SSChhina7ਜਦੋਂ ਮੈਂ ਕਾਰ ਦੀ ਬਾਰੀ ਖੋਲ੍ਹ ਕੇ ਕਾਰ ਵਿੱਚ ਬੈਠਣ ਲੱਗਾ ਤਾਂ ਮੁਹੰਮਦ ਸ਼ਫੀ ਨੇ ...
(15 ਜੂਨ 2019)

 

ਕੁਝ ਚਿਰ ਪਹਿਲਾਂ ਜਦੋਂ ਮੈਂਨੂੰ ਪਾਕਿਸਤਾਨ ਵਿੱਚ ਗੁਰਦਵਾਰਿਆਂ ਦੀ ਯਾਤਰਾ ਦਾ ਵੀਜ਼ਾ ਮਿਲਿਆ ਤਾਂ ਇਸ ਵਿੱਚ ਕਰਤਾਰਪੁਰ ਸਾਹਿਬ, ਲਹੌਰ ਅਤੇ ਸੱਚਾ ਸੌਦਾ ਦਾ ਵੀਜ਼ਾ ਵੀ ਸੀਇਸ ਤੋਂ ਸਾਲ ਪਹਿਲਾਂ ਜਦੋਂ ਮੈਂਨੂੰ ਪਾਕਿਸਤਾਨ ਆਣ ਦਾ ਮੌਕਾ ਮਿਲਿਆ ਸੀ ਤਾਂ ਮੈਂ ਆਪਣੇ ਜਨਮ ਅਸਥਾਨ ਵਾਲੇ ਪਿੰਡ ਚੱਕ ਨੰਬਰ 96 ਜ਼ਿਲ੍ਹਾ ਸਰਗੋਧਾ ਵੀ ਗਿਆ ਸਾਂ, ਉੱਥੇ ਜਿਸ ਪਿਆਰ ਨਾਲ ਮੇਰੇ ਪਿੰਡ ਵਾਲਿਆਂ ਨੇ ਮੇਰਾ ਸੁਆਗਤ ਕੀਤਾ ਸੀ, ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾਪਿੰਡ ਪਹੁੰਚ ਕੇ ਜਦੋਂ ਮੈਂ ਦੱਸਿਆ ਕਿ ਮੈਂ ਨੰਬਰਦਾਰ ਲਛਮਣ ਸਿੰਘ ਦਾ ਪੋਤਰਾ ਹਾਂ, ਤਦ ਕੁਝ ਹੀ ਮਿੰਟਾਂ ਵਿੱਚ ਤਕਰੀਬਨ ਸਾਰੇ ਹੀ ਪਿੰਡ ਦੇ ਮਰਦ ਇੱਕ ਚੌਂਕ ਵਿੱਚ ਮੇਰੇ ਇਰਦ ਗਿਰਦ ਆ ਕੇ ਬੈਠ ਗਏ ਅਤੇ ਹੈਰਾਨੀ ਵਾਲੀ ਗੱਲ ਸੀ ਕਿ ਕੁਝ ਹੀ ਮਿੰਟਾਂ ਵਿੱਚ ਚਾਹ, ਪਕੌੜੇ ਅਤੇ ਜਲੇਬੀਆਂ ਵਗੈਰਾ ਕਿੱਧਰੋਂ ਉੱਥੇ ਆ ਗਈਆਂ ਅਤੇ ਉੱਥੇ ਇੱਦਾਂ ਲੱਗ ਰਿਹਾ ਸੀ, ਜਿਵੇਂ ਕੋਈ ਸਮਾਗਮ ਜਾਂ ਜਸ਼ਨ ਮਨਾਇਆ ਜਾ ਰਿਹਾ ਹੈਉੱਥੇ ਬੈਠੇ ਸਭ ਜਣੇ ਸਾਡੇ ਪਰਿਵਾਰ ਬਾਰੇ ਇੱਦਾਂ ਪੁੱਛ ਰਹੇ ਸਨ, ਜਿਵੇਂ ਉਹਨਾਂ ਨੂੰ ਵਿਛੜਨ ਦਾ ਬੜਾ ਉਦਰੇਵਾਂ ਹੋਵੇ

ਸੱਚਾ ਸੌਦਾ ਦੇ ਕੋਲ ਮੇਰੇ ਨਾਨਕਿਆਂ ਦਾ ਪਿੰਡ ਫੁੱਲਰਵਾਨ ਸੀ ਅਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਆਪਣੀ ਬੀਬੀ ਜੀ (ਮਾਤਾ ਜੀ) ਨਾਲ ਆਪਣੇ ਨਾਨਕੇ ਆਏ ਹੋਏ ਸਾਂ ਅਤੇ ਇੱਥੋਂ ਹੀ ਅਸੀਂ ਇੱਕ ਕਾਫਲੇ ਵਿੱਚ ਚੱਲ ਕੇ ਪੂਰਬੀ ਪੰਜਾਬ ਆਏ ਸਾਂਇਸ ਕਾਫਲੇ ਨੂੰ ਕੁਝ ਦਿਨ ਸੱਚਾ ਸੌਦਾ ਗੁਰਦਵਾਰੇ ਰਹਿਣਾ ਪਿਆ ਸੀ, ਇਸ ਲਈ 60 ਸਾਲ ਮਗਰੋਂ ਮੇਰੇ ਮਨ ਵਿੱਚ ਉਸ ਗੁਰਦਵਾਰੇ ਨੂੰ ਵੇਖਣ ਦੀ ਚਾਹ ਜਾਗ ਰਹੀ ਸੀ ਅਤੇ ਇਸ ਨਾਲ ਹੀ ਮੈਂ ਆਪਣੇ ਨਾਨਕੇ ਪਿੰਡ ਫੁੱਲਰਵਾਨ ਵੀ ਜਾਣਾ ਚਾਹੁੰਦਾ ਸਾਂਮੈਂ ਇੱਕ ਦਿਨ ਲਹੌਰ ਰਿਹਾ ਤੇ ਅਗਲੇ ਦਿਨ ਮੈਂ ਇੱਕ ਕਾਰ ’ਤੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ ਮੇਰੇ ਨਾਲ ਇੱਕ ਡਰਾਈਵਰ ਅਤੇ ਲਹੌਰ ਤੋਂ ਇੱਕ ਹੋਰ ਆਦਮੀ ਸੀ

ਕਰਤਾਰਪੁਰ ਵੱਲ ਜਾਂਦਿਆਂ ਰਾਹ ਵਿੱਚ ਇੱਕ ਵੱਡਾ ਸ਼ਹਿਰ ਨਾਰੋਵਾਲ ਆਇਆਉੱਥੇ ਕਈ ਥਾਵਾਂ ਤੇ, “ਬਾਜਵਾ ਗੈਸ ਸਟੇਸ਼ਨ” “ਬਾਜਵਾ ਰੈਸਟੋਰੈਂਟ” ਆਦਿ ਲਿਖਿਆ ਹੋਇਆ ਵੇਖਿਆਨਾਰੋਵਾਲ ਬਾਰੇ ਮੈਂ ਬਹੁਤ ਕੁਝ ਸੁਣਦਾ ਰਿਹਾ ਸਾਂ, ਕਿਉਂ ਜੋ ਤਾਇਆ ਜੀ ਦੇ ਸਹੁਰੇ, ਨਾਰੋਵਾਲ ਦੇ ਨੇੜੇ ਦੇ ਕਿਸੇ ਪਿੰਡ ਵਿੱਚ ਸਨ ਅਤੇ ਉਹ ਵੀ ਬਾਜਵੇ ਸਨਜਦੋਂ ਅਸੀਂ ਨਾਰੋਵਾਲ ਇੱਕ ਚਾਹ ਦੀ ਦੁਕਾਨ ਉੱਤੇ ਰੁਕੇ ਤਾਂ ਕੁਝ ਲੋਕ ਮੇਰੇ ਕੋਲ ਆ ਗਏ ਉਹਨਾਂ ਦੀ ਗੱਲਬਾਤ ਦਾ ਅੰਦਾਜ਼ ਉਸੇ ਤਰ੍ਹਾਂ ਦਾ ਸੀ, ਜਿਦਾਂ ਦਾ ਇੱਧਰੋਂ ਗਏ ਸਾਡੇ ਰਿਸ਼ਤੇਦਾਰਾਂ ਦਾ ਵੈਸੇ ਅੱਜਕਲ ਨਾਰੋਵਾਲ ਇੱਕ ਜ਼ਿਲ੍ਹਾ ਹੈਨਾਰੋਵਾਲ ਤੋਂ ਸ਼ਕਰਗੜ ਵਾਲੀ ਸੜਕ ’ਤੇ ਜਾਂਦਿਆਂ, ਦੋਹਾਂ ਪਾਸਿਆਂ ਦੇ ਖੇਤਾਂ ਵਿੱਚ ਝੋਨਾ, ਬਾਸਮਤੀ ਦੇ ਪਰਾਲੀ ਦੇ ਢੇਰ, ਪੈਲੀਆਂ ਵਿੱਚ ਲੱਗੇ ਹੋਏ ਸਨ ਅਤੇ ਰਾਵੀ ਦਰਿਆ ਦੇ ਸੱਜੇ ਪਾਸੇ ਦਾ ਇਹ ਇਲਾਕਾ ਬਿਲਕੁਲ ਹੀ ਰਾਵੀ ਦੇ ਖੱਬੇ ਪਾਸੇ ਵਾਲੇ ਇਲਾਕੇ ਵਰਗਾ ਜਾਪਦਾ ਸੀ ਅਤੇ ਇੱਥੋਂ ਦੇ ਲੋਕਾਂ ਦਾ ਪਹਿਰਾਵਾ ਅਤੇ ਗੱਲਬਾਤ ਬਿਲਕੁਲ ਉਸ ਤਰ੍ਹਾਂ ਹੀ ਲਗਦੀ ਸੀ, ਜਿਸ ਤਰ੍ਹਾਂ ਡੇਹਰਾ ਬਾਬਾ ਨਾਨਕ ਦੇ ਨੇੜੇ ਦੇ ਪਿੰਡਾਂ ਦੀ ਹੈ

ਅਸੀਂ ਜਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਤਾਂ ਗ੍ਰੰਥੀ ਜੀ ਨੂੰ ਮੈਂ ਪੁੱਛਿਆ ਕਿ ਇੱਥੋਂ ਡੇਹਰਾ ਬਾਬਾ ਨਾਨਕ ਤਾਂ ਬਹੁਤ ਨਜ਼ਦੀਕ ਹੋਣਾ ਹੈ, ਤਾਂ ਉਸ ਨੇ ਦੱਸਿਆ ਕਿ ਔਹ ਸਾਹਮਣੇ ਉੱਚੇ ਸਫੈਦੇ ਦੇ ਦਰਖਤ ਡੇਹਰਾ ਬਾਬਾ ਨਾਨਕ ਦੇ ਬਾਹਰ ਹਨਮੈਂ ਇਹ ਗੱਲ ਵੇਖ ਰਿਹਾ ਸਾਂ ਕਿ ਬੋਲੀ, ਚਿਹਰੇ, ਕੱਦ-ਕਾਠ, ਸਿਹਤ ਆਦਿ ਤੇ ਇਸ ਇਲਾਕੇ ਦੀ ਜਮੀਨ ਅਤੇ ਜਲਵਾਯੂ ਦਾ ਕਿੰਨਾ ਪ੍ਰਭਾਵ ਸੀ, ਜਿਸ ਨੂੰ ਸਰਹੱਦ ਦੀ ਲਕੀਰ ਵੰਡ ਨਹੀਂ ਸਕੀ

ਇਸ ਤੋਂ ਬਾਦ ਅਸੀਂ ਸੱਚਾ ਸੌਦਾ ਵੱਲ ਚੱਲ ਪਏ ਸ਼ੇਖੂਪੁਰੇ ਵਿੱਚੋਂ ਦੀ ਲੰਘਦਿਆਂ ਜਦੋਂ ਅਸੀਂ ਕਚਿਹਰੀਆਂ ਦੇ ਕੋਲੋਂ ਲੰਘ ਰਹੇ ਸਾਂ ਤਾਂ ਮੈਂਨੂੰ ਮਾਮਾ ਜੀ ਵੱਲੋਂ ਸੁਣਾਈਆਂ ਇਸ ਕਚਿਹਰੀ ਨਾਲ ਸਬੰਧਿਤ ਕਈ ਕਹਾਣੀਆਂ ਯਾਦ ਆ ਗਈਆਂ ਮੈਂ ਉਸ ਸਮੇਂ ਦੀ ਕਲਪਨਾ ਕਰਨ ਲੱਗ ਪਿਆ, ਜਦੋਂ ਇਨ੍ਹਾਂ ਕਚਿਹਰੀਆਂ ਵਿੱਚ ਪੱਗਾਂ ਵਾਲੇ ਸਿੱਖ ਸਰਦਾਰਾਂ ਦੀ ਰੌਣਕ ਹੁੰਦੀ ਹੋਵੇਗੀਹੁਣ ਸਾਡੀ ਕਾਰ ਸੱਚਾ ਸੌਦਾ ਗੁਰਦਵਾਰੇ ਵੱਲ ਜਾ ਰਹੀ ਸੀ ਸੜਕ ਉੱਤੇ ਤੁਰੇ ਜਾਂਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਸੀ, ਜਿਸ ਤਰ੍ਹਾਂ ਦਾ ਮੈਂ ਮਾਮਾ ਜੀ ਦਾ ਵੇਖਦਾ ਰਿਹਾ ਸਾਂਉਹਨਾਂ ਦੇ ਚਿਹਰੇ ਅਤੇ ਕੱਦ ਕਾਠ ਸਭ ਕੁਝ ਉਸ ਤਰ੍ਹਾਂ ਦਾ ਹੀ ਸੀ, ਜਿਨ੍ਹਾਂ ਵਿੱਚ ਕਈਆਂ ਨੇ ਤਹਿਮਤਾਂ ਬੱਧੀਆਂ ਹੋਈਆਂ ਸਨ ਅਤੇ ਕਈਆਂ ਨੇ ਪਜਾਮੇਂ ਪਾਏ ਹੋਏ ਸਨਪਰ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਪਗੜੀਆਂ ਬੰਨ੍ਹੀਆਂ ਹੋਈਆਂ ਸਨਸੈਂਕੜੇ ਵਾਰ ਮੈਂ ਮੰਡੀ ਚੂਹੜਕਾਣੇ ਦਾ ਜ਼ਿਕਰ ਸੁਣਦਾ ਰਿਹਾ ਸਾਂ, ਪਰ ਅੱਜਕਲ ਇਸਦਾ ਨਾਂ ਬਦਲ ਕੇ ਫਰੂਕਾਬਾਦ ਰੱਖਿਆ ਗਿਆ ਹੈ ਅਤੇ ਇਸਦੇ ਨਾਲ ਹੀ ਗੁਰਦਵਾਰਾ ਸੱਚਾ ਸੌਦਾ ਹੈ

ਗੁਰਦਵਾਰੇ ਵੱਲ ਜਾਂਦਿਆਂ ਮੈਂ ਆਪਣੇ ਨਾਲ ਗਏ ਵਿਅਕਤੀ ਨੂੰ ਦੱਸਿਆ ਕਿ ਗੁਰਦਵਾਰਾ ਪੌੜੀਆਂ ਚੜ੍ਹ ਕੇ ਜਾਈਦਾ ਹੈ ਤਾਂ ਉਹ ਪੁੱਛਣ ਲੱਗਾ ਕਿ ਕੀ ਮੈਂ ਪਹਿਲਾਂ ਵੀ ਇੱਥੇ ਆਇਆ ਹਾਂਮੈਂ ਉਸ ਨੂੰ ਉਹ ਸਮਾਂ ਦੱਸਿਆ ਜਦੋਂ ਮੈਂ ਬਚਪਨ ਵਿੱਚ ਆਪਣੇ ਨਾਨਕਿਆਂ ਦੇ ਪਿੰਡ ਦੇ ਲੋਕਾਂ ਨਾਲ ਇਸ ਗੁਰਦਵਾਰੇ ਵਿੱਚ ਕਈ ਦਿਨ ਰਿਹਾ ਸਾਂਗੁਰਦਵਾਰੇ ਮੱਥਾ ਟੇਕਣ ਤੋਂ ਬਾਦ ਗ੍ਰੰਥੀ ਜੀ ਨੇ ਸਾਨੂੰ ਚਾਹ ਪਿਆਈਉਸ ਕੋਂਲੋਂ ਮੈਂ ਫੁੱਲਰਵਾਨ ਪਿੰਡ ਬਾਰੇ ਪੁੱਛ ਰਿਹਾ ਸਾਂ, ਤਾਂ ਉਹ ਦੱਸਣ ਲੱਗਾ ਕਿ ਇਸ ਤੋਂ ਬਾਦ “ਯਾਤਰੀ” ਸਟੇਸ਼ਨ ਆਉਂਦਾ ਹੈ ਅਤੇ ਉਸ ਤੋਂ ਬਾਦ “ਬਹਾਲੀਕੇ” ਅਤੇ ਉਸ ਦੇ ਨਾਲ ਹੀ ਫੁੱਲਰਵਾਨ ਹੈ ਅਤੇ ਇਹ ਕੋਈ 8-9 ਕਿਲੋਮੀਟਰ ਤੋਂ ਵੱਧ ਨਹੀਂ

ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਆਪਣਾ ਨਾਨਕਾ ਪਿੰਡ ਜਰੂਰ ਵੇਖਣਾ ਚਾਹੁੰਦਾ ਹਾਂਉਹ ਕਹਿਣ ਲੱਗਾ ਕਿ ਕੀ ਤੁਹਾਨੂੰ ਉਸ ਪਿੰਡ ਵਿੱਚ ਕੋਈ ਜਾਣਦਾ ਹੈ? ਅਸਲ ਵਿੱਚ ਉਹ ਉੱਥੇ ਨਹੀਂ ਸੀ ਜਾਣਾ ਚਾਹੁੰਦਾ ਅਤੇ ਮਹਿਸੂਸ ਕਰਦਾ ਸੀ ਕਿ ਉੱਥੇ ਕਾਫੀ ਸਮਾਂ ਲੱਗ ਜਾਵੇਗਾਪਰ ਭਾਵੇਂ ਮੈਂਨੂੰ ਉਸ ਪਿੰਡ ਵਿੱਚ ਕੋਈ ਵੀ ਨਹੀਂ ਸੀ ਜਾਣਦਾ ਪਰ ਇਹ ਮੇਰੀ ਜਜ਼ਬਾਤੀ ਜਹੀ ਖਾਹਿਸ਼ ਸੀ ਕਿ ਉਸ ਪਿੰਡ ਨੂੰ ਜਰੂਰ ਵੇਖ ਕੇ ਆਵਾਂ, ਜਿੱਥੋਂ ਉੱਠ ਕੇ ਅਸੀਂ ਭਾਰਤ ਗਏ ਸਾਂਮੈਂ ਵੇਖਣਾ ਚਾਹੁੰਦਾ ਸਾਂ ਕਿ ਹੁਣ ਉਹ ਪਿੰਡ ਕਿਸ ਤਰ੍ਹਾਂ ਦਾ ਲੱਗਦਾ ਹੈ

ਸਾਡੇ ਨਾਲ ਗਏ ਵਿਅਕਤੀ ਨੇ ਦੱਸਿਆ ਕਿ ਇੱਥੇ ਇੱਕ ਆੜ੍ਹਤੀ ਉਸ ਦਾ ਵਾਕਫ ਹੈ, ਉਸ ਨੂੰ ਉਹ ਮਿਲਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਦ ਫੁੱਲਰਵਾਨ ਹੋ ਕੇ ਨਨਕਾਣਾ ਸਾਹਿਬ ਚੱਲਾਂਗੇ

ਜਦੋਂ ਅਸੀਂ ਆੜ੍ਹਤੀ ਕੋਲ ਗਏ ਤਾਂ ਉਹ ਆਪਣੀ ਦੁਕਾਨ ਵਿੱਚ ਹੀ ਸੀਲੱਕੜ ਦੀ ਸੰਦੂਕੜੀ ਅਤੇ ਲਾਲ-ਲਾਲ ਵਹੀਆਂ ਉਸ ਦੇ ਅੱਗੇ ਪਈਆਂ ਸਨ, ਜਿਸ ਤਰ੍ਹਾਂ ਸਾਡੀਆਂ ਅਨਾਜ ਮੰਡੀਆਂ ਵਿੱਚ ਹੁੰਦੀਆਂ ਹਨਕੰਡਾ, ਵੱਟੇ ਅਤੇ ਬੋਰੀਆਂ ਦਾ ਬਾਰਦਾਨਾ ਸਭ ਕੁਝ ਉਸੇ ਤਰ੍ਹਾਂ ਦਾ ਹੀ ਮਾਹੌਲ ਸੀ, ਜੋ ਅਸੀਂ ਬਚਪਨ ਤੋਂ ਇੱਧਰ ਆਪਣੇ ਸ਼ਹਿਰ ਦੇ ਆੜ੍ਹਤੀਆਂ ਕੋਲ ਵੇਖਦੇ ਰਹੇ ਹਾਂਮੈਂਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਉਹ ਕਾਫੀ ਕੁਝ ਪੁੱਛਣ ਲਈ ਉਤਸੁਕ ਸੀ ਅਤੇ ਭਾਵੇਂ ਰੋਜਿਆਂ ਦੇ ਦਿਨ ਸਨ, ਪਰ ਉਸ ਨੇ ਇੱਕ ਲੜਕੇ ਨੂੰ ਭੇਜ ਕੇ ਇੱਕ ਡੂੰਨਾ ਜਲੇਬੀਆਂ ਦਾ, ਇੱਕ ਸਮੋਸਿਆਂ ਦਾ ਅਤੇ ਇੱਕ ਚਾਹ ਦਾ ਗਲਾਸ ਮੰਗਵਾ ਲਿਆ

ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਫੁੱਲਰਵਾਨ ਪਿੰਡ ਵੇਖਣਾ ਚਾਹੁੰਦਾ ਹਾਂ ਤਾਂ ਉਸ ਨੇ ਵੀ ਉਹੋ ਸਵਾਲ ਕੀਤਾ ਕਿ ਕੋਈ ਤੁਹਾਨੂੰ ਉੱਥੇ ਜਾਣਦਾ ਹੈ? ਅਤੇ ਨਾਲ ਹੀ ਕਹਿਣ ਲੱਗਾ ਕਿ ਹੁਣੇ ਹੀ ਫੁੱਲਰਵਾਨ ਦਾ ਇੱਕ ਜੱਟ ਉਸ ਕੋਲ ਆਇਆ ਸੀ ਅਤੇ ਉਹ ਡਾਕਟਰ ਕੋਲ ਗਿਆ ਹੈਫਿਰ ਉਸ ਨੇ ਲੜਕੇ ਨੂੰ ਉਸ ਨੂੰ ਬੁਲਾਉਣ ਲਈ ਭੇਜਿਆ ਅਤੇ ਦੱਸਣ ਲੱਗਾ ਕਿ ਫੁੱਲਰਵਾਨ ਦੇ ਜ਼ਿਆਦਾਤਰ ਲੋਕ ਆਪਣੀ ਫਸਲ ਉਸ ਦੀ ਆੜ੍ਹਤ ’ਤੇ ਹੀ ਲਿਆਉਂਦੇ ਹਨ ਮੈਂ ਫਿਰ ਉਸ ਸਮੇਂ ਦੀ ਕਲਪਨਾ ਕਰਨ ਲੱਗਾ ਜਦੋਂ ਮੇਰੇ ਮਾਮਾ ਜੀ ਅਤੇ ਹੋਰ ਸਿੱਖ ਸਰਦਾਰ ਇੰਨਾ ਆੜ੍ਹਤਾਂ ਤੇ ਆਉਂਦੇ ਹੋਣਗੇਇੰਨੇ ਨੂੰ ਉਹ ਵਿਅਕਤੀ, ਮੁਹੰਮਦ ਸ਼ਫੀ, ਉਸ ਲੜਕੇ ਦੇ ਨਾਲ ਤੁਰਿਆ ਆ ਰਿਹਾ ਸੀ ਅਤੇ ਉਸ ਦਾ ਪਹਿਰਾਵਾ ਅਤੇ ਨੈਨ ਨਕਸ਼, ਕੱਦ ਕਾਠ, ਚਿਹਰਾ ਬਿਲਕੁਲ ਮਾਮਾ ਜੀ ਵਰਗਾ ਲੱਗਦਾ ਸੀਉਸ ਨੇ ਪਗੜੀ ਵੀ ਬੰਨ੍ਹੀ ਹੋਈ ਸੀ

ਮੈਂ ਉੱਠ ਕੇ ਖੜ੍ਹਾ ਹੋ ਗਿਆ ਤਾਂ ਉਸ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਬੈਠਣ ਲਈ ਕਿਹਾਆੜ੍ਹਤੀ ਨੇ ਉਸ ਨੂੰ ਦੱਸਿਆ ਕਿ ਇਨ੍ਹਾਂ ਸਰਦਾਰ ਹੁਰਾਂ ਦਾ ਨਾਨਕਾ ਪਿੰਡ “ਫੁੱਲਰਵਾਨ” ਹੈਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਨਾ ਜੀ ਦਾ ਨਾਮ ਸ. ਬੇਲਾ ਸਿੰਘ ਸੀ, ਅਤੇ ਮਾਮਿਆਂ ਦੇ ਨਾਂ ਸਨ, ਕਰਮ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ ਅਤੇ ਉਹ ਵਿਰਕ ਸਨ ਮੁਹੰਮਦ ਸ਼ਫੀ ਦੱਸਣ ਲੱਗਾ ਕਿ ਉਹ ਵੀ ਵਿਰਕ ਹੈਉਸ ਪਿੰਡ ਦੇ ਜ਼ਿਆਦਾ ਲੋਕ ਵਿਰਕ ਹਨ, ਅਸਲ ਵਿੱਚ ਇਸ ਇਲਾਕੇ ਵਿੱਚ ਜ਼ਿਆਦਾ ਅਬਾਦੀ ਵਿਰਕਾਂ ਦੀ ਹੈ, ਇੱਥੋਂ ਦਾ ਐੱਮ.ਐੱਲ.ਏ ਅਤੇ ਸ਼ੇਖੂਪੁਰੇ ਦਾ ਐੱਮ.ਐੱਲ.ਏ ਵੀ ਵਿਰਕ ਹੈ ਉਹ ਕਹਿਣ ਲੱਗਾ ਕਿ ਇਹ ਨਾਂ ਤਾਂ ਉਸ ਨੇ ਸੁਣੇ ਹੋਏ ਹਨ ਪਰ ਉਸ ਨੂੰ ਇਨ੍ਹਾਂ ਬਾਰੇ ਜ਼ਿਆਦਾ ਪਤਾ ਨਹੀਂ ਕਿਉਂ ਜੋ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਉਹ 7-8 ਸਾਲ ਦਾ ਹੀ ਸੀ

ਕੁਝ ਚਿਰ ਬਾਦ ਉਹ ਉੱਠਿਆ ਅਤੇ ਬਾਹਰ ਨੂੰ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਹੁਣੇ ਆਇਆ ਅਸੀਂ ਸੋਚਿਆ ਕਿ ਸ਼ਾਇਦ ਉਹ ਕੋਈ ਸੁਨੇਹਾ ਦੇਣ ਗਿਆ ਹੈ ਪਰ ਕੁਝ ਮਿੰਟਾਂ ਬਾਦ ਉਸ ਦੇ ਇੱਕ ਹੱਥ ਜਲੇਬੀਆਂ ਅਤੇ ਸਮੋਸਿਆਂ ਦਾ ਡੂੰਨਾ ਅਤੇ ਇੱਕ ਹੱਥ ਵਿੱਚ ਚਾਹ ਦਾ ਗਿਲਾਸ ਸੀ ਮੈਂ ਉਸ ਨੂੰ ਦੱਸਿਆ ਕਿ ਹੁਣ ਤਾਂ ਕੋਈ ਗੁੰਜਾਇਸ਼ ਹੀ ਨਹੀਂ, ਮੈਂ ਤਾਂ ਹੁਣੇ ਚਾਹ ਪੀਤੀ ਹੈ ਤਾਂ ਉਹ ਕਹਿਣ ਲੱਗਾ, ਬੇਸ਼ੱਕ ਪੀਤੀ ਹੈ ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਵਿਰਕਾਂ ਦਾ ਦੋਹਤਰਾ ਹੋਵੇ ਤੇ ਸੁੱਕੇ ਮੂੰਹ ਚਲਾ ਜਾਵੇ

ਫਿਰ ਉਹ ਪਿੰਡ ਲਿਜਾਣ ਦੀ ਜ਼ਿਦ ਕਰਨ ਲੱਗਾ ਪਰ ਮੇਰੇ ਨਾਲ ਦੇ ਡਰਾਈਵਰ ਅਤੇ ਉਹ ਦੋਵੇਂ ਵਿਅਕਤੀ ਵਾਪਸ ਲਹੌਰ ਰਾਤ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਸਨਮੇਰਾ ਦਿਲ ਕਰਦਾ ਸੀ, ਉਸ ਕੋਲੋਂ ਬਹੁਤ ਕੁਝ ਪੁੱਛ ਲਵਾਂ ਭਾਵੇਂ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਨਹੀਂ ਸੀ ਜਾਣਦਾ ਕਾਫੀ ਸਮਾਂ ਹੋ ਚੁੱਕਾ ਸੀ ਅਤੇ ਅਸੀਂ ਉੱਠ ਕੇ ਕਾਰ ਦੇ ਕੋਲ ਆ ਗਏ ਜਦੋਂ ਮੈਂ ਕਾਰ ਦੀ ਬਾਰੀ ਖੋਲ੍ਹ ਕੇ ਕਾਰ ਵਿੱਚ ਬੈਠਣ ਲੱਗਾ ਤਾਂ ਮੁਹੰਮਦ ਸ਼ਫੀ ਨੇ ਕਮੀਜ਼ ਚੁੱਕ ਕੇ ਫਤੂਹੀ ਵਿੱਚੋਂ ਬਟੂਆ ਕੱਢਿਆ ਇਸ ਤਰ੍ਹਾਂ ਦੀ ਫਤੂਹੀ ਹੀ ਮਾਮਾ ਜੀ ਪਾਉਂਦੇ ਰਹੇ ਹਨਮੁਹੰਮਦ ਸ਼ਫੀ ਨੇ ਬਟੂਏ ਵਿੱਚੋਂ ਪੰਜਾਹ ਰੁਪਏ ਦਾ ਨੋਟ ਕੱਢ ਕੇ ਮੇਰੇ ਵੱਲ ਕੀਤਾ

“ਇਹ ਕੀ? ਇਸ ਤਰ੍ਹਾਂ ਨਹੀਂ ਹੋ ਸਕਦਾ, ਨਹੀਂ ਨਹੀਂ ...,” ਮੈਂ ਕਹਿ ਰਿਹਾ ਸਾਂ ਪਰ ਉਹ ਬਦੋਬਦੀ ਪੰਜਾਹ ਦਾ ਨੋਟ ਮੇਰੀ ਜੇਬ ਵਿੱਚ ਪਾਉਂਦਿਆਂ ਹੋਇਆਂ ਕਹਿਣ ਲੱਗਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਵਿਰਕਾਂ ਦਾ ਦੋਹਤਰਾ ਹੋਵੇ ਅਤੇ ਖਾਲੀ ਹੱਥ ਚਲਾ ਜਾਵੇ

ਉਸ ਵੇਲੇ ਮੇਰਾ ਅਤੇ ਉਸ ਦਾ ਗਲਾ ਭਰ ਆਇਆ ਨਾ ਮੈਂ ਕੁਝ ਕਹਿ ਸਕਿਆ, ਨਾ ਉਹ ਹੀ ਕੁਝ ਬੋਲਿਆਕਾਰ ਵਿੱਚ ਆਉਂਦਿਆਂ ਬਹੁਤ ਚਿਰ ਮੈਂ ਨਹੀਂ ਬੋਲਿਆ ਅਤੇ ਰਾਤ ਨੂੰ ਜਦ ਲਹੌਰ ਸ਼ਹਿਰ ਵਿੱਚ ਅਸੀਂ ਸ਼ਹਿਰ ਦੀਆਂ ਜਗਮਗਾਉਂਦੀਆਂ ਸੜਕਾਂ ’ਤੇ ਦੌੜ ਰਹੇ ਸਾਂ ਤਾਂ ਮੈਂਨੂੰ ਮੁਹੰਮਦ ਸ਼ਫੀ ਦੇ ਉਹ ਲਫਜ਼ ਬਾਰ-ਬਾਰ ਯਾਦ ਆ ਰਹੇ ਸਨ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ “ਵਿਰਕਾਂ ਦਾ ਦੋਹਤਰਾ ਹੋਵੇ ਤੇ ...।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1633)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਐੱਸ ਐੱਸ ਛੀਨਾ

ਡਾ. ਐੱਸ ਐੱਸ ਛੀਨਾ

Phone: (91 - 78890 - 39596)
Email: (sarbjitchhina@yahoo.co.in)