“ਕੈਨੇਡਾ ਵਿੱਚ ਸੁਦਾਗਰ ਬਰਾੜ ਲੰਡੇ ਪੰਜਾਬੀ ਸਾਹਿਤ ਸਭਾ ‘ਕਲਮਾਂ ਦੇ ਕਾਫ਼ਲੇ’ ਦੇ ...”
(15 ਜੂਨ 2022)
ਮਹਿਮਾਨ: 651.
ਸੁਦਾਗਰ ਸਿੰਘ ਬਰਾੜ ‘ਲੰਡੇ’ ਦਾ ਜਨਮ 31 ਜੁਲਾਈ 1939 ਨੂੰ ਸਰਦਾਰ ਬਲਵੀਰ ਸਿੰਘ ਦੇ ਘਰ ਹੋਇਆ। ਦਸਵੀਂ ਵਿੱਚ ਹੀ ਪੜ੍ਹ ਰਹੇ ਸਨ ਜਦੋਂ ਪਿਤਾ ਜੀ ਦਾ ਦਿਹਾਂਤ ਹੋ ਗਿਆ। ਇਨ੍ਹਾਂ ਦੇ ਤਾਇਆ ਜੀ ਸਰਦਾਰ ਪ੍ਰਿਥੀ ਸਿੰਘ ਨੇ ਇਨ੍ਹਾਂ ਦੀ ਜ਼ਿੰਮੇਵਾਰੀ ਲਈ ਜੋ ਤਹਿਸੀਲਦਾਰ ਸਨ। ਸੁਦਾਗਰ ਬਰਾੜ ਲੰਡੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਇਨ੍ਹਾਂ ਨੇ ਬਤੌਰ ਅਧਿਆਪਕ ਫਰੀਦਕੋਟ, ਦੁਆਰੇ ਆਉਣਾ, ਚੁੱਘੇ, ਡੇਮਰੂ, ਰੋਡੇ ਅਤੇ ਲੰਡੇ ਪਿੰਡ ਵਿੱਚ ਪੜ੍ਹਾਇਆ। ਇਨ੍ਹਾਂ ਦੀ ਸ਼ਾਦੀ ਨਵੰਬਰ 1962 ਵਿੱਚ ਡਾਲਾ ਪਿੰਡ ਦੀ ਧੀ ਗੁਰਚਰਨ ਕੌਰ ਨਾਲ ਹੋਈ। ਗੁਰਚਰਨ ਕੌਰ ਜੀ ਨੇ ਦਸਵੀਂ ਜਮਾਤ ਖਾਲਸਾ ਸਕੂਲ ਜਗਰਾਓਂ ਤੋਂ ਕੀਤੀ ਅਤੇ ਟੀਚਰ ਟਰੇਨਿੰਗ ਮੋਗੇ ਤੋਂ ਕੀਤੀ। ਸੁਦਾਗਰ ਸਿੰਘ ਬਰਾੜ ਜਨਵਰੀ 1987 ਵਿੱਚ ਸੇਵਾ ਮੁਕਤ ਹੋਏ, ਅਗਸਤ 1992 ਵਿੱਚ ਕੈਨੇਡਾ ਆ ਗਏ।
ਸੁਦਾਗਰ ਬਰਾੜ ਲੰਡੇ ਆਪਣੇ ਪਰਿਵਾਰ ਨਾਲ ਕਈ ਦਹਾਕਿਆਂ ਤੋਂ ਕੈਨੇਡਾ ਦੇ ਸੂਬੇ ਓਨਟੇਰੀਉ (ਟੋਰੰਟੋ) ਵਿੱਚ ਰਹਿ ਰਹੇ ਹਨ। ਕੁਝ ਦੇਰ ਪਹਿਲਾਂ ਆਪ ਜੀ ਦੇ ਦਿਮਾਗ ਅੰਦਰ ਰੱਬ ਜਾਣੇ ਕੀ ਵਿਗਾੜ ਪਿਆ ਕਿ ਆਪ ਆਪਣੀ ਯਾਦ ਸ਼ਕਤੀ ਤੇ ਆਪਣੇ ਹੋਸ਼ ਨੂੰ ਕਾਬੂ ਕਰਨ ਦੀ ਸਮਰੱਥਾ ਗੁਆ ਬੈਠੇ। ਡਾਕਟਰਾਂ ਬਹੁਤ ਜ਼ੋਰ ਲਗਾਇਆ ਪਰ ਆਪ ਜੀ ਦਾ ਦਿਮਾਗ ਕੌਮਾ ਵਿੱਚ ਚਲਾ ਗਿਆ। ਜਿਸ ਵਕਤ ਮੈਨੂੰ ਖ਼ਬਰ ਮਿਲੀ ਕਿ ਮਾਸਟਰ ਜੀ (ਆਪ ਨੇ ਬਤੌਰ ਅਧਿਆਪਕ ਲੰਬਾ ਸਮਾਂ ਨੌਕਰੀ ਕੀਤੀ ਜਿਸ ਕਰਕੇ ਸਾਡਾ ਇਲਾਕਾ ਆਪ ਨੂੰ ਮਾਸਟਰ ਕਹਿ ਕੇ ਬੁਲਾਉਂਦਾ ਹੈ) ਦੀ ਸਿਹਤ ਵਿੱਚ ਵਿਗਾੜ ਆ ਗਿਆ ਹੈ ਤਾਂ ਮੈਂ ਭਾਵੁਕ ਹੋ ਕੇ ਸੋਚ ਰਹੀ ਸਾਂ ਕਿ ਜਿਸ ਇਨਸਾਨ ਨੇ ਸਾਡੇ ਇਲਾਕੇ ਦੇ ਇਤਿਹਾਸ ਨੂੰ ਕਿਤਾਬੀ ਰੂਪ ਦਿੱਤਾ ਉਹ ਅੱਜ ਆਪ ਪ੍ਰਦੇਸ ਦੀ ਧਰਤੀ ’ਤੇ ਅਜਿਹੇ ਹਾਲਾਤ ਵਿੱਚ ਕਿਉਂ ਹੈ? ਸੋ ਮੇਰੀ ਇਹ ਲਿਖਤ ਮਾਸਟਰ ਜੀ ਦੀ ਮਿਹਨਤ ਨੂੰ ‘ਪ੍ਰਣਾਮ’ ਦੇ ਰੂਪ ਵਿੱਚ ਹੈ।
ਮੈਂ ਹਮੇਸ਼ਾ ਮਾਸਟਰ ਸੁਦਾਗਰ ਬਰਾੜ ਨੂੰ ਅਸਮਾਨੀ ਰੰਗੀ ਪੱਗ ਵਿੱਚ ਹੀ ਦੇਖਿਆ। ਵੱਡੇ ਜਿਗਰੇ ਵਾਲਾ, ਸਹਿਜਤਾ ਦਾ ਰੰਗ ਲੱਗਦਾ ਅਸਮਾਨੀ ਰੰਗ। ਆਪਣੇ ਪਿੰਡ ਦੇ ਇਹੋ ਜਿਹੇ ਲੋਕ ਮੀਲ ਪੱਥਰ ਹੁੰਦੇ ਨੇ। ਮਾਸਟਰ ਸੁਦਾਗਰ ਬਰਾੜ ਆਪਣੇ ਪੁਰਖ਼ਿਆਂ ਦੀ ਮਿੱਟੀ ਨਾਲ ਜੁੜਿਆ ਨਾਂ ਹੈ। ਆਪਣੇ ਪਿੰਡ ਲੰਡੇ ਦੀ ਤਰੱਕੀ ਲਈ ਮਾਸਟਰ ਸੁਦਾਗਰ ਬਰਾੜ ਬਹੁਤ ਚੇਤੰਨ ਰਹੇ ਹਨ। ਇਨ੍ਹਾਂ ਨੇ ਨੌਜੁਆਨ ਸਭਾ ਬਣਾਈ ਜੋ ਅਗਾਂਹਵਧੂ ਖਿਆਲਾਂ ਦੀ ਧਾਰਨੀ ਸੀ। ਆਪ ਜੀ ਹਮੇਸ਼ਾ ਸਾਦਾ ਜੀਵਨ ਬਤੀਤ ਕਰਨ ਦੇ ਹੱਕ ਵਿੱਚ ਰਹੇ ਹਨ। ਵਹਿਮਾਂ ਭਰਮਾਂ ਤੋਂ ਦੂਰੀ ਬਣਾ ਕੇ ਰੱਖੀ। ਆਪ ਜੀ ਨੇ ਤਿੰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ। ‘ਢਾਈ ਸਦੀਆਂ ਦਾ ਹਾਣੀ’ ਜੋ ਲੰਡੇ ਪਿੰਡ ਬਾਰੇ ਹੈ। ਦੂਜੀ ਕਿਤਾਬ ਜੀ.ਟੀ.ਬੀ.ਗੜ੍ਹ ਸਕੂਲ ਬਾਰੇ ਹੈ ਅਤੇ ਤੀਜੀ ਕਿਤਾਬ ‘ਸ਼ਤਾਬਦੀਆਂ’ ਹੈ ਜੋ ਹਾਕਮ ਸਿੰਘ ਸ਼ਤਾਬ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਬਾਰੇ ਹੈ। 1975-76 ਦੇ ਕਰੀਬ ਮੁਲਾਜ਼ਮ ਕਮੇਟੀ ਪਿੰਡ ਪੱਧਰ ’ਤੇ ਬਣਾਈ, ਜਿਸ ਵਿੱਚ ਰਿਟਾਇਰ ਹੋ ਚੁੱਕੇ ਹਰੇਕ ਮੁਲਾਜ਼ਮ ਦੇ ਸਤਿਕਾਰ ਵਿੱਚ ਕਮੇਟੀ ਪਾਰਟੀ ਦਿੰਦੀ ਸੀ। ਇੱਕ ਵਾਰ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਬੁਲਾ ਕੇ ਨਾਟਕ ਵੀ ਕਰਵਾਇਆ ਸੀ। ਡਾਇਰੈਕਟਰ ਹਰਨਾਮ ਸਿੰਘ ਨੂੰ ਕਹਿ ਕੇ ਇੱਕ ਹੋਰ ਪ੍ਰਾਇਮਰੀ ਸਕੂਲ ਬਣਵਾਇਆ। ਹਾਕਮ ਸਿੰਘ ਸ਼ਤਾਬ ਨਾਲ ਮਿਲ ਕੇ ਇਲਾਕੇ ਦੇ MLA ਤਕ ਪਹੁੰਚ ਕਰਕੇ ਮਿਡਲ ਤੋਂ ਹਾਈ ਸਕੂਲ ਬਣਵਾਇਆ।
ਆਪ ਜੀ ਨੇ ਬਿਨਾਂ ਦਾਜ ਤੋਂ ਸ਼ਾਦੀ ਕੀਤੀ ਸਿਰਫ ਪੰਜ ਬੰਦੇ ਬਰਾਤ ਗਏ ਸਨ। ਪਿੰਡ ਵਿੱਚ ਆਪ ਜੀ ਉਹ ਪਹਿਲਾ ਵਿਆਹੁਤਾ ਜੋੜਾ ਸਨ ਜਿਹੜੇ ਦੋਨੋਂ ਹੀ ਅਧਿਆਪਕ ਸਨ ਅਤੇ ਬਿਨਾ ਦਹੇਜ ਵਿਆਹ ਕਰਨ ਵਾਲਾ ਵੀ ਪਿੰਡ ਦਾ ਪਹਿਲਾ ਜੋੜਾ ਹੀ ਸਨ। ਆਪ ਜੀ ਦੀ ਧਰਮ ਪਤਨੀ ਬੀਬੀ ਗੁਰਚਰਨ ਕੌਰ ਜੀ ਨੇ ਬਤੌਰ ਅਧਿਆਪਕ ਪਿੰਡ ਲੰਗੇਆਣਾ, ਡੇਮਰੂ, ਰੋਡੇ ਅਤੇ ਲੰਡੇ ਪੜ੍ਹਾਇਆ। ਇਨ੍ਹਾਂ ਨੇ 1986 ਵਿੱਚ ਆਪਣੇ ਬੇਟੇ ਦੀ ਸ਼ਾਦੀ ਵੀ ਬਿਨਾਂ ਦਾਜ ਲਏ ਪਿੰਡ ਕਿਸ਼ਨਪੁਰੇ ਕੀਤੀ। ਆਪ ਜੀ ਦਾ ਬੇਟਾ ਮਨਜੀਤ ਸਿੰਘ ਬਰਾੜ ਸਾਰਨੀਆਂ ਕੈਨੇਡਾ ਵਿਖੇ ਰਹਿ ਰਿਹਾ ਹੈ। ਸੁਦਾਗਰ ਸਿੰਘ ਬਰਾੜ ਅੱਜ-ਕੱਲ੍ਹ ਆਪਣੇ ਬੇਟੇ ਨਾਲ ਰਹਿ ਰਹੇ ਹਨ।
ਸੁਦਾਗਰ ਬਰਾੜ ਲੰਡੇ ਜੀ ਨੂੰ 25 ਜਨਵਰੀ 2016 ਵਿੱਚ ਅਟੈਕ ਆਇਆ ਜਿਸ ਕਰਕੇ ਉਸ ਸਮੇਂ ਤੋਂ ਆਪ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ। ‘ਢਾਈ ਸਦੀਆਂ ਦਾ ਹਾਣੀ’ ਕਿਤਾਬ ਲਿਖਦਿਆਂ ਇਨ੍ਹਾਂ ਦੀ ਟਾਈਪਿੰਗ ਵਿੱਚ ਕਿਰਪਾਲ ਸਿੰਘ ਪੰਨੂੰ ਜੀ (ਕੈਨੇਡਾ) ਨੇ ਬਹੁਤ ਮਦਦ ਕੀਤੀ। ਸੁਦਾਗਰ ਬਰਾੜ ਲੰਡੇ ਨੇ ਆਪਣੇ ਜੀਵਨ ਵਿੱਚ ਬਹੁਤ ਉਤਰਾਓ-ਚੜ੍ਹਾਓ ਦੇਖੇ ਹਨ। ਮੈਨੂੰ ਆਪ ਜੀ 2013 ਵਿੱਚ ਮੇਰੀ ਕਿਤਾਬ ਦੇ ਲੋਕ ਅਰਪਣ ਸਮਾਰੋਹ ਤੇ ਬਰੈਂਪਟਨ ਵਿਖੇ ਮਿਲੇ ਸਨ। ਉਸ ਵਕਤ ਇਨ੍ਹਾਂ ਨੇ ਦੱਸਿਆ ਸੀ ਕਿ ਆਪ ਜੀ ਰੋਡੇ ਕਾਲਜ ਬਾਰੇ ਕਿਤਾਬ ਲਿਖ ਰਹੇ ਹਨ ਅਤੇ ਇਨ੍ਹਾਂ ਨੇ ਮੇਰੇ ਦੁਆਰਾ ਲਿਖੀ ਇੱਕ ਕਵਿਤਾ ਉਸ ਕਿਤਾਬ ਵਿੱਚ ਸ਼ਾਮਲ ਕੀਤੀ ਹੈ ਜੋ ਰੋਡੇ ਕਾਲਜ ਬਾਰੇ ਸੀ। ਜੀ.ਟੀ.ਬੀ.ਗੜ੍ਹ ਕਾਲਜ ਬਾਰੇ ਜਦੋਂ ਕਿਤਾਬ ਤਿਆਰ ਹੋ ਰਹੀ ਸੀ ਤਾਂ ਆਪ ਜੀ ਦੀ ਸਿਹਤ ਕਾਫ਼ੀ ਖਰਾਬ ਹੋ ਗਈ। ਉਸ ਵਕਤ ਇਨ੍ਹਾਂ ਦੀ ਪਤਨੀ ਗੁਰਚਰਨ ਕੌਰ ਨੇ ਕਿਰਪਾਲ ਸਿੰਘ ਪੰਨੂੰ ਨੂੰ ਕਿਹਾ ਕਿ ਇਹ ਕਿਤਾਬ ਮੁਕੰਮਲ ਕਰੋ ਅਤੇ ਨਾਲ ਹੀ ਸਾਰਾ ਮੈਟਰ ਦੇ ਦਿੱਤਾ। ਇੰਜ ਕਿਰਪਾਲ ਸਿੰਘ ਪੰਨੂੰ ਨੇ ਬਰਾੜ ਪਰਿਵਾਰ ਦੀ ਮਦਦ ਨਾਲ ਇਹ ਕਿਤਾਬ ਛਪਵਾ ਦਿੱਤੀ। ਆਪ ਜੀ ਨੇ ਬਚਨ ਸਿੰਘ ਘੋਲੀਆ ਅਤੇ ਸਰਵਣ ਸਿੰਘ ਬਰਾੜ ਚੂਹੜਚੱਕ ਬਾਰੇ ਆਰਟੀਕਲ ਲਿਖੇ।
ਸੁਦਾਗਰ ਸਿੰਘ ਬਰਾੜ ਇੱਕ ਵਧੀਆ ਇਨਸਾਨ ਅਤੇ ਡੂੰਘੀ ਸੋਚ ਦੇ ਮਾਲਕ ਹਨ। ਇੱਕ ਸਮਰਪਿਤ ਕਿਸਮ ਦੇ ਅਧਿਆਪਕ, ਸੰਪੂਰਨ ਪਿਤਾ, ਯਾਦ ਰੱਖਣ ਵਾਲੇ ਦੋਸਤ, ਚੰਗੀ ਅਤੇ ਨੇਕ ਸੁਲਾਹ ਦੇਣ ਵਾਲੇ ਅਤੇ ਜੀਵਨ ਸਾਥੀ ਦੀ ਹਰ ਪੱਖੋਂ ਕਦਰ ਕਰਨ ਵਾਲੇ ਸ਼ਖਸ ਹਨ। ਕਿਰਪਾਲ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਸੁਦਾਗਰ ਬਰਾੜ ਲੰਡੇ ਮੇਰੇ ਪਹਿਲੇ ਦਰਜੇ ਦੇ ਦੋਸਤਾਂ ਵਿੱਚੋਂ ਇੱਕ ਹਨ। ਪੰਜਾਬ ਫੇਰੀ ਦੌਰਾਨ ਜੇ ਕੋਈ ਵਿਅਕਤੀ ਕੋਈ ਵੀ ਕਿਤਾਬ ਕੈਨੇਡਾ ਵਿੱਚ ਆਪਣੇ ਕਿਸੇ ਚਾਹੁਣ ਵਾਲੇ ਨੂੰ ਆਪ ਜੀ ਰਾਹੀਂ ਭੇਜਣਾ ਚਾਹੁੰਦਾ ਤਾਂ ਆਪ ਜੀ ਆਪਣਾ ਘਰ ਦਾ ਸਮਾਨ ਕੱਢ ਕੇ ਉਸਦੀ ਕਿਤਾਬ ਕੈਨੇਡਾ ਵਿੱਚ ਹਰ ਹੀਲੇ ਅੱਪੜਦੀ ਕਰਦੇ। ਆਪ ਜਗਿਆਸੂ ਕਿਸਮ ਦੇ ਸੁਭਾਅ ਵਾਲੇ ਇਤਿਹਾਸਕਾਰ ਆਦਮੀ ਹਨ। ਆਪ ਅਕਸਰ ਤੇਜਾ ਸਿੰਘ ਸੁਤੰਤਰਤਾ ਸੰਗਰਾਮੀ ਬਾਰੇ ਅਤੇ ਚਿੱਤਰਕਾਰ ਸੋਭਾ ਸਿੰਘ ਬਾਰੇ ਬਹੁਤ ਜਾਣਕਾਰੀ ਭਰਭੂਰ ਗੱਲਾਂ ਕਰਿਆ ਕਰਦੇ ਸਨ। ਆਪ ਅੰਧਰੇਟੇ ਵੀ ਜਾ ਕੇ ਆਏ ਹਨ। ਅੰਮ੍ਰਿਤਸਰ ਹਰਿਮੰਦਰ ਸਾਹਿਬ ਜਾਂਦਿਆਂ ਆਪ ਜੀ ਦਾ ਦਾਮਾਦ ਅਤੇ ਦੋਹਤਰੀ ਪੱਟੀ ਖਾਲੜਾ ਚੌਂਕ ਵਿੱਚ ਇੱਕ ਸੜਕ ਹਾਦਸੇ ਵਿੱਚ ਜਾਨ ਗਵਾ ਬੈਠੇ ਅਤੇ ਬੇਟੀ ਦੇ ਕਾਫ਼ੀ ਸੱਟਾਂ ਲੱਗੀਆਂ। ਜਿਸ ਕਰਕੇ ਜੀਵਨ ਵਿੱਚ ਉਥਲ-ਪੁਥਲ ਹੋ ਗਈ। ਬੇਟੀ ਕੈਨੇਡਾ ਆ ਕੇ ਕੁਝ ਕੁ ਠੀਕ ਹੋਈ ਤਾਂ ਫਿਰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ। ਜਿਸ ਕਰਕੇ ਉਸ ਨੂੰ ਲੰਬੇ ਸਮੇਂ ਤਕ ਸਰੀਰਕ ਕਸ਼ਟ ਸਹਿਣਾ ਪਿਆ। ਇਨ੍ਹਾਂ ਦੀ ਪਤਨੀ ਗੁਰਚਰਨ ਕੌਰ ਆਪਣੀ ਬੇਟੀ ਦੀ ਘਰੇਲੂ ਕੰਮਾਂ ਵਿੱਚ ਸਹਾਇਤਾ ਕਰਦੇ ਹਨ।
ਕੈਨੇਡਾ ਵਿੱਚ ਸੁਦਾਗਰ ਬਰਾੜ ਲੰਡੇ ਪੰਜਾਬੀ ਸਾਹਿਤ ਸਭਾ ‘ਕਲਮਾਂ ਦੇ ਕਾਫ਼ਲੇ’ ਦੇ ਕੋਆਰਡੀਨੇਟਰ ਵੀ ਰਹੇ। ਇਨ੍ਹਾਂ ਕਈ ਕਹਾਣੀਆਂ ਵੀ ਲਿਖੀਆਂ। ਇਨ੍ਹਾਂ ਦੇ ਸਾਥੀ ਜਰਨੈਲ ਸਿੰਘ ਕਹਾਣੀਕਾਰ, ਬਲਬੀਰ ਕੌਰ ਸੰਘੇੜਾ ਅਤੇ ਕ੍ਰਿਪਾਲ ਸਿੰਘ ਪੰਨੂੰ ਕਹਾਣੀ ਬੈਠਕਾਂ ਵੀ ਕਰਦੇ ਰਹੇ ਹਨ ਅਤੇ ਅਦਬੀ ਗੱਲਾਂ ਵੀ ਸਾਂਝੀਆਂ ਕਰਦੇ ਰਹੇ ਹਨ।
ਪੰਜਾਬ ਰਹਿੰਦਿਆਂ ਆਪ ਜੀ ਦੀ ਸਿਹਤ ਕਈ ਵਾਰੀ ਵਿਗੜ ਵੀ ਜਾਂਦੀ ਰਹੀ ਪਰ ਫਿਰ ਵੀ ਇਹ ਹਮੇਸ਼ਾ ਐਕਟਿਵ ਹੀ ਰਹੇ। ਆਪ ਕਬੱਡੀ ਦੇ ਤੇਜ਼ ਖਿਡਾਰੀ ਵੀ ਰਹੇ ਹਨ।
ਆਪ ਲਾਲ ਸਿੰਘ ਢਿੱਲੋਂ, ਜੋ ਪ੍ਰੋਫੈਸਰ ਕੰਵਲਜੀਤ ਕੌਰ ਢਿੱਲੋਂ ਦੇ ਪਿਤਾ ਜੀ ਹਨ, ਨੂੰ ਸਦਾ ਕਹਿੰਦੇ ਰਹੇ ਕਿ ਉਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੈ, ਉਨ੍ਹਾਂ ਨੂੰ ਉਹ ਸਭ ਲਿਖਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਜੀਵਨ ਵਿੱਚ ਹੰਢਾਇਆ ਹੈ ਅਤੇ ਕਿੰਜ ਅਧਿਆਪਕਾਂ ਦੇ ਅਧਿਕਾਰਾਂ ਲਈ ਹੜਤਾਲਾਂ ਕਰਦੇ ਰਹੇ ਹਨ ਅਤੇ ਕਿਸ ਤਰ੍ਹਾਂ ਜੇਲ੍ਹ ਹੋਈ। ਅੱਜਕੱਲ੍ਹ ਲਾਲ ਸਿੰਘ ਢਿੱਲੋਂ ਲਿਖ ਵੀ ਰਹੇ ਹਨ।
ਲੰਡੇ ਪਿੰਡ ਦਾ ਜ਼ਿਕਰ ਹੋਵੇ ਤਾਂ ਸੁਦਾਗਰ ਸਿੰਘ ਬਰਾੜ ਦਾ ਨਾਂ ਝੱਟ ਯਾਦ ਆ ਜਾਂਦਾ ਹੈ। ਇਨ੍ਹਾਂ ਨੇ ‘ਢਾਈ ਸਦੀਆਂ ਦਾ ਹਾਣੀ ਪਿੰਡ ਲੰਡੇ’ ਕਿਤਾਬ ਲਿਖੀ ਹੈ। ਵੈਸੇ ਇਸ ਪਿੰਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਮ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਜਿਵੇਂ ਪ੍ਰੀਤਮ ਬਰਾੜ ਲੰਡੇ, ਨਵਦੀਪ ਬਰਾੜ ਲੰਡੇ, ਹਾਕਮ ਸ਼ਤਾਬ, ਮਨਜੀਤ ਸ਼ਤਾਬ, ਪ੍ਰਿਥੀਪਾਲ ਬਰਾੜ, ਸਰਦਾਰ ਅਰੂੜ ਸਿੰਘ ਬਰਾੜ, ਮਲਕੀਤ ਸਰਾਂ, ਕੰਵਲਜੀਤ ਭੋਲਾ, ਗੁਰਜੰਟ ਕਲਸੀ, ਜਸਕਰਨ ਲੰਡੇ, ਗੁਰਬਚਨ ਬਰਾੜ, ਗੁਰਮਖ ਸਿੰਘ ਅਕਾਲੀ, ਹਰਨਾਮ ਸਿੰਘ ਬਰਾੜ, ਪ੍ਰੋਫੈਸਰ ਹੁਸ਼ਿਆਰ ਸਿੰਘ, ਦਰਸ਼ਨ ਸਿੰਘ ਲਾਇਬਰੇਰੀਅਨ, ਪੂਰਨ ਲੰਡੇ, ਸੁਖਮੰਦਿਰ ਲੰਡੇ, ਤਰਸੇਮ ਖਾਨ, ਦਰਸ਼ਨ ਤੱਖੀ, ਗੁਰਮੀਤ ਸਾਜਣ, ਮਾਸਟਰ ਜੰਗ ਸਿੰਘ, ਮਾਸਟਰ ਬਹਾਲ ਸਿੰਘ ਆਦਿ।
ਮਾਸਟਰ ਸੁਦਾਗਰ ਸਿੰਘ ਬਰਾੜ ਬਹੁਤ ਜਗਿਆਸੂ ਹਨ। ਇਨ੍ਹਾਂ ਨੂੰ ਇਤਿਹਾਸ ਬਾਰੇ ਪੁਰਾਣੇ ਲੇਖ, ਆਰਟੀਕਲ, ਵੱਖ-ਵੱਖ ਥਾਂਵਾਂ ਬਾਰੇ ਲਿਖਤੀ ਸਮੱਗਰੀ ਇਕੱਤਰ ਕਰਨ ਦੀ ਰੁਚੀ ਹੈ।
ਆਪ ਜੀ ਨੇ ਦਿਲੋਂ ਇਹ ਕੋਸ਼ਿਸ਼ ਵੀ ਕੀਤੀ ਕਿ ਇਨ੍ਹਾਂ ਦੇ ਪਿੰਡ ਦਾ ਨਾਮ ਲੰਡੇ ਦੀ ਥਾਂ ਹਰਗੋਬਿੰਦਪੁਰ ਵਜੋਂ ਜਾਣਿਆ ਜਾਵੇ ਕਿਉਂਕਿ ਇਸ ਧਰਤੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਹੈ। ਮੇਰੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਹੈ ਕਿ ਮਾਸਟਰ ਸੁਦਾਗਰ ਸਿੰਘ ਬਰਾੜ ਵਾਸੀ ਪਿੰਡ ਲੰਡੇ ਨੂੰ ਤੰਦਰੁਸਤੀ ਦਾ ਵਰਦਾਨ ਮਿਲੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3629)
(ਸਰੋਕਾਰ ਨਾਲ ਸੰਪਰਕ ਲਈ: