RajpalSHothi7ਹੁਣ ਬੱਸ ਦੇ ਟਾਇਰਾਂ ਨਾਲ ਨੱਕ ਰਗੜ ਕੇ ਹੋਰ ਮੁਆਫੀ ਮੰਗੋ ਤਾਂ ਕਿ ਮੁਆਫੀ ਵਾਲਾ ਇਹ ਸਬੂਤ ...GurbachanSinghBachan1
(11 ਫਰਵਰੀ 2022)

 

GurbachanSinghBachan1ਡਾ. ਗੁਰਬਚਨ ਸਿੰਘ ਬਚਨ, ਸਾਬਕਾ ਕੋਆਰਡੀਨੇਟਰ, ਕੌਮੀ ਸੇਵਾ ਯੋਜਨਾ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) 11 ਦਸੰਬਰ 2021 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਉਸ ਸੰਸਾਰ ਨੂੰ ਉਡਾਰੀ ਮਾਰ ਗਏ ਹਨ ਜਿੱਥੋਂ ਕੋਈ ਵਾਪਸ ਨਹੀਂ ਆਇਆ। ਬਚਨ ਸਾਹਿਬ ਨੇ ਆਪਣਾ ਸਰਵਿਸ-ਕੈਰੀਅਰ ਬਤੌਰ ਭੂਗੋਲ ਵਿਗਿਆਨ ਪ੍ਰੋਫੈਸਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਆਰੰਭ ਕੀਤਾ। ਉਪਰੰਤ, ਆਪ ਲੰਮਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੌਮੀ ਸੇਵਾ ਯੋਜਨਾ (N.S.S.) ਦੇ ਕੋਆਰਡੀਨੇਟਰ ਰਹੇ। ਮੈਂਨੂੰ ਉਨ੍ਹਾਂ ਨਾਲ ਬਤੌਰ ਕੌਮੀ ਸੇਵਾ ਯੋਜਨਾ ਵਲੰਟੀਅਰ ਅਤੇ ਕੈਂਪ-ਕਮਾਂਡਰ (1980-1990) ਦੁਆਬਾ ਕਾਲਜ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਕੰਮ ਕਰਨ ਦਾ ਮੌਕਾ ਮਿਲਿਆ। ਕਈ ਹੋਰਨਾਂ ਵਾਂਗ ਮੈਂਨੂੰ ਵੀ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ।

ਕਾਲਜ ਦੀ ਪੜ੍ਹਾਈ ਲਈ ਦੋਆਬਾ ਕਾਲਜ ਜਾਂਦਿਆਂ ਹੀ ਪ੍ਰੋ. ਪਰਸ਼ੋਤਮ ਸਿੰਘ ਬੱਲ ਹੋਰਾਂ ਮੈਂਨੂੰ ‘ਜਥੇਦਾਰ’ ਦੀ ਉਪਾਧੀ ਦੇ ਕੇ ਸਟੇਜ ’ਤੇ ਚਾੜ੍ਹ ਦਿੱਤਾ ਜਿਸ ਨਾਲ ਬਣੇ ਹੌਸਲੇ ਅਤੇ ਵਿਸ਼ਵਾਸ ਸਦਕਾ ਅੱਜ ਤੀਕਰ ਕੈਨੇਡਾ ਦੇ ਇੰਮੀਗਰੇਸ਼ਨ ਅਪੀਲ ਵਿਭਾਗ ਵਿੱਚ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਵਿੱਚ ਸਹਾਈ ਹੋ ਸਕਿਆ ਹਾਂ। ਦੁਆਬਾ ਕਾਲਜ ਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਦਿਆਂ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਅਤੇ N.S.S. ਦੇ ਕੋਆਰਡੀਨੇਟਰ ਪ੍ਰੋ. ਗੁਰਬਚਨ ਸਿੰਘ ਬਚਨ ਹੋਰਾਂ ਦੇ ਸੰਪਰਕ ਵਿੱਚ ਆ ਕੇ ਮੇਰੇ ਹੌਸਲੇ ਤੇ ਸਵੈ-ਵਿਸ਼ਵਾਸ ਵਿੱਚ ਹੋਰ ਵੀ ਵਾਧਾ ਹੋਇਆ। ਡਾ. ਬਚਨ ਬੜੇ ਹਸਮੁੱਖ ਅਤੇ ਮਖ਼ੌਲੀਆ ਸੁਭਾਅ ਦੇ ਮਾਲਕ ਸਨ। ਇੱਥੋਂ ਤਕ ਕਿ ਉਹ ਕਈ ਵਾਰ ਆਪਣੇ ਆਪ ਉੱਪਰ ਵੀ ਹੱਸ ਲੈਂਦੇ ਸਨ ਪਰ ਇਸਦੇ ਨਾਲ ਹੀ ਉਹ ਡਿਸਿਪਲਿਨ ਵਿੱਚ ਰਹਿਣ ਅਤੇ ਹੋਰਨਾਂ ਨੂੰ ਡਿਸਿਪਲਿਨ ਵਿੱਚ ਰੱਖਣ ਦੇ ਪੱਕੇ ਧਾਰਨੀ ਸਨ।

ਇਸ ਸਮੇਂ ਉਨ੍ਹਾਂ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕਰਨ ਨੂੰ ਮੇਰਾ ਮਨ ਕਰ ਰਿਹਾ ਹੈ।

ਡਲਹੌਜੀ ਦੇ ਰਸਤੇ ਵਿੱਚ ਆਉਂਦੇ ਪਿੰਡ ਦੁਨੇਰਾ ਲਾਗੇ ਲੱਗੇ N.S.S. ਦੇ ਕੈਂਪ ਦੌਰਾਨ ਇੱਕ ਪ੍ਰੋਫੈਸਰ ਨੇ ਉਨ੍ਹਾਂ ਬਾਰੇ ਬੜੀ ਦਿਲਚਸਪ ਗੱਲ ਸੁਣਾਈ ਕਿ ਇੱਕ ਵਾਰੀ ਉਹ ਬਚਨ ਹੋਰਾਂ ਨੂੰ ਮਿਲਣ ਲਈ ਸਵੇਰੇ ਹੀ ਉਨ੍ਹਾਂ ਦੇ ਅੰਮ੍ਰਿਤਸਰ ਨਿਵਾਸ ਅਸਥਾਨ ’ਤੇ ਗਿਆ ਤਾਂ ਉਹ ਉਸ ਸਮੇਂ ਪਾਠ ਕਰ ਰਹੇ ਸਨ। ਬਚਨ ਸਾਹਿਬ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਫ਼ਤਿਹ ਬੁਲਾਈ ਅਤੇ ਪਾਠ ਕਰਦਿਆਂ ਹੀ ਰਸੋਈ ਵੱਲ ਇਸ਼ਾਰਾ ਕਰਦਿਆਂ ਬੋਲੇ “ਆਪੇ ਬੀਜਿ ਆਪੇ ਹੀ ਖਾਹੁ।” ‘ਜਪੁਜੀ ਸਾਹਿਬ’ ਦੀ ਇਹ ਤੁਕ ਜਦੋਂ ਬਚਨ ਸਾਹਿਬ ਨੇ ਦੋ-ਤਿੰਨ ਵਾਰ ਦੁਹਰਾਈ ਤਾਂ ਉਹ ਪ੍ਰੋਫੈਸਰ ਸਾਹਿਬ ਸਮਝ ਗਏ ਕਿ ਸ੍ਰੀਮਤੀ ਬਚਨ ਜੀ ਉਸ ਸਮੇਂ ਘਰ ਨਹੀਂ ਹਨ ਅਤੇ ਉਨ੍ਹਾਂ ਨੂੰ ਚਾਹ-ਪਾਣੀ ਦੀ ‘ਸੈਲਫ-ਸਰਵਿਸ’ ਹੀ ਕਰਨੀ ਪੈਣੀ ਹੈ।

1986 ਵਿੱਚ ਮੈਂਨੂੰ N.S.S. ਦੀਆਂ ਸੇਵਾਵਾਂ ਲਈ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਰੱਖੇ ਗਏ ਇੱਕ ਸਮਾਗ਼ਮ ਵਿੱਚ “ਮੁੱਖ ਮੰਤਰੀ ਐਵਾਰਡ” ਮਿਲਣਾ ਸੀ। ਉਸ ਨੂੰ ਪ੍ਰਾਪਤ ਕਰਨ ਲਈ ਅਸੀਂ ਤਿੰਨ ਜਣੇ ਬਚਨ ਸਾਹਿਬ ਦੇ N.S.S. ਮਹਿਕਮੇ ਦੀ ਯੂਨੀਵਰਸਿਟੀ ਵਾਲੀ ਜਿਪਸੀ ਵਿੱਚ ਚੰਡੀਗੜ੍ਹ ਜਾ ਰਹੇ ਸੀ। ਅਸ਼ੋਕ ਡਰਾਈਵਰ ਜਿਪਸੀ ਚਲਾ ਰਿਹਾ ਸੀ। ਬਚਨ ਸਾਹਿਬ ਉਸ ਦੇ ਨਾਲ ਅਗਲੀ ਸੀਟ ’ਤੇ ਬੈਠੇ ਸਨ। ਪਿਛਲੀ ਸੀਟ ’ਤੇ ਮੇਰੇ ਨਾਲ ਉਸ ਸਮੇਂ ਦੇ ਵਾਈਸ-ਚਾਂਸਲਰ ਡਾ. ਸੁਰਜੀਤ ਸਿੰਘ ਬੱਲ ਬੈਠੇ ਸਨ। ਚੰਡੀਗੜ੍ਹ ਦੀ ਹੱਦ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਸਾਡੇ ਅੱਗੇ ਅਚਾਨਕ ਰਿਕਸ਼ੇ ਤੋਂ ਇੱਕ ਡਰੰਮ ਡਿਗ ਪਿਆ। ਬੜੀ ਹੁਸ਼ਿਆਰੀ ਤੋਂ ਕੰਮ ਲੈਂਦਿਆਂ ਡਰਾਈਵਰ ਨੇ ਬਰੇਕ ਤਾਂ ਮਾਰ ਲਈ ਪਰ ਖਾਲੀ ਡਰੰਮ ਰਿੜ੍ਹਦਾ ਹੋਇਆ ਮਲਕੜੇ ਜਿਹੇ ਜਿਪਸੀ ਦੇ ਅੱਗੇ ਆ ਲੱਗਾ। ਜ਼ਾਹਿਰ ਸੀ ਕਿ ਜਿਪਸੀ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਸੀ ਜਿਸ ਨੂੰ ਭਾਂਪਦਿਆਂ ਹੋਇਆਂ ਡਾ. ਬਚਨ ਕਹਿਣ ਲੱਗੇ, “ਅਸ਼ੋਕ, ਜਿਪਸੀ ਦੀਆਂ ਲਾਈਟਾਂ ਮੇਰੀਆਂ ਅੱਖਾਂ ਵਰਗੀਆਂ ਡੂੰਘੀਆਂ ਈ ਨੇ। ਮੇਰਾ ਖਿਆਲ ਏ, ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਾ।” ਰਿਕਸ਼ਾ-ਚਾਲਕ ਨੂੰ ਬੜੇ ਪਿਆਰ ਨਾਲ ਰੱਸੀ ਵਰਤਣ ਦੀ ਤਾਕੀਦ ਕਰਦਿਆਂ ਉਨ੍ਹਾਂ ਡਰਾਇਵਰ ਨੂੰ ਅੱਗੇ ਚੱਲਣ ਲਈ ਕਿਹਾ। ਮੈਂ ਤੇ ਡਾ. ਬੱਲ ਸਾਹਿਬ ਕਿੰਨਾ ਚਿਰ ਬਚਨ ਸਾਹਿਬ ਦੇ ਇਨ੍ਹਾਂ ਬਚਨਾਂ ’ਤੇ ਹੱਸਦੇ ਰਹੇ।

ਬਚਨ ਸਾਹਿਬ ਨਾਲ ਜੁੜੀ ਇੱਕ ਹੋਰ ਘਟਨਾ ਯਾਦ ਆ ਰਹੀ ਹੈ। ਬਚਨ ਸਾਹਿਬ ਲੜਕੇ-ਲੜਕੀਆਂ ਦਾ ਇੱਕ ਸਾਂਝਾ ਟੂਰ ਯੂਨੀਵਰਸਿਟੀ ਦੀ ਬੱਸ ’ਤੇ ਲੈ ਕੇ ਗਏ। ਰਸਤੇ ਵਿੱਚ ਲੜਕਿਆਂ ਨੇ ਲੜਕੀਆਂ ਨੂੰ ਕੁਝ ‘ਮਾੜਾ-ਚੰਗਾ’ ਕਹਿ ਦਿੱਤਾ। ਬਚਨ ਸਾਹਿਬ ਗੁੱਸੇ ਵਿੱਚ ਆ ਗਏ ਤੇ ਬੋਲੇ, “ਉੱਤਰੋ ਸਾਰੇ ਥੱਲੇ ਅਤੇ ਲੜਕੇ ਆਪਣੇ ਕਹੇ ਦੀ ਮੁਆਫੀ ਮੰਗਣ ਲਈ ਨੱਕ ਨਾਲ ਧਰਤੀ ’ਤੇ ਲਕੀਰਾਂ ਕੱਢਣ।” ਲਕੀਰਾਂ ਕੱਢ ਕੇ ਲੜਕੇ ਜਦੋਂ ਖੜ੍ਹੇ ਹੋਏ ਤਾਂ ਬਚਨ ਹੋਰੀਂ ਕਹਿਣ ਲੱਗੇ, “ਤੁਸੀਂ ਸੋਚਦੇ ਹੋਵੋਗੇ ਕਿ ਮੰਗੀ ਹੋਈ ਉਹ ਮੁਆਫੀ ਤਾਂ ਉੱਥੇ ਜ਼ਮੀਨ ’ਤੇ ਹੀ ਰਹਿ ਗਈ ਏ, ਸੋ ਹੁਣ ਬੱਸ ਦੇ ਟਾਇਰਾਂ ਨਾਲ ਨੱਕ ਰਗੜ ਕੇ ਹੋਰ ਮੁਆਫੀ ਮੰਗੋ ਤਾਂ ਕਿ ਮੁਆਫੀ ਵਾਲਾ ਇਹ ਸਬੂਤ ਘੱਟੋ-ਘੱਟ ਯੂਨੀਵਰਸਿਟੀ ਤਕ ਤਾਂ ਤੁਹਾਡੇ ਨਾਲ ਚੱਲੇ।”

ਕੁਝ ਇਸ ਤਰ੍ਹਾਂ ਦੀ ਸ਼ਖ਼ਸੀਅਤ ਦੇ ਮਾਲਕ ਸਨ, ਡਾ. ਗੁਰਬਚਨ ਸਿੰਘ ਬਚਨ। ਉਨ੍ਹਾਂ ਦਾ ਜੱਦੀ ਪਿੰਡ ਖੁੱਡਾ (ਕੁਰਾਲਾ) ਜ਼ਿਲ੍ਹਾ ਹੁਸ਼ਿਆਰਪੁਰ ਸੀ, ਪਰ ਰਿਹਾਇਸ਼ ਉਨ੍ਹਾਂ ਦੀ ਵਧੇਰੇ ਕਰਕੇ ਅੰਮ੍ਰਿਤਸਰ ਹੀ ਰਹੀ। ਉਹ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ ਸੈਣੀ ਅਤੇ ਪੁੱਤਰ ਗੁਰਪ੍ਰਸਾਦ ਸਿੰਘ ਸੈਣੀ ਛੱਡ ਗਏ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3352)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਜਪਾਲ ਸਿੰਘ ਹੋਠੀ

ਰਾਜਪਾਲ ਸਿੰਘ ਹੋਠੀ

Brampton, Ontario, Canada.
Tel: (416-989-1313)