“ਸਮਕਾਲੀ ਦੌਰ ਦੀ ਮਿੰਨੀ ਕਹਾਣੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਮਾਜ ਵਿੱਚ ਔਰਤ ਦੀ ਤ੍ਰਾਸਦਿਕ ਸਥਿਤੀ ...”
(8 ਜੂਨ 2019)
ਬਦਲਾਵ ਕੁਦਰਤ ਦਾ ਨਿਯਮ ਹੈ। ਇਹ ਬਦਲਾਵ ਸਾਡੇ ਜੀਵਨ ਦੇ ਸਮਾਜਿਕ, ਸਭਿਆਚਾਰਕ, ਵਿਚਾਰਧਾਰਕ ਤੇ ਆਰਥਿਕ ਧਰਾਤਲ ਤੇ ਨਿਰੰਤਰ ਜਾਰੀ ਰਹਿੰਦੇ ਹਨ। ਸਾਹਿਤ ਮਨੁੱਖੀ ਜੀਵਨ ਦੀ ਹੀ ਤਰਜ਼ਮਾਨੀ ਕਰਦਾ ਹੈ ਇਸ ਲਈ ਇਹ ਵੀ ਨਿਰੰਤਰ ਬਦਲਾਉ ਦੀ ਪ੍ਰਕ੍ਰਿਆ ਵਿੱਚੋਂ ਲੰਘਦਾ ਹੈ। ਭਾਵੇਂ ਸਾਹਿਤ ਦੀਆਂ ਪਰੰਪਰਾਗਤ ਵਿਧਾਵਾਂ ਨੇ ਵੀ ਮਨੁੱਖੀ ਜੀਵਨ ਵਿੱਚ ਆਉਣ ਵਾਲੇ ਬਦਲਾ ਨੂੰ ਪਰਤ ਦਰ ਪਰਤ ਪੇਸ਼ ਕੀਤਾ ਹੈ ਪਰ ਗਲਪੀ ਸਾਹਿਤ ਦੀ ਨਵੀਂ ਵਿਧਾ ਮਿੰਨੀ ਕਹਾਣੀ ਨੇ ਮਨੁੱਖੀ ਸੁਭਾਅ ਤੇ ਵਿਚਾਰਧਾਰਾ ਵਿੱਚ ਬਦਲਾਅ ਲਿਆਉਣ ਵਾਲੇ ਉਨ੍ਹਾਂ ਅਹਿਮ ਪਲਾਂ ਛਿਣਾਂ ਦੀ ਮਹੱਤਤਾ ਨੂੰ ਵੀ ਪਹਿਚਾਣਿਆ ਹੈ, ਜਿਨ੍ਹਾਂ ਨੂੰ ਹੋਰ ਗਲਪੀ ਵਿਧਾਵਾਂ ਵੱਲੋਂ ਅਣਗੌਲਿਆ ਕਰਕੇ ਛੱਡ ਦਿੱਤਾ ਗਿਆ ਸੀ। ਭਾਵੇਂ ਇਸ ਨਿੱਕੇ ਅਕਾਰ ਦੀ ਵਿਧਾ ਦੀਆਂ ਆਪਣੀਆਂ ਵੀ ਸੀਮਾਵਾਂ ਹਨ ਪਰ ਇਹ ਵਿਧਾ ਅੱਜ ਦੇ ਸਮੇਂ ਵਿੱਚ ਪਾਠਕਾਂ ਨਾਲ ਪੂਰਾ ਇਨਸਾਫ਼ ਕਰਦੀ ਹੋਈ ਆਪਣੇ ਲਈ ਨਵੀ ਜ਼ਮੀਨ ਦੀ ਤਲਾਸ਼ ਵਿੱਚ ਹੈ। ਇਹ ਵਿਧਾ ਆਪਣੀ ਵਿੱਲਖਣ ਸ਼ੈਲੀ ਤੇ ਵਿਗਿਆਨਕ ਦ੍ਰਿਸ਼ਟੀਕੋਣ ਕਾਰਨ ਦੂਸਰੀਆਂ ਪ੍ਰੰਪਰਾਗਤ ਸਾਹਿਤ ਵਿਧਾਵਾਂ ਤੋਂ ਆਪਣੇ ਆਪ ਨੂੰ ਅਲੱਗ ਕਰਦੀ ਹੈ ਤੇ ਆਪਣੇ ਗਾਗਰ ਵਿੱਚ ਸਾਗਰ ਬੰਦ ਕਰਨ ਵਾਲੇ ਵਿਸ਼ੇਸ਼ ਗੁਣਾਂ ਕਾਰਨ ਪਾਠਕਾਂ ਦੀ ਹਰਮਨ ਪਿਆਰੀ ਵਿਧਾ ਬਣ ਗਈ ਹੈ।
ਮਿੰਨੀ ਕਹਾਣੀ ਨੂੰ ਸਾਹਿਤਕ ਖੇਤਰ ਵਿੱਚ ਮਾਨਤਾ ਭਾਵੇਂ ਬਹੁਤ ਪੱਛੜ ਕੇ ਮਿਲੀ ਹੈ ਪਰ ਇਸਦੇ ਵਿਕਾਸ ਦੇ ਛੋਟੇ ਜਿਹੇ ਕਾਰਜ ਕਾਲ ਵਿੱਚ ਬਹੁਤ ਸਾਰੇ ਮਿਆਰੀ ਮਿੰਨੀ ਕਹਾਣੀ ਸੰਗ੍ਰਹਿ ਇਸਦੀ ਝੋਲੀ ਵਿੱਚ ਪਏ ਹਨ। ਸਮਕਾਲੀ ਦੌਰ ਦੀ ਮਿੰਨੀ ਕਹਾਣੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਮਾਜ ਵਿੱਚ ਔਰਤ ਦੀ ਤ੍ਰਾਸਦਿਕ ਸਥਿਤੀ, ਮਨੁੱਖ ਦੀ ਕਹਿਣੀ ਤੇ ਕਰਨੀ ਵਿੱਚ ਵਧ ਰਹੇ ਫਰਕ ਆਦਿ ਬਹੁ ਪ੍ਰਚਲਿਤ ਵਿਸ਼ਿਆਂ ਦੇ ਆਲੇ ਦੁਆਲੇ ਹੀ ਨਹੀਂ ਘੁੰਮਦੀ ਸਗੋਂ ਇਸਦੇ ਕਲੇਵਰ ਵਿੱਚ ਹੁਣ ਬਹੁਤ ਸਾਰੇ ਭਾਵਨਾਤਕਮਕ ਤੇ ਮਨੋ-ਵਿਗਿਆਨਕ ਵਿਸ਼ੇ ਵੀ ਸਮੋਏ ਹਨ ਤੇ ਹੁਣ ਇਹ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮਸਲਿਆਂ ਨਾਲ ਦਸਤਪੰਜਾ ਲੈਣ ਦੀ ਯੋਗਤਾ ਵੀ ਹਾਸਿਲ ਕਰ ਚੁੱਕੀ ਹੈ।
ਨਿਰੰਜਣ ਬੋਹਾ ਪੰਜਾਬੀ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਲੇਖਕ ਹੈ। ਉਹ ਕਹਾਣੀ ਵੀ ਲਿਖਦਾ ਹੈ ਤੇ ਮਿੰਨੀ ਕਹਾਣੀ ਵੀ। ਭਾਵੇਂ ਉਹ ਸਾਹਿਤ ਸਮੀਖਿਆ ਦੇ ਖੇਤਰ ਵਿੱਚ ਵਧੇਰੇ ਸਰਗਰਮ ਰਹਿੰਦਾ ਹੈ, ਫਿਰ ਵੀ ਉਹ ਮਿੰਨੀ ਕਹਾਣੀ ਤੇ ਕਹਾਣੀ ਲਿਖਣ ਲਈ ਸਮਾਂ ਕੱਢ ਹੀ ਲੈਂਦਾ ਹੈ। ਉਸ ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਬਹੁਤ ਘੱਟ ਮਿੰਨੀ ਕਹਾਣੀਆਂ ਲਿਖੀਆਂ ਹਨ ਪਰ ਉਸ ਵੱਲੋਂ ਲਿਖੀਆਂ ਕਹਾਣੀਆਂ ਵਿਸ਼ੇ ਤੇ ਕਲਾ ਪੱਖੋਂ ਸਰਵੋਤਮ ਮਿੰਨੀ ਕਹਾਣੀਆਂ ਅਖਵਾਉਣ ਦੀਆਂ ਹੱਕਦਾਰ ਹਨ। ਹੱਥਲੀ ਪੁਸਤਕ ‘ਪਲ ਪਲ ਬਦਲਦੀ ਜ਼ਿੰਦਗੀ’ ਵਿੱਚ ਸ਼ਾਮਿਲ ਸਾਰੀਆਂ ਕਹਾਣੀਆਂ ਦੇ ਵਿਸ਼ੇ ਉਸਦੇ ਹੱਡੀਂ ਹੰਡਾਏ ਹੋਏ ਹੋਣ ਕਾਰਨ ਪਾਠਕਾਂ ਤੇ ਬਹੁਤ ਚੰਗਾ ਪ੍ਰਭਾਵ ਛੱਡਣ ਵਿੱਚ ਕਾਮਯਾਬ ਰਹੇ ਹਨ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਕਈ ਵਾਰ ਮਨੁੱਖ ਅੰਦਰੋ ਅੰਦਰੀ ਧੁਖਦਾ ਰਹਿੰਦਾ ਹੈ ਤੇ ਆਪਣੇ ਅੰਦਰੋਂ ਉੱਠਦੇ ਧੂਏ ਰੂਪੀ ਸਵਾਲਾਂ ਦੇ ਜਵਾਬ ਦੂਸਰਿਆਂ ਤੋਂ ਪੁੱਛਣ ਦੀ ਬਜਾਇ ਆਪਣੇ ਆਪ ਤੋਂ ਹੀ ਪੁੱਛਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਮਨੁੱਖ ਅੰਦਰਲੇ ਤਣਾਵਾਂ ਤੇ ਦੁਬਿਧਾਵਾਂ ਰੂਪੀ ਧੂੰਏ ਦੇ ਕਾਰਨ ਵੀ ਤਲਾਸ਼ਦੀਆਂ ਹਨ ਤੇ ਇਹਨਾਂ ਨੂੰ ਆਪਣੀਆਂ ਮਿੰਨੀ ਕਹਾਣੀਆਂ ਦੇ ਜ਼ਰੀਏ ਪਾਠਕਾਂ ਨਾਲ ਸਾਂਝਾ ਵੀ ਕਰਦੀਆਂ ਹਨ।
ਹੱਥਲੇ ਮਿੰਨੀ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਸਾਡੇ ਆਪਣੇ ਆਲੇ ਦੁਆਲੇ ਵਾਪਰਦੀਆਂ ਨਿੱਤ ਨਵੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਸੰਗ੍ਰਹਿ ਦੇ ਨਾਂ ਤੋਂ ਹੀ ਇਸ ਵਿਚਲੀਆਂ ਕਹਾਣੀਆਂ ਦੇ ਵਿਸ਼ਾ ਵਸਤੂ ਬਾਰੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖੀ ਜ਼ਿੰਦਗੀ ਕਿਵੇਂ ਪਲ ਪਲ ਬਦਲ ਰਹੀ ਹੈ ਤੇ ਸਾਡੇ ਸਮਾਜਿਕ ਰਿਸ਼ਤੇ ਵੀ ਉਸ ਅਨੁਸਾਰ ਕਿਵੇਂ ਪਲ ਪਲ ਆਪਣੇ ਰੰਗ ਵਟਾ ਰਹੇ ਹਨ। ਭਾਰਤੀ ਸਭਿਆਚਾਰਕ ਤੇ ਸਮਾਜਿਕ ਵਿਵਸਥਾ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ ਤੇ ਇਹਨਾਂ ਰਿਸ਼ਤੇ ਨਾਤਿਆਂ ਦਾ ਸਾਡੀ ਜ਼ਿੰਦਗੀ ਵਿੱਚ ਵੀ ਨਹੁੰ ਮਾਸ ਦਾ ਰਿਸ਼ਤਾ ਹੈ। ਰਿਸ਼ਤਿਆਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਕੱਲਰੀ ਜ਼ਮੀਨ ਵਰਗੀ ਹੁੰਦੀ ਹੈ। ਵੱਖ ਵੱਖ ਰਿਸ਼ਤੇ ਜੀਵਨ ਦੇ ਵੱਖ ਵੱਖ ਪੱਖਾਂ ਦੀ ਪੂਰਤੀ ਕਰਦੇ ਹਨ। ਮਨੁੱਖੀ ਜੀਵਨ ਦੇ ਬਹੁਤ ਸਾਰੇ ਸਮਾਜਿਕ, ਆਰਥਿਕ, ਭਾਵਨਾਤਮਕ ਤੇ ਲਿੰਗਕ ਸਰੋਕਾਰ ਇਹਨਾਂ ਰਿਸ਼ਤੇ ਨਾਤਿਆਂ ਨਾਲ ਜੁੜੇ ਹੁੰਦੇ ਹਨ। ਮਨੁੱਖ ਨੈਤਿਕ ਤੌਰ ’ਤੇ ਮੁੱਢ ਤੋਂ ਹੀ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਂਦਾ ਤੇ ਇਨ੍ਹਾਂ ਦਾ ਸਤਿਕਾਰ ਕਰਦਾ ਆ ਰਿਹਾ ਹੈ ਪਰ ਆਜੋਕੇ ਪਦਾਰਥਕ ਯੁਗ ਵਿੱਚ ਇਹ ਰਿਸ਼ਤੇ ਦਮ ਤੋੜਦੇ ਵਿਖਾਈ ਦੇ ਰਹੇ ਹਨ। ਆਧੁਨਿਕਤਾ ਦੇ ਇਸ ਦੌਰ ਵਿੱਚ ਰਿਸ਼ਤਿਆਂ ਦਾ ਮੁੰਹਾਦਰਾ ਹੀ ਬਦਲ ਗਿਆ ਹੈ, ਜਿਸ ਨਾਲ ਸਮਾਜ ਵਿੱਚ ਵਿਗਾੜ ਪੈਣਾ ਸੰਭਵ ਹੈ।
ਨਿਰੰਜਣ ਬੋਹਾ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਮਨੁੱਖੀ ਸਮਾਜ ਦੀਆਂ ਸੱਮਸਿਆਵਾਂ ਵਿੱਚੋਂ ਹੀ ਉਪਜਦਾ ਹੈ, ਜੋ ਕਿ ਰਿਸ਼ਤਿਆਂ ਦੇ ਤਾਣੇਬਾਣੇ ਦਾ ਬਦਲਵਾਂ ਰੂਪ ਹੁੰਦੀਆਂ ਹਨ। ਇਹ ਤਿਲਸਮੀ ਰਿਸ਼ਤੇ ਚਾਹੇ ਹੱਥਲੀ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿੱਚ ਮੌਜੂਦ ਹਨ ਪਰ ਕੁਝ ਕਹਾਣੀਆਂ ਵਿੱਚ ਫੈਲੀਆਂ ਰਿਸ਼ਤਿਗੀ ਵਿਸੰਗਤੀਆਂ ਨੂੰ ਵਧੇਰੇ ਹੀ ਕਟਾਖਸ਼ੀ ਸੁਰ ਵਿੱਚ ਪੇਸ਼ ਕੀਤਾ ਗਿਆ ਹੈ। ਉਸਦੀਆਂ ਕਹਾਣੀਆਂ ‘ਆਨ ਲਾਇਨ ਰਿਸ਼ਤੇ, ਘਟੀਆ ਬੰਦਾ, ਕੌੜਾ ਸੱਚ, ਹਾਰ, ਮਨੁੱਖ, ਕਿਤੇ ਅਸੀਂ ਤਾਂ ਨਹੀਂ, ਪਹਿਲੇ ਬੋਲ, ਰੰਗ ਵਟਾਉਂਦੇ ਰਿਸ਼ਤੇ, ਮਨੁੱਖ, ਰਿਸ਼ਤਿਆਂ ਦਾ ਇੰਤਕਾਲ, ਸ਼ਰੀਕਾ, ਸਰਪ੍ਰਸਤ, ਸਥਾਪਤੀ ਦਾ ਫਿਕਰ, ਸ਼ਰੀਕ, ਆਪਣਾ ਫਰਜ਼, ਬਦਲਦੇ ਸੰਦਰਭ, ਆਪਣੀ ਮਿੱਟੀ ਦਾ ਮੋਹ, ਬੌਣੇ, ਭੁਲੇਖਾ ਤੇ ‘ਕਸੂਵਾਰ ਅਸੀਂ ਵੀ ਹਾਂ’ ਵਿਚਲੇ ਮਨੁੱਖੀ ਰਿਸ਼ਤੇ ਸਮਾਜਿਕਤਾ ਤੇ ਨੈਤਿਕਤਾ ਦੀ ਕਸਵੱਟੀ ’ਤੇ ਖਰੇ ਨਹੀਂ ਉੱਤਰਦੇ ਤੇ ਪਲ ਪਲ ਆਪਣਾ ਰੰਗ ਵਟਾਉਂਦੇ ਨਜ਼ਰ ਆਉਂਦੇ ਹਨ।
ਕਹਾਣੀ ‘ਆਨ ਲਾਈਨ ਰਿਸ਼ਤੇ’ ਬਦਲਦੇ ਰਿਸ਼ਤਿਆਂ ਉੱਤੇ ਇੱਕ ਕਰਾਰਾ ਥੱਪੜ ਹੈ। ਕਹਾਣੀ ਦੇ ਗਾਲਪਨਿਕ ਕਥਾਨਕ ਅਨੁਸਾਰ ਕਹਾਣੀ ਦਾ ਮੁੱਖ ਪਾਤਰ ਬਚਪਨ ਵਿੱਚ ਕਾਫੀ ਸਮਾਂ ਆਪਣੇ ਨਾਨਕੇ ਪਿੰਡ ਬਿਤਾਉਂਦਾ ਰਿਹਾ ਹੋਣ ਕਰਕੇ ਬਚਪਨ ਵਿੱਚ ਆਪਣੇ ਹਾਣੀ ਮਾਮੇ ਦੇ ਮੁੰਡਿਆਂ ਮਦਨ ਤੇ ਸਤੀਸ਼ ਨਾਲ ਬਹੁਤ ਮੋਹ ਰੱਖਦਾ ਰਿਹਾ ਹੈ। ਬਾਦ ਵਿੱਚ ਆਪਣੇ ਕਾਰੋਬਾਰ ਵਿੱਚ ਖਚਿਤ ਰਹਿਣ ਕਰਕੇ ਉਨ੍ਹਾਂ ਦਾ ਇੱਕ ਦੂਸਰੇ ਕੋਲ ਆਉਣ ਜਾਣ ਦਾ ਸਿਲਸਲਾ ਬੰਦ ਹੋ ਜਾਂਦਾ ਹੈ। ਆਧੁਨਿਕ ਸਹੂਲਤ ਫੇਸਬੁੱਕ ਰਾਹੀਂ ਉਹ ਫਿਰ ਨੇੜੇ ਹੋ ਜਾਂਦੇ ਹਨ ਤਾਂ ਸੁਰੇਸ਼ ਤੇ ਮਦਨ ਹਰ ਵਾਰ ਚੈਟਿੰਗ ਵਿੱਚ ਭੂਆ ਦੇ ਮੁੰਡੇ ਨੂੰ ਪਿੰਡ ਨਾ ਆਉਣ ਦਾ ਉਲਾਂਭਾ ਦੇਂਦੇ ਹਨ। ਇੱਕ ਦਿਨ ‘ਮੈਂ’ ਪਾਤਰ ਆਪਣੇ ਨਾਨਕੇ ਪਿੰਡ ਜਾਣ ਦੀ ਤਿਆਰੀ ਕਰਕੇ ਉਨ੍ਹਾਂ ਨੂੰ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦੇਂਦਾ ਹੈ ਤਾਂ ਦੋਵੇਂ ਹੀ ਆਪਣਾ ਕੋਈ ਨਾ ਕੋਈ ਰੁਝੇਵਾਂ ਦੱਸ ਕੇ ਉਸਨੂੰ ਮਿਲਣ ਤੋਂ ਟਾਲਾ ਵੱਟ ਜਾਂਦੇ ਹਨ।
ਕਹਾਣੀ ‘ਘਟੀਆਂ ਬੰਦਾ’ ਦਾ ਮੁੱਖ ਪਾਤਰ ਕਿਸੇ ਦਫਤਰ ਵਿੱਚ ਉੱਚੀ ਪਦਵੀ ’ਤੇ ਕੰਮ ਕਰਦਾ ਹੈ। ਸਮੇਂ ਦੇ ਫੇਰ ਨਾਲ ਦਫਤਰ ਵਿੱਚ ਆਈ ਇੱਕ ਨਵੀਂ ਕਲਰਕ ਕੁੜੀ ਸੀਮਾ ਨਾਲ ਉਸਦੀ ਨੇੜਤਾ ਹੋ ਜਾਂਦੀ ਹੈ ਤੇ ਉਹ ਦੋਵੇਂ ਦਫਤਰ ਤੋਂ ਬਾਹਰ ਵੀ ਮਿਲਦੇ ਰਹਿੰਦੇ ਹਨ। ਇਸ ਗੱਲ ਨੂੰ ਲੈ ਕੇ ਘਰ ਤਕਰਾਰ ਹੋਣ ’ਤੇ ਉਸਦੀ ਸ਼ੱਕ ਦੀ ਸੂਈ ਆਪਣੇ ਦਫਤਰ ਦੇ ਚਪੜਾਸੀ ਸ਼ਿਆਮੇ ’ਤੇ ਜਾਂਦੀ ਹੈ ਕਿ ਉਸਦਾ ਘਰ ਆਉਣ ਜਾਣ ਕਰਕੇ ਉਹ ਹੀ ਸੀਮਾ ਨਾਲ ਉਸਦੀ ਨੇੜਤਾ ਦੀ ਗੱਲ ਉਸਦੀ ਪਤਨੀ ਤੱਕ ਪਹੁੰਚਾਉਂਦਾ ਹੈ। ਆਪਣੀ ਕਰਤੂਤ ਨੂੰ ਛੁਪਾਉਣ ਲਈ ਉਹ ਸ਼ਿਆਮੇ ਨੂੰ ਆਪਣੇ ਘਰ ਜਾਣ ਤੋਂ ਹੀ ਨਹੀਂ ਵਰਜਦਾ ਬਲਕਿ ਆਪਣੇ ਦਫਤਰ ਦੇ ਹੋਰ ਮੁਲਾਜ਼ਮਾਂ ਕੋਲ ਵੀ ਉਸਦੇ ਚਰਿੱਤਰ ਨੂੰ ਚੁਗਲਖੋਰ ਵਜੋਂ ਪੇਸ਼ ਕਰਦਾ ਹੈ, ਪਰ ਦਫਤਰ ਦੇ ਸਾਰੇ ਮੁਲਾਜ਼ਮ ਦੋਹਾਂ ਦੇ ਵਿਹਾਰ ਤੇ ਚਰਿੱਤਰ ਬਾਰੇ ਸਭ ਕੁਝ ਜਾਣਦੇ ਹਨ।
ਇਸ ਪਦਾਰਥਕ ਯੁਗ ਵਿੱਚ ਸਾਡੇ ਰਿਸ਼ਤਿਆਂ ਉੱਤੇ ਆਰਥਿਕਤਾ ਕਿਸ ਕਦਰ ਭਾਰੂ ਰਹਿੰਦੀ ਹੈ, ਇਸ ਗੱਲ ਦੀ ਪੁਖਤਾ ਗਵਾਹੀ ਇਸ ਸੰਗ੍ਰਹਿ ਦੀ ਕਹਾਣੀ ‘ਕੌੜਾ ਸੱਚ’ ਦੇਂਦੀ ਹੈ। ਕਹਾਣੀ ਦਾ ਮੁੱਖ ਪਾਤਰ ਇੱਕ ਸੜਕ ਹਾਦਸੇ ਵਿੱਚ ਮਰ ਜਾਂਦਾ ਹੈ ਤਾਂ ਉਸਦੀ ਪਤਨੀ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਜੇ ਉਸਦੀ ਇਹੋ ਲਿਖਤਕਾਰ ਸੀ ਤਾਂ ਉਹ ਅੱਤਵਾਦੀਆਂ ਹੱਥੋਂ ਹੀ ਮਾਰਿਆ ਜਾਂਦਾ, ਤਾਂ ਕਿ ਉਸਦੇ ਪਿਛਲੇ ਪਰਿਵਾਰ ਨੂੰ ਸਰਕਾਰ ਪਾਸੋਂ ਕੁਝ ਰਾਹਤ ਮਿਲ ਜਾਂਦੀ। ਕਹਾਣੀ ‘ਹਾਰ’ ਵਿਚਲੀ ਮੰਗਤੀ ਕੁੜੀ ਭੁੱਖ ਦਾ ਵਾਸਤਾ ਪਾ ਕੇ ਬੇਹੀ ਰੋਟੀ ਮੰਗਦੀ ਹੈ ਤਾਂ ਮਕਾਨ ਮਾਲਕ ਵੱਲੋਂ ਉਸਨੂੰ ਝਿੜਕਾ ਦਿੱਤੀਆਂ ਜਾਂਦੀਆਂਹਨ। ਸਥਿਤੀ ਵਿੱਚ ਬਦਲਾਵ ਉਸੇ ਵੇਲੇ ਆਉਂਦਾ ਹੈ ਜਦੋਂ ਮਕਾਨ ਮਾਲਕ ਉਸਦੇ ਪਾਟੇ ਕੱਪੜਿਆਂ ਵਿੱਚੋਂ ਝਾਕਦੇ ਉਸਦੇ ਜਵਾਨ ਜਿਸਮ ਵੱਲ ਨਜ਼ਰ ਮਾਰਦਾ ਹੈ। ਆਪਣੇ ਮਨ ਵਿੱਚ ਖੋਟ ਰੱਖਦਾ ਮਰਦ ਮੰਗਤੀ ਲਈ ਰੋਟੀ ਲੈਣ ਜਾਂਦਾ ਹੈ ਤਾਂ ਮੰਗਤੀ ਅੰਦਰਲੀ ਔਰਤ ਸਵੈਮਾਨ ਵਾਲਾ ਰਾਹ ਚੁਣ ਕੇ ਉਸਦੀ ਭੁੱਖੀ ਨਜ਼ਰ ਨੂੰ ਹਰਾ ਦੇਂਦੀ ਹੈ।
ਆਰਥਿਕਤਾ ਵੱਲੋਂ ਸਮਾਜਿਕ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਆਪਣਾ ਵਿਸ਼ਾ ਵਸਤੂ ਬਣਾਉਂਦੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਇਸ ਪੁਸਤਕ ਵਿੱਚ ਸ਼ਾਮਿਲ ਹਨ। ਜੇ ਇਹ ਕਹਿ ਲਿਆ ਜਾਵੇ ਕੇ ਪੈਸਾ ਹੀ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਸਥਾਈਤਵ ਪ੍ਰਦਾਨ ਕਰਦਾ ਹੈ ਤਾਂ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਅੱਜ ਦੇ ਅਦਨੇ ਮਨੁੱਖ ਉੱਤੇ ਪੈਸਾ ਇਸ ਕਦਰ ਭਾਰੂ ਹੈ ਕਿ ਉਹ ਕੋਈ ਵੀ ਸਮਾਜਿਕ ਰਿਸ਼ਤਾ ਪੈਸੇ ਦੀ ਹੋਂਦ / ਅਣਹੋਂਦ ਦੇ ਅਧਾਰ ’ਤੇ ਹੀ ਸਥਾਪਿਤ ਕਰਦਾ ਹੈ। ਵਿਸ਼ਵੀ ਬਜ਼ਾਰ ਵਿੱਚ ਬੰਦਾ ਇੱਕ ਵਸਤੂ ਬਣਕੇ ਰਹਿ ਗਿਆ ਹੈ। ਬੋਹਾ ਦੀ ਮਿੰਨੀ ਕਹਾਣੀ ‘ਖਾਲੀ ਥਾਂ, ਕੌੜਾ ਸੱਚ, ਜ਼ਿੰਮੇਵਾਰੀ, ਇਨਸਾਫ, ਹਿਤ ਅਨੁਸਾਰ ਤੇ ਹਮਦਰਦੀ ਆਦਿ ਵਿਚਲੇ ਪਾਤਰਾਂ ਦੀ ਕੰਮਜ਼ੋਰ ਜਾਂ ਮਜ਼ਬੂਤ ਹੁੰਦੀ ਆਰਥਿਕਤਾ ਉਨ੍ਹਾਂ ਦੇ ਸਮਾਜਿਕ ਰਿਸ਼ਤਿਆਂ ’ਤੇ ਪੂਰੀ ਤਰ੍ਹਾਂ ਹਾਵੀ ਪ੍ਰਭਾਵੀ ਰਹਿੰਦੀ ਹੈ। ਕਹਾਣੀ ‘ਮੁੱਲ’ ਵਿੱਚ ਵਿਚ ਦੋ ਸਾਹਿਤਕਾਰ ਬੱਸ ਵਿੱਚ ਬੈਠ ਕੇ ਸਫ਼ਰ ਕਰਦੇ ਹਨ। ਛੋਟਾ ਸਾਹਿਤਕਾਰ ਵੱਡੇ ਦੀ ਟਿਕਟ ਕਟਾ ਲੈਂਦਾ ਹੈ ਤਾਂ ਉਹ ਉਸ ਨਾਲ ਬੜੀਆਂ ਮੋਹ ਭਰੀਆਂ ਗੱਲਾਂ ਕਰਦਾ ਹੈ। ਪਰ ਵਾਪਸੀ ਤੇ ਛੋਟਾ ਸਾਹਿਤਕਾਰ ਕੇਵਲ ਆਪਣੀ ਹੀ ਟਿਕਟ ਕਟਾਉਂਦਾ ਹੈ ਤਾਂ ਵੱਡੇ ਸਾਹਿਤਕਾਰ ਨਾਲ ਉਸਦਾ ਰਿਸ਼ਤਾ ਵੀ ਬਦਲ ਜਾਂਦਾ ਹੈ।
ਮਨੁੱਖ ਸਮਾਜ ਵਿੱਚ ਰਹਿੰਦਿਆਂ ਬਹੁਤ ਸਾਰੇ ਰਿਸ਼ਤੇ ਸਿਰਜਦਾ ਹੈ ਤਾਂ ਕਿ ਉਸਦਾ ਜੀਵਨ ਸਹਿਜਤਾ ਨਾਲ ਕਾਰਜਸ਼ੀਲ ਰਹੇ। ਇਹ ਰਿਸ਼ਤੇ ਨਾਤੇ ਹੀ ਮਨੁੱਖ ਦੇ ਜੀਵਨ ਨੂੰ ਵਧੇਰੇ ਸੂਝ ਬੂਝ ਨਾਲ ਨਾਲ ਚੱਲਣ ਦੀ ਜਾਂਚ ਸਿਖਾਉਂਦੇ ਹਨ ਤੇ ਸਮਾਜਿਕ ਸਾਂਝ ਤੇ ਸਹਿਹੋਂਦ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਮਨੁੱਖ ਦੁਆਰਾ ਬਣਾਏ ਇਹ ਰਿਸ਼ਤੇ ਹੰਡਣਸਾਰ ਵੀ ਹੁੰਦੇ ਹਨ, ਜੋ ਪੀੜ੍ਹੀ ਦਾ ਪੀੜ੍ਹੀ ਅੱਗੇ ਵੀ ਤੁਰਦੇ ਰਹਿੰਦੇ ਹਨ। ਨਵੇਂ ਯੁਗ ਦੇ ਵਿਅਕਤੀਵਾਦ ਨੇ ਕਿਸ ਤਰ੍ਹਾਂ ਇਨ੍ਹਾਂ ਰਿਸ਼ਤਿਆਂ ਨੂੰ ਤੋੜਣਾ ਤੇ ਬਦਲਣਾ ਸ਼ੁਰੁ ਕੀਤਾ ਹੈ, ਇਸਦੀ ਭਰਵੀਂ ਝਲਕ ‘ਸਬੰਧ’ ਰਿਸ਼ਤੇਦਾਰੀ, ਸਨਾਮਨ ਸਰਪ੍ਰਸਤ ਤੇ ‘ਸਾਥ’ ਵਰਗੀਆਂ ਕਹਾਣੀਆਂ ਵਿੱਚੋਂ ਮਿਲਦੀ ਹੈ। ਰਿਸ਼ਤੇਦਾਰੀ ਕਹਾਣੀ ਵਿੱਚ ਰਿਸ਼ਤਿਆਂ ਦੇ ਵਜ਼ਨ ਦੀ ਗੱਲ ਕੀਤੀ ਗਈ ਹੈ। ਸਾਡੇ ਵੱਲੋਂ ਅਕਸਰ ਨਿੱਜੀ ਮੁਫਾਦ ਪੂਰਾ ਕਰਦੇ ਰਿਸ਼ਤੇ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਤੇ ਦੂਸਰੇ ਨੇੜੇ ਦੇ ਰਿਸ਼ਤੇ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਕਹਾਣੀ ਵਿਚਲਾ ਵਿਅੰਗ ਉਸ ਸਮੇਂ ਤਿੱਖਾ ਹੋ ਜਾਂਦਾ ਹੈ ਜਦੋਂ ਮੁੱਖ ਪਾਤਰ ਆਪਣੇ ਮਮੇਰੇ ਭਰਾ ਤੇ ਭਰਜਾਈ ਨੂੰ ਬਜ਼ਾਰ ਵਿੱਚ ਜਾਂਦਾ ਵੇਖਦਾ ਹੈ। ਉਸਦਾ ਉਨ੍ਹਾਂ ਨੂੰ ਮਿਲਣ ਦਾ ਮਨ ਤਾਂ ਕਰਦਾ ਹੈ ਪਰ ਦੋਸਤ ਦੁਆਰਾ ਦਿੱਤੀ ਜਾ ਰਹੀ ਸ਼ਰਾਬ ਪਾਰਟੀ ਦੀ ਚਾਹਤ ਉਨ੍ਹਾਂ ਨੂੰ ਮਿਲਣ ਦੀ ਇੱਛਾ ’ਤੇ ਭਾਰੂ ਪੈ ਜਾਂਦੀ ਹੈ। ਇਸੇ ਤਰ੍ਹਾਂ ‘ਰਿਸ਼ਤਿਆਂ ਦਾ ਇੰਤਕਾਲ’ ਕਹਾਣੀ ਵਿੱਚ ਭੈਣ ਦੀ ਹੋਈ ਮੌਤ ਲਈ ਉਸਦੇ ਦੋਵੇਂ ਭਰਾ ਭਣੋਈਏ ਨੂੰ ਕਸੂਰਵਾਰ ਮੰਨਦੇ ਹੋਏ ਉਸਨੂੰ ਜੇਲ ਕਰਵਾਉਣ ’ਤੇ ਤੁਲੇ ਹੋਏ ਹਨ ਤੇ ਆਪਣੀ ਭੈਣ ਦਾ ਸਸਕਾਰ ਵੀ ਨਹੀਂ ਹੋਣ ਦੇਂਦੇ। ਪਰ ਜਦੋਂ ਉਨ੍ਹਾਂ ਦਾ ਬਾਪ ਭਾਣਜੀਆਂ ਦੀ ਪਰਵਰਿਸ਼ ਦੀ ਗੱਲ ਉਨ੍ਹਾਂ ਨੂੰ ਚੇਤੇ ਕਰਵਾਉਂਦਾ ਹੈ ਤਾਂ ਦੋਵੇਂ ਚੁੱਪ ਕਰਕੇ ਸਸਕਾਰ ਦੀ ਸਹਿਮਤੀ ਦੇ ਦੇਂਦੇ ਹਨ।
‘ਸਬੰਧ’ ਕਹਾਣੀ ਮਨੁੱਖੀ ਮਾਨਸਿਕਤਾ ਦੇ ਦੋ ਪਰਸਪਰ ਵਿਰੋਧੀ ਪਹਿਲੂਆਂ ਨੂੰ ਆਪਣੇ ਥੀਮ ਵਜੋਂ ਉਭਾਰਦੀ ਹੈ। ਕਹਾਣੀ ਅਨੁਸਾਰ ਭੈਣ ਦੀ ਸਹੇਲੀ ਦਾ ਮੁੱਖ ਪਾਤਰ ਦੇ ਘਰ ਆਉਣ ਜਾਣ ਹੈ। ਜਦੋਂ ਉਹ ਭੈਣ ਦੇ ਕਮਰੇ ਵਿੱਚ ਬੈਠੀ ਹੋਵੇ ਤਾਂ ਉਹ ਆਨੇ ਬਹਾਨੇ ਉਸ ਕਮਰੇ ਵਿੱਚ ਚੱਕਰ ਮਾਰ ਕੇ ਉਸਦੇ ਨੇੜੇ ਰਹਿਣ ਦੀ ਕੋਸ਼ਿਸ ਕਰਦਾ ਹੈ। ਉਸਦੀ ਮਨੋ ਦਸ਼ਾ ਵਿੱਚ ਬਦਲਾਅ ਉਸ ਵੇਲੇ ਆਉਂਦਾ ਹੈ ਜਦੋਂ ਭੈਣ ਦੀ ਸਹੇਲੀ ਦਾ ਭਰਾ, ਜੋ ਸੋਹਣਾ ਸੁੱਨਖਾ ਮੁੰਡਾ ਹੈ, ਉਨ੍ਹਾਂ ਦੇ ਘਰ ਆਉਂਦਾ ਹੈ। ਜਦੋਂ ਉਹ ਮਹਿਸੂਸ ਕਰਦਾ ਹੈ ਕਿ ਉਸਦੀ ਭੈਣ ਵੀ ਇਸ ਮੁੰਡੇ ਪ੍ਰਤੀ ਵਿਸ਼ੇਸ਼ ਲਗਾਉ ਰੱਖਦੀ ਹੈ ਤਾਂ ਉਸਦਾ ਭੈਣ ਦੀ ਸਹੇਲੀ ਪ੍ਰਤੀ ਦ੍ਰਿਸ਼ਟੀਕੋਣ ਬਿਲਕੁਲ ਬਦਲ ਜਾਂਦਾ ਹੈ। ਹੁਣ ਉਹ ਚਾਹੁੰਦਾ ਹੈ ਕਿ ਉਸਦੀ ਭੈਣ ਦੀ ਸਹੇਲੀ ਦਾ ਉਨ੍ਹਾਂ ਦੇ ਘਰ ਆਉਣ ਜਾਣ ਬੰਦ ਹੋ ਜਾਵੇ। ਕਹਾਣੀ ਦਰਸਾਉਂਦੀ ਹੈ ਇਸ ਯੁਗ ਵਿੱਚ ਮਨੁੱਖ ਦੂਹਰੀ ਜ਼ਿੰਦਗੀ ਜਿਉਂ ਰਿਹਾ ਹੈ। ਇੱਕ ਸਥਿਤੀ ਵਿੱਚ ਅਤਿ ਆਧੁਨਿਕ ਤੇ ਦੂਸਰੀ ਵਿੱਚ ਜਾਗੀਰੂ ਸੋਚ।
‘ਪਲ ਪਲ ਬਦਲਦੀ ਜ਼ਿੰਦਗੀ’ ਕਹਾਣੀ ਵਿੱਚ ਲੇਖਕ ਨੇ ਮਨੋ-ਵਿਗਿਆਨਕ ਵਰਤਾਰੇ ਨੂੰ ਕਹਾਣੀ ਦਾ ਵਿਸ਼ਾ ਬਣਾਇਆ ਹੈ। ਕਹਾਣੀ ਦਾ ਅੱਧਖੜ੍ਹ ਉਮਰ ਦਾ ਪਾਤਰ ਆਪਣੇ ਵਾਲ ਰੰਗ ਕੇ ਆਪਣੇ ਆਪਣੇ ਆਪ ਦੇ ਨੌਜਵਾਨ ਹੋਣ ਦਾ ਭਰਮ ਪਾਲ ਰਿਹਾ ਹੈ। ਦੋਵੇਂ ਪਤੀ ਪਤਨੀ ਸੀਟ ਨਾ ਮਿਲਣ ਕਾਰਨ ਬੱਸ ਵਿੱਚ ਖੜ੍ਹ ਕੇ ਸਫ਼ਰ ਕਰ ਰਹੇ ਹਨ ਤਾਂ ਕੋਲ ਬੈਠੈ ਦੋ ਮੁੰਡਿਆਂ ਵਿੱਚੋਂ ਇੱਕ ਮੁੰਡਾ ਪਤਨੀ ਨੂੰ ਆਂਟੀ ਕਹਿ ਉਸ ਦੇ ਬੈਠਣ ਲਈ ਸੀਟ ਖਾਲੀ ਕਰ ਦੇਂਦਾ ਹੈ ਤੇ ਥੋੜ੍ਹੀ ਦੇਰ ਬਾਦ ਦੂਸਰਾ ਮੁੰਡਾ ਵੀ ਮੁੱਖ ਪਾਤਰ ਨੂੰ ਬਾਬਾ ਕਹਿ ਕਿ ਉਸ ਨੂੰ ਆਪਣੀ ਸੀਟ ਦੇ ਦੇਂਦਾ ਹੈ। ‘ਬਾਬਾ’ ਸ਼ਬਦ ਮੁੱਖ ਪਾਤਰ ਨੂੰ ਬਹੁਤ ਵਿਚਲਿਤ ਕਰਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਕੇਵਲ ਉਸ ਲੜਕੇ ਦੀਆਂ ਹੀ ਨਹੀਂ ਸਗੋਂ ਆਪਣੀ ਪਤਨੀ ਦੀਆਂ ਨਜ਼ਰਾਂ ਵਿੱਚ ਵੀ ਬੁੱਢਾ ਬਾਬਾ ਬਣ ਗਿਆ ਹੋਵੇ। ਥੋੜ੍ਹੀ ਦੇਰ ਬਾਦ ਇੱਕ ਅੱਲ੍ਹੜ ਕੁੜੀ ਵੱਲੋਂ ਉਸ ਨੂੰ ਅੰਕਲ ਕਹੇ ਜਾਣ ਨਾਲ ਉਸਦੀ ਮਨੋ ਦਸ਼ਾ ਫਿਰ ਬਦਲਦੀ ਹੈ। ਇਸ ਤਰ੍ਹਾਂ ਇਹ ਕਹਾਣੀ ਆਪਣੀ ਧਿਰ ਵੱਲੋਂ ਦੁਰਕਾਰਨ ਦੀ ਖਿਝ ਤੇ ਵਿਰੋਧੀ ਲਿੰਗ ਵੱਲੋਂ ਸਵੀਕਾਰਨ ਦੀ ਖੁਸ਼ੀ ਦੇ ਦੋ ਮਨੋ ਵਿਗਿਆਨਕ ਵਰਤਾਰਿਆਂ ਨੂੰ ਪੇਸ਼ ਕਰਨ ਵਿੱਚ ਕਾਮਯਾਬ ਰਹੀ ਹੈ।
ਅੱਜ ਦਾ ਮਨੁੱਖ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੈ। ਇਹ ਦੋਗਲਾਪਣ ਪਹਿਲਾਂ ਦੂਰ ਦੇ ਰਿਸ਼ਤਿਆਂ ਵਿੱਚ ਵਿਦਮਾਨ ਸੀ ਪਰ ਹੁਣ ਇਸ ਨੇ ਨਜ਼ਦੀਕੀ ਰਿਸ਼ਤਿਆਂ ਉੱਤੇ ਵੀ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਮਨੁੱਖੀ ਸ਼ਖਸੀਅਤ ਗਿਰਗਟ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਕਰਕੇ ਬੰਦਾ ਪੈਰ ਪੈਰ ’ਤੇ ਝੂਠ ਬੋਲਣ ਲੱਗ ਪਿਆ ਹੈ। ਝੂਠ ਬੋਲਣਾ ਅੱਜ ਦੇ ਮਨੁੱਖ ਦਾ ਸ਼ਖਸੀ ਗੁਣ ਬਣ ਗਿਆ ਹੈ ਤੇ ਇਸਦੇ ਪ੍ਰਭਾਵ ਪਰਿਵਾਰ ਅਤੇ ਸਮਾਜ ’ਤੇ ਪੈਣ ਕਾਰਨ ਅੱਜ ਸਮਾਜ ਦਾ ਸਾਰਾ ਤਾਣਾ ਬਾਣਾ ਹੀ ਉਲਝ ਗਿਆ ਹੈ। ਕਹਾਣੀ ‘ਰਿਸ਼ਤਿਆਂ ਦੇ ਨਵੇਂ ਅਰਥ’ ‘ਆਪਣਾ ਦਰਦ, ਆਪਣਾ ਫਰਜ਼’ ਤੇ ‘ਬਦਲਦੇ ਸੰਦਰਭ’ ਆਦਿ ਵਿੱਚ ਰਿਸ਼ਤਿਆਂ ਦੀ ਟੁੱਟ ਭੱਜ ਆਮ ਵੇਖੀ ਜਾ ਸਕਦੀ ਹੈ। ‘ਆਪਣਾ ਫਰਜ’ ਕਹਾਣੀ ਆਪਣਾ ਫਰਜ਼ ਨਾ ਪਛਾਣਦੇ ਹੋਏ ਦੂਸਰੇ ਨੂੰ ਉਸਦੇ ਫਰਜ਼ਾਂ ਦੀ ਯਾਦ ਦਿਵਾਉਣ ਦੀ ਮਾਨਸਿਕਤਾ ’ਤੇ ਕਰਾਰਾ ਵਿਅੰਗ ਕਰਦੀ ਹੈ। ਕਹਾਣੀ ਦੇ ਬਿਰਤਾਂਤ ਵਿੱਚ ਮੁੱਖ ਪਾਤਰ ਉਸਦੀ ਮਾਸੀ ਦਾ ਫੋਨ ਆਉਣ ਤੋਂ ਬਾਦ ਆਪਣੀ ਪਤਨੀ ਕੋਲ ਆਪਣੇ ਮਾਸੀ ਦੇ ਮੁੰਡਿਆਂ ਦੇ ਬਦਲੇ ਸੁਭਾਅ ਤੇ ਉਨ੍ਹਾਂ ਵੱਲੋਂ ਕਦੇ ਕੋਈ ਫੋਨ ਨਾ ਕਰਨ ਦਾ ਗਿਲਾ ਕਰਦਾ ਹੈ। ਪਰ ਪਤਨੀ ਉਲਟਾ ਉਸ ਨੂੰ ਉਸਦੇ ਸਮਾਜਿਕ ਫਰਜ਼ਾਂ ਦੀ ਯਾਦ ਦਿਵਾਉਂਦੇ ਹੋਏ ਆਖਦੀ ਹੈ, ਜਨਾਬ ਕੋਲ ਵੀ ਰਾਜ ਦਾ ਫੋਨ ਨੰਬਰ ਫੀਡ ਹੈ, ਜਨਾਬ ਨੇ ਉਸਨੂੰ ਕਿੰਨੀ ਵਾਰੀ ਫੋਨ ਕੀਤਾ ਹੈ। ‘ਰਿਸ਼ਤਿਆਂ ਦੇ ਨਵੇਂ ਅਰਥ. ਕਹਾਣੀ ਸਾਡੇ ਨਜਦੀਕੀ ਰਿਸ਼ਤਿਆਂ ਆਈ ਤ੍ਰੇੜ ਦੇ ਕਾਰਨਾਂ ਤੇ ਗੰਭੀਰ ਵਿਅੰਗ ਕਰਦੀ ਹੈ।। ਕਹਾਣੀ ਵਿਚਲਾ ਬਾਪ ਘਰ ਦਾ ਖਰਚਾ ਚਲਾਉਣ ਵਿੱਚ ਆਈ ਰੁਕਾਵਟ ਦੇ ਹੱਲ ਲਈ ਸਿੱਧਾ ਹੀ ਪੁੱਤਰ ਦੇ ਦਫਤਰ ਵਿੱਚ ਚਲਿਆ ਜਾਂਦਾ ਹੈ। ਪਹਿਲਾਂ ਤਾਂ ਪੁੱਤਰ ਆਪਣੇ ਪਿਤਾ ਨੂੰ ਖੱਦਰ ਦੇ ਲਿੱਬੜੇ ਤਿੱਬੜੇ ਕੱਪੜਿਆਂ ਵਿੱਚ ਵੇਖ ਕੇ ਵਿਚਲਿਤ ਹੁੰਦਾ ਹੈ, ਫਿਰ ਸਥਿਤੀ ਨੂੰ ਸੰਭਾਲਦਾ ਹੋਇਆ ਉਹ ਆਪਣੇ ਕੁਲੀਗ ਨਾਲ ਪਿਤਾ ਦੀ ਜਾਣ ਪਛਾਣ ਇਹ ਕਹਿ ਕੇ ਕਰਾਉਂਦਾ ਹੈ ਕਿ ਉਸ ਨੂੰ ਮਿਲਣ ਆਇਆ ਬੰਦਾ ਉਸਦੇ ਪਿਤਾ ਨਾਲ ਕੰਮ ਕਰਦਾ ਸੀਰੀ ਹੈ। ਸ਼ਹਿਰ ਵਿੱਚ ਨੌਕਰੀ ਲੱਗੇ ਪੁੱਤਰ ਨੂੰ ਆਪਣੇ ਨਵੇਂ ਸਟੇਟਸ ਕਾਰਨ ਆਪਣੇ ਮਾਂ ਬਾਪ ਜਾਹਲ, ਪੱਛੜੇ ਤੇ ਪੇਂਡੂ ਲੱਗਣ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹ ਕਹਾਣੀ ਰਿਸ਼ਤਿਆਂ ਦੇ ਨਾਲ ਸਾਡੀ ਸੋਚ ਵਿੱਚ ਆਈ ਗਿਰਾਵਟ ਨੂੰ ਵੀ ਭਲੀ ਭਾਂਤ ਉਜਾਗਰ ਕਰ ਜਾਂਦੀ ਹੈ।
ਸਾਹਿਤ ਵਿੱਚ ਰਚਨਾ ਦੇ ਮਿਆਰੀ ਹੋਣ ਦਾ ਅਧਾਰ ਕੇਵਲ ਉਸ ਵਿੱਚ ਸਮੋਏ ਸਾਹਿਤਕਾਰ ਦੇ ਅਨੁਭਵ ਤੇ ਵਿਚਾਰ ਹੀ ਨਹੀਂ ਬਲਕੇ ਉਸ ਵਿੱਚ ਵਰਤੀਆਂ ਦੂਸਰੀਆਂ ਸੰਚਾਰ ਜੁਗਤਾਂ ਵੀ ਰਚਨਾ ਦੇ ਸਰੰਚਨਾਤਕ ਢਾਂਚੇ ਨੂੰ ਵਿੱਲਖਣ ਰੂਪ ਦੇਂਦੀਆਂ ਹਨ। ਹਰ ਲੇਖਕ ਸਮਾਜ ਵਿੱਚ ਵਿਚਰਦਿਆਂ ਆਪਣੇ ਅਨੁਭਵ ਤੇ ਅਧਿਐਨ ਰਾਹੀ ਇਨ੍ਹਾਂ ਘਟਨਾਵਾਂ ਨੂੰ ਆਪਣੀ ਬਿਰਤਾਂਤਕ ਸਮਰੱਥਾ ਅਨੁਸਾਰ ਕਲਤਮਿਕ ਰੂਪ ਵਿੱਚ ਢਾਲ ਕੇ ਪਾਠਕਾਂ ਤੱਕ ਪਹੁੰਚਾਉਂਦਾ ਹੈ। ਬੋਹਾ ਆਪਣੀਆਂ ਕਹਾਣੀਆਂ ਵਿੱਚ ਕੁਝ ਸੰਚਾਰ ਜੁਗਤਾ ਦਾ ਇਸਤੇਮਾਲ ਇਸ ਢੰਗ ਨਾਲ ਕਰਦਾ ਹੈ ਕਿ ਇਹ ਪਾਠਕਾਂ ਵਿੱਚ ਅਸਾਨੀ ਨਾਲ ਮਕਬੂਲ ਹੋ ਜਾਂਦੀਆਂ ਹਨ।
ਮਿੰਨੀ ਕਹਾਣੀ ਦਾ ਪਹਿਲਾ ਅੰਗ ਹੈ ਉਸਦਾ ਸਿਰਲੇਖ। ਕਿਸੇ ਵੀ ਰਚਨਾ ਦਾ ਨਾਮ ਕਰਨ ਜਾਂ ਸਿਰਲੇਖ ਜਿੰਨਾ ਦਿਲ ਖਿੱਚਵਾਂ ਹੋਵੇਗਾ ਉੰਨਾ ਹੀ ਪਾਠਕਾਂ ਉੱਤੇ ਉਸਦਾ ਚੰਗਾ ਅਸਰ ਪੈਂਦਾ ਹੈ। ਸਿਰਲੇਖ ਜਿੰਨਾ ਕਹਾਣੀ ਦੀ ਮੂਲ ਭਾਵਨਾ ਨਾਲ ਜੁੜਿਆ ਹੋਇਆ ਹੋਵੇਗਾ ਕਹਾਣੀ ਵੀ ਉਸੇ ਅਨੁਪਾਤ ਨਾਲ ਪਾਠਕਾਂ ਵੱਲੋਂ ਸਵੀਕਾਰੀ ਜਾਵੇਗੀ। ਬੋਹਾ ਦੀਆਂ ਕਹਾਣੀਆਂ ਦੇ ਸਿਰਲੇਖ ਦਿਲ ਖਿੱਚਵੇਂ ਵੀ ਹਨ ਤੇ ਕਹਾਣੀਆਂ ਦੇ ਭਾਵ ਬੋਧ ਨਾਲ ਇਨਸਾਫ ਕਰਨ ਵਾਲੇ ਵੀ। ਘਟੀਆਂ ਬੰਦਾ, ਹਿਤ ਅਨੁਸਾਰ, ਕਿਤੇ ਅਸੀਂ ਤਾਂ ਨਹੀਂ, ਪਹਿਲੇ ਬੋਲ, ਸਦਾ ਸੁਹਾਗਣ, ਸਥਾਪਤੀ ਦਾ ਫਿਕਰ, ਤਰਸ ਦੇ ਅਸਲ ਪਾਤਰ, ਅਧੂਰਾ ਰਾਗ, ਬਦਲਦੇ ਸੰਦਰਭ, ਸੁਲਗਦੀ ਸੋਚ, ਕਸੂਰਵਾਰ ਅਸੀਂ ਵੀ ਹਾਂ ਤੇ ‘ਸਾਫ ਸਲੇਟ’ ਵਰਗੇ ਸਿਰਲੇਖ ਪਾਠਕਾਂ ਅੰਦਰ ਕਹਾਣੀ ਪਾਠ ਦੀ ਉਤਸੁਕਤਾ ਪੈਦਾ ਕਰਨ ਵਾਲੇ ਹਨ। ਉਸਦੀਆਂ ਵਧੇਰੇ ਕਹਾਣੀਆਂ ਦੇ ਵਿਸ਼ੇ ਸਮਾਜਿਕ ਰਿਸ਼ਤਿਆਂ ਦੇ ਕੱਚ ਸੱਚ ਨੂੰ ਬਿਆਨਦੇ ਹਨ ਇਸ ਲਈ ਇਨ੍ਹਾਂ ਦੇ ਸਿਰਲੇਖ ਵੀ ਰਿਸ਼ਤਿਆਂ ਦੀ ਅੰਤਰੀਵਤਾ ਨੂੰ ਹੀ ਬਿਆਨ ਕਰਦੇ ਹਨ।
ਮਿੰਨੀ ਕਹਾਣੀ ਦੇ ਬਿਰਤਾਂਤਕ ਸੰਗਠਨ ਵਿੱਚ ਘਟਨਾਵਾਂ ਦਾ ਇੱਕ ਵਿਸ਼ੇਸ਼ ਰੋਲ ਹੁੰਦਾ ਹੈ। ਜੇ ਘਟਨਾਵਾਂ ਨੂੰ ਲੜੀ ਵਿੱਚ ਨਾ ਪਰੋਇਆ ਜਾਵੇ ਤਾਂ ਕਹਾਣੀ ਦਾ ਘਟਨਾਤਮਕ ਸੰਗਠਨ ਕੰਮਜ਼ੋਰ ਪੈ ਜਾਂਦਾ ਹੈ। ਮਿੰਨੀ ਕਹਾਣੀ ਵਿੱਚ ਘਟਨਾਵਾਂ ਦੀ ਗਿਣਤੀ ਜਿੰਨੀ ਘੱਟ ਹੋਵੇਗੀ ਕਹਾਣੀ ਉੰਨੀ ਹੀ ਸਫਲ ਰਹੇਗੀ। ਬੋਹਾ ਦੀਆਂ ਕਹਾਣੀਆਂ ਦਾ ਘਟਨਾਵੀ ਫੋਕਸ ਵਧੇਰੇ ਕਰਕੇ ਸਮਾਜਿਕ ਸਰੋਕਾਰਾਂ ’ਤੇ ਹੀ ਰਹਿੰਦਾ ਹੈ, ਤੇ ਉਹ ਟੁੱਟਦੇ ਜੁੜਦੇ ਸਮਾਜਿਕ ਰਿਸ਼ਤਿਆਂ ਨਾਲ ਸਬੰਧਤ ਉਨ੍ਹਾਂ ਹੀ ਘਟਨਾਵਾਂ ਦੀ ਚੋਣ ਕਰਦਾ ਹੈ ਜਿਨ੍ਹਾਂ ਰਾਹੀਂ ਉਹ ਕਹਾਣੀਆਂ ਦੇ ਪਾਤਰਾਂ ਦੀ ਮਨੋ ਸਥਿਤੀ ਵਿੱਚ ਆਉਣ ਵਾਲੇ ਬਦਲਾਵ ਨੂੰ ਸਫ਼ਲਤਾ ਪੂਰਬਕ ਪੇਸ਼ ਕਰ ਸਕੇ।
ਬੋਹਾ ਆਪਣੀਆਂ ਮਿੰਨੀ ਕਹਾਣੀਆਂ ਵਿੱਚ ਚੇਤਨਾ ਪ੍ਰਵਾਹ ਸ਼ੈਲੀ ਦੀ ਵਰਤੋਂ ਵੀ ਖੁੱਲ੍ਹ ਕੇ ਕਰਦਾ ਹੈ, ਜਦੋਂ ਕਿ ਇਸ ਸ਼ੈਲੀ ਦੀ ਵਰਤੋਂ ਬਹੁਤ ਘੱਟ ਮਿੰਨੀ ਕਹਾਣੀਕਾਰਾਂ ਵੱਲੋਂ ਹੀ ਕੀਤੀ ਜਾਂਦੀ ਹੈ। ਉਸਦੀਆਂ ਕਹਾਣੀਆਂ ‘ਅੰਦਰਲਾ ਗਿਆਨ, ਪੁਰਸ਼, ਸਬੰਧ, ਪਲ ਪਲ ਬਦਲਦੀ ਜ਼ਿੰਦਗੀ ਤੇ ਰਿਸ਼ਤਿਆਂ ਦੀ ਕਸਵੱਟੀ’ ਵਿੱਚ ਮਰਦ ਪਾਤਰਾਂ ਦੀ ਡਾਵਾਂਡੋਲ ਮਾਨਸਿਕ ਅਵਸਥਾ ਦਾ ਚਿਤਰਣ ਬੜੇ ਕਲਾਤਮਕ ਢੰਗ ਨਾਲ ਕੀਤਾ ਗਿਆ ਹੈ। ਜਿਵੇਂ ‘ਕਹਾਣੀ ਪਲ ਪਲ ਬਦਲਦੀ ਜ਼ਿੰਦਗੀ’ ਉਸਦੀਆਂ ਬਹੁਤ ਸਾਰੀਆਂ ਕਹਾਣੀਆਂ ਦੇ ਬਿਰਤਾਂਤ ਦਾ ਬਹੁਤ ਹਿੱਸਾ ਪਾਤਰ ਦੇ ਅੰਤਹਕਰਨ ਵਿੱਚ ਹੀ ਵਾਪਰਦਾ ਹੈ ਤੇ ਕਹਾਣੀਕਾਰ ਚੇਤਨਾ ਪ੍ਰਵਾਹ ਦੀ ਜੁਗਤ ਨਾਲ ਉਸਦੀ ਦਵੰਦਆਤਮਕ ਮਨੋ ਦਸ਼ਾ ਨੂੰ ਪਰਤ ਦਰ ਪਰਤ ਉਘੇੜਦਾ ਹੈ।
ਭਾਵੇਂ ਵਿਅੰਗ ਦੀ ਵਰਤੋਂ ਮਿੰਨੀ ਕਹਾਣੀ ਦੀ ਮੁੱਖ ਸ਼ਰਤ ਨਹੀਂ ਤੇ ਇਹ ਸਾਹਿਤ ਦੇ ਹੋਰ ਰੂਪਾਂ ਵਿੱਚ ਵੀ ਵਰਤਿਆ ਜਾਂਦਾ ਹੈ ਪਰ ਨਿਰੰਜਣ ਬੋਹਾ ਨੇ ਇਸ ਨੂੰ ਆਪਣੀਆਂ ਮਿੰਨੀ ਕਹਾਣੀਆਂ ਵਿੱਚ ਇੱਕ ਸ਼ੈਲੀ ਵਜੋਂ ਵਰਤਿਆ ਹੈ। ਵਿਅੰਗ ਵਿਧੀ ਉਸਦੀਆਂ ਲਗਭਗ ਸਾਰੀਆਂ ਮਿੰਨੀ ਕਹਾਣੀਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਵਿਦਮਾਨ ਰਹਿੰਦੀ ਹੈ। ਇਹ ਸ਼ੈਲੀ ਬੋਹਾ ਦੀਆਂ ਮਿੰਨੀ ਕਹਾਣੀ ਦੇ ਸਿਰਜਣਾਤਮਕ ਪ੍ਰਭਾਵ ਨੂੰ ਵਧੇਰੇ ਤੀਬਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਉਸਦੀਆਂ ਮਿੰਨੀ ਕਹਾਣੀਆਂ ਵਿਚਲਾ ਵਿਅੰਗ ਹਾਸੇ ਠੱਠੇ ਦੇ ਮਜ਼ਾਕ ਦੇ ਰੂਪ ਵਿੱਚ ਪ੍ਰਯੋਗ ਨਹੀਂ ਹੋਇਆ ਬਲਕਿ ਕਟਾਖਸ਼ ਦੇ ਗੰਭੀਰ ਪ੍ਰਭਾਵ ਉਜਾਗਰ ਕਰਨ ਵਜੋਂ ਵਰਤਿਆ ਗਿਆ ਹੈ। ਉਸਦੀਆਂ ਕਹਾਣੀਆਂ ਵਿੱਚ ਕਈ ਵਾਰ ਸਧਾਰਨ ਪਾਤਰ ਡੂੰਘਾ ਵਿਅੰਗ ਬਾਣ ਚਲਾ ਕੇ ਪਾਠਕਾਂ ਨੂੰ ਵੱਖਰੀ ਤਰ੍ਹਾਂ ਸੋਚਣ ਲਈ ਮਜਬੂਰ ਕਰ ਦੇਂਦੇ ਹਨ। ਉਦਹਾਰਣ ਵਜੋਂ ਉਸਦੀ ਕਹਾਣੀ ‘ਸ਼ੀਸ਼ਾ’ ਵਿਚਲੇ ਲੇਖਕ ਦੀ ਪਤਨੀ ਦੇ ਇਹ ਕਟਾਖਸ਼ੀ ਬੋਲ ਲੇਖਕ ਵਰਗ ਨੂੰ ਆਪਣੀ ਲਿਖਣ ਦੇ ਮਕਸਦ ਬਾਰੇ ਦੁਬਾਰਾ ਸੋਚਣ ਲਈ ਪ੍ਰੇਰਿਤ ਕਰਨ ਵਾਲੇ ਹਨ।
ਤੁਸੀਂ ਘਰ ਦੇ ਜਿਉਂਦੇ ਪਾਤਰਾਂ ਦੀਆਂ ਭਾਵਨਾਵਾਂ ਨਾਲ ਤਾਂ ਇਨਸਾਫ਼ ਕਰ ਨਹੀਂ ਸਕਦੇ ‘ਕਹਾਣੀਆਂ ਦੇ ਕਲਪਿਤ ਪਾਤਰਾਂ ਨੂੰ ਤੁਹਾਡੇ ਤੋਂ ਕੀ ਆਸ ਹੈ।’
ਨਿਰੰਜਣ ਬੋਹਾ ਦੀਆਂ ਮਿੰਨੀ ਕਹਾਣੀਆਂ ਦੇ ਅਧਿਐਨ ਤੋਂ ਬਾਦ ਕਿਹਾ ਜਾ ਸਕਦਾ ਹੈ ਕਿ ਉਹ ਯਥਾਰਥਵਾਦੀ ਦ੍ਰਿਸ਼ਟੀ ਅਪਣਾਉਂਦੇ ਹੋਏ ਸਮਾਜ ਦੇ ਉਹ ਸਾਰੇ ਕੋਝ ਨੰਗਾ ਕਰਦਾ ਹੈ ਜੋ ਮਨੁੱਖੀ ਮਨ ਵਿੱਚ ਛੁਪੇ ਸੱਪ ਵਾਂਗ ਕੁੰਡਲੀ ਮਾਰੀ ਬੈਠੇ ਹਨ ਹੈ ਤੇ ਦਾਅ ਲੱਗਿਆ ਸਾਹਮਣੇ ਤੋਂ ਵੀ ਵਾਰ ਕਰ ਦੇਂਦੇ ਹਨ। ਉਸਦੀਆਂ ਕਹਾਣੀਆਂ ਵਿੱਚ ਭਾਸ਼ਾ ਦੀ ਸੂਖਮਤਾ, ਰਵਾਨਗੀ, ਵਿਸ਼ਿਆਂ ਦੀ ਵੰਨ ਸੁਵੰਨਤਾ ਆਦਿ ਅਜਿਹੇ ਕਲਾਤਮਕ ਗੁਣ ਹਨ ਜੋ ਵਿਸ਼ਿਆਂ ਦੇ ਨਾਲ ਕਹਾਣੀਆਂ ਦੇ ਸੰਗਠਨਾਤਮਕ ਢਾਂਚੇ ਨਾਲ ਵੀ ਪੂਰਾ ਇਨਸਾਫ਼ ਕਰਦੇ ਹਨ। ਇਹਨਾਂ ਵਿੱਚ ਵਰਤੀ ਵਾਰਤਲਾਪੀ ਸ਼ੈਲੀ ਤੇ ਉੱਤਮ ਪੁਰਖੀ ਪੇਸ਼ਕਾਰੀ ਇਨ੍ਹਾਂ ਨੂੰ ਹੋਰ ਵਜ਼ਨਦਾਰ ਬਣਾਉਂਦੀ ਹੈ। ਨਿਰੰਸਦੇਹ ਭੋਹਾ ਦੀਆਂ ਮਿੰਨੀ ਕਹਾਣੀਆਂ ਉਸਨੂੰ ਇਸ ਵਿਧਾ ਦੇ ਪ੍ਰੌੜ੍ਹ ਲੇਖਕਾਂ ਦੀ ਸਫ਼ ਵਿੱਚ ਸ਼ਾਮਿਲ ਕਰਦੀਆਂ ਹਨ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1623)
(ਸਰੋਕਾਰ ਨਾਲ ਸੰਪਰਕ ਲਈ: