HamirSingh7ਤੁਹਾਡੇ ਵਿਕਾਸ ਦੇ ਝਾਂਸੇ ਵਿੱਚ ਆ ਕੇ ਮੈਂ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਵਿੱਚ ...
(ਜੂਨ 28, 2016)

 

ਮੈਂ ਸੱਭਿਅਤਾ ਦੀ ਸ਼ੁਰੂਆਤ ਕਰਨ ਵਾਲਾ ਪਿੰਡ ਹਾਂ। ਬੁਲਟ ਟਰੇਨ ਦੇ ਸੁਪਨੇ ਲੈ ਕੇ ਸਰਪਟ ਦੌੜਨ ਵਾਲਿਓ, ਥੋੜਾ ਵਕਤ ਮੇਰੇ ਲਈ ਵੀ ਕੱਢਣ ਦੀ ਖੇਚਲ ਕਰ ਲਓ। ਮੈਨੂੰ ਪਿਛੜੇ ਅਤੇ ਅਗਿਆਨੀ ਹੋਣ ਦੇ ਖ਼ਿਤਾਬ ਨਾਲ ਨਿਵਾਜਣ ਲਈ ਤੁਹਾਡਾ ਧੰਨਵਾਦ। ਮੈਨੂੰ ਇਹ ਮਾਲੂਮ ਹੈ ਕਿ ਮੱਛੀ ਪੱਥਰ ਚੱਟੇ ਤੋਂ ਬਿਨਾਂ ਵਾਪਸ ਨਹੀਂ ਮੁੜਦੀ। ਇਹ ਜ਼ਮਾਨਾ ਵੀ ‘ਵਰਤੋ ਅਤੇ ਸੁੱਟ ਦਿਓ’ ਵਾਲਾ ਹੈ, ਮੇਰੀ ਕਿਸ ਨੇ ਸੁਣਨੀ ਕੀ ਸੁਣਨੀ ਹੈ? ਇਸ ਦੇ ਬਾਵਜੂਦ ਹਿੰਮਤ ਜੁਟਾ ਕੇ ਬਿਗਾਨਿਆਂ ਤੋਂ ਵੱਧ ਆਪਣਿਆਂ ਨਾਲ ਦੋ ਗੱਲਾਂ ਕਰਨ ਨੂੰ ਮਨ ਕਰ ਆਇਆ ਹੈ।

ਜਿਨ੍ਹਾਂ ਨੂੰ ਸਦੀਆਂ ਤੋਂ ਬੁੱਕਲ ਵਿੱਚ ਖਿਡਾਇਆ, ਲੋਰੀਆਂ ਦਿੱਤੀਆਂ, ਪੜ੍ਹਾ ਲਿਖਾ ਕੇ ਸੁਪਨੇ ਲੈਣ ਦੀ ਸੋਝੀ ਦਿੱਤੀ, ਉਹੀ ਮੇਰੇ ਵੱਲ ਪਿੱਠ ਕਰ ਚੁੱਕੇ ਹਨ। ਮਾਪਿਆਂ ਦੀ ਤਰ੍ਹਾਂ ਮੈਂ ਤੁਹਾਡੀ ਤਰੱਕੀ ਉੱਤੇ ਜਲਦਾ ਨਹੀਂ, ਬਲਕਿ ਮੈਨੂੰ ਤੁਹਾਡੀਆਂ ਤਰੱਕੀਆਂ ਉੱਤੇ ਮਾਣ ਹੈ। ਪਰ ਸਭ ਨੂੰ ਪਿੱਛੇ ਛੱਡ ਦੇਣ ਦੀ ਜਿਸ ਦੌੜ ਵਿੱਚ ਤੁਸੀਂ ਸ਼ਰੀਕ ਹੋ ਗਏ ਹੋ, ਇਸ ਬਾਰੇ ਇੱਕ ਬਾਰ ਰੁਕ ਕੇ ਜ਼ਰੂਰ ਸੋਚੋ।

ਇਹ ਠੀਕ ਹੈ ਕਿ ਤੁਸੀਂ ਸਿਆਸੀ, ਪ੍ਰਸ਼ਾਸਨਿਕ ਅਤੇ ਹੋਰ ਰੁਤਬਿਆਂ ਉੱਤੇ ਪਹੁੰਚ ਚੁੱਕੇ ਹੋ। ਮੇਰੀ ਗੋਦ ਵਿੱਚ ਬੈਠੇ 62 ਫੀਸਦ ਧੀਆਂ-ਪੁੱਤਰਾਂ ਦੀ ਪੂੰਜੀ ਵੀ ਤੁਹਾਡੇ ਉੱਤੇ ਖਰਚ ਹੋ ਗਈ ਹੈ। ਜਿਵੇਂ ਹੀ ਤੁਹਾਡੇ ਕੋਲ ਸਮਰੱਥਾ ਆਈ ਤਾਂ ਇਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕਰਨ ਦੇ ਬਜਾਇ ਤੁਸੀਂ ਪੱਲਾ ਛੁਡਾ ਕੇ ਦੌੜਨ ਦੇ ਰਾਹ ਪੈ ਗਏ। ਸਿਆਸਤ ਦੇ ਉੱਚੇ ਪਾਏਦਾਨ ਉੱਤੇ ਪਹੁੰਚੇ ਬੱਚੇ ਕੇਵਲ ਗਮੀ ਖੁਸ਼ੀ ਵਿੱਚ ਹਾਜ਼ਰੀ ਲਵਾਉਣ ਤੱਕ ਸੀਮਤ ਹੋ ਗਏ ਹਨ। ਵੋਟਾਂ ਨਾਂ ਪੈਦੀਆਂ, ਸ਼ਾਇਦ ਇਸ ਦੀ ਵੀ ਲੋੜ ਨਹੀਂ ਸੀ ਰਹਿਣੀ। ਇਨ੍ਹਾਂ ਇੱਕ ਵੱਡਾ ਅਪਰਾਧ ਇਹ ਕਰ ਦਿੱਤਾ ਕਿ ਮੇਰਾ ਸੀਨਾ ਲੀਰੋ ਲੀਰ ਕਰ ਦਿੱਤਾ। ਪਾਟੋਧਾੜ ਹੋਏ ਬੱਚਿਆਂ ਕੋਲ ਥਾਣੇ ਪੱਗਾਂ ਲੁਹਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਰਹਿ ਗਿਆ। ਗਰੀਬੀ, ਕੰਗਾਲੀ ਅਤੇ ਅਨਪੜ੍ਹਤਾ ਦੇ ਬਾਵਜੂਦ ਭਾਈਚਾਰਕ ਸਾਂਝ ਦੇ ਸਹਾਰੇ ਦਿਨ ਚੰਗੇ ਗੁਜ਼ਰਦੇ ਸਨ। ਕੇਵਲ ਵੋਟ ਲਈ ਸੋਚਣ ਦੇ ਇਸ ਵਰਤਾਰੇ ਨੇ ਮੇਰੇ ਬੱਚਿਆਂ ਨੂੰ ਛੋਟੇ ਛੋਟੇ ਗੁੱਟਾਂ ਵਿੱਚ ਵੰਡ ਕੇ ਜਾਨੀ ਦੁਸ਼ਮਣ ਬਣਾ ਦਿੱਤਾ ਹੈ।

ਮੈਨੂੰ ਫੋਕੀ ਫੂਕ ਛਕਾ ਕੇ ਤੁਸੀਂ ਆਪਣਾ ਉੱਲੂ ਸਿੱਧਾ ਕਰ ਲਿਆ, ਮੈਂ ਆਪਣੀ ਜ਼ਰਖੇਜ਼ ਧਰਤੀ ਖਰਾਬ ਕਰ ਲਈ, ਧਰਤੀ ਹੇਠਲਾ ਪਾਣੀ ਮੁਕਾ ਲਿਆ। ਮੇਰੇ ਕੋਲ ਸ਼ੁੱਧ ਪਾਣੀ ਅਤੇ ਸਾਫ ਸੁਥਰਾ ਵਾਤਾਵਰਣ ਸੀ। ਤੁਹਾਡੇ ਵਿਕਾਸ ਦੇ ਝਾਂਸੇ ਵਿੱਚ ਆ ਕੇ ਮੈਂ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਵਿੱਚ ਘਿਰ ਗਿਆ ਹਾਂ। ਮਹਿੰਗੇ ਇਲਾਜ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ।

ਆਰਥਿਕ ਕੰਗਾਲੀ, ਭਵਿੱਖ ਦੀ ਨਾਉਮੀਦੀ ਅਤੇ ਭਾਈਚਾਰਕ ਟੁੱਟ-ਭੱਜ ਦਾ ਨਤੀਜਾ ਘੋਰ ਨਿਰਾਸ਼ਤਾ ਵਿੱਚ ਨਿੱਕਲ ਰਿਹਾ ਹੈ। ਇਸੇ ਕਰਕੇ ਖੁਦਕੁਸ਼ੀਆਂ ਦਾ ਦੌਰ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਰਸੂਖਵਾਨ ਬਣਨ ਵਾਲਿਓ, ਤੁਹਾਡੇ ਵਿੱਚੋਂ ਤਾਂ ਕਦੇ ਕੋਈ ਆਏ ਦਿਨ ਵਿਛ ਰਹੇ ਸੱਥਰਾਂ ਉੱਤੇ ਵੀ ਬੈਠਣ ਦੀ ਜਹਿਮਤ ਕਰਨ ਨਹੀਂ ਆਇਆ। ਮੌਤ ਹੋਣ ਉੱਤੇ ਤਾਂ ਦੂਰ ਦੇ ਰਿਸ਼ਤੇਦਾਰ ਵੀ ਲੋਕ ਦਿਖਾਵੇ ਦੇ ਤੌਰ ਉੱਤੇ ਹੀ ਫੇਰੀ ਪਾ ਜਾਂਦੇ ਹਨ, ਪਰ ਤੁਸੀਂ ਤਾਂ ਇਹ ਰਸਮ ਨਿਭਾਉਣੋ ਵੀ ਰਹਿ ਗਏ।

ਮੇਰੀ ਬੁੱਕਲ ਵਿੱਚ ਖੇਡਣ ਵਾਲੇ ਆਪਣੇ ਏਅਰਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਆਪਣੇ ਹੀ ਭੈਣਾਂ ਭਰਾਵਾਂ ਨੂੰ ਮਿਲਣ ਤੋਂ ਕੰਨੀ ਕਤਰਾ ਰਹੇ ਹਨ। ਇਨ੍ਹਾਂ ਨਾਲੋਂ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਨਾਤਾ ਤਾਂ ਤੋੜ ਹੀ ਲਿਆ ਬਲਕਿ ਆਪਣੇ ਸਕੂਲ, ਹਸਪਤਾਲ, ਰੋਜ਼ਗਾਰ ਦੇ ਸਾਧਨ ਸਮੇਤ ਸਭ ਕੁੱਝ ਹੀ ਅਲੱਗ ਕਰ ਲਿਆ। ਸ਼ਬਦ ਗੁਰੂ ਦੀ ਇਸ ਧਰਤੀ ਉੱਤੇ ਮੈਂ ਤਾਂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਸਿਧਾਂਤ ਸਮਝਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਸਮਾਜਿਕ ਸਰੋਕਾਰਾਂ ਤੋਂ ਤੋੜ ਕੇ ਸਵਾਰਥ ਦੇ ਰਾਹ ਦੇ ਪਾਂਧੀ ਬਣਾਉਣ ਵਾਲੇ ਕਾਗਜ਼ ਦੇ ਟੁਕੜਿਆਂ ਵਾਲੀਆਂ ਡਿਗਰੀਆਂ ਨੂੰ ਵੀ ਵਿੱਦਿਆ ਦਾ ਖਿਤਾਬ ਦਿੱਤਾ ਜਾਵੇਗਾ। ਮੈਂ ਤਾਂ ਪੜ੍ਹਾ ਲਿਖਾ ਕੇ ਭੇਜਿਆ ਸੀ ਤਾਂ ਇਹ ਤਾਂ ਜਾਣਦੇ ਹੀ ਹੋਵੋਂਗੇ ਕਿ ਮੇਰੇ 32 ਲੱਖ ਪਰਿਵਾਰਾਂ ਵਿੱਚੋਂ ਕੇਵਲ 3 ਫੀਸਦ ਵਿੱਚ ਹੀ ਕੋਈ ਬੀਏ ਪਾਸ ਜਾਂ ਇਸ ਤੋਂ ਵੱਧ ਪੜ੍ਹਾਈ ਵਾਲਾ ਹੈ। ਇਹੀ ਤਿੰਨ ਫੀਸਦ ਵੀ ਜੇਕਰ ਰੁਜ਼ਗਾਰ ਦੀ ਮੰਗ ਕਰਨ ਤਾਂ ਲਾਠੀਆਂ ਅਤੇ ਡਾਂਗਾਂ ਉਨ੍ਹਾਂ ਦਾ ਸਵਾਗਤ ਕਰਦੀਆਂ ਹਨ। ਮੇਰੇ ਕੋਲ ਆ ਕੇ ਉਨ੍ਹਾਂ ਦੀ ਸ਼ਿਕਾਇਤ ਨਹੀਂ ਸੁਣਨੀ ਨਾ ਸੁਣੋ ਪਰ ਉਹ ਤਾਂ ਤੁਹਾਡੇ ਸ਼ਹਿਰ ਹੀ ਨਹੀਂ ਤੁਹਾਡੇ ਦਫ਼ਤਰਾਂ ਦੇ ਮੂਹਰੇ ਫਰਿਆਦ ਲੈ ਕੇ ਬੈਠਦੇ ਹਨ। ਮਹੀਨਿਆਂ ਬੱਧੀ ਵੀ ਤੁਹਾਡੇ ਕੋਲ ਗੱਲ ਸੁਣਨ ਤੱਕ ਦੀ ਵਿਹਲ ਨਹੀਂ। ਇਸੇ ਕਰਕੇ ਬਹੁਤ ਸਾਰੇ ਗੈਰ ਕਾਨੂੰਨੀ ਤਰੀਕਿਆਂ ਨਾਲ ਤਕਲੀਫ਼ਾਂ ਝੱਲ ਕੇ ਵੀ ਵਿਦੇਸ਼ਾਂ ਵਿੱਚ ਠੋਕਰਾਂ ਖਾ ਰਹੇ ਹਨ। ਆਪਣੀਆਂ ਮੁਟਿਆਰਾਂ ਨੂੰ ਵੀ ਸੀੜੀ ਬਣਾ ਕੇ ਸੱਤ ਸਮੁੰਦਰ ਪਾਰ ਕਰ ਲੈਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਫਿਰ ਵੀ ਨਹੀਂ ਪਈ।

ਗਲਤੀਆਂ ਦਾ ਅਹਿਸਾਸ ਕਰਕੇ ਸੁਧਾਰ ਕਰਨ ਦੇ ਬਜਾਇ ਤੁਸੀਂ ਤਾਂ ਮੇਰੇ ਬੱਚਿਆਂ ਨੂੰ ਅਨਪੜ੍ਹ, ਬਿਮਾਰ, ਨਸ਼ਈ, ਜੂਏਬਾਜ, ਗੈਂਗਸਟਰ ਅਤੇ ਅਸ਼ਲੀਲ ਕਿਸਮ ਦੇ ਸੱਭਿਆਚਾਰ ਰਾਹੀਂ ਅਰਧਪਾਗਲ ਹਾਲਤ ਵਿੱਚ ਵਿਚਰਨ ਦਾ ਰਾਹ ਦੱਸ ਰਹੇ ਹੋ। ਤੁਹਾਡਾ ਗਿਆਨ ਤੁਹਾਨੂੰ ਮੁਬਾਰਕ! ਪਰ ਮੇਰੀ ਇੰਨੇ ਲੰਬੇ ਸਮੇਂ ਦੀ ਸਿਆਣਪ ਇਹ ਜ਼ਰੂਰ ਦੱਸਦੀ ਹੈ ਕਿ ਜੜ੍ਹਾਂ ਨਾਲੋਂ ਟੁੱਟਿਆ ਕੋਈ ਵੀ ਬੂਟਾ ਕਦੇ ਹਰਾ ਨਹੀਂ ਹੁੰਦਾ।

ਭਾਈਚਾਰਾ, ਪਿਆਰ, ਮੁਹੱਬਤ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਅਤੇ ਸਮਰੱਥਾ ਦੀ ਸਦੀਆਂ ਦੀ ਸਿਆਣਪ ਨੂੰ ਇੰਨੀ ਅਣਸੁਣੀ ਨਾ ਕਰੋ। ਜਿਸ ਸ਼ਿੱਦਤ ਨਾਲ ਪੈਸੇ ਨੇ ਤੁਹਾਨੂੰ ਮੋਹ ਲਿਆ ਹੈ, ਇਸ ਨੇ ਤੁਹਾਡੀਆਂ ਹੀ ਅਗਲੀਆਂ ਨਸਲਾਂ ਦਾ ਰਾਹ ਬੰਦ ਕਰ ਦੇਣਾ ਹੈ। ਧਰਤੀ ਲੋੜ ਪੂਰੀ ਕਰ ਸਕਦੀ ਹੈ, ਲਾਲਚ ਨਹੀਂ। ਮੈਂ ਅੱਜ ਵੀ ਇਸੇ ਸਿਧਾਂਤ ਉੱਤੇ ਖੜ੍ਹਾ ਹਾਂ। ਜੀਵਨ ਦਾ ਮਕਸਦ ਕੇਵਲ ਮੁਨਾਫ਼ਾ ਨਹੀਂ ਹੁੰਦਾ।

‘ਵਰਤੋ ਅਤੇ ਸੁੱਟ ਦਿਓ’ ਇਨਸਾਨੀ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਵਾਲੀ ਸ਼ੈਅ ਦਾ ਨਾਮ ਨਹੀਂ। ਸੰਵੇਦਨਾ ਅਤੇ ਭਾਵਨਾਵਾਂ ਤੋਂ ਟੁੱਟੀ ਮਸ਼ੀਨ ਦਾ ਹਿੱਸਾ ਬਣਨ ਦੀ ਦੌੜ ਵਿੱਚੋਂ ਵਾਪਸ ਆ ਕੇ ਸੋਚੋ। ਮੈਂ ਅਜੇ ਵੀ ਉਮੀਦ ਦਾ ਪੱਲਾ ਨਹੀਂ ਛੱਡਿਆਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ।

*****

(333)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਮੀਰ ਸਿੰਘ

ਹਮੀਰ ਸਿੰਘ

Lubana, Patiala, Punjab, India.
Email: (singh.hamir@gmail.com)
Phone: 82888 - 35707