HiraSToot7“ਇੱਕ ਦਿਨ ਮੈਂ ਫੇਸਬੁੱਕ ਉੱਪਰ ਪੋਸਟ ਪਾਈ, “ਹੁਣ ਮੈਂ ਲਿਖਣਾ ਛੱਡ ਦੇਣਾ ਹੈ। ਮੈਂ ਕਿਉਂ ਆਰਥਿਕ ਮਾਰ ਝੱਲ ਕੇ ...
(31 ਦਸੰਬਰ 2021)

 

ਮੇਰੇ ਸਾਹਿਤਕ ਸਫ਼ਰ ਦੇ ਸ਼ੁਰੂਆਤੀ ਦਿਨ ਵੀ ਬਾਕਮਾਲ ਸਨ। ਮੇਰੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਸਨ। ਇੱਕ ਵਾਰ ਮੈਂਨੂੰ ਕਿਸੇ ਸੱਜਣ ਦਾ ਨਿਊਜ਼ੀਲੈਂਡ ਤੋਂ ਫੋਨ ਆਇਆ ਸੀ। ਨਾਮ ਮੇਰੇ ਜ਼ਿਹਨ ਵਿੱਚ ਨਹੀਂ ਆ ਰਿਹਾ। ਉਸ ਨੇ ਦੱਸਿਆ, ‘ਮੈਂ ਤੁਹਾਡੀ ਕਿਤਾਬ ‘ਪਗਡੰਡੀਆਂਪੜ੍ਹੀ ਹੈ। ਮੈਂਨੂੰ ਉਹ ਬਹੁਤ ਪਸੰਦ ਆਈ ਹੈ। ਮੈਂ ਵੀ ਕਹਾਣੀ ਲਿਖਣਾ ਚਾਹੁੰਦਾ ਹਾਂ। ਮੇਰੇ ਕੋਲ ਸਮਾਂ ਨਹੀਂ ਹੁੰਦਾ। ਇੱਧਰ ਕੰਮਾਂ-ਕਾਰਾਂ ਤੋਂ ਵਿਹਲ ਨਹੀਂ ਮਿਲਦੀ ਹੈ। ਕਿਰਪਾ ਕਰਕੇ ਮੇਰੀ ਕਹਾਣੀ ਵੀ ਜ਼ਰੂਰ ਲਿਖਣਾ ਜੀ। ਮੈਂ ਤੁਹਾਨੂੰ ਕਿਸੇ ਦਿਨ ਸੁਣਾਵਾਂਗਾ ਜੀ।"

ਮੈਂ ਪੁੱਛਿਆ, “ਮੇਰੀ ਕਿਤਾਬ ਤੁਹਾਨੂੰ ਕਿੱਦਾਂ ਮਿਲੀ?

ਇੱਕ ਪਟਿਆਲੇ ਤੋਂ ਦੋਸਤ ਲਿਆਇਆ ਸੀ। ਉਸਨੇ ਪੜ੍ਹੀ ਸੀ ਤੇ ਮੈਂਨੂੰ ਵੀ ਪੜ੍ਹਨ ਲਈ ਦੇ ਗਿਆ ਸੀ।”

ਮੇਰੀ ਫੇਸਬੁੱਕ ਆਈਡੀ ਖ਼ਰਾਬ ਹੋ ਗਈ, ਨਵੀਂ ਬਣਾਉਣੀ ਪਈ। ਫਿਰ ਕਦੇ ਉਸ ਸੱਜਣ ਨਾਲ ਸੰਪਰਕ ਨਹੀਂ ਹੋਇਆ। ਹੋਰ ਕਈ ਅਹਿਮ ਦੋਸਤ ਵੀ ਮੇਰੀ ਦੋਸਤ-ਲੜੀ ਵਿੱਚੋਂ ਖਿਸਕ ਗਏ।

ਮੈਥੋਂ ਉਮਰੋਂ ਵੱਡੇ ਭੈਣਜੀ ਜੀਤ ਸਿੱਧੂ ਜੀ ਜੋ ਕੈਨੇਡਾ ਵਿੱਚ ਰਹਿੰਦੇ ਹਨ, ਕਈ ਵਾਰ ਮੈਥੋਂ ਕਿਤਾਬਾਂ ਮੰਗਦੇ ਰਹੇ। ਉਸ ਸਮੇਂ ਮੇਰੀਆਂ ਕਿਤਾਬਾਂ ਦੀ ਗਿਣਤੀ ਸੱਤ ਹੋ ਚੁੱਕੀ ਸੀ। ਮੈਂ ਉਨ੍ਹਾਂ ਨੂੰ ਕਿਤਾਬਾਂ ਨਹੀਂ ਭੇਜੀਆਂ ਕਿਉਂਕਿ ਉੰਨੀ ਕੀਮਤ ਕਿਤਾਬਾਂ ਦੀ ਨਹੀਂ ਸੀ, ਜਿੰਨਾ ਇਸ ਉੱਪਰ ਡਾਕ ਖ਼ਰਚ (ਗਿਆਰਾਂ ਸੌ ਰੁਪਏ) ਆ ਜਾਣਾ ਸੀ।

ਸਵਰਨ ਸਿੰਘ ਟਹਿਣਾ ਜੀ - ਉਹਨਾਂ ਨੂੰ ਕੌਣ ਨਹੀਂ ਜਾਣਦਾ! ਮੇਰੇ ਕਾਲਜ ਦੇ ਦਿਨਾਂ ਵਿੱਚ ਉਹ ਮੈਥੋਂ ਸੀਨੀਅਰ ਰਹੇ। ਉਸ ਸਮੇਂ ਹੀ ਉਸਦੇ ਕਈ ਆਰਟੀਕਲ ਅਜੀਤ ਅਖ਼ਬਾਰ ਵਿੱਚ ਛਪਦੇ ਰਹੇ ਸਨ। ਉਨ੍ਹਾਂ ਨਾਲ ਕਈ ਵਾਰ ਗੱਲਬਾਤ ਹੁੰਦੀ ਰਹੀ ਹੈ ਪਰ ਉਨ੍ਹਾਂ ਨੂੰ ਕਿਤਾਬਾਂ ਭੇਟ ਕਰਨ ਦਾ ਕਦੇ ਸਬੱਬ ਨਾ ਬਣਿਆ। ਉਹ ਪ੍ਰਾਈਮ ਏਸ਼ੀਆ ਟੀ.ਵੀ. ਉੱਪਰ ‘ਚੱਜ ਦਾ ਵਿਚਾਰਅਤੇ ‘ਖ਼ਬਰ ਦੀ ਖ਼ਬਰਪ੍ਰੋਗਰਾਮ ਪੇਸ਼ ਕਰਦੇ ਹਨ। ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਹਰ ਪ੍ਰੋਗਰਾਮ ਮੇਰੇ ਵਟਸਐਪ ਨੰਬਰ ਉੱਪਰ ਪਹੁੰਚ ਜਾਂਦਾ ਹੈ ਇਹ ਵੱਡੀ ਗੱਲ ਹੈ ਕਿ ਉਹਨਾਂ ਨੂੰ ਲੋਕ ਜਾਣਦੇ ਹਨ ਪਰ ਮੇਰੇ ਲਈ ਵੱਡੀ ਗੱਲ ਤਾਂ ਇਹ ਹੈ ਕਿ ਉਹ ਮੈਂਨੂੰ ਵੀ ਜਾਣਦੇ ਹਨ।

ਮੈਂ ਦੂਰਦਰਸ਼ਨ ਜਲੰਧਰ ਵਿਖੇ ਗੱਲਾਂ ਅਤੇ ਗੀਤ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੂੰ ਫੋਨ ਲਾ ਕੇ ਦੱਸਿਆ, “ਮੇਰੀ ਤੁਹਾਨੂੰ ਮਿਲਣ ਦੀ ਇੱਛਾ ਹੈ।”

ਤੁਸੀਂ ਪਹਿਲਾਂ ਦੱਸਣਾ ਸੀ, ਅੱਜ ਮੈਂ ਕਿਤੇ ਜਾਣਾ ਹੈ।” ਉਹਨਾਂ ਨੇ ਕਿਹਾ।

ਮੈਂ ਸੋਚਿਆ ਕਿ ਉੱਘੇ ਪੱਤਰਕਾਰ ਸਰ ਜਤਿੰਦਰ ਪੰਨੂੰ ਜੀ ਨੂੰ ਹੀ ਮਿਲ ਜਾਵਾਂ! ਪਰ ਮਨ ਹੀ ਮਨ ਸੋਚਿਆ ਜੇ ਟਹਿਣਾ ਜੀ ਦੇ ਕੋਲ ਸਮਾਂ ਨਹੀਂ ਹੈ ਤਾਂ ਪੰਨੂੰ ਜੀ ਕਿਹੜਾ ਵਿਹਲੇ ਹੋਣਗੇ। ਤੇ ਮੈਂ ਆਪਣੇ ਘਰ ਪਰਤਣਾ ਹੀ ਉਚਿਤ ਸਮਝਿਆ।

ਇੱਕ ਦਿਨ ਮਨ ਬਹੁਤ ਉਦਾਸ ਸੀ ਬਹੁਤ ਸਾਰੀਆਂ ਕਿਤਾਬਾਂ ਮੈਂ ਧੜਾ-ਧੜ ਪ੍ਰਕਾਸ਼ਿਤ ਕਰਵਾ ਦਿੱਤੀਆਂ ਸਨ। ਕਈ ਵਾਰ ਫਾਕੇ ਕੱਟਣ ਵਾਸਤੇ ਵੀ ਮਜ਼ਬੂਰ ਹੋਣਾ ਪਿਆ। ਇੱਕ ਦਿਨ ਮੈਂ ਫੇਸਬੁੱਕ ਉੱਪਰ ਪੋਸਟ ਪਾਈ, “ਹੁਣ ਮੈਂ ਲਿਖਣਾ ਛੱਡ ਦੇਣਾ ਹੈ। ਮੈਂ ਕਿਉਂ ਆਰਥਿਕ ਮਾਰ ਝੱਲ ਕੇ ਲੋਕਾਂ ਦਾ ਮਨੋਰੰਜਨ ਕਰਾਂ? ਕਿਉਂ ਲੋਕਾਂ ਦੇ ਮਖ਼ੌਲ ਦਾ ਪਾਤਰ ਬਣਾ? ਕਈ ਲੋਕਾਂ ਨੂੰ ਸਾਹਿਤ ਦਾ ਸ਼ਾਇਦ ਲੱਲਾ-ਖੱਖਾ ਵੀ ਪਤਾ ਨਹੀਂ ਹੁੰਦਾ ਤੇ ਉਹ ਸਾਹਿਤ ਦੇ ਪਿਓ ਬਣਨਾ ਸ਼ੁਰੂ ਕਰ ਦਿੰਦੇ ਹਨ।”

ਇੱਕ ਦਿਨ ਫੇਸਬੁੱਕ ਮਿੱਤਰ ਪਵਨ ਕੁਮਾਰ (ਯੂ.ਐੱਸ.ਏ) ਦਾ ਫ਼ੋਨ ਆਇਆ। ਉਨ੍ਹਾਂ ਦੱਸਿਆ ਕਿ ਉਹ ਪਿੱਛੋਂ ਦੁਆਬੇ ਦੇ ਹਨ। ਸਾਰਾ ਟੱਬਰ ਹੁਣ ਇੱਥੇ ਹੀ ਰਹਿ ਗਿਆ ਹੈ ਰਿਸ਼ਤੇਦਾਰ ਵੀ ਤੇ ਭੈਣ-ਭਰਾ ਵੀ। ਉਨ੍ਹਾਂ ਕਿਹਾ, “ਮੈਂ ਇੰਡੀਆ ਆ ਰਿਹਾ ਹਾਂ, ਤੁਹਾਡੇ ਘਰ ਵੀ ਜ਼ਰੂਰ ਆਵਾਂਗਾ। ਮੈਂ ਤੁਹਾਡੀਆਂ ਕਿਤਾਬਾਂ ਖਰੀਦਾਂਗਾ ਤੇ ਤੁਹਾਡੀ ਮਾਲੀ ਸਹਾਇਤਾ ਵੀ ਕਰਾਂਗਾ।”

ਉਨ੍ਹਾਂ ਦੱਸਿਆ ਕਿ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਹਨ। ਇੱਧਰ ਪੰਜਾਬ ਵਿੱਚ ਟੀ.ਵੀ. ਮਕੈਨਿਕ ਦੇ ਤੌਰ ’ਤੇ ਕੰਮ ਕਰਦੇ ਰਹੇ ਹਨ ਹੁਣ ਉਮਰ ਪੈਂਹਠ ਸਾਲ ਨੂੰ ਅੱਪੜ ਚੁੱਕੀ ਹੈ ਉਨ੍ਹਾਂ ਦਾ ਪਾਸਪੋਰਟ ਰੀਨਿਊ ਕਰਵਾਉਣ ਵਾਲਾ ਹੈ ਤੇ ਫਿਰ ਇੰਡੀਆ ਆਉਣਗੇ।

ਉਨ੍ਹਾਂ ਕਿਹਾ, “ਮੈਂ ਤੁਹਾਡੀਆਂ ਲਿਖਤਾਂ ਪੜ੍ਹਦਾ ਹਾਂ, ਅਨੰਦ ਮਾਣਦਾ ਹਾਂ। ਖੁਸ਼ੀ ਮਹਿਸੂਸ ਹੁੰਦੀ ਹੈ ਜਦ ਅਸੀਂ ਵੇਖਦੇ ਹਾਂ ਕਿ ਸਾਡੀ ਨਵੀਂ ਪੀੜ੍ਹੀ ਮਾਂ-ਬੋਲੀ ਦੀ ਸੇਵਾ ਕਰ ਰਹੀ ਹੈ। ਪੈਸੇ ਦੀ ਕਮੀ ਕਾਰਨ ਲਿਖਣਾ ਕਦੇ ਨਾ ਛੱਡਣਾ। ਚਿੰਤਾ ਨਾ ਕਰੋ, ਮੈਂ ਤੁਹਾਡੀ ਮਾਲੀ ਮਦਦ ਕਰਾਂਗਾ

ਉਸ ਤੋਂ ਬਾਅਦ ਫਿਰ ਪਵਨ ਜੀ ਦੀਆਂ ਸ਼ੁਭ ਕਾਮਨਾ ਭਰੇ ਸੁਨੇਹੇ ਆਉਂਦੇ ਰਹਿੰਦੇ ਹਨ। ਉਨ੍ਹਾਂ ਦੇ ਦਿੱਤੇ ਹੌਸਲੇ ਤੇ ਪਿਆਰੇ ਬੋਲਾਂ ਨੇ ਮੈਂਨੂੰ ਖਿੱਲਰੇ ਹੋਏ ਨੂੰ ਫਿਰ ਤੋਂ ਇਕੱਠਾ ਕਰ ਦਿੱਤਾ।

ਇੱਕ ਮਿੱਤਰ ਹਰਜਿੰਦਰ ਸਿੰਘ ਜਗਰਾਓਂ, ਨੇ ਲਿਖਿਆ, “ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਜ਼ਰੂਰ ਦੱਸਣਾ ਜੀ।”

ਮੈਂ ਕਿਹਾ ਸੀ, “ਜਦ ਮੈਂ ਕਿਤਾਬ ਛਪਵਾਈ ਤਾਂ ਯਾਦ ਕਰਾਂਗਾ।”

ਜਦ ਮੇਰੀ ਪੰਜਵੀਂ ਕਿਤਾਬ ‘ਬੇਰੰਗਤਿਆਰ ਹੋ ਰਹੀ ਸੀ ਤਾਂ ਉਸ ਨੇ ਮੇਰੇ ਖਾਤੇ ਵਿੱਚ 5000 ਪਾਏ ਸਨ। ਫਿਰ ਸੱਤਵੀਂ ਕਿਤਾਬ ‘ਮੇਰੇ ਹਿੱਸੇ ਦੀ ਲੋਅ ਵਾਸਤੇ ਵੀ 5000 ਰੁਪਏ ਪਾਏ ਸਨ। ਉਸ ਤੋਂ ਬਾਅਦ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਕੋਈ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ। ਉਸ ਵੀਰ ਜੀ ਦਾ ਫੋਨ ਆਇਆ ਸੀ, “ਭਾਜੀ ਕਿਤਾਬ ਦੇ ਟਾਈਟਲ ਪੇਜ਼ ਉੱਪਰ ਬਹੁਤ ਖ਼ੂਬਸੂਰਤ ਫੋਟੋ ਸਜਾਈ ਜਾਵੇ ਵਧੀਆ ਜਿਲਦ ਲਗਾਈ ਜਾਵੇ। ਜਦ ਛਪਣ ਲਈ ਭੇਜੋ ਤਾਂ ਦੱਸ ਦੇਣਾ ਜੀ, ਆਪਾਂ ਵੱਧ ਤੋਂ ਵੱਧ ਯੋਗਦਾਨ ਕਰਾਂਗੇ।"

ਉਸ ਨੇ ਦੱਸਿਆ ਸੀ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ। ਉਸ ਨੂੰ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਨਹੀਂ ਹੈ। ਬੱਸ ਕਦੀ-ਕਦੀ ਸਿਰਫ਼ ਫੇਸਬੁੱਕ ਉੱਪਰ ਪੜ੍ਹ ਲੈਂਦਾ ਹੈ। ਅੱਜ ਦੇ ਜ਼ਮਾਨੇ ਵਿੱਚ ਕਿਸੇ ਨੂੰ ਪੰਜ ਰੁਪਏ ਦਾਨ ਕਰਨ ਲਈ ਵੀ ਦਿਲ ਵੱਡਾ ਕਰਨਾ ਪੈਂਦਾ ਹੈ। ਸੌ ਵਾਰ ਸੋਚਣਾ ਪੈਂਦਾ ਹੈ ਮੈਂ ਇਸ ਵਿਅਕਤੀ ਦਾ ਸਾਰੀ ਉਮਰ ਕਦਰਦਾਨ ਰਹਾਂਗਾ।

ਮੇਰੀਆਂ ਸੱਤ ਕਿਤਾਬਾਂ ਦੇ ਰਿਵਿਊ ਪ੍ਰਮੁੱਖ ਅਖ਼ਬਾਰਾਂ ਨਵਾਂ ਜ਼ਮਾਨਾ, ਅਜੀਤ, ਸੱਚ ਕਹੂੰ, ਡੇਲੀ ਹਮਦਰਦ, ਨਿਰਪੱਖ ਅਵਾਜ਼, ਦੇਸ਼ ਸੇਵਕ, ਦ ਟਾਈਮਜ਼ ਆਫ ਪੰਜਾਬ, ਪੰਜਾਬੀ ਜਾਗਰਣ, ਪੰਜਾਬੀ ਇਨ ਹਾਲੈਂਡ ਆਦਿ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਪੰਜਾਬੀ ਜਾਗਰਣ ਅਖ਼ਬਾਰ ਵਿੱਚ ਮੇਰੀ ਮੁਲਾਕਾਤ ਵੀ ਛਪੀ ਹੈ ਜੋ ਕਿ ਮਿੱਤਰ ਅਮਨ ਮਾਨਸਾ ਜੀ ਵੱਲੋਂ ਪੇਸ਼ ਕੀਤੀ ਗਈ ਸੀ।

ਮੈਂ ਆਲੋਚਨਾ ਤੋਂ ਭੱਜਦਾ ਨਹੀਂ। ਆਲੋਚਨਾ ਤਾਂ ਲੇਖਕ ਦੀ ਸ਼ਖ਼ਸੀਅਤ ਨਿਖਾਰਦੀ ਹੈ। ਮੈਂਨੂੰ ਸਲਾਹੁਣ ਅਤੇ ਭੰਡਣ ਵਾਲੀਆਂ ਦੋਹਾਂ ਧਿਰਾਂ ਦਾ ਪਤਾ ਹੈ। ਕੌਣ ਦਿਲੋਂ ਪ੍ਰਸ਼ੰਸਾ ਕਰਦਾ ਹੈ ਤੇ ਕੌਣ ਫੋਕੇ ਪੰਪ ਚਾੜ੍ਹਦਾ ਹੈ। ਕਈ ਆਲੋਚਕ ਅੱਜਕੱਲ੍ਹ ਲੇਖਕ ਦੀ ਹੋਂਦ ਉੱਪਰ ਕਾਂਟਾ ਜਾਂ ਸਹੀ ਮਾਰਨ ਲੱਗੇ ਇੱਕ ਬਿੰਦ ਲਾਉਂਦੇ ਹਨ ਪਰ ਹੌਸਲਾ-ਅਫਜ਼ਾਈ ਨਹੀਂ ਕਰਦੇ।

ਵੀਰ ਗੁਰਪ੍ਰੀਤ ਸਹਿਜੀ ਸਾਡੇ ਪਿੰਡ ਦੇ ਕਬੱਡੀ ਖੇਡਦੇ ਮੁੰਡਿਆਂ ਨਾਲ ਵਿਚਰਦਾ ਰਿਹਾ ਹੈ। ਸਾਡੇ ਪਿੰਡ ਦੇ ਪ੍ਰਸਿੱਧ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਜੀਵਨ ਬਾਰੇ ਲਿਖ ਚੁੱਕਾ ਹੈ। ਇੱਕ ਵਾਰ ਉਸਨੇ ਮੈਂਨੂੰ ‘ਬਲੌਰਾਨਾਵਲ ਦਾ ਖਰੜਾ ਪੜ੍ਹਨ ਵਾਸਤੇ ਭੇਜਿਆ ਸੀ ਜੋ ਲਗਭਗ ਡੇਢ ਸੌ ਪੰਨਿਆਂ ਤੋਂ ਉੱਪਰ ਸੀ ਨਾਵਲ ਦੀ ਭਾਸ਼ਾ ਆਂਚਲਿਕ ਸੀ। ਜਿੰਨੀਆਂ ਕਮੀਆਂ ਮੈਂਨੂੰ ਲੱਗੀਆਂ ਮੈਂ ਉਸ ਨੂੰ ਦੱਸ ਦਿੱਤੀਆਂ ਸਨ ਉਸ ਕਿਹਾ, “ਬਾਬਿਓ! ਮਤਲਬ ਕਿ ਵਧੀਆ ਨਹੀਂ ਲੱਗਿਆ।"

ਮੈਂ ਕਿਹਾ,” ਵਧੀਆ ਹੈ, ਪਰ ਨਾਵਲ ਵਿੱਚ ਇੱਕ ਭਰਾ ਵੱਲੋਂ ਆਪਣੀ ਭੈਣ ਵਾਸਤੇ ਵਰਤੀ ਭੱਦੀ ਸ਼ਬਦਾਵਲੀ ਮੈਂਨੂੰ ਹਜ਼ਮ ਨਹੀਂ ਹੋ ਰਹੀ।"

ਉਸ ਤੋਂ ਬਾਅਦ ‘ਬਲੌਰਾਨਾਵਲ ਦਾ ਆਕਾਰ ਬਹੁਤ ਘਟਾ ਦਿੱਤਾ ਗਿਆ ਹੈ। ਇਸ ਨਾਵਲ ਨੂੰ ਇਨਾਮ ਵੀ ਪ੍ਰਾਪਤ ਹੋ ਚੁੱਕਾ ਹੈ। ਉਸ ਦੀਆਂ ਗੱਲਾਂ ਵਿੱਚ ਵੀ ਬੇਬਾਕੀ ਹੈ ਉਹ ਮਨੁੱਖੀ ਰਿਸ਼ਤਿਆ ਵਿੱਚ ਬਣੇ ਓਹਲਿਆਂ ਨੂੰ ਓਹਲਾ ਨਹੀਂ ਰਹਿਣ ਦੇਣਾ ਚਾਹੁੰਦਾ। ਉਹ ਸਮਝਦਾ ਹੈ ਕਿ ਕਿਸੇ ਨੂੰ ਕਿਤਾਬ ਭੇਂਟ ਨਹੀਂ ਕਰਨੀ ਚਾਹੀਦੀ। ਉਸ ਅਨੁਸਾਰ ਜਿਸ ਨੇ ਪੜ੍ਹਨੀ ਹੈ, ਉਹ ਖ਼ਰੀਦ ਕੇ ਵੀ ਪੜ੍ਹੇਗਾ, ਜਿਸ ਨੇ ਨਹੀਂ ਪੜ੍ਹਨੀ, ਉਸਨੇ ਮੁਫ਼ਤ ਵਿੱਚ ਮਿਲੀ ਹੋਈ ਵੀ ਨਹੀਂ ਪੜ੍ਹਨੀ।

ਸਤੰਬਰ 2019 ਦਾ ਦਿਨ ਸੀ। ਬਾਬਾ ਫਰੀਦ ਆਗਮਨ ਪੁਰਬ ਉੱਪਰ ਫਰੀਦਕੋਟ ਤੋਂ ਉਹ ਪੁਸਤਕ ਮੇਲੇ ਤੋਂ ਆਇਆ ਸੀ। ਉਹ ਮੇਰੇ ਪਿੰਡ ਕਿਸੇ ਦੋਸਤ ਦੇ ਘਰ ਠਹਿਰਿਆ ਸੀ। ਉਸ ਨੇ ਫ਼ੋਨ ਕੀਤਾ, “ਬਾਬਿਓ, ਦਸ ਮਿੰਟ ਤੁਹਾਡੇ ਦਰਸ਼ਨ ਹੀ ਕਰਨੇ ਜਨ, ਜੇ ਕਹੋ ਤਾਂ ਆ ਜਾਵਾਂ?

ਮੈਂ ਕਿਹਾ, “ਆ ਜੋ ਜੀ।”

ਉਹ ਆਇਆ ਤਾਂ ਉਸ ਦੇ ਹੱਥ ਕਿਤਾਬਾਂ ਦਾ ਬੰਡਲ ਸੀ। ਉਸ ਨੇ ਮੈਂਨੂੰ ਆਪਣੀ ਕਿਤਾਬ ਨਾਨਕਸ਼ਾਹੀ ਇੱਟ’ ਭੇਂਟ ਕੀਤੀ। ਇਸ ਕਿਤਾਬ ਵਿੱਚ ਆਦਰਸ਼ਵਾਦੀ ਸੋਚ ਉੱਭਰ ਕੇ ਸਾਹਮਣੇ ਆਉਂਦੀ ਹੈ। ਖ਼ਾਸ ਕਰਕੇ ਬੱਚਿਆਂ ਦੇ ਪੜ੍ਹਨ ਵਾਲੀ ਕਿਤਾਬ ਹੈ। ਫਿਰ ਅਸੀਂ ਦੁੱਧ ਦਾ ਕੱਪ ਸਾਂਝਾ ਕੀਤਾ ਸੀ। ਮੈਂ ਪੁੱਛਿਆ, “ਰੋਟੀ ਦੀ ਜ਼ਰੂਰਤ ਹੈ ਤਾਂ ਦੱਸੋ?

ਬੱਸ, ਬਾਬਿਓ ਇੱਕ ਗਲਾਸ ਦੁੱਧ ਦਾ ਜੇ ਹੋਰ ਮਿਲਜੇ ਤਾਂ ...”

ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ ਸੀ ਕਿਉਂਕਿ ਮੁੱਲ ਦਾ ਦੁੱਧ ਸੀ ਜੋ ਸ਼ਾਮ ਤਕ ਵਰਤ ਚੁੱਕਾ ਸੀ। ਮੈਂਨੂੰ ਅਫ਼ਸੋਸ ਹੈ ਕਿ ਮੈਂ ਉਸਦੀ ਇਹ ਮੰਗ ਵੀ ਪੂਰੀ ਨਹੀਂ ਕਰ ਸਕਿਆ।

ਸਮਾਂ 2021 ਅਤੇ ਕਰੋਨਾ ਕਹਿਰ ਤੋਂ ਬਾਅਦ ਦੇ ਕੁਝ ਸੁਖਾਵੇਂ ਦਿਨ ਸਨ। ਪਰ ਕੁਝ ਸਰਕਾਰੀ ਪਾਬੰਦੀਆਂ ਹਾਲੇ ਵੀ ਜਾਰੀ ਸਨ। ਵੀਰ ਸਹਿਜੀ ਦਾ ਫੋਨ ਆਇਆ, “ਮੈਂ ਤੇਰੇ ਪਿੰਡ ਗੁਰਜੀਤ ਤੂਤ ਦੇ ਘਰ ਰਹਿ ਰਿਹਾ ਹਾਂ। ਉਸਦੀ ਜ਼ਿੰਦਗੀ ਉੱਪਰ ਆਧਾਰਿਤ ਕੁਝ ਲਿਖ ਰਿਹਾ ਹਾਂ। ਵੈਸੇ ਇਹ ਕੰਮ ਤੈਨੂੰ ਕਰਨਾ ਚਾਹੀਦਾ ਸੀ। ਵੇਖ ਲੈ ਨੰਬਰ ਮੈਂ ਲੈ ਗਿਆ!”

ਮੈਂਨੂੰ ਮਾਣ ਹੈ ਕਿ ਉਹ ਮੇਰੇ ਪਿੰਡ ਦਾ ਪ੍ਰਸਿੱਧ ਖਿਡਾਰੀ ਰਿਹਾ ਹੈ। ਪਰ ਅਜੋਕੀ ਸਥਿਤੀ ਕੁਝ ਹੋਰ ਹੈ। ਜੇਕਰ ਉਹ ਆਪਣੀ ਜ਼ਿੰਦਗੀ ਵਿੱਚ ਫਿਰ ਤੋਂ ਵਾਪਸੀ ਕਰਦਾ, ਜਿਵੇਂ ਮਿੰਟੂ ਗੁਰੂਸਰੀਆ ਨੇ ਡਾਕੂਆਂ ਦਾ ਮੁੰਡਾਕਿਤਾਬ ਵਿੱਚ ਕੀਤੀ ਸੀ, ਤਾਂ ਮੈਂ ਉਹਦੇ ਬਾਰੇ ਜ਼ਰੂਰ ਲਿਖਣਾ ਸੀ। ਇਸ ਲਈ ਮੈਂ ਇਹ ਕਾਰਜ ਨਹੀਂ ਕੀਤਾ ਹੈ।” ਮੈਂ ਆਪਣਾ ਪੱਖ ਸਪਸ਼ਟ ਕਰ ਦਿੱਤਾ।

ਬਾਬਿਓ! ਇਹੀ ਤਾਂ ਤੁਹਾਨੂੰ ਪਤਾ ਨਹੀਂ ਹੈ ਕਿ ਅਜੋਕਾ ਯੁਗ ਖਲਨਾਇਕਾਂ ਦਾ ਯੁਗ ਹੈ। ਉਹਨਾਂ ਬਾਰੇ ਲਿਖੀਆਂ ਲਿਖਤਾਂ ਪ੍ਰਵਾਨ ਹੋ ਰਹੀਆਂ ਹਨ। ਤਾਂ ਹੀ ਤੁਹਾਡੀਆਂ ਲਿਖਤਾਂ ਅਣਗੌਲੀਆਂ ਰਹਿ ਜਾਂਦੀਆਂ ਨੇ! ਗੁਰਜੀਤ ਤੂਤ ਉੱਪਰ ਫਿਲਮ ਬਣਨ ਜਾ ਰਹੀ ਹੈ - ਬੁਰਜ਼ ਖ਼ਲੀਫ਼ਾ” ਉਸਨੇ ਜਾਣਕਾਰੀ ਦਿੱਤੀ ਸੀ।

ਮੁਬਾਰਕਾਂ ਹੋਣ ਬਾਈ ਲੱਗੇ ਰਹੋ ਜੀ।” ਮੈਂ ਬੱਸ ਇੰਨਾ ਹੀ ਕਿਹਾ।

**

ਮੇਰੇ ਘਰ ਵਿੱਚ ਮਿੰਨੀ ਲਾਇਬ੍ਰੇਰੀ ਹੈ। ਮੈਂ ਜਦ ਵੀ ਕੋਈ ਕਿਤਾਬ ਪੜ੍ਹਦਾ ਹਾਂ ਤਾਂ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਏ ਉੱਪਰ ਜ਼ਰੂਰ ਸਾਂਝੀ ਕਰਦਾ ਹਾਂ। ਭਾਵ ਕਿ ਆਪਣੀ ਤੁੱਛ-ਬੁੱਧੀ ਅਨੁਸਾਰ ਸਮੀਖਿਆ ਕਰ ਦਿੰਦਾ ਹਾਂ। ਇੱਕ ਦਿਨ ਸਾਡੇ ਲੇਖਕ ਰਣਜੀਤ ਆਜ਼ਾਦ ਕਾਂਝਲਾ ਜੀ ਦਾ ਮਸੈਂਜਰ ਉੱਪਰ ਮੈਸੇਜ ਆਇਆ,ਭਾਜੀ! ਮੇਰੀ ਪ੍ਰੋਫਾਈਲ ਵੀ ਵੇਖ ਲੈਣਾ ਜੀ।”

ਉਸਦੇ ਕਹਿਣ ਦਾ ਭਾਵ ਸੀ ਕਿ ਮੇਰੇ ਵੱਲੋਂ ਉਨ੍ਹਾਂ ਬਾਰੇ ਵੀ ਕੁਝ ਲਿਖਿਆ ਜਾਵੇ। ਮੈਂ ਕਿਹਾ, “ਮੈਂ ਕੋਈ ਆਲੋਚਕ ਨਹੀਂ ਹਾਂ। ਬੱਸ ਜਦੋਂ ਕੋਈ ਕਿਤਾਬ ਦਿਲ ਨੂੰ ਟੁੰਬਦੀ ਹੈ, ਮੈਂ ਉਸ ਦਾ ਜ਼ਿਕਰ ਜ਼ਰੂਰ ਕਰਦਾ ਹਾਂ।"

ਫਿਰ ਇੱਕ ਦਿਨ ਮੈਂ ਉਨ੍ਹਾਂ ਦੀ ਪ੍ਰੋਫਾਇਲ ਉੱਪਰ ਨਿਗ੍ਹਾ ਮਾਰੀ ਸੀ ਰਚਨਾਵਾਂ ਵਧੀਆ ਸਨ ਫਿਰ ਉਹਨਾਂ ਬਾਰੇ ਚੰਦ ਸ਼ਬਦ ਲਿਖ ਕੇ ਸਮੇਤ ਫੋਟੋ ਫੇਸਬੁੱਕ ਉੱਪਰ ਸਾਂਝੇ ਕਰ ਦਿੱਤੇ।

ਮੈਂਨੂੰ ਪੱਗ ਬੰਨ੍ਹਣ ਦਾ ਬਹੁਤ ਸ਼ੌਕ ਹੈ ਕਦੀ-ਕਦੀ ਸਿਆਲਾਂ ਵਿੱਚ ਮੈਂ ਇਹ ਸ਼ੌਕ ਪੂਰਾ ਕਰ ਲੈਂਦਾ ਹਾਂ। ਇੱਕ ਦਿਨ ਮੈਂ ਆਪਣੀ ਪੱਗ ਵਾਲੀ ਫੋਟੋ ਫੇਸਬੁੱਕ ਉੱਪਰ ਸਾਂਝੀ ਕੀਤੀ ਮੇਰੇ ਬਹੁਤ ਘੱਟ ਦਾਹੜੀ ਰੱਖੀ ਹੋਈ ਸੀ, ਦਰਮਿਆਨੀ ਤੋਂ ਵੀ ਘੱਟ। ਕਾਂਝਲਾ ਜੀ ਨੇ ਕੁਮੈਂਟ ਕਰਦਿਆਂ ਲਿਖਿਆ ਸੀ, “ਵੇਖੋ ਵੱਡਾ ਸਰਦਾਰ! ਦਾੜ੍ਹੀ ਤਾਂ ਰੱਖ ਲੈਂਦਾ!”

ਮੈਂਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ। ਮੈਂ ਲਿਖਿਆ, “ਤੁਹਾਡੀ ਵਰਗੇ ਵੱਡੇ ਲੇਖਕਾਂ ਨੂੰ ਐਸੀ ਭਾਸ਼ਾ ਵਰਤਣੀ ਸ਼ੋਭਾ ਨਹੀਂ ਦਿੰਦੀ ਇੰਜ ਵੀ ਕਿਹਾ ਜਾ ਸਕਦਾ ਸੀ ਕਿ ਕਾਕਾ ਦਾਹੜੀ ਥੋੜ੍ਹੀ ਹੋਰ ਰੱਖ ਲੈ। ... ਤਾਂ ਸ਼ਾਇਦ ਮੈਂਨੂੰ ਬੁਰਾ ਨਾ ਲੱਗਦਾ।”

ਫਿਰ ਮੈਂ ਉਨ੍ਹਾਂ ਨੂੰ ਆਪਣੀ ਮਿੱਤਰਤਾ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ। ਇੱਥੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਤੋਂ ਮੈਂਨੂੰ ਈਰਖਾ ਦੀ ਬੋਅ ਆਉਂਦੀ ਹੈ, ਉਨ੍ਹਾਂ ਤੋਂ ਮੈਂ ਪਾਸਾ ਕਰ ਲੈਂਦਾ ਹਾਂ ਸਾਹਿਤਕ ਖੇਤਰ ਵਿੱਚ ਇੱਕ ਤਰਾਸਦੀ ਹੈ ਕਿ ਆਲੋਚਨਾ ਦੇ ਨਾਮ ਲੋਕ ਨਿੰਦਣ-ਭੰਡਣ ਦਾ ਕਾਰਜ ਕਰਦੇ ਹਨ।

ਸਾਹਿਤਕ ਖੇਤਰ ਵਿੱਚ ਆਉਣ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨਾਲ ਸਾਂਝਾਂ ਪੈਦਾ ਹੋਈਆਂ। ਬਹੁਤ ਸਾਰੀਆਂ ਔਰਤਾਂ ਨਾਲ ਮੇਰੇ ਦੋਸਤਾਨਾ ਸਬੰਧ ਰਹੇ। ਮੈਂ ਔਰਤਾਂ ਦੀਆਂ ਦੁਖਾਂਤਕ-ਸੁਖਾਂਤਕ ਕਹਾਣੀਆਂ ਸੁਣੀਆਂ ਅਤੇ ਉਹਨਾਂ ਨੂੰ ਕਲਮਬੱਧ ਕੀਤਾ। ਬਹੁਤ ਸਾਰੀਆਂ ਔਰਤਾਂ ਨੇ ਆਪਣੇ ਦੁਖਾਂਤ ਬਹੁਤ ਸੀ ਬੇਬਾਕ ਹੋ ਕੇ ਸੁਣਾਏ। ਜਿਵੇਂ ਕੋਈ ਔਰਤ ਜਣੇਪੇ ਸਮੇਂ ਆਪਣਾ ਢਿੱਡ ਦਾਈ ਸਾਹਵੇਂ ਨੰਗਾ ਕਰ ਦਿੰਦੀ ਹੈ, ਉਸੇ ਤਰ੍ਹਾਂ ਕਈ ਔਰਤਾਂ ਨੇ ਆਪਣੀਆਂ ਕਹਾਣੀਆਂ ਬਿਆਨ ਕੀਤੀਆਂ ਹਨ। ਇਨ੍ਹਾਂ ਵਰਤਾਰਿਆਂ ਨੂੰ ਸੁਣਨਾ ਇਸ ਤਰ੍ਹਾਂ ਦਾ ਅਹਿਸਾਸ ਸੀ ਜਿਵੇਂ ਕੋਈ ਦੋ ਜਣੇ ਕੰਧ ਦੇ ਦੋਵੇਂ ਪਾਸੇ ਖੜੋਤੇ ਸੰਵਾਦ ਰਚਾਉਣ। ਕਿਸੇ ਨੇ ਲਿਖਤੀ ਰੂਪ ਵਿੱਚ ਭੇਜੇ ਇਨ੍ਹਾਂ ਉੱਪਰ ਆਧਾਰਤ ਮੈਂ ਇੱਕ ਕਿਤਾਬ ਤਿਆਰ ਕੀਤੀ ਹੈ ਜਿਸਦਾ ਨਾਮਕਰਨ ਮੈਂ ‘ਕੌੜ-ਤੁੰਮੇਰੱਖਿਆ ਹੈ।

ਜੇਕਰ ਲੇਖਕਾਂ ਦੀ ਗੱਲ ਕਰਾਂ ਲੇਖਕ ਕੋਈ ਵੀ ਮਾੜਾ ਨਹੀਂ ਹੁੰਦਾ। ਲੇਖਕ ਵੱਡਾ- ਛੋਟਾ ਨਹੀਂ ਹੁੰਦਾ ਲੇਖਕ, ਲੇਖਕ ਹੀ ਹੁੰਦਾ ਹੈ। ਨਾਵਲਕਾਰਾਂ ਵਿੱਚੋਂ ਮੈਂਨੂੰ ਦਲੀਪ ਕੌਰ ਟਿਵਾਣਾ, ਜਸਵੰਤ ਕੰਵਲ, ਬੂਟਾ ਸਿੰਘ ਸ਼ਾਦ ਅਤੇ ਜੀਤ ਸਿੰਘ ਸੰਧੂ ਜੀ ਵਧੇਰੇ ਪਸੰਦ ਹਨ ਬਲਵੰਤ ਗਾਰਗੀ ਦਾ ਮੈਂ ਵੱਡਾ ਮੁਰੀਦ ਹਾਂ। ਵੀਰ ਨਿੰਦਰ ਘੁਗਿਆਣਵੀ ਜੀ ਮੇਰੇ ਲਈ ਆਦਰਯੋਗ ਹਨ। ਕਵੀਆਂ ਵਿੱਚੋਂ ਮੈਂ ਸ਼ਿਵ ਕੁਮਾਰ ਬਟਾਲਵੀ ਦਾ ਵਧੇਰੇ ਪ੍ਰਸ਼ੰਸਕ ਹਾਂ। ਮੈਂ ਉਹਨਾਂ ਸਭ ਲੇਖਕਾਂ ਦੀ ਕਦਰ ਕਰਦਾ ਹਾਂ, ਉਹ ਭਾਵੇਂ ਨਵੇਂ ਹੋਣ ਜਾਂ ਪੁਰਾਣੇ, ਪਰ ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਦੇ ਦਿਲਾਂ ਵਿੱਚ ਧੂਹ ਪਾਉਂਦੀਆਂ ਹੋਣ

ਸਾਲ 2017 ਤੋਂ ਲੈ ਕੇ ਹੁਣ ਤਕ ਬਹੁਤ ਸਾਰੇ ਸੱਜਣਾਂ ਨੇ ਮੇਰੇ ਸਾਹਿਤਕ ਸਫ਼ਰ ਵਿੱਚ ਆਰਥਿਕ ਪੱਖੋਂ ਯੋਗਦਾਨ ਪਾਇਆ ਹੈ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਰਣਜੀਤ ਕੁਮਾਰ ਕੈਨੇਡਾ (ਮੇਰੇ ਜੀਜਾ ਜੀ), ਵੱਡਾ ਵੀਰ ਹਰਪ੍ਰੀਤ ਸਿੰਘ ਜੀ ਸੰਧੂ ਕੈਨੇਡਾ (5000 ਦਾ ਯੋਗਦਾਨ ਦੋ ਮਹੀਨੇ ਪਹਿਲਾਂ ਭੇਜਿਆ), ਅਜ਼ੀਜ਼ ਦੋਸਤ ਮਲਕੀਤ ਹਰਾਜ, ਹਰਦੇਵ ਹਮਦਰਦ, ਕੁਲਵੰਤ ਸਰੋਤਾ, ਸ. ਮਹਿਲ ਸਿੰਘ, ਸ਼ਾਮ ਸੁੰਦਰ ਜੀ, ਮਿੱਤਰ ਮਨਜੀਤ ਬਰਗਾੜੀ, ਕਮਲਦੀਪ ਸ਼ਰਮਾ ਸੰਗਰੂਰ, ਸ. ਕਿਰਪਾਲ ਸਿੰਘ, ਸ. ਸੁਖਜਿੰਦਰ ਸਿੰਘ, ਮੈਡਮ ਰਜਿੰਦਰ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਅਮਰਜੀਤ ਕੌਰ ਅਤੇ ਮੈਡਮ ਸੁਦੇਸ਼ ਰਾਣੀ ਆਦਿ ਸ਼ਾਮਲ ਹਨ।

ਮੈਂ ਉਹਨਾਂ ਸਭ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਮੈਂਨੂੰ ਉੱਡਣ ਲਈ ਪਰ (ਖੰਭ) ਬਖਸ਼ੇ। ਮੇਰੇ ਇਸ ਸਫ਼ਰ ਵਿੱਚ ਤਨ, ਮਨ ਤੇ ਧਨ ਨਾਲ ਸਹਿਯੋਗ ਕੀਤਾ ਹੈ। ਆਸ ਹੈ ਕਿ ਅੱਗੇ ਤੋਂ ਵੀ ਤੁਹਾਡਾ ਸਭਨਾਂ ਦਾ ਸਾਥ ਬਣਿਆ ਰਹੇਗਾ। ਆਮੀਨ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3243)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹੀਰਾ ਸਿੰਘ ਤੂਤ

ਹੀਰਾ ਸਿੰਘ ਤੂਤ

Phone: (91 - 98724 - 55994)
Email: (shivamheer80@gmail.com)