Manav7ਹੁਣ ਪਹਿਲੋਂ ਹੀ ਸਿਫ਼ਰ ਨੇੜੇ ਢੁੱਕੀਆਂ ਬਿਆਜ ਦਰਾਂ ਨੂੰ ਵੇਖਦਿਆਂ ਸਰਕਾਰਾਂ ਲਈ ਅੱਗੇ ਬੰਦ ਗਲੀ ...
(15 ਅਕਤੂਬਰ 2021)

 

ਇਸ ਵੇਲੇ ਭਾਰਤ ਦਾ ਸ਼ੇਅਰ ਬਜ਼ਾਰ-ਸੈਂਸੈਕਸ ਤੇ ਨਿਫਟੀ, ਦੋਵੇਂ ਰਿਕਾਰਡ ਪੱਧਰ ’ਤੇ ਹਨ। ਪਿਛਲੇ ਡੇਢ ਸਾਲ ਵਿੱਚ ਸੈਂਸੈਕਸ 27, 591 ਤਕ ਡਿੱਗਕੇ ਹੁਣ 100% ਤੋਂ ਵੀ ਜ਼ਿਆਦਾ ਵਾਧੇ ਨਾਲ 58, 400 ’ਤੇ ਪਹੁੰਚ ਗਿਆ ਹੈ ਜਦਕਿ ਨਿਫਟੀ ਅਪਰੈਲ 2020 ਵਿੱਚ 8000 ਤਕ ਡਿੱਗਕੇ ਹੁਣ 17, 300 ’ਤੇ ਅੱਪੜ ਗਿਆ ਹੈ। ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਤੇ ਇਸ ਮੁਕਾਬਲੇ ਕੰਪਨੀਆਂ ਦੀ ਕਮਾਈ ਵਿਚਲਾ ਫਰਕ ਵਧ ਕੇ 34 ਗੁਣਾ ਹੋ ਗਿਆ ਹੈ। ਜਾਣੀ ਕਿ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਕੰਪਨੀਆਂ ਦੀ ਕਮਾਈ ਦੇ ਮੁਕਾਬਲੇ ਬੇਹੱਦ ਤੇਜ਼ੀ ਨਾਲ ਵਧੀ ਹੈ। ਬੇਸ਼ਕ ਇਹ ਸੈਂਸੈਕਸ ’ਤੇ ਮੌਜੂਦ ਸਾਰੀਆਂ ਕੰਪਨੀਆਂ ਲਈ ਸੱਚ ਨਹੀਂ ਤੇ ਵਧੇਰੇ ਕੰਪਨੀਆਂ ਦੇ ਸ਼ੇਅਰ ਇਸ ਵਕਫ਼ੇ ਵਿੱਚ ਡਿਗੇ ਹਨ ਪਰ ਕੁਝ ਵੱਡੀਆਂ ਕੰਪਨੀਆਂ, ਜਿਹੜੀਆਂ ਕੁਲ ਬਜ਼ਾਰ ਦਾ ਚੋਖਾ ਹਿੱਸਾ ਬਣਦੀਆਂ ਹਨ, ਉਹਨਾਂ ਲਈ ਇਹ ਸੱਚ ਹੈ।

ਦੂਜੇ ਬੰਨ੍ਹੇ ਬੈਂਕਾਂ ਵਿੱਚ ਬੱਚਤਾਂ ’ਤੇ ਬਿਆਜ ਦਰ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਵੇਲੇ ਐੱਸਬੀਆਈ ਬੈਂਕ ਇੱਕ ਤੋਂ ਦੋ ਸਾਲ ਦੀ ਐੱਫਡੀ ’ਤੇ 4.9% ਬਿਆਜ ਦੇ ਰਿਹਾ ਹੈ ਤੇ ਪੰਜ ਤੋਂ ਦਸ ਸਾਲ ਦੀ ਐੱਫਡੀ ’ਤੇ 5.4%। ਜੇ ਇਸ ਨੂੰ ਮੌਜੂਦਾ 6-7% ਮਹਿੰਗਾਈ ਦਰ ਨਾਲ ਜੋੜੀਏ ਤਾਂ ਅਸਲ ਵਿੱਚ ਬੈਂਕਾਂ ਵਿੱਚ ਪਈਆਂ ਬੱਚਤਾਂ ’ਤੇ ਲੋਕਾਂ ਨੂੰ ਘਾਟਾ ਪੈ ਰਿਹਾ ਹੈ! ਇਹ ਸਿਰਫ਼ ਭਾਰਤ ਦਾ ਵਰਤਾਰਾ ਨਹੀਂ, ਸਾਰੇ ਵੱਡੇ ਸਰਮਾਏਦਾਰ ਮੁਲਕਾਂ ਵਿੱਚ ਇਹੀ ਵਰਤਾਰਾ ਦਿਸ ਰਿਹਾ ਹੈ। ਇਹ ਸਾਫ ਸਪਸ਼ਟ ਇੱਕ ਅਜਿਹੇ ਵਿੱਤੀ ਬੁਲਬੁਲੇ ਦੀ ਦਸਤਕ ਹੈ ਜਿਸਦਾ ਦੇਰ-ਸਵੇਰ ਫਟਣਾ ਤੇ ਭਾਰਤ ਦੇ ਅਰਥਚਾਰੇ ’ਤੇ ਵੱਡੇ ਸੰਕਟ ਦਾ ਮੂੰਹ ਜ਼ੋਰ ਆਉਣਾ ਤੈਅ ਹੈ।

ਆਓ ਅੱਗੇ ਵਧਣ ਤੋਂ ਪਹਿਲਾਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤਾ ਦਾਸ ਦੇ ਮੂੰਹੋਂ ਹੀ ਸੁਣ ਲੈਂਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ-

“ਵਿੱਤੀ ਬਜ਼ਾਰ ਦੇ ਕੁਝ ਹਿੱਸੇ ਤੇ ਅਸਲ ਅਰਥਚਾਰੇ ਦਰਮਿਆਨ ਬੇਮੇਲਤਾ ਪਿਛਲੇ ਸਮਿਆਂ ਵਿੱਚ ਤੇਜ਼ੀ ਨਾ, ਪੂਰੀ ਦੁਨੀਆਂ ਅਤੇ ਭਾਰਤ ਵਿੱਚ ਵਧੀ ਹੈ।”

ਇਹ ਗੱਲ ਵੱਖਰੀ ਹੈ ਕਿ ਆਰਬੀਆਈ ਦੇ ਇਹਨਾਂ ਅਰਥ ਸ਼ਾਸਤਰੀਆਂ ਜਾਂ ਅਜਿਹੇ ਹੀ ਹੋਰ ਦਰਬਾਰੀ ਚਿੰਤਕਾਂ ਕੋਲ਼ ਇਸ ਵਰਤਾਰੇ ਦਾ ਕੋਈ ਹੱਲ ਮੌਜੂਦ ਨਹੀਂ। ਵਿੱਤੀ ਸਰਮਾਇਆ-ਇਤਿਹਾਸ ਤੇ ਮੌਜੂਦਾ ਦੌਰ ਵਿੱਚ ਅਕਸਰ ਜਦੋਂ ਸ਼ੇਅਰ ਬਾਜ਼ਾਰਾਂ ਵਿੱਚ ਤਰਥੱਲੀ ਮੱਚਦੀ ਹੈ ਜਾਂ ਕੋਈ ਖਬਰ ਆਉਂਦੀ ਹੈ ਕਿ ਕਿਸੇ ਅਰਬਪਤੀ ਨੇ ਰਾਤੋ-ਰਾਤ ਸ਼ੇਅਰ ਬਜ਼ਾਰਾਂ ਦੇ ਸੱਟੇ ਰਾਹੀਂ ਅਰਬਾਂ ਕਮਾ ਲਾਏ ਤਾਂ ਇਸ ’ਤੇ ਚਿੰਤਾ ਪ੍ਰਗਟ ਕਰਨ ਵਾਲ਼ੇ ਕਈ ਚਿੰਤਕਾਂ ਵੱਲ਼ੋਂ “ਅਸਲ” ਤੇ ਵਿੱਤੀ ਸਰਮਾਏਦਾਰੀ ਦਰਮਿਆਨ ਫਰਕ ਕਰਨ, “ਪੈਦਾਵਾਰੀ” ਤੇ “ਪਰਜੀਵੀ” ਸਰਮਾਏਦਾਰੀ ਦਰਮਿਆਨ ਫਰਕ ਕਰਨ ਦਾ ਰੁਝਾਨ ਵੇਖਿਆ ਜਾਂਦਾ ਹੈ। ਜਾਣੀ ਅਸਿੱਧੇ ਢੰਗ ਨਾਲ ਇਹ ਗੱਲ ਕਹੀ ਜਾਂਦੀ ਹੈ ਕਿ ਸਰਮਾਏਦਾਰਾ ਪ੍ਰਬੰਧ ਆਪਣੇ-ਆਪ ਵਿੱਚ ਨੁਕਸਦਾਰ ਨਹੀਂ, ਬੱਸ ਇਹ ਵਿੱਤੀ ਸਰਮਾਇਆ-ਸ਼ੇਅਰ ਬਜ਼ਾਰ ਤੇ ਇਸਦੇ ਪਰਜੀਵੀ ਖਿਡਾਰੀ ਸਾਰੀਆਂ ਧੋਖਾਧੜੀਆਂ, ਘੁਟਾਲਿਆਂ ਤੇ ਸੰਕਟ ਲਈ ਜ਼ਿੰਮੇਵਾਰ ਹਨ। ਪਰ ਸਚਾਈ ਇਹ ਹੈ ਕਿ ਸਨਅਤੀ ਸਰਮਾਏਦਾਰੀ ਦਾ ਜਾਣੀ ਆਧੁਨਿਕ ਸਰਮਾਏਦਾਰੀ ਦਾ ਵਿਕਾਸ ਵਿੱਤੀ ਸਰਮਾਏ ਦੇ ਵਿਕਾਸ ਨਾਲ ਗੁੰਦਿਆ ਹੋਇਆ ਹੈ। ਵਿੱਤੀ ਸਰਮਾਏਦਾਰੀ ਦੇ ਪਰਜੀਵੀਪੁਣੇ ਨੂੰ ਕੁਲ ਸਰਮਾਏਦਾਰਾ ਪ੍ਰਬੰਧ ਦੇ ਪਰਜੀਵੀਪੁਣੇ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।

ਆਧੁਨਿਕ ਸਰਮਾਏਦਾਰਾ ਪ੍ਰਬੰਧ ਦਾ ਪਿਛਲੇ ਦੋ-ਢਾਈ ਸੌ ਸਾਲਾਂ ਦਾ ਇਤਿਹਾਸ ਵਿੱਤੀ ਸਰਮਾਏਦਾਰੀ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਬੈਂਕ ਦੇ ਕਰਜ਼ਿਆਂ ਦੀ, ਵਿੱਤੀ ਸਰਮਾਏ ਦੀ, ਸਨਅਤੀ ਸਰਮਾਏਦਾਰੀ ਨੂੰ ਹੁਲਾਰਾ ਦੇਣ, ਸਰਮਾਏਦਾਰਾ ਪੈਦਾਵਾਰ ਦੇ ਵਾਧੇ ਲਈ ਸਰਮਾਇਆ ਮੁਹਈਆ ਕਰਵਾਉਣ ਤੇ ਅਜੋਕੀਆਂ ਵੱਡ-ਆਕਾਰੀ ਸਰਮਾਏਦਾਰਾ ਸਨਅਤਾਂ ਖੜ੍ਹੀਆਂ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ। ਪਰ ਨਾਲ ਹੀ ਇਸਦਾ ਦੂਜਾ ਪੱਖ ਗੈਰ-ਪੈਦਾਵਾਰੀ ਸਰਗਰਮੀ ਜਾਣੀ ਵਿੱਤੀ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਵੀ ਰਿਹਾ ਹੈ। ਇਹ ਪੱਖ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਉੱਭਰਵੇਂ ਰੂਪ ਵਿੱਚ ਸਾਹਮਣੇ ਆਇਆ। ਦੂਜੀ ਸੰਸਾਰ ਜੰਗ ਦੀ ਤਬਾਹੀ ਮਗਰੋਂ ਸਰਮਾਏਦਾਰਾ ਪ੍ਰਬੰਧ ਨੂੰ ਆਰਥਿਕ ਸੰਕਟ ਵਿੱਚੋਂ ਉੱਭਰਨ ਦਾ ਇੱਕ ਮੌਕਾ ਮਿਲਿਆ ਕਿਉਂਕਿ ਜੰਗ ਵਿੱਚ ਵੱਡੇ ਪੱਧਰ ’ਤੇ ਹੋਈ ਬਰਬਾਦੀ ਮਗਰੋਂ ਨਵੀਂ ਉਸਾਰੀ ਨੇ ਸਰਮਾਏ ਨੂੰ ਵੱਡੀ ਪੱਧਰ ’ਤੇ ਖਪਾਇਆ। ਇਸ ਨਾਲ ਸਰਮਾਏਦਾਰਾਂ ਦੇ ਮੁਨਾਫ਼ੇ ਵੀ ਵਕਤੀ ਤੌਰ ’ਤੇ ਵਧੇ। ਪਰ 1960ਵਿਆਂ ਦਾ ਦਹਾਕਾ ਆਉਂਦੇ ਹੀ ਡਿਗਦੀਆਂ ਮੁਨਾਫ਼ਾ ਦਰਾਂ ਦਾ ਦੌਰ ਪੱਛਮੀ ਸਰਮਾਏਦਾਰਾ ਪ੍ਰਬੰਧ ਵਿੱਚ ਵੇਖਣ ਨੂੰ ਮਿਲਿਆ। ਉੱਪਰੋਂ ਇਹਨਾਂ ਮੁਲਕਾਂ ਵਿੱਚ ਕਿਰਤੀ ਲੋਕਾਂ ਦੀਆਂ ਵੱਡੀਆਂ ਹੜ੍ਹਤਾਲਾਂ ਵੀ ਉੱਭਰੀਆਂ। ਪਰ ਕਿਉਂਕਿ ਮਜ਼ਦੂਰ ਜਮਾਤ ਦੇ ਇਹ ਸੰਘਰਸ਼ ਆਪ-ਮੁਹਾਰੇ ਸਨ, ਕੋਈ ਸੂਝਭਰੀ ਇਨਕਲਾਬੀ ਪਾਰਟੀ ਦੀ ਅਗਵਾਈ ਨਹੀਂ ਸੀ, ਇਸ ਕਰਕੇ ਹਾਕਮ ਸਰਕਾਰਾਂ ਨੂੰ ਟਰੇਡ ਯੂਨੀਅਨ ਅਤੇ ਮਜ਼ਦੂਰ ਜਮਾਤ ਦੇ ਇਹਨਾਂ ਸੰਘਰਸ਼ਾਂ ’ਤੇ ਹਮਲਾ ਵਿੱਢਣਾ ਸੌਖਾ ਸੀ। 1980ਵਿਆਂ ਦਾ ਅਮਰੀਕਾ ਵਿੱਚ ਰੇਗਨ ਸਰਕਾਰ ਤੇ ਇੰਗਲੈਂਡ ਵਿੱਚ ਥੈਚਰ ਸਰਕਾਰ ਦਾ ਸਮਾਂ ਇਹੀ ਸਮਾਂ ਸੀ। ਇਹ ਅਸਲ ਵਿੱਚ ਸਰਮਾਏਦਾਰ ਜਮਾਤ ਵੱਲੋਂ ਮਜ਼ਦੂਰ ਜਮਾਤ ’ਤੇ ਹਮਲਾ ਵਿੱਢਕੇ ਆਪਣੀ ਡਿਗਦੀ ਮੁਨਾਫ਼ਾ ਦਰ ਨੂੰ ਬਚਾਉਣ ਦਾ ਤਰੀਕਾ ਸੀ।

ਇਸ ਤੋਂ ਬਿਨਾਂ ਆਰਥਿਕ ਮੋਰਚੇ ’ਤੇ ਨਵਉਦਾਰਵਾਦ ਤੇ ਸੰਸਾਰੀਕਰਨ ਦੀਆਂ ਨੀਤੀਆਂ ਆਈਆਂ ਜਿਸ ਤਹਿਤ ਸਰਮਾਏਦਾਰਾ ਪੈਦਾਵਾਰ ਨੂੰ ਤੀਜੀ ਦੁਨੀਆਂ ਦੇ ਮੁਲਕਾਂ, ਖ਼ਾਸਕਰ ਚੀਨ ਤੇ ਪੂਰਬੀ ਏਸ਼ੀਆਈ ਮੁਲਕਾਂ ਵੱਲ ਤਬਦੀਲ ਕੀਤਾ ਗਿਆ ਜਿੱਥੇ ਉਜਰਤਾਂ ਕਾਫੀ ਘੱਟ ਸਨ। ਡਿਗਦੇ ਮੁਨਾਫਿਆਂ ਤੋਂ ਉੱਭਰਨ ਦੀ ਇਸ ਪ੍ਰਕਿਰਿਆ ਨੂੰ ਮਾਓ ਦੀ ਮੌਤ ਮਗਰੋਂ ਚੀਨ ਵਿੱਚ ਸਰਮਾਏਦਾਰਾ ਮੁੜ-ਬਹਾਲੀ ਹੋਣ ਨਾਲ ਹੋਰ ਬਲ ਮਿਲਿਆ ਤੇ ਵੱਡੀ ਪੱਧਰ ’ਤੇ 1980ਵਿਆਂ ਤੇ 90ਵਿਆਂ ਵਿੱਚ ਸਰਮਾਏਦਾਰਾ ਕਾਰਖਾਨੇ ਚੀਨ ਵੱਲ ਤਬਦੀਲ ਕੀਤੇ ਗਏ। ਇਸ ਦੌਰਾਨ ਵਿੱਤੀ ਪ੍ਰਬੰਧ ਸੰਕਟਾਂ ਦਾ ਸ਼ਿਕਾਰ ਹੁੰਦਾ ਰਿਹਾ ਜਿਸ ਵਿੱਚ ਸਭ ਤੋਂ ਮਸ਼ਹੂਰ 1987 ਦਾ ਸੰਕਟ ਸੀ ਪਰ ਉਪਰੋਕਤ ਜ਼ਿਕਰ ਕੀਤੇ ਕਾਰਨਾਂ - ਮਜ਼ਦੂਰ ਜਮਾਤ ’ਤੇ ਹਮਲੇ, ਚੀਨ ਅਤੇ ਘੱਟ ਉੱਜਰਤਾਂ ਵਾਲ਼ੇ ਹੋਰ ਏਸ਼ੀਆਈ ਮੁਲਕਾਂ ਅੰਦਰ ਪੈਦਾਵਾਰ ਤਬਦੀਲ ਕਰਨ ਨੇ ਇਸ ਸੰਕਟ ਨੂੰ ਪੂਰੇ ਪ੍ਰਬੰਧ ਦਾ ਆਮ ਸੰਕਟ ਬਣਨ ਤੋਂ ਰੋਕਣ ਵਿੱਚ ਸਹਾਇਤਾ ਕੀਤੀ।

ਪਰ ਡਿਗਦੀ ਮੁਨਾਫ਼ਾ ਦਰ ਦੇ ਸੰਕਟ ਨੇ 1990ਵਿਆਂ ਦੇ ਅਖੀਰ ਵਿੱਚ ਫਿਰ ਦਸਤਕ ਦਿੱਤੀ। ਸਰਮਾਏਦਾਰਾ ਪ੍ਰਬੰਧ ਨੂੰ ਵੱਡਾ ਝਟਕਾ 1997-98 ਦੇ ਏਸ਼ੀਆਈ ਵਿੱਤੀ ਸੰਕਟ ਤੇ ਡੌਟ.ਕਾਮ ਬੁਲਬੁਲੇ ਦੇ ਫਟਣ ਨਾਲ ਲੱਗਿਆ ਜਿਸ ਮਗਰੋਂ ਵਿੱਤੀ ਸਰਮਾਏ ਨੇ ਨਵੇਂ ਢੰਗ-ਤਰੀਕੇ ਅਪਣਾਉਂਦਿਆਂ, ਨਵੀਆਂ ਵਿੱਤੀ ਜੁਗਤਾਂ ਰਾਹੀਂ ਪੈਸਾ ਕਮਾਉਣ ਦਾ ਤਰੀਕਾ ਕੱਢਿਆ ਪਰ ਇਸਦਾ ਵੀ 2007-08 ਦੇ ਸੰਕਟ ਨਾਲ ਪਟਾਕਾ ਪੈ ਗਿਆ।

ਵਿੱਤੀ ਸਰਮਾਏ ਦੀ 1960ਵਿਆਂ ਤੋਂ ਲੈ ਕੇ 2007-08 ਤਕ ਦੀ ਦੌੜ ਵਿੱਚ ਵੱਡੀ ਤਬਦੀਲੀ ਇਹ ਆਈ ਸੀ ਕਿ ਹੁਣ ਸੰਕਟ ਦੇ ਸਮੇਂ ਸਰਕਾਰਾਂ ਸਾਹਮਣੇ ਸਵਾਲ ਕਿਸੇ ਇੱਕ ਕੰਪਨੀ ਨੂੰ ਬਚਾਉਣ ਦਾ ਸਵਾਲ ਨਹੀਂ ਸੀ। ਵਿੱਤੀ ਸਰਮਾਇਆ ਪੂਰੇ ਅਰਥਚਾਰੇ ਵਿੱਚ ਇਸ ਤਰ੍ਹਾਂ ਘੁਲਿਆ ਹੋਇਆ ਤੇ ਵਿਆਪਕ ਸੀ ਕਿ ਹੁਣ ਸਰਕਾਰਾਂ ਨੂੰ ਵੱਡੇ-ਵੱਡੇ ਰਾਹਤ ਪੈਕੇਜ ਦੇ ਕੇ ਸੰਸਾਰ ਸਰਮਾਏਦਾਰਾ ਪ੍ਰਬੰਧ ਨੂੰ ਬਚਾਉਣਾ ਪੈ ਰਿਹਾ ਸੀ। ਇਸੇ ਦੌਰ ਵਿੱਚ ਅਸੀਂ ਵੱਡੇ ਸਰਮਾਏਦਾਰਾ ਮੁਲਕਾਂ ਵੱਲੋਂ ਆਪਣੀਆਂ ਬਿਆਜ ਦਰਾਂ ਸਿਫ਼ਰ ਜਾਂ ਇਸ ਤੋਂ ਵੀ ਥੱਲੇ ਘਟਾਏ ਜਾਣ ਦਾ ਵਰਤਾਰਾ ਵੇਖਦੇ ਹਾਂ ਜਿਹੜਾ ਕਿ ਹੁਣ ਤਕ ਜਾਰੀ ਹੈ। ਸੋ 2008 ਤੋਂ ਮਗਰੋਂ ਜਿੱਥੇ ਅਸਲ ਅਰਥਚਾਰੇ ਵਿੱਚ ਮੁੜ-ਉਭਾਰ ਪਿਛਲੇ 70 ਸਾਲਾਂ ਦੀ ਸਭ ਤੋਂ ਸੁਸਤ ਰਫ਼ਤਾਰ ਨਾਲ ਹੋਇਆ ਹੈ, ਉੱਥੇ ਹੀ ਵਿੱਤੀ ਬਜ਼ਾਰ ਇਸ ਅਰਸੇ ਵਿੱਚ ਵੱਡੀ ਪੁਲਾਂਘ ਨਾਲ ਵਧੇ ਹਨ।

ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਵਾਧਾ ਤੇ ਆਉਣ ਵਾਲ਼ਾ ਸਮਾਂ

ਆਰਥਿਕ ਸੰਕਟ ਵਿੱਚੋਂ ਉੱਭਰਨ ਲਈ ਭਾਰਤ ਸਰਕਾਰ ਨੇ ਪਿਛਲੇ ਡੇਢ ਸਾਲ ਵਿੱਚ ਆਰਬੀਆਈ ਰਾਹੀਂ ਵਿੱਤੀ ਪ੍ਰਬੰਧ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਝੋਕਿਆ ਹੈ। ਆਰਬੀਆਈ ਨੇ ਇੱਕ ਤਾਂ ਇਸ ਆਸ ਵਿੱਚ ਬਿਆਜ ਦਰਾਂ ਕਾਫੀ ਘਟਾਈਆਂ ਕਿ ਸਰਮਾਏਦਾਰ ਸਸਤਾ ਕਰਜ਼ਾ ਲੈ ਕੇ ਅਰਥਚਾਰੇ ਵਿੱਚ ਨਿਵੇਸ਼ ਕਰਨਗੇ ਜਿਸ ਨਾਲ ਅਰਥਚਾਰੇ ਨੂੰ ਕੁਝ ਰਾਹਤ ਮਿਲੇਗੀ। ਦੂਜਾ, ਇਸ ਨਾਲ ਸਰਮਾਏਦਾਰਾਂ ਦੇ ਬਕਾਏ ਕਰਜ਼ਿਆਂ ’ਤੇ ਲਗਦਾ ਬਿਆਜ ਵੀ ਘੱਟ ਹੋ ਜਾਵੇਗਾ ਜਿਸ ਨਾਲ ਸਰਮਾਏਦਾਰਾਂ ਨੂੰ ਫਾਇਦਾ ਹੋਵੇਗਾ। ਤੀਜਾ, ਸਸਤੇ ਕਰਜ਼ੇ ਦੀ ਮਦਦ ਨਾਲ ਸ਼ਾਇਦ ਲੋਕ ਵਧੇਰੇ ਕਰਜ਼ਾ ਚੁੱਕ ਕੇ ਖਰੀਦਦਾਰੀ ਕਰਨਗੇ ਜਿਸ ਨਾਲ ਪੈਦਾਵਾਰ ਦਾ ਗੇੜ ਅੱਗੇ ਤੁਰੇਗਾ। ਪਰ ਸਰਮਾਏਦਾਰਾ ਪ੍ਰਬੰਧ ਵਿੱਚ ਨਵਾਂ ਨਿਵੇਸ਼ ਕਰਨਾ ਹੈ ਕਿ ਨਹੀਂ, ਨਵਾਂ ਪ੍ਰੋਜੈਕਟ ਲਾਉਣਾ ਹੈ ਕਿ ਨਹੀਂ- ਇਹ ਫ਼ੈਸਲੇ ਸਰਮਾਏਦਾਰ ਬਿਆਜ ਦਰਾਂ ਵੇਖ ਕੇ ਨਹੀਂ ਕਰਦੇ ਸਗੋਂ ਮੁਨਾਫ਼ਾ ਦਰ ਵੇਖ ਕੇ ਕਰਦੇ ਹਨ। ਜੇ ਸਰਮਾਏਦਾਰਾਂ ਨੂੰ ਨਵੇਂ ਪ੍ਰੋਜੈਕਟ ਵਿੱਚੋਂ ਕੋਈ ਮੁਨਾਫ਼ਾ ਨਜ਼ਰ ਨਹੀਂ ਆਉਂਦਾ ਤਾਂ ਉਹ ਪੈਦਾਵਾਰ ਵਿੱਚ ਨਿਵੇਸ਼ ਨਹੀਂ ਕਰੇਗਾ। ਵੈਸੇ ਵੀ ਜੇ ਸ਼ੇਅਰ ਬਜ਼ਾਰ ਵਿੱਚ ਸੱਟਾ ਲਾ ਕੇ ਪੈਸੇ ਬਣਾਏ ਜਾ ਸਕਦੇ ਹਨ ਤਾਂ ਕੋਈ ਪੈਦਾਵਾਰੀ ਨਿਵੇਸ਼ ਕਰਨ ਦੇ ਝੰਜਟ ਵਿੱਚ ਕਿਉਂ ਪੈਣਾ ਚਾਹੇਗਾ? ਤੇ ਇਹੀ ਹੋਇਆ ਵੀ ਹੈ। ਅਜੋਕਾ ਪ੍ਰਬੰਧ ਆਪਣੀ ਪੈਦਾਵਾਰ ਸਮਰੱਥਾ ਦਾ ਸਿਰਫ 60-70% ਹੀ ਵਰਤ ਪਾ ਰਿਹਾ ਹੈ, ਇਸ ਲਈ ਨਵਾਂ ਪੈਦਾਵਾਰੀ ਨਿਵੇਸ਼ ਬੇਹੱਦ ਘੱਟ ਹੋ ਰਿਹਾ ਹੈ।

ਸੋ ਪਿਛਲੇ ਡੇਢ ਸਾਲ ਵਿੱਚ ਸਰਮਾਏਦਾਰਾਂ, ਖੁਸ਼ਹਾਲ ਤਬਕੇ ਦੇ ਲੋਕਾਂ, ਤੇ ਮੱਧ-ਵਰਗ ਦੇ ਇੱਕ ਠੀਕ-ਠਾਕ ਹਿੱਸੇ ਨੇ ਇਸ ਸਸਤੇ ਕਰਜ਼ੇ ਦੀ ਮਦਦ ਨਾਲ ਸ਼ੇਅਰ ਬਜ਼ਾਰਾਂ ਵਿੱਚ ਨਿਵੇਸ਼ ਕੀਤਾ ਹੈ। ਉੱਪਰੋਂ ਜਿਹਨਾਂ ਦੇ ਬੈਂਕਾਂ ਵਿੱਚ ਪੱਕੇ ਖਾਤੇ ਸਨ, ਉਹਨਾਂ ਨੇ ਵੀ ਬੱਚਤਾਂ ’ਤੇ ਬਿਆਜ ਘਟਣ ਕਾਰਨ ਬਿਹਤਰ ਆਮਦਨ ਦੀ ਭਾਲ ਵਿੱਚ ਸ਼ੇਅਰ ਬਜ਼ਾਰਾਂ ਵੱਲ ਰੁਖ ਕਰਨਾ ਸ਼ੁਰੂ ਕੀਤਾ। ਇਸੇ ਲਈ ਮੱਧ-ਵਰਗ ਦੇ ਇੱਕ ਹਿੱਸੇ ਨੇ ਪਿਛਲੇ ਡੇਢ ਸਾਲ ਵਿੱਚ ਵੱਡੀ ਪੱਧਰ ’ਤੇ ਡੀਮੈਟ ਖਾਤੇ ਖੋਲ੍ਹੇ ਹਨ ਜਿਹੜੇ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਲਈ ਜ਼ਰੂਰੀ ਹੁੰਦੇ ਹਨ। ਇਸ ਵੇਲੇ ਭਾਰਤ ਵਿੱਚ ਅੰਦਾਜ਼ਨ 7 ਕਰੋੜ ਦੇ ਕਰੀਬ ਅਜਿਹੇ ਖਾਤੇ ਹਨ ਜਿਸ ਵਿੱਚੋਂ ਇਕੱਲੇ ਮਹਾਰਾਸ਼ਟਰ ਤੇ ਗੁਜਰਾਤ ਦੇ ਨਿਵੇਸ਼ਕਾਂ ਦੇ 2.35 ਕਰੋੜ ਖਾਤੇ ਹਨ। ਉੱਪਰੋਂ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਹੈ। ਪਿਛਲੇ ਡੇਢ ਸਾਲ ਵਿੱਚ ਹੀ 31.6 ਅਰਬ ਡਾਲਰ ਦਾ ਨਿਵੇਸ਼ ਇੱਥੋਂ ਦੇ ਸ਼ੇਅਰ ਬਜ਼ਾਰ ਵਿੱਚ ਹੋਇਆ ਕਿਉਂਕਿ ਉੱਥੋਂ ਦੀਆਂ ਬੈਂਕਾਂ ਲਗਭਗ ਸਿਫ਼ਰ ਦੀ ਬਿਆਜ ਦਰ ਨਾਲ ਸਸਤਾ ਕਰਜ਼ਾ ਦੇ ਰਹੀਆਂ ਹਨ।

ਕਹਿਣ ਦਾ ਮਤਲਬ ਇਹ ਕਿ ਭਾਵੇਂ ਭਾਰਤ ਹੋਵੇ ਜਾਂ ਪੱਛਮ ਦੇ ਸਰਮਾਏਦਾਰਾ ਮੁਲਕ - ਇੱਕ ਸਾਂਝਾ ਰੁਝਾਨ ਇਹੀ ਵੇਖਣ ਵਿੱਚ ਆ ਰਿਹਾ ਹੈ ਕਿ ਸਰਕਾਰਾਂ ਵੱਲੋਂ ਅਰਥਚਾਰੇ ਨੂੰ ਸੰਭਾਲਣ ਲਈ ਦਿੱਤੀ ਗਈ ਵੱਡੀ ਵਿੱਤੀ ਮਦਦ ਪੈਦਾਵਾਰੀ ਸਰਗਰਮੀਆਂ ਵਿੱਚ ਲੱਗਣ ਦੀ ਥਾਂ, ਇਸਦਾ ਵੱਡਾ ਹਿੱਸਾ ਸ਼ੇਅਰ ਬਜ਼ਾਰਾਂ ਵਿੱਚ ਗਿਆ ਹੈ, ਜਿਸ ਨੇ ਸੰਸਾਰ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਵਿੱਤੀ ਗੁਬਾਰੇ ਵਾਲੀ ਹਾਲਤ ਪੈਦਾ ਕਰ ਦਿੱਤੀ ਹੈ। ਵੱਖ-ਵੱਖ ਸਰਕਾਰਾਂ ਤੇ ਕੇਂਦਰੀ ਬੈਂਕਾਂ ਦੀਆਂ ਨੀਤੀਆਂ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। ਹੁਣ ਪਹਿਲੋਂ ਹੀ ਸਿਫ਼ਰ ਨੇੜੇ ਢੁੱਕੀਆਂ ਬਿਆਜ ਦਰਾਂ ਨੂੰ ਵੇਖਦਿਆਂ ਸਰਕਾਰਾਂ ਲਈ ਅੱਗੇ ਬੰਦ ਗਲੀ ਨਜ਼ਰ ਆਉਂਦੀ ਹੈ। ਉਹ ਬਿਆਜ ਦਰਾਂ ਨੂੰ ਹੋਰ ਹੇਠਾਂ ਸੁੱਟ ਨਹੀਂ ਸਕਦੀਆਂ ਤੇ ਦੂਜੇ ਪਾਸੇ ਅਸਲ ਅਰਥਚਾਰੇ ਵਿੱਚ ਮੁੜ-ਉਭਾਰ ਦੇ ਸੰਕੇਤ ਅਜੇ ਕਾਫੀ ਫਿੱਕੇ ਨਜ਼ਰ ਆਉਂਦੇ ਹਨ। ਇਸ ਕਾਰਨ ਇਹ ਸਾਫ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਸ਼ੇਅਰ ਬਜ਼ਾਰ ਦੇ ਇਸ ਗੁਬਾਰੇ ਦਾ ਫਟਣਾ ਤੈਅ ਹੈ। ਹੋ ਸਕਦਾ ਹੈ ਸੰਸਾਰ ਭਰ ਦੇ ਕੇਂਦਰੀ ਬੈਂਕ ਬਿਆਜ ਦਰਾਂ ਵਧਾਕੇ ਆਪ ਹੀ ਇਸ ਗੁਬਾਰੇ ਦੀ ਹੌਲੀ-ਹੌਲੀ ਹਵਾ ਕੱਢਣ ਦੀ ਨੀਤੀ ਅਪਣਾਉਣ। ਪਰ ਇਸ ਨੀਤੀ ਦੀਆਂ ਆਪਣੀਆਂ ਸਮੱਸਿਆਵਾਂ ਹਨ ਜਿਹਨਾਂ ਦੇ ਵਿਸਤਾਰ ਵਿੱਚ ਅਸੀਂ ਇੱਥੇ ਨਹੀਂ ਜਾ ਸਕਦੇ। ਪਰ ਇੱਕ ਗੱਲ ਜੋ ਮਹੱਤਵਪੂਰਨ ਹੈ ਉਹ ਇਹ ਹੈ ਕਿ ਆਉਣ ਵਾਲ਼ਾ ਵਿੱਤੀ ਸੰਕਟ ਅੱਜ ਤੋਂ 30-40 ਸਾਲ ਪਹਿਲਾਂ ਦੇ ਵਿੱਤੀ ਸੰਕਟ ਤੋਂ ਵਧੇਰੇ ਵਿਆਪਕ ਤੇ ਡੂੰਘਾ ਹੋਵੇਗਾ ਕਿਉਂਕਿ ਇੱਕ ਤਾਂ ਸੰਸਾਰ ਭਰ ਦੇ ਵਿੱਤੀ ਬਜ਼ਾਰ ਹੁਣ ਪਹਿਲਾਂ ਨਾਲ਼ੋਂ ਵੀ ਵਧੇਰੇ ਇੱਕ-ਦੂਜੇ ਨਾਲ ਜੁੜੇ ਹੋਏ ਹਨ, ਦੂਜਾ ਇੰਟਰਨੈੱਟ ਤੇ ਮੋਬਾਇਲ ਰਾਹੀਂ ਸ਼ੇਅਰ ਵਪਾਰ ਦੀ ਸਹੂਲਤ ਹੋਣ ਨਾਲ ਤੀਜੀ ਦੁਨੀਆਂ ਦੇ ਮੁਲਕਾਂ ਵਿੱਚ ਵੀ ਵੱਡੀ ਪੱਧਰ ’ਤੇ ਮੱਧਵਰਗ ਦਾ ਇੱਕ ਹਿੱਸਾ ਸ਼ੇਅਰ ਬਜ਼ਾਰਾਂ ਵਿੱਚ ਨਿਵੇਸ਼ ਕਰੀ ਬੈਠਾ ਹੈ। ਜਾਣੀ ਕਿ ਹੁਣ ਇਹ ਸਿਰਫ ਉੱਪਰ ਦੇ ਕੁਝ ਹਜ਼ਾਰ-ਲੱਖ ਲੋਕਾਂ ਦੀ ਖੇਡ ਨਹੀਂ ਰਹੀ, ਸਗੋਂ ਇਸ ਵਿੱਚ ਇੱਕ ਦਰਮਿਆਨੇ ਤੇ ਖੁਸ਼ਹਾਲ ਤਬਕੇ ਦਾ ਚੰਗਾ-ਖ਼ਾਸਾ ਹਿੱਸਾ ਆਪਣਾ ਪੈਸਾ ਦਾਅ ’ਤੇ ਲਾਈ ਬੈਠਾ ਹੈ। ਤੀਜਾ ਇਹ ਕਿ ਮੌਜੂਦਾ ਦੌਰ 1970ਵਿਆਂ, 80ਵਿਆਂ ਵਾਂਗ ਹਾਕਮਾਂ ਦੇ ਇੱਕਪਾਸੜ ਹੱਲੇ ਦਾ ਦੌਰ ਨਹੀਂ, ਸਗੋਂ ਲੋਕਾਂ ਦੇ ਆਪ-ਮੁਹਾਰੇ ਉੱਭਰਦੇ ਸੰਘਰਸ਼ਾਂ ਦਾ ਦੌਰ ਹੈ। ਚੌਥਾ ਇਹ ਕਿ ਵਧਦੇ ਅਮਰੀਕੀ ਤੇ ਚੀਨੀ ਸਾਮਰਾਜ ਦੇ ਤਣਾਅ ਵਿੱਚ ਨਵਾਂ ਵਿੱਤੀ ਸੰਕਟ ਹੋਰ ਵੱਡੇ ਅਰਥ ਹਾਸਲ ਕਰੇਗਾ। ਇਸ ਲਈ ਭਾਰਤ ਤੇ ਪੂਰੇ ਸੰਸਾਰ ਦੇ ਸ਼ੇਅਰ ਬਜ਼ਾਰ ਤੇ ਅਰਥਚਾਰੇ ਵੱਡੇ ਸੰਕਟ ਦੇ ਮੁਹਾਣ ’ਤੇ ਹਨ - ਇਹ ਸਮੇਂ ਦਾ ਫੇਰ ਹੈ ਕਿ ਇਹ ਸੰਕਟ ਪਹਿਲਾਂ ਕਦੋਂ ਤੇ ਕਿੱਥੇ ਆਵੇਗਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3081)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਾਨਵ

ਮਾਨਵ

Phone: (91 - 98888 - 08188
Email: manav.sidhu@yahoo.com