“ਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇ ...”
(8 ਅਪਰੈਲ 2019)
ਕੱਲ੍ਹ ਭੈਣੀ ਜੱਸੇ ਵਾਲੀ ਮਾਸੀ ਪੂਰੀ ਹੋ ਗਈ। ਮੁਰਗਾ ਬੋਲਦੇ ਨਾਲ ਮੋਬਾਇਲ ਦੀ ਲੰਮੀ ਘੰਟੀ ਵੱਜੀ। ਮਾਸੀ ਦੇ ਪੁੱਤ ਦਾ ਫੋਨ ਸੀ। ਮੱਥਾ ਠਣਕਿਆ ... ਭਲੀ ਹੋਵੇ! ਉਂਝ ਵੀ ਵੇਵਕਤ ਆਇਆ ਫੋਨ ਨਾਂਹ ਪੱਖੀ ਸੋਚਣ ਲਈ ਮਜਬੂਰ ਕਰਦਾ ਹੈ। ਉਹੀ ਗੱਲ ਹੋਈ। ਆਵਾਜ਼ ਸੁਣਾਈ ਦਿੱਤੀ, “ਵੀਰੇ, ਰਾਤ ਬੀਬੀ ਪੂਰੀ ਹੋ ਗਈ ... 10 ਵਜੇ ਸਸਕਾਰ ਐ।” ਫੋਨ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ। ਨਾ ਹਾਂ ... ਨਾ ਹੂੰ। ਕੋਲ ਸੁੱਤੀ ਪਈ ਪਤਨੀ ਵੱਲ ਤੱਕਿਆ ... ਸ਼ੁਕਰ ਹੈ ਉਹ ਗੂੜ੍ਹੀ ਨੀਂਦ ਸੁੱਤੀ ਪਈ ਸੀ। ਘੰਟੀ ਦਾ ਖੜਕ ਉਸਦੇ ਕੰਨੀਂ ਨਹੀਂ ਸੀ ਪਿਆ।
ਅਲਸਾਇਆ ਜਿਹਾ ਉੱਠ ਕੇ ਮੈਂ ਇੱਧਰ-ਉੱਧਰ ਟਹਿਲਣ ਲੱਗਾ। ਪੂਰੇ ਦਾ ਪੂਰਾ ਤਨ-ਮਨ ਤੇ ਰੂਹ ਮਾਸੀ ਨਾਲ ਹੋ ਤੁਰੇ। ਮਾਂ ... ਸੀ, ਭਾਵ ਮਾਂ ਵਰਗੀ। ਮਾਸੀ ਨੂੰ ਮਨ ਦੀਆਂ ਪਰਤਾਂ ਫਰੋਲਣ ਲੱਗੀਆਂ। ਸੁਭਾਅ ਦੀ ਨਰਮੀ, ਕੰਮ ਦੀ ਲਗਨ, ਮੋਹਵੰਤੀ ਜਿਹੇ ਉਸਦੇ ਗੁਣ ਅੱਖਾਂ ਅੱਗੇ ਤੈਰਨ ਲੱਗੇ। ਸੂਰਜ ਚੜ੍ਹਿਆ। ਸੂਰਜ ਦੀ ਲਾਲੀ ਨਾਲ ਖਿੜੇ ਫੁੱਲਾਂ ’ਤੇ ਪਈ ਤ੍ਰੇਲ ਚਮਕਣ ਲੱਗੀ।
ਪਤਨੀ ਉੱਠੀ। ਚਾਹ ਬਣਾਈ। ਚਾਹ ਪੀਂਦੇ ਵਕਤ ਸਵਖਤੇ ਆਇਆ ਫੋਨ ਉਸ ਨਾਲ ਹੌਲੀ-ਹੌਲੀ ਸਾਂਝਾ ਕੀਤਾ। ਉਹ ਵੀ ਕੁਝ ਬੇਚੈਨ ਜਿਹੀ ਹੋ ਗਈ – “ਚੰਗੀ ਸੀ ਮਾਸੀ ... ਐਂ ਕੀ ਹੋ ਗਿਆ, ਜਿਹੜੀ ਅਚਾਨਕ ਈ ਤੁਰ ਗਈ? ... ਮੈਂਨੂੰ ਤਾਂ ਜੀ ਅੱਜ ਛੁੱਟੀ ਨੀ ਮਿਲਣੀ ... ਪੇਰੈਂਟਸ ਡੇ ਐ ... ਤੁਸੀਂ ਸਸਕਾਰ ’ਤੇ ਜਾ ਆਇਓ। ਭੋਗ ’ਤੇ ਆਪਾਂ ਦੋਵੇਂ ਜਾ ਆਵਾਂਗੇ।”
ਸਸਕਾਰ ਸਮੇਂ ਸਾਰੇ ਰਿਸ਼ਤੇਦਾਰ, ਸਨੇਹੀ ਇਕੱਠੇ ਹੋਏ। ਸੱਥਰ ’ਤੇ ਬੈਠੇ ਅੱਧੀ ਉਮਰ ਟੱਪੇ ਸਾਰੇ ਹੀ ਮਰਦ ਬਿਮਾਰੀਆਂ ਦੀਆਂ ਗੱਲਾਂ ਕਰਦੇ ਰਹੇ। ‘ਸ਼ੂਗਰ ਤਾਂ ਜੀ ਅੱਜ ਕੱਲ੍ਹ ਹਰੇਕ ਨੂੰ ਹੀ ਐ ... ’, ‘ਬਲੱਡ ਪ੍ਰੈਸ਼ਰ ਕਿਵੇਂ ਰਹਿੰਦੈ?’, ‘ਖਾਣੇ ਵਿੱਚ ਜ਼ਹਿਰਾਂ ਰਲਗੀਆਂ ਜੀ।’, ‘ਅੱਗੇ ਬੰਦੇ ਹੁੰਦੇ ਸੀ, ਸੇਰ ਸੇਰ ਪੱਕਾ ਅੰਨ ਖਾ ਜਾਂਦੇ ਸੀ ... ਵੀਹ-ਵੀਹ ਰੋਟੀਆਂ ...।’ ਹੁਣ ਤਾਂ ਦੋ ਨੀ ਹਜਮ ਹੁੰਦੀਆਂ । ਰਹਿੰਦੀ-ਖੂੰਹਦੀ ਗੈਸਾਂ ਨੇ ਕਸਰ ਕੱਢ ’ਤੀ।’ ਇੰਝ ਲਗਦਾ ਸੀ ਜਿਵੇਂ ਤੰਦਰੁਸਤੀ ਸਭਨਾਂ ਨਾਲ ਹੀ ਰੁੱਸ ਬੈਠੀ ਹੋਵੇ।
... ਮੈਂ 35 ਸਾਲ ਪਹਿਲਾਂ ਦੀ ਯਾਦ ਆਈ ਇੱਕ ਘਟਨਾ ਨਾਲ ਜੁੜ ਗਿਆ। ਉਦੋਂ ਅਸੀਂ ਬੇਰੁਜ਼ਗਾਰ ਚਾਰ ਮਿੱਤਰਾਂ ਨੇ ਰਲ ਕੇ ਇੱਕ ਅਕੈਡਮੀ ਖੋਲ੍ਹ ਲਈ ਸੀ। ਖਸਤਾ ਹਾਲ ਮੋਪਡਾਂ ’ਤੇ ਪਿੰਡਾਂ ਵਿੱਚ ਅਕੈਡਮੀ ਦੇ ਪੋਸਟਰ ਲਾਉਂਦੇ-ਲਾਉਂਦੇ ਅਸੀਂ ਜਦ ਮਾਸੀ ਦੇ ਪਿੰਡ ਪਹੁੰਚੇ ਤਾਂ ਭੁੱਖ ਸਿੱਖਰਾਂ ’ਤੇ ਸੀ। ਸਾਨੂੰ ਆਉਂਦੇ ਦੇਖ ਮਾਸੀ ਤੋਂ ਚਾਅ ਨਾ ਚੱਕਿਆ ਜਾਵੇ। ਮੋਹ ਦਾ ਚਸ਼ਮਾ ਹੀ ਵਹਿ ਤੁਰਿਆ ਸੀ। “ਹੋਰ ਪੁੱਤ ... ਅੱਜ ਤਾਂ ਲਗਦੈ ਦਿਨ ਭਾਗਾਂ ਵਾਲੈ। ਚਾਹ ਦਾ ਤਾਂ ਹੁਣ ਟੈਮ ਨੀਂ ... ਰੋਟੀ ਈ ਲਾਹ ਦਿੰਨੀ ਆਂ।” ਕਹਿ ਕੇ ਮਾਸੀ ਚੁੱਲ੍ਹੇ ਮੂਹਰੇ ਜਾ ਬੈਠੀ।
ਗੱਲਾਂ ਕਰਦੇ ਕਰਦੇ ਹੀ ਮਾਸੀ ਨੇ ਚਿੱਬੜਾਂ ਦੀ ਚਟਣੀ ਕੁੱਟ ਧਰੀ ... ਨਾਲ ਹੀ ਸਵੇਰ ਦੀ ਬਣੀ ਥੋੜ੍ਹੀ ਜਿਹੀ ਗੁਆਰੇ ਦੀਆਂ ਫਲੀਆਂ ਦੀ ਸ਼ਬਜੀ ਵਿੱਚ ਬਰਾਬਰ ਦਾ ਘਿਓ ਪਾ ਕੇ ਗਰਮ ਕਰ ਲਈ। ਦੇਸੀ ਘਿਓ ਦੀ ਪਸਰੀ ਖੁਸ਼ਬੋ ਨੇ ਸਾਡੀ ਭੁੱਖ ਹੋਰ ਤੇਜ਼ ਕਰ ਦਿੱਤੀ। ਪੰਜ-ਪੰਜ, ਸੱਤ-ਸੱਤ ਰੋਟੀਆਂ ਖਾਣ ਪਿੱਛੋਂ ਤਰੋਤਾਜ਼ਾ ਹੋਏ ਸਾਡੇ ਸਰੀਰਾਂ ਨੇ ਅਗਲੀ ਮੰਜ਼ਲ ਵੱਲ ਚਾਲੇ ਪਾ ਦਿੱਤੇ। “... ਪੁੱਤ ਗੇੜ੍ਹਾ ਛੇਤੀ ਛੇਤੀ ਮਾਰਦੇ ਰਿਹਾ ਕਰੋ ... ਬੰਦਾ ਤਾਂ ਮਿਲਦਾ ਗਿਲਦਾ ਹੀ ਚੰਗਾ ਰਹਿੰਦੈ ...’ ਅਤੇ ਅਸੀਸਾਂ ਦੇ ਢੇਰ ਬਖੇਰਦੀ ਮਾਸੀ ਨੇ ਸਾਡੇ ਚਾਰਾਂ ਦੇ ਸਿਰ ਪਲੋਸੇ। ...
ਸਸਕਰ ਦੀ ਤਿਆਰੀ ਹੋਣ ਲੱਗੀ। ਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇ। ਸਹਿਜ ਸੁਭਾਅ ਬੈਠੇ ਪਿੰਡ ਦੇ ਲੋਕ ਥੋੜ੍ਹੀ ਥੋੜ੍ਹੀ ਦੇਰ ਬਾਅਦ – ‘ਵਾਖਰੂ ਭਲਾ ਕਰੀਂ - ਵਰਗੇ ਸ਼ਬਦ ਉਚਾਰਦੇ ਤੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਕਰਦੇ। ਸ਼ਹਿਰੀਆਂ ਦੀ ਬਜਾਏ ਪੇਂਡੂ ਬੰਦੇ ਘੱਟ ਮੋਟੇ ਸਨ ਤੇ ਸਰੀਰਾਂ ਨੂੰ ਚਿੰਬੜੀਆਂ ਬਿਮਾਰੀਆਂ ਦੀ ਗੱਲ ਵੀ ਘੱਟ ਕਰਦੇ ਸਨ।
ਮਾਸੀ ਦੀਆਂ ਕਈ ਧੀਆਂ ਹੋਣ ਕਾਰਨ ਜਦ ਵੀ ਕੋਈ ਸਹੁਰਿਆਂ ਸਮੇਤ ਆਉਂਦੀ ਤਾਂ ਰੋਣ-ਕੁਰਲਾਉਣ ਵਧ ਜਾਂਦਾ। ਔਰਤਾਂ ਆਈ ਲੜਕੀ ਨੂੰ ਮਾਸੀ ਦੀ ਦੇਹ ਨਾਲੋਂ ਤੋੜ ਤੋੜ ਪਰ੍ਹਾਂ ਲਿਜਾਂਦੀਆਂ। ਸਾਰੀਆਂ ਕੁੜੀਆਂ ਆਉਣ ਪਿੱਛੋਂ ਮਾਸੀ ਦੀ ਮ੍ਰਿਤਕ ਦੇਹ ਦਾ ਇਸ਼ਨਾਨ ਕਰਵਾਇਆ ਗਿਆ ਅਤੇ ਸ਼ਮਸ਼ਾਨ ਭੂਮੀ ਵੱਲ ਜਾਣ ਦੀ ਤਿਆਰੀ ਹੋਈ। ਵੱਡੇ ਬਰੋਟੇ ਥੱਲੇ ਬੈਠੇ ਪਿੰਡ ਦੇ ਬਜ਼ੁਰਗ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਮਜ਼ਲ ਨਾਲ ਲੋਕ ਜੁੜਦੇ ਰਹੇ। ਵਿਛੜੀ ਮਾਸੀ ਦਾ ਮੋਹਖੋਰਾ ਸੁਭਾਅ ਰਹੇਕ ਦੀ ਜ਼ੁਬਾਨ ’ਤੇ ਸੀ।
ਦੋਵਾਂ ਪੁੱਤਾਂ ਨੇ ਮਾਸੀ ਦੀ ਦੇਹ ਨੂੰ ਅਗਨ ਦਿਖਾਈ। ਗਏ ਆਦਮੀ ਨਾਲ ਨਾਤਾ ਤੋੜਨ ਹਿਤ ਪੁੱਜੇ ਲੋਕਾਂ ਡੱਕੇ ਤੋੜ ਚਿਖਾ ਵਿੱਚ ਸੁੱਟੇ। ਬਾਬਾ ਰਿਖੀ ਰਾਮ ਦੇ ਡੇਰੇ ਫੁੱਲਾਂ ਦੀ ਰਸਮ ਤੇ ਭੋਗ ਦੀ ਤਰੀਕ ਦਾ ਐਲਾਨ ਹੋਇਆ। ...
ਮੁੜਦੇ ਵਕਤ ਜਦ ਮੈਂ ਆਪਣੇ ਸ਼ਹਿਰ ਵੱਲ ਮੁੜਿਆ ਤਾਂ ਮਾਸੀ ਰਹਿ-ਰਹਿ ਕੇ ਯਾਦ ਆਉਣ ਲੱਗੀ। ਮਾਸੀ ਦੇ ਸਿਵੇ ਨੂੰ ਦੁਬਾਰਾ ਨਮਨ ਕੀਤਾ। ਪੈਂਤੀ ਸਾਲ ਪਹਿਲਾਂ ਮਾਸੀ ਦੇ ਹੱਥਾਂ ਦੇ ਬਣਾਏ ਉਹ ਮਿੱਸੇ ਪ੍ਰਸ਼ਾਦੇ, ਚਿੱਬੜਾਂ ਦੀ ਚਟਣੀ, ਦੇਸੀ ਘਿਓ ਦੀ ਵਾਸ਼ਨਾ ਅਤੇ ਗੁਆਰੇ ਦੀਆਂ ਫਲੀਆਂ ਦੀ ਗਰਮ ਗਰਮ ਸਬਜ਼ੀ ਦੀ ਯਾਦ ਨੇ ਘੇਰ ਲਿਆ ਅਤੇ ਮਾਸੀ ਦੇ ਕਹੇ ਸ਼ਬਦ-ਪੁੱਤ ਬੰਦਾ ਤਾਂ ਮਿਲਦਾ-ਗਿਲਦੈ ਹੀ ਚੰਗਾ ਰਹਿੰਦੈ - ਮੇਰੇ ਦਿਮਾਗ ਵਿੱਚ ਖੌਰੂ ਪਾਉਣ ਲੱਗੇ।
ਇਸ ਸਭ ਕੁਝ ’ਤੇ ਮੈਂਨੂੰ ਅੱਜ ਬਹੁਤ ਪਛਤਾਵਾ ਹੋਇਆ - ਚਾਰ ਦਿਨ ਪਹਿਲਾਂ ਮੈਂ ਮਾਸੀ ਦੇ ਪਿੰਡ ਕੋਲੋਂ ਉਸ ਨੂੰ ਬਿਨਾਂ ਮਿਲਿਆਂ ਹੀ ਲੰਘ ਆਇਆ ਸੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1544)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)