JagmohanSLucky7ਪੰਜਾਬੀਆਂ ਦੇ ਪਰਵਾਸ ਕਰਨ ਦਾ ਸਭ ਤੋਂ ਵੱਡਾ ਕਾਰਨ ...
(15 ਜੁਲਾਈ 2018)

 

ਜੇ ਪੰਜਾਬੀ ਪਰਵਾਸ ਨਾ ਕਰਦੇ ਤਾਂ ਪੰਜਾਬ ਵਿੱਚ ਹਰ ਪਾਸੇ ਹੋਣੀ ਸੀ ਖੁਦਕੁਸ਼ੀਆਂ ਦੀ ਫਸਲ

ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਫਸੇ ਪੰਜਾਬੀ ਕਿਸਾਨਾਂ ਦੇ ਖੇਤਾਂ ਵਿੱਚ ਹੁਣ ਇੱਕ ਹੋਰ ਫਸਲ ਵੀ ਪਿਛਲੇ ਕੁੱਝ ਸਾਲਾਂ ਤੋਂ ਪੈਦਾ ਹੋ ਰਹੀ ਹੈ, ਉਸ ਫਸਲ ਦਾ ਨਾਂਅ ਹੈ, ਖੁਦਕੁਸ਼ੀਆਂ ਦੀ ਫਸਲਅਮਰਵੇਲ ਵਾਂਗ ਬਿਨਾਂ ਕਿਸੇ ਬੀਜ ਬੀਜੇ ਤੋਂ, ਬਿਨਾਂ ਜੜਾਂ ਅਤੇ ਬਿਨਾਂ ਪੱਤਿਆਂ ਤੋਂ ਹੀ ਵਧ ਰਹੀ ਇਸ ਫਸਲ ਨੇ ਤਾਂ ਆਮ ਪੰਜਾਬੀਆਂ ਦੇ ਘਰਾਂ ਤੱਕ ਵੀ ਆਪਣੇ ਪੈਰ ਪਸਾਰ ਲਏ ਹਨ। ਇਹੀ ਕਾਰਨ ਹੈ ਕਿ ਹੁਣ ਹਰ ਦਿਨ ਹੀ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ ਕਿਸੇ ਪੰਜਾਬੀ ਕਿਸਾਨ, ਮਜ਼ਦੂਰ ਜਾਂ ਹੋਰ ਕੰਮ ਧੰਦਾ ਕਰਨ ਵਾਲੇ ਪੰਜਾਬੀ ਵਲੋਂ ਕਰਜ਼ੇ ਅਤੇ ਹੋਰ ਕਾਰਨਾਂ ਕਰਕੇ ਕੀਤੀ ਗਈ ਖੁਦਕੁਸ਼ੀ ਦੀ ਖ਼ਬਰ ਅਖਬਾਰਾਂ ਦੀ ਸੁਰਖੀ ਬਣੀ ਹੁੰਦੀ ਹੈ। ਕਈ ਵਾਰ ਤਾਂ ਇੱਕੋ ਦਿਨ ਹੀ ਅੱਧੀ ਦਰਜਨ ਪੰਜਾਬੀਆਂ, ਖਾਸ ਕਰਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਵੀ ਛਪੀਆਂ ਹੁੰਦੀਆਂ ਹਨ।

ਖੇਤਾਂ ਦੇ ਪੁੱਤਾਂ ਵੱਲੋਂ ਆਪਣੇ ਹੀ ਖੇਤਾਂ ਵਿੱਚ ਹੀ ਆਪਣੇ ਹੱਥੀਂ ਲਾਏ ਰੁੱਖਾਂ ਨਾਲ ਫਾਹਾ ਲੈ ਕੇ ਜਾਂ ਫਿਰ ਜ਼ਹਿਰਾਂ ਜਾਂ ਸਪਰੇਆਂ ਪੀ ਕੇ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ ਹਰ ਦਿਨ ਹੀ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਚਿੱਟੀਆਂ ਚੁੰਨੀਆਂ ਲੈ ਕੇ ਕੀਰਨੇ ਪਾਉਂਦੀਆਂ ਕਿਸੇ ਰਿਸ਼ਤੇਦਾਰ, ਗੁਆਂਢੀ ਜਾਂ ਜਾਣ ਪਹਿਚਾਣ ਵਾਲੇ ਦੀ ਅਰਥੀ ਦੇ ਪਿੱਛੇ ਪਿੱਛੇ ਸਿਵਿਆਂ ਦੇ ਰਾਹ ਨੂੰ ਜਾਂਦੀਆਂ ਬੀਬੀਆਂ ਦੇ ਮਨ ਵਿੱਚ ਉਸ ਸਮੇਂ ਵੀ ਇਹ ਹੀ ਧੁੜਕੂ ਲੱਗਿਆ ਹੁੰਦਾ ਹੈ, ਕਿ ਖੁਦਕੁਸ਼ੀਆਂ ਦੀ ਇਹ ਅੱਗ ਕਿਤੇ ਉਹਨਾਂ ਦੇ ਘਰ ਦੇ ਚੁੱਲ੍ਹੇ ਵਿੱਚ ਨਾ ਮੱਚ ਪਵੇ

ਪੰਜਾਬੀਆਂ, ਖਾਸ ਕਰਕੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਪੰਜਾਬੀਆਂ ਵਲੋਂ ਦੂਜੇ ਮੁਲਕਾਂ ਨੂੰ ਕੀਤਾ ਜਾ ਰਿਹਾ ਪਰਵਾਸ ਮੂਲੋਂ ਹੀ ਵੱਖੋ ਵੱਖਰੀਆਂ ਗੱਲਾਂ ਹਨ ਪਰ ਅਸਲ ਵਿੱਚ ਇਹ ਦੋਵੇਂ ਗੱਲਾਂ ਪੰਜਾਬ ਵਿੱਚ ਵੱਡੇ ਪੱਧਰ ਉੱਪਰ ਹੋ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੰਜਾਬੀਆਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਪੰਜਾਬੀਆਂ ਵਲੋਂ ਹੀ ਕੀਤਾ ਜਾ ਰਿਹਾ ਪਰਵਾਸ ਪੰਜਾਬ ਦੇ ਦਰਿਆਵਾਂ ਦੇ ਦੋ ਕਿਨਾਰੇ ਹੋਣ ਜੋ ਕਿ ਕਦੇ ਵੀ ਆਪਸ ਵਿੱਚ ਨਹੀਂ ਮਿਲਦੇ ਪਰ ਉਹਨਾਂ ਵਿਚਾਲੇ ਕੋਈ ਨਾ ਕੋਈ ਸਬੰਧ ਜ਼ਰੂਰ ਹੈ

ਪੂਰੇ ਪੰਜਾਬ ਦਾ ਹੀ ਚੱਕਰ ਲਾਉਣ ਅਤੇ ਹਰ ਪਿੰਡ, ਸ਼ਹਿਰ ਤੇ ਕਸਬੇ ਦੇ ਵੱਖ ਵੱਖ ਵਰਗਾਂ ਤੇ ਵੱਖ ਵੱਖ ਉਮਰਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਉੱਭਰ ਕੇ ਮੇਰੇ ਸਾਹਮਣੇ ਆਈ ਹੈ ਕਿ ਜੇ ਪੰਜਾਬੀ ਵੱਡੇ ਪੱਧਰ ਉੱਪਰ ਦੂਜੇ ਮੁਲਕਾਂ ਨੂੰ ਪਰਵਾਸ ਨਾ ਕਰਦੇ ਤਾਂ ਪੰਜਾਬ ਵਿੱਚ ਖੁਦਕੁਸ਼ੀਆਂ ਦੀ ਫਸਲ ਹੋਰ ਵੀ ਸੰਘਣੀ ਹੋਣੀ ਸੀ ਅਤੇ ਹਰ ਦਿਨ ਹਰ ਪਿੰਡ ਵਿੱਚੋਂ ਹੀ ਕਈ ਕਈ ਅਰਥੀਆਂ ਉੱਠਣੀਆਂ ਸਨਇਸ ਤਰ੍ਹਾਂ ਪੰਜਾਬੀਆਂ ਵਲੋਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ਵਲੋਂ ਦੂਜੇ ਮੁਲਕਾਂ ਨੂੰ ਕੀਤੇ ਜਾ ਰਹੇ ਪਰਵਾਸ ਅਤੇ ਪਰਵਾਸੀ ਪੰਜਾਬੀਆਂ ਵਲੋਂ ਆਪਣੇ ਪਰਿਵਾਰ ਅਤੇ ਪਿੰਡਾਂ ਲਈ ਭੇਜੇ ਜਾਂਦੇ ਡਾਲਰਾਂ, ਪੌਂਡਾਂ ਕਾਰਨ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ, ਜਿਸ ਕਾਰਨ ਉਹ ਆਪਣੀ ਜ਼ਿੰਦਗੀ ਨੂੰ ਸੌਖਿਆਂ ਹੀ ਬਤੀਤ ਕਰ ਰਹੇ ਹਨ। ਜੇ ਇਹਨਾਂ ਲੋਕਾਂ ਦੇ ਧੀਆਂ ਪੁੱਤ ਜਾਂ ਰਿਸ਼ਤੇਦਾਰ ਪਰਵਾਸ ਨਾ ਕਰਦੇ ਅਤੇ ਵਿਦੇਸ਼ੀ ਮੁਲਕਾਂ ਵਿੱਚੋਂ ਡਾਲਰ ਤੇ ਪੌਂਡ ਭੇਜ ਕੇ ਜੇ ਇਹਨਾਂ ਦੀ ਜੂਨ ਨਾ ਬਦਲਦੇ ਤਾਂ ਇਹਨਾਂ ਵਲੋਂ ਵੀ ਖੁਦਕੁਸ਼ੀਆਂ ਕਰਨ ਦੇ ਰਾਹ ਹੀ ਤੁਰ ਪੈਣ ਦਾ ਖਦਸ਼ਾ ਸੀ

ਇਹ ਇੱਕ ਹਕੀਕਤ ਹੈ ਕਿ ਵੱਡੀ ਗਿਣਤੀ ਪੰਜਾਬੀਆਂ ਵਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਦੂਜੇ ਮੁਲਕਾਂ ਨੂੰ ਪਰਵਾਸ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈਸੱਤ ਸਮੁੰਦਰ ਪਾਰ ਕਰਕੇ ਬੇਗਾਨੇ ਮੁਲਕਾਂ ਵਿੱਚ ਵਸੇ ਹੋਏ ਪੰਜਾਬੀਆਂ ਦੀਆਂ ਜੜ੍ਹਾਂ ਅਜੇ ਵੀ ਪੰਜਾਬ ਨਾਲ ਜੁੜੀਆਂ ਹੋਈਆਂ ਹਨ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਹੀ ਆਲੀਸ਼ਾਨ ਕੋਠੀਆਂ ਬਣੀਆਂ ਹੋਈਆਂ ਹਨ। ਇਹ ਸਭ ਕੁਝ ਪਰਵਾਸੀ ਪੰਜਾਬੀਆਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈਇਹ ਵੀ ਹਕੀਕਤ ਹੈ ਕਿ ਜੇ ਪੰਜਾਬੀ ਪਰਵਾਸ ਨਾ ਕਰਦੇ, ਵਿਦੇਸ਼ਾਂ ਵਿੱਚ ਕਮਾਈ ਕਰਕੇ ਮੋਟਾ ਪੈਸਾ ਪੰਜਾਬ ਨਾ ਭੇਜਦੇ ਤਾਂ ਅਜੇ ਵੀ ਪੰਜਾਬ ਵਿੱਚ ਕੱਚੇ ਢਾਰਿਆਂ ਅਤੇ ਬੋੜੇ ਦਰਾਂ ਵਾਲੇ ਘਰਾਂ ਦੀ ਗਿਣਤੀ ਬਹੁਤ ਹੋਣੀ ਸੀ

ਮੈਂ ਖੁਦ ਸੱਤ ਸਮੁੰਦਰ ਪਾਰ ਜਾ ਕੇ ਪਰਵਾਸ ਦਾ ਦਰਦ ਆਪਣੇ ਹੱਡੀਂ ਹੰਡਾਇਆ ਹੋਇਆ ਹੈ। ਪੰਜਾਬੀਆਂ ਨੂੰ ਬੇਗਾਨੇ ਮੁਲਕਾਂ ਵਿੱਚ ਸਖਤ ਮਿਹਨਤ ਕਰਦਿਆਂ ਮੈਂ ਖੁਦ ਵੇਖਿਆ ਹੈ ਅਤੇ ਵੇਖਿਆ ਵੀ ਜਾਗਦੀਆਂ ਅੱਖਾਂ ਨਾਲ ਹੈਬੇਗਾਨੇ ਮੁਲਕਾਂ ਵਿੱਚ ਬੇਗਾਨੇ ਲੋਕਾਂ ਕੋਲ ਓਪਰੀ ਜਿਹੀ ਬੋਲੀ ਸੁਣਦਿਆਂ ਤੇ ਬੋਲਦਿਆਂ ਸਖਤ ਮਿਹਨਤ ਕਰਦਿਆਂ ਵੀ ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਦੀਆਂ ਅੱਖਾਂ ਵਿੱਚ ਜਾਗਦੇ ਹੋਏ ਵੀ ਪੰਜਾਬ ਵਿਚਲੇ ਆਪਣੇ ਘਰ ਦੀ ਨੁਹਾਰ ਬਦਲਣ ਦਾ ਸੁਪਨਾ ਚੱਲ ਰਿਹਾ ਹੁੰਦਾ ਹੈਵੱਡੀ ਗਿਣਤੀ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਸਖਤ ਮਿਹਨਤ ਕਰਦੇ ਸਮੇਂ ਆਪਣੀਆਂ ਅੱਖਾਂ ਅੱਗੇ ਉਸ ਛੋਟੀ ਭੈਣ ਦਾ ਮਾਸੂਮ ਚਿਹਰਾ ਵੀ ਆਉਂਦਾ ਰਹਿੰਦਾ ਹੈ, ਜਿਹੜੀ ਨਿੱਕੀ ਭੈਣ ਨੂੰ ਉਹ ਛੋਟੀ ਜਿਹੀ ਨੂੰ ਹੀ ਪਿੰਡ ਛੱਡ ਕੇ ਅੱਧਮਿਚੀਆਂ ਅੱਖਾਂ ਵਿਚ ਕਈ ਤਰ੍ਹਾਂ ਦੇ ਸੁਪਨੇ ਲੈਂਦਿਆਂ ਦਿੱਲੀ ਦੇ ਹਵਾਈ ਅੱਡੇ ਤੋਂ ਵਿਦੇਸ਼ ਲਈ ਜਹਾਜ਼ ਚੜ੍ਹੇ ਸਨ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀਆਂ ਨਿੱਕੀਆਂ ਭੈਣਾਂ ਹੁਣ ਜਵਾਨ ਹੋ ਚੁੱਕੀਆ ਹਨ ਅਤੇ ਉਹਨਾਂ ਦੇ ਵਿਆਹਾਂ ਦਾ ਫਿਕਰ ਉਹਨਾਂ ਦੇ ਬੇਬੇ ਬਾਪੂ ਨੂੰ ਵੱਢ ਵੱਢ ਖਾਂਦਾ ਹੈ। ਸਭ ਦੀ ਟੇਕ ਪਰਵਾਸ ਦਾ ਦਰਦ ਹੰਡਾ ਰਹੇ ਪੰਜਾਬੀ ਪਰਵਾਸੀ ਉੱਪਰ ਹੀ ਹੁੰਦੀ ਹੈਇਸ ਤਰ੍ਹਾਂ ਆਪਣੇ ਪਰਿਵਾਰ ਲਈ ਇਹ ਪਰਵਾਸੀ ਪੰਜਾਬੀ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੇ ਹਨ

ਪੰਜਾਬ ਦਾ ਇਸ ਸਮੇਂ ਹਾਲ ਇਹ ਹੈ ਕਿ ਵੱਡੀ ਗਿਣਤੀ ਪੰਜਾਬੀਆਂ ਦੇ ਘਰ ਦੇ ਚੁੱਲ੍ਹੇ ਚੌਂਕੇ ਵਿੱਚ ਅੱਗ ਪਰਵਾਸੀ ਪੰਜਾਬੀਆਂ ਵਲੋਂ ਭੇਜੇ ਪੈਸੇ ਨਾਲ ਹੀ ਬਲਦੀ ਹੈਉਹਨਾਂ ਦੀ ਰੋਟੀ ਰੋਜ਼ੀ ਉਹਨਾਂ ਦੇ ਵਿਦੇਸ਼ ਗਏ ਪੁੱਤ ਵਲੋਂ ਭੇਜੇ ਪੈਸੇ ਨਾਲ ਹੀ ਬਣਦੀ ਹੈਪੰਜਾਬ ਵਿਚ ਰਹਿੰਦਾ ਉਹਨਾਂ ਦਾ ਪੁੱਤ ਜਾਂ ਤਾਂ ਬੇਰੁਜ਼ਗਾਰ ਹੈ ਤੇ ਜਾਂ ਫਿਰ ਕੋਈ ਪ੍ਰਾਈੇਵੇਟ ਨੌਕਰੀ ਜਾਂ ਛੋਟਾ ਮੋਟਾ ਕੰਮ ਕਰਦਾ ਹੈ, ਜਿਸ ਦਾ ਕਿ ਆਪਣਾ ਖਰਚਾ ਹੀ ਮਸਾਂ ਪੂਰਾ ਹੁੰਦਾ ਹੈਇਸ ਤੋਂ ਇਲਾਵਾ ਉਨ੍ਹਾਂ ਮਾਪਿਆਂ ਬਾਰੇ ਕਦੇ ਕਿਸੇ ਨੇ ਸੋਚਿਆ ਹੈ ਜਿਹਨਾਂ ਦੇ ਜਵਾਨ ਪੁੱਤ ਕੋਈ ਕੰਮ ਕਰਨ ਦੀ ਥਾਂ ਨਸ਼ਿਆਂ ਦੀ ਦਲਦਲ ਵਿਚ ਫਸਕੇ ਕਿਸ਼ਤਾਂ ਵਿਚ ਖੁਦਕੁਸ਼ੀਆਂ ਕਰ ਰਹੇ ਹਨ? ਇਹ ਕਠੋਰ ਹਕੀਕਤ ਹੈ ਕਿ ਪੰਜਾਬੀਆਂ ਦੇ ਪਰਵਾਸ ਨੇ ਪੰਜਾਬ ਵਿੱਚ ਹੋ ਰਹੀਆਂ ਖੁਦਕੁਸ਼ੀਆਂ ਨੂੰ ਬਹੁਤ ਠੱਲ੍ਹ ਪਾਈ ਹੈਇਹ ਵੀ ਇੱਕ ਹਕੀਕਤ ਹੈ ਕਿ ਜੇ ਰੁਜ਼ਗਾਰ ਖਾਤਰ ਪੰਜਾਬੀ ਪਰਵਾਸ ਨਾ ਕਰਦੇ ਤਾਂ ਪੰਜਾਬ ਵਿੱਚ ਖੁਦਕੁਸ਼ੀਆਂ ਦੀ ਦਰ ਬਹੁਤ ਜ਼ਿਆਦਾ ਹੋਣੀ ਸੀ

ਪੰਜਾਬੀਆਂ ਦੇ ਪਰਵਾਸ ਕਰਨ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੀ ਹੈ। ਜੇ ਉਹ ਸੱਤ ਸਮੁੰਦਰ ਪਾਰ ਜਾ ਕੇ ਉਹ ਸਖਤ ਮਿਹਨਤ ਨਾ ਕਰਦੇ ਤਾਂ ਉਹਨਾਂ ਨੇ ਪੰਜਾਬ ਵਿੱਚ ਬੇਰੁਜ਼ਗਾਰ ਰਹਿੰਦਿਆਂ ਜਾਂ ਤਾਂ ਨਸ਼ੇ ਦੀ ਦਲਦਲ ਵਿੱਚ ਫਸ ਜਾਣਾ ਸੀ ਜਾਂ ਫਿਰ ਚੋਰੀਆਂ ਲੁੱਟਾਂ-ਖੋਹਾਂ ਆਦਿ ਕਰਨੀਆਂ ਸ਼ੁਰੂ ਕਰ ਦੇਣੀਆਂ ਸਨਪੰਜਾਬ ਵਿੱਚ ਲੰਮਾ ਸਮਾਂ ਰਹੇ ਅੱਤਵਾਦ ਦੇ ਦੌਰ ਦਾ ਇੱਕ ਕਾਰਨ ਬੇਰੁਜ਼ਗਾਰੀ ਵੀ ਸੀ ਬੇਰੁਜ਼ਗਾਰੀ ਦੇ ਭੰਨੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਵਲੋਂ ਹੀ ਪਰਵਾਸ ਕਰਕੇ ਵਿਦੇਸ਼ਾਂ ਵਿੱਚ ਸਖਤ ਮਿਹਨਤ ਕਰਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਿਸ ਵਿੱਚੋਂ ਵੱਡਾ ਹਿੱਸਾ ਉਹ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ

ਜੇ ਸਰਕਾਰ ਪੰਜਾਬੀਆਂ ਦੇ ਪਰਵਾਸ ਉੱਪਰ ਰੋਕ ਲਗਾ ਦੇਵੇ ਜਾਂ ਫਿਰ ਵਿਦੇਸ਼ੀ ਮੁਲਕ ਪਰਵਾਸੀ ਪੰਜਾਬੀਆ ਵਲੋਂ ਪੰਜਾਬ ਭੇਜਿਆ ਜਾਂਦਾ ਪੈਸਾ ਭੇਜਣ ਉੱਪਰ ਰੋਕ ਲਗਾ ਦੇਣ ਤਾਂ ਪੰਜਾਬ ਵਿੱਚ ਹਰ ਪਾਸੇ ਹੀ ਬੇਰੁਜ਼ਗਾਰਾਂ ਨੌਜਵਾਨਾਂ ਦੀ ਫੌਜ ਨਜ਼ਰ ਆਵੇਗੀ ਜੋ ਕਿ ਸਮਾਜ ਲਈ ਵੱਡਾ ਖਤਰਾ ਬਣ ਜਾਵੇਗੀਇਸ ਲਈ ਪੰਜਾਬੀਆਂ ਦੇ ਪਰਵਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਪਰਵਾਸ ਸਿਰਫ ਜਾਇਜ਼ ਅਤੇ ਕਾਨੂੰਨੀ ਤਰੀਕੇ ਨਾਲ ਹੀ ਹੋਵੇ, ਹਾਂ, ਨਜਾਇਜ਼ ਪਰਵਾਸ ਨੂੰ ਨੱਥ ਪਾਉਣੀ ਜ਼ਰੂਰੀ ਹੈ

ਜਿਹੜੇ ਪਰਵਾਸੀ ਪੰਜਾਬੀ ਪੰਜਾਬ ਵਿੱਚ ਸਭਿਆਚਾਰ ਮੇਲਿਆਂ ਅਤੇ ਖੇਡ ਮੇਲਿਆਂ ਲਈ ਲੱਖਾਂ ਡਾਲਰ ਭੇਜ ਸਕਦੇ ਹਨ ਤਾਂ ਉਹ ਪਰਵਾਸੀ ਪੰਜਾਬੀ ਆਪਣੇ ਪਿੰਡ ਦੇ ਜੇ ਇੱਕ ਇੱਕ ਗਰੀਬ ਕਿਸਾਨ ਜਾਂ ਗਰੀਬ ਪਰਿਵਾਰ ਦੀ ਵੀ ਸਹਾਇਤਾ ਕਰ ਦੇਣ ਤਾਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਗਰੀਬ ਕਿਸਾਨ, ਮਜ਼ਦੂਰ ਜਾਂ ਹੋਰ ਪੰਜਾਬੀ ਖੁਦਕੁਸ਼ੀ ਕਰਨ ਬਾਰੇ ਨਹੀਂ ਸੋਚੇਗਾਕਰਜ਼ੇ ਦੇ ਝੰਬੇ ਅਤੇ ਜਵਾਨ ਧੀ ਦੀ ਡੋਲੀ ਨਾ ਤੋਰ ਸਕਣ ਦਾ ਗ਼ਮ ਦਿਲ ਨੂੰ ਲਾਈ ਬੈਠੇ ਵੱਡੀ ਗਿਣਤੀ ਪੰਜਾਬੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕਣ ਲਈ ਪਰਵਾਸੀ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ

*****

(1229)

About the Author

ਜਗਮੋਹਨ ਸਿੰਘ ਲੱਕੀ

ਜਗਮੋਹਨ ਸਿੰਘ ਲੱਕੀ

Patiala, Punjab,India.
Phone: (91 - 94638 - 19174)
Email: (luckysingh.singh455@gmail.com)