SukhmanderSBrar7ਇੱਥੇ ਇਸ ਗੱਲ ਦੀ ਵੀ ਚਿੰਤਾ ਬਣੀ ਹੋਈ ਹੈ ਕਿ ਅਨੇਕਾਂ ਪੰਜਾਬੀਆਂ ਦੇ ਕਤਲਾਂ ...
(23 ਜੁਲਾਈ 2018)

 

ਪੰਜਾਬੀਆਂ ਦੀ ਵੱਧ ਵਸੋਂ ਵਾਲੇ ਇਲਾਕਿਆਂ ਵਿੱਚ ਹੀ ਕਤਲੋਗਾਰਤ ਕਿਉਂ?

ਪਿਛਲੇ 25 ਸਾਲ ਤੋਂ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਬੱਚੇ ਕੁਰਾਹੇ ਕਿਉਂ ਪੈਂਦੇ ਜਾ ਰਹੇ ਹਨ? ਸਾਲ 1994 ਦੌਰਾਨ ਰੌਨ ਅਤੇ ਜਿੰਮੀ ਦੋਸਾਂਝ ਦੇ ਕਤਲ ਨਾਲ ਸ਼ੁਰੂ ਹੋਈਆਂ ਗੈਂਗ ਵਾਰਦਾਤਾਂ ਦੀ ਧੁਖੀ ਧੂਣੀ ਅੱਜ ਭਾਂਬੜ ਬਣ ਕੇ ਮੱਚ ਉੱਠੀ ਹੈ ਕਈ ਹੋਰ ਵਾਰਦਾਤਾਂ ਤੋਂ ਬਾਅਦ ਹੁਣ 18 ਸਾਲ ਤੋਂ ਘੱਟ ਉਮਰ ਦੀ ਪੀੜ੍ਹੀ ਵੀ ਇਨ੍ਹਾਂ ਗੈਂਗ ਵਾਰਦਾਤਾਂ ਦਾ ਸ਼ਿਕਾਰ ਹੋਣ ਲੱਗ ਪਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਊਥ ਵੈਨਕੂਵਰ, ਸਰੀ ਅਤੇ ਐਬਟਸਫੋਰਡ ਇਲਾਕਿਆਂ ਵਿੱਚ ਹੁਣ ਤੱਕ ਇਨ੍ਹਾਂ ਵਾਰਦਾਤਾਂ ਵਿੱਚ ਲਗਭੱਗ 300 ਤੋਂ ਵੱਧ ਨੌਜਵਾਨ ਗੈਂਗਵਾਰ ਦਾ ਸ਼ਿਕਾਰ ਹੋ ਚੁੱਕੇ ਹਨ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਇਲਾਕਿਆਂ ਵਿੱਚ ਹੀ ਸਭ ਤੋਂ ਵੱਧ ਕਤਲ ਹੋਣ ਦੇ ਕਾਰਨ ਕੀ ਹਨ? ਹਰ ਪੰਜਾਬੀਆਂ ਦੀ ਵਸੋਂ ਵਾਲੇ ਇਲਾਕਿਆਂ ਵਿੱਚ ਮਾਪਿਆਂ ਦੇ ਸਿਰ ਤੇ ਇਹੀ ਡਰ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ ਕਿ ਉਹਨਾਂ ਦਾ ਬੱਚਾ ਕਿਤੇ ਇਨ੍ਹਾਂ ਗੈਂਗਾਂ ਦੀ ਦਲਦਲ ਵਿੱਚ ਨਾ ਫਸ ਜਾਵੇ। ਸਰੀ ਵਿੱਚ ਵਾਪਰੀ ਤਾਜ਼ੀ ਘਟਨਾ ਵਿੱਚ ਅਣਪਛਾਤੇ ਵਿਆਕਤੀਆਂ ਵੱਲੋਂ ਇੱਕ ਪੰਜਾਬੀ ਰੇਡੀਓ ਦੀ ਸੰਚਾਲਕ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਹੋਰ ਘਟਨਾ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸਰੀ ਵਿੱਚ ਆਏ ਦਿਨ ਗੋਲੀ ਚਲਦੀ ਰਹਿੰਦੀ ਹੈ ਜੋ ਕਿ ਪੰਜਾਬੀਆਂ ਲਈ ਫ਼ਿਕਰਮੰਦੀ ਦਾ ਵਿਸ਼ਾ ਹੈ।

ਇੱਥੇ ਇਸ ਗੱਲ ਦੀ ਵੀ ਚਿੰਤਾ ਬਣੀ ਹੋਈ ਹੈ ਕਿ ਅਨੇਕਾਂ ਪੰਜਾਬੀਆਂ ਦੇ ਕਤਲਾਂ ਦੀ ਕੋਈ ਵਿਸ਼ੇਸ਼ ਤਫਤੀਸ਼ ਨਾ ਹੋਣ ਕਰਕੇ ਪੁਲਿਸ ਵਿਭਾਗ ਨੂੰ ਕਤਲ ਅਤੇ ਕਤਲ ਹੋਣ ਵਾਲੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਕਿਉਂ ਨਹੀਂ ਕੁਝ ਕਰ ਸਕਦਾ ਅਤੇ ਨਾ ਹੀ ਕਈ ਵਾਰ ਗਵਾਹੀ ਦੇਣ ਲਈ ਕੋਈ ਸਾਹਮਣੇ ਆਉਂਦਾ ਹੈ, ਜਿਸ ਕਰਕੇ ਕਾਨੂੰਨ ਗੈਂਗ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਲਈ ਸਜ਼ਾ ਦੇਣ ਦੀ ਥਾਂ ਚਿੱਟਾ ਹਾਥੀ ਬਣ ਕੇ ਰਹਿ ਜਾਂਦਾ ਹੈ ਅਤੇ ਮੁਜਰਿਮਾਂ ਨੂੰ ਬਰੀ ਹੋਣ ਪਿੱਛੋਂ ਹੋਰ ਬਲ ਮਿਲ ਜਾਂਦਾ ਹੈ। ਇਸ ਸੱਚ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਰ ਚੋਣਾਂ ਤੋਂ ਪਹਿਲਾਂ, ਭਾਵੇਂ ਉਹ ਚੋਣਾਂ ਸਿਟੀ ਦੀਆਂ ਹੋਣ, ਭਾਵੇਂ ਸੂਬਾ ਜਾਂ ਫੈਡਰਲ ਚੋਣਾਂ ਹੋਣ, ਗੈਂਗ ਵਾਰਦਾਤਾਂ ਅਤੇ ਡਰੱਗਾਂ ਨੂੰ ਰੋਕਣ ਲਈ ਲੋਕਾਂ ਦੇ ਰੌਲ਼ੇ ਦੀ ਧੂਣੀ ਤਾਂ ਧੁਖਦੀ ਹੈ, ਪਰ ਸਿਆਸੀ ਸਵਾਰ ਲੱਕੜ ਦੇ ਪੁੱਤ ਦੇ ਕੇ ਵੋਟਾਂ ਵਟੋਰਨ ਪਿੱਛੋਂ ਮੰਗਲ ਗ੍ਰਹਿ ਨੂੰ ਪੌੜੀ ਚੜ੍ਹਨ ਵਾਲੀ ਕਹਾਵਤ ਸੱਚ ਕਰ ਵਿਖਾਉਂਦੇ ਹਨ। ਇਸ ਤੋਂ ਇਲਾਵਾ ਗੈਂਗਾਂ ਨੂੰ ਰੋਕਣ ਦੇ ਨਾਮ ’ਤੇ ਕਈ ਸੰਸਥਾਵਾਂ ਵੀ ਬਣੀਆਂ ਹਨ ਪਰ ਕੋਈ ਸਫ਼ਲ ਨਤੀਜਾ ਸਾਹਮਣੇ ਨਹੀਂ ਆਇਆ।

ਪੰਜਾਬੀ ਭਾਈਚਾਰੇ ਲਈ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀ ਨੌਜਵਾਨ ਹੀ ਗੈਂਗਾਂ/ਵਾਰਦਾਤਾਂ ਦਾ ਪਹਾੜਾ ਕਿਉਂ ਪੜ੍ਹਦੇ ਹਨ, ਚਾਹੇ ਇੱਥੋਂ ਦੇ ਜੰਮਪਲ ਹੋਣ ਜਾਂ ਪੰਜਾਬ ਦੇ? ਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੱਚਾ ਜੁਰਮ ਦੀ ਦਲਦਲ ਵਿੱਚ ਫਸੇ, ਪਰ ਮਾਪਿਆਂ ਵੱਲੋਂ ਕੰਮਾਂ ਦੇ ਲਾਲਚ ਕਾਰਨ ਬੱਚਿਆਂ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ ਤੇ ਬੱਚੇ ਚੰਗੇ ਸੰਸਕਾਰਾਂ ਤੋਂ ਵਾਂਝੇ ਰਹਿ ਜਾਂਦੇ ਹਨ। ਜਦੋਂ ਪਾਣੀ ਸਿਰ ਉੱਪਰੋਂ ਲੰਘ ਜਾਂਦਾ ਹੈ ਤਾਂ ਫੇਰ ਪ੍ਰਸ਼ਾਸਨ ਤੇ ਨਿਰਭਰ ਹੋਣਾ ਪੈ ਜਾਂਦਾ ਹੈ।

ਬੱਚਿਆਂ ਨੂੰ ਗੈਂਗਾਂ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਪ੍ਰਸ਼ਾਸਨ, ਸਕੂਲ ਅਧਿਆਪਕ, ਮਾਪੇ, ਪੁਲੀਸ ਅਤੇ ਸਿਆਸਤਦਾਨ ਗੈਂਗ ਵਾਰਦਾਤਾਂ ਖਿਲਾਫ਼ ਰਲਕੇ ਭੂਮਿਕਾ ਨਿਭਾਉਣ ਤਾਂ ਹੀ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਥਾਨਕ ਸਰਕਾਰਾਂ, ਵਿੱਦਿਅਕ ਸੰਸਥਾਵਾਂ ਅਤੇ ਖੇਡ ਮੈਦਾਨਾਂ ਨੂੰ ਕੈਮਰਿਆਂ ਦੀ ਨਿਗਰਾਨੀ ਹੇਠ ਲਿਆਉਣ ਅਤੇ ਪੁਲੀਸ ਦੀ ਨਫ਼ਰੀ ਵਿੱਚ ਵਾਧਾ ਕਰਨ ਨਾਲ ਵੀ ਗੈਂਗ ਹਿੰਸਾ ਵਿੱਚ ਵੱਡੀ ਖੜੋਤ ਆ ਸਕਦੀ ਹੈ। ਬੱਚਿਆਂ ਦੇ ਸਕੂਲ ਲਾਕਰਾਂ ਅਤੇ ਘਰਾਂ ਵਿੱਚ ਉਨ੍ਹਾਂ ਦੇ ਆਪਣੇ ਵੱਖਰੇ ਕਮਰਿਆਂ ਨੂੰ ਦੇਖਦੇ ਰਹਿਣਾ ਅਤੇ ਕਮਰੇ ਵਿੱਚ ਪਈਆਂ ਵਸਤਾਂ ਬਾਰੇ ਜਾਣਕਾਰੀ ਰੱਖਣੀ ਤਾਂ ਮਾਪਿਆਂ ਦਾ ਨਿੱਜੀ ਫਰਜ਼ ਹੈ ਪਰ ਜਿਹੜੀਆਂ ਗੈਂਗ ਹਿੰਸਕ ਘਟਨਾਵਾਂ ਸਮਾਜ ਵਿੱਚ ਫੈਲ ਰਹੀਆਂ ਹਨ ਜਾਂ ਗ਼ਲਤ ਧੰਦਾ ਕਰਨ ਵਾਲਿਆਂ ਤੇ ਕਾਬੂ ਪਾਉਣ ਵਿੱਚ ਪੁਲਿਸ ਜਾਂ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਤਾਂ ਇਸ ਵਿੱਚ ਪੁਲਿਸ, ਪ੍ਰਸ਼ਾਸ਼ਨ ਅਤੇ ਸਿਆਸੀ ਲੋਕ ਵੀ ਇਸ ਦੇ ਦੋਸ਼ੀ ਹਨ।

ਹੁਣ ਪੰਜਾਬ ਤੋਂ ਪੜ੍ਹਨ ਲਈ ਆਏ ਵਿਦਿਆਰਥੀਆਂ ਦੀਆਂ ਲੜਾਈਆਂ ਵੀ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਇੱਕ ਨੂੰ ਕੀ ਰੋਈਏ, ਆਵਾ ਹੀ ਊਤ ਗਿਆ ਵਾਲੀ ਗੱਲ ਹੋਈ ਪਈ ਹੈ। ਪੰਜਾਬੀ ਭਾਈਚਾਰੇ ਅੰਦਰ ਪਰਿਵਾਰਾਂ ਵਿੱਚ ਲੜਾਈ, ਆਪਣੇ ਆਪ ਨੂੰ ਅਖੌਤੀ ਅਣਖੀ ਸਮਝਣਾ, ਅਸੱਭਿਅਕ, ਅਸ਼ਲੀਲ ਅਤੇ ਹਿੰਸਾ ਨੂੰ ਭੜਕਾਉਣ ਵਾਲੇ ਪੰਜਾਬੀ ਗਾਣੇ, ਸ਼ਰਾਬ ਦੇ ਨਸ਼ੇ ਦਾ ਪ੍ਰਯੋਗ ਕਰਨ ਵਿੱਚ ਵਡਿਆਈ ਸਮਝਣਾ ਅਖੌਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਇਸੇ ਤਰ੍ਹਾਂ ਵੈਲਪੁਣੇ, ਨਸ਼ੇ ਅਤੇ ਆਸ਼ਕੀ ਨੂੰ ਬੜ੍ਹਾਵਾ ਦੇਣ ਵਾਲੀਆਂ, ‘ਪੀ ਕੇ ਟੁੰਨ’, ‘ਅਸਲਾ’, ‘ਬੰਦੂਕ’, ‘ਪਸਤੌਲ’, ‘ਡਾਕੂ’, ‘ਬਦਮਾਸ਼’, ‘ਵੈਲੀ ਜੱਟ’, ‘ਵਾਰਦਾਤ’ ਅਤੇ ‘ਲੁੱਚਾ’ ਨਾਂ ਵਰਗੀਆਂ ਕਾਰਾਂ ਦੀਆਂ ਨੰਬਰ ਪਲੇਟਾਂ ਲੈ ਕੇ ਆਪਣੇ ਆਪ ਦਾ ਫੋਕਾ ਦਿਖਾਵਾ ਕਰਨਾ ਵੀ ਪੰਜਾਬੀਆਂ ਦੀ ਫਿਰਦਤ ਬਣ ਗਿਆ ਹੈ।

ਪੰਜਾਬੀ ਗਾਣਿਆਂ ਵਿੱਚ ਸ਼ਰਾਬ, ਹਥਿਆਰ ਅਤੇ ਵੈਲਪੁਣਾ ਦਰਸਾਉਣ ਨਾਲ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਗੈਂਗ ਕਲਚਰ ਨੂੰ ਵਧਣ ਵਿੱਚ ਜ਼ਰੂਰ ਤਾਕਤ ਮਿਲੀ ਹੋਵੇਗੀ ਪਰ ਅਜਿਹੀਆਂ ਬੁਰਾਈਆਂ ’ਤੇ ਕਾਬੂ ਪਾਉਣ ਲਈ ਉੰਨੇ ਉਪਰਾਲੇ ਨਹੀਂ ਹੋ ਰਹੇ, ਜਿੰਨੇ ਨਸ਼ਿਆਂ ਦੇ ਵਿਉਪਾਰ ਵਧਾਉਣ ਅਤੇ ਬਦਮਾਸ਼ੀ ਨੂੰ ਚਮਕਾਉਣ ਲਈ ਹੋ ਰਹੇ ਹਨ। ਫੋਕੀ ਅਣਖ ਤੇ ਅੜੀਅਲ ਸੁਭਾਅ ਵੀ ਹਿੰਸਕ ਹੋਣ ਦਾ ਕਾਰਨ ਬਣ ਰਿਹਾ ਹੈ।

ਪੰਜਾਬੀ ਭਾਈਚਾਰੇ ਵਿਚ ਅਧਿਆਪਕ ਪੇਸ਼ਾ ਕਰਨ ਵਾਲੇ ਬਹੁਤ ਘੱਟ ਲੋਕ ਹੋਣ ਕਰਕੇ ਇਹ ਵੀ ਯਤਨ ਹੋਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਮਨੋ-ਵਿਗਿਆਨੀ ਅਧਿਆਪਕ ਤਿਆਰ ਕੀਤੇ ਜਾਣ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਨੂੰ ਗਲਤ ਰਾਹਾਂ ਤੋਂ ਬਚਾਉਣ ਵਿੱਚ ਸਹਾਇਕ ਬਣ ਸਕਣ। ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਦੋ ਤੋਂ ਤਿੰਨ ਪ੍ਰਤੀਸ਼ਤ ਹੈ ਪਰ ਗੈਂਗਾਂ/ਲੜਾਈਆਂ ਵਿੱਚ ਪੰਜਾਬੀ ਭਾਈਚਾਰਾ ਹੀ ਸਭ ਤੋਂ ਮੂਹਰੇ ਕਿਉਂ ਹੈ? ਸਮੁੱਚੇ ਪੰਜਾਬੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਨਸ਼ੇ, ਸ਼ਰਾਬ ਦੀ ਵਰਤੋਂ, ਵਿਆਹਾਂ ਤੇ ਪਾਰਟੀ ਸਭਿਆਚਾਰ ਵਿੱਚ ਦਿਖਾਵਾ ਅਤੇ ਵੱਡੀਆਂ ਕਾਰਾਂ ਤੇ ਵੱਡੇ ਘਰਾਂ ਦੇ ਦਿਖਾਵੇ ਵਾਲੀ ਸੋਚ ਤੋਂ ਛੁਟਕਾਰਾ ਪਾਉਣ ਅਤੇ ਗੈਂਗ ਵਾਰਦਾਤਾਂ ਨੂੰ ਰੋਕਣ ਲਈ ਇੱਕਜੁੱਟ ਹੋ ਕੇ ਹੰਭਲਾ ਮਾਰਨ।

*****

(1237)

About the Author

ਸੁਖਮੰਦਰ ਸਿੰਘ ਬਰਾੜ

ਸੁਖਮੰਦਰ ਸਿੰਘ ਬਰਾੜ

Phone: (Canada 604 - 751 - 1113)
Email: (upac74@gmail.com)