“ਦਰਅਸਲ ਟਰੱਕ ਦੀ ਬਰੇਕ ਫੇਲ ਹੋ ਚੁੱਕੀ ਸੀ ਤੇ ਟਰੱਕ ਡਰਾਈਵਰ ...”
(7 ਨਵੰਬਰ 2018)
ਕਿਹੋ ਜਿਹੇ ਸ਼ੌਕ ਨੇ ਲੋਕਾਂ ਦੇ,
ਜਾਨ ਚਲੀ ਜਾਂਦੀ ਹੈ,
ਪਰ ਸ਼ੌਕ ਨਹੀਂ ਜਾਂਦੇ ਲੋਕਾਂ ਦੇ।
ਜਦ ਵੀ ਸੜਕ ਉੱਤੇ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਲੋਕ ਝੱਟ ਸਰਕਾਰ ’ਤੇ ਉਂਗਲੀ ਚੁੱਕਣ ਲੱਗ ਪੈਂਦੇ ਹਨ। ਉਸ ਦੁਰਘਟਨਾ ਲਈ ਸਰਕਾਰ ਨੂੰ ਜਿੰਮੇਵਾਰ ਸਮਝਣ ਲੱਗ ਪੈਂਦੇ ਹਨ ਜਦ ਕਿ ਕਈ ਵਾਰ ਸਰਕਾਰ ਦੀ ਕੋਈ ਗਲਤੀ ਨਹੀਂ ਹੁੰਦੀ। ਅੱਜ ਕੱਲ ਦੁਰਘਟਨਾਵਾਂ ਹੋਣ ਦਾ ਮੁੱਖ ਕਾਰਨ ਹੈੱਡਫੋਨ ਹਨ। ਰੋਜ਼ਾਨਾ ਸੜਕ ’ਤੇ ਡਰਾਈਵ ਕਰਦੇ ਸਮੇਂ ਕੰਨਾਂ ਵਿੱਚ ਹੈੱਡਫੋਨ ਲੱਗੇ ਆਮ ਹੀ ਨਜ਼ਰ ਆ ਜਾਂਦੇ ਹਨ। ਸਾਡਾ ਦੇਸ਼ ਹੁਣ ਮੌਡਰਨ ਹੋ ਗਿਆ ਹੈ ਤੇ ਹਰ ਇੱਕ ਦੇ ਸਿਰ ’ਤੇ ਫੈਸ਼ਨ ਦਾ ਜਨੂੰਨ ਸਵਾਰ ਹੈ। ਚਾਹੇ ਫੈਸ਼ਨ ਦੇ ਚੱਕਰ ਵਿੱਚ ਇਨਸਾਨ ਦੀ ਜਾਨ ਹੀ ਨਾ ਕਿਉਂ ਚਲੀ ਜਾਵੇ, ਪਰ ਉਹ ਪਰਵਾਹ ਨਹੀਂ ਕਰਦੇ।
ਇਸ ਤਰ੍ਹਾਂ ਹੀ ਅੱਜ ਕੱਲ ਹੈੱਡਫੋਨ ਦਾ ਫੈਸ਼ਨ ਜ਼ੋਰਾਂ ਸ਼ੋਰਾਂ ’ਤੇ ਚੱਲ ਰਿਹਾ ਹੈ। ਫਿਰ ਉਹ ਚਾਹੇ ਲੜਕੀ ਹੋਵੇ ਜਾਂ ਲੜਕਾ ਜਾਂ ਫਿਰ ਕਿਸੇ ਵੀ ਉਮਰ ਦੇ ਲੋਕ ਹੋਣ, ਉਹ ਜ਼ਿਆਦਾਤਰ ਹੈੱਡਫੋਨ ਲਗਾ ਕੇ ਹੀ ਡਰਾਇਵ ਕਰਨਾ ਪਸੰਦ ਕਰਦੇ ਹਨ। ਇਸ ਦਾ ਨਤੀਜਾ ਬਹੁਤ ਹੀ ਬੁਰਾ ਹੁੰਦਾ ਹੈ। ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ ਇੱਕ ਲੜਕਾ ਬਾਈਕ ’ਤੇ ਕਾਲਜ ਜਾ ਰਿਹਾ ਸੀ। ਉਸ ਨੇ ਵੱਡੇ ਹੈੱਡਫੋਨ ਲਗਾਏ ਹੋਏ ਸੀ ਤੇ ਫੁੱਲ ਆਵਾਜ਼ ਵਿੱਚ ਗਾਨੇ ਸੁਣ ਰਿਹਾ ਸੀ ਤੇ ਆਪਣੀ ਮਰਜ਼ੀ ਨਾਲ ਬਾਕੀ ਗੱਡੀਆਂ ਨੂੰ ਓਵਰਟੇਕ ਕਰਦਾ ਮਸਤੀ ਵਿੱਚ ਝੂਮਦਾ ਜਾ ਰਿਹਾ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਇਹ ਮਸਤੀ ਉਸਦੇ ਪਿੱਛੇ ਟਰੱਕ ਆ ਰਿਹਾ ਸੀ। ਟਰੱਕ ਦੇ ਡਰਾਈਵਰ ਨੇ ਕਿੰਨੇ ਹੀ ਹੌਰਨ ਮਾਰੇ। ਦਰਅਸਲ ਟਰੱਕ ਦੀ ਬਰੇਕ ਫੇਲ ਹੋ ਚੁੱਕੀ ਸੀ ਤੇ ਟਰੱਕ ਡਰਾਈਵਰ ਕਿਸੇ ਵੀ ਤਰ੍ਹਾਂ ਉਸ ਲੜਕੇ ਬਚਾਉਣਾ ਚਾਹੁੰਦਾ ਸੀ ਇਸ ਲਈ ਉਹ ਹਾਰਨ ’ਤੇ ਹਾਰਨ ਮਾਰ ਰਿਹਾ ਸੀ ਪਰ ਕੰਨਾਂ ਵਿਚ ਹੈੱਡਫੋਨ ਲਗਾਏ ਹੋਣ ਕਾਰਨ ਉਸ ਲੜਕੇ ਨੂੰ ਕੁਝ ਸੁਣਾਈ ਨਹੀਂ ਦਿੱਤਾ, ਜਿਸ ਕਾਰਨ ਉਸਦੀ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ’ਤੇ ਹੀ ਬੜੀ ਦਰਦਨਾਕ ਮੌਤ ਹੋ ਗਈ। ਉਹ ਆਪਣੇ ਘਰਦਿਆਂ ਦਾ ਇੱਕੋ ਇੱਕ ਲਾਡਲਾ ਪੁੱਤਰ ਸੀ। ਉਹ ਆਪ ਤਾਂ ਚਲਾ ਗਿਆ ਪਰ ਪਿੱਛੇ ਆਪਣੇ ਪਰਿਵਾਰ ਲਈ ਜ਼ਿੰਦਗੀ ਭਰ ਲਈ ਰੋਣਾ ਦੇ ਗਿਆ। ਜੇਕਰ ਉਸ ਨੇ ਕੰਨਾਂ ਵਿੱਚ ਹੈੱਡਫੋਨ ਨਾ ਲਗਾਏ ਹੁੰਦੇ ਤਾਂ ਉਸ ਨੂੰ ਟਰੱਕ ਦੇ ਹਾਰਨ ਦੀ ਆਵਾਜ਼ ਸੁਣ ਜਾਣੀ ਸੀ ਤੇ ਉਸਦੀ ਜਾਨ ਬਚ ਜਾਣੀ ਸੀ।
ਇਸ ਤਰ੍ਹਾਂ ਦੀਆਂ ਹਰ ਰੋਜ਼ ਨਾ ਜਾਣੇ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਹਨ। ਹੈੱਡਫੋਨ ਹਰ ਟਾਈਮ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਇਕ ਤਾਂ ਇਹ ਸਿਹਤ ਲਈ ਹਾਨੀਕਾਰਕ ਹੈ ਤੇ ਦੂਜਾ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ। ਕਈ ਵਾਰੀ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਹੈੱਡਫੋਨ ਲਗਾ ਕੇ ਡਰਾਈਵ ਕਰਨ ਵਾਲੇ ਵਿਅਕਤੀ ਤਾਂ ਆਪਣੀ ਮਸਤੀ ਵਿੱਚ ਡਰਾਈਵ ਕਰ ਰਹੇ ਹੁੰਦੇ ਹਨ ਪਰ ਉਹਨਾਂ ਦੇ ਕਾਰਨ ਬਾਕੀ ਵਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ, ਉਹ ਤਾਂ ਇਹ ਸੋਚਦੇ ਹਨ ਕਿ ਉਹ ਬਹੁਤ ਹੀ ਵਧੀਆ ਡਰਾਈਵ ਕਰ ਰਹੇ ਹਨ। ਪਰ ਇਸ ਨਾਲ ਨੁਕਸਾਨ ਹੋਰ ਚਾਲਕਾਂ ਦਾ ਹੋ ਜਾਂਦਾ ਹੈ।
ਇਨਸਾਨ ਆਪਣੀ ਜਾਨ ਦਾ ਆਪ ਹੀ ਦੁਸ਼ਮਣ ਬਣ ਬੈਠਾ ਹੈ। ਫਿਰ ਕਹਿੰਦੇ ਹਨ ਕਿ ਸਾਡੀ ਸਰਕਾਰ ਗਲਤ ਹੈ, ਸਰਕਾਰ ਨੇ ਸੜਕ ਦੇ ਸਹੀ ਨਿਯਮ ਨਹੀਂ ਬਣਾਏ। ਪਰ ਅਸੀਂ ਕਦੀ ਆਪਣੀ ਗਲਤੀ ਨਹੀਂ ਮੰਨਦੇ ਕਿ ਹੈੱਡਫੋਨ ਲਗਾ ਕੇ ਡਰਾਈਵ ਕਰਨਾ ਨਿਯਮਾਂ ਦੇ ਵਿਰੁੱਧ ਹੈ। ਨਿਯਮਾਂ ਦੀ ਪਾਲਣਾ ਕਰਨਾ ਹਰ ਇੱਕ ਦਾ ਫ਼ਰਜ਼ ਹੈ। ਦੁਰਘਟਨਾਵਾਂ ਤੋਂ ਬਚਣ ਲਈ ਹੈੱਡਫੋਨ ਦੇ ਇਸਤੇਮਾਲ ਕਦੇ ਨਾ ਕਰੋ। ਇਸ ਤਰ੍ਹਾਂ ਆਪਣੀ ਵੀ ਸੁਰੱਖਿਅਤ ਰਹੋ ਤੇ ਦੂਜਿਆਂ ਨੂੰ ਵੀ ਰਹਿਣ ਦਿਓ। ਇਕ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣੋ।
ਕੁਝ ਤਾਂ ਸੋਚ ਵਿਚਾਰ ਕਰੋ,
ਹੈਲਮਟ ਨੂੰ ਹਾਂ,
ਤੇ ਹੈੱਡਫੋਨ ਨੂੰ ਇਨਕਾਰ ਕਰੋ।
ਬੜੀ ਕੀਮਤੀ ਹੈ ਇਹ ਜ਼ਿੰਦਗੀ,
ਕੁਝ ਤਾਂ ਸੋਚ ਵਿਚਾਰ ਕਰੋ।
**
ਇੱਕ ਕਵਿਤਾ:
ਅਣਜੰਮੀ ਧੀ ਦੀ ਪੁਕਾਰ
ਕਲੀ ਹਾਂ ਮੈਂ ਫੁੱਲ ਦੀ
ਬਾਬਲ ਮੈਨੂੰ ਨਾ ਤੋੜ
ਡਰ ਕੇ ਦੁਨੀਆ ਤੋਂ
ਮੈਨੂੰ ਇੰਝ ਨਾ ਮੋੜ
ਮਾਣ ਬਣਾਂਗੀ
ਸ਼ਾਨ ਬਣਾਂਗੀ
ਬਾਬਲ ਮੈਂ ਤੇਰੀ
ਪਹਿਚਾਣ ਬਣਾਂਗੀ
ਇਕ ਵਾਰ ਨਾਲ ਤਾਂ
ਆਪਣੇ ਜੋੜ
ਵਸੇ ਵਿੱਚ ਮੇਰੇ ਤੇਰੀ ਹੀ
ਜਾਨ ਬਾਬਲਾ
ਫਿਰ ਕਿਉਂ ਨਾ ਦੇਵੇਂ
ਜਗ ਵਿੱਚ ਮੈਨੂੰ
ਆਣ ਬਾਬਲਾ
ਕਰਦਾ ਏਂ ਵੀਰੇ ’ਤੇ ਗਰੂਰ
ਕਰ ਜਾਣਾ ਇਕ ਦਿਨ
ਉਹਨੇ ਤੈਨੂੰ ਚੂਰ ਚੂਰ
ਨਾ ਕਰ ਖੁਦ ਤੋਂ
ਮੈਨੂੰ ਦੂਰ ਬਾਬਲਾ
ਨਾ ਕਰ ਪ੍ਰਿਯਾ ਨੂੰ
ਖੁਦ ਤੋਂ ਦੂਰ ਬਾਬਲਾ
*****
(1383)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)