SurjitGag7ਇਹ ਵਰਗ ਜਾਇਜ਼-ਨਾਜਾਇਜ਼ ਵਸੀਲਿਆਂ ਤੋਂ ਹੁੰਦੀ ਆਮਦਨ ਤੋਂ ਸੰਤੁਸ਼ਟ ...
(28 ਜੁਲਾਈ 2018)

 

ਪਾਕਿਸਤਾਨ ਵਿੱਚ ਸਰਕਾਰ ਭਾਵੇਂ ਇਮਰਾਨ ਖ਼ਾਨ ਦੀ ਬਣ ਜਾਵੇ,
ਰਾਜ ਫ਼ੌਜ ਦਾ ਹੀ ਰਹਿਣਾ ਹੈ,
ਮਿਹਨਤਕਸ਼ ਗ਼ਰੀਬ ਲੋਕਾਂ ਦਾ ਘਾਣ ਹੁੰਦਾ ਹੀ ਰਹਿਣਾ ਹੈ।

ਠੀਕ ਇਵੇਂ ਹੀ ਜਿਵੇਂ ਭਾਰਤ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਵੇ,
ਰਾਜ ਕਾਰਪੋਰੇਟ ਘਰਾਣਿਆਂ ਦਾ ਹੀ ਰਹਿਣਾ ਹੈ,
ਮਿਹਨਤਕਸ਼ ਗ਼ਰੀਬ ਜਨਤਾ ਦਾ ਸ਼ੋਸ਼ਣ ਹੁੰਦਾ ਹੀ ਰਹਿਣਾ ਹੈ।

ਅੱਜ ਦੇ ਹਾਲਾਤ ਵਿੱਚ ਵੋਟਾਂ ਧੋਖਾ ਹਨ। ਸ਼ਰਾਬ ਦੀ ਬੋਤਲ ਜਾਂ ਕਿਸੇ ਹੋਰ ਨਿੱਜੀ ਲਾਲਚ ਬਦਲੇ ਵੋਟਾਂ ਪਾਉਣ ਵਾਲੇ ਲੋਕ ਕਮਲੇ ਨਹੀਂ ਹਨ। ਉਹ ਸਮਝਦੇ ਹਨ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਵੇ, ਉਹਨਾਂ ਦੀ ਹੋਣੀ ਬਦਲਣ ਵਾਲੀ ਨਹੀਂ। ਜੇ ਇਹੋ ਲੋਕ ਸ਼ਰਾਬ ਦੀ ਬੋਤਲ ਠੁਕਰਾ ਕੇ, ਜ਼ਮੀਰ ਦੀ ਆਵਾਜ਼ ਸੁਣ ਕੇ ਵੋਟਾਂ ਪਾਉਣ ਤਾਂ ਵੋਟਾਂ ਪਾਉਣ ਕਿਸ ਨੂੰ? ਉਹ ਜਾਣਦੇ ਹਨ ਕਿ ਕੁੱਝ ਇੱਕ ਈਮਾਨਦਾਰ ਨੇਤਾ ਚਾਹ ਕੇ ਵੀ ਈਮਾਨਦਾਰੀ ਨਾਲ ਕੰਮ ਨਹੀਂ ਕਰ ਸਕਦੇ। ਭਾਰਤੀ ਸੰਵਿਧਾਨ ਉਹਨਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਕਾਰਪੋਰੇਟ ਜਗਤ ਦੀਆਂ ਤਲ਼ੀਆਂ ਚੱਟਣ ਗਿੱਝਿਆ ਮੀਡੀਆ ਈਮਾਨਦਾਰ ਵਿਅਕਤੀ ’ਤੇ ਅਜਿਹੇ ਮਨਘੜਤ ਦੋਸ਼ ਲਾਉਂਦਾ ਹੈ ਕਿ ਉਹ ਵਿਅਕਤੀ ਜੇ ਅਦਾਲਤ ਵਲੋਂ ਵੀ ਬਾਇੱਜ਼ਤ ਬਰੀ ਹੋ ਜਾਵੇ ਤਦ ਵੀ ਲੋਕ ਮਨਾਂ ਵਿੱਚ ਕਸੂਰਵਾਰ ਦੀ ਛਵੀ ਉੱਘੜ ਜਾਂਦੀ ਹੈ।

ਭਾਰਤ ਦੇ 85% ਸਾਧਨਾਂ ’ਤੇ 15% ਅਮੀਰ ਲੋਕਾਂ ਦਾ ਕਬਜ਼ਾ ਹੈ। ਇਹ ਇੱਕ ਅਜਿਹਾ ਸੱਚ ਹੈ ਜਿਸ ਨੂੰ ਨਜ਼ਰਅੰਦਾਜ਼ ਕਰਕੇ ਵੋਟਾਂ ਪਵਾ ਕੇ ਲੋਕਤੰਤਰ ਦੀ ਬਦਨਾਮ ਖੇਡ ਖੇਡੀ ਜਾਂਦੀ ਹੈ। ਜਦੋਂ ਤੱਕ ਇਸ 15% ਉੱਚਵਰਗ ਦੇ ਦੰਦ ਭੰਨਣ ਦੀ ਚਰਚਾ ਤੱਕ ਵੀ ਨਹੀਂ ਛੇੜੀ ਜਾਂਦੀ, ਆਮ ਲੋਕਾਂ (ਸਮੇਤ ਮੱਧਵਰਗ) ਦਾ ਘਾਣ ਇਸੇ ਤਰ੍ਹਾਂ ਹੁੰਦਾ ਰਹਿਣਾ ਹੈ। ਸਾਡੇ ਦੇਸ਼ ਦੀ ਸਮੱਸਿਆ ਸਿਰਫ਼ ਜਗੀਰਦਾਰੀ ਅਤੇ ਪੂੰਜੀਵਾਦ ਹੀ ਨਹੀਂ ਹੈ। ਇਹਨਾਂ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਮਾਦਾ ਰੱਖਦੀ ਸਭ ਤੋਂ ਪ੍ਰਭਾਵਸ਼ਾਲੀ ਸਮੱਸਿਆ ਬ੍ਰਾਹਮਣਵਾਦ ਹੈ। ਬ੍ਰਾਹਮਣਵਾਦ ਦੇ ਵਿਕਸਿਤ ਹੋਣ ਕਾਰਣ ਹੀ ਭਾਰਤ ਵਿੱਚ ਜਾਤ-ਪਾਤ ਦੀ ਸਮੱਸਿਆ ਗੰਭੀਰ ਰੂਪ ਧਾਰਣ ਕਰ ਚੁੱਕੀ ਹੈ। ਹਿੰਦੂ ਧਰਮ ਬ੍ਰਾਹਮਣਵਾਦ ਦੀ ਜਥੇਬੰਦਕ ਤਾਕਤ ਹੈ ਅਤੇ ਇਸੇ ਤਾਕਤ ਦੀ ਵਰਤੋਂ ਕਰਕੇ ਕਦੇ ਮੁਸਲਿਮ ਭਾਈਚਾਰੇ ਖ਼ਿਲਾਫ਼, ਕਦੇ ਸਿੱਖ ਭਾਈਚਾਰੇ ਖ਼ਿਲਾਫ਼, ਕਦੇ ਦਲਿਤਾਂ ਅਤੇ ਕਦੇ ਘੱਟ ਗਿਣਤੀਆਂ ਖ਼ਿਲਾਫ਼ ਹਿੰਦੂ ਕੱਟੜਪੰਥੀਆਂ ਵਲੋਂ ਜ਼ਹਿਰ ਉਗਲਿਆ ਜਾਂਦਾ ਹੈ, ਇਹਨਾਂ ਦਾ ਕਤਲ-ਏ-ਆਮ ਕੀਤਾ ਜਾਂਦਾ ਹੈ।

ਅਜਿਹਾ ਨਹੀਂ ਹੈ ਕਿ ਹਿੰਦੂ ਭਾਈਚਾਰਾ ਬ੍ਰਾਹਮਣਵਾਦ ਦਾ ਸ਼ਿਕਾਰ ਨਾ ਹੋਵੇ। ਜਾਤ ਪ੍ਰਥਾ ਬ੍ਰਾਹਮਣਵਾਦ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਪ੍ਰਥਾ ਨੂੰ ਤੋੜਨ ਵਿੱਚ ਸਿੱਖ, ਮੁਸਲਿਮ, ਈਸਾਈ ਆਦਿ ਹਰ ਧਰਮ ਅਸਫ਼ਲ ਹੋਇਆ ਹੈ। ਇਸ ਨੂੰ ਇੱਦਾਂ ਵੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ, ਮੁਸਲਿਮਾਂ ਆਦਿ ਵਿੱਚ ਬ੍ਰਾਹਮਣਵਾਦ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਇਹਨਾਂ ਨੂੰ ਪੁੱਟਣ ਲਈ ਬਹੁਤ ਲੰਮੇ ਅਤੇ ਜਥੇਬੰਦਕ ਸੰਘਰਸ਼ ਦੀ ਲੋੜ ਹੈ।

ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਲਾਉਣੀ, ਵਿਵਸਥਾ ਉੱਤੇ ਸਵਾਲ ਉਠਾਉਣ ’ਤੇ ਪਾਬੰਦੀ, ਮਰਜ਼ੀ ਦਾ ਖਾਣ-ਹੰਢਾਉਣ ’ਤੇ ਪਾਬੰਦੀ, ਔਰਤਾਂ ਦੇ ਪਹਿਰਾਵੇ ’ਤੇ ਪਾਬੰਦੀ ਅਤੇ ਤਨਜ਼ਾਂ ਕੱਸਣੀਆਂ, ਦਲਿਤਾਂ ਦਾ ਸਮਾਜਿਕ ਬਾਈਕਾਟ, ਦਲਿਤਾਂ ਦੇ ਸਵੈਮਾਣ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਣਾ, ਖਾਪ ਪੰਚਾਇਤਾਂ ਨੂੰ ਤਾਕਤ ਮੁਹੱਈਆ ਕਰਵਾਉਣੀ, ਜਗੀਰੂ ਕਦਰਾਂ-ਕੀਮਤਾਂ ਦਾ ਪ੍ਰਚਾਰ-ਪ੍ਰਸਾਰ ਕਰਨਾ, ਧਰਮ ਨੂੰ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣਾ ਆਦਿ ਬ੍ਰਾਹਮਣਵਾਦ ਦੀਆਂ ਪ੍ਰਤੱਖ ਉਦਾਹਰਣਾਂ ਹਨ।

ਬੇਸ਼ੱਕ ਭਾਰਤੀ ਕਾਨੂੰਨ ਬ੍ਰਾਹਮਣਵਾਦ ਦੀ ਪ੍ਰਤੱਖ ਹਿਮਾਇਤ ਨਹੀਂ ਕਰਦਾ ਪਰ ਅਪ੍ਰਤੱਖ ਰੂਪ ਵਿੱਚ ਹਰ ਹਾਲ ਵਿੱਚ ਬ੍ਰਾਹਮਣਵਾਦ ਦੇ ਪੱਖ ਵਿੱਚ ਭੁਗਤਦਾ ਹੈ ਅਤੇ ਇਸੇ ਵਿੱਚ ਹੀ ਕਾਰਪੋਰੇਟ ਘਰਾਣਿਆਂ ਦਾ ਹਿੱਤ ਹੈ। ਜਾਤ ਪ੍ਰਥਾ ਨੂੰ ਭਾਰਤੀ ਸੰਵਿਧਾਨ ਵਿੱਚ ਮਾਨਤਾ ਮਿਲੀ ਹੋਈ ਹੈ। ਧਰਮ ਦੀ ਕੋਈ ਪ੍ਰਤੱਖ ਪ੍ਰੀਭਾਸ਼ਾ ਨਾ ਹੋਣ ਦੇ ਬਾਵਜੂਦ ਧਾਰਮਿਕ ਸਮਾਗਮਾਂ ਲਈ ਭਾਰਤੀ ਸੰਵਿਧਾਨ ਅਨੁਸਾਰ ਗ੍ਰਾਂਟਾਂ ਵੰਡੀਆਂ ਜਾਂਦੀਆਂ ਹਨ। ਗਾਂ ਨੂੰ ਧਾਰਮਿਕ ਪਸ਼ੂ ਗਰਦਾਨ ਕੇ ਇਸ ਦੇ ਨਾਮ ’ਤੇ ਜ਼ਬਰੀ ਟੈਕਸ ਵਸੂਲਿਆ ਜਾਂਦਾ ਹੈ।

ਰਾਜਨੀਤਿਕ ਸੂਝ ਨਾ ਹੋਣ ਕਾਰਣ ਭਾਰਤ ਦਾ ਲਗਭਗ ਹਰ ਵਰਗ ਭਾਰਤ ਦੀਆਂ ਸਰਮਾਏਦਾਰ ਪੱਖੀ ਅਤੇ ਲੋਕ ਦੋਖੀ ਨੀਤੀਆਂ ਦਾ ਸਤਾਇਆ ਹੋਇਆ ਹੈ।

ਮੱਧ ਵਰਗ ਆਮਦਨ ਪੱਖੋਂ ਸੌਖਾ ਹੈ ਅਤੇ ਭਵਿੱਖ ਪੱਖੋਂ ਡਾਵਾਂਡੋਲ ਸਥਿਤੀ ਹੀ ਹੈ। ਇਹ ਵਰਗ ਜਾਇਜ਼-ਨਾਜਾਇਜ਼ ਵਸੀਲਿਆਂ ਤੋਂ ਹੁੰਦੀ ਆਮਦਨ ਤੋਂ ਸੰਤੁਸ਼ਟ ਜਾਪਦਾ ਹੈ ਪਰ ਨਿੱਤ ਦਿਨ ਵਧਦੇ ਖਰਚਿਆਂ ਤੋਂ ਬੇਹੱਦ ਚਿੰਤਿਤ ਹੈ। ਇਹ ਵਰਗ ਆਪਣੇ ਬੱਚਿਆਂ ਦੀ ਪੜ੍ਹਾਈ ਆਪਣੀ ਸੋਚ ਅਨੁਸਾਰ ਸਭ ਤੋਂ ਵਧੀਆ ਕਰਵਾ ਰਿਹਾ ਹੈ ਪਰ ਬੱਚਿਆਂ ਦਾ ਭਵਿੱਖ ਸੁਨਿਸ਼ਚਿਤ ਨਹੀਂ ਕਰ ਪਾ ਰਿਹਾ। ਬਹੁਤਾ ਖ਼ਰਚ ਇਸ ਵਰਗ ਦਾ ਸਮਾਜਿਕ ਸਮਾਗਮਾਂ (ਜਨਮਦਿਨ, ਵਿਆਹ, ਭੋਗ ਆਦਿ) ’ਤੇ ਹੋ ਰਿਹਾ ਹੈ ਜਾਂ ਦਿਖਾਵੇ ਦੀ ਜੀਵਨਸ਼ੈਲੀ ਤੇ ਲੱਗ ਰਿਹਾ ਹੈ। ਆਰਥਿਕ ਘਾਟਾ ਇਸ ਵਰਗ ਨੂੰ ਖਰਚੇ ਘਟਾਉਣ ਦੀ ਆਗਿਆ ਨਹੀਂ ਦਿੰਦਾ ਅਤੇ ਅੰਤ ਖ਼ੁਦਕੁਸ਼ੀ ਜਾਂ ਸਾਮੂਹਿਕ ਖ਼ੁਦਕੁਸ਼ੀ ਨੂੰ ਚੁਣ ਲੈਂਦਾ ਹੈ।

ਇਸ ਵਰਗ ਦੇ ਬੱਚੇ ਉੱਚ ਸਿੱਖਿਆ ਹਾਸਲ ਕਰਕੇ ਮਲਟੀਨੈਸ਼ਨਲ ਕੰਪਨੀਆਂ ਵਿੱਚ ਕੰਮ ਕਰਦੇ ਹਨ, ਜਿੱਥੇ ਆਮਦਨ ਨੂੰ ਨੋਟਾਂ ਰਾਹੀਂ ਆਂਕਿਆ ਜਾਂਦਾ ਹੈ ਅਤੇ ਖਰਚਿਆਂ ਨੂੰ ਮਹਿੰਗਾਈ ਦੀ ਮਾਰ ਸਮਝਿਆ ਜਾਂਦਾ ਹੈ। ਇਹਨਾਂ ਦੀ ਅੱਠ ਜਾਂ ਦਸ ਘੰਟੇ ਦੀ ਡਿਊਟੀ ਹੁੰਦੀ ਹੈ ਪਰ ਦਿਮਾਗੀ ਪ੍ਰੇਸ਼ਾਨੀ (ਟੈਨਸ਼ਨ) 24 ਘੰਟੇ ਦੀ ਹੁੰਦੀ ਹੈ, ਜਿਸ ਕਾਰਣ ਇਹ ਵਰਗ ਆਪਣੇ ਬੱਚਿਆਂ, ਆਪਣੇ ਪਰਿਵਾਰ ਅਤੇ ਆਪਣੇ ਸਮਾਜਿਕ ਸਮਾਗਮਾਂ ਤੋਂ ਇਲਾਵਾ ਆਪਣੇ ਮਨੋਰੰਜਨ ਲਈ ਵੀ ਬਹੁਤ ਘੱਟ ਸਮਾਂ ਕੱਢ ਪਾਉਂਦਾ ਹੈ। ਇਸ ਵਰਗ ਦੇ ਪਤੀ-ਪਤਨੀ, ਦੋਵਾਂ ਜੀਆਂ ਦੇ ਕੰਮ ਕਰਨ ਦੇ ਬਾਵਜੂਦ ਵੀ ਆਈ ਚਲਾਈ ਚੱਲਦੀ ਹੈ। ਮੱਧ ਵਰਗ ਦੀ ਇਸ ਤ੍ਰਾਸਦੀ ਦੀਆਂ ਜੜ੍ਹਾਂ ਸਰਮਾਏਦਾਰੀ ਢਾਂਚੇ ਵਿੱਚ ਫਸੀਆਂ ਹੋਈਆਂ ਹਨ ਪਰ ਇਸ ਵਰਗ ਨੂੰ ਇਹੋ ਢਾਂਚਾ ਉੱਤਮ ਜਾਪਦਾ ਹੈ ਅਤੇ ਇਸੇ ਢਾਂਚੇ ਵਿੱਚ ਹੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਮੱਧਵਰਗ ਪੈਸੇ ਦੀ ਕਦਰ ਜਾਣਦਾ ਹੈ ਪਰ ਜ਼ਿੰਦਗ਼ੀ ਦੀ ਕਦਰ ਨਹੀਂ ਜਾਣਦਾ।

ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ ’ਤੇ ਸਭ ਤੋਂ ਵੱਧ ਪੀੜਿਤ ਵਰਗ ਹੇਠਲਾ ਵਰਗਾ ਹੈ, ਜਿਸ ਨੂੰ ਦਲਿਤ ਵਰਗ ਕਿਹਾ ਜਾਂਦਾ ਹੈ। ਪਰ ਇਹ ਵਰਗ ਆਪਣੇ ਆਪ ਨੂੰ ਪ੍ਰੇਸ਼ਾਨ ਨਹੀਂ ਸਮਝਦਾ। ਅੰਧਵਿਸ਼ਵਾਸ ਇਸ ਵਰਗ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਰਾਜਨੀਤਿਕ ਪੱਖੋਂ ਵੀ ਇਹ ਵਰਗ ਅਛੂਤ ਹੀ ਰਿਹਾ ਹੈ। ਬ੍ਰਾਹਮਣਵਾਦ ਦੀ ਪਕੜ ਇਸ ਵਰਗ ’ਤੇ ਸਭ ਤੋਂ ਜ਼ਿਆਦਾ ਮਜ਼ਬੂਤ ਹੈ। ਗਿਣਤੀ ਪੱਖੋਂ ਇਹ ਵਰਗ, ਭਾਰਤ ਵਿੱਚੋਂ ਸਭ ਤੋਂ ਵੱਡਾ ਵਰਗ ਹੈ। ਇਸ ਵਰਗ ਨੂੰ ਸ਼ਰਾਬ ਦੀ ਬੋਤਲ ਜਾਂ ਹੋਰ ਨਿੱਕੇ-ਮੋਟੇ ਲਾਲਚ ਬਦਲੇ ਵੋਟਾਂ ਪਾਉਣ ਲਈ ਬਦਨਾਮ ਕੀਤਾ ਜਾਂਦਾ ਹੈ, ਜਦੋਂ ਕਿ ਸਚਾਈ ਇਹ ਹੈ ਕਿ ਇਸ ਵਰਗ ਕੋਲ ਨਾ ਸਿੱਖਿਆ ਅਤੇ ਨਾ ਹੀ ਸਿਹਤ ਦਾ ਮਜ਼ਬੂਤ ਪ੍ਰਬੰਧ ਹੈ। ਕੱਚੇ-ਪੱਕੇ, ਅੱਧਪੱਕੇ ਮਕਾਨਾਂ ਵਿੱਚ ਰਹਿ ਰਿਹਾ ਇਹ ਵਰਗ ਲੋਕਤੰਤਰ ਦੇ ਮਾਇਨਿਆਂ ਤੋਂ ਬਿਲਕੁਲ ਅਣਜਾਣ ਹੈ। ਸਿਹਤ, ਸਿੱਖਿਆ, ਨੌਕਰੀ ਆਦਿ ਮੂਲ ਮੰਗਾਂ ਦੀ ਬਜਾਏ ਇਸ ਵਰਗ ਦੀਆਂ ਮੰਗਾਂ ਗਲ਼ੀਆਂ-ਨਾਲ਼ੀਆਂ ਤੱਕ ਹੀ ਸਿਮਟ ਕੇ ਰਹਿ ਗਈਆਂ ਹਨ।

ਨਿੱਕੇ-ਮੋਟੇ ਕਾਰਖਾਨੇਦਾਰ, ਦੁਕਾਨਦਾਰ, ਸਮਾਜ ਸੇਵੀ, ਮਿਸਤਰੀ, ਮਜ਼ਦੂਰ, ਕਾਰੀਗਰ, ਡਰਾਈਵਰ, ਕਲਰਕ, ਮੈਨੇਜਰ ਆਦਿ ਹਰ ਕੋਈ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੀੜਿਤ ਹੈ।

ਅੱਜ ਭਾਰਤੀ ਜਨਤਾ ਪਾਰਟੀ ਦੀ ਫਾਸ਼ੀਵਾਦੀ ਸਰਕਾਰ ਹੈ। ਪਿਛਲੀ ਸਰਕਾਰ ਕਾਂਗਰਸ ਦੀ ਸੀ, ਜਿਸ ਦੀਆਂ ਬਣਾਈਆਂ ਆਰਥਿਕ ਨੀਤੀਆਂ ਨੂੰ ਭਾਜਪਾ ਪੂਰੀ ਬੇਸ਼ਰਮੀ ਨਾਲ ਲਾਗੂ ਕਰ ਰਹੀ ਹੈ ਅਤੇ ਆਉਣ ਵਾਲੀ ਸਰਕਾਰ, ਜਿਸ ਵੀ ਪਾਰਟੀ ਦੀ ਜਾਂ ਪਾਰਟੀਆਂ ਦਾ ਮਿਲਗੋਭਾ ਸਰਕਾਰ ਹੋਵੇਗੀ, ਉਹ ਵੀ ਨੀਤੀਆਂ ਪੱਖੋਂ ਇਹਨਾਂ ਸਰਕਾਰਾਂ ਦੀ ਮਾਂ ਹੀ ਸਾਬਿਤ ਹੋਵੇਗੀ।

ਵੋਟ, ਸਾਡੇ ਲੋਕਾਂ ਦੇ ਹੱਥ ਵਿੱਚ ਅਜਿਹਾ ਹਥਿਆਰ ਹੈ, ਜਿਸ ਵਿੱਚ ਗੋਲ਼ੀ-ਸਿੱਕਾ ਨਦਾਰਦ ਹੈ। ਸਾਡੀ ਵੋਟ ਲੋਕਤੰਤਰ ਦੀ ਬਜਾਏ ਲੁੱਟਤੰਤਰ ਨੂੰ ਮਜ਼ਬੂਤ ਕਰ ਰਹੀ ਹੈ।

ਇੱਕ ਜੰਗਲ ਨੂੰ ਅੱਗ ਲੱਗਣ ’ਤੇ ਹਰ ਕੋਈ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਨਿੱਕੀ ਜਿਹੀ ਚਿੜੀ ਚੁੰਝ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਵਿੱਚ ਆਪਣਾ ਵੀ ਯੋਗਦਾਨ ਪਾ ਰਹੀ ਸੀ। ਜਦੋਂ ਚਿੜੀ ਨੂੰ ਪੁੱਛਿਆ ਗਿਆ ਕਿ ਏਡੇ ਵੱਡੇ ਜੰਗਲ ਨੂੰ ਲੱਗੀ ਅੱਗ ਤੇ ਤੇਰੀ ਚੁੰਝ ਵਿੱਚਲਾ ਤੁਪਕਾ ਕੁ ਪਾਣੀ ਕੀ ਅਸਰ ਕਰੇਗਾ? ਤਾਂ ਚਿੜੀ ਦਾ ਜਵਾਬ ਸੀ ਕਿ ਜਦੋਂ ਵੀ ਜੰਗਲ ਦੀ ਅੱਗ ਦੀ ਚਰਚਾ ਛੇੜੀ ਜਾਵੇਗੀ, ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆਵੇਗਾ, ਤਮਾਸ਼ਾ ਵੇਖਣ ਵਾਲਿਆਂ ਵਿੱਚ ਨਹੀਂ।

ਜੇ ਅਸੀਂ ਵੋਟਾਂ ਦਾ ਬਾਈਕਾਟ ਕਰਦੇ ਹਾਂ, ਤਦ ਵੀ ਸਰਕਾਰ ਕਿਸੇ ਨਾ ਕਿਸੇ ਦੀ ਬਣ ਹੀ ਜਾਣੀ ਹੈ ਪਰ ਸਾਡੇ ’ਤੇ ਇਹ ਇਲਜ਼ਾਮ ਨਹੀਂ ਆਵੇਗਾ ਕਿ ਇਸ ਸਰਕਾਰ, ਇਸ ਲੁੱਟਤੰਤਰ, ਇਸ ਦੀਆਂ ਲੋਕਮਾਰੂ ਨੀਤੀਆਂ ਵਿੱਚ ਆਪਣੀ ਵੋਟ ਪਾ ਕੇ ਭਾਗੀਦਾਰ ਬਣੇ ਹਾਂ।

ਰਾਜ ਕਿਸੇ ਦਾ ਵੀ ਆ ਜਾਵੇ, ਧੋਣੇ ਧੋ ਲਏ ਜਾਂਦੇ ਨੇ
ਵੱਟਾਂ ਤੋਂ ਘਾਹ ਖੋਤਦਿਆਂ ਦੇ ਖੁਰਪੇ ਖੋਹ ਲਏ ਜਾਂਦੇ ਨੇ।

*****

(1243)

About the Author

ਸੁਰਜੀਤ ਗੱਗ

ਸੁਰਜੀਤ ਗੱਗ

Gag, Rupnagar, Punjab, India.
Email: (surjitgag@gmail.com)