HarbansSingh7ਵਿਚਾਰਨ ਵਾਲੀ ਗੱਲ ਇਹ ਕਿ ਧਰਮ ਦਾ ਦਖਲ ਸਿਰਫ਼ ਨਿੱਜੀ ਜ਼ਿੰਦਗੀ ਤਕ ਹੀ ਰਹੇ ਤਾਂ ਇਹ ...
(2 ਮਾਰਚ 2022)
ਇਸ ਸਮੇਂ ਮਹਿਮਾਨ: 663.


“ਧਰਮ ਜੋੜਦਾ ਹੈ, ਤੋੜਦਾ ਨਹੀਂ” ਇਹ ਗੱਲ ਸਾਰੇ ਧਰਮਾਂ ਦੇ ਸੰਤ ਮਹਾਂਪੁਰਖ ਅਤੇ ਉਹਨਾਂ ਦੇ ਪੈਰੋਕਾਰ ਵਾਰ ਵਾਰ ਕਹਿੰਦੇ ਹਨ ਪਰ ਜਦੋਂ ਕਿਤੇ ਹਕੀਕਤ ਵਿੱਚ ਇਸ ਗੱਲ ’ਤੇ ਅਮਲ ਕਰਨ ਦਾ ਸਮਾਂ ਆਉਂਦਾ ਹੈ ਤਾਂ ਸਾਨੂੰ ਇਸਦੇ ਬਿਲਕੁਲ ਉਲਟ ਵਰਤਾਰਾ ਵੇਖਣ ਨੂੰ ਮਿਲਦਾ ਹੈ। ਉਸ ਵੇਲੇ ਅਸੀਂ ਦੇਖਦੇ ਹਾਂ ਕਿ ਧਰਮ ਜੋੜਦਾ ਨਹੀਂ, ਤੋੜਦਾ ਹੈ। ਧਰਮਾਂ ਦੇ ਜਾਣਕਾਰਾਂ ਦਾ ਇਹ ਵਿਚਾਰ ਹੈ ਕਿ ਸਾਰੇ ਧਰਮ ਆਪਣੇ ਆਰੰਭ ਵਿੱਚ ਤਾਂ ਸਮੁੱਚੇ ਸਮਾਜ ਨੂੰ ਹੀ ਇੱਕ ਪਰਿਵਾਰ ਮੰਨਕੇ ਚਲਦੇ ਹਨ ਪਰ ਸਮਾਂ ਪਾ ਕੇ ਉਹਨਾਂ ਵਿੱਚ ਆਪਣੇ ਧਰਮ ਨੂੰ ਮੰਨਣ ਵਾਲਿਆਂ ਅਤੇ ਦੂਜੇ ਧਰਮਾਂ ਦੇ ਪੈਰੋਕਾਰਾਂ ਲਈ ਅਲੱਗ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੋਣ ਲੱਗਦੀਆਂ ਹਨ। ਉਹਨਾਂ ਦਾ ਵਿਵਹਾਰ ਆਪਣੇ ਧਰਮ ਦੇ ਮੰਨਣ ਵਾਲਿਆਂ ਲਈ ਬਹੁਤ ਹੀ ਭਾਈਚਾਰਕ ਹੁੰਦਾ ਹੈ ਪਰ ਜਦੋਂ ਉਹ ਆਪਣੇ ਧਰਮ ਦੇ ਦਾਇਰੇ ਤੋਂ ਬਾਹਰ ਦੂਜੇ ਧਰਮ ਦੇ ਦਾਇਰੇ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦਾ ਵਿਵਹਾਰ ਕਾਫ਼ੀ ਬਦਲ ਜਾਂਦਾ ਹੈ।

ਧਰਮਾਂ ਸਬੰਧੀ ਡੂੰਘੀ ਜਾਣਕਾਰੀ ਰੱਖਣ ਵਾਲੇ ਸੂਝਵਾਨ ਵਿਅਕਤੀ ਇਹ ਗੱਲ ਮੰਨਦੇ ਹਨ ਕਿ ਕੋਈ ਵੀ ਧਰਮ ਜ਼ਿਆਦਾ ਸਮੇਂ ਤਕ ਆਪਣੀ ਮੁਢਲੀ ਵਿਚਾਰਧਾਰਾ ਨੂੰ ਕਾਇਮ ਨਹੀਂ ਰੱਖ ਸਕਦਾ। ਉਸ ਵਿੱਚ ਹੌਲੀ ਹੌਲੀ ਰਵਾਇਤੀ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਧਾਰਮਿਕ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸੇ ਕਰਕੇ ਧਰਮਾਂ ਵਿੱਚ ਸੁਧਾਰਵਾਦੀ ਲਹਿਰਾਂ ਚੱਲਦੀਆਂ ਰਹਿੰਦੀਆਂ ਹਨ। ਕਈ ਵਾਰੀ ਤਾਂ ਇਹਨਾਂ ਲਹਿਰਾਂ ਦੀ ਵਜਾਹ ਕਰਕੇ ਧਰਮਾਂ ਵਿੱਚ ਧੜੇਬੰਦੀ ਇਸ ਹੱਦ ਤਕ ਵਧ ਜਾਂਦੀ ਹੈ ਕਿ ਉਹ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ, ਜਿਵੇਂ ਕਿ ਇਸਲਾਮ ਧਰਮ ਵਿੱਚ ਸ਼ੀਆ ਅਤੇ ਸੁੰਨੀ ਦਾ ਵਿਚਾਰਧਾਰਕ ਟਕਰਾਉ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਹਿੰਦੂ ਧਰਮ ਨੂੰ ਮੰਨਣ ਵਾਲੇ ਸਾਧੂਆਂ ਦੇ ਕਈ ਅਖਾੜੇ ਹਨ। ਇਹ ਸਾਧੂ ਕੁੰਭ ਦੇ ਮੌਕੇ ਇਸ਼ਨਾਨ ਕਰਨ ਸਮੇਂ ਅਕਸਰ ਇਸੇ ਗੱਲ ਤੋਂ ਹੀ ਝਗੜ ਪੈਂਦੇ ਹਨ ਕਿ ਪਹਿਲਾਂ ਕਿਹੜਾ ਅਖਾੜਾ ਇਸ਼ਨਾਨ ਕਰੇਗਾ। ਇਸ ਗੱਲ ਨੂੰ ਲੈ ਕੇ ਉਹਨਾਂ ਵਿੱਚ ਤਕਰਾਰ ਕਈ ਵਾਰ ਮਾਰ ਕੁਟਾਈ ਤਕ ਜਾ ਪਹੁੰਚਦੀ ਹੈ। ਸੁਰੱਖਿਆ ਦਸਤਿਆਂ ਲਈ ਇਹਨਾਂ ਸਾਧੂਆਂ ਨੂੰ ਕਾਬੂ ਕਰਨਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ। ਸਾਡੇ ਦੇਸ਼ ਅੰਦਰ ਹਿੰਦੂ, ਸਿੱਖ, ਮੁਸਲਿਮ, ਇਸਾਈ, ਬੋਧੀ ਤੇ ਜੈਨ ਧਰਮ ਦੇ ਪੈਰੋਕਾਰ ਰਲਮਿਲ ਕੇ ਭਾਈਚਾਰਕ ਸ਼ਾਂਤੀ ਤੇ ਅਮਨ ਅਮਾਨ ਨਾਲ ਸਦੀਆਂ ਤੋਂ ਰਹਿ ਰਹੇ ਹਨ। ਭਾਵੇਂ ਕਿ ਇਤਿਹਾਸਕ ਤੌਰ ’ਤੇ ਕਈ ਵਾਰ ਧਾਰਮਿਕ ਕੱਟੜਵਾਦ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਹੈ ਪਰ ਫਿਰ ਵੀ ਸਾਡੇ ਲੋਕਾਂ ਦੀ ਖਾਸੀਅਤ ਰਹੀ ਹੈ ਕਿ ਲੰਬੇ ਸਮੇਂ ਤਕ ਉਹਨਾਂ ਦੀ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਕੀਤਾ ਜਾ ਸਕਿਆ।

ਅਜ਼ਾਦੀ ਵੇਲੇ 1947 ਵਿੱਚ ਦੇਸ਼ ਦੀ ਵੰਡ ਸਮੇਂ ਮੁਸਲਿਮ, ਹਿੰਦੂ ਅਤੇ ਸਿੱਖ ਟਕਰਾਉ ਵਿੱਚ ਲੱਖਾਂ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਛੇਤੀ ਹੀ ਵੱਖ ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਕੇ ਰਹਿਣ ਨੂੰ ਤਰਜੀਹ ਦੇਣ ਲੱਗ ਪਏ। ਪਿਛਲੇ 70 ਸਾਲਾਂ ਵਿੱਚ ਦੇਸ਼ ਦੀ ਤਰੱਕੀ ਵਿੱਚ ਹਰ ਧਰਮ ਦੇ ਲੋਕਾਂ ਨੇ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦਾ ਸਿਹਰਾ ਕਿਸੇ ਇੱਕ ਧਰਮ ਜਾਂ ਫ਼ਿਰਕੇ ਨੂੰ ਨਹੀਂ ਦਿੱਤਾ ਜਾ ਸਕਦਾ। ਸਾਡਾ ਦੇਸ਼ ਬਹੁ-ਧਰਮੀ, ਬਹੁ-ਜਾਤੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਦਲਿਤ, ਪਛੜੇ ਅਤੇ ਘੱਟ ਗਿਣਤੀ ਲੋਕਾਂ ਨੂੰ ਸੰਵਿਧਾਨਕ ਤੌਰ ’ਤੇ ਸਮਾਜਿਕ ਅਤੇ ਧਾਰਮਿਕ ਸੁਰੱਖਿਆ ਦੀ ਗਰੰਟੀ ਮਿਲੀ ਹੋਈ ਹੈ। ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਅਤੇ ਧਰਮ ਨਿਰਪੱਖ ਦੇਸ਼ ਹੈ। ਅੱਜ ਅਸੀਂ ਸੰਸਾਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਅਰਥ ਵਿਵਸਥਾ ਵਾਲਾ ਦੇਸ਼ ਮੰਨੇ ਜਾਂਦੇ ਹਾਂ। ਅਸੀਂ ਤੇਜ਼ੀ ਨਾਲ ਵਿਕਾਸ ਕਰਨਾ ਚਾਹੁੰਦੇ ਹਾਂ ਅਤੇ ਗ਼ਰੀਬੀ, ਕੁਪੋਸ਼ਣ, ਅਨਪੜ੍ਹਤਾ, ਬਿਮਾਰੀਆਂ ਅਤੇ ਬੇਰੁਜ਼ਗਾਰੀ ਵਰਗੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹਾਂ। ਸਾਡਾ ਦੇਸ਼ ‘ਸੋਨੇ ਦੀ ਚਿੜੀ’ ਵਜੋਂ ਇਤਿਹਾਸ ਵਿੱਚ ਵੱਖਰੀ ਪਛਾਣ ਰੱਖਦਾ ਹੈ। ਸਾਡਾ ਗੁਆਂਢੀ ਦੇਸ਼ ਸਾਡੇ ਤੋਂ ਵੱਧ ਅਬਾਦੀ ਹੋਣ ਦੇ ਬਾਵਜੂਦ ਵੀ ਹਰ ਖੇਤਰ ਵਿੱਚ ਸਾਡੇ ਤੋਂ ਅੱਗੇ ਨਿਕਲ ਚੁੱਕਾ ਹੈ। ਇਸਦਾ ਇੱਕ ਵੱਡਾ ਕਾਰਨ ਉੱਥੋਂ ਦੇ ਲੋਕਾਂ ਦਾ ਵੱਖ ਵੱਖ ਧਰਮਾਂ ਅਤੇ ਜਾਤਾਂ ਵਿੱਚ ਵੰਡੇ ਨਾ ਹੋਣਾ ਵੀ ਹੈ।

ਅਸੀਂ ਸਾਰੇ ਹੀ ਕਿਤੇ ਨਾ ਕਿਤੇ ਧਰਮ ਅਤੇ ਜਾਤ ਦੇ ਅਧਾਰ ’ਤੇ ਇੱਕ ਦੂਜੇ ਪ੍ਰਤੀ ਗੈਰ-ਭਰੋਸਗੀ ਦਾ ਸ਼ਿਕਾਰ ਰਹਿੰਦੇ ਹਾਂ, ਜਿਸ ਨਾਲ ਸਾਡੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਜਦੋਂ ਇੱਕ ਧਰਮ ਜਾਂ ਜਾਤ ਦੇ ਬੰਦੇ ਆਪਣੇ ਆਪ ਨੂੰ ਹੀ ਉੱਚ ਕੋਟੀ ਦਾ ਸਮਝਦੇ ਹਨ ਤਾਂ ਇਸ ਨਾਲ ਦੂਜੇ ਲੋਕਾਂ ਨੂੰ ਬਰਾਬਰੀ ਦੇ ਮਾ ਸਨਮਾਨ ਦੀ ਘਾਟ ਮਹਿਸੂਸ ਹੋਣ ਲੱਗ ਜਾਂਦੀ ਹੈ। ਪਿਛਲੇ ਕਝ ਸਮੇਂ ਤੋਂ ਸਾਡੇ ਦੇਸ਼ ਵਿੱਚ ਧਾਰਮਿਕ ਕੱਟੜਵਾਦ ਦਾ ਬੋਲਬਾਲਾ ਕਾਫੀ ਵਧ ਗਿਆ ਹੈ। ਇਸ ਨਾਲ ਹੁਣ ਸਾਨੂੰ ਹਿੰਦੂ ਕੱਟੜਵਾਦ, ਮੁਸਲਿਮ ਕੱਟੜਵਾਦ, ਸਿੱਖ ਕੱਟੜਵਾਦ ਵਰਗੇ ਸ਼ਬਦ ਆਮ ਹੀ ਸੁਣਨ ਨੂੰ ਮਿਲ ਜਾਂਦੇ ਹਨ। ਸਾਰੇ ਲੋਕ ਹੀ ਆਪਣੇ ਧਰਮ ਦੀ ਕੱਟੜਤਾ ਨੂੰ ਜਾਇਜ਼ ਠਹਿਰਾਉਣ ਬਾਰੇ ਤਰਕ ਦਿੰਦੇ ਹਨ। ਸੋਸ਼ਲ ਮੀਡੀਆ ਇਸ ਮੁੱਦੇ ਨੂੰ ਹਵਾ ਦੇਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਸਦੀਆਂ ਤੋਂ ਅਮਨ-ਅਮਾਨ ਨਾਲ ਮਿਲ ਕੇ ਰਹਿ ਰਹੇ ਹਾਂ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋ ਰਹੇ ਹਾਂ ਤਾਂ ਹੁਣ ਕਿਉਂ ਇਸ ਕੱਟੜਤਾ ਨੂੰ ਵਧਾਇਆ ਜਾ ਰਿਹਾ ਹੈ?

ਮੈਂ ਇਸ ਮੁੱਦੇ ਨੂੰ ਕੁਝ ਰਾਜਨੀਤਿਕ ਲੋਕਾਂ ਵੱਲੋਂ ਆਪਣੇ ਨਿੱਜੀ ਮੁਫਾਦਾਂ ਲਈ ਕੀਤੀ ਜਾ ਰਹੀ ਘਟੀਆ ਹਰਕਤ ਮੰਨਦਾ ਹਾਂ। ਇਸ ਨਾਲ ਵਕਤੀ ਤੌਰ ’ਤੇ ਤਾਂ ਰਾਜਨੀਤਕ ਲਾਭ ਹੋ ਸਕਦਾ ਹੈ ਪਰ ਇਸ ਨਾਲ ਜੋ ਨੁਕਸਾਨ ਦੇਸ਼ ਅਤੇ ਸਮਾਜ ਦੇ ਲੋਕਾਂ ਦਾ ਹੁੰਦਾ ਹੈ, ਉਸਦੀ ਭਰਪਾਈ ਲਈ ਕਈ ਵਾਰ ਸਦੀਆਂ ਲੱਗ ਜਾਂਦੀਆਂ ਹਨ। ਦੇਸ਼ ਦੇ ਸ਼ਾਂਤੀ ਭਰੇ ਮਾਹੌਲ ਵਿੱਚ ਲੋਕ ਜ਼ਿਆਦਾ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ, ਵਿਅਕਤੀਗਤ ਕਮਾਈ ਵੱਧ ਹੁੰਦੀ ਹੈ। ਵੱਧ ਕਮਾਈ ਹੋਣ ਨਾਲ ਬਜ਼ਾਰਾਂ ਦੀ ਖ਼ਰੀਦਦਾਰੀ ਵਿੱਚ ਤੇਜ਼ੀ ਆਉਂਦੀ ਹੈ। ਉਦਯੋਗ ਜਗਤ ਨੂੰ ਹੁਲਾਰਾ ਮਿਲਦਾ ਹੈ। ਆਰਥਿਕ ਸਰਗਰਮੀਆਂ ਤੇਜ਼ੀ ਨਾਲ ਅੱਗੇ ਵਧਦੀਆਂ ਹਨ। ਅੱਜ ਵਿਸ਼ਵ ਅੰਦਰ ਆਰਥਿਕ ਤਾਕਤ ਹੋਣਾ ਹੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ। ਇਸ ਹੁਲਾਰੇ ਨਾਲ ਹੀ ਅਸੀਂ ਵਿਕਾਸਸ਼ੀਲ ਤੋਂ ਵਿਕਸਤ ਦੇਸ਼ ਬਣ ਸਕਦੇ ਹਾਂ। ਕਿਸੇ ਇੱਕ ਧਰਮ ਜਾਂ ਫ਼ਿਰਕੇ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਨਾਲ ਦੇਸ਼ ਦਾ ਸਮੁੱਚਾ ਵਿਕਾਸ ਨਹੀਂ ਕੀਤਾ ਜਾ ਸਕਦਾ। ਜੇਕਰ ਧਰਮ ਹੀ ਲੋਕਾਂ ਨੂੰ ਜੋੜ ਕੇ ਰੱਖਦਾ ਹੁੰਦਾ ਤਾਂ ਈਰਾਨ ਤੇ ਈਰਾਕ ਵਿੱਚ ਕਦੇ ਵੀ ਜੰਗ ਨਾ ਹੁੰਦੀ। ਮਿਸਰ ਦੇਸ਼ ਅੰਦਰ ਖ਼ਾਨਾਜੰਗੀ ਵਾਲੇ ਹਾਲਾਤ ਨਾ ਬਣਦੇ। ਪਾਕਿਸਤਾਨ ਤੋਂ ਲੈ ਕੇ ਅਫ਼ਗਾਨਿਸਤਾਨ ਦੀਆਂ ਹੱਦਾਂ ’ਤੇ ਮਾਰਾਮਾਰੀ ਨਾ ਹੁੰਦੀ। ਅੱਜ ਪਾਕਿਸਤਾਨ ਦੇ ਅੰਦਰ ਅੱਤਵਾਦ ਦੀਆਂ ਘਟਨਾਵਾਂ ਨਾ ਘਟਦੀਆਂ। ਆਇਰਲੈਂਡ ਵਿੱਚ ਲੰਬਾ ਸਮਾਂ ਖੂਨ-ਖਰਾਬਾ ਨਾ ਹੁੰਦਾ। ਸੋ ਵਿਚਾਰਨ ਵਾਲੀ ਗੱਲ ਇਹ ਕਿ ਧਰਮ ਦਾ ਦਖਲ ਸਿਰਫ਼ ਨਿੱਜੀ ਜ਼ਿੰਦਗੀ ਤਕ ਹੀ ਰਹੇ ਤਾਂ ਇਹ ਬਹੁਤ ਚੰਗੀ ਗੱਲ ਹੋਵੇਗੀ। ਇਸ ਨਾਲ ਅਸੀਂ ਵਿਸ਼ਵ ਦੇ ਨਕਸ਼ੇ ਉੱਪਰ ਤਾਕਤਵਰ ਧਿਰ ਬਣ ਕੇ ਅੱਗੇ ਵਧਾਂਗੇ।

ਆਉ ਸਾਰੇ ਰਲ਼ ਮਿਲ ਕੇ ਯਤਨ ਕਰੀਏ ਕਿ ‘ਧਰਮ ਜੋੜਦਾ ਹੈ, ਤੋੜਦਾ ਨਹੀਂ’ ਦੀ ਭਾਵਨਾ ਨੂੰ ਇਸੇ ਤਰ੍ਹਾਂ ਕਾਇਮ ਰੱਖ ਸਕੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3400)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਬੰਸ ਸਿੰਘ

ਹਰਬੰਸ ਸਿੰਘ

Bathinda, Punjab, India.
Tel: (91 94649 - 22547)