RameshRattan7ਆਪੇ ਵੇਖ ਲੈ ਆਪਣੇ ਆਲੇ ਦੁਆਲੇ, ਪਿੰਡ ਤਾਂ ਕੀ ਸ਼ਹਿਰ ਵਾਲਿਆਂ ਦਾ ਵੀ ਇਹ ਹੀ ਹਾਲ ...
(23 ਅਕਤੂਬਰ 2021)

 

ਬਾਬਾ ਕੇਹਰ ਸਿੰਘ ਨੇ ਜਦ ਦੁਨੀਆਂ ਨੂੰ ਅਲਵਿਦਾ ਕੀਤੀ, ਉਸ ਦੀ ਉਮਰ ਸੌ ਵਰ੍ਹੇ ਤੋਂ ਟੱਪ ਚੁੱਕੀ ਸੀ ਉਸ ਦੇ ਆਪਣੇ ਚਾਰ ਮੁੰਡਿਆਂ ਦੇ ਅੱਗੋਂ ਪੁੱਤਰ, ਨੂੰਹਾਂ, ਪੋਤੇ, ਪੋਤਰੀਆਂ, ਪੋਤ ਨੂੰਹਾਂ ਆਦਿ ਨੂੰ ਮਿਲਾ ਕੇ ਇਸ ਪਰਿਵਾਰ ਦੇ ਮੈਂਬਰਾਂ ਦੀਆਂ ਪੰਜਾਹ ਤੋਂ ਵੱਧ ਵੋਟਾਂ ਬਣੀਆਂ ਹੋਈਆਂ ਸਨ ਇਲਾਕੇ ਵਿਚ ਇਸ ਪਰਿਵਾਰ ਦੀ ਪਹਿਚਾਣ ਹੀ ਵੋਟਾਂ ਕਰਕੇ ਸੀ ਨਹੀਂ ਤਾ ਵੱਡੇ ਮੁੰਡੇ ਦੇ ਬੱਚਿਆਂ ਨੂੰ ਛੱਡ ਕੇ ਬਾਕੀ ਸਭ ਦੀ ਆਰਥਕ ਹਾਲਤ ਐਨੀ ਪਤਲੀ ਸੀ ਕੇ ਇਸ ਪਰਿਵਾਰ ਦੇ ਮੈਂਬਰ ਪਿੰਡ ਦੇ ਕਿਸੇ ਹੋਰ ਬੰਦੇ ਵਾਸਤੇ ਕੋਈ ਮਹੱਤਵ ਨਹੀਂ ਰੱਖਦੇ ਸਨ ਬਾਬੇ ਦੇ ਭੋਗ ਤੇ ਪਿੰਡ ਦੇ ਬੰਦਿਆਂ ਅਤੇ ਰਿਸ਼ਤੇਦਾਰਾਂ ਦੇ ਆਉਣ ਕਾਰਨ ਕਾਫੀ ਵੱਡਾ ਇਕੱਠ ਸੀ ਪੰਜਾਹ ਸਾਲ ਤੱਕ ਦੀ ਉਮਰ ਵਾਲੇ ਬਹੁਤੇ ਬੰਦਿਆਂ ਨੂੰ, ਬਾਬੇ ਦੇ ਭੋਗ ’ਤੇ ਆਏ ਇਲਾਕੇ ਦੇ ਐੱਮ ਐੱਲ ਏ ਵਲੋਂ ਸਰਧਾਂਜਲੀ ਭੇਂਟ ਕਰਦੇ ਹੋਏ ਜ਼ਿਕਰ ਕਰਨ ’ਤੇ ਹੀ ਪਤਾ ਲਗਿਆ ਸੀ ਕਿ ਬਾਬਾ ਕੇਹਰ ਸਿੰਘ ਇਸ ਪਿੰਡ ਦਾ ਆਜ਼ਾਦੀ ਤੋਂ ਬਾਅਦ ਪਹਿਲਾ ਸਰਪੰਚ ਰਹਿ ਚੁੱਕਾ ਸੀ ਅਤੇ ਉਸ ਨੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਉਣ ਵਾਸਤੇ ਸਾਰੇ ਪੈਸੇ ਆਪਣੀ ਜੇਬ ਵਿੱਚੋਂ ਖ਼ਰਚੇ ਸਨ ਸਰਕਾਰੀ ਸਕੂਲ ਵਾਸਤੇ ਜ਼ਮੀਨ ਵੀ ਬਾਬੇ ਨੇ ਆਪਣੀ ਨਿੱਜੀ ਜਾਇਦਾਦ ਵਿੱਚੋਂ ਇੱਕ ਰੁਪਿਆ ਲਏ ਬਿਨਾਂ ਦਾਨ ਦਿੱਤੀ ਸੀ ਨੌਜਵਾਨਾਂ ਦੀ ਇਸ ਅਗਿਆਨਤਾ ਦੇ ਦੋ ਹੀ ਵੱਡੇ ਕਾਰਨ ਸਨ, ਇਕ ਤਾਂ ਇਹ ਕੇ ਪਿਛਲੇ ਪੰਦਰ੍ਹਾਂ ਵਰ੍ਹਿਆਂ ਤੋਂ ਬਾਬਾ ਸਿਰਫ਼ ਆਪਣੇ ਵਿਹੜੇ ਵਿੱਚ ਚੱਕਰ ਲਾਉਣ ਜੋਗਾ ਰਹਿ ਗਿਆ ਸੀ ਅਤੇ ਉਸ ਤੋਂ ਪਹਿਲਾਂ ਵਾਲੇ ਪੰਦਰਾਂ ਵੀਹ ਸਾਲ ਉਹ ਕਿਸੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਕਰਦਾ ਸੀ। ਬੱਸ ਆਪਣਾ ਸਾਈਕਲ ਚੁੱਕਦਾ ਤੇ ਖੇਤਾਂ ਨੂੰ ਚਲਾ ਜਾਂਦਾ ਦੂਜੇ, ਇਸ ਘਰ ਦੇ ਮੌਜੂਦਾ ਵਡੇਰੇ ਆਪਣਾ ਇਹ ਵਿਰਸਾ ਸਾਂਭਣ ਦੀ ਔਖ ਮਹਿਸੂਸ ਹੁੰਦੀ ਵੇਖ ਖੁਦ ਹੀ ਇਸ ਬਾਰੇ ਕਿਤੇ ਜ਼ਿਕਰ ਨਹੀਂ ਕਰਦੇ ਸਨ ਇਸ ਲਈ ਹੁਣ ਵਾਲੀ ਪੀੜ੍ਹੀ ਨੂੰ ਬਾਬੇ ਦੀ ਸਿਰਫ਼ ਇੱਕ ਹੀ ਪਹਿਚਾਣ ਸੀ ਕਿ ਇਹ ਪਿੰਡ ਦਾ ਸਭ ਤੋਂ ਪੁਰਾਣਾ ਬਜ਼ੁਰਗ ਸੀ

ਤੀਜੇ ਨੰਬਰ ਵਾਲੇ ਬੇਟੇ ਦਾ ਵੱਡਾ ਪੋਤਾ, ਜੋ ਕੰਪਿਊਟਰ ਸਾਇੰਸ ਦੀ ਗ੍ਰੈਜੂਏਸ਼ਨ ਕਰ ਕੇ ਕਈ ਸਾਲ ਤੋਂ ਨੌਕਰੀ ਲੱਭਦਾ ਫਿਰਦਾ ਹੈ, ਵੀ ਪਿੰਡ ਦੇ ਉਨ੍ਹਾਂ ਅਨੇਕਾਂ ਨੌਜਵਾਨਾਂ ਵਿੱਚੋਂ ਹੀ ਸੀ ਜਿਨ੍ਹਾਂ ਨੂੰ ਬਾਬੇ ਦੀ ਸਰਪੰਚੀ ਅਤੇ ਪਿੰਡ ਵਿੱਚ ਕੀਤੇ ਗਏ ਕੰਮਾਂ ਬਾਰੇ ਉਸ ਦੇ ਭੋਗ ’ਤੇ ਹੀ ਪਤਾ ਲੱਗਿਆ ਬਾਬੇ ਦੇ ਇਸ ਪੜਪੋਤੇ ਨੂੰ ਇਹ ਗੱਲ ਪਤਾ ਲੱਗਣ ’ਤੇ ਹੈਰਾਨੀ ਅਤੇ ਖੁਸ਼ੀ ਦਾ ਰਲਿਆ ਮਿਲਿਆ ਅਹਿਸਾਸ ਹੋਇਆ ਭੋਗ ਪੈਣ ਬਾਅਦ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਬਾਹਰੋਂ ਆਏ ਹੋਏ ਰਿਸ਼ਤੇਦਾਰ ਵੀ ਵਾਪਸ ਜਾ ਚੁੱਕੇ ਸਨ ਤਾਂ ਸ਼ਾਮ ਨੂੰ ਤਰਕਾਲਾਂ ਵੇਲੇ ਇਹ ਪੜਪੋਤਾ ਆਪਣੇ ਛੋਟੇ ਬਾਬੇ, ਜਿਸ ਨੂੰ ਚਾਚਾ ਆਖਦੇ ਹਨ, ਪਾਸ ਟਾਹਲੀ ਥੱਲੇ ਡਾਹੇ ਮੰਜੇ ’ਤੇ ਆ ਕੇ ਬੈਠ ਗਿਆ

“ਚਾਚਾ, ਤੈਂ ਕਦੇ ਦੱਸਿਆ ਨਹੀਂ ਕਿ ਬਾਬਾ ਪਿੰਡ ਦਾ ਪਹਿਲਾ ਸਰਪੰਚ ਰਹਿ ਚੁੱਕਿਆ ਸੀ ਤੇ ਪਿੰਡ ਦੇ ਸਕੂਲ ਵਾਲੀ ਜ਼ਮੀਨ ਵੀ ਇਸ ਨੇ ਦਾਨ ਕੀਤੀ ਸੀ?” ਅਗੋਂ ਛੋਟੇ ਦਾਦੇ ਯਾਨੀ ਚਾਚੇ ਨੇ ਜਵਾਬ ਦਿੱਤਾ, “ਉਹ ਪੁਰਾਣੀ ਗੱਲ ਹੈ ਪੁੱਤਰਾ, ਉਸ ਸਮੇਂ ਬਾਬੇ ਪਾਸ ਪੰਜਾਹ ਕੀਲੇ ਜ਼ਮੀਨ ਸੀ ਹੁਣ ਆਪਣੇ ਘਰਾਂ ’ਚੋਂ ਕਿਸੇ ਜੁਆਕ ਦੇ ਪੱਲੇ ਪੂਰੇ ਤਿੰਨ ਕੀਲ੍ਹੇ ਨ੍ਹੀਂ ਆਉਂਦੇ।”

“ਤੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਾਉਣ ਵਾਲਾ ਮਾਮਲਾ ਕੀ ਹੈ, ਇਹ ਤਾਂ ਸਰਕਾਰ ਦੇ ਕੰਮ ਹੁੰਦੇ ਨੇ?”

“ਉਹ ਭਾਈ ਕਾਕਾ, ਬਾਬਾ ਆਪਣਾ ਸੇਵਾ ਭਾਵ ਵਾਲੇ ਸੁਭਾਅ ਦਾ ਸੀ, ਅਣਖ ਪੂਰੀ ਰੱਖਦਾ ਸੀ ਗਲੀਆਂ ਪੱਕੀਆਂ ਕਰਵਾਉਣ ਵਾਸਤੇ, ਉਹਨੇ ਦਰਖਾਸਤ ਦਿੱਤੀ ਸੀ ਬੀਡੀਓ ਦੇ ਦਫ਼ਤਰ ਵਿੱਚ। ਪਰ ਜਦੋਂ ਬੀਡੀਓ ਨੇ ਖਚਰੇ ਢੰਗ ਨਾਲ ਏਧਰ ਓਧਰ ਦੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਬਾਬਾ ਜੀ ਉੱਥੋਂ ਉੱਠ ਕੇ ਆ ਗਏ ਤੇ ਕਹਿ ਦਿੱਤਾ ਕਿ ਪਿੰਡ ਦੀਆਂ ਗਲੀਆਂ ਤਾਂ ਮੈਂ ਆਪਣੇ ਪੈਸੇ ਨਾਲ ਹੀ ਪੱਕੀਆਂ ਕਰਵਾ ਦਿਆਂਗਾ ਤੇਰੇ ਅਹਿਸਾਨ ਦੀ ਲੋੜ ਨਹੀਂ।”

“ਪਰ ਚਾਚਾ ਪਿੰਡ ਦੇ ਲੋਕਾਂ ਨੇ ਮੁੜ ਕੇ ਬਾਬੇ ਨੂੰ ਕਿਉਂ ਨਹੀਂ ਸਰਪੰਚ ਬਣਾਇਆ?” ਦੀਪੇ ਨੇ ‘ਕਿਓਂ ਨਹੀਂ’ ’ਤੇ ਜ਼ੋਰ ਦਿੰਦੇ ਹੋਏ ਅਗਲਾ ਸਵਾਲ ਦਾਗ ਦਿੱਤਾ

“ਉਹ ਭਾਈ ਸੱਚੀਆਂ ਗੱਲਾਂ ਕੀਹਨੂੰ ਮਿੱਠੀਆਂ ਲੱਗਦੀਆਂ ਨੇ? ਬਾਪੂ ਤਾਂ ਸੱਚੀ ਗੱਲ ਅਗਲੇ ਦੇ ਮੂੰਹ ’ਤੇ ਹੀ ਆਖ ਦਿੰਦਾ ਸੀ। ਭਾਵੇਂ ਅਗਲੇ ਦੇ ਗਿੱਟੇ ਲੱਗੇ ਭਾਵੇਂ ਗੋਡੇ। ਨਾਲੇ ਬਾਬਾ ਤੇਰਾ ਕਿਹੜਾ ਬਹੁਤਾ ਪੜ੍ਹਿਆ ਲਿਖਿਆ ਸੀ। ਸਰਕਾਰੀ ਦਫ਼ਤਰਾਂ ਵਾਲੇ ਬਾਬੂਆਂ ਸਾਹਮਣੇ ਉਹਦਾ ਹਾਲ ਵੇਖ ਸਮਝ ਹੀ ਲਿਆ ਪਰ ਅਗਲਾ ਸਰਪੰਚ ਬਣਿਆ ਬਾਬੇ ਦੀ ਰਜ਼ਾਮੰਦੀ ਨਾਲ ਹੀ ਸੀ ਅਸਲ ਵਿਚ ਉਹਨੇ ਹੀ ਰਿਟਾਇਰ ਫੌਜੀ ਹੌਲਦਾਰ ਗੱਜਣ ਨੂੰ ਮਸਾਂ ਮਨਾ ਕੇ ਸਰਪੰਚੀ ਵਾਸਤੇ ਖੜ੍ਹਾ ਕੀਤਾ ਸੀ ਉਸ ਦਾ ਮੰਨਣਾ ਸੀ ਕੇ ਹੌਲਦਾਰ ਪੜ੍ਹਿਆ ਲਿਖਿਆ ਹੈ ਤੇ ਸਿਆਣੇ ਢੰਗ ਨਾਲ ਸਰਕਾਰੀ ਅਫਸਰਾਂ ਅੱਗੇ ਗੱਲ ਵੀ ਕਰਨੀ ਜਾਣਦਾ। ਨਾਲੇ ਉਸ ਨੇ ਦੁਨੀਆਂ ਘੁੰਮੀ ਹੋਈ ਹੈ ਤੇ ਸਰਕਾਰ ਦੇ ਕੰਮ ਕਰਨ ਦੇ ਢੰਗਾਂ ਬਾਰੇ ਵੀ ਜਾਣਕਾਰ ਹੈ ... ਫੇਰ ਕਈ ਵਾਰੀ ਪਿੰਡ ਦੇ ਦੂਜੇ ਫੌਜੀ ਹੀ ਪੰਚੀਆਂ ਸਰਪੰਚੀਆਂ ਕਰਦੇ ਰਹੇ ਇਕ ਤਾਂ ਇਹ ਬੰਦੇ ਜਜ਼ਬਾਤ ’ਤੇ ਕਾਬੂ ਰੱਖ ਲੈਂਦੇ ਐ ਤੇ ਸਰਕਾਰੀ ਦਫਤਰਾਂ ਵਿਚ 1962, 65 ਤੇ 71 ਦੀਆਂ ਲੜਾਈਆਂ ਤੋਂ ਬਾਅਦ ਇਨ੍ਹਾਂ ਦੀ ਪੁੱਛ ਪ੍ਰਤੀਤ ਵੀ ਵਧ ਗਈ ਸੀ ਨਾਲੇ ਆਪਾਂ ਸਰਪੰਚੀ ਤੋਂ ਲੈਣਾ ਕੀ ਸੀ? ਆਪਣਾ ਘਰ ਫੂਕ ਤਮਾਸ਼ਾ ਵੇਖਣਾ ਕਿਹੜੀ ਅਕਲਮੰਦੀ ਹੈ? ਘਰ ਦਾ ਤਾਂ ਕੋਈ ਫ਼ਾਇਦਾ ਹੋਣਾ ਨ੍ਹੀਂ ਸੀ।” ਬਾਬੇ ਨੇ ਪੋਤੇ ਨੂੰ ਲੰਬੀ ਵਿਆਖਿਆ ਸੁਣਾ ਦਿੱਤੀ

“ਪਰ ਹੁਣ ਤਾਂ ਲੋਕੀਂ ਫ਼ੌਜੀਆਂ ਨੂੰ ਟਿੱਚ ਨਹੀਂ ਜਾਣਦੇ, ਬਲਕਿ ਉਨ੍ਹਾਂ ਦਾ ਮਗਰੋਂ ਮਜ਼ਾਕ ਹੀ ਉਡਾਂਦੇ ਨੇ ਆਹ ਹੁਣ ਆਲੇ ਸਰਪੰਚ ਤਾਂ ਹੋਰ ਹੀ ਤਰ੍ਹਾਂ ਦੇ ਬੰਦੇ ਐ ਆਪਣੇ ਇਲਾਕੇ ’ਚ ਦੇਖ ਲੈ ਆਲੇ ਦੁਆਲੇ ਦੇ ਅੱਧੇ ਤੋਂ ਵੱਧ ਪਿੰਡਾਂ ਦੇ ਸਰਪੰਚ ਉਹ ਨੇ ਜਿਹੜੇ ਗ਼ੈਰਕਨੂੰਨੀ ਧੰਦਿਆਂ ’ਚੋਂ ਪੈਸਾ ਇਕੱਠਾ ਕਰਦੇ ਨੇ।” ਅੱਗੋਂ ਦੀਪੇ ਨੇ ਆਪਣੇ ਬਾਬੇ ਚਾਚੇ ਨੂੰ ਆਖਿਆ

ਬਾਬੇ ਨੇ ਪੋਤੇ ਦੀ ਹਾਮੀ ਭਰਦੇ ਹੋਏ ਬਾਕੀ ਦੀ ਗੱਲ ਪੂਰੀ ਕਰਦੇ ਕਿਹਾ, “ਤੇ ਹਰਾਮ ਦੀ ਕਮਾਈ ਨਾਲ ਹੁਣ ਇਹ ਪਿੰਡਾਂ ਵਿਚ ਸਰੀਫ਼ ਬੰਦਿਆਂ ਦੇ ਕਿਉਂ ਪੈਰ ਲੱਗਣ ਦੇਣਗੇ।”

“ਪਰ ਚਾਚਾ, ਚੁਣਨਾ ਤਾਂ ਲੋਕਾਂ ਨੇ ਹੁੰਦਾ, ਪਿੰਡ ਦੇ ਲੋਕਾਂ ਨੂੰ ਨੀਂ ਪਤਾ ਕਿਹੜਾ ਬੰਦਾ ਕਿਹੋ ਜਿਹਾ? ਕਿਹੜਾ ਲੁੱਚਾ ਕਿਹੜਾ ਸ਼ਰੀਫ?”

“ਭਾਈ ਕਲਯੁੱਗ ਦਾ ਦੌਰ ਚੱਲ ਰਿਹਾ। ਹੁਣ ਤਾਂ ਸਾਰੇ ਹੀ ਸ਼ਰੀਫ ਆ। ਲੁੱਚਾ ਬੰਦਾ ਵੀ ਜੇ ਚਾਰ ਪੈਸੇ ਹੋਣ ਤਾਂ ਚਿੱਟੇ ਕੱਪੜੇ ਪਾ ਕੇ ਪਿੰਡ ਦੇ ਸਾਂਝੇ ਕੰਮਾਂ ’ਚ ਮੂਹਰੇ ਆ ਖੜ੍ਹਦਾ ਤੇ ਚੌਧਰੀ ਬਣ ਜਾਂਦਾ ਹੈ।”

ਦੀਪੇ ਨੇ ਅਗਲਾ ਸਵਾਲ ਦਾਗ ਦਿੱਤਾ, “ਪਰ ਪਿੰਡ ਵਾਲੇ ਮਾੜੇ ਬੰਦਿਆਂ ਨੂੰ ਕਿਵੇਂ ਚੁਣ ਲੈਂਦੇ ਹਨ?”

“ਕਾਕਾ, ਉਹੀ ਗੱਲ ਦੱਸ ਰਿਹਾਂ ਸਾਡੇ ਮਨਾਂ ਵਿੱਚ ਖਰਾਬੀ ਆ ਗਈ ਆ ਸਾਨੂੰ ਹੁਣ ਇਹ ਮਾੜੇ ਨਹੀਂ ਲਗਦੇ ਆਪੇ ਵੇਖ ਲੈ ਆਪਣੇ ਆਲੇ ਦੁਆਲੇ, ਪਿੰਡ ਤਾਂ ਕੀ ਸ਼ਹਿਰ ਵਾਲਿਆਂ ਦਾ ਵੀ ਇਹ ਹੀ ਹਾਲ ਹੈ ਜੇ ਕਦੇ ਭੁਲੇਖੇ ਨਾਲ ਕੋਈ ਇਮਾਨਦਾਰ ਮਨਿਸਟਰ ਚੁਣ ਵੀ ਲਿਆ ਤਾਂ ਅਗਲੀ ਵਾਰ ਨੀ ਲੋਕਾਂ ਨੇ ਉਹਨੂੰ ਧਾਈ ਦਿੱਤੀ ਆਪਣੇ ਘਰ ਦਿਆਂ ਨੂੰ ਹੀ ਵੇਖ ਲੈ। ਸਾਰਾ ਦਿਨ ਖੇਤ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਆ। ਕੀ ਕੋਈ ਮਾੜਾ ਕੰਮ ਕਰਦੇ ਆ? ਪਰ ਹਾਮੀ ਤਕੜਿਆਂ ਦੀ ਭਰਨ ਲੱਗ ਪਏ ਆ ਜੱਟਾਂ ਦੀ ਗੱਲ ਛੱਡ, ਆਪਣੇ ਪਿੰਡ ਦੇ ਮਜ਼ਦੂਰੀ ਕਰਨ ਵਾਲਿਆਂ ਨੂੰ ਹੀ ਵੇਖ ਲਓ, ਸਾਰਾ ਦਿਨ ਕੀ ਕੋਈ ਪੁੱਠੇ ਕੰਮ ਕਰਦੇ ਐ? ਮਾੜਾ ਕੰਮ ਤਾਂ ਨਹੀਂ ਕਰਦੇ ਪਰ ਦਿਮਾਗ ਸਭ ਦੇ ਜਾਤ ,ਗੋਤ ਆਦਿ ਗੰਦ ਨਾਲ ਭਰੇ ਪਏ ਨੇ ਇਸੇ ਕਰਕੇ ਇਨ੍ਹਾਂ ਨੂੰ ਪਖੰਡੀ ਤੇ ਝੂਠੇ ਲੀਡਰ ਹੀ ਚੰਗੇ ਲੱਗਦੇ ਨੇ ਐਂਵੇ ਨੀ ਕਹਿੰਦੇ ਕਿ ਲੰਡੇ ਨੂੰ ਮੀਣਾ ਸੌ ਕੋਹ ਦਾ ਬਲ ਪਾ ਕੇ ਟੱਕਰਦਾ ਦੇਖਿਆ ਨੀ ਪਿਛਲੀ ਵਾਰੀ ਚੋਣਾਂ ’ਚ ਕੀ ਹੋਇਆ? ਚੰਗੀ ਭਲੀ ਸੇਵਾ ਦੀ ਭਾਵਨਾ ਵਾਲਾ ਭਾਨੇ ਦਾ ਪੜ੍ਹਿਆ ਲਿਖਿਆ ਭਾਣਜਾ ਸਰਪੰਚੀ ਵਾਸਤੇ ਖੜ੍ਹਾ ਸੀ ਕੁਛ ਕਮੀ ਸੀ ਉਸ ’ਚ? ਪਲਿਆ ਵੀ ਤੇ ਪੜ੍ਹਿਆ ਵੀ ਇਸੇ ਪਿੰਡ ’ਚ ਹੀ ਸੀ ਉਸ ਦੀ ਮਾਂ ਤਾਂ ਆਪਣੇ ਘਰਆਲੇ ਦੇ ਕੰਜਰਾਂ ਵਾਲੇ ਸੁਭਾਉ ਕਾਰਨ ਇਸ ਨੂੰ ਨਿਆਣੇ ਹੁੰਦੇ ਹੀ ਇੱਥੇ ਲੈ ਕੇ ਆ ਗਈ ਸੀ ਇਸ ਮਾਸੂਮ ਨੂੰ ਤਾਂ ਆਪਣੇ ਪਿਉ ਵਾਰੇ ਕੁੱਝ ਪਤਾ ਵੀ ਨੀ ਹੋਣਾ ਪਰ ਕਿਸੇ ਨੇ ਕਿਹਾ, ਜੀ ਇਹ ਸਾਡਾ ਗੋਤੀ ਨਹੀਂ। ਕਿਸੇ ਨੇ ਕਿਹਾ ਇਸ ਦਾ ਪਿਉ ਸਾਡੇ ਪਿੰਡ ਦਾ ਨਹੀਂ ਬੇਚਾਰੇ ਦਾ ਕਿੰਨਾ ਜਲੂਸ ਨਿਕਲਿਆ। ਜਿੱਤਿਆ ਕੌਣ? ਉਹੀ ਭੋਲਾ! ਫੀਮ ਡੋਡੇ ਵੇਚਣ ਵਾਲਾ ਅਤੇ ਨਾਲ ਦੇ ਪੰਚ ਰੇਤਾ ਤੇ ਚਿੱਟਾ ਵੇਚਣ ਵਾਲੇ! ਸਰਪੰਚ ਦੀ ਪਿੱਠ ਪਿੱਛੇ ਸਾਰਾ ਦਿਨ ਲੋਕੀਂ ਉਹਨੂੰ ਗਾਲ੍ਹਾਂ ਕੱਢੀ ਜਾਂਦੇ ਨੇ ਪਰ ਜਦੋਂ ਕੋਈ ਪੁੱਛਦਾ ਕਿ ਭਲਿਓ ਮਾਣਸੋ ਤੁਹਾਡੇ ਸਾਹਮਣੇ ਪੜ੍ਹਿਆ ਲਿਖਿਆ ਮੁੰਡਾ ਵੀ ਤਾਂ ਖੜ੍ਹਾ ਸੀ ਤਾਂ ਅਗਲੇ ਝੱਟ ਆਢਾ ਲਾ ਲੈਂਦੇ ਨੇ, ਕੀ ਪਤਾ ਪੜ੍ਹਿਆਂ ਲਿਖਿਆਂ ਦਾ ਇਹਨੇ ਵੀ ਤਾਂ ਜਿੱਤ ਕੇ ਉਹੀਓ ਕੁਝ ਕਰਨਾ ਸੀ ਹੁਣ ਇਹ ਨੀ ਪਤਾ ਕਿ ਇਹ ਲੋਕ ਕਿਸ ਆਧਾਰ ’ਤੇ ਕਿਸੇ ਬੰਦੇ ਬਾਰੇ ਪਹਿਲਾਂ ਹੀ ਭਵਿੱਖਬਾਣੀ ਕਰ ਲੈਂਦੇ ਹਨ। ਪਰ ਜੋ ਅੱਖਾਂ ਦੇ ਸਾਹਮਣੇ ਹੁੰਦਾ ਐ, ਉਹ ਇਹਨਾਂ ਨੂੰ ਕਿਉਂ ਦਿਖਾਈ ਨੀ ਦਿੰਦਾ ਜੇ ਕੋਈ ਫੇਰ ਵੀ ਅੱਗੋਂ ਪੁੱਛ ਲਵੇ ਤਾਂ ਸਭ ਦਾ ਜਵਾਬ ਇੱਕ ਹੋ ਜਾਂਦਾ ਕਿ ਇੱਥੇ ਇਮਾਨਦਾਰ ਹੈ ਕਿਹੜਾ? ਚਲੋ ਛੱਡੋ, ਕਲਯੁਗ ਦਾ ਦੌਰ ਐ। ਬਾਕੀ ਸਭ ਦੇ ਨਾਲ ਆਪਾਂ ਵੀ ਭੁਗਤ ਲਵਾਂਗੇ।” ਬਾਬੇ ਉਰਫ ਚਾਚੇ ਨੇ ਲੰਬਾ ਸਾਹ ਲੈਂਦੇ ਹੋਏ ਆਪਣੀ ਗੱਲ ਖਤਮ ਕਰ ਦਿੱਤੀ

ਦੀਪੇ ਨੂੰ ਕੋਈ ਤਸੱਲੀਬਖ਼ਸ਼ ਜਵਾਬ ਤਾਂ ਨਹੀਂ ਮਿਲਿਆ ਪਰ ਉਸ ਦੇ ਮੂੰਹੋਂ ਨਿਕਲ ਗਿਆ, “ਚਾਚਾ, ਇਹ ਹਾਲਾਤ ਤਾਂ ਬਦਲਣੇ ਹੀ ਪੈਣੇ ਨੇ।”

“ਛੱਡ ਕਾਕਾ, ਦਿਮਾਗ ’ਤੇ ਬਹੁਤਾ ਬੋਝ ਨਹੀਂ ਪਾਈਦਾ।” ਕਹਿ ਕੇ ਬਾਬਾ ਘਰਾਂ ਵਲ ਨੂੰ ਚਲਾ ਗਿਆ ਤੇ ਬੇਰੁਜ਼ਗਾਰੀ ਦਾ ਝੰਬਿਆ ਹੋਇਆ ਪੋਤਾ ਦੂਜੇ ਪਾਸੇ ਨੂੰ

ਰਾਤ ਨੂੰ ਮੰਜੇ ਤੇ ਉੱਸਲਵਟੇ ਲੈਂਦੇ ਦੀਪੇ ਦੀ ਕਦੋਂ ਅੱਖ ਲੱਗ ਗਈ, ਉਸ ਨੂੰ ਪਤਾ ਹੀ ਨਾ ਲੱਗਾ ਪਰ ਸਵੇਰੇ ਉਠ ਕੇ ਉਹ ਤੜਕੇ ਜਿਹੇ ਆਏ ਉਸ ਅਜੀਬ ਜਿਹੇ ਸੁਪਨੇ ਵਾਰੇ ਸੋਚਣ ਲੱਗਾ ਜਿਸ ਵਿੱਚ ਉਸ ਨੇ ਹਨੇਰੀ ਰਾਤ ਵਿਚ ਸਤਰੰਗੀ ਪੀਂਘ ’ਤੇ ਝੂਟੇ ਲਏ ਸਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3097)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਰਮੇਸ਼ ਰਤਨ

ਰਮੇਸ਼ ਰਤਨ

Phone: (91 -98142 - 73870)
Email: (rameshrattan001@gmail.com)