TejinderpalKlMaan7ਇੰਨੇ ਨੂੰ ਇੱਕ ਕਾਰ ਆ ਕੇ ਰੁਕੀ। ਜਦੋਂ ਹੀ ਉਸ ਵਿੱਚੋਂ ਦੋ ਬੰਦੇ ਬਾਹਰ ਆਏ ...
(26 ਫਰਵਰੀ 2019)

 

ਅੱਜ ਮੀਂਹ ਬਹੁਤ ਪੈ ਰਿਹਾ ਸੀ। ਸਾਰਾ ਦਿਨ ਹੀ ਪੈਂਦਾ ਰਿਹਾ। ਕਦੇ ਘਟ ਜਾਂਦਾ ਤੇ ਕਦੇ ਵਧ ਜਾਂਦਾ। ਘਰ ਦੇ ਬਾਹਰ ਦੋ ਤਿੰਨ ਔਰਤਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ। ਇਸ ਗੱਲ ’ਤੇ ਹਾਸਾ ਵੀ ਆਇਆ ਕਿ ਬੀਬੀਆਂ ਭੈਣਾਂ ਨੂੰ ਤਾਂ ਬੱਸ ਗੱਲਾਂ ਦਾ ਮੌਕਾ ਚਾਹੀਦਾ ਹੈਇੰਨੇ ਮੀਂਹ ਵਿੱਚ ਵੀ ਥੋੜ੍ਹੀ ਜਿਹੀ ਥਾਂ ਵਿੱਚ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਫਿਰ ਅਚਾਨਕ ਮੇਰੇ ਘਰ ਦਾ ਦਰਵਾਜਾ ਕਿਸੇ ਆਣ ਖੜਕਾਇਆ। ਤ੍ਰਿਕਾਲਾਂ ਪੈ ਚੁੱਕੀਆਂ ਸਨ।

“ਥੋਨੂੰ ਪਤਾ ਲੱਗਾ, ਆਪਣੇ ਗੁਆਂਢੀ ਰਾਜੇਸ਼ ਦੇ ਨੂੰਹ ਪੁੱਤ ਦਾ ਐਕਸੀਡੈਂਟ ਹੋ ਗਿਆ, ਨਾਲ 4 ਸਾਲ ਦਾ ਪੋਤਾ ਵੀ ਸੀ।” ਗੁਆਂਢਣ ਨੇ ਆ ਕੇ ਦੱਸਿਆ। “ਸਾਰਿਆਂ ਨੂੰ ਜਾਣੀ ਭਾਜੜਾਂ ਪੈ ਗਈਆਂ। ਤਿੰਨੇ ਜਣੇ ਮੋਟਰਸਾਇਕਲ ਤੇ ਆ ਰਹੇ ਸੀ । ਮੀਂਹ ਪੈ ਰਿਹਾ ਸੀ , ਰੁਕਣ ਨਾਲੋਂ ਹੌਲੀ ਹੌਲੀ ਸ਼ਹਿਰ ਵੱਲ ਨੂੰ ਆ ਰਹੇ ਸੀ। ਅੱਗੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੈਕਟਰ ਮੋਟਰਸਾਇਕਲ ਵਿੱਚ ਬਹੁਤ ਜ਼ੋਰ ਦੀ ਆ ਵੱਜਾ। ਟੱਕਰ ਮਾਰ ਕੇ ਟਰੈਕਟਰ ਵਾਲਾ ਟਰੈਕਟਰ ਭਜਾ ਕੇ ਲੈ ਗਿਆ। ਤਿੰਨੋਂ ਜਣੇ ਸੜਕ ’ਤੇ ਲਹੂ ਲੁਹਾਣ ਹੋਏ ਪਏ ਸੀ। ਮੁੰਡੇ ਦੇ ਸੱਟ ਬਹੁਤ ਗਹਿਰੀ ਲੱਗੀ ਸੀ। ਲਹੂ ਮੀਂਹ ਦੇ ਪਾਣੀ ਵਿੱਚ ਰਲ਼ ਕੇ ਇੰਝ ਲੱਗ ਰਿਹਾ ਸੀ ਜਿਵੇਂ ਖੂਨ ਦਾ ਛੱਪੜ ਲੱਗ ਗਿਆ ਹੋਵੇ। ਮਹਿੰਗੇ ਆਈ ਫੋਨਾਂ ’ਤੇ ਫੋਨਾਂ ਵਾਲੇ ਲੋਕ ਫੋਟੋ ਖਿੱਚ ਰਹੇ ਸੀ। ਕੋਈ ਬੋਲ ਬੋਲ ਕੇ ਵੀਡੀੳ ਬਣਾ ਰਿਹਾ ਸੀ - ਬਾਈ ਜੀ ਆਹ ਤਿੰਨ ਜਣਿਆ ਦਾ ਐਕਸੀਡੈਂਟ ਹੋ ਗਿਆ। ਆਹ ਵਿਚਾਰੇ ਇੰਝ ਤੜਫ਼ ਰਹੇ ਨੇ, ਮਾਸੂਮ ਬੱਚਾ, ਵਗੈਰਾ ਵਗੈਰਾ ਤੇ ਕਹਿ ਰਹੇ ਸੀ- ਵੀਡਿੳ ਸ਼ੇਅਰ ਕਰੋ - ਉੱਧਰ ਉਹ ਤਿੰਨੋਂ ਦਰਦ ਨਾਲ ਕਰਾਹ ਰਹੇ ਸੀ ...

“ਪਤਨੀ ਸਾਰਿਆਂ ਅੱਗੇ ਹੱਥ ਜੋੜ ਰਹੀ ਸੀ ਤਰਲੇ ਪਾ ਰਹੀ ਸੀ - ਵੀਰ ਬਣਕੇ ਸਾਨੂੰ ਹਸਪਤਾਲ ਲੈ ਜੋ, ਮੇਰੇ ਪਤੀ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਰਹੀ ਆ। ਬਹੁਤ ਖੂਨ ਵਗ ਰਿਹਾ। ਹਾਇ ਸਾਨੂੰ ਲੈ ਜੋ ਬਾਈ ਬਣਕੇ ... ਅਸੀਂ ਬਚ ਜਾਵਾਂਗੇ। ਮਿੰਨਤ ਆ ਵੀਰ ... ਮੇਰੇ ਪਤੀ ਤੇ ਨਿਆਣੇ ਨੂੰ ਲੈ ਜਾਓ ਹਸਪਤਾਲ। ਉਹ ਔਰਤ ਸੜਕ ’ਤੇ ਰਿੜ੍ਹ ਰਿੜ੍ਹ ਕੇ ਲੋਕਾਂ ਅੱਗੇ ਹਾੜ੍ਹੇ ਕੱਢ ਰਹੀ ਸੀ ...

“ਇੰਨੇ ਨੂੰ ਇੱਕ ਕਾਰ ਆ ਕੇ ਰੁਕੀਜਦੋਂ ਹੀ ਉਸ ਵਿੱਚੋਂ ਦੋ ਬੰਦੇ ਬਾਹਰ ਆਏ ਤਾਂ ਉਸ ਔਰਤ ਨੇ ਉਹਨਾਂ ਦੇ ਪੈਰ ਫੜ ਲਏ ... ਵੀਰ ਬਣਕੇ ਮੇਰੇ ਪਤੀ ਤੇ ਬੱਚੇ ਨੂੰ ਹਸਪਤਾਲ ਲੈ ਜੋ ...

“ਉਹ ਕਾਰ ਵਾਲੇ ਬੰਦੇ ਉਹਨਾਂ ਤਿੰਨਾਂ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ ... ਉਹ ਮਾਂ ਪੁੱਤ ਬਚ ਗਏ। ਹੋਸ਼ ਆਉਣ ’ਤੇ ਜਦੋਂ ਉਸ ਔਰਤ ਨੂੰ ਆਪਣੇ ਪਤੀ ਦੀ ਮੌਤ ਦਾ ਪਤਾ ਲੱਗਾ ਤਾਂ ਉਸਦਾ ਵਿਰਲਾਪ ਕੰਧਾਂ ਰੁਆਉਣ ਵਾਲਾ ਸੀ। ਉਹ ਰੋਂਦੀ ਝੱਲੀ ਨੀ ਸੀ ਜਾਂਦੀ।...

ਹਾਇ ਮੈਂ ਪੱਟੀ ਗਈ ਵੇ ਲੋਕੋ, ਮੇਰਾ ਘਰ ਉੱਜੜ ਗਿਆ ... ਤੁਸੀਂ ਫ਼ੋਟੋ ਜੋਗੇ ਰਹਿ ਗੇ ਵੇਅਅ ... ਨੀ ਮਾਂ ਮੈਂ ਸੁਹਾਗਣ ਰਹਿ ਜਾਂਦੀ, ਵੇਲੇ ਨਾਲ ਲੋਕੀ ਚੱਕ ਲੈਂਦੇ ਨੀ ਅੰਮੜੀਏ ...

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1496)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਤੇਜਿੰਦਰਪਾਲ ਕੌਰ ਮਾਨ

ਤੇਜਿੰਦਰਪਾਲ ਕੌਰ ਮਾਨ

Phone: (91 - 98783 - 03720)
Email: (mtejinderpal@yahoo.com)