SukhdevSSirsa7ਧਾਰਮਿਕ, ਨਸਲੀ, ਭਾਸ਼ਾਈ, ਜਾਤੀ ਤੇ ਜਮਾਤੀ ਵਖਰੇਵਿਆਂ ਤੇ ਵਿਰੋਧਾਂ ਦੇ ਬਾਵਜੂਦ ...
(21 ਫਰਵਰੀ 2019)

 

ਅੱਜ ਆਲਮੀ ਪੰਜਾਬੀ ਭਾਈਚਾਰਾ ਬਹੁ-ਤਰਫੇ ਸੰਕਟ ਤੇ ਵੰਗਾਰਾਂ ਦੇ ਸਨਮੁਖ ਹੈ। ਮੌਜੂਦਾ ਸੰਕਟ ਗੰਭੀਰ ਵੀ ਹੈ, ਘਾਤਕ ਵੀ ਅਤੇ ਇੰਨਾ ਤਿਲਕਵਾਂ ਕਿ ਅੱਜ ਸਾਨੂੰ ਇਸਦੇ ਪਾਸਾਰਾਂ ਦੀ ਸਮਝ ਵੀ ਨਹੀਂ ਆ ਰਹੀ। ਜਿਸ ਘੜੀ ਇਹ ਆਲਮੀ ਪੰਜਾਬੀ ਕਾਨਫਰੰਸ ਹੋ ਰਹੀ ਹੈ, ਇਸ ਨਾਜ਼ਕ ਦੌਰ ਨੂੰ ਇਤਿਹਾਸਕਾਰ ਪ੍ਰੋ. ਇਰਫਾਨ ਹਬੀਬ ਨੇ “ਇਤਿਹਾਸ ਦਾ ਇੱਕ ਬੇਹੱਦ ਬੁਰਾ ਪਲ” ਕਹਿ ਕੇ ਇਸ ਬਾਰੇ ਆਪਣੀ ਫਿਕਰਮੰਦੀ ਜ਼ਾਹਰ ਕੀਤੀ ਹੈ। ਕਾਰਪੋਰੇਟ ਪੂੰਜੀ ਦੁਆਰਾ ਸੰਚਾਲਿਤ ਬਾਜ਼ਾਰ ਦੀ ਚਮਕ-ਦਮਕ, ਵਿਕਾਸ ਦਾ ਲੁਭਾਉਣਾ ਨਾਹਰਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਅਸਹਿਮਤੀ ਦੀਆਂ ਆਵਾਜ਼ਾਂ ਦਾ ਯੋਜਨਾਬੱਧ ਹਿੰਸਕ ਦਮਨ ਨਾਲੋ ਨਾਲ ਚਲ ਰਹੇ ਹਨ। ਵਿਸ਼ਵੀਕਰਣ ਦੇ ਛਲੀਏ ਗੁਰਮੰਤਰ ਦੇ ਬਹਾਨੇ ਸੰਸਾਰ ਦੇ ਵੱਖ-ਵੱਖ ਖਿਤਿਆਂ ਦੇ ਕੁਦਰਤੀ ਸਰੋਤਾਂ ਤੇ ਮਨੁੱਖ ਦੀ ਕਿਰਤ ਸ਼ਕਤੀ ਨੂੰ ਲੁੱਟਣ ਦੇ ਚਾਹਵਾਨ ਵਿਸ਼ਵ ਪੂੰਜੀਵਾਦ ਦੇ ਨੁਮਾਇੰਦੇ ਕਹਾਉਣ ਵਾਲੇ ਆਪੇ ਬਣੇ ਅਲੰਬਰਦਾਰ ਦੇਸ਼ ਖੁਦ ਗਹਿਰੇ ਆਰਥਿਕ ਸੰਕਟ ਵਿੱਚ ਘਿਰੇ ਹੋਏ ਹਨ। ਬਰਤਾਨੀਆ ਦਾ ਯੂਰਪੀਨ ਯੂਨੀਅਨ ਵਿੱਚੋਂ ਬਾਹਰ ਆਉਣਾ ਤੇ ਟਰੰਪ ਸਰਕਾਰ ਦਾ ਅਮਰੀਕਾ ਦੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਉਦਾਰਵਾਦੀ ਪਰਵਾਸ-ਨੀਤੀ ਬਾਰੇ ਕਰੜਾ ਰੁਖ਼ ਕੰਧ ’ਤੇ ਲਿਖੀਆਂ ਹਕੀਕਤਾਂ ਹਨ। ਇੰਡੋ-ਪਾਕਿ ਖਿੱਤੇ ਤੋਂ ਬਾਹਰ ਵੀ ਸੰਸਾਰ ਦੇ ਕਈ ਖਿੱਤਿਆਂ ਵਿੱਚ ਵਸਦਾ-ਰਸਦਾ ਪੰਜਾਬੀ ਭਾਈਚਾਰਾ ਦਰਪੇਸ਼ ਸੰਕਟਾਂ ਅਤੇ ਵੰਗਾਰਾਂ ਤੋਂ ਅਭਿੱਜ ਕਿਵੇਂ ਰਹਿ ਸਕਦਾ ਹੈ। ਭਾਵੇਂ ਹਰ ਖਿਤੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਜ਼ਮੀਨੀ ਹਕੀਕਤਾਂ ਇੱਕੋ ਜਿਹੀਆਂ ਨਹੀਂ, ਪਰ ਫਿਰ ਵੀ ਪੰਜਾਬੀ ਬੰਦੇ ਦੀ ਪਛਾਣ ਅਤੇ ਪੰਜਾਬੀਅਤ ਦੇ ਕੁਝ ਸਾਂਝੇ ਸੂਤਰ ਹਨ। ਅਜੋਕੇ ਸੰਦਰਭ ਵਿੱਚ ਧਰਮ, ਫਿਰਕਾ ਅਤੇ ਰਾਸ਼ਟਰ ਪੰਜਾਬੀਅਤ ਦੇ ਸਾਂਝੇ ਸੂਤਰ ਨਹੀਂ ਹੋ ਸਕਦੇ। ਪੰਜਾਬੀ ਭਾਈਚਾਰੇ ਦੀ ਸਾਂਝ ਦੇ ਕੇਂਦਰੀ ਤੇ ਬਲਵਾਨ ਸੂਤਰ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਦੀ ਧਰਮ, ਨਸਲ ਤੇ ਫਿਰਕਾ ਮੁਕਤ ਸਾਂਝੀ ਲੋਕਧਾਰਾ ਹੀ ਹਨ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਹਰ ਖਿੱਤੇ ਵਿੱਚ ਵਸਦੇ ਪੰਜਾਬੀਆਂ ਦੀ ਹੋਣੀ ਉੱਥੋਂ ਦੇ ਲੋਕਾਂ ਤੋਂ ਵੱਖਰੀ ਨਹੀਂ ਹੋ ਸਕਦੀ।

ਭਾਰਤ ਦੇ ਕੌਮੀ ਪ੍ਰਸੰਗ ਵਿੱਚ ਰਤਾ ਕੁ ਵੱਧ ਉਦਮੀ ਸਮਝਿਆ ਜਾਂਦਾ ਪੰਜਾਬੀ ਭਾਈਚਾਰਾ (ਭਾਵੇਂ ਇਹ ਮਿੱਥ ਖੁਦ ਪੰਜਾਬੀਆਂ ਨੇ ਹੀ ਘੜੀ ਹੈ) ਵਸੋਂ ਦੇ ਲਿਹਾਜ਼ ਨਾਲ ਘੱਟ-ਗਿਣਤੀ ਸਮੂਹ ਹੈ। ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਉਪਜਾਊ ਧਰਤੀ ਅਤੇ ਪੰਜਾਬੀਆਂ ਦੀ ਜੁਝਾਰੂ ਮਾਨਸਿਕਤਾ ਕਰਕੇ ਪੰਜਾਬੀ ਭਾਈਚਾਰੇ ਨੇ ਭਾਰਤੀ ਆਰਥਿਕਤਾ, ਸਿਆਸਤ ਅਤੇ ਸਭਿਆਚਾਰਕ ਸੰਦਰਭ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਤੇ ਪੈਂਠ ਬਣਾਈ ਹੈ। ਪਰ ਵੱਖਰੇ ਵੱਖਰੇ ਧਾਰਮਿਕ ਅਤੇ ਜਾਤੀ-ਜਮਾਤੀ ਵਖਰੇਵਿਆਂ ਦੇ ਵਿਰੋਧਾਂ ਵਾਲਾ ਪੰਜਾਬੀ ਭਾਈਚਾਰਾ ਇਕ-ਰੰਗਾ ਨਹੀਂ। ਭਾਰਤ ਦੇ ਅਜੋਕੇ ਕੌਮੀ ਸੰਦਰਭ ਵਿੱਚ ਪੰਜਾਬੀ ਭਾਈਚਾਰੇ ਨੂੰ ਦੂਹਰੇ ਸੰਵਾਦ ਦੀ ਲੋੜ ਹੈ। ਉਸਨੇ ਆਪਣੇ ਅੰਦਰਲੇ ਧਾਰਮਿਕ, ਫਿਰਕੂ, ਜਾਤੀ (ਜਾਤ, ਵਰਣ ਦੇ ਵਿਰੋਧ) ਅਤੇ ਜਮਾਤੀ ਵਖਰੇਵੇਂ ਅਤੇ ਵਿਰੋਧਾਂ ਨੂੰ ਵੀ ਮੁਖਾਤਿਬ ਹੋਣਾ ਹੈ ਅਤੇ ਸੱਤਾ ਦੀ ਸ਼ਹਿ ਵਾਲੀ ਬਹੁ-ਗਿਣਤੀ ਦੇ ਦਾਬੇ ਨਾਲ ਵੀ ਸਾਰਥਕ ਤੇ ਤਾਰਕਿਕ ਸੰਵਾਦ ਰਚਾਉਣਾ ਹੈ। ਅਜੋਕੇ ਭਾਰਤੀ ਸੰਦਰਭ ਵਿੱਚ ਪੰਜਾਬੀ ਭਾਈਚਾਰੇ ਸਾਹਮਣੇ ਵੀ ਦੋ ਮੁੱਖ ਵੰਗਾਰਾਂ ਹਨ - ਪਹਿਲੀ; ਵਿਕਾਸ ਦੇ ਲੁਭਾਉਣੇ ਮਖੌਟੇ ਵਾਲੀ ‘ਅਵਾਰਾ ਪੂੰਜੀ’ ਵਾਲੇ ਕਾਰਪੋਰੇਟ ਘਰਾਣਿਆਂ ਦੀ ਦਲਾਲ ਜਾਂ ਹਿੱਸੇ-ਪੱਤੀ ਵਾਲੀ ਸਰਕਾਰ ਦੀਆਂ ਨਵੀਆਂ ਆਰਥਿਕ ਨੀਤੀਆਂ ਨੂੰ ਸਮਝਣਾ ਅਤੇ ਦੂਜੀ ‘ਸਭਿਆਚਾਰਕ ਰਾਸ਼ਟਰਵਾਦ’ ਦੀ ਹਿੰਸਕ ਅਤੇ ਘਾਤਕ ਸਿਆਸਤ ਨੂੰ ਬੇਪਰਦ ਕਰਨਾ। ਵਿਸ਼ਵੀਕਰਨ, ਖੁੱਲ੍ਹੇ ਮੁਕਾਬਲੇ ਵਾਲਾ ਬਾਜ਼ਾਰ ਅਤੇ ਲਚਕੀਲੀ ਆਰਥਿਕਤਾ ਅਜੋਕੇ ਵਿਸ਼ਵ ਪੂੰਜੀਵਾਦ ਦੀਆਂ ਲੋੜਾਂ ਹਨ, ਜਿਸਨੂੰ ਆਪਣੀ ਵਿਤੀ ਪੂੰਜੀ ਦੇ ਬੇਰੋਕ ਨਿਵੇਸ਼ ਲਈ ਹੱਦਾਂ-ਸਰਹੱਦਾਂ ਮੁਕਤ ਸੰਸਾਰ ਚਾਹੀਦਾ ਹੈ। ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਨੂੰ ਵੇਚਣ ਤੇ ਖਪਾਉਣ ਲਈ ਖੁੱਲ੍ਹੀ ਮੰਡੀ ਦੀ ਲੋੜ ਹੈ। ਵਿਸ਼ਵੀਕਰਨ, ਕਾਰਪੋਰੇਟ ਪੂੰਜੀ ਦੇ ਨਿਵੇਸ਼ ਅਤੇ ਉਤਪਾਦਾਂ ਲਈ ਲੋੜੀਂਦੇ ਬਾਜ਼ਾਰਵਾਦ ਨੇ ਉਪਭੋਗਤਾਵਾਦੀ ਸਭਿਆਚਾਰ ਨੂੰ ਸ਼ਹਿ ਦਿੱਤੀ ਹੈ। ਬਦੇਸ਼ੀ ਸਰਮਾਇਦਾਰੀ ਜਾਂ ਕਾਰਪੋਰੇਟ ਜਮਾਤ ਦੀ ਭਿਆਲ ਜਾਂ ਦਲਾਲ ਸਾਡੀ ਬੁਰਜੂਆ ਸੱਤਾ-ਸਿਆਸਤ ਨੇ ਕਾਰਪੋਰੇਟ ਪੂੰਜੀ ਦੇ ਨਿਵੇਸ਼ ਲਈ ਰਾਹ ਖੋਲ੍ਹ ਦਿੱਤਾ ਹੈ, ਇਸ ਦੇ ਨਾਲ ਹੀ ਨਿੱਜੀਕਰਣ ਨੂੰ ਬਲ ਮਿਲਿਆ ਹੈ, ਜਿਸ ਨੇ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਮਨੁੱਖੀ ਲੋੜਾਂ ਵਾਲੇ ਖੇਤਰਾਂ ਨੂੰ ਵਣਜ ਵਿੱਚ ਬਦਲ ਦਿੱਤਾ ਹੈ। ਨਿੱਜੀਕਰਣ ਅਤੇ ਮੁਨਾਫੇ ਦੀ ਹੋੜ ਨੇ ਪਬਲਿਕ ਸੈਕਟਰ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਤਾਂ ਕੀਤਾ ਹੀ ਹੈ, ਇਸ ਨਾਲ ਸੇਵਾਵਾਂ ਦਾ ਖੇਤਰ ਵੀ ਸੁੰਗੜਿਆ ਹੈ। ਕਰੋੜਾਂ ਕਿਰਤੀ ਹੱਥ ਕੰਮ ਤੋਂ ਵਾਂਝੇ ਹੋਏ ਹਨ। ਉਦਾਰਵਾਦੀ ਆਰਥਿਕਤਾ, ਪਬਲਿਕ ਦੇ ਦਬਾਉ ਤੋਂ ਮੁਕਤ ਮੁਕਾਬਲੇ ਵਾਲੇ ਬਾਜ਼ਾਰ ਅਤੇ ਨਿੱਜੀਕਰਣ ਨੇ ਸਮਾਜਕ ਸੁਰੱਖਿਆ ਅਤੇ ਸੇਵਾਵਾਂ ਨੂੰ ਖੋਰਾ ਲਾਇਆ ਹੈ। ਵਿਸ਼ਵ ਪੂੰਜੀਵਾਦ ਦੇ ਅੰਦਰੂਨੀ ਸੰਕਟਾਂ (ਡੇਢ ਦਹਾਕੇ ਤੋਂ ਚੱਲ ਰਹੇ ਆਰਥਿਕ ਮੰਦਵਾੜੇ ਆਦਿ) ਅਤੇ ਸਾਡੀ ਦੇਸੀ ਸਰਮਾਇਦਾਰੀ ਦੀਆਂ ਲੋਕ-ਵਿਰੋਧੀ ਆਰਥਿਕ ਨੀਤੀਆਂ ਦੀ ਸਮਝ ਨਾ ਹੋਣ ਕਾਰਨ ਪੰਜਾਬੀ ਭਾਈਚਾਰਾ ਆਪਣਾ ਭਵਿੱਖ ਪੱਛਮ ਦੇ ਮੁਲਕਾਂ ਵਿੱਚ ਪਰਵਾਸ ਵਿੱਚ ਸੁਰੱਖਿਅਤ ਸਮਝਦਾ ਹੈ। ਆਪਣੇ ਬੱਚਿਆਂ ਤੇ ਭਵਿੱਖ ਦੇ ਫਿਕਰ ਨੇ ਪੰਜਾਬੀਆਂ ਨੂੰ ਅਣ-ਇੱਛਤ ਪਰਵਾਸ ਵੱਲ ਧੱਕਿਆ ਹੈ ਪੰਜਾਬੀ ਭਾਈਚਾਰਾ ਆਪਣੀ ਧਰਤੀ ਨੂੰ ਬੇਦਾਵਾ ਲਿਖਣ ਲਈ ਮਜਬੂਰ ਹੈ। ਇਸ ਨਵੀਂ ਕਿਸਮ ਦੇ ‘ਬਣਵਾਸ’ ਦੇ ਦਰਦ ਨੂੰ ਸੁਰਜੀਤ ਪਾਤਰ ਆਪਣੀ ਮਕਬੂਲਤਰੀਨ ਨਜ਼ਮ ‘ਅਸੀਂ ਇੱਥੇ ਵਸਣਾ’ ਵਿੱਚ “ਚਲੋ ਇੱਥੋਂ ਚਲੀਏ” ਕਹਿ ਕੇ ਬਿਆਨ ਕਰਦਾ ਹੈ।

ਪਿਛਲੇ ਕੁਝ ਅਰਸੇ ਤੋਂ ‘ਹਿੰਦੂਤਵ’ ਦੇ ਗਿਣੇ-ਮਿਥੇ ਏਜੰਡੇ ਤਹਿਤ ਭਾਰਤ ਦੀ ਸਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਅਕੀਦਿਆਂ ਵਾਲੀ ਵੰਨ-ਸੁਵੰਨਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ। ਭਾਰਤੀ ਸਭਿਆਚਾਰ ਦਾ ਮੀਰੀ ਗੁਣ ਇਸ ਦੀ ਵੰਨ-ਸੁਵੰਨਤਾ, ਸੁਲ੍ਹਾਕੁੱਲਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਹੈ। ਇਸ ਵਿਸ਼ਾਲ ਖਿੱਤੇ ਵਿੱਚ ਵੱਖ-ਵੱਖ ਧਾਰਮਿਕ ਅਕੀਦਿਆਂ, ਨਸਲੀ ਪਿਛੋਕੜਾਂ, ਜਾਤ-ਵਰਣ ਦੇ ਵਖਰੇਵਿਆਂ, ਭਾਸ਼ਾਈ/ਉਪ ਭਾਸ਼ਾਈ ਲਹਿਜਿਆਂ ਦੀ ਬਹੁ-ਰੰਗਤਾ ਅਤੇ ਸਭਿਆਚਾਰਕ ਰੀਤ-ਮਰਿਯਾਦਾਵਾਂ ਦੀ ਵਿਭਿੰਨਤਾ ਵਾਲੇ ਲੋਕ ਸਦੀਆਂ ਤੋਂ ਇੱਕ ਦੂਜੇ ਦੇ ਅੰਗ-ਸੰਗ ਰਹਿ ਰਹੇ ਹਨ। ਧਾਰਮਿਕ, ਨਸਲੀ, ਭਾਸ਼ਾਈ, ਜਾਤੀ ਤੇ ਜਮਾਤੀ ਵਖਰੇਵਿਆਂ ਤੇ ਵਿਰੋਧਾਂ ਦੇ ਬਾਵਜੂਦ ਭਾਵਨਾਤਮਿਕ ਏਕਤਾ ਸਾਂਝੇ ਗੰਗਾ-ਜਮਨੀ ਸਭਿਆਚਾਰ ਦੀ ਮੂਲ ਬੁਨਿਆਦ ਹੈ। ਅੱਜ ‘ਸਭਿਆਚਾਰਕ ਰਾਸ਼ਟਰਵਾਦ’ ਜਾਂ ‘ਹਿੰਦੂ ਰਾਸ਼ਟਰਵਾਦ’ ਦੇ ਮੁਦੱਈਆਂ ਵਲੋਂ ‘ਰਾਸ਼ਟਰਵਾਦ’ ਅਤੇ ਦੇਸ-ਪ੍ਰੇਮ ਦੀਆਂ ਨਵੀਆਂ ਪਰਿਭਾਸ਼ਾਵਾਂ ਸਿਰਜੀਆਂ ਜਾ ਰਹੀਆਂ ਹਨ। ਧਾਰਮਿਕ, ਭਾਸ਼ਾਈ ਅਤੇ ਐਥਨਿਕ ਘੱਟ ਗਿਣਤੀਆਂ ਨੂੰ ਰਾਸ਼ਟਰਵਾਦ ਤੇ ਦੇਸ਼-ਪ੍ਰੇਮ ਦੀ ਆੜ ਵਿੱਚ ਉਨ੍ਹਾਂ ਦੇ ਮੂਲ ਮਾਨਵੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਤੋਂ ਵੰਚਿਤ ਕੀਤਾ ਜਾ ਰਿਹਾ ਹੈ। ਇਸਲਾਮ ਵਿੱਚ ਅਕੀਦਾ ਰੱਖਣ ਵਾਲੇ ਘਟ-ਗਿਣਤੀ ਫਿਰਕੇ ਨੂੰ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁਹੰਮਦ ਅਖਲਾਕ ਅਤੇ ਆਸਫਾ ਆਦਿ ਦੀਆਂ ਦਿਲ-ਕੰਬਾ ਦੇਣ ਵਾਲੀਆਂ ਹੱਤਿਆਵਾਂ ਨਾਲ ਹਿੰਸਾ ਅਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਗਊ-ਰੱਖਿਅਕਾਂ ਦੀਆਂ ਬੇਮੁਹਾਰ ਆਤੰਕੀ ਭੀੜਾਂ ਦੇ ਨਿਸ਼ਾਨੇ ਉੱਪਰ ਇਕੱਲਾ ਇਸਲਾਮ ਨਹੀਂ, ਹਰ ਤਰਕਸ਼ੀਲ ਅਤੇ ਵਿਗਿਆਨਕ ਸੋਚ ਵਾਲੀ ਆਵਾਜ਼ ਹੈ। ਨਰੇਂਦਰ ਦਾਬੋਲਕਰ, ਗੋਬਿੰਦ ਪਾਨਸਰੇ, ਐੱਮ.ਐੱਮ. ਕੁਲਬਰਗੀ ਅਤੇ ਗੌਰੀ ਲੰਕੇਸ਼ ਦੀਆਂ ਯੋਜਨਾਬੱਧ ਨਿਰਦਈ ਹੱਤਿਆਵਾਂ ਪ੍ਰਗਟਾਵੇ ਦੀ ਆਜ਼ਾਦੀ ਤੇ ਅਸਹਿਮਤੀ ਦੇ ਸਭਿਆਚਾਰ ਨੂੰ ਕੁਚਲਣ ਦੇ ਯਤਨ ਹਨ। ‘ਸਭ ਕਾ ਵਿਕਾਸ ਸਭ ਕੇ ਸਾਥ’ ਅਤੇ ‘ਨਵੇਂ ਭਾਰਤ ਦੇ ਨਿਰਮਾਣ’ ਦੇ ਮਖੌਟੇ ਉਹਲੇ ਵੰਨ-ਸੁਵੰਨਤਾ, ਅਕੀਦਿਆਂ/ਵਿਚਾਰਾਂ ਦੇ ਵਖਰੇਵਿਆਂ ਪ੍ਰਤੀ ਸਹਿਣਸ਼ੀਲਤਾ ਅਤੇ ਭਾਈਚਾਰਕ ਰਵਾਦਾਰੀ ਦੀਆਂ ਮਜ਼ਬੂਤ ਬੁਨਿਆਦਾਂ ਉੱਤੇ ਉਸਰੇ ਭਾਰਤੀ ਰਾਸ਼ਟਰ ਨੂੰ ਇੱਕ ਰੰਗੇ ਹਿੰਦੂ ਰਾਸ਼ਟਰ ਵਿੱਚ ਬਦਲਣ ਦੀ ਤਿਆਰੀ ਹੋ ਰਹੀ ਹੈ। ਨਗਰਾਂ, ਸ਼ਹਿਰਾਂ, ਰੇਲਵੇ ਸਟੇਸ਼ਨਾਂ, ਸਭਿਆਚਾਰਕ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ ਨਾਮ ਬਦਲੇ ਜਾ ਰਹੇ ਹਨ। ਸਿੱਖਿਆ ਦੇ ਭਗਵੇਂਕਰਣ ਦੀ ਆੜ ਵਿੱਚ ਭਾਰਤ ਦੀਆਂ ਤਰਕਸ਼ੀਲ, ਪ੍ਰਗਤੀਸ਼ੀਲ ਅਤੇ ਆਲੋਚਨਾਤਮਿਕ ਚਿੰਤਨ ਪਰੰਪਰਾਵਾਂ ਤੇ ਪੱਧਤੀਆਂ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਦੇ ਅਧਿਕਾਰ ਨੂੰ ‘ਕੁਫ਼ਰ’ ਅਤੇ ‘ਦੇਸ਼-ਧਰੋਹ’ ਗਰਦਾਨ ਕੇ ਸਹਿਮ ਤੇ ਉਦਾਸੀਨਤਾ ਦਾ ਮਾਹੌਲ ਸਿਰਜਿਆ ਗਿਆ ਹੈ। ਯਾਦ ਰਹੇ ਕਿ ਰਾਸ਼ਟਰ ਕਿਸੇ ਖਿੱਤੇ ਦੇ ਵੱਖ ਵੱਖ ਮਨੁੱਖੀ ਸਮੂਹਾਂ ਨੂੰ ਇੱਕ ਸਾਂਝੇ ਸੂਤਰ ਵਿੱਚ ਵੀ ਬੰਨ੍ਹਦਾ ਹੈ ਅਤੇ ਰਾਸ਼ਟਰ ਦਾ ਸੰਕਲਪ ਸਮੂਹਾਂ ਦੀ ਆਜ਼ਾਦੀ ਲਈ ਦਮਨਕਾਰੀ ਵੀ ਹੁੰਦਾ ਹੈ। ਇਸ ਲਈ ਅਡੋਰਨੋ ਨੇ ‘ਇੰਟੈਗਰੇਸ਼ਨ’ ਨੂੰ ਹਿੰਸਕ ਪਦ ਕਿਹਾ ਹੈ। ਕਾਰਪੋਰੇਟ ਘਰਾਣਿਆਂ ਦੀ ਪੂੰਜੀ ਅਤੇ ਛਲੀਏ ਬਾਜ਼ਾਰ ਨੇ ਪੀਲੀ ਪੱਤਰਕਾਰੀ ਨੂੰ ਸ਼ਹਿ ਦਿੱਤੀ ਹੈ। ਪੱਤਰਕਾਰੀ ਦਾ ਧਰਮ ਅਸਹਿਮਤੀ ਦੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣਾ ਹੈ, ਇਸੇ ਲਈ ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਕਾਰਪੋਰੇਟ ਪੂੰਜੀ ਤੇ ਬਾਜ਼ਾਰ ਦੀ ਸੱਤਾ ਨੇ ਲੇਖਕਾਂ-ਚਿੰਤਕਾਂ ਦੀ ਕਲਮ ਦੀ ਧਾਰ ਨੂੰ ਹੀ ਖੁੰਢਾ ਨਹੀਂ ਕੀਤਾ, ਸਗੋਂ ‘ਗੋਦੀ ਮੀਡੀਆ’ ਨਾਮ ਦੀ ਨਵੀਂ ਅਲਾਮਤ ਨੂੰ ਵੀ ਜਨਮ ਦਿੱਤਾ ਹੈ। ਆਰਥਿਕ ਸੰਕਟ ਤੋਂ ਨਿਜਾਤ ਪਾਉਣ ਦੇ ਨਾਲ ਨਾਲ ਅੱਜ ਪੰਜਾਬੀ ਭਾਈਚਾਰੇ ਸਾਹਮਣੇ ਭਾਰਤੀ ਰਾਸ਼ਟਰ ਵਿੱਚ ਆਪਣੀ ਪਛਾਣ ਦਾ ਸਵਾਲ ਵੀ ਅਤੇ ਆਪਣੀ ਤਰਕਸ਼ੀਲ, ਵਿਗਿਆਨਕ, ਪ੍ਰਗਤੀਸ਼ੀਲ ਤੇ ਚਿੰਤਨ ਪਰੰਪਰਾ ਤੇ ਅਸਹਿਮਤੀ ਦੀ ਸੰਸਕ੍ਰਿਤੀ ਨੂੰ ਬਚਾਈ ਰੱਖਣ ਦੀ ਚੁਣੌਤੀ ਵੀ ਦਰਪੇਸ਼ ਹੈ। ਮਰਹੂਮ ਪਾਕਿਸਤਾਨੀ ਸ਼ਾਇਰਾ ਫ਼ਾਹਿਮੀਦਾ ਰਿਆਜ਼ ਦੀ ਕਟਾਖਸ਼ੀ ਸੁਰ ਵਾਲੀ ਨਜ਼ਮ ‘ਨਯਾ ਭਾਰਤ’ ਅੱਜ ਹੋਰ ਵੀ ਪ੍ਰਸੰਗਕ ਹੋ ਗਈ ਹੈ; ਪੇਸ਼ ਹਨ ਉਸਦੀਆਂ ਕੁਝ ਸਤਰਾਂ:

ਤੁਮ ਬਿਲਕੁਲ ਹਮ ਜੈਸੇ ਨਿਕਲੇ
ਅਬ ਤਕ ਕਹਾਂ ਛੁਪੇ ਥੇ ਭਾਈ

ਵੋਹ ਮੂਰਖਤਾ, ਵੋਹ ਘਾਮੜਪਨ
ਜਿਸ ਮੇਂ ਹਮ ਨੇ ਸਦੀ ਗਵਾਈ

ਆਖਰ ਪਹੁੰਚੀ ਦਵਾਰ ਤੁਮ੍ਹਾਰੇ
ਅਰੇ ਬਧਾਈ, ਬਹੁਤ ਬਧਾਈ

ਪ੍ਰੇਤ ਧਰਮ ਕਾ ਨਾਚ ਰਹਾ ਹੈ
ਕਾਇਮ ਹਿੰਦੂ ਰਾਜ ਕਰੋਗੇ?

ਉਲਟੇ ਸਾਰੇ ਕਾਜ ਕਰੋਗੇ?
ਅਪਨਾ ਚਮਨ ਤਾਰਾਜ਼ ਕਰੋਗੇ?

ਤੁਮ ਭੀ ਬੈਠ ਕਰੋਗੇ ਸੋਚਾ
ਪੂਰੀ ਹੈ ਵੈਸੀ ਤਯਾਰੀ

ਕੌਨ ਹੈ ਹਿੰਦੂ, ਕੌਨ ਨਹੀਂ
ਤੁਮ ਭੀ ਕਰੋਗੇ ਫਤਵੇ ਜਾਰੀ ...

ਭਾੜ ਮੇਂ ਜਾਏ ਸਿਕਸ਼ਾ-ਵਿਕਸ਼ਾ
ਅਬ ਜਾਹਿਲਪਨ ਕੇ ਗੁਨ ਗਾਨਾ

ਆਗੇ ਗੱਢਾ ਹੈ ਯਹ ਮਤ ਦੇਖੋ
ਲਾਓ ਵਾਪਸ, ਗਯਾ ਜ਼ਮਾਨਾ।

*****

(1492)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸੁਖਦੇਵ ਸਿੰਘ ਸਿਰਸਾ

ਡਾ. ਸੁਖਦੇਵ ਸਿੰਘ ਸਿਰਸਾ

Punjab University Chandigarh, India.
Phone: (91 - 98156 - 36565)