SukhvirSGhuman7ਉਸ ਅਜਨਬੀ ਫਰਿਸ਼ਤੇ ਨੇ ਉਹ ਰਾਤ ਆਪ ਵੀ ਪੀ.ਜੀ.ਆਈ. ਦੇ ਮੈਦਾਨ ਵਿੱਚ ਹੀ ਕੱਟੀ ...
(30 ਜੂਨ 2019)

 

ਪਿਛਲੇ ਸਾਲ ਬਸੰਤ ਪੰਚਮੀ ਦੇ ਦਿਨ ਵਾਪਰੀ ਇੱਕ ਘਟਨਾ ਨੇ ਮੇਰੇ ਦਿਮਾਗ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜਿੱਥੇ ਅਜੋਕਾ ਮਨੁੱਖ ਨਿੱਜਵਾਦ ਅਤੇ ਪਦਾਰਥਵਾਦ ਦੀ ਭੇਂਟ ਚੜ੍ਹ ਚੁੱਕਿਆ ਹੈ, ਉੱਥੇ ਸਾਡੇ ਸਮਾਜ ਵਿੱਚ ਅਜੇ ਵੀ ਇਨਸਾਨੀਅਤ ਦੇ ਬੀਜ ਬਾਕੀ ਬਚੇ ਹੋਏ ਹਨ। ਕੁਝ ਹੱਥ ਅੱਜ ਵੀ ਜ਼ਰੂਰਤਮੰਦਾਂ ਦੀ ਲੋੜ ਲਈ ਨਿਰ-ਸਵਾਰਥ ਸੇਵਾ ਵਿੱਚ ਲੱਗੇ ਹੋਏ ਹਨ। ਭਾਵੇਂ ਕਿ ਇਹ ਵੀ ਆਮ ਹੀ ਦੇਖਣ ਵਿੱਚ ਆਉਂਦਾ ਕਿ ਭਿਆਨਕ ਤੋਂ ਭਿਆਨਕ ਦੁਰਘਟਨਾ ਵਾਪਰ ਜਾਣ ਸਮੇਂ ਵੀ ਬਹੁਤੇ ਲੋਕ ਜ਼ਰੂਰਤਮੰਦ ਜ਼ਖਮੀਆਂ ਦੀ ਮਦਦ ਕਰਨ ਦੀ ਥਾਂ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰਨ ਵਿੱਚ ਮਸਰੂਫ ਹੁੰਦੇ ਹਨ। ਪਰ ਮਨੁੱਖਤਾ ਦੀ ਸੇਵਾ ਕਰ ਰਹੇ ਹੱਥਾਂ ਨੂੰ ਦੇਖ ਕੇ ਸੁਭਾਵਿਕ ਹੀ ਮੂੰਹੋਂ ਨਿੱਕਲ ਜਾਂਦਾ ਹੈ ਕਿ “ ਇਨਸਾਨੀਅਤ ਜ਼ਿੰਦਾਬਾਦ।”

ਸਮਾਜ ਵਿੱਚ ਇਨਸਾਨੀਅਤ ਦਾ ਜ਼ਿੰਦਾਬਾਦ ਰਹਿਣਾ ਹੀ ਚੰਗੇ ਸਮਾਜ ਦੀ ਨਿਸ਼ਾਨੀ ਹੈ। ਪਰ ਜਿਸ ਘਟਨਾ ਵਿੱਚੋਂ ਮੈਂਨੂੰ ਇਨਸਾਨੀਅਤ ਦੇ ਜੀਵੰਤ ਹੋਣ ਦਾ ਚਿਹਰਾ ਨਜ਼ਰ ਆਇਆ ਉਹ ਇਸ ਤਰ੍ਹਾਂ ਹੈ:

ਹਾਦਸਾ ਇਹ ਵਾਪਰਿਆ ਕਿ ਬਸੰਤ ਪੰਚਮੀ ਦੇ ਦਿਨ ਮੇਰੇ ਕਰੀਬੀ ਰਿਸ਼ਤੇਦਾਰ ਦਾ ਬੱਚਾ ਪਤੰਗ ਉਡਾਉਣ ਲਈ ਘਰ ਦੀ ਛੱਤ ਉੱਤੇ ਜਾ ਚੜ੍ਹਿਆ। ਉਹ ਪਤੰਗ ਉਡਾਉਣ ਵਿੱਚ ਇੰਨਾ ਮਸਤ ਹੋ ਗਿਆ ਕਿ ਉਸ ਦੇ ਦਿਮਾਗ ਵਿੱਚੋਂ ਬਿਨਾਂ ਜੰਗਲੇ ਵਾਲੇ ਬਨੇਰੇ ਦਾ ਚੇਤਾ ਹੀ ਵਿਸਰ ਗਿਆ। ਪਤੰਗ ਚੜ੍ਹਾਉਂਦਿਆਂ ਉਸ ਦਾ ਪੈਰ ਬਨੇਰੇ ਤੋਂ ਅਜਿਹਾ ਫਿਸਲਿਆ ਕਿ ਉਹ ਇੱਕ ਪਲ ਵਿੱਚ ਹੀ ਘਰ ਦੇ ਪੱਕੇ ਵਿਹੜੇ ਵਿੱਚ ਆ ਡਿੱਗਿਆ। ਉਸ ਦੇ ਡਿੱਗਣ ਦਾ ਜ਼ਬਰਦਸਤ ਖੜਾਕ ਸੁਣਕੇ ਵਿਹੜੇ ਵਿੱਚ ਬੈਠੇ ਸਾਰੇ ਪਰਿਵਾਰਕ ਮੈਂਬਰਾਂ ਦੇ ਹੱਥ ਪੈਰ ਸੁੰਨ ਹੋ ਗਏ। ਜਦੋਂ ਉਹਨਾਂ ਨੇ ਭੱਜ ਕੇ ਵਿਹੜੇ ਵਿੱਚ ਡਿੱਗੇ ਬੱਚੇ ਨੂੰ ਚੁੱਕਿਆ ਤਾਂ ਬੱਚੇ ਨੂੰ ਬੇਹੋਸ਼ ਵੇਖ ਕੇ ਉਨ੍ਹਾਂ ਦੀਆਂ ਚੀਕਾਂ ਨਿੱਕਲ ਗਈਆਂ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਉਨ੍ਹਾਂ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਨੇ ਜਲਦਬਾਜ਼ੀ ਵਿੱਚ ਬੱਚੇ ਨੂੰ ਚੁੱਕਿਆ ਤੇ ਪਿੰਡ ਵਿੱਚ ਪ੍ਰੈਕਟਿਸ ਕਰਦੇ ਡਾਕਟਰ ਕੋਲ ਲੈ ਗਏ।

ਜਦੋਂ ਡਾਕਟਰ ਨੇ ਬੇਹੋਸ਼ ਹੋਏ ਬੱਚੇ ਨੂੰ ਚੈੱਕ ਕੀਤਾ ਤਾਂ ਉਸਦੀ ਗੰਭੀਰ ਹਾਲਤ ਦੇਖ ਕੇ ਡਾਕਟਰ ਨੇ ਕਿਹਾ ਕਿ ਇਸ ਨੂੰ ਜਲਦੀ ਤੋਂ ਜਲਦੀ ਸੰਗਰੂਰ ਹਸਪਤਾਲ ਵਿੱਚ ਲੈ ਜਾਵੋ। ਇਹ ਸੁਣਦਿਆਂ ਹੀ ਪਰਿਵਾਰਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਆਖਿਰ ਬੱਚੇ ਨੂੰ ਜਲਦੀ ਤੋਂ ਜਲਦੀ ਹਸਪਤਾਲ ਕਿਸ ਤਰ੍ਹਾਂ ਪਹੁੰਚਾਇਆ ਜਾਵੇ। ਭੱਜ ਨੱਠ ਕਰਨ ਉੱਤੇ ਵੀ ਜਦੋਂ ਕੋਈ ਸਾਧਨ ਨਾ ਮਿਲਿਆ ਤਾਂ ਉਹਨਾਂ ਦੀ ਨਜ਼ਰ ਪਿੰਡ ਦੀ ਬਾਹਰਲੀ ਫਿਰਨੀ ਤੇ ਆ ਰਹੀ ਇੱਕ ਗੱਡੀ ’ਤੇ ਪਈ। ਉਹਨਾਂ ਨੇ ਗੱਡੀ ਵਾਲੇ ਨੂੰ ਹੱਥ ਜੋੜੇ ਤੇ ਮਿੰਨਤ ਕਰਦਿਆਂ ਕਿਹਾ ਕਿ ਸਾਡੇ ਬੱਚੇ ਦੇ ਗੰਭੀਰ ਸੱਟ ਲੱਗੀ ਹੈ, ਕ੍ਰਿਪਾ ਕਰਕੇ ਤੁਸੀਂ ਆਪਣੀ ਗੱਡੀ ਰਾਹੀਂ ਇਸ ਨੂੰ ਜਲਦੀ ਸੰਗਰੂਰ ਪਹੁੰਚਾ ਦਿਓ।

ਉਸ ਗੱਡੀ ਵਾਲੇ ਨੇ ਬਿਨਾਂ ਝਿਜਕ ਦੇ ਕਿਹਾ ਕਿ ਤੁਸੀਂ ਬੱਚੇ ਨੂੰ ਫਟਾ-ਫਟ ਮੇਰੀ ਗੱਡੀ ਵਿੱਚ ਲਿਆਓ। ਉਸ ਨੇ ਗੰਭੀਰ ਹਾਲਤ ਬੱਚੇ ਨੂੰ ਸੰਗਰੂਰ ਹਸਪਤਾਲ ਪੁਹੰਚਾ ਦਿੱਤਾ। ਪਰ ਅਫਸੋਸ! ਕਿ ਸੰਗਰੂਰ ਵਾਲੇ ਡਾਕਟਰਾਂ ਨੇ ਕਹਿ ਦਿੱਤਾ ਕਿ ਇਸ ਬੱਚੇ ਦੀ ਹਾਲਤ ਅਤਿ ਗੰਭੀਰ ਹੈ, ਸੋ ਇਸ ਨੂੰ ਜਲਦੀ ਤੋਂ ਜਲਦੀ ਪੀ.ਜੀ.ਆਈ ਚੰਡੀਗੜ੍ਹ ਲੈ ਜਾਓ। ਇਹ ਸੁਣਦਿਆਂ ਪਰਿਵਾਰ ਦਾ ਧੀਰਜ ਜਬਾਬ ਦੇ ਚੁੱਕਿਆ ਸੀ। ਪਰ ਉਸ ਹਿੰਮਤਵਾਨ ਗੱਡੀ ਵਾਲੇ ਨੇ ਬੱਚੇ ਨੂੰ ਫਿਰ ਆਪਣੀ ਗੱਡੀ ਵਿੱਚ ਲਿਟਾਇਆ ਤੇ ਗੱਡੀ ਚੰਡੀਗੜ੍ਹ ਵੱਲ ਰਵਾਨਾ ਕਰ ਦਿੱਤੀ। ਬੱਚੇ ਨੂੰ ਪੀ.ਜੀ.ਆਈ. ਵਿੱਚ ਦਾਖਲ ਕਰਵਾਇਆ ਗਿਆ। ਬੱਚੇ ਨੂੰ ਦਾਖਲ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੱਡੀ ਵਾਲੇ ਨੂੰ ਕਿਹਾ ਕਿ ਮਦਦ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਹੁਣ ਤੁਸੀਂ ਵਾਪਸ ਜਾ ਸਕਦੇ ਹੋ। ਪਰ ਉਸ ਅਣਜਾਣ ਫਰਿਸ਼ਤੇ ਕਿਹਾ, “ਨਹੀਂ, ਮੈਂ ਇਸ ਹਾਲਤ ਵਿੱਚ ਤੁਹਾਨੂੰ ਇੱਥੇ ਛੱਡ ਕੇ ਨਹੀਂ ਜਾ ਸਕਦਾ।”

ਉਸ ਅਜਨਬੀ ਫਰਿਸ਼ਤੇ ਨੇ ਉਹ ਰਾਤ ਆਪ ਵੀ ਪੀ.ਜੀ.ਆਈ. ਦੇ ਮੈਦਾਨ ਵਿੱਚ ਹੀ ਕੱਟੀ। ਪਰਿਵਾਰ ਦੀ ਸਾਰੀ ਰਾਤ ਚਿੰਤਾ ਵਿੱਚ ਗੁਜਰ ਜਾਣ ਤੋਂ ਬਾਅਦ ਸਵੇਰੇ ਚੰਗੀ ਖਬਰ ਇਹ ਆਈ ਕਿ ਬੱਚਾ ਹੋਸ਼ ਵਿੱਚ ਆ ਚੁੱਕਿਆ ਸੀ ਅਤੇ ਉਸ ਦੀ ਹਾਲਤ ਵਿੱਚ ਵੀ ਸੁਧਾਰ ਆ ਚੁੱਕਿਆ ਸੀ। ਸਕੂਨ ਭਰੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਉੱਤੇ ਖੁਸ਼ੀ ਭਰੀ ਰੌਣਕ ਆ ਗਈ ਸੀ। ਪਰ ਬੱਚੇ ਨੂੰ ਅਜੇ ਕੁਝ ਦਿਨ ਹੋਰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਜਾਣਾ ਸੀ।

ਪਰਿਵਾਰ ਨੇ ਉਸ ਅਣਜਾਣ ਫਰਿਸ਼ਤੇ ਦਾ ਸ਼ੁਕਰਾਨਾ ਕਰਦੇ ਹੋਏ ਉਸ ਨੂੰ ਗੱਡੀ ਦਾ ਕਿਰਾਇਆ ਦੇਣਾ ਚਾਹਿਆ ਪਰ ਉਸ ਨੇ ਨਾਂਹ ਕਰ ਦਿੱਤੀ। ਫਿਰ ਪਰਿਵਾਰ ਵਾਲਿਆਂ ਨੇ ਉਸ ਨੂੰ ਕਿਹਾ ਕਿ ਜੇ ਤੁਸੀਂ ਗੱਡੀ ਦਾ ਕਿਰਾਇਆ ਨਹੀਂ ਲੈਣਾ ਤਾਂ ਕ੍ਰਿਪਾ ਕਰਕੇ ਪੈਟਰੌਲ ਜੋਗੇ ਪੈਸੇ ਤਾਂ ਜਰੂਰ ਲੈ ਲਵੋ। ਪਰ ਉਸ ਅਣਜਾਣ ਫਰਿਸ਼ਤੇ ਨੇ ਜੋ ਜਬਾਬ ਉਹ ਸਾਰਿਆ ਨੂੰ ਸ਼ੋਚਣ ਲਈ ਮਜਬੂਰ ਕਰ ਗਿਆ। ਉਸ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਮੈਂਨੂੰ ਇਹ ਹੁਕਮ ਹੈ, ਕਿਸੇ ਲੋੜਵੰਦ ਦੀ ਮਦਦ ਕਰਕੇ ਉਸ ਤੇ ਅਹਿਸਾਨ ਨਹੀਂ ਜਿਤਾਉਣਾ। ਉਸ ਰੱਬ ਦਾ ਸ਼ੁਕਰ ਹੈ ਕਿ, ਮੈਂ ਅੱਜ ਕਿਸੇ ਲੋੜਵੰਦ ਦੀ ਮਦਦ ਲਈ ਕੰਮ ਆ ਸਕਿਆ ਹਾਂ। ਇੰਨਾ ਕਹਿੰਦਿਆਂ ਉਹ ਅਣਜਾਣ ਫਰਿਸ਼ਤਾ ਪਰਿਵਾਰ ਕੋਲੋਂ ਵਿਦਾਇਗੀ ਲੈ ਕੇ ਆਪਣੀ ਗੱਡੀ ਵੱਲ ਨੂੰ ਹੋ ਤੁਰਿਆ।

ਸ਼ਾਇਦ ਹੁਣ ਉਹ ਫਰਿਸ਼ਤਾ ਕਿਸੇ ਹੋਰ ਲੋੜਵੰਦ ਦੀ ਮਦਦ ਲਈ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਿਆ ਸੀ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1649)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

 

About the Author

ਸੁਖਵੀਰ ਘੁਮਾਣ

ਸੁਖਵੀਰ ਘੁਮਾਣ

Dirba, Sangrur, Punjab, India.
Phone: (91 - 98155 - 90209)
Email: (sukhvirghuman5@gmail.com)