NinderGhugianvi7ਤੇ ਹਾਂਮੈਂ ਦੱਸਣਾ ਭੁੱਲ ਗਿਆ ਕਿ ਗੀਤਾ ਅੱਜ ਰਿਟਾਇਰ ਵੀ ਹੋ ਗਈ ਹੈ ...Ninder Geeta2
(4 ਜਨਵਰੀ 2022)

 

Ninder Geeta3ਬਹੁਤਿਆਂ ਪੜ੍ਹਨ ਲਿਖਣ ਵਾਲਿਆਂ ਨੂੰ ਪਤਾ ਹੈ ਕਿ ਮੈਂ ਪਟਿਆਲੇ ਸ਼ੇਰਾਂ ਵਾਲੇ ਗੇਟ ਨੇੜੇ ਭਾਸ਼ਾ ਸਦਨ (ਮਿੰਨੀ ਸਕੱਤਰੇਤ) ਵਿਚ ਲਗਭਗ ਚਾਰ ਸਾਲ ਦਾ ਅਰਸਾ ਦਰਜਾ ਚਾਰ ਮੁਲਾਜ਼ਮ (ਕੱਚਾ) ਰਿਹਾ ਸਾਂ, 1997 ਵੇਲੇ। ਮੈਂ ਦਫਤਰ ਵਿਚ ਹੀ ਸੌਂਦਾ ਸੀ। ਸਵੇਰੇ ਸਦੇਹਾਂ ਹੀ ਉੱਠਕੇ ਬਾਹਰੋਂ ਫੌਜੀ ਦੀ ਰੇਹੜੀ ਤੋਂ ਚਾਹ ਪੀਂਦਾ ਤੇ ਫਿਰ ਮੋਟੀ ਕਾਲੀ ਪਾਈਪ ਲਗਾ ਕੇ ਛੇ ਮੰਜ਼ਿਲਾਂ ਤੀਕ ਲੱਗੇ ਕੂਲਰਾਂ ਵਿਚ ਪਾਣੀ ਭਰਨ ਜੁਟ ਜਾਂਦਾ। ਆਪਣੇ ਵਕਤ ਉੱਤੇ ਸਫਾਈ ਸੇਵਿਕਾ ਗੀਤਾ ਵੀ ਆ ਜਾਂਦੀ। ਮੈਂ ਉਸ ਨੂੰ ਨਮਸਕਾਰ’ ਬੋਲਦਾ। ਉਹ ਲੰਬੇ ਸਾਲਾਂ ਤੋਂ ਉੱਥੇ ਕੱਚੇ ਤੌਰ ਉੱਤੇ ਹੀ ਕੰਮ ਕਰਦੀ ਆ ਰਹੀ ਸੀ। ਜਦ ਕਿਸੇ ਕੂਲਰ ਵਿਚ ਪਾਣੀ ਪਾਉਣ ਸਮੇਂ ਦੂਰੋਂ ਪਾਈਪ ਨਿੱਕਲਦੀ, ਕਮਰੇ ਜਾਂ ਫਲੋਰ ਦੀ ਫਰਸ਼ ਪਾਣੀ ਨਾਲ ਭਰ ਜਾਂਦੀ। ਗੀਤਾ ਮੈਨੂੰ ਡਾਂਟਣ ਲਗਦੀ, ਅਰੇ ਤੰਨੈ ਅਕਲ ਨੀ, ਅਕਲ ਕੇ ਆਂਧੇ ਲੜਕੇ?

ਗੀਤਾ ਨੂੰ ਦੋਬਾਰਾ ਪੋਚਾ ਲਾਉਣਾ ਪੈਂਦਾ। ਥਾਂ ਥਾਂ ਤੋਂ ਗਲੀ ਪਈ ਸਰਕਾਰੀ ਪਾਈਪ ਟੁੱਟਦੀ ਹੀ ਰਹਿੰਦੀ ਸੀ। ਜਿਸ ਦਿਨ ਸਵੇਰੇ ਮੈਂ ਬਹੁਤਾ ਉਦਾਸ ਜਾਂ ਪ੍ਰੇਸ਼ਾਨ ਹੁੰਦਾ, ਉਸ ਦਿਨ ਗੀਤਾ ਨੂੰ ਨਮਸਕਾਰ’ ਨਾ ਬੋਲਦਾ। ਉਸ ਨੂੰ ਪਤਾ ਚੱਲ ਜਾਂਦਾ ਕਿ ਅੱਜ ਮਾਹੌਲ ਠੀਕ’ ਨਹੀਂ ਹੈ। ਅਸੀਂ ਨੇੜੇ ਨੇੜੇ ਫਿਰਦੇ ਆਪੋ ਆਪਣੇ ਕੰਮ ਕਰਦੇ ਰਹਿੰਦੇ ਪਰ ਗੱਲਬਾਤ ਨਾ ਕਰਦੇ।

ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ ਸਾਹਿਤ ਸਦਨ’ ਵਿਚ ਬੈਠੀ ਗੀਤਾ ਕੋਲ ਮੈਂ ਦੋ ਘੜੀਆਂ ਰੰਬੀ ਰੱਖ ਕੇ ਬਹਿ ਜਾਂਦਾ। ਕੂਲਰ ਭਰ ਹਟਣ ਮਗਰੋਂ ‘ਸਰਕਾਰੀ ਰੰਬੀ’ ਨਾਲ ਮੈਂ ਬੂਟਿਆਂ-ਫੁੱਲਾਂ ਦੀ ਗੋਡ ਗੋਡਾਈ ਕਰਦਾ ਰਹਿੰਦਾ। ਕਈ ਵਾਰ ਬੈਠੀ ਗੀਤਾ ਮੈਨੂੰ ਮੇਰੇ ਘਰ-ਬਾਰ ਦੀਆਂ ਗੱਲਾਂ ਪੁੱਛਦੀ ਰਹਿੰਦੀ। ਇਕ ਦਿਨ ਬੈਠੀ ਬੈਠੀ ਗੀਤਾ ਮੈਨੂੰ ਆਖਣ ਲੱਗੀ, ਵੇ ਬੀਰਾ, ਤੂੰ ਚੰਗਾ ਬਹੁਤ ਐਂ। ਰੱਬ ਤੇਰੀ ਤਰੱਕੀ ਕਰੂਗਾ, ਰੱਬ ਤੈਨੂੰ ਸੁਖ ਦੇਵੇ ਵੇ ਬੀਰਾ।” ਗੀਤਾ ਦੀਆਂ ਦਿੱਤੀਆਂ ਅਸੀਸਾਂ ਸੁਣ ਮੇਰੀਆਂ ਅੱਖਾਂ ਭਰ ਆਉਣੀਆਂ।

***

ਜਿਸ ਦਿਨ ਮੈਂ ਮਹਿਕਮਾ ਛੱਡ ਕੇ ਪਿੰਡ ਨੂੰ ਆਉਣਾ ਸੀ, ਗੀਤਾ ਉਸ ਦਿਨ ਛੁੱਟੀ ਉੱਤੇ ਸੀ। ਉਸ ਨੂੰ ਮੇਰੇ ਨੌਕਰੀ ਛੱਡਣ ਦਾ ਵੀ ਨਹੀਂ ਸੀ ਪਤਾ। ਦੂਸਰੇ ਦਿਨ ਖਾਲਸਾ ਸੁਰਜੀਤ ਸਿੰਘ ਚੌਕੀਦਾਰ ਨੇ ਗੀਤਾ ਨੂੰ ਦੱਸਿਆ ਕਿ ਤੇਰਾ ਬੀਰਾ ਤਾਂ ਚਲਾ ਗਿਆ ਹੈ ਪਿੰਡ, ਹੁਣ ਨਹੀਂ ਆਉਂਦਾ। ਗੀਤਾ ਨੇ ਸੁਰਜੀਤ ਸਿੰਘ ਤੋਂ ਮੇਰੇ ਘਰ ਦਾ ਫੋਨ ਨੰਬਰ ਲੈ ਲਿਆ ਤੇ ਸਾਰੇ ਕੰਮ ਛੱਡਕੇ ਐੱਸ ਟੀਡੀ ਪੀਸੀਓ ਵੱਲ ਨੂੰ ਭੱਜੀ ਤੇ ਮੇਰੇ ਘਰ ਫੋਨ ਲਾਇਆ। ਆਖਣ ਲੱਗੀ, ਵੇ ਬੀਰੇ ਵੇ, ਤੂੰ ਬਿਨਾਂ ਦੱਸੇ ਚਲਾ ਗਿਆ। ਰੱਬ ਤੇਰੀ ਬਹੁਤ ਤਰੱਕੀ ਕਰੂ, ਸੁਖੀ ਰੱਖੇ ਤੈਨੂੰ ਰੱਬ, ਪਰ ਆਪਣੀ ਭੈਣ ਨੂੰ ਜਰੂਰ ਯਾਦ ਰੱਖੀਂ, ਭੁੱਲ ਨਾ ਜਾਵੀਂ।” ਉਹ ਫੋਨ ਵਿਚ ਰੋ ਰਹੀ ਸੀ।

***

ਲਗਪਗ 24 ਸਾਲ ਬਾਅਦ, 30 ਨਵੰਬਰ 2021 ਦਾ ਦਿਨ, ਮੈਂ ਉਸੇ ਦਫਤਰ ਭਾਸ਼ਾ ਭਵਨ ਵਿਖੇ ਹੋ ਰਹੇ ਸਮਾਗਮ ਵਿਚ ਸ਼੍ਰੋਮਣੀ ਲੇਖਕ ਵਜੋਂ ਵਿਸ਼ੇਸ਼ ਮਹਿਮਾਨ ਸਾਂ। ਸਮਾਗਮ ਮੁੱਕਿਆ। ਮੈਂ ਤੇ ਬਾਈ ਧਰਮ ਕੰਮੇਆਣਾ ਬਾਹਰ ਆਉਣ ਲੱਗੇ, ਤਾਂ ਗੀਤਾ ਪੰਡਾਲ ਵਾਲੇ ਗੇਟ ਉੱਤੇ ਮਿਲਣ ਆਈ ਖੜ੍ਹੀ ਸੀ। ਉਸਦੇ ਬੜੇ ਸੋਹਣੇ ਕਪੜੇ ਪਹਿਨੇ ਹੋਏ ਸਨ। ਮੈਂ ਉਸਦੇ ਪੈਰੀਂ ਹੱਥ ਲਾਏ। ਉਸਨੇ ਆਖਿਆ ਕਿ ਮੈਂ ਤੇਰੇ ਨਾਲ ਫੋਟੋ ਖਿਚਵਾਣੀ ਹੈ। ਮੈਂ ਛੇਤੀ ਛੇਤੀ ਬਟੂਏ ਵਿੱਚੋਂ ਜੋ ਕੁਛ ਲੱਭਿਆ, ਉਹਨੂੰ ਭੇਟਾ ਕੀਤਾ। ਮੇਰੇ ਕੋਲ ਮੂੰਹ ਕਰਕੇ ਬੋਲੀ, "ਬੀਰੇ, ਸੱਚੀਂ ਰੱਬ ਨੇ ਤੈਨੂੰ ਤਰੱਕੀ ਦਿੱਤੀ, ਅੱਜ ਤਾਂ ਤੂੰ ਵੱਡਾ ਅਪਸਰ ਬਣ ਗਿਆ। ਮੈਂ ਤੈਨੂੰ ਕਿਹਾ ਸੀ ਨਾ ਬੀਰੇ ...।” ਗੀਤਾ ਨੇ ਆਪਣੇ ਸੋਹਣੇ ਸ਼ਾਲ ਨਾਲ ਅੱਖਾਂ ਪੂੰਝੀਆਂ।

ਜਦ ਕਾਰ ਚੰਡੀਗੜ ਦੇ ਰਾਹ ਪਈ, ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਵੀਨ ਕੁਮਾਰ ਦਾ ਫੋਨ ਆਇਆ। ਕਹਿਣ ਲੱਗੇ, “ਗੀਤਾ ਨਾਲ ਮੈਂ ਤੇਰੀ ਫੋਟੋ ਖਿੱਚ ਦਿੱਤੀ ਸੀ, ਵਟਸਐਪ ਕਰ ਦਿੱਤੀ ਹੈ। ਤੇ ਹਾਂ, ਮੈਂ ਦੱਸਣਾ ਭੁੱਲ ਗਿਆ ਕਿ ਗੀਤਾ ਅੱਜ ਰਿਟਾਇਰ ਵੀ ਹੋ ਗਈ ਹੈ।”

ਮੈਂ ਹੈਰਾਨ ਹੋ ਕੇ ਪੁੱਛਿਆ, “ਹੈਂ? ਸੱਚੀਓਂ ਅੱਜ ਫੰਕਸ਼ਨ ਵਾਲੇ ਦਿਨ ਹੀ ਗੀਤਾ ਦੀ ਰਿਟਾਇਰਮੈਂਟ ਸੀ? ਉਸਨੇ ਵੀ ਦੱਸਿਆ ਨਹੀਂ ਯਾਰ।”

ਪ੍ਰਵੀਨ ਕੁਮਾਰ ਬੋਲੇ, ਹਾਂਜੀ, ਅੱਜ ਹੀ ਸੀ ਉਸਦੀ ਸੇਵਾਮੁਕਤੀ, ਇਸੇ ਲਈ ਤਾਂ ਵਿਚਾਰੀ ਨੇ ਸੋਹਣਾ ਸ਼ਾਲ ਲੈ ਰੱਖਿਆ ਸੀ ਸਿਰ ਉੱਤੇ।”

ਮੇਰੇ ਮੂੰਹੋਂ ਨਿਕਲਿਆ, ਹੇ ਗੀਤਾ ਭੈਣ, ਰੱਬ ਤੈਨੂੰ ਹਮੇਸ਼ਾ ਸੁਖ ਦੇਵੇ ਤੇ ਤੇਰੇ ਸਿਰ ਉੱਤੇ ਸਦਾ ਸੋਹਣਾ ਸ਼ਾਲ ਸੋਂਹਦਾ ਰਹੇ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3255)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਿੰਦਰ ਘੁਗਿਆਣਵੀ

ਨਿੰਦਰ ਘੁਗਿਆਣਵੀ

Phone: (91- 94174 - 21700)