ ਭਾਸ਼ਾਵਾਂ ਤੋਂ ਤਤਸਮ ਤੇ ਤਦਭਵ ਰੂਪ ਵਿੱਚ ਸ਼ਬਦ ਲਏ ਅਤੇ ਆਪਣੇ ਆਪ ਨੂੰ ਅਮੀਰ ਕੀਤਾ, ਉੱਥੇ ਹੀ ਅੱਜ ਅੰਗਰੇਜ਼ੀ ਤੇ ਹਿੰਦੀ ਵਰਗੀਆਂ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਨੂੰ ਖ਼ਤਰਾ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦੇ ਸ਼ੰਕੇ ਪੈਦਾ ਹੋ ਰਹੇ ਹਨ। ਜਦਕਿ ਕੋਈ ਵੀ ਭਾਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ ਬਲਕਿ ਭਾਸ਼ਾ ਵਿੱਚੋਂ ਸ਼ਬਦਾਵਲੀ ਖਤਮ ਹੁੰਦੀ ਜਾਂਦੀ ਹੈ ਜਦੋਂ ਦੂਜੀ ਭਾਸ਼ਾ ਦੇ ਸ਼ਬਦ ਭਾਰੂ ਪੈ ਜਾਂਦੇ ਹਨ।
ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਜ਼ਮੀਨ ਉੱਤੇ ਵੱਖ ਵੱਖ ਸਮੇਂ ਵੱਖ ਵੱਖ ਹਮਲਾਵਰ ਆਉਂਦੇ ਰਹੇ ਤੇ ਆਪਣੇ ਨਾਲ ਆਪਣਾ ਸੱਭਿਆਚਾਰ ਤੇ ਭਾਸ਼ਾ ਵੀ ਲੈ ਕੇ ਆਉਂਦੇ ਰਹੇ। ਜਦੋਂ ਮੁਸਲਮਾਨ ਆਏ ਤਾਂ ਅਸੀਂ ਉਹਨਾਂ ਦੇ ਸੱਭਿਆਚਾਰ ਦੇ ਨਾਲ ਨਾਲ ਉਹਨਾਂ ਦੀ ਭਾਸ਼ਾ ਦੇ ਸ਼ਬਦ ਵੀ ਅਪਣਾਏ। ਉਸ ਸਮੇਂ ਦੀਆਂ ਪੰਜਾਬੀ ਲਿਖਤਾਂ ਉੱਪਰ ਅਰਬੀ ਤੇ ਫਾਰਸੀ ਦਾ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਉਸ ਸਮੇਂ ਰਾਜ ਭਾਸ਼ਾ ਵੀ ਫਾਰਸੀ ਸੀ। ਸਿੱਖ ਰਾਜ ਕਾਲ ਵਿੱਚ ਵੀ ਪੰਜਾਬੀ ਰਾਜ ਭਾਸ਼ਾ ਨਹੀਂ ਬਣ ਸਕੀ ਬਲਕਿ ਉਸ ਸਮੇਂ ਦੀ ਸਰਕਾਰੀ ਭਾਸ਼ਾ ਫਾਰਸੀ ਸੀ। ਫਿਰ ਅੰਗਰੇਜ਼ ਆਏ। ਉਹ ਜਾਣਦੇ ਸਨ ਕਿ ਜੇਕਰ ਕਿਸੇ ਕੌਮ ਨੂੰ ਗੁਲਾਮ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਭਾਸ਼ਾਈ ਤੌਰ ’ਤੇ ਗੁਲਾਮ ਬਣਾਉਣਾ ਪਵੇਗਾ। ਉਹਨਾਂ ਨੇ ਈਸਾਈ ਮਿਸ਼ਨਰੀਆਂ ਨੂੰ ਅੰਗਰੇਜ਼ੀ ਸਾਹਿਤ ਤੇ ਅੰਗਰੇਜ਼ੀ ਭਾਸ਼ਾ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ। ਉਹਨਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾ ਦਿੱਤਾ ਕਿਉਂਕਿ ਉਹਨਾਂ ਨੂੰ ਆਪਣੀਆਂ ਨੌਕਰੀਆਂ ਲਈ ਸਸਤੇ ਕਲਰਕ ਚਾਹੀਦੇ ਸਨ ਤੇ ਇਹ ਲੋੜ ਉਹਨਾਂ ਨੇ ਭਾਰਤੀਆਂ ਨੂੰ ਅੰਗਰੇਜ਼ੀ ਭਾਸ਼ਾ ਸਿਖਾ ਕੇ ਕੀਤੀ। ਈਸਾਈ ਧਰਮ ਤੇ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਂਦੀਆਂ ਸਨ ਤਾਂ ਜੋ ਉਹਨਾਂ ਦੀ ਦੇਖਾ ਦੇਖੀ ਦੂਜੇ ਲੋਕ ਵੀ ਪ੍ਰੇਰਿਤ ਹੋ ਸਕਣ। ਉਸ ਸਮੇਂ ਲੋਕਾਂ ਨੇ ਅੰਗਰੇਜ਼ਾਂ ਨਾਲ ਨੇੜਤਾ ਰੱਖਣ ’ਤੇ ਕੰਮ ਲੈਣ ਦੇ ਲਾਲਚ ਵਿੱਚ ਅੰਗਰੇਜ਼ੀ ਸਿੱਖਣੀ ਆਰੰਭੀ। ਅੰਗਰੇਜ਼ ਭਾਵੇਂ ਚਲੇ ਗਏ ਪਰ ਉਹਨਾਂ ਦੀ ਭਾਸ਼ਾ ਦੀ ਗੁਲਾਮੀ ਵਾਲੀ ਮਾਨਸਿਕਤਾ ਨਹੀਂ ਬਦਲੀ। ਅੰਗਰੇਜ਼ ਦੁਆਰਾ ਭਾਰਤ ਛੱਡ ਜਾਣ ਦੇ ਇੰਨੇ ਸਮੇਂ ਬਾਦ ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਹੈ। ਇਸ ਪਿੱਛੇ ਰਾਜਨੀਤਕ ਕਾਰਨ ਵੀ ਕਾਰਜਸ਼ੀਲ ਹਨ। ਅੰਗਰੇਜ਼ ਜਾਂਦੇ ਸਮੇਂ ਸ਼ਾਸਨ ਦੀ ਵਾਗਡੋਰ ਆਪਣੇ ਸ਼ੁਭਚਿੰਤਕਾਂ ਨੂੰ ਹੀ ਦੇ ਕੇ ਗਏ, ਜਿਨ੍ਹਾਂ ਨੇ ਅੱਗੇ ਅੰਗਰੇਜ਼ੀ ਨੂੰ ਰਵਾਇਤ ਵਜੋਂ ਤੋਰੀ ਰੱਖਿਆ।
ਜਦੋਂ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ ਤਾਂ ਉਸ ਸਮੇਂ ਸਿਰਫ਼ 15 ਸਾਲਾਂ ਲਈ ਅੰਗਰੇਜ਼ੀ ਭਾਸ਼ਾ ਨੂੰ ਸਹਾਇਕ ਰਾਜ ਭਾਸ਼ਾ ਵਜੋਂ ਥਾਂ ਦਿੱਤੀ ਗਈ। ਸਮੇਂ ਨਾਲ ਅੰਗਰੇਜ਼ੀ ਭਾਸ਼ਾ ਦਾ ਦਾਇਰਾ ਵਧਦਾ ਗਿਆ। 1997 ਵਿੱਚ ਇੱਕ ਕਾਨੂੰਨ ਰਾਹੀਂ ਇਹ ਵਿਵਸਥਾ ਕੀਤੀ ਗਈ ਕਿ ਨਿਆਂਪਾਲਿਕਾ ਦੇ ਸਾਰੇ ਕੰਮ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋਣਗੇ। ਇਹ ਕਾਨੂੰਨ ਖ਼ਤਮ ਕੀਤਾ ਜਾ ਸਕਦਾ ਸੀ ਪਰ ਜੇਕਰ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਦੋ ਤਿਹਾਈ ਪ੍ਰਤੀਸ਼ਤ ਮੈਂਬਰ ਸੰਸਦ ਵਿੱਚ ਇਹ ਪ੍ਰਸਤਾਵ ਰੱਖਦੇ ਪਰ ਅਜਿਹਾ ਅੱਜ ਤਕ ਨਹੀਂ ਹੋ ਸਕਿਆ ਕਿ ਕਿਸੇ ਨੇ ਵੀ ਅੰਗਰੇਜ਼ੀ ਭਾਸ਼ਾ ਨੂੰ ਨਿਆਂਪਾਲਿਕਾ ਦੀ ਭਾਸ਼ਾ ਤੋਂ ਖ਼ਤਮ ਕਰਨ ਲਈ ਕੋਈ ਕਦਮ ਚੁੱਕਿਆ ਹੋਵੇ।
ਪੰਜਾਬੀ ਭਾਸ਼ਾ ਨੂੰ ਇਕੱਲੀ ਅੰਗਰੇਜ਼ੀ ਭਾਸ਼ਾ ਤੋਂ ਹੀ ਨਹੀਂ ਬਲਕਿ ਹਿੰਦੀ ਤੋਂ ਵੀ ਉੰਨਾ ਹੀ ਖ਼ਤਰਾ ਹੈ ਕਿਉਂਕਿ ਹੁਣ ਤਾਂ ਜਿੱਥੇ ਭਾਰਤ ਨੂੰ ਹਿੰਦੂ ਰਾਜ ਹਿੰਦੂਆਂ ਲਈ ਰੰਗ ਦੇਣ ਦਾ ਕਾਰਜ ਵਿੱਢਿਆ ਹੋਇਆ ਹੈ, ਉੱਥੇ ਦੂਜੀਆਂ ਭਾਸ਼ਾਵਾਂ ਦੇ ਗਲ ਘੁੱਟਣ ਦਾ ਕਾਰਜ ਵੀ ਸ਼ੁਰੂ ਹੋਇਆ ਹੈ। ਬੇਸ਼ਕ ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਉਹਨਾਂ 22 ਭਾਸ਼ਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵੱਲੋਂ ਮਾਨਤਾ ਦਿੱਤੀ ਗਈ ਹੈ ਪਰ ਫਿਰ ਵੀ ਹਿੰਦੀ ਭਾਸ਼ਾ ਨੂੰ ਪੂਰੇ ਰਾਸ਼ਟਰ ਦੀ ਭਾਸ਼ਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਸੰਵਿਧਾਨ (ਆਰਟੀਕਲ 343) ਦੇ ਅਨੁਸਾਰ ਭਾਰਤ ਦੀ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ ਹੈ। ਹਿੰਦੀ ਸਿਰਫ਼ ਇੱਕ ਰਾਜ ਭਾਸ਼ਾ ਹੈ ਜਿਹੜੀ ਕਿ ਸੰਘ ਦੇ ਸ਼ਾਸਨ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਸ਼ਾਸਨ ਦੇ ਕੰਮਾਂ ਤੋਂ ਬਾਅਦ ਹਿੰਦੀ ਭਾਸ਼ਾ ਦਾ ਪ੍ਰਭਾਵ ਅਲੱਗ ਅਲੱਗ ਖੇਤਰਾਂ ਵਿੱਚ ਵਧਦਾ ਹੈ।
ਕੋਈ ਵੀ ਮਨੁੱਖ ਬੱਚੇ ਦੇ ਰੂਪ ਵਿੱਚ ਆਪਣੇ ਪਰਿਵਾਰ ਤੇ ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚੋਂ ਹੀ ਭਾਸ਼ਾ ਸਿੱਖਦਾ ਹੈ। ਕਿਹਾ ਜਾਂਦਾ ਹੈ ਕਿ ਜੋ ਬੋਲੀ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ, ਉਹ ਉਸਦੀ ਮਾਂ ਬੋਲੀ ਹੈ ਪਰ ਅੱਜ ਦੇ ਸਮੇਂ ਵਿੱਚ ਤਾਂ ਬੱਚੇ ਨੂੰ ਥੋੜ੍ਹੀ ਜਿਹੀ ਸੁਰਤ ਸੰਭਾਲਣ ’ਤੇ ਹੀ hand, cat, dog, fan, come, chair, ਆਦਿ ਵਰਗੇ ਸ਼ਬਦ ਸਿਖਾ ਦਿੱਤੇ ਜਾਂਦੇ ਹਨ। ਮਾਂ ਦਾ ਹੁਣ ਸਾਰਾ ਜ਼ੋਰ ਇਸ ਗੱਲ ’ਤੇ ਹੁੰਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਅੰਗਰੇਜ਼ੀ ਆਪਣੇ ਬੱਚੇ ਨੂੰ ਸਿਖਾ ਦੇਵੇ। ਇਸ ਤੋਂ ਬਾਅਦ ਬੱਚਾ ਸਕੂਲ ਵਿੱਚ ਵਿਚਰਦਾ ਹੈ ਤਾਂ ਅੱਜ ਦੇ ਸਮੇਂ ਦੀ ਸਥਿਤੀ ਇਹ ਹੈ ਕਿ ਬਹੁਤ ਸਾਰੇ ਸਕੂਲ ਅਜਿਹੇ ਹਨ ਜਿੱਥੇ ਪੰਜਾਬ ਵਿੱਚ ਹੀ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਜਾਂ ਸਰੀਰਕ ਸਜ਼ਾ ਹੁੰਦੀ ਹੈ। ਅੱਜ ਮਾਂ ਵੱਲੋਂ ਤੇ ਸਕੂਲ ਵੱਲੋਂ ਅੰਗਰੇਜ਼ੀ ਭਾਸ਼ਾ ਦੇ ਦਬਾਅ ਹੇਠ ਬੱਚਾ ਨਾ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਸਿੱਖ ਪਾਉਂਦਾ ਹੈ ਅਤੇ ਨਾ ਹੀ ਪੰਜਾਬੀ। ਸਾਡੇ ਰੋਜ਼ਾਨਾ ਦੇ ਵਰਤੋਂ ਵਿਹਾਰ ਵਿੱਚ ਅੰਗਰੇਜ਼ੀ ਇੰਨੀ ਕੁ ਸ਼ਾਮਲ ਹੋ ਚੁੱਕੀ ਹੈ ਕਿ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਅਸੀਂ ਅੰਗਰੇਜ਼ੀ ਦੇ ਸ਼ਬਦ ਵਰਤ ਰਹੇ ਹਾਂ- I think, sorry, but,, ਅਜਿਹੇ ਸ਼ਬਦ ਹਨ ਜਿਹੜੇ ਸਾਨੂੰ ਆਪਣੀ ਪੰਜਾਬੀ ਦਾ ਹਿੱਸਾ ਲਗਦੇ ਹਨ। ਇਹ ਸ਼ਬਦ ਅਸੀਂ ਬਿਨਾਂ ਕਿਸੇ ਉਚੇਚ ਦੇ ਸਹਿਜੇ ਹੀ ਬੋਲ ਜਾਂਦੇ ਹਨ।
ਪੰਜਾਬੀ ਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦੋ ਤਰੀਕਿਆਂ ਨਾਲ ਭਾਰੂ ਹੋ ਰਹੀ ਹੈ। ਪਹਿਲੀ ਸ਼ਬਦਾਵਲੀ ਕਿ ਜਿਨ੍ਹਾਂ ਦਾ ਸਾਡੇ ਕੋਲ ਪੰਜਾਬੀ ਵਿੱਚ ਕੋਈ ਰੂਪਾਂਤਰਣ ਨਹੀਂ, ਉਨ੍ਹਾਂ ਨੂੰ ਵਰਤਣਾ ਸਾਡੀ ਮਜਬੂਰੀ ਹੈ ਜਿਵੇਂ ਸਕੂਟਰ, ਮੋਬਾਇਲ, ਮਾਈਕਰੋਵੇਵ, ਓਵਨ ਆਦਿ। ਕਿਉਂਕਿ ਇਹ ਸਾਡੇ ਸੱਭਿਆਚਾਰ ਵਿੱਚੋਂ ਪੈਦਾ ਹੋਈਆਂ ਵਸਤਾਂ ਨਹੀਂ, ਬਲਕਿ ਦੂਜੇ ਸੱਭਿਆਚਾਰ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਦਾ ਸਾਡੇ ਕੋਲ ਪੰਜਾਬੀ ਵਿੱਚ ਕੋਈ ਉਲੱਥਾ ਨਹੀਂ। ਦੂਜਾ ਤਰੀਕਾ ਆਪਣੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਲਈ ਜਾਂ ਆਪਣੇ ਗਿਆਨਵਾਨ ਹੋਣ ਦਾ ਰੋਅਬ ਪਾਉਣ ਲਈ ਵਰਤੀ ਜਾ ਰਹੀ ਸ਼ਬਦਾਵਲੀ। ਬੇਸ਼ਕ ਸਾਡੇ ਕੋਲ ਪੰਜਾਬੀ ਵਿੱਚ ਆਪਣੇ ਸ਼ਬਦ ਵੀ ਹਨ ਪਰ ਫਿਰ ਵੀ ਇਸਦੀ ਜਗ੍ਹਾ ਅਸੀਂ ਹੋਰ ਭਾਸ਼ਾ ਦੇ ਸ਼ਬਦ ਵਰਤਣਾ ਵਧੇਰੇ ਪਸੰਦ ਕਰਦੇ ਹਾਂ ਜਿਵੇਂ- ਵਾਈ ਨਾਟ, ਐਕਸਕਿਊਜ਼ ਮੀ, ਪਲੀਜ਼ ਆਦਿ। ਆਪਣੀ ਭਾਸ਼ਾ ਦੇ ਸ਼ਬਦ ਬੋਲਦੇ ਸਮੇਂ ਸੰਗ ਸ਼ਰਮ ਮਹਿਸੂਸ ਕਰਨਾ, ਮੁਆਫੀ ਜਾਂ ਧੰਨਵਾਦ ਵਰਗੇ ਸ਼ਬਦ ਸਾਡੀ ਜ਼ਬਾਨ ਵਿੱਚ ਐਵੇਂ ਅਟਕਦੇ ਹਨ ਜਿਵੇਂ ਅਸੀਂ ਕੋਈ ਗੈਰ ਭਾਸ਼ਾ ਬੋਲ ਰਹੇ ਹੋਈਏ। ਹੁਣ ਸਾਨੂੰ ਇਹਨਾਂ ਦੀ ਜਗ੍ਹਾ ਅੰਗਰੇਜ਼ੀ ਸ਼ਬਦ ਹੀ ਜ਼ਿਆਦਾ ਰਾਸ ਆ ਰਹੇ ਹਨ।
ਜਿਉਂ ਜਿਉਂ ਸੱਭਿਆਚਾਰਕ ਤਬਦੀਲੀਆਂ ਆਉਂਦੀਆਂ ਹਨ, ਸਾਡੇ ਕੋਲ ਸ਼ਬਦਾਵਲੀ ਵੀ ਵਧਦੀ ਜਾਂਦੀ ਹੈ। ਅੱਜ ਚਮਕਦੀਆਂ ਟਾਈਲਾਂ ਤੇ ਸ਼ਾਜੋ ਸਮਾਨ ਨਾਲ ਬਣੀ ਹੋਈ ਰਸੋਈ (ਝਲਾਨੀ) ਨੂੰ ਕੋਈ ਵੀ ਪੰਜਾਬੀ ਵਿੱਚ ਕਹਿਣਾ ਪਸੰਦ ਨਹੀਂ ਕਰੇਗਾ ਸਗੋਂ ਕਿਚਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਅੱਜਕੱਲ ਪੰਜਾਬੀਆਂ ਦੇ ਘਰਾਂ ਅੱਗੇ ਵੀ ਨਾਮ ਦੀਆਂ ਪਲੇਟਾਂ ਅੰਗਰੇਜ਼ੀ ਵਿੱਚ ਲਿਖੀਆਂ ਜਾਂਦੀਆਂ ਹਨ ਜਦਕਿ ਆਉਣਾ ਤਾਂ ਉੱਥੇ ਪੰਜਾਬੀਆਂ ਨੇ ਹੀ ਹੁੰਦਾ ਹੈ। ਕੁਝ ਸੱਭਿਆਚਾਰਕ ਤਬਦੀਲੀਆਂ ਵੀ ਕੁਝ ਸ਼ਬਦਾਂ ਦੇ ਖਾਰਿਜ ਹੋਣ ਵਿੱਚ ਭੂਮਿਕਾ ਨਿਭਾਉਂਦੀਆਂ ਹਨ। ਕੂੰਡਾ, ਘੋਟਣਾ, ਫੌਹੜਾ, ਨੇਹੀ, ਮਧਾਣੀ, ਆਦਿ ਵਸਤੂਆਂ ਦੀ ਜਿਉਂ ਜਿਉਂ ਵਰਤੋਂ ਘਟ ਰਹੀ ਹੈ, ਉਵੇਂ ਹੀ ਇਹ ਸ਼ਬਦ ਪੰਜਾਬੀ ਭਾਸ਼ਾ ਵਿੱਚੋਂ ਖਾਰਿਜ ਹੋ ਜਾਣਗੇ।
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਤਾਂ ਜ਼ਿਆਦਾਤਰ ਰੁਝਾਨ ਘਰਾਂ ਵਿੱਚ ਵੀ ਹਿੰਦੀ ਬੋਲਣ ਦਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਤਬਦੀਲੀਆਂ ਵਿੱਚ ਸੋਸ਼ਲ ਮੀਡੀਆ ਵੀ ਆਪਣੀ ਭੂਮਿਕਾ ਨਿਭਾ ਰਿਹਾ ਹੈ। ਜਿੱਥੇ ਸੋਸ਼ਲ ਮੀਡੀਆ ’ਤੇ ਪੰਜਾਬੀ ਸਾਹਿਤ ਨੂੰ ਇੱਕ ਵੱਖਰਾ ਮੰਚ ਮਿਲਿਆ ਹੈ ਉੱਥੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵੀ ਹੋਈ ਹੈ ਪਰ ਸੋਸ਼ਲ ਮੀਡੀਆ ’ਤੇ ਵਰਤੀ ਜਾਂਦੀ ਪੰਜਾਬੀ ਦਾ ਵਿਆਕਰਣ ਪੱਖੋਂ ਬਿੰਦੀ, ਟਿੱਪੀ, ਅੱਧਕ ਦਾ ਕੋਈ ਖਾਸ ਖਿਆਲ ਨਹੀਂ ਰੱਖਿਆ ਜਾਂਦਾ, ਬਲਕਿ ਇਹਨਾਂ ਚੀਜ਼ਾਂ ਨੂੰ ਦਰਕਿਨਾਰ ਹੀ ਕੀਤਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ’ਤੇ ਇੱਕ ਨਵਾਂ ਪ੍ਰਯੋਗ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਣ ਦਾ ਰੁਝਾਨ ਵੀ ਪੈਦਾ ਕੀਤਾ ਹੈ। ਵਟਸਐਪ ਜਾਂ ਫੇਸਬੁੱਕ ਦੇ ਮੈਸੇਂਜਰ ’ਤੇ ਗੱਲਬਾਤ ਕਰਨ ਲਈ ਵਰਤੀ ਤਾਂ ਪੰਜਾਬੀ ਭਾਸ਼ਾ ਜਾਂਦੀ ਹੈ ਪਰ ਉਸ ਨੂੰ ਲਿਖਿਆ ਰੋਮਨ ਲਿਪੀ ਵਿੱਚ ਜਾ ਰਿਹਾ ਹੈ। ਜਦਕਿ ਰੋਮਨ ਲਿਪੀ ਪੰਜਾਬੀ ਭਾਸ਼ਾ ਲਈ ਬਿਲਕੁਲ ਵੀ ਢੁਕਵੀਂ ਨਹੀਂ ਹੈ। ਰੋਮਨ ਲਿਪੀ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟਾਉਣ ਵਿੱਚ ਅਸਮਰੱਥ ਹੈ। ਸੋਸ਼ਲ ਮੀਡੀਆ ਉੱਤੇ ਰੋਮਨ ਲਿਪੀ ਵਿੱਚ ਲਿਖੀ ਜਾ ਰਹੀ ਪੰਜਾਬੀ ਭਾਸ਼ਾ ਦੇ ਕੁਝ ਅੰਸ਼:
Tuci kdo gy c
Metho kanch da g। ass tut gya
Me k।। aa riha
Ki kr rhe ho
ਏਥੇ ਤ ਤੇ ਟ ਧੁਨੀ ਲਈ ਇੱਕੋ t ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਕੁਝ ਕੁ ਸਮੱਸਿਆਵਾਂ ਇਸਦੇ ਕੰਪੀਊਟਰੀਕਰਨ ਨਾਲ ਵੀ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦੇ ਤਕਨੀਕੀ ਕਾਰਨਾਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਫੌਟਾਂ ਦੀ ਸਮੱਸਿਆ ਰਹੀ ਹੈ। ਬੇਸ਼ਕ ਬਹੁਤ ਸਾਰੇ ਫੌਂਟ ਬਣਾ ਲਏ ਹਨ ਪਰ ਪੂਰੀ ਤਰ੍ਹਾਂ ਦਾ ਸੰਤੁਸ਼ਟੀਜਨਕ ਕੋਈ ਵੀ ਨਹੀਂ ਕਿਹਾ ਜਾ ਸਕਦਾ, ਨਾ ਹੀ ਪੰਜਾਬੀ ਭਾਸ਼ਾ ਲਈ ਕੋਈ ਵੱਖਰਾ ਕੀ ਬੋਰਡ ਬਣਾਇਆ ਜਾ ਸਕਦਾ ਹੈ। ਸਾਨੂੰ ਰੋਮਨ ਲਿਪੀ ਦੇ ਕੀ ਬੋਰਡ ’ਤੇ ਹੀ ਕੰਮ ਸਾਰਨਾ ਪੈ ਰਿਹਾ ਹੈ। ਕਿਤੇ ਨਾ ਕਿਤੇ ਇਸਦਾ ਇੱਕ ਕਾਰਨ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਗਿਣਤੀ ਹੈ ਜੋ ਜ਼ਿਆਦਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀਆਂ ਲਗਾਂ ਮਾਤਰਾਵਾਂ ਬਹੁਤ ਹਨ, ਜਿਨ੍ਹਾਂ ਲਈ ਵੱਡੇ ਕੀ ਬੋਰਡ ਦੀ ਜ਼ਰੂਰਤ ਹੈ ਜਿਹੜਾ ਕਿ ਮੁਸ਼ਕਲ ਜਾਪਦਾ ਹੈ। ਜਦਕਿ ਰੋਮਨ ਲਿਪੀ ਵਿੱਚ ਬਣੇ ਕੀ ਬੋਰਡ ’ਤੇ ਟਾਈਪਿੰਗ ਆਸਾਨੀ ਨਾਲ ਹੋ ਜਾਂਦੀ ਹੈ।
ਪੰਜਾਬੀ ਭਾਸ਼ਾ ਵਿੱਚ ਹੋ ਰਹੇ ਅੰਗਰੇਜ਼ੀ ਸ਼ਬਦਾਵਲੀ ਦੇ ਮਿਲਗੋਭੇ ਲਈ ਕਿਤੇ ਨਾ ਕਿਤੇ ਪੰਜਾਬੀ ਗਾਇਕੀ ਵੀ ਵੱਡਾ ਰੋਲ ਨਿਭਾ ਰਹੀ ਹੈ। ਸੰਗੀਤ ਕਿਸੇ ਚੀਜ਼ ਨੂੰ ਸਿੱਖਣ ਦਾ ਸਭ ਤੋਂ ਕਾਰਗਰ ਸਾਧਨ ਹੈ। ਅਸੀਂ ਸੰਗੀਤ ਦਾ ਬਹੁਤ ਜਲਦੀ ਤੇ ਅਚੇਤ ਪ੍ਰਭਾਵ ਕਬੂਲਦੇ ਹਾਂ। ਅੱਜ ਚਰਚਾ ਵਿੱਚ ਚੱਲ ਰਹੇ ਗੀਤਾਂ ਵਿੱਚ ਅੱਧੇ ਤੋਂ ਜ਼ਿਆਦਾ ਸ਼ਬਦ ਅੰਗਰੇਜ਼ੀ ਦੇ ਵਰਤੇ ਜਾ ਰਹੇ ਹਨ। ਅੰਗਰੇਜ਼ੀ ਦੇ ਉਹ ਸ਼ਬਦ ਜਿਹੜੇ ਸਾਨੂੰ ਸ਼ਾਇਦ ਕਦੇ ਸਮਝ ਨਾ ਆਉਂਦੇ ਜਾਂ ਸਾਨੂੰ ਉਚਾਰਨੇ ਨਾ ਆਉਂਦੇ ਪਰ ਗਾਇਕੀ ਵਿੱਚ ਉਹਨਾਂ ਸ਼ਬਦਾਂ ਦੇ ਆਉਣ ਨਾਲ ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਬੋਲ ਰਹੇ ਹਾਂ।
ਇੱਕ ਹੋਰ ਰੁਝਾਨ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ ਲਹਿਜ਼ੇ ਵਿੱਚ ਆ ਅੰਤਕ ਲਾ ਕੇ ਬੋਲਣ ਦਾ ਹੈ। ਜਿਵੇਂ, ਬੁੱਕਾਂ, ਕਲਾਸਾਂ, ਡਰੈਸਾਂ, ਬੈਂਕਾਂ, ਸਕੂਲਾਂ ਆਦਿ। ਇਹ ਨਾ ਤਾਂ ਪੰਜਾਬੀ ਭਾਸ਼ਾ ਹੈ ਨਾ ਹੀ ਅੰਗਰੇਜ਼ੀ ਭਾਸ਼ਾ ਹੈ। ਸਚਾਈ ਤਾਂ ਇਹ ਹੈ ਕਿ ਅਸੀਂ ਭਾਸ਼ਾ ਦੀ ਵਰਤੋਂ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਰਹੇ। ਜੋ ਵੀ ਸਾਨੂੰ ਸਮੇਂ ਸਥਿਤੀ ਅਨੁਸਾਰ ਠੀਕ ਲਗਦਾ ਹੈ ਅਸੀਂ ਉਸ ਨੂੰ ਹੀ ਵਰਤ ਲੈਂਦੇ ਹਾਂ। ਭਾਸ਼ਾ ਕੋਈ ਵੀ ਮਾੜੀ ਨਹੀਂ ਨਹੀਂ ਹੈ ਤੇ ਨਾ ਹੀ ਵੱਖ ਵੱਖ ਭਾਸ਼ਾਵਾਂ ਸਿੱਖਣਾ ਬੁਰਾ ਹੈ ਪਰ ਆਪਣੀ ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਵਰਤਣਾ ਦਿਮਾਗੀ ਗੁਲਾਮੀ ਦਾ ਸਬੂਤ ਹੈ। ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਵੀ ਸਾਬਿਤ ਕਰ ਚੁੱਕੀਆਂ ਹਨ ਕਿ ਹੋਰ ਕੋਈ ਵੀ ਭਾਸ਼ਾ ਸਿੱਖਣ ਲਈ ਆਪਣੀ ਮਾਤ ਭਾਸ਼ਾ ਨੂੰ ਸਿੱਖਣਾ ਜ਼ਰੂਰੀ ਹੈ। ਅਜਿਹਾ ਲਗਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖਤਰਾ ਸਾਡੇ ਤੋਂ ਹੀ ਹੈ ਜੋ ਇੱਕ ਸੰਪੂਰਨ ਭਾਸ਼ਾ ਹੋਣ ਦੇ ਬਾਵਜੂਦ ਹੋਰ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ। ਜਿੱਥੇ ਇੱਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਪੈਰੋਕਾਰ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਵਿੱਚ ਲੱਗੇ ਹੋਏ, ਉੱਥੇ ਬਹੁਤ ਸਾਰੀਆਂ ਸੰਸਥਾਵਾਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਉਜਵਲ ਭਵਿੱਖ ਲਈ ਯਤਨਸ਼ੀਲ ਹਨ। ਪੰਜਾਬੀ ਭਾਸ਼ਾ ਦੇ ਬਿਹਤਰੀਨ ਭਵਿੱਖ ਲਈ ਠੋਸ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3814)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)