JaswantRai7“ਮਾਸ ਦੇ ਚੀਥੜੇ ਕੰਧਾਂ ’ਤੇ ਲੱਗੇ ਹੋਏ ਸਨ। ਜਦੋਂ ਇੱਕ ਬਜ਼ੁਰਗ ਨੇ ...”
(8 ਅਪਰੈਲ 2020)

 

SahriKand3

 

3 ਮਾਰਚ 1988 ਦੀ ਰਾਤ ਸਵਾ ਗਿਆਰਾਂ ਵਜੇ ਦੀ ਘਟਨਾ ਜਦੋਂ ਅੱਜ ਵੀ ਮੇਰੀ ਸਿਮਰਤੀ ਵਿੱਚ ਆਉਂਦੀ ਹੈ ਤਾਂ ਦਿਲ ਦਹਿਲ ਜਾਂਦਾ ਹੈ, ਚਮੜੀ ਸੁੰਗੜਨ ਲਗਦੀ ਹੈ ਅਤੇ ਉਸ ਉੱਤੇ ਉੱਗੇ ਵਾਲ ਖੜ੍ਹ ਜਾਂਦੇ ਹਨਨਾ ਚਾਹੁੰਦਾ ਹੋਇਆ ਵੀ ਮੈਂ ਅਤੀਤ ਦੇ ਸਮੁੰਦਰ ਵਿੱਚ ਗੋਤੇ ਖਾਣ ਲਗਦਾ ਹਾਂ

ਦੁਆਬੇ ਦਾ ਸਿਰਕੱਢ ਪਿੰਡ ਸਾਹਰੀ ਹੁਸ਼ਿਆਰਪੁਰ ਫਗਵਾੜਾ ਸੜਕ ਦੇ ਲਹਿੰਦੇ ਪਾਸੇ, ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈਜੇਕਰ ਹੁਸ਼ਿਆਰਪੁਰ ਫਗਵਾੜਾ ਵਾਲੀ ਸੜਕ ਤੋਂ ਦੀ ਜਾਇਆ ਜਾਵੇ ਫਿਰ ਵੀ ਵਾਟ ਲਗਭਗ ਇੰਨੀ ਕੁ ਹੀ ਪੈਂਦੀ ਹੈਘਟਨਾ ਵਾਲੀ ਥਾਂ, ਠਾਕਰਦੁਆਰਾ, ਸ਼ੁਰੂ ਤੋਂ ਹੀ ਧਾਰਮਿਕ ਤੇ ਸਭਿਆਚਾਰਕ ਕਦਰਾਂ ਕੀਮਤਾਂ ਦਾ ਮੁਜੱਸਮਾ ਰਿਹਾ ਹੈਹਰ ਸਾਲ ਹੋਲੇ ਮਹੱਲੇ ਤੇ ਇੱਥੇ ਇੱਕ ਭਾਰੀ ਮੇਲਾ ਲਗਦਾ ਹੈ ਜਿਸ ਵਿੱਚ ਦਿਨ ਸਮੇਂ ਕਬੱਡੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਅਤੇ ਰਾਤ ਸਮੇਂ ਰਾਸਧਾਰੀਆਂ ਦੁਆਰਾ ਰਾਸ ਲੀਲਾ ਕਰਕੇ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਂਦਾ ਹੈਦੂਰੋਂ ਦੂਰੋਂ ਲੋਕ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨਪਿੰਡ ਦਾ ਕੋਈ ਵੀ ਘਰ ਅਜਿਹਾ ਨਹੀਂ ਹੁੰਦਾ, ਜਿਸ ਘਰ ਪ੍ਰਾਹੁਣੇ ਨਾ ਆਏ ਹੋਣਲੋਕ ਮੇਲੇ ਤੋਂ ਪੰਦਰਾਂ ਕੁ ਦਿਨ ਪਹਿਲਾਂ ਹੀ ਆਪਣੇ ਘਰਾਂ ਦੇ ਕੰਮਕਾਰ ਨਿਬੇੜ ਕੇ ਵਿਹਲੇ ਹੋ ਜਾਂਦੇ ਹਨਹੋਲੀ ਵਾਲੇ ਦਿਨ ਸਾਰੇ ਧਰਮਾਂ ਦੇ ਲੋਕ ਸ਼ਰਧਾ ਵੱਸ ਇਕੱਠੇ ਹੋ ਕੇ ਇੱਕ ਪਾਲਕੀ ਤਿਆਰ ਕਰਦੇ ਹਨਪਾਲਕੀ ਵਿੱਚ ਠਾਕਰਦੁਆਰੇ ਦੇ ਮਹੰਤ ਨੂੰ ਬਿਠਾ ਕੇ ਵਾਜਿਆਂ ਗਾਜਿਆਂ ਨਾਲ ਪਾਲਕੀ ਹੱਥੀਂ ਚੁੱਕ ਕੇ ਪਿੰਡ ਦੀ ਪ੍ਰਕਰਮਾ ਕਰਵਾਈ ਜਾਂਦੀ ਹੈਸਾਰੇ ਲੋਕ ਰੰਗਾਂ ਦੇ ਤਿਉਹਾਰ ’ਤੇ ਇੱਕ ਦੂਜੇ ਉੱਤੇ ਰੰਗ ਸੁੱਟਦਿਆਂ, ਹਾਸਾ ਠੱਠਾ ਕਰਦਿਆਂ, ਪਿਆਰ ਤੇ ਸਦਭਾਵਨਾ ਦਾ ਮੁਜ਼ਾਹਰਾ ਕਰਦੇ ਹਨ

ਉਸ ਦਿਨ ਵੀ ਲੋਕਾਂ ਨੇ ਇਸੇ ਤਰ੍ਹਾਂ ਰੰਗਾਂ ਨਾਲ ਹੋਲੀ ਖੇਡੀ ਸੀਸਾਡੇ ਘਰ ਮਾਮਾ ਜੀ ਦੇ ਮੁੰਡੇ ਪ੍ਰਾਹੁਣੇ ਆਏ ਹੋਏ ਸਨਮੈਂ ਉਦੋਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸਾਂਉਸ ਰਾਤ ਮਾਮੇ ਦੇ ਮੁੰਡਿਆਂ ਦਾ ਰਾਸ ਲੀਲਾ ਦੇਖਣ ਜਾਣ ਦਾ ਮਨ ਨਹੀਂ ਸੀਪਰ ਮੇਰੀ ਜ਼ਿੱਦ ਨੇ ਉਹਨਾਂ ਨੂੰ ਰਜਾਈਆਂ ਵਿੱਚੋਂ ਕੱਢ ਕੇ ਠਾਕਰਦੁਆਰੇ ਜਾਣ ਲਈ ਤਿਆਰ ਕਰ ਲਿਆਮੈਂ ਝੂਠੀ-ਮੂਠੀ ਇਹ ਗੱਲ ਘੜ ਲਈ ਸੀ ਕਿ ਭਾਜੀ, ਅੱਜ ਬਹੁਤ ਵਧੀਆ ਡਰਾਮਾ ਹੋਣਾ ਹੈਮੈਂ, ਮਾਮੇ ਦੇ ਮੁੰਡੇ ਅਤੇ ਤਾਏ ਦਾ ਮੁੰਡਾ ਘਰੋਂ ਚਾਰੇ ਜਣੇ ਠਾਕਰਦੁਆਰੇ ਨੂੰ ਚੱਲ ਪਏਜਦੋਂ ਠਾਕਰਦੁਆਰੇ ਪਹੁੰਚੇ ਤਾਂ ਉੱਥੇ ਸੱਚ-ਮੁੱਚ ਬਹੁਤ ਚਹਿਲ-ਪਹਿਲ ਸੀਮੇਰੇ ਦੁਆਰਾ ਮਾਰੀ ਗੱਪ ਸੱਚੀ ਸਾਬਤ ਹੋਈ, ਡਰਾਮਾ ਵਾਕਿਆ ਸ਼ੁਰੂ ਹੋਇਆ ਹੀ ਸੀਨਾਂਤਾ ਨਚਾਰ ਸ਼ਿਵ ਜੀ ਦੇ ਭੇਸ ਵਿੱਚ ਪਿੰਡੇ ’ਤੇ ਬਿਭੂਤੀ ਮਲ਼ੀ, ਗੱਲ ਵਿੱਚ ਨਾਗਾਂ ਦੀ ਜੋੜੀ ਲਟਕਾਈ ਤੇ ਸਿਰ ਵਿੱਚੋਂ ਗੰਗਾ ਦਾ ਭੁਲੇਖਾ ਪਾਉਂਦੀ ਲਟ ਕੱਢੀ, ਹੱਥ ਵਿੱਚ ਡਮਰੂ ਫੜੀ, ਮੰਚ ’ਤੇ ਤੇਜ਼ੀ ਨਾਲ ਨਾਚ ਕਰ ਰਿਹਾ ਸੀਦੇਖ ਕੇ ਮੇਰੇ ਹੱਥ ਸ਼ਰਧਾ ਵੱਸ ਜੁੜ ਗਏ

ਮਾਮੇ ਦੇ ਮੁੰਡੇ ਮੈਂਨੂੰ ਨਾਲ ਲੈ ਕੇ ਮੰਚ ਦੇ ਖੱਬੇ ਪਾਸੇ ਖੜ੍ਹ ਗਏ ਜਿੱਥੇ ਮੁੰਡਿਆਂ ਦੀ ਪਹਿਲਾਂ ਹੀ ਕਾਫ਼ੀ ਭਾਰੀ ਢਾਣੀ ਖੜ੍ਹੀ ਸੀਹਾਲੇ ਸਾਨੂੰ ਖੜ੍ਹਿਆਂ ਨੂੰ ਪੰਦਰਾਂ ਕੁ ਮਿੰਟ ਵੀ ਨਹੀਂ ਸੀ ਹੋਏ ਹੁਣੇ ਕਿ ਠਾਕਰਦੁਆਰੇ ਭਗ-ਦੜ ਮਚ ਗਈਬੱਤੀਆਂ ਬੁਝ ਗਈਆਂਹਨ੍ਹੇਰ ਘੁੱਪ ਹੋ ਗਿਆਤਿੜ ਤਿੜ ਤਿੜ ਦੀਆਂ ਅਵਾਜ਼ਾਂ ਅਤੇ ਚੰਗਿਆੜੇ ਨਿਕਲਦੇ ਤਾਂ ਮੈਂਨੂੰ ਵੀ ਦਿਸੇ ਪਰ ਅਨਭੋਲ ਨੂੰ ਇਹ ਨਹੀਂ ਸੀ ਪਤਾ ਕਿ ਗੋਲੀ ਚੱਲ ਰਹੀ ਹੈਉਹ ਵੀ ਮੇਰੇ ਤੋਂ 8-10 ਮੀਟਰ ਦੀ ਵਿੱਥ ’ਤੇਲੋਕ ਕਿਹੜਾ ਕਿਸੇ ਨੂੰ ਦੱਸਦੇ ਸੀਚੁੱਪ-ਚੁੱਪੀਤੇ, ਧੱਕਮਧੱਕੀ ਦੌੜੀ ਜਾ ਰਹੇ ਸਨ

ਗੋਲੀ ਕਾਂਡ ਵਾਲੇ ਥਾਂ ਦੀ ਭੂਗੋਲਿਕ ਸਥਿਤੀ ਜ਼ਲ੍ਹਿਆਂ ਵਾਲੇ ਬਾਗ਼ ਨਾਲ ਮਿਲਦੀ ਜੁਲਦੀ ਸੀਠਾਕਰਦੁਆਰਾ ਤਿੰਨ ਪਾਸਿਆਂ ਤੋਂ ਪਿੰਡ ਦੇ ਘਰਾਂ ਦੀਆਂ ਦੀਵਾਰਾਂ ਨਾਲ ਘਿਰਿਆ ਹੋਇਆ ਸੀਚੌਥਾ ਪਾਸਾ, ਜਿਹੜਾ ਖੁੱਲ੍ਹਾ ਸੀ, ਉੱਥੇ ਚਾਰ ਜਣੇ ਏ.ਕੇ. 47 ਬੀੜ੍ਹੀ ਗੋਲ਼ੀਆਂ ਦਾ ਮੀਂਹ ਵਰ੍ਹਾ ਰਹੇ ਸਨਮੁੱਖ ਦੁਆਰ ਕੋਲ ਵੀ ਗੋਲ਼ੀਆਂ ਦੀ ਵਰਖਾ ਹੋ ਰਹੀ ਸੀ...

ਲੋਕ ਗੋਲ਼ੀਆਂ ਨਾਲ ਭੁੰਨੇ-ਵਿੰਨ੍ਹੇ ਜਾਣ ਲੱਗੇਉਹਨਾਂ ਦੇ ਮਾਸ ਦੇ ਚੀਥੜੇ ਉੱਡਣ ਲੱਗੇਕੁਝ ਲੋਕਾਂ ਨੇ ਤਾਂ ਗੋਲ਼ੀਆਂ ਤੋਂ ਬਚਣ ਲਈ ਮੰਚ ਸਾਹਮਣੇ ਬਣੀ ਖੂਹੀ ਵਿੱਚ ਛਾਲਾਂ ਮਾਰ ਦਿੱਤੀਆਂਧੱਕੇ-ਧੋੜੇ ਖਾਂਦੇ ਨੂੰ ਮੈਂਨੂੰ ਇੱਕ ਧੱਫਾ ਵੱਜਾ ਤੇ ਮੈਂ ਖੂਹੀ ਮੁਹਰੇ ਬਣੇ ਨਾਲੇ ਵਿੱਚ ਡਿੱਗ ਪਿਆਮੇਰਾ ਚੂਲਾ ਨਾਲੇ ਦੇ ਦੋ ਪੁੜਾਂ ਵਿੱਚ ਫਸ ਗਿਆਲੋਕ ਮਿੱਧ ਮਿੱਧ ਕੇ ਉੱਪਰ ਦੀ ਦੌੜਨ ਲੱਗੇਮੇਰੀ ਚੱਪਲ ਗਾਰੇ ਵਿੱਚ ਫਸ ਗਈਗੁੱਟ ਵਿੱਚੋਂ ਘੜੀ ਖੁੱਲ੍ਹ ਕੇ ਡਿੱਗ ਪਈ, ਜਿਹੜੀ ਅੰਨ੍ਹੇ ਵਾਹ ਹੱਥ ਮਾਰਦੇ ਨੂੰ ਲੱਭ ਪਈਗਾਰੇ ਨਾਲ ਅੱਧ-ਗੱਚ ਕੰਬਲ਼ੀ ਮੈਂ ਬਾਂਹ ਉੱਤੇ ਲਪੇਟੀ ਤੇ ਖੂਹੀ ਦੇ ਨਾਲ ਦੀ ਅੰਦਰ ਨੂੰ ਦੌੜਾਇੱਥੇ ਪਿੰਡ ਦੇ 15-20 ਨੌਜਵਾਨ ਹੋਰ ਵੀ ਖੜ੍ਹੇ ਸਨਸਾਹਮਣੇ ਦਰਵਾਜੇ ਨੂੰ ਜਿੰਦਰਾ ਵੱਜਿਆ ਹੋਇਆ ਸੀਮੁੰਡਿਆਂ ਨੇ ਜਿੰਦਾ ਤੋੜਿਆ ਤੇ ਅਸੀਂ ਅੱਗੇ ਨਿਕਲੇਅੱਗੇ ਫਿਰ ਚਾਰ ਦਿਵਾਰੀ ਕੀਤੀ ਹੋਈ ਸੀਕਈ ਵੱਡੇ ਮੁੰਡੇ ਤਾਂ ਛਾਲਾਂ ਮਾਰ ਕੇ, ਕੰਧ ਟੱਪ ਕੇ ਭੱਜ ਨਿਕਲੇ ਪਰ ਮੇਰੇ ਲਈ ਤਾਂ ਇਹ ਕਾਰਜ ਅਸੰਭਵ ਸੀਹੁਣ ਡਰ ਨਾਲ ਮੇਰਾ ਪਿੰਡਾਂ ਕੰਬਣ ਲੱਗ ਪਿਆ ਅਤੇ ਜ਼ੁਬਾਨ ਥਥਲਾਉਣ ਲੱਗ ਪਈ।

ਮੈਂ ਪਿੰਡ ਦੀ ਇੱਕ ਬੁੜ੍ਹੀ ‘ਲਸ਼ਮੀ’ ਦੀ ਅਵਾਜ਼ ਪਛਾਣ ਕੇ ਉਸਦੇ ਜੈਂਪਰ ਦਾ ਪੱਲਾ ਖਿੱਚਿਆ ਤੇ ਮਿੰਨਤਾਂ ਕਰਨ ਲੱਗਿਆ – ਤਾਈ ... ਤਾਈ … ਮੈਂਨੂੰ ਵੀ ਕੰਧ ਟਪਾ ਦੇਪਰ ਉੱਥੇ ਕੌਣ ਕਿਸੇ ਦੀ ਸੁਣਦਾ ਸੀ। ਸਭ ਨੂੰ ਆਪੋ-ਧਾਪੀ ਪਈ ਹੋਈ ਸੀਮੈਂ ਚਾਰ ਦਿਵਾਰੀ ਤੋਂ ਥੋੜ੍ਹਾ ਜਿਹਾ ਪਰੇ ਹਟ ਕੇ ਦੂਰੋਂ ਦੌੜਾ ਆਇਆ, ਉੱਛਲ ਕੇ ਕੰਧ ਦੇ ਉੱਪਰਲੇ ਵਾਰ ਨੂੰ ਹੱਥ ਪਾਇਆ ਤੇ ਘਿਸਰਦਾ ਘਿਸਰਦਾ ਕੰਧ ਉੱਪਰੋਂ ਦੀ ਲੱਤ ਘੁਮਾ ਕੇ ਦੂਜੇ ਪਾਸੇ ਧੈਅ ਕਰਦਾ ਡਿੱਗ ਪਿਆਡਿੱਗਦਿਆਂ ਸਾਰ ਈ ਉੱਠ ਕੇ ਖੜ੍ਹਾ ਹੋਇਆ ਤੇ ਘਰ ਨੂੰ ਸ਼ੂਟ ਵੱਟ ਦਿੱਤੀ

ਚੰਗੀ ਗੱਲ ਇਹ ਹੋਈ ਕਿ ਕੋਠੇ ਦੀ ਛੱਤ ਉੱਤੇ ਬੈਠੀਆਂ ਬੀਬੀਆਂ ਵੱਲ ਉਨ੍ਹਾਂ ਅਮਾਨਵੀ ਅਨਸਰਾਂ ਨੇ ਇੱਕ ਵੀ ਗੋਲੀ ਨਾ ਚਲਾਈਹੋ ਸਕਦਾ ਉੱਧਰ ਨਜ਼ਰ ਨਾ ਪਈ ਹੋਵੇਬਹੁਤੀਆਂ ਬੀਬੀਆਂ ਤਾਂ ਛੱਤ ਤੋਂ ਪਿਛਵਾੜੇ ਨੂੰ ਪੱਕੀ ਗਲੀ ਵਿੱਚੀਂ ਹੀ ਛਾਲਾਂ ਮਾਰ ਕੇ ਘਰਾਂ ਨੂੰ ਦੌੜੀਆਂਇਨ੍ਹਾਂ ਵਿੱਚੋਂ ਕਈ ਚੂਲੇ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀ ਨਾਲ ਵੀ ਗ੍ਰਸੀਆਂ ਗਈਆਂ

ਇੱਕ-ਅੱਧੇ ਮਿੰਟ ਵਿੱਚ ਹੀ ਮੈਂ ਘਰ ਪੁੱਜ ਗਿਆਠਾਕਰਦੁਆਰੇ ਤੇ ਘਰ ਵਿਚਲੀ ਵਿੱਥ ਮੈਂਨੂੰ ਸੁੰਗੜ ਗਈ ਜਾਪੀਘਰ ਪਹੁੰਚਾ ਤਾਂ ਘਰ ਵਿੱਚ ਪਿੱਟ-ਸਿਆਪਾ ਪਿਆ ਹੋਇਆ ਸੀ

ਮਾਮੇ ਦੇ ਦੋਨੋਂ ਮੁੰਡੇ ਤੇ ਤਾਏ ਦਾ ਮੁੰਡਾ, ਮੈਥੋਂ ਵੀ ਪਹਿਲਾਂ ਘਰ ਪਹੁੰਚ ਚੁੱਕੇ ਸਨਮੇਰੇ ਨਾ ਪੁੱਜਣ ਕਰਕੇ ਸਾਰੇ ਮੇਰੇ ਬਾਰੇ ਅਫਸੋਸੇ ਬੈਠੇ ਸਨਬੀਬੀ ਨੇ ਮੈਂਨੂੰ ਬੁੱਕਲ ਵਿੱਚ ਲੈ ਕੇ ਮੱਥਾ ਚੁੰਮਿਆਮੇਰੀਆਂ ਲੱਤਾਂ ਬਾਹਾਂ ਨੂੰ ਟੋਹਿਆ, ਮਤਾਂ ਮੇਰਾ ਵੀ ਕੋਈ ਅੰਗ ਕਿਧਰੇ ਗੋਲ਼ੀ ਲੱਗਣ ਨਾਲ ਨਾ ਵਿੰਨ੍ਹਿਆ ਗਿਆ ਹੋਵੇਮਾਮੇ ਦਾ ਮੁੰਡਾ, ਦੋ ਗੋਲ਼ੀਆਂ ਲੱਗਣ ਕਾਰਨ ਮੰਜੇ ’ਤੇ ਦਰਦ ਨਾਲ ਕਰਾਹ ਰਿਹਾ ਸੀਇੱਕ ਗੋਲੀ ਉਸਦੀ ਖੱਬੀ ਬਾਂਹ ਪਾੜ ਕੇ ਲੰਘ ਗਈ ਸੀ ਤੇ ਦੂਜੀ ਗੋਲ਼ੀ ਸੱਜੀ ਬਾਂਹ ਦੇ ਡੌਲੇ ਵਿੱਚ ਹੀ ਧਸੀ ਪਈ ਅੱਗ ਬਾਲ ਰਹੀ ਸੀਉਸ ਦੇ ਸਾਰੇ ਕੱਪੜੇ ਖ਼ੂਨ ਨਾਲ ਲੱਥਪੱਥ ਸਨਬੀਬੀ ਨੇ ਆਪਣੀਆਂ ਅਤੇ ਮੇਰੀਆਂ ਭੈਣਾਂ ਦੀਆਂ ਚੁੰਨੀਆਂ ਉਸ ਦੀਆਂ ਬਾਹਾਂ ਦੁਆਲੇ ਲਪੇਟੀਆਂ ਹੋਈਆਂ ਸਨ ਤਾਂ ਕਿ ਜ਼ਖਮਾਂ ਵਿੱਚੋਂ ਵਗ ਰਿਹਾ ਖ਼ੂਨ ਬੰਦ ਹੋ ਜਾਵੇ

ਠਾਕਰਦੁਆਰੇ ਲਗਭਗ ਅੱਧਾ ਘੰਟਾ ਨਿਹੱਥਿਆਂ ਨੂੰ ਕੋਹ-ਕੋਹ ਕੇ ਮਾਰਿਆ ਗਿਆਜਿਹੜੇ ਜਖਮੀਂ ਸਨ, ਉਹਨਾਂ ਦੇ ਦੁਬਾਰਾ ਗੋਲ਼ੀਆਂ ਮਾਰ-ਮਾਰ ਕੇ ਸਦਾ ਦੀ ਨੀਂਦ ਸੁਆ ਦਿੱਤਾਜਿਹੜੇ ਘੇਸਲ ਮਾਰ ਕੇ ਸਾਹ ਘੁੱਟੀ ਪਏ ਸਨ, ਉਹਨਾਂ ਦੇ ਨਲ਼ਾਂ ਵਿੱਚ ਠੁੱਡ ਮਾਰ-ਮਾਰ ਕੇ ਉਠਾਇਆ ਤੇ ਗੋਲ਼ੀਆਂ ਨਾਲ ਪਰੁੰਨ੍ਹਿਆ ਗਿਆਫਿਰ ਇਹ ਅਮਾਨਵੀ ਕਰਿੰਦੇ ਪਿੰਡ ਵਿੱਚ ਆ ਵੜੇਪਿੰਡ ਵਿੱਚ ਵੀ ਗੋਲ਼ੀਆਂ ਚਲਾਈਆਂਸਾਰਾ ਪਿੰਡ ਸੁੱਸਰੀ ਵਾਂਗ ਸੌਂ ਗਿਆਕੋਈ ਨਹੀਂ ਕੁਸਕਿਆਉਹ ਤਸੱਲੀ ਨਾਲ ਮਰਨਾਈਆਂ ਪਿੰਡ ਵੱਲ ਨੂੰ ਪੱਤਰਾ ਵਾਚ ਗਏ

ਇਸ ਗੋਲੀ ਕਾਂਡ ਵਿੱਚ ਮਰਨ ਵਾਲਿਆਂ ਵਿੱਚ ਪਿੰਡ ਦਾ ਹੀ ਇੱਕ ਵਿਅਕਤੀ ਨਿਰਮਲ ਸਿੰਘ ਇੰਨਸਪੈਕਟਰ ਸੀ. ਆਰ. ਪੀ. ਐੱਫ. 80 ਬਟਾਲੀਅਨ ਵੀ ਸ਼ਾਮਲ ਸੀਗੋਲ਼ੀ ਚੱਲਣ ਤੋਂ ਪੰਜ-ਸੱਤ ਮਿੰਟ ਪਹਿਲਾਂ ਨਿਰਮਲ ਸਿੰਘ ਨੇ ਵੇਲ ਕਰਾਈ ਸੀ ਕਿ ਇੰਨੀ ਤਰੀਕ ਨੂੰ ਸੀ.ਆਰ.ਪੀ.ਐੱਫ. ਵਿੱਚ ਨੌਜਵਾਨਾਂ ਦੀ ਭਰਤੀ ਹੋਣੀ ਹੈ, ਚਾਹਵਾਨ ਨੌਜਵਾਨ ਸਵੇਰੇ ਮੇਰੇ ਕੋਲੋਂ ਫਾਰਮ ਲੈ ਕੇ, ਭਰ ਕੇ, ਜਮ੍ਹਾਂ ਕਰਵਾ ਦੇਣਨਿਰਮਲ ਸਿੰਘ ਸਮਾਜ ਭਲਾਈ ਦਾ ਮਾਦਾ ਰੱਖਣ ਵਾਲੀ ਤਬੀਅਤ ਦਾ ਮਾਲਕ ਸੀਪਹਿਲਾਂ ਵੀ ਉਸਨੇ ਗਰੀਬ ਘਰਾਂ ਦੇ ਕਈ ਮੁੰਡੇ ਫੌਜ ਵਿੱਚ ਭਰਤੀ ਕਰਵਾਏ ਸਨਸਭ ਤੋਂ ਪਹਿਲਾਂ ਗੋਲ਼ੀ ਨਿਰਮਲ ਸਿੰਘ ਵਾਲੇ ਪਾਸੇ ਤੋਂ ਹੀ ਚੱਲਣੀ ਸ਼ੁਰੂ ਹੋਈਜੇ ਉਹ ਬਚਣਾ ਚਾਹੁੰਦਾ ਤਾਂ ਬਚ ਸਕਦਾ ਸੀਉਸਨੇ ਲੋਕਾਂ ਨੂੰ ਜ਼ਮੀਨ ’ਤੇ ਲੰਮੇ ਪੈ ਕੇ ਨਿਕਲ ਜਾਣ ਲਈ ਪ੍ਰੇਰਿਤ ਕੀਤਾਪਰ ਦੂਜਿਆਂ ਦੀ ਜਾਨ ਬਚਾਉਂਦਾ ਹੋਇਆ ਉਹ ਆਪ ਆਪਣੀ ਜਾਨ ਗੁਆ ਬੈਠਿਆਮੰਚ ਦੇ ਬਿਲਕੁਲ ਪਿਛਵਾੜੇ ਇੱਕ ਛੋਟੀ ਜਿਹੀ ਗੁਫਾ ਨੁਮਾ ਮਟੀ ਹੈਉਸ ਦਿਨ 15-16 ਬੰਦਿਆਂ ਨੇ ਇੱਥੇ ਘੁਸ ਕੇ ਆਪਣੀ ਜਾਨ ਬਚਾਈ

ਇੱਕ ਘੰਟੇ ਬਾਅਦ ਸ਼ਹਿਰੋਂ ਪੁਲਿਸ ਦੀਆਂ ਗੱਡੀਆਂ ਆਈਆਂ ਤੇ ਮੌਤ ਨਾਲ ਦਸਤ-ਪੰਜਾ ਲੈਂਦੇ ਜਖਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆਜਿਹੜੇ ਜ਼ਿਆਦਾ ਜ਼ਖਮੀ ਸਨ, ਉਹਨਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ

ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹਾਹਾਕਾਰ ਮਚੀ ਹੋਈ ਸੀਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਲਗਦਾ ਕਿ ਕਿੰਨੇ ਲੋਕ ਮਰੇ ਹਨ ਅਤੇ ਕਿੰਨੇ ਜ਼ਖਮੀ ਹੋਏ ਹਨਹਰ ਜ਼ਖਮੀ ਸ਼ਖ਼ਸ ਨੂੰ ਸਾਹਮਣੇ ਮੌਤ ਦਿਖਾਈ ਦੇ ਰਹੀ ਸੀਡਾਕਟਰ ਜ਼ਖਮੀਆਂ ਨਾਲ ਭਰੀ ਹੋਈ ਹਰ ਟਰਾਲੀ ਵਿੱਚੋਂ ਜ਼ਖਮੀਆਂ ਨੂੰ ਬੜੀ ਤਨਦੇਹੀ ਨਾਲ ਅੰਦਰ ਲਿਜਾ ਕੇ ਮਰ੍ਹਮ ਪੱਟੀ ਕਰ ਰਹੇ ਸਨਟਰਾਲੀ, ਜੀਪ, ਮੈਟਾਡੋਰ ਜ਼ਖਮੀ ਲੋਕਾਂ ਨੂੰ ਲੈ ਕੇ ਹਸਪਤਾਲ ਪੁੱਜ ਰਹੀਆਂ ਸਨਉੱਥੇ ਪੁੱਜੇ ਲੋਕ ਹੈਰਾਨ ਸਨ ਕਿ ਜ਼ਖਮੀਆਂ ਦੀ ਗਿਣਤੀ ਕਿੰਨੀ ਕੁ ਹੋਵੇਗੀਰਾਤ ਦੇ ਢਾਈ ਵਜੇ ਤੱਕ ਇਸੇ ਤਰ੍ਹਾਂ ਅੱਧ ਮਰੀ ਹਾਲਤ ਵਿੱਚ ਜ਼ਖਮੀ ਲੋਕ ਵਿਲਕਦੇ ਹਸਪਤਾਲ ਪਹੁੰਚਾਏ ਜਾਂਦੇ ਰਹੇ

ਜ਼ਖਮੀਆਂ ਵਿੱਚੋਂ ਤਿੰਨ ਵਿਅਕਤੀ ਤਾਂ ਰਸਤੇ ਵਿੱਚ ਹੀ ਸਵਾਸ ਤਿਆਗ ਗਏ ਅਤੇ ਇੱਕ ਹਸਪਤਾਲ ਵਿੱਚ ਡਾਕਟਰਾਂ ਦੇ ਹੱਥਾਂ ਵਿੱਚ ਦਮ ਤੋੜ ਗਿਆਹਸਪਤਾਲ ਦੇ ਬਾਹਰ ਜ਼ਖਮੀ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਵਿਰਲਾਪ ਸੁਣ-ਸੁਣ ਕੇ ਕੰਧਾਂ ਵੀ ਰੋ ਰਹੀਆਂ ਸਨ

ਅਗਲੇ ਦਿਨ ਸਵੇਰੇ ਪਿੰਡ ਅਤੇ ਠਾਕਰਦੁਆਰੇ ਦਾ ਮੰਜ਼ਰ ਦੇਖ ਕੇ ਗਸ਼ ਪੈਂਦੇ ਸਨਠਾਕਰਦੁਆਰੇ ਲਾਸ਼ਾਂ ਦੇ ਸੱਥਰ ਵਿਛੇ ਪਏ ਸਨਖ਼ੂਨ ਦੀਆਂ ਛਪੜੀਆਂ ਹਾਲੇ ਵੀ ਦਿਖਾਈ ਦੇ ਰਹੀਆਂ ਸਨਸ਼ਾਇਦ ਧਰਤੀ ਦੀ ਵੀ ਖ਼ੂਨ ਪੀ-ਪੀ ਕੇ ਬੱਸ ਹੋ ਗਈ ਹੋਵੇਮਾਸ ਦੇ ਚੀਥੜੇ ਕੰਧਾਂ ’ਤੇ ਲੱਗੇ ਹੋਏ ਸਨਜਦੋਂ ਇੱਕ ਬਜ਼ੁਰਗ ਨੇ ਇੱਕ ਖੋਪਰੀ ਦਾ ਰੁੱਗ ਸਾਰਾ ਮਾਸ, ਸਮੇਤ ਵਾਲ਼ਾਂ ਦੇ, ਬੋਹੜ ਦੇ ਟਾਹਣਾਂ ਵਿੱਚ ਫਸਿਆ ਦੇਖਿਆ ਤਾਂ ਉਸ ਨੂੰ ਗਸ਼ ਪੈ ਗਈਸ਼ਮੀ ਨਚਾਰ, ਜਿਸਦੇ ਘੁੰਗਰੂਆਂ ਵਾਲੇ ਪੈਰ ਢੋਲ ਦੇ ਇੱਕ ਤੋੜੇ ਤੇ ਚਾਰ-ਚਾਰ ਵਾਰ ਉਛਲਦੇ ਸਨ, ਵੇਲ ਰੁਪਏ ਦੀ ਵੇਲ … ਭਾਂਗਾ ਵਾਲਾ ਵੇਲ ਕਰਾਉਂਦਾ … ਵਾਲੀ ਹੇਕ ਜੋ ਬਿਨਾਂ ਮਾਇਕ ਦੇ ਚਾਰ ਪਿੰਡਾਂ ਵਿੱਚ ਸੁਣਦੀ ਸੀ, ਅੱਜ ਸਦਾ ਸਦਾ ਲਈ ਬੰਦ ਹੋ ਗਈ ਸੀਠਾਕਰਦੁਆਰੇ ਦੀਆਂ ਸੀਮਿੰਟ ਵਾਲੀਆਂ ਪੱਕੀਆਂ ਕੰਧਾਂ ਵਿੱਚ ਗੋਲ਼ੀਆਂ ਲੱਗਣ ਨਾਲ ਖੁੱਤੀਆਂ ਬਣ ਗਈਆਂ ਸਨਖੂਹ ਵਿੱਚੋਂ ਕਈ ਲਾਸ਼ਾਂ ਤੇ ਦੋ ਜਿਊਂਦੇ ਬੰਦੇ ਬਾਹਰ ਕੱਢੇ ਗਏ ਜਿਹੜੇ ਨਲਕੇ ਦੀ ਨਾਲ ਨੂੰ ਫੜ ਕੇ ਸਾਰੀ ਰਾਤ ਬਰਫ ਵਰਗੇ ਪਾਣੀ ਵਿੱਚ ਲਾਸ਼ਾਂ ਸੰਗ ਆਪਣੇ ਸਾਹਾਂ ਦੀ ਗਤੀ ਨੂੰ ਚਲਦਾ ਰੱਖਣ ਵਿੱਚ ਕਾਮਯਾਬ ਰਹੇ ਸਨ

ਉੱਧਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਲਾਸ਼ਾਂ ਚਿੱਟੇ ਕੱਫਣ ਨਾਲ ਢਕੀਆਂ ਹੋਈਆਂ ਸਨਮਰਨੇ ਵਾਲੇ ਜ਼ਿਆਦਾ ਨੌਜਵਾਨ ਸਨ, ਜੋ ਅੱਧੀ ਤੋਂ ਇੱਕ ਦਰਜਨ ਗੋਲ਼ੀਆਂ ਦਾ ਸ਼ਿਕਾਰ ਬਣੇ ਸਨਸਾਰਾ ਪਿੰਡ ਪੁਲਿਸ ਛਾਉਣੀ ਵਿੱਚ ਬਦਲਿਆ ਹੋਇਆ ਸੀਪੰਜਾਬ ਦਾ ਗਵਰਨਰ ਸ਼੍ਰੀ ਐੱਸ.ਐੱਸ. ਰੇਅ, ਏ.ਡੀ.ਜੀ.ਪੀ. ਸ਼੍ਰੀ ਕੇ.ਪੀ.ਐੱਸ. ਗਿੱਲ, ਡੀ.ਆਈ.ਜੀ. ਜਲੰਧਰ ਰੇਂਜ ਸ਼੍ਰੀ ਏ.ਏ. ਸਦੀਕੀ, ਐੱਸ.ਐੱਸ.ਪੀ. ਸ਼੍ਰੀ ਸੁਰੇਸ਼ ਅਰੋੜਾ, ਡਿਪਟੀ ਕਮਿਸ਼ਨਰ ਸ਼੍ਰੀ ਗੁਰਿੰਦਰਜੀਤ ਸਿੰਘ ਸੰਧੂ ਵਿਲਕਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰ ਰਹੇ ਸਨਜਦੋਂ ਇੱਕ ਬਜ਼ੁਰਗ ਕਬੱਡੀ ਖੇਡਣ ਆਏ ਆਪਣੇ ਦੋ ਸਰੂ ਵਰਗੇ ਪੋਤਿਆਂ ਦੀਆਂ ਲਾਸ਼ਾਂ ਟਰਾਲੀ ਵਿੱਚ ਰੱਖ ਕੇ ਤੁਰਿਆ ਤਾਂ ਉੱਥੇ ਖੜ੍ਹੇ ਹਰ ਸ਼ਖ਼ਸ ਦੀਆਂ ਅੱਖਾਂ ਵਿੱਚੋਂ ਘਰਾਲ਼ਾਂ ਵਾਂਗ ਵਗ ਤੁਰੀਆਂਕੁਝ ਲਾਸ਼ਾਂ ਅਗਲੇ ਦਿਨ ਕਣਕਾਂ ਦੇ ਖੇਤਾਂ ਵਿੱਚੋਂ ਮਿਲੀਆਂ ਜ਼ਖਮੀ ਲੋਕ ਤੱਤੇ-ਤੱਤੇ ਘਾ ਜਾਨ ਬਚਾਉਣ ਲਈ ਦੌੜਦੇ ਗਏ ਤੇ ਫਿਰ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਮਾਰਚ ਮਹੀਨੇ ਦੇ ਠੰਢੇ ਮੌਸਮ ਵਿੱਚ ਸਦਾ ਲਈ ਠੰਢੇ ਹੋ ਗਏਮਰਨ ਵਾਲਿਆਂ ਵਿੱਚ ਹਰ ਜਾਤ,ਮਜ਼ਹਬ ਦਾ ਬੰਦਾ ਸ਼ਾਮਲ ਸੀਬਾਰਾਂ ਡਾਕਟਰਾਂ ਦੇ ਦਸਤੇ ਨੇ ਪਿੰਡ ਵਿੱਚ ਹੀ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਅਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂਹਰ ਵੇਖਣ ਵਾਲਾ ਹੈਰਾਨ ਪ੍ਰੇਸ਼ਾਨ ਸੀ ਕਿ ਇਹ ਭਾਣਾ ਕੀ ਵਰਤ ਗਿਆਜ਼ਾਲਮਾਂ ਨੇ ਸੰਤਾਂ ਮਹਾਂਪੁਰਸ਼ਾਂ ਦੀ ਨਗਰੀ ਨੂੰ ਵੀ ਨਹੀਂ ਬਖਸ਼ਿਆ

ਠਾਕਰਦੁਆਰਾ ਅਤੇ ਪਿੰਡ ਦੀਆਂ ਗਲੀਆਂ, ਜਿਹੜੀਆਂ ਇੱਕ ਦਿਨ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਰੰਗਾਂ ਨਾਲ ਭਰੀਆਂ ਪਈਆਂ ਸਨ ਅੱਜ ਸਿਰਫ਼ ਇੱਕੋ ਰੰਗ ਨਾਲ ਰੰਗੀਆਂ ਗਈਆਂ ਸਨ, ਉਹ ਸੀ ਇਨਸਾਨੀਅਤਤਾ ਦਾ ਲਾਲ ਸੂਹਾ ਰੰਗ - ਖ਼ੂਨਗਲ਼ੀਆਂ ਵਿੱਚ ਖਿੱਲਰੇ ਪਰਨੇ, ਚੁੰਨੀਆਂ, ਜੁੱਤੀਆਂ ਦੇਖ ਕੇ ਕਾਲਜੇ ਦਾ ਰੁੱਗ ਭਰਦਾ ਸੀ ਕਿ ਲੋਕ ਆਪਣੀ ਜਾਨ ਬਚਾਉਣ ਲਈ ਕਿੰਝ ਦੌੜੇ ਹੋਣਗੇ

ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਇੰਨਾ ਡਰ ਅਤੇ ਸਹਿਮ ਪੈਦਾ ਹੋ ਗਿਆ ਸੀ ਕਿ ਉਹ ਹੱਸਣਾ ਖੇਡਣਾ ਵੀ ਭੁੱਲ ਗਏ ਸਨਗ਼ਮਾਂ ਦੀਆਂ ਹਨ੍ਹੇਰੀਆਂ ਨੇ ਉਹਨਾਂ ਨੂੰ ਸਹਿਮ ਦੇ ਚੱਕਰਵਿਊ ਵਿੱਚ ਕੈਦ ਕਰ ਲਿਆਇਸ ਮਾਹੌਲ ਤੋਂ ਪਹਿਲਾਂ ਅਸੀਂ ਸਕੂਲੋਂ ਸਾਰੀ ਛੁੱਟੀ ਹੁੰਦੇ ਸਾਰ ਹੀ ਬਸਤੇ ਘਰਾਂ ਵਿੱਚ ਰੱਖ ਕੇ, ਯਾਰਾਂ ਦੋਸਤਾਂ ਨੇ ਇਕੱਠਿਆਂ ਹੋ ਕੇ ਪਿੰਡ ਦੇ ਲਹਿੰਦੇ ਪਾਸੇ ਖੇਡ ਦੇ ਮੈਦਾਨ ਵਿੱਚ ਖੇਡਣ ਚਲੇ ਜਾਣਾਮਲ੍ਹਿਆਂ ਤੋਂ ਬੇਰ ਤੋੜ-ਤੋੜ ਕੇ ਖਾਣੇ ਅਤੇ ਹਨ੍ਹੇਰੇ ਹੋਏ ਘਰ ਵੜਨਾਪਰ ਇਸ ਘਟਨਾ ਤੋਂ ਬਾਅਦ ਬੱਚੇ ਤਾਂ ਕੀ, ਵੱਡੇ ਵੀ ਸੂਰਜ ਖੜ੍ਹੇ-ਖੜ੍ਹੇ ਘਰ ਵਾਪਸ ਆਉਣ ਲੱਗ ਪਏਇੱਕ ਵਾਰ ਅਸੀਂ ਖੇਡ ਰਹੇ ਸਾਂ ਕਿ ਖੇਡ ਦੇ ਮੈਦਾਨ ਲਾਗਿਓਂ ਇੱਕ ਚਿੱਟੀ ਜਿਪਸੀ ਲੰਘੀਅਸੀਂ ਡਰ ਦੇ ਮਾਰੇ ਦੌੜ ਕੇ ਮਲ੍ਹਿਆਂ ਦੇ ਉਹਲੇ ਲੰਮੇ ਪੈ ਗਏਜਦੋਂ ਗੱਡੀ ਦੀ ਆਵਾਜ਼ ਸੁਣਨੋ ਹਟ ਗਈ ਤਾਂ ਫਿਰ ਉੱਠ ਕੇ ਘਰਾਂ ਵੱਲ ਦੌੜੇਦਹਿਸ਼ਤ ਇੰਨੀ ਪਸਰੀ ਹੋਈ ਸੀ ਕਿ ਲੋਕਾਂ ਨੇ ਸ਼ਾਮ ਦਾ ਖਾਣਾ ਟਿੱਕੀ ਡਿਗਣ ਤੋਂ ਪਹਿਲਾਂ ਖਾਣਾ ਸ਼ੁਰੂ ਕਰ ਦਿੱਤਾਰਾਤ ਨੂੰ ਅੱਠ ਵਜੇ ਹੀ ਲੋਕ ਬੱਤੀਆਂ ਬੁਝਾ ਕੇ ਦਰਵਾਜਿਆਂ ਦੇ ਅੰਦਰੋਂ ਕੁੰਡੇ ਮਾਰ ਕੇ ਸੌਂ ਜਾਂਦੇ ਸਨਜਦੋਂ ਰਾਤ ਨੂੰ ਗਲ਼ੀਆਂ ਵਿੱਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣਨੀ ਤਾਂ ਸਾਰਿਆਂ ਨੂੰ ਭੈਅ ਆਉਣਾ ਕਿ ਕੋਈ ਫੇਰ ਨਾ ਰਾਹਾਂ ਵਿੱਚ ਖ਼ੂਨ ਦਾ ਪਿਆਸਾ ਘੁੰਮਦਾ ਹੋਵੇ

ਅਗਲੇ ਦਿਨ ਮੇਰੇ ਪਿੰਡ ਦੇ ਸ਼ਮਸ਼ਾਨ-ਘਾਟਾਂ ਵਿੱਚ 13 ਸਿਵੇ ਬਲੇਮੈਂ ਇੰਨੇ ਸਿਵੇ ਇਕੱਠੇ ਬਲਦੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਕਦੇ ਨਹੀਂ ਦੇਖੇਅੱਜ ਵੀ ਜਦੋਂ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਵੇਂ ਆਉਂਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨਸੋਚਦਾ ਹਾਂ, ਕੀ ਮਿਲਿਆ ਆਪਣਿਆਂ ਨੂੰ ਆਪਣਿਆਂ ਦੇ ਖ਼ੂਨ ਨਾਲ ਹੋਲੀ ਖੇਡ ਕੇ? ਅਸੀਂ ਜਨਰਲ ਡਾਇਰ ਦੁਆਰਾ ਕੀਤੇ ਜ਼ੁਲਮ ਨੂੰ ਅੱਜ ਤੱਕ ਨਿੰਦਦੇ ਹਾਂ ਪਰ ਜਦੋਂ ਆਪਣੇ ਹੀ ਆਪਣਿਆਂ ਦਾ ਘਾਣ ਕਰ ਜਾਣ ਤਾਂ ਫਿਰ ਦੋਸ਼ ਕਿਸਦੇ ਸਿਰ ਮੜ੍ਹੀਏ?

ਅੱਜ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਸਾਰੇ ਦੇਸ਼ ਵਿੱਚ ਚੱਲ ਰਹੀਆਂ ਹਨ ਅਤੇ ਉੱਪਰੋਂ ਹੋਲੀ ਦਾ ਤਿਉਹਾਰ ਲੰਘਿਆ, ਪਤਾ ਨਹੀਂ ਮੇਰੀ ਸਿਮਰਤੀ ਵਿੱਚ ਗੂੜ੍ਹੀ ਉਕਰੀ ਇਹ ਘਟਨਾ ਕਿਵੇਂ ਆ ਸਾਹਮਣੇ ਪ੍ਰਗਟ ਹੋ ਗਈਮਨ ਇੱਕ ਵਾਰ ਫਿਰ ਬਹੁਤ ਉਦਾਸ ਅਤੇ ਦੁਖੀ ਹੋ ਗਿਆਕਹਿੰਦੇ ਹਨ ਦੁੱਖ ਸਾਂਝਾ ਕਰਨ ਨਾਲ ਘਟਦਾ ਹੈ। ਡਾ. ਜਗਤਾਰ ਲਿਖਦੇ ਹਨ:

ਭਾਈ ਤਾਂ ਹੁੰਦੇ ਨੇ ਬਾਹਵਾਂ ਬੇ-ਵਜ੍ਹਾ ਨਾ ਕਤਲ ਕਰ,
ਜੇ ਪਿਆ ਮਿਲਣਾ ਮਿਲੇਂਗਾ ਕਿਹੜੀਆਂ ਬਾਹਵਾਂ ਦੇ ਨਾਲ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2045)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਜਸਵੰਤ ਰਾਏ

ਡਾ. ਜਸਵੰਤ ਰਾਏ

Sahri, Hoshiarpur, Punjab, India.
Phone: (011 - 91 - 98158 - 25999)
Email: (jassi_saifu@rediffmail.com)