NavtejBharti7ਜਿੱਥੇ ਅਸੀਂ ਰਹਿੰਦੇ ਹਾਂਉੱਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ...
(1 ਅਗਸਤ 2018)

 

ਸਾਵੇ ਪੱਤਰ ਦੀ ਕਵਿਤਾ ‘ਮੌਤ ਨੂੰ’

 

ਨੱਬੇ ਵਰ੍ਹੇ ਦੀ ਉਮਰ ਵਿਚ ਵੀ ਮਾਸੀ ਨਿਧ ਕੌਰ (ਮੇਰੀ ਪਤਨੀ ਸੁਰਿੰਦਰ ਦੀ ਮਾਂ) ਨੂੰ ਸਾਵੇ ਪੱਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨਪਿਛਲੇ ਹਫ਼ਤੇ ਉਹ ਬੈਠੀ-ਬੈਠੀ ਗੁਣਗੁਣਾਉਣ ਲੱਗ ਪਈ: ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ਤੇ ਰੁਕ-ਰੁਕ ਕੇ ਪੂਰੀ ਕਵਿਤਾ ਬੋਲ ਦਿੱਤੀਅੰਤ ’ਤੇ ਕਹਿੰਦੀ, “ਲੈ, ਹੁਣ ਮੈਂ ਵਿਹਲੀ ਆਂ।”

ਇਹੀ ਕਵਿਤਾ ਅਠਤਾਲੀ ਵਰ੍ਹੇ ਪਹਿਲਾਂ ਮੈਂ ਪਟਿਆਲੇ ਮਹਿੰਦਰਾ ਕਾਲਜ ਵਿਚ ਸੁਣੀ ਸੀਸੁਣਾਉਣ ਵਾਲੀ ਪਹਿਲੇ ਸਾਲ ਦੀ ਵਿਦਿਆਰਥਣ ਸੀ, 17-18 ਵਰ੍ਹੇ ਦੀਨਵੀਂ-ਨਵੀਂ ਪਿੰਡੋਂ ਆਈ ਸੀਸੰਙਦੀ ਸੀਕਿਸੇ ਓਪਰੇ ਨਾਲ ਕਦੇ ਬੋਲੀ ਨਹੀਂ ਹੋਣੀਪਿੰਡਾਂ ਦੇ ਲੋਕ ਓਪਰੇ ਨਾਲ ਨਹੀਂ ਬੋਲਦੇਜਦੋਂ ਬੋਲਦੇ ਹਨ, ਪਹਿਲੀਆਂ ਇਕ-ਦੋ ਗੱਲਾਂ ਵਿਚ ਹੀ ਕੋਈ ਸਕੀਰੀ ਕੱਢ ਲੈਂਦੇ ਹਨ ਤੇ ਉਹਨੂੰ ਆਪਣਾ ਬਣਾ ਲੈਂਦੇ ਹਨ

ਏਥੇ ਉਹਦੇ ਸਾਹਮਣੇ ਸੈਂਕੜੇ ਓਪਰੇ ਬੈਠੇ ਸਨ ਤੇ ਸਾਰੇ ਉਸ ਵਲ ਝਾਕ ਰਹੇ ਸਨਉੱਤੋਂ ਉਹਨੂੰ ਮਾਈਕ ’ਤੇ ਬੋਲਣਾ ਪੈਣਾ ਸੀ; ਉਹ ਵੀ ਸ਼ਾਇਦ ਪਹਿਲੀ ਵਾਰਪੇਂਡੂ ਲੋਕ ਮਾਈਕ ’ਤੇ ਬੋਲਣ ਵਾਲੇ ’ਤੇ ਪੂਰਾ ਧਿਜਦੇ ਨਹੀਂਅੱਖ ਵਿਚ ਅੱਖ ਪਾ ਕੇ ਕੀਤੀ ਗੱਲ ’ਤੇ ਹੀ ਯਕੀਨ ਕਰਦੇ ਹਨਚੀਜ਼ਾਂ ਦੀ ਮੁਨਾਦੀ, ਕਿਸੇ ਕੰਪਨੀ ਦੀ ਮਸ਼ਹੂਰੀ ਜਾਂ ਚੋਣਾਂ ਦਾ ਪ੍ਰਚਾਰ ਕਰਨ ਵਾਲੇ ਲਾਊਡਸਪੀਕਰ ਅਜੇ ਵੀ ਗ੍ਰਾਮੀਣ ਬੋਲ-ਬਾਣੀ ਦਾ ਅੰਗ ਨਹੀਂ ਬਣ ਸਕੇਇਸ ਕਰਕੇ ਪੇਂਡੂ ਬੰਦਾ, ਜਦੋਂ ਮਾਈਕ ’ਤੇ ਬੋਲਦਾ ਹੈ; ਖ਼ਾਸ ਕਰਕੇ ਪਹਿਲੀ ਵਾਰ, ਤਾਂ ਝੂਠਾ ਜਿਹਾ ਲੱਗਦਾ ਹੈਮਾਈਕ ਸਾਹਵੇਂ ਖੜ੍ਹੀ ਕੁੜੀ ਅੰਦਰ ਇਹ ਉੱਥਲ-ਪੁੱਥਲ ਹੋ ਰਹੀ ਸੀਆਵਾਜ਼ ਉਹਦੀ ਅਜੇ ਵੀ ਪਿੰਡ ਵਿਚ ਖੜ੍ਹੀ ਸੀ; ਮਾਈਕ ਤੋਂ ਕੋਹਾਂ ਦੂਰਕਿਵੇਂ ਨਾ ਕਿਵੇਂ ਉਹਨੇ ਆਪਣੇ ਸੰਘ ਵਿਚ ਫਸੀ ਆਵਾਜ਼ ਬੁੱਲ੍ਹਾਂ ਤਕ ਧੂਹ ਲਿਆਂਦੀ ਤੇ ਕਵਿਤਾ ਬੋਲਣ ਲੱਗ ਪਈ

ਉਹਨੇ ਦੋ ਪੰਕਤੀਆਂ ਹੀ ਬੋਲੀਆਂ ਸੀ ਕਿ ਕੁਝ ਮੁੰਡੇ ਉਹਦੇ ਨਾਲ ਬੋਲਣ ਲੱਗ ਪਏਤੇ ਜਦੋਂ ਉਹ “ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ” ਵਾਲੀ ਪੰਕਤੀ ਕਹਿਣ ਲੱਗੀ, ਉਹਦੀ ਆਵਾਜ਼ ਨਾਲ ਅਨੇਕਾਂ ਹੋਰ ਆਵਾਜ਼ਾਂ ਰਲ ਗਈਆਂਤੇ ਉਹਦੇ ਸਾਹਮਣੇ ਬੈਠੇ ਮੁੰਡੇ ਜਿਹੜੇ ਪਹਿਲਾਂ ਓਪਰੇ ਲੱਗਦੇ ਸਨ, ਹੁਣ ਓਨੇ ਓਪਰੇ ਨਾ ਰਹੇਉਨ੍ਹਾਂ ਨਾਲ ਕਵਿਤਾ ਦੀ ਸਕੀਰੀ ਨਿਕਲ ਆਈ ਸੀਕਵਿਤਾ ਦਾ ਇਹ ਸਕੀਰੀ ਗੁਣ, ਭਾਰਤੀ ਕਾਵਿ ਸ਼ਾਸਤਰ ਵਿਚ ਅੰਕੇ ਕਵਿਤਾ ਦੇ ਬਾਕੀ ਤਿੰਨ ਗੁਣਾਂ- ਮਾਧੁਰਯ, ਓਜ ਅਤੇ ਪ੍ਰਸਾਦਿ - ਵਿਚ ਜੋੜ ਲੈਣਾ ਚਾਹੀਦਾ ਹੈਦਿਨੋਂ ਦਿਨ ਓਪਰੇ ਅਤੇ ਵੰਡੇ ਜਾ ਰਹੇ ਮਨੁੱਖ ਲਈ ਇਹਦੀ ਵਧੇਰੇ ਲੋੜ ਹੈਜੁੜੇ ਰਹਿਣ ਲਈ ਕਵਿਤਾ ਤੇ ਪਿੰਡ ਦੋਵਾਂ ਦੀ ਲੋੜ ਹੈ

1992 ਦੇ ਦਸੰਬਰ ਮਹੀਨੇ ਵਿਚ ਮੈਂ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਘੁੰਮ ਰਿਹਾ ਸੀ, ਇਕੱਲਾ ਸੀ ਤੇ ਪਹਿਲੀ ਵਾਰ ਆਇਆ ਸੀਅਚਾਨਕ ਪਿੱਛੋਂ ਆ ਕੇ ਕਿਸੇ ਸੱਜਣ ਨੇ ਮੇਰੀ ਬਾਂਹ ਫੜ ਲਈ ਤੇ ਅੰਮ੍ਰਿਤਾ ਪ੍ਰੀਤਮ ਦੀ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਕਵਿਤਾ ਦੀਆਂ ਟੁੱਟੀਆਂ-ਫੁੱਟੀਆਂ ਸਤਰਾਂ ਸੁਣਾਉਣ ਲੱਗ ਪਿਆਤੇ ਮੇਰੇ ਹੱਥ ਚੁੰਮ ਕੇ ਬਿਨਾਂ ਕੁਝ ਹੋਰ ਬੋਲੇ ਚਲਾ ਗਿਆਬੰਦਾ ਜਦੋਂ ਓਪਰਾ ਹੋਣ ਲੱਗਦਾ ਹੈ; ਕਵਿਤਾ ਉਹਦੀ ਬਾਂਹ ਫੜ ਲੈਂਦੀ ਹੈ

ਕੋਈ-ਕੋਈ ਕਵਿਤਾ ਹੁੰਦੀ ਹੈ, ਜਿਹੜੀ ਅੱਖ ਕੰਨ ਟੱਪ ਕੇ ਸਾਡੇ ਲਹੂ ਵਿਚ ਵਗਣ ਲੱਗ ਪੈਂਦੀ ਹੈਅਸੀਂ ਉਹਨੂੰ ਜਿਉਣ ਲੱਗ ਪੈਂਦੇ ਹਾਂ ਤੇ ਕਦੇ-ਕਦੇ ਪੜ੍ਹਨ-ਸੁਣਨ ਦੀ ਥਾਂ ਉਸ ਨਾਲ ਖੇਡਣ ਲੱਗ ਜਾਂਦੇ ਹਾਂਉਸ ਦਿਨ ਮਹਿੰਦਰਾ ਕਾਲਜ ਵਿਚ ਇਉਂ ਹੀ ਹੋਇਆ ਸੀਜਿਹੜੀ ਕਵਿਤਾ ਕੁੜੀ ਸੁਣਾ ਰਹੀ ਸੀ; ਬਹੁਤੇ ਮੁੰਡਿਆਂ ਨੂੰ ਪਹਿਲਾਂ ਹੀ ਯਾਦ ਸੀਇਹਦੀਆਂ ਬਾਰਾਂ ਹੀ ਪੰਕਤੀਆਂ ਸਨਉਹ ਕਵਿਤਾ ਘਟ ਸੁਣ ਰਹੇ ਸਨ; ਉਚਾਰਿਕਾ ਦੇ ਚਿਹਰੇ ਵੱਲ ਵਧੇਰੇ ਵੇਖ ਰਹੇ ਸਨ ਤੇ ਉਡੀਕ ਰਹੇ ਸਨ ਕਿ ਅੰਤਲੀ ਤੁਕ ਕਹਿਣ ਵੇਲੇ ਇਹਦਾ ਕੀ ਰੰਗ ਹੁੰਦਾ ਹੈ? ਸ਼ਾਇਦ ਉਹ ਵੀ ਉਨ੍ਹਾਂ ਦੀ ਸ਼ਰਾਰਤ ਭਾਂਪ ਗਈ ਸੀਜਿਵੇਂ-ਜਿਵੇਂ ਉਹ ਅੰਤਲੀ ਪੰਕਤੀ ਵਲ ਵਧ ਰਹੀ ਸੀ; ਹਿੱਕ ਦੀ ਧੜਕਣ ਉੱਚੀ ਹੁੰਦੀ ਜਾ ਰਹੀ ਸੀਕਵਿਤਾ ਦਾ ਤਾਲ ਸ਼ਬਦਾਂ ਦੀ ਥਾਂ ਸਾਹ ਬਣ ਗਿਆ ਸੀ:

ਹੰਝੂ ਮੇਰੇ ਰਾਖਵੇਂ ਅਣਵੰਡੀਆਂ ਆਹੀਂ
ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ

ਤੇ ਅਗਲੀ ਪੰਕਤੀ, ਜਿਹਨੂੰ ਮੁੰਡੇ ਸਾਹ ਰੋਕ ਕੇ ਉਡੀਕ ਰਹੇ ਸਨ, ਕੁੜੀ ਦੇ ਕੰਠ ਵਿਚ ਉਲਝ ਗਈਪਰ ਕਵਿਤਾ ਕਿਸੇ ਇਕ ਕੰਠ ਦੀ ਥੁੜੋਂ ਮੁਥਾਜ ਹੁੰਦੀ ਹੈਮੁੰਡਿਆਂ ਨੇ ਆਪ ਉਹ ਪੰਕਤੀ ਬੋਲ ਦਿੱਤੀ: ‘ਅਜੇ ਨਾ ਆਪਣੇ ਹਾਣ ਦਾ ਮੈਂ ਚੁਣਿਆ ਬੇਲੀ’ ਤੇ ਤਾੜੀਆਂ ਨਾਲ ਵਿਹੜਾ ਗੂੰਜ ਉੱਠਿਆਸੰਙ ਨਾਲ ਕੁੜੀ ਦਾ ਚਿਹਰਾ ਸੂਹਾ ਹੋ ਗਿਆ

ਜੇ ਉਸ ਦਿਨ ਮੋਹਨ ਸਿੰਘ ਸਰੋਤਿਆਂ ਵਿਚ ਬੈਠਾ ਹੁੰਦਾ, ਆਪਣੀ ਕਵਿਤਾ ਦਾ ਸੂਹਾ ਰੰਗ ਵੇਖਕੇ ਹੈਰਾਨ ਹੋ ਜਾਂਦਾਸਾਵੇ ਪੱਤਰ ਵਿੱਚੋਂ ਇਹਦਾ ਕਿਆਸ ਨਹੀਂ ਲੱਗ ਸਕਦਾਦੀਵਾ ਜਗਣ ’ਤੇ ਹੀ ਦੀਵੇ ਦਾ ਜਲੌਅ ਦਿਸਦਾ ਹੈਪਰ ਦੀਵਾ ਕਿਸਦਾ ਹੈ: ਬਣਾਉਣ ਵਾਲੇ ਦਾ, ਜਗਾਉਣ ਵਾਲੇ ਦਾ, ਪ੍ਰਕਾਸ਼ ਵਿਚ ਬੈਠਣ ਵਾਲੇ ਦਾ ਜਾਂ ਸਭ ਦਾ ਸਾਂਝਾ? ਸੂਹਾ ਰੰਗ ਸਾਵੇ ਪੱਤਰ ਵਾਲੀ ਕਵਿਤਾ ਦਾ ਸੀ ਜਾਂ ਕੁੜੀ ਦੇ ਚਿਹਰੇ ਦਾ? ਕਵਿਤਾ ਸੁਣਨ ਵੇਲੇ ਉਹ ਸ਼ਾਇਦ ਅਜਿਹੇ ਪ੍ਰਸ਼ਨਾਂ ਦੀ ਗੂੰਜ ਵੀ ਸੁਣਦਾਜਿਉਂਦੀ ਕਵਿਤਾ ਸੁਣਨ ਵੇਲੇ ਅਸੀਂ ਸ਼ਬਦਾਂ ਤੋਂ ਬਿਨਾਂ ਹੋਰ ਵੀ ਬੜਾ ਕੁਝ ਸੁਣਦੇ ਹਾਂਕੀ ਪਤਾ ਉਹ ਇਹ ਵੀ ਮਹਿਸੂਸ ਕਰਦਾ ਕਿ ਸੁਣਾਉਣ ਵਾਲੀ ਤੇ ਸੁਣਨ ਵਾਲੇ ਸਾਰਿਆਂ ਵਿਚ ਉਹ ਭੋਰਾ-ਭੋਰਾ ਵੰਡਿਆ ਹੋਇਆ ਸੀਜਾਂ ਉਹ ਆਪ ਹੀ ਬੋਲ ਰਿਹਾ ਸੀ, ਆਪ ਹੀ ਸੁਣ ਰਿਹਾ ਸੀ। “ਕਹਿਤਾ, ਬਕਤਾ ਸੁਣਤਾ ਸੋਊ।” ਜਿਉਂਦੀ ਕਵਿਤਾ ਅਨੇਕਾਂ ਵਾਰ ਲਿਖੀ ਜਾਂਦੀ ਹੈਅਨੇਕਾਂ ਕਵੀ ਲਿਖਦੇ ਹਨਆਦਿ ਕਵੀ ਤਾਂ ਖ਼ਾਕਾ ਹੀ ਤਿਆਰ ਕਰਦਾ ਹੈਹਵਾ ਤੇ ਧੁੱਪ ਵਾਂਙੂੰ ਇਹ ਉਸੇ ਦੀ ਹੁੰਦੀ ਹੈ, ਜਿਹੜਾ ਇਹਨੂੰ ਆਪਣੀ ਬਣਾ ਲਵੇ

ਤੇ ਜੇ ਪਿਛਲੇ ਹਫ਼ਤੇ ਮਾਸੀ ਕੋਲ਼ੋਂ ਇਹੀ ਕਵਿਤਾ ਸੁਣ ਲੈਂਦਾ, ਤਾਂ ਗੌਰਵ ਨਾਲ ਭਰ ਜਾਂਦਾਪਹਿਲੀ ਸੰਙ ਨਾਲ ਰੰਗੇ ਚਿਹਰੇ ਤੋਂ ਝੁਰੜੀਆਂ ਨਾਲ ਅੰਗੇ ਚਿਹਰੇ ਤਕ ਉਹਦੀ ਕਵਿਤਾ ਲੋਅ ਦਿੰਦੀ ਰਹੀ ਹੈਪੰਨੇ ਤੋਂ ਉਠ ਕੇ ਲੋਕਾਂ ਦੀ ਸਿਮਰਤੀ ਵਿਚ ਵਸੀ ਹੋਈ ਹੈਤੇ ਸਿਮਰਤੀ ਹੀ ਕਵਿਤਾ ਦਾ ਅਸਲੀ ਘਰ ਹੈ

ਸਾਡੀਆਂ ਬਹੁਤੀਆਂ ਕਵਿਤਾਵਾਂ ਤਾਂ ਪੰਨੇ ਤੋਂ ਬਾਹਰ ਆਉਣ ਜੋਗੀਆਂ ਹੀ ਨਹੀਂਉਨ੍ਹਾਂ ਵਿਚ ਚੀਜ਼ਾਂ ਦੇ ਸਾਹਮਣੇ ਹੋਣ ਦਾ ਹੀਆ ਨਹੀਂਪੰਨੇ ’ਤੇ ਜੰਮਦੀਆਂ ਪੰਨੇ ’ਤੇ ਵਿਹਾਅ ਜਾਂਦੀਆਂ ਹਨਜਿਵੇਂ ਜੀਵਨ ਜਿਉਣ ਤੋਂ ਬਿਨਾਂ ਹੀ ਬੀਤ ਜਾਵੇਵੇਲਜ਼ ਦਾ ਕਵੀ ਡਿਲਨ ਟ੍ਹੌਮਸ ਕਹਿੰਦਾ ਹੈ ਕਿ ਪੰਨੇ ’ਤੇ ਲਿਖੀ ਕਵਿਤਾ ਅੱਧੀ ਹੁੰਦੀ ਹੈਅੱਧੀ ਵੀ ਮੁੱਲ ਵਾਲੀ ਹੁੰਦੀ ਹੈ; ਕਮਰੇ ਵਿਚ ਬੰਦ ਆਸਮਾਨ ਵਾਂਙਪਰ ਉਸ ਵਿਚ ਤਾਰੇ ਨਹੀਂ ਹੁੰਦੇ; ਨਾ ਹੀ ਉਸ ਵਿਚ ਕਾਲੀ-ਬੋਲੀ ਨ੍ਹੇਰੀ ਵਗਦੀ ਹੈ ਤੇ ਝੱਖੜਝਾਂਜੀ ਮੇਘਲਾ ਵਰ੍ਹਦਾ ਹੈ

ਪੰਨੇ ਤੋਂ ਬਾਹਰ ਨਿਕਲਦੀ ਹੈ, ਤਾਂ ਕਵਿਤਾ ਜੀਣ-ਥੀਣ ਦੇ ਤਾਲ ਨਾਲ ਜੁੜ ਜਾਂਦੀ ਹੈਪੰਨੇ ਉੱਤੇ ਉਹ ਆਰੰਭ ਹੁੰਦੀ ਹੈ ਤੇ ਪੂਰੀ ਹੋ ਜਾਂਦੀ ਹੈਬਾਹਰ, ਜਿਉਣ ਵਾਂਙ ਅਧੂਰੀ ਰਹਿੰਦੀ ਹੈਜੇ ਇਕ ਥਾਂ ’ਤੇ ਅੰਤ ਹੁੰਦੀ ਹੈ; ਅਗਲੇ ’ਤੇ ਫਿਰ ਆਰੰਭ ਹੋ ਜਾਂਦੀ ਹੈਅੰਤ ਨਾ ਅੰਤ ਦੀ ਖੇਡ ਹੈ ਇਹਇਕ ਦੀਵੇ ਵਿਚ ਵੱਡੀ ਹੁੰਦੀ ਹੈ, ਦੂਜੇ ਵਿਚ ਜਗ ਪੈਂਦੀ ਹੈਪੰਨੇ ’ਤੇ, ਇਹ ਜਿਵੇਂ ਲਿਖੀ ਹੈ; ਤਿਵੇਂ ਰਹਿੰਦੀ ਹੈਲਿਖੇ ਲੇਖ ਨਾ ਮਿਟਦੇ ਹਨ, ਨਾ ਬਦਲਦੇ ਹਨਬਾਹਰ, ਇਹ ਆਪਣੇ ਲੇਖਾਂ ਤੇ ਲਿਖਾਰੀ ਤੋਂ ਮੁਕਤ ਹੋ ਜਾਂਦੀ ਹੈ; ਭਾਵੇਂ ਉਨ੍ਹਾਂ ਨਾਲ ਜੁੜੀ ਰਹਿੰਦੀ ਹੈ

ਮੌਤ ਨੂੰ’ ਕਵਿਤਾ ਦਾ ਸੁਹਜ ਪੰਨੇ ਤੋਂ ਬਾਹਰ ਹੈਮਹਿੰਦਰਾ ਕਾਲਜ ਦੇ ਮੰਚ ਉੱਤੇ ਇਹ ਆਰੰਭ ਲਿਖੇ ਸ਼ਬਦ ਨਾਲ ਹੁੰਦੀ ਹੈ, ਪਰ ਅੰਤ ਚਿਹਰੇ ਦੀ ਸੂਹੀ ਸੰਙ ਤੇਭਾਵੇਂ ਇਹ ਅੰਤ ਸੱਚਮੁੱਚ ਦਾ ਅੰਤ ਨਹੀਂ ਹੈਕਿਉਂਕਿ ਅੰਤਲੀ ਪੰਕਿਤੀ ਅਣਕਹੀ ਰਹਿ ਗਈ ਹੈ, ਜਿਹਨੂੰ 50 ਵਰ੍ਹਿਆਂ ਪਿੱਛੋਂ, ਪਿਛਲੇ ਹਫ਼ਤੇ ਮਾਸੀ ਕਹਿੰਦੀ ਹੈਪੰਨੇ ਦੀ ਕਵਿਤਾ ਪੂਰੀ ਹੋ ਜਾਂਦੀ ਹੈ, ਪਰ ਉਹ ਇਕ ਪੰਕਤੀ ਆਪਣੇ ਕੋਲ਼ੋਂ ਜੋੜ ਦਿੰਦੀ ਹੈ, “ਲੈ ਹੁਣ ਮੈ ਵਿਹਲੀ ਆਂ।” ਤੇ ਅੱਗੇ ਤੁਰਨ ਲਈ ਕਵਿਤਾ ਦੇ ਪੈਰ ਲਾ ਦਿੰਦੀ ਹੈਇਹ ਸਹਿਜ ਸੁਭਾਅ ਹੁੰਦਾ ਹੈਕਵਿਤਾ ਜਿਉਣ ਨਾਲ ਇਸ ਤਰ੍ਹਾਂ ਸਿਉਂਤੀ ਹੋਈ ਹੈ ਕਿ ਵਿਚਾਲੇ ਸਿਉਣ ਨਹੀਂ ਦਿਸਦੀ

ਜਿਉਣ ਨਾਲ ਸਿਉਂਤੀ ਹੋਣਾ ਇਸ ਕਵਿਤਾ ਦੀ ਵਡਿਆਈ ਹੈਕੁਝ ਸੁਹਜ ਸ਼ਾਸਤਰੀ ਕਹਿੰਦੇ ਹਨ, ਕਲਾ ਤੇ ਜ਼ਿੰਦਗੀ ਸਮਾਨਾਂਤਰ ਰੇਖਾਵਾਂ ਹਨ ਤੇ ਸਦਾ ਇਕ ਦੂਸਰੀ ਤੋਂ ਅੱਡ ਰਹਿੰਦੀਆਂ ਹਨਉਹ ਸਹੀ ਹੋਣਗੇਪਰ ਮੈਨੂੰ ਇਹ ਰੂਪਕ ਸਹੀ ਨਹੀਂ ਲੱਗਦਾਇਹ ਰੇਖਾ ਸ਼ਾਸਤਰ ਤੋਂ ਉਧਾਰਾ ਲਿਆ ਗਿਆ ਹੈਮਾਂਗਵੇਂ ਕੱਪੜੇ ਕਦੇ-ਕਦਾਈਂ ਹੀ ਮੇਚ ਆਉਂਦੇ ਹਨਅਸੀਂ ਉਸ ਬ੍ਰਹਿਮੰਡ ਵਿਚ ਨਹੀਂ ਰਹਿੰਦੇ, ਜਿਸ ਵਿਚ ਸਮਾਨਾਂਤਰ ਰੇਖਾਵਾਂ ਇਕ ਦੂਜੀ ਨਾਲ ਕਦੇ ਨਹੀਂ ਮਿਲਦੀਆਂਉਹ ਰੇਖਾ ਸ਼ਾਸਤਰ ਦਾ ਬ੍ਰਹਿਮੰਡ ਹੈਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ਕਲਾਦੋਵੇਂ ਇਕ ਦੂਜੀ ਨਾਲ ਮਿਲਦੀਆਂ ਵਿੱਛੜਦੀਆਂ ਤੇ ਖਹਿ ਕੇ ਲੰਘਦੀਆਂ ਹਨਜਿੱਥੇ ਮਿਲਦੀਆਂ ਹਨ, ਉੱਥੇ ਤੀਰਥ ਬਣ ਜਾਂਦਾ ਹੈਗੰਗਾ ਤੇ ਜਮੁਨਾ ਜਦੋਂ ਮਿਲਦੀਆਂ ਹਨ; ਦੋਵੇਂ ਪੂਜਣਜੋਗ ਬਣ ਜਾਂਦੀਆਂ ਹਨਮੋਹਨ ਸਿੰਘ ਦੀ ‘ਮੌਤ ਨੂੰ’ ਕਵਿਤਾ ਦੀ, ਜ਼ਿੰਦਗੀ ਨਾਲ ਕੁਝ ਇਹੋ-ਜਿਹੀ ਹੀ ਸਕੀਰੀ ਹੈਗੰਗਾ ਜਮੁਨਾ ਵਾਂਙ ਦੋਵੇਂ ਇਕ ਦੂਜੀ ਵਿਚ ਵਗਦੀਆਂ ਹਨ, ਪਰ ਸਰਸਵਤੀ ਵਾਂਙ ਆਪਣੀ ਹੋਂਦ ਸਾਂਭੀ ਰਖਦੀਆਂ ਹਨ

ਸੰਭਵ ਹੈ ਇਹ ਸੰਗਮ ਇਕ ਦੂਜੀ ਦੀ ਹੋਂਦ ਦੀ ਲੋੜ ਹੋਵੇਕਲਾ ਦੀ ਪੌਣ ਪਾਣੀ ਜਿੰਨੀ ਲੋੜ ਹੋਵੇਸੰਸਕ੍ਰਿਤੀ, ਜੈਵਕਤਾ (ਬਾਇਓਲੌਜੀ) ਦਾ ਅੰਗ ਬਣ ਗਈ ਹੋਵੇ‘ਮੌਤ’ ਨੂੰ ਪੜ੍ਹਦਿਆਂ-ਸੁਣਦਿਆਂ ਅਸੀਂ ਅਜਿਹੇ ਪ੍ਰਸ਼ਨਾਂ ਦੇ ਸਾਹਮਣੇ ਹੁੰਦੇ ਹਾਂ

ਨੱਬੇਵੇਂ ਵਰ੍ਹੇ ਤਕ ਆਉਂਦੀ-ਆਉਂਦੀ ਮਾਸੀ ਬਹੁਤ ਕੁਝ ਭੁੱਲ ਗਈ ਹੈਪਰ ਉਹਨੂੰ ਜਪੁਜੀ, ਕੀਰਤਨ ਸੋਹਿਲਾ, ਰਹਿਰਾਸ ਦੀਆਂ ਬਾਣੀਆਂ ਯਾਦ ਹਨਕਬੀਰ, ਫ਼ਰੀਦ, ਨੌਵੇਂ ਮਹੱਲੇ ਦੇ ਸਲੋਕ ਯਾਦ ਹਨਭਾਈ ਗੁਰਦਾਸ ਦੀਆਂ ਵਾਰਾਂ ਯਾਦ ਹਨਤੇ ‘ਮੌਤ ਨੂੰ’ ਕਵਿਤਾ ਵੀ ਉਹਦੇ ਚੇਤੇ ਵਿਚ ਟਿਕੀ ਹੋਈ ਹੈਕਹਿੰਦੀ ਹੈ, “ਬਾਣੀ ਮੈਨੂੰ ਸੁੱਖ ਦਿੰਦੀ ਹੈ ਤੇ ਜਿਉਂਦਾ ਰੱਖਦੀ ਹੈਸ਼ੁਕਰ ਐ, ਮੈਨੂੰ ਬਾਣੀ ਯਾਦ ਐ”, ਉਹ ਕਹਿੰਦੀ ਹੈਲੱਗਦਾ ਹੈ, ਸਾਡਾ ਜਿਉਂਦੇ ਰਹਿਣਾ ਸਾਡੀ ਸਿਮਰਤੀ ਤੇ ਵਿਸਿਮਰਤੀ ਨਾਲ ਜੁੜਿਆ ਹੋਇਆ ਹੈਯਾਦ ਕਰਨ ਨਾਲ ਅਸੀਂ ਜਿਉਂਦੇ ਹਾਂ, ਭੁੱਲਣ ਨਾਲ ਮਰ ਜਾਂਦੇ ਹਾਂ। “ਆਖਾ ਜੀਵਾਂ, ਵਿਸਰੈ ਮਰ ਜਾਓ" ਨਾਨਕ ਜੀ ਬਚਨ ਕਰਦੇ ਹਨ

ਇਹ ਬਚਨ ਆਤਮਾ ਦੇ ਜਿਉਣ ਮਰਨ ਦਾ ਰੂਪਕ ਹੈ ਜਾਂ ਸਰੀਰ ਦੇ ਜਿਉਣ ਮਰਨ ਦਾ ਸੂਚਕ? ਇਹ ਇਸ ਗੱਲ ’ਤੇ ਨਿਰਭਰ ਹੈ ਕਿ ਅਸੀਂ 'ਹੋ ਰਹੇ' ਨੂੰ ਕਿਵੇਂ ਵੇਖਦੇ ਹਾਂ: ਘਟਨਾ ਦੇ ਰੂਪ ਵਿਚ ਜਾਂ ਪ੍ਰਵਾਹ ਵਿਚਜੇ ਸਭ ਕੁਝ ਘਟਨਾਵਾਂ ਵਿਚ ਘਟ ਰਿਹਾ ਹੈ, ਤਾਂ ਮਿਰਤੂ ਵੀ ਘਟਨਾ ਹੈਅੰਤਮ ਘਟਨਾਇੱਕੋ ਵਾਰ ਘਟਦੀ ਹੈਰਸਤਾ ਕਬਰ ਵਿਚ ਡਿਗਦਾ ਹੈ, ਤਾਂ ਉਸ ਤੋਂ ਅੱਗੇ ਨਹੀਂ ਜਾਂਦਾਪਰ ਜੇ ਸ੍ਰਿਸ਼ਟੀ ਪ੍ਰਵਾਹ ਹੈ, ਤਾਂ ਸਾਡੀ ਮਿਰਤੂ ਵੀ ਪ੍ਰਵਾਹ ਹੈਇਹ ਅੰਤਿਮ ਘਟਨਾ ਨਹੀਂਇਹ ਸਾਡੇ ਨਾਲ-ਨਾਲ ਤੁਰਦੀ ਹੈਸਰੀਰ ਤੇ ਆਤਮਾ ਦੀ ਮਿਰਤੂ ਇੱਕੋ ਹੈਨਾਨਕ ਬਚਨ ਕੇਵਲ ਰੂਪਕ ਨਹੀਂ ਹੈ

ਬਾਣੀ ਕਹਿੰਦੀ ਹੈ - ਜੀਆਂ ਅੰਦਰ ਜਿਉਣ ਦੀ ਜੁਗਤ ਧਰੀ ਹੋਈ ਹੈਲੱਗਦਾ ਹੈ, ਜਿਹੜੀ ਚੀਜ਼ ਜਿਉਣ ਲਈ ਜ਼ਰੂਰੀ ਨਹੀਂ ਉਹ ਸਿਮਰਤੀ ਵਿੱਚੋਂ ਕਿਰ ਜਾਂਦੀ ਹੈਜਿੰਨੀ ਕੁ ਸਿਮਰਤੀ ਕਿਰਦੀ ਹੈ, ਉੰਨਾ ਕੁ ਅਸੀਂ ਮਰ ਜਾਂਦੇ ਹਾਂਏਸ ਉਮਰ ਵਿਚ ਮਾਸੀ ਦੀ ਸਿਮਰਤੀ ਵਿੱਚੋਂ ਬਹੁਤ ਕੁਝ ਕਿਰ ਗਿਆ ਹੈਉਹੀ ਰਹਿ ਗਿਆ ਹੋਣਾ ਹੈ, ਜਿਸ ਬਿਨਾਂ ਸਰਦਾ ਨਹੀਂਜੇ ‘ਮੌਤ ਨੂੰ’ ਕਵਿਤਾ ਬਚ ਗਈ ਹੈ, ਤਾਂ ਮਾਸੀ ਦਾ ਉਸ ਬਿਨਾਂ ਵੀ ਸਰਦਾ ਨਹੀਂ ਹੋਣਾ

ਜਿਸ ਸਿਮਰਤੀ ਵਿਚ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਕਵਿਤਾ ਟਿਕੀ ਹੋਵੇ, ਉੱਥੇ ਵਾਸਾ ਮਿਲਣਾ ਹੀ ਇਸ ਕਵਿਤਾ ਦੀ ਵਡਿਆਈ ਹੈਮੈਨੂੰ ਲੱਗਦਾ ਹੈ ਕਵਿਤਾ ਦਾ ਜਿਉਣ ਦੀ ਲੋੜ ਬਣਨਾ, ਇਹਦਾ ਕਾਵਿ ਧਰਮ ਹੈ; ਭਾਵੇਂ ਇਕ ਜਣੇ ਲਈ ਹੀ ਬਣੇਮੈਨੂੰ ‘ਮੌਤ ਨੂੰ’ ਕਵਿਤਾ ਏਸੇ ਲਈ ਮੁੱਲਵਾਨ ਲੱਗਦੀ ਹੈ

ਇਹ ਕਵਿਤਾ ਮਿਰਤੂ ਨੂੰ ਸਵੀਕਾਰ ਹੀ ਨਹੀਂ ਕਰਦੀ, ਮਿਰਤੂ ਨੂੰ ਜਿਉਣ ਦਾ ਅੰਗ ਸਮਝਦੀ ਹੈਸਵੀਕਾਰ ਬਾਹਰਲੇ ਨੂੰ ਜਾਂ ਦੂਜੇ ਨੂੰ ਕੀਤਾ ਜਾਂਦਾ ਹੈ ਆਪਣੇ ਅੰਗ ਨੂੰ ਨਹੀਂਪਰ ਅਸੀਂ ਮੌਤ ਨੂੰ ਦੂਈ ਜਾਂ ਦੂਜੇ ਦੇ ਰੂਪ ਵਿਚ ਵੇਖਦੇ ਹਾਂਦੂਜਾ ਭੈਅ ਹੈਫ਼ਲਸਫ਼ੀ ਸਾਰਤਰ ਦੂਜੇ ਨੂੰ ਦੋਜ਼ਖ਼’ ਕਹਿੰਦਾ ਹੈਦੋਜ਼ਖ਼ ਵੀ ਭੈਅ ਹੈਮਨੋਵਿਗਿਆਨੀਆਂ ਦਾ ਅਨੁਮਾਨ ਹੈ, ਬੰਦਾ ਦਸ ਵਿੱਚੋਂ ਨੌਂ ਖੰਡ ਭੈਅ ਵਿਚ ਰਹਿੰਦਾ ਹੈਬਾਬਾ ਨਾਨਕ ਇਸ ਤੋਂ ਵੀ ਅੱਗੇ ਜਾਂਦੇ ਹਨ: ਜੀਵ ਭੈਅ ਵਿਚ ਜੰਮਦਾ ਹੈ, ਭੈਅ ਵਿਚ ਮਰਦਾ ਹੈ, ਭੈਅ ਵਿਚ ਉਹ ਹੱਸਦਾ ਹੈ, ਭੈਅ ਵਿਚ ਰੋਂਦਾ ਹੈਭੈਅ ਸਾਨੂੰ ਭੈਭੀਤ ਕਰਦਾ ਹੈਇਹਦੇ ਸਾਹਵੇਂ ਅਰਜਨ ਵੀ ਨਿਹੱਥਾ ਹੋ ਜਾਂਦਾ ਹੈ

ਮੌਤ ਨੂੰ’ ਕਵਿਤਾ ਵਿਚ ਮਿਰਤੂ ਭਿਅੰਕਰ ਨਹੀਂ ਦਿਸਦੀਉਹਦੇ ਗਲ ਵਿਚ ਖੋਪਰੀਆਂ ਦੀ ਮਾਲ਼ਾ ਨਹੀਂ, ਜਬ੍ਹਾੜਿਆਂ ਵਿੱਚੋਂ ਲਹੂ ਨਹੀਂ ਚਿਉਂਦਾਮਿਰਤੂ ਸਾਧਾਰਣ ਵਰਤਾਰਾ ਹੈ; ‘ਜੌਂ ਚਰਵਾਈ ਲੈਣ’ ਤੋਂ ਵੀ ਸਾਧਾਰਣ, ‘ਭਾਬੀ ਨੂੰ ਝਾਤ’ ਬੁਲਾਉਣ ਤੋਂ ਵੀ ਸਾਧਾਰਣਇਹ ਰਿਹਾੜ ਕਰਦੇ ਬੱਚੇ ਵਰਗੀ ਹੈ, ਜਿਹੜਾ ਝਿੜਕ ਖਾ ਕੇ ਪਾਸੇ ਬੈਠਾ ਜਾਂਦਾ ਹੈ ਤੇ ਥੋੜ੍ਹੇ ਚਿਰ ਪਿੱਛੋਂ ਅੱਖਾਂ ਮਲਦਾ ਫੇਰ ਕੋਲ ਆ ਜਾਂਦਾ ਹੈ

ਮਿਰਤੂ ਦਾ ਇਹ ਚਿਹਰਾ ਘਰੇਲੂ ਹੈਤੇ ਕੇਵਲ ਏਸੇ ਕਵਿਤਾ ਵਿਚ ਮਿਲਦਾ ਹੈਨਾ ਅੱਗੇ ਨਾ ਪਿੱਛੇਮੋਹਨ ਸਿੰਘ ਦੀ ਬਾਕੀ ਰਚਨਾ ਵਿਚ ਵੀ ਨਹੀਂਪੰਜਾਬੀ ਦੀ ਸਮੁੱਚੀ ਨਵੀਂ ਕਵਿਤਾ ਇਹ ਤੋਂ ਕੋਰੀ ਹੈਇਹ ਸਬੱਬ ਦੀ ਕਵਿਤਾ ਹੈਪਰ ਹਰ ਸਬੱਬ ਬਿਲਕੁਲ ਬੇਸਬੱਬ ਨਹੀਂ ਹੁੰਦਾਬਸ ਉਹ ਸਾਡੇ ਤਰਕ ਦੇ ਘੇਰੇ ਵਿਚ ਨਹੀਂ ਆਉਂਦਾਰੁੱਖ ਦੀ ਜੜ੍ਹ ਸਾਨੂੰ ਦਿਸਦੀ ਨਹੀਂ

ਮੌਤ ਨੂੰ’ ਕਵਿਤਾ ਦੀ ਜੜ੍ਹ ਪੰਜਾਬੀ ਦੀ ਕਾਵਿ ਪਰੰਪਰਾ ਵਿਚ ਨਹੀਂ, ਲੋਕਧਾਰਾ ਵਿਚ ਲੱਗੀ ਹੋਈ ਹੈਇਹਦੀ ਸੁਰ ਲੋਕਗੀਤ ਵਾਲੀ ਅਤੇ ਆਵਾਜ਼ ਇਸਤਰੀ ਦੀ ਹੈਪੰਜਾਬ ਦੀ ਇਸਤਰੀ ਲੋਕ ਗੀਤਾਂ ਵਿਚ ਹੀ ਖੁੱਲ੍ਹ ਕੇ ਬੋਲਦੀ ਹੈਪੰਜਾਬੀ ਦੇ ਪੁਰਖ ਪ੍ਰਧਾਨ ਪ੍ਰਵਚਨ ਵਿਚ ਇਹਦੀ ਆਵਾਜ਼ ਗ਼ਾਇਬ ਹੈਉਹ ਕੰਮ ਸਾਰਨ ਲਈ ਬੋਲਦੀ ਹੈ ਜਾਂ ਅਣਸਰਦੇ ਨੂੰ ਬੋਲਦੀ ਹੈ: “ਜੇ ਤੂੰ ਸਿਰ ਚੜ੍ਹਿਆ ਅਣਸਰਦੇ ਨੂੰ ਬੋਲੀ।” ਪਰ ਇਹਦਾ ਵੀ ਉਹਨੂੰ ਮੁੱਲ ਤਾਰਨਾ ਪੈਂਦਾ ਹੈ: “ਕਰਦੂੰ ਗਜ ਵਰਗੀ ਜੇ ਫੇਰ ਬਰਾਬਰ ਬੋਲੀ

ਮੌਤ ਨੂੰ’ ਕਵਿਤਾ ਵਿਚ ਇਸਤਰੀ ਆਪਣੇ ਵਾਂਙੂੰ (ਨਾਰੀ ਵਾਂਙੂੰ) ਬੋਲਦੀ ਹੈ; ਮਰਦ ਵਾਂਙੂੰ ਨਹੀਂ, ਨਾ ਉਹਦੇ ਬਰਾਬਰ, ਨਾ ਰੋਸ ਵਿਚ, ਨਾ ਅਣਸਰਦੇ ਨੂੰਏਹੋ ਜਿਹੀ ਖਰੀ ਆਵਾਜ਼ ਪੰਜਾਬ ਦੀ ਨਾਰੀ ਕਵਿਤਾ ਵਿਚ ਵੀ ਨਹੀਂ ਸੁਣਦੀਬਹੁਤੀ ਕਵਿਤਾ ਵਿਚ ਰੋਹ, ਵਿਦਰੋਹ, ਚਿੰਤਾ ਨਾਰੀ ਦੀ ਹੈ; ਪਰ ਆਵਾਜ਼ ਮਰਦਾਵੀਂਆਪਣਾ ਦੁੱਖ-ਸੁੱਖ ਕਹਿਣ ਲਈ ਉਸ ਕੋਲ ਆਪਣੀ ਭਾਸ਼ਾ ਨਹੀਂਮਰਦ ਦੀ ਭਾਸ਼ਾ ਵਿਚ ਉਹ ਹਾਸੋਹੀਣਾ ਬਣ ਜਾਂਦਾ ਹੈਜਿਵੇਂ ਰਾਣੀ ਜਿੰਦਾਂ ਨੂੰ ਪੰਜਾਬ ਦਾ ਇੱਕੋ ਮਰਦ’ ਕਹਿਣ ਨਾਲ

ਮਿਰਤੂ ਨਾਲ ਸੰਵਾਦ ਇਸ ਕਵਿਤਾ ਦਾ ਹੋਰ ਗੁਣ ਹੈਸਾਡੇ ਪਰਵਚਨ ਵਿਚ ਸੰਵਾਦ ਘੱਟ ਹੈ, ਵਿਵਾਦ ਵੱਧਪਰ ਵਿਵਾਦ ਸਾਡਾ ਵਿਰਸਾ ਨਹੀਂ, ਇਤਿਹਾਸ ਦਾ ਦਿੱਤਾ ਸਰਾਪ ਹੈਸਾਨੂੰ ਏਨਾ ਚਿਰ ਸ਼ਸਤਰ ਚੁੱਕਣੇ ਪਏ ਕਿ ਅਸੀਂ ਭੁੱਲ ਗਏ ਰੱਖਣੇ ਕਿਵੇਂ ਹਨ? ਸਾਡੇ ਹੱਥ ਹੀ ਸ਼ਸਤਰ ਬਣ ਗਏ ਹਨਸ਼ਸਤਰ ਹੀ ਗੁਰੂ ਪੀਰਤੇ ਯੁੱਧ ਸਾਡਾ ਧਰਮ

ਸ਼ਸਤਰ ਵੈਰੀ ’ਤੇ ਹੀ ਨਹੀਂ ਉਸ ਭਾਸ਼ਾ ’ਤੇ ਵੀ ਵਾਰ ਕਰਦੇ ਹਨ, ਜਿਹੜੀ ਸ਼ਸਤਰ ਮਹਿਮਾ ਨਹੀਂ ਕਰਦੀਵੇਖੋ ਸਾਡੀ ਮੁੱਖ ਕਿਰਿਆ ਕਰਨਾ’ ਕਿਵੇਂ ਮਾਰਨਾ’ ਬਣ ਗਈ ਹੈ: ਅਸੀਂ ਗੱਲਾਂ ਮਾਰਦੇ ਹਾਂ, ਝੂਠ ਮਾਰਦੇ ਹਾਂ, ਮੌਜ ਮਾਰਦੇ ਹਾਂਸੈਂਕੜੇ ਚੀਜ਼ਾਂ ਹਨ; ਜਿਹੜੀਆਂ ਅਸੀਂ ਹੁਣ ਕਰਦੇ ਨਹੀਂ, ਮਾਰਦੇ ਹਾਂਵਿਆਕਰਣ ਦੀ ਕਿਰਿਆ ਜਿਉਣ ਦੀ ਕਿਰਿਆ ਤੋਂ ਵੱਖਰੀ ਨਹੀਂ ਹੁੰਦੀਲੱਗਦਾ ਹੈ, ਸਾਡੇ ਹਰ ਕਰਨ ਵਿਚ ਮਰਨ ਰਲ ਜਾਂਦਾ ਹੈਹੱਥ ਹਥਿਆਰ ਬਣਦੇ ਹਨ, ਤਾਂ ਹਰ ਛੁਹ ਵਲੂੰਧਰੀ ਜਾਂਦੀ ਹੈ

ਸ਼ਸਤਰਬੱਧ ਭਾਸ਼ਾ ਵਿਚ ਸੰਵਾਦ ਨਹੀਂ ਹੋ ਸਕਦਾਪੰਜਾਬੀ ਬੰਦਾ ਵੈਰੀ ਨਾਲ ਗੱਲ ਨਹੀਂ ਕਰਦਾਮਰਦਾ ਹੈ ਜਾਂ ਮਾਰਦਾ ਹੈਇਸ ਲਈ ਉਹ ਮਿਰਤੂ ਨਾਲ ਗੱਲ ਨਹੀਂ ਕਰ ਸਕਦਾ

‘ਮੌਤ ਨੂੰ’ ਕਵਿਤਾ ਵਿਚ ਇਹ ਗੱਲਬਾਤ ਇਸਤਰੀ ਕਰਦੀ ਹੈਸਾਵਿਤਰੀ-ਸੱਤਿਆਵਾਨ ਮਿੱਥ ਵਿਚ ਵੀ ਇਸਤਰੀ ਹੀ ਇਹ ਭੂਮਿਕਾ ਨਿਭਾਉਂਦੀ ਹੈਅਸਲ ਵਿਚ ਮਿਰਤੂ ਨਾਲ ਵਾਰਤਾਲਾਪ ਇਸਤਰੀ ਵੀ ਨਹੀਂ ਕਰਦੀ, ਇਸਤਰੀ ਦੇ ਰੂਪ ਵਿਚ ਜਨਨੀ ਕਰਦੀ ਹੈਉਹੀ ਇਹਦੀ ਭਾਸ਼ਾ ਜਾਣਦੀ ਹੈਇਹ ਭਾਸ਼ਾ ਉਹ ਜਣੇਪੇ ਦੀ ਪੀੜ ਵਿੱਚੋਂ ਸਿੱਖਦੀ ਹੈ

ਤਰਕ ਵਿਤਰਕ ਤੇ ਹਾਰ ਜਿੱਤ ਦੀ ਭਾਸ਼ਾ ਵਿਚ ਇਹ ਵਾਰਤਾਲਾਪ ਅਸੰਭਵ ਹੈਸਵੀਡਨ ਦੇ ਫਿਲਮ ਨਿਰਦੇਸ਼ਕ ਇੰਗਮਾਰ ਬਰਜਮੱਨ ਦੀ ਫਿਲਮ ਸੈਵਨਥ ਸੀਲ ਵਿਚ ਮਨੁੱਖ ਮਿਰਤੂ ਨਾਲ ਸ਼ਤਰੰਜ ਦੀ ਬਾਜ਼ੀ ਲਾਉਂਦਾ ਹੈਸਤਰੰਜ ਦੀ ਭਾਸ਼ਾ ਹਾਰ ਜਿੱਤ ਦੀ ਭਾਸ਼ਾ ਹੈ, ਯੁੱਧ ਦੀ ਭਾਸ਼ਾ ਹੈਇਸ ਕਰਕੇ ਵਾਰਤਾਲਾਪ ਦੀ ਖੇਡ ਸਿਰੇ ਨਹੀਂ ਚੜ੍ਹਦੀ

ਸਾਵਿੱਤਰੀ - ਯਮਰਾਜ ਵਾਰਤਲਾਪ ਮਿਰਤੂ ਦੀ ਪਰਿਭਾਸ਼ਾ ਬਾਰੇ ਹੈਸੱਤਿਆਵਾਨ ਦਾ ਸਜਿੰਦ ਹੋਣਾ ਇਸਦਾ ਪਰਿਣਾਮ ਹੈਉਹ ਆਪਣੀ ਆਈ ’ਤੇ ਘਟ ਚੁੱਕਾ ਹੈਸਾਵਿਤਰੀ ਇਸ ਘਟਨਾ ਨੂੰ ਅਣਘਟ ਅਤੇ ਆਈ ਨੂੰ ਅਣਆਈ ਕਰਨਾ ਚਾਹੁੰਦੀ ਹੈ

ਬਰਜਮੱਨ ਦੀ ਫਿਲਮ ਵਿਚ ਸ਼ਤਰੰਜ ਦੀ ਖੇਡ ਮਿਰਤੂ ਦੇ ਆਉਣ ਦੀ ਘੜੀ ਨੂੰ ਖੁੰਝਾਉਣ ਵਾਸਤੇ ਖੇਡੀ ਜਾਂਦੀ ਹੈਬੰਦਾ, ਹਾਰਨ ਲੱਗਾ, ਹੱਥ ਮਾਰ ਕੇ ਨਰਦਾਂ ਖਿੰਡਾ ਦਿੰਦਾ ਹੈਸੋਚਦਾ ਹੈ, ਮਿਰਤੂ ਨੂੰ ਯਾਦ ਨਹੀਂ ਰਹਿਣਾ, ਕਿਹੜੀ ਨਰਦ ਕਿੱਥੇ ਪਈ ਸੀਖੇਡ ਮੁੱਢ ਤੋਂ ਸ਼ੁਰੂ ਕਰਨੀ ਪਵੇਗੀ ਤੇ ਮਿਰਤੂ ਦਾ ਵੇਲਾ ਖੁੰਝ ਜਾਵੇਗਾ

ਦੋਵੇਂ ਸੰਵਾਦ ਮਿਰਤੂ ਦੀ ਅਟੱਲਤਾ ਬਾਰੇ ਹਨਦੋਵੇਂ ਮਿਰਤੂ ਨੂੰ ਸਮੱਸਿਆ ਸਮਝਦੇ ਹਨ ਤੇ ਇਹਨੂੰ ਹੱਲ ਕਰਨ ਦਾ ਯਤਨ ਕਰਦੇ ਹਨ

‘ਮੌਤ ਨੂੰ’ ਕਵਿਤਾ ਵਿਚ ਮਿਰਤੂ ਸਮੱਸਿਆ ਨਹੀਂ ਹੈਕਵਿਤਾ ਚੀਜ਼ਾਂ ਨੂੰ ਸਮੱਸਿਆ-ਗ੍ਰਸਤ ਦ੍ਰਿਸ਼ਟੀ ਨਾਲ ਵੇਖਦੀ ਹੀ ਨਹੀਂਸਮੱਸਿਆਵਾਂ ਮਨੁੱਖੀ ਲੋੜਾਂ ਤੋਂ ਉਪਜਦੀਆਂ ਹਨਲੋੜ ਵਾਲੀ ਅੱਖ ਨਾਲ ਰੁੱਖ ਸ਼ਾਇਦ ਲੱਕੜ ਦਿਸੇ ਤੇ ਗੁਲਾਬ ਗੁਲਕੰਦਕਵਿਤਾ ਦਾ ਧਰਮ ਰੁੱਖ ਨੂੰ ਰੁੱਖ ਵੇਖਣਾ ਹੈ ਤੇ ਫੁੱਲ ਨੂੰ ਫੁੱਲਰੁੱਖ ਤੇ ਫੁੱਲ ਉੰਨਾ ਚਿਰ ਹੀ ਬਚੇ ਰਹਿਣਗੇ, ਜਿੰਨਾ ਚਿਰ ਉਹ ਕਵਿਤਾ ਦੀ ਅੱਖ ਨਾਲ ਵੇਖੇ ਜਾਣਗੇਅੱਜ ਦੇ ਪਰਿਆਵਰਣ ਦੀ ਦੁਰਦਸ਼ਾ ਤੇ ਪਰਦੂਸ਼ਣ, ਕਵਿਤਾ ਵੱਲੋਂ ਬੇਮੁਖ ਹੋਣ ਕਰਕੇ ਵੀ ਹੈਇਸ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਕਵਿਤਾ ਸਾਡੇ ਹੋਣ ਦੀ ਜ਼ਰੂਰਤ ਹੈ

ਮੌਤ ਨੂੰ’ ਕਵਿਤਾ ਕਿਸੇ ਮਸਲੇ’ ਨਾਲ ਮੈਲੀ ਨਹੀਂ ਹੋਈ ਹੈਮਸਲੇ ਮਿਰਤੂ ਨੂੰ ਫ਼ਤਹਿ ਕਰਨ ਦੀ ਲੋੜ ਵਿੱਚੋਂ ਪੈਦਾ ਹੁੰਦੇ ਹਨਉਹ ਲੋੜ ਇਸ ਕਵਿਤਾ ਵਿਚ ਹੈ ਨਹੀਂਲੱਗਦਾ ਹੈ, ਬੰਦਾ ਮੌਤ ਨਾਲ ਹਮੇਸ਼ਾ ਸਪੇਨੀ ਨਾਵਲਕਾਰ ਸਰਵਾਂਤੇ ਦੇ ਡਾਨ ਕਿਹੋਤੇ ਵਾਂਙ ਲੜਦਾ ਰਿਹਾ ਹੈ, ਜਿਹਨੂੰ ਸਾਹਮਣੇ ਧੂੜ ਵਿਚ ਆਉਂਦੀਆਂ ਭੇਡਾਂ ਵੈਰੀ ਦਲ ਦਿਸਦੀਆਂ ਸਨਨਾਇਕ ਬਣਨ ਲਈ ਬੰਦੇ ਨੂੰ ਕੀ-ਕੀ ਨਹੀਂ ਕਰਨਾ ਪੈਂਦਾ? ਇਸਤਰੀ ਇਸ ਆਪ-ਸਹੇੜੀ ਬਲਾ ਤੋਂ ਮੁਕਤ ਹੈਉਹਨੂੰ ਚੀਜ਼ਾਂ ਨੂੰ ਧੂੜ ਵਿਚ ਵੇਖਣ ਦੀ ਲੋੜ ਨਹੀਂ

‘ਮੌਤ ਨੂੰ’ ਕਵਿਤਾ ਵਿਚਲਾ ਨਿਰਮਲ ਤੇ ਨਿਰਮਾਣ ਬਿੰਬ ਪੰਜਾਬੀ ਦੀ ਬਾਕੀ ਕਵਿਤਾ ਵਿਚ ਦੁਰਲੱਭ ਹੈ

ਇਸ ਕਵਿਤਾ ਵਿਚ ਮਿਰਤੂ ਨਾਲ ਵਾਰਤਾਲਾਪ ਵੀ ਨਿਆਰਾ ਹੈਵਾਰਤਾਲਾਪ ਕਵਿਤਾ ਤੋਂ ਪਹਿਲਾਂ ਸ਼ੁਰੂ ਹੋਇਆ ਹੁੰਦਾ ਹੈਕਵਿਤਾ ਜਿਸ ਪ੍ਰਸ਼ਨ ਦੁਆਲੇ ਘੁੰਮਦੀ ਹੈ, ਉਹ ਕਵਿਤਾ ਤੋਂ ਬਾਹਰ ਹੈਸ਼ਾਇਦ ਸ਼ੂਨਯ ਹੀ ਕਵਿਤਾ ਦੀ ਧੁਰੀ ਹੈ, ਜਿਹਦੇ ਆਲੇ-ਦੁਆਲੇ ਉਹ ਰੂਪ ਸਾਜਦੀ ਹੈਹੋਣ ਅਤੇ ਅਣਹੋਣ ਦਾ ਵਾਰਤਾਲਾਪ ਸਦਾ ਤੋਂ ਚਲ ਰਿਹਾ ਹੈਇਹ ਕਵਿਤਾ ਚਲਦੇ ਵਾਰਤਾਲਾਪ ਵਿਚ ਪਰਵੇਸ਼ ਕਰਦੀ ਹੈ ਤੇ ਵਾਰਤਾਲਾਪ ਨੂੰ ਮਨੁੱਖੀ ਚਿਹਰਾ ਦੇ ਦਿੰਦੀ ਹੈਕਵਿਤਾ ਵਿੱਚੋਂ ਆਦਿ-ਜੁਗਾਦੀ ਭਾਰੇ ਪ੍ਰਸਤਾਵ ਨਿਕਲ ਜਾਂਦੇ ਹਨਮਹਿੰਦੀ ਲਾਉਣ, ਘੋੜੀ ਗਾਉਣ ਤੇ ਪੀਂਘ ਝੂਟਣ ਜਿਹੇ ਨਿੱਕੇ-ਨਿੱਕੇ ਦ੍ਰਿਸ਼ ਪ੍ਰਵੇਸ਼ ਕਰ ਜਾਂਦੇ ਹਨ

ਇਸ ਕਵਿਤਾ ਦੀ ਸਿਫ਼ਤ ਹੈ ਕਿ ਇਹ ਮਿਰਤੂ ਦੀ ਗੱਲ ਮਿਰਤੂ ਦੇ ਮੁਹਾਵਰੇ ਵਿਚ ਨਹੀਂ ਕਰਦੀਪੰਜਾਬੀ ਦਾ ਇਹ ਮੁਹਾਵਰਾ ਇਹਦੇ ਰਾਸ ਵੀ ਨਹੀਂ ਆਉਣਾ ਸੀਇਹ ਹਿੰਸਾ ਨਾਲ ਵਿੰਨ੍ਹਿਆ ਹੋਇਆ ਹੈਇਸ ਕਵਿਤਾ ਨੇ ਸਹਿਜ ਸੁਭਾਅ ਹੀ ਇਹ ਮੁਹਾਵਰਾ ਨਕਾਰ ਦਿੱਤਾ ਹੈਅਸਲ ਵਿਚ ਕਵਿਤਾ ਮਿਰਤੂ ਨਾਲ ਗੱਲ ਕਰਦੀ ਹੈ, ਮਿਰਤੂ ਬਾਰੇ ਨਹੀਂਗੱਲ ਜਿਉਣ ਬਾਰੇ ਹੈ

ਵਾਰਤਾਲਾਪ ਵਿਚ ਮਿਰਤੂ ਬੋਲਦੀ ਨਹੀਂਬੋਲੀ ਵਿਚ ਗੱਲ ਬੱਝ ਜਾਂਦੀ ਹੈਚੁੱਪ ਵਿਚ ਗੱਲ ਪਸਰੀ ਹੁੰਦੀ ਹੈ ਧੁੱਪ ਵਾਂਙਉਹ ਅਕਲ ਦੀ ਪੰਡ ਵਿਚ ਬੱਝਦੀ ਨਹੀਂਇਸ ਕਰਕੇ ਅਸੀਂ ਚੁੱਪ ਤੋਂ ਡਰਦੇ ਹਾਂਤੇ ਚਾਹੁੰਦੇ ਹਾਂ ਕਿ ਮਿਰਤੂ ਸਾਡੇ ਵਾਙੂੰ ਸਾਡੇ ਨਾਲ ਬੋਲੇਸਾਡੀ ਬੋਲੀ ਵਿਚ ਬੋਲੇ

ਪਰ ਕਵੀ ਮਿਰਤੂ ਦੇ ਮੂੰਹ ਵਿਚ ਮਨੁੱਖੀ ਜ਼ਬਾਨ ਪਾਉਣ ਦੀ ਉਕਾਈ ਨਹੀਂ ਕਰਦਾਸੋ ਵਾਰਤਾਲਾਪ ਦੋਹਾਂ ਜ਼ਬਾਨਾਂ ਵਿਚ ਹੁੰਦਾ ਹੈਸਾਨੂੰ ਲੱਗਦਾ ਹੈ, ਵਾਰਤਾਲਾਪ ਕੇਵਲ ਸਾਡੀ ਬੋਲੀ ਵਿਚ ਹੀ ਹੋ ਰਿਹਾ ਹੈਬੋਲ ਕੇਵਲ ਅਸੀਂ ਰਹੇ ਹਾਂ, ਮਿਰਤੂ ਕੇਵਲ ਸੁਣ ਰਹੀ ਹੈਇਹ ਸਾਡਾ ਭਰਮ ਹੈਵਾਰਤਾਲਾਪ ਕੇਵਲ ਬੋਲ ਕੇ ਹੀ ਨਹੀਂ ਹੁੰਦਾਅਣਬੋਲਿਆਂ ਵੀ ਬਿਰਥਾ ਜਾਣੀ ਜਾ ਸਕਦੀ ਹੈ

ਮੌਤ ਨੂੰ’ ਕਵਿਤਾ ਦੇ ਹਰ ਬੰਦ ਦਾ ਅੰਤ ਮਿਰਤੂ ਨੂੰ ਆਖੇ ਨਾਲ ਹੁੰਦਾ ਹੈ: ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ’ ਪਹਿਲੇ ਬੰਦ ਦੇ ਅੰਤ ਅਤੇ ਦੂਜੇ ਬੰਦ ਦੇ ਜਨਮ ਵਿਚਕਾਰ ਖੱਪਾ ਹੈ; ਸ਼ੂਨਯ ਹੈ; ਰਹਾਓ ਹੈਤੇ ਇਹ ਚੁੱਪ ਹੈਇਹ ਚੁੱਪ ਮਿਰਤੂ ਦਾ ਸੰਵਾਦ ਹੈਇਸ ਸ਼ੂਨਯ ਵਿਚ ਪਹਿਲੇ ਬੰਦ ਦੀ ਮਿਰਤੂ ਹੈ ਤੇ ਦੂਜੇ ਦਾ ਜਨਮ ਹੈਇਹ ਹੋਣ ਅਤੇ ਨਾ ਹੋਣ ਦਾ ਰਿਦਮ ਹੈਅਸੀਂ ਤੁਰਦੇ ਹਾਂ; ਤਾਂ ਇਕ ਪੈਰ ਧਰਤੀ ’ਤੇ ਹੁੰਦਾ ਹੈ, ਦੂਜਾ ਸ਼ੂਨਯ ਵਿਚਇਹ ਹੋਣ ਅਤੇ ਅਣਹੋਣ ਦਾ, ਜਿਉਣ ਅਤੇ ਮਿਰਤੂ ਦਾ ਵਾਰਤਾਲਾਪ ਹੈ

ਮੌਤ ਕਵਿਤਾ ਹੋਣ ਅਤੇ ਅਣਹੋਣ ਦੇ ਰਿਦਮ ਵਿਚ ਲਿਖੀ ਗਈ ਹੈਸਾਡੇ ਜਿਉਣ ਦੀ ਕਰਮਗਤੀ ਵੀਜਿਉਣਾ ਰੰਗਾਂ ਦਾ ਅਚੰਭਾ ਛੰਭ ਹੈ, ਪੂਰਨ ਸਿੰਘ ਕਿਸੇ ਕਵਿਤਾ ਵਿਚ ਕਹਿੰਦਾ ਹੈਪਰ ਇਹ ਦਿਸਦਾ ਛੰਭ ਤੋਂ ਬਾਹਰ ਖੜ੍ਹ ਕੇ ਹੈਉਹ ਬਾਹਰ ਬਿਲਕੁਲ ਬਾਹਰ ਨਹੀਂ, ਖੱਪੇ ਵਾਲੀ ਥਾਂ ਹੈਜਿਉਣਾ ਵਿਆਹ ਵਰਗਾ ਹੈ, ਮੋਹਨ ਸਿੰਘ ਇਸ ਕਵਿਤਾ ਵਿਚ (ਰੂਪਕ ਵਜੋਂ) ਕਹਿੰਦਾ ਹੈਪਰ ਇਹ ਵਿਆਹ ਤਾਂ ਹੀ ਹੈ ਕਿ ਇਸ ਵਿਚ ਮਿਰਤੂ ਵੀ ਸ਼ਾਮਲ ਹੈਵਿਆਹ ਵਿਚ ਆਈਆਂ ਮੇਲਣਾਂ ਵਿਚ ਮੇਲਣ ਹੈ, ਜਿਸ ਨਾਲ ਵਿਚ-ਵਿਚ ਗੱਲਬਾਤ ਕਰਨੀ ਪੈਂਦੀ ਹੈ

ਇਹ ਕਵਿਤਾ ਦੱਸਦੀ ਹੈ ਕਿ ਮਿਰਤੂ ਦੀ ਅੱਖ ਨਾਲ ਵੇਖਿਆਂ ਹੀ ਜਿਉਣਾ ਚੰਗਾ ਲੱਗਦਾ ਹੈਦੁਨੀਆ ਸੁਹਣੀ ਲੱਗਦੀ ਹੈਸੁਹਜ ਹੈ ਹੀ ਮਿਰਤੂ ਕਰਕੇਫੁੱਲਾਂ ਵਿਚ ਰੰਗ ਤੇ ਸੁਗੰਧ ਮਿਰਤੂ ਦੀ ਹੈਸਦਾ ਬਹਾਰ ਰੁੱਖਾਂ ਨੂੰ ਰੰਗ ਨਹੀਂ ਲੱਗਦੇਉਹ ਇੱਕੋ ਰੁੱਤ ਦੇ ਸਰਾਪ ਵਿਚ ਰਹਿੰਦੇ ਹਨ

ਮਾਸੀ ਕਹਿੰਦੀ ਹੈ: “ਹੁਣ ਮੈਂ ਵਿਹਲੀ ਆਂ, ਬਥੇਰਾ ਜਿਉਂ ਲਿਆ ਹੈ।” ਭਾਈ ਗੁਰਦਾਸ ਨੂੰ ਯਾਦ ਕਰਨ ਲੱਗਦੀ ਹੈ:

ਅੱਖੀਂ ਵੇਖ ਨ ਰਜੀਆ, ਬਹੁ ਰੰਗ ਤਮਾਸੇ॥
ਉਸਤਤਿ ਨਿੰਦਾ ਕੰਨਿ ਸੁਣਿ
, ਰੋਣੇ ਤੇ ਹਾਸੇ॥

ਸਾਦੀ ਜੀਭ ਨ ਰਜੀਆ, ਕਰ ਭੋਗ ਬਿਲਾਸੇ॥
ਨਕ ਨ ਰਜਾ ਵਾਸੁ ਲੈ
, ਦੁਰਗੰਧ ਸੁਵਾਸੇ॥
ਰਜਿ ਨ ਕੋਈ ਜੀਵਿਆ
, ਕੂੜੇ ਭਰਵਾਸੇ॥

ਮੋਹਨ ਸਿੰਘ ਦੀ ਇਹ ਕਵਿਤਾ ਰੱਜਣ ਨੂੰ ਕੂੜਾ ਨਹੀਂ ਸਮਝਦੀਇਹ ਕਹਿੰਦੀ ਹੈ, ਜਿਉਣਾ ਏਨਾ ਰਸਵੰਤ ਹੈ ਕਿ ਇਹਦਾ ਰੱਜ ਨਹੀਂ ਆਉਂਦਾਇਹੀ ਗੱਲ ਡੇਢ ਸਦੀ ਪਹਿਲਾਂ ਅਮਰੀਕਨ ਕਵੀ ਐਮਿਲੀ ਡਿਕਨਸਨਸ ਨੇ ਕਹੀ ਸੀ, “ਜਿਉਣਾ ਹੀ ਏਨਾ ਅਚੰਭੇ ਭਰਿਆ ਹੈ ਕਿ ਹੋਰ ਕੰਮ ਲਈ ਵਿਹਲ ਹੀ ਨਹੀਂ ਦਿੰਦਾ

ਮਾਸੀ ਵੀ ਵਿਹਲੀ ਨਹੀਂਉਹ ਜਿਉਣ ਦਾ ਕੰਮ ਕਰੀ ਜਾ ਰਹੀ ਹੈਨਾਲ ਦੇ ਸੰਗੀ-ਸਾਥੀ ਤੁਰ ਗਏ ਹਨਹਾਣ ਦਾ ਬੇਲੀ ਚਲਾ ਗਿਆ ਹੈਕਦੇ-ਕਦੇ ਬਾਣੀ ਦੀ ਥਾਂ ਹੋਠਾਂ ’ਤੇ ਰੋਸਾ ਆ ਜਾਂਦਾ ਹੈ:

ਸੰਜੋਗ ਤੋਂ ਵਿਜੋਗ ਲਿਖ ਤੇ
ਹੱਥ ਚੰਦਰੇ ਦੇ ਕਲਮ ਫੜਾਈ॥

*****

(1247)

About the Author

ਨਵਤੇਜ ਭਾਰਤੀ

ਨਵਤੇਜ ਭਾਰਤੀ

London, Ontario, Canada.
Phone: (519 - 453 - 9467)
Email: (navtejbharati@gmail.com)