BaldevSBindra7ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਬੱਚਿਆਂ ਦੇ ਚਾਚੇ ਧਰਮਪਾਲ ਉੱਤੇ ਆ ਪਈ
(8 ਜੂਨ 2018)

 

DharamPalA1ਦੇਸ ਵੰਡ ਤੋਂ ਬਾਦ ਅੰਬਾਲੇ ਜ਼ਿਲ੍ਹੇ ਵਿੱਚ ਸੂਦਾਂ ਦੇ ਪਿੰਡ ਚਡਿਆਲੇ ਵਿੱਚ ਬ੍ਰਾਹਮਣਾਂ ਦਾ ਇੱਕੋ ਇੱਕ ਘਰ ਸੀ। ਸੂਦਾਂ ਦੀ ਪ੍ਰੋਹਿਤਗਿਰੀ ਕਹਨ ਦੇ ਨਾਲ ਨਾਲ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਵੀ ਬਹੁਤ ਚੱਲਦੀ ਸੀ। ਦੁਕਾਨ ਇਲਾਕੇ ਵਿੱਚ ਮਸ਼ਹੂਰ ਸੀ। ਅਚਾਨਕ ਧਨਾਢ ਸਮਝਕੇ ਕਿਸੇ ਮੁਖਬਰ ਨੇ ਡਾਕਾ ਪੁਆ ਦਿੱਤਾ। ਸਭ ਕੁੱਝ ਲੁੱਟ ਪੁੱਟ ਗਿਆ।

ਇਸ ਬਰਬਾਦੀ ਤੋਂ ਬਾਦ ਦੋਨੋਂ ਭਰਾ ਤਿੰਨਾਂ ਭੈਣਾਂ ਦਾ ਵਿਆਹ ਕਰਕੇ ਪਿੰਡ ਛੱਡਕੇ ਚੰਡੀਗੜ੍ਹ ਆ ਗਏ। ਕਿਸੇ ਸਕੇ ਜਾਂ ਰਿਸ਼ਤੇਦਾਰ ਨੇ ਇਸ ਗਰੀਬੀ ਹਾਲਤ ਵਿੱਚ ਕੋਈ ਸਹਾਇਤਾ ਨਹੀਂ ਕੀਤੀ। ਇੱਥੇ ਵੱਡਾ ਭਰਾ ਸੰਤ ਰਾਮ ਮਲੇਰੀਏ ਮਹਿਕਮੇ ਵਿੱਚ ਮੱਛਰਾਂ ਦੀ ਦਵਾਈ ਛਿੜਕਣ ਤੇ ਲੱਗ ਗਿਆ ਤੇ ਨਾਲ ਹੀ ਚੌਵੀ ਸੈਕਟਰ ਵਿੱਚ ਛੋਟਾ ਕੁਆਰਟਰ ਮਿਲ ਗਿਆ ਜਿਸ ਵਿੱਚ ਦੋਨੋਂ ਭਰਾ, ਵੱਡੇ ਭਰਾ ਸੰਤ ਰਾਮ ਦੀ ਪਤਨੀ ਚਾਰ ਲੜਕਿਆਂ ਸਮੇਤ ਰਹਿ ਰਹੇ ਸੀ ਛੋਟਾ ਭਰਾ ਧਰਮਪਾਲ ਛੜਾ ਹੀ ਸੀ। ਉਹ ਟੈਲੀਗਰਾਫ ਮਹਿਕਮੇ ਵਿੱਚ ਤਾਰ ਮੈਸੇਂਜਰ ਲੱਗ ਗਿਆ।

ਅਚਾਨਕ ਵੱਡਾ ਭਰਾ ਸੰਤਰਾਮ ਦਿਮਾਗੀ ਬੀਮਾਰੀ ਕਾਰਨ ਗੁਜ਼ਰ ਗਿਆ ਅਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਬੱਚਿਆਂ ਦੇ ਚਾਚੇ ਧਰਮਪਾਲ ਉੱਤੇ ਆ ਪਈ। ਉਸ ਨੇ ਪਰਿਵਾਰ ਦੀ ਪਾਲਣਾ ਕਰਦੇ ਹੋਏ ਵਿਆਹ ਨਹੀਂ ਕਰਾਇਆ। ਵੱਡਾ ਭਤੀਜਾ ਹਰੀ ਓਮ ਪੁਲਿਸ ਮਹਿਕਮੇ ਦੇ ਦਫਤਰ ਵਿੱਚ ਨੌਕਰੀ ਲੱਗ ਗਿਆ। ਉਸ ਤੋਂ ਛੋਟੇ ਸਤੀਸ਼ ਕੁਮਾਰ ਨੂੰ ਵੀ ਪਿਤਾ ਦੀ ਜਗ੍ਹਾ ਨੌਕਰੀ ਮਿਲ ਗਈ ਅਤੇ ਕੁਆਰਟਰ ਵੀ ਉਹੀ ਰਿਹਾ। ਤਿੰਨਾਂ ਦੀ ਕਮਾਈ ਨਾਲ ਗਰੀਬੀ ਤੋਂ ਕੁੱਝ ਰਾਹਤ ਮਿਲੀ।

ਫਿਰ ਕੁਦਰਤ ਹੋਰ ਮਿਹਰਬਾਨ ਹੋਈ ਅਮਰੀਕਾ ਰਹਿੰਦਾ ਬੱਚਿਆਂ ਦਾ ਇੱਕ ਮਾਮਾ ਚੰਡੀਗੜ੍ਹ ਆਇਆ। ਉਹ ਆਪਣੀ ਭੈਣ ਨੂੰ ਛੋਟੇ ਭਾਣਜੇ ਰਮੇਸ਼ ਸਮੇਤ ਅਮਰੀਕਾ ਲੈ ਗਿਆ। ਉੱਥੇ ਉਸਨੇ ਆਪਣੇ ਭਾਣਜੇ ਨੂੰ ਪੜ੍ਹਾ ਲਿਖਾ ਕੇ ਸੈਟਲ ਕਰ ਦਿੱਤਾ। ਬੀਮਾਰ ਰਹਿਣ ਕਰਕੇ ਮਾਂ ਵਾਪਿਸ ਆ ਗਈ। ਦੋ ਸਾਲਾਂ ਬਾਦ ਰਮੇਸ਼ ਤੋਂ ਵੱਡਾ ਲੜਕਾ ਸੁਰਿੰਦਰ ਵੀ ਅਮਰੀਕਾ ਚਲਾ ਗਿਆ। ਇਸ ਤਰ੍ਹਾਂ ਚਾਰਾਂ ਭਰਾਵਾਂ ਵਿੱਚੋਂ ਦੋ ਅਮਰੀਕਾ ਤੇ ਦੋ ਇੱਧਰ ਪੰਚਕੁਲਾ ਕੋਠੀਆਂ ਪਾ ਕੇ ਰਹਿੰਦਿਆਂ ਉੱਚੇ ਆਹੁਦਿਆਂ ’ਤੇ ਰਿਟਾਇਰ ਹੋਏ। ਇੱਧਰ ਧਰਮਪਾਲ ਵੀ ਆਪਣੀ ਨੌਕਰੀ ਕਰਕੇ 1993 ਵਿੱਚ ਰਿਟਾਇਰ ਹੋ ਗਿਆ।

ਧਰਮਪਾਲ ਦੀ ਰਿਟਾਇਰਮੈਂਟ ਤੋਂ ਬਾਅਦ ਉਸਦੀ ਭਰਜਾਈ ਵੀ ਗੁਜ਼ਰ ਗਈ। ਪਰ ਮਰਨ ਤੋਂ ਪਹਿਲਾਂ ਉਹ ਸਾਰੇ ਬੱਚਿਆਂ ਨੂੰ ਇਹ ਤਾਕੀਦ ਕਰ ਗਈ ਕਿ ਤੁਸੀਂ ਆਪਣੇ ਪਿਤਾ ਸਮਾਨ ਚਾਚੇ ਨੂੰ ਪੂਰਾ ਮਾਣ-ਇੱਜ਼ਤ ਦੇਣਾ ਅਤੇ ਅਖੀਰ ਤੱਕ ਇਸਦੀ ਸੰਭਾਲ ਕਰਨੀ। ਉਹ ਇੱਕ ਨੇਕ ਔਰਤ ਸੀ। ਧਰਮਪਾਲ ਵੀ ਮਿਹਨਤੀ, ਅਤੇ ਇਮਾਨਦਾਰ ਸਭ ਦੀ ਇੱਜ਼ਤ ਕਰਨ ਵਾਲਾ ਬੰਦਾ ਸੀ। ਟੈਲੀਗਰਾਫ ਇੰਸਪੈਕਟਰ ਹੁੰਦਿਆਂ ਮੈਨੂੰ ਕਦੇ ਕੋਈ ਉਸਦੇ ਕੰਮ ਬਾਰੇ ਸ਼ਿਕਾਇਤ ਨਹੀਂ ਮਿਲੀ। ਅਸੀਂ ਸਾਰੇ ਉਸ ਨੂੰ ਛੱੜਾ-ਚਾਚਾ ਕਹਿਕੇ ਮਜ਼ਾਕ ਕਰ ਲੈਂਦੇ ਉਹ ਕਈ ਵੇਰ ਮੇਰੇ ਨਾਲ ਪਿੰਡ ਵਿੱਚ ਰਹਿੰਦਿਆਂ ਦੁਕਾਨ ਵੇਲੇ ਦੀਆਂ, ਤੇ ਫੇਰ ਘੋਰ ਗਰੀਬੀ ਵਿੱਚ ਕੱਟੇ ਦਿਨਾਂ ਦੀਆਂ ਗੱਲਾਂ ਕਰ ਲੈਂਦਾ ਅਤੇ ਅੱਜ ਚੰਗੇ ਦਿਨਾਂ ਨੂੰ ਦੇਖਦੇ ਹੋਏ ਖੁਸ਼ ਵੀ ਹੁੰਦਾ ਤੇ ਰੱਬ ਦਾ ਸ਼ੁਕਰ ਵੀ ਕਰਦਾ। ਉਸਦੇ ਚਾਰੇ ਭਤੀਜੇ ਉਸਦੀ ਤੇ ਉਸਦੇ ਦੋਸਤਾਂ ਦੀ ਪੂਰੀ ਇੱਣਤ ਕਰਦੇ।

ਅਮਰੀਕਾ ਰਹਿੰਦੇ ਭਤੀਜਿਆਂ ਵਿੱਚੋਂ ਕੋਈ ਵੀ ਇੱਧਰ ਪੰਚਕੁਲੇ ਆਉਂਦਾ ਤਾਂ ਚਾਚੇ ਦੇ ਸਾਰੇ ਦੋਸਤਾਂ ਨੂੰ, ਸਮੇਤ ਮੇਰੇ, ਇੱਕਠੇ ਕਰਕੇ ਜਸ਼ਨ ਜਾਂ 17 ਦਸੰਬਰ ਨੂੰ ਹਰ ਸਾਲ ਉਸਦਾ ਜਨਮ-ਦਿਨ ਮਨਾਉਂਦਾ।

ਅਖੀਰ 78 ਸਾਲ ਦੀ ਉਮਰ ਭੋਗ ਕੇ ਚੰਗੀ ਸੇਵਾ ਹੁੰਦੇ ਹੋਏ 5 ਜੁਲਾਈ 2012 ਨੂੰ ਧਰਮਪਾਲ ਗੁਜ਼ਰ ਗਿਆ। ਮਰਨਾ ਸਭ ਨੇ ਹੈ ਪਰ ਜਿਸ ਤਰ੍ਹਾਂ ਦਾ ਇੱਜ਼ਤ-ਮਾਣ ਧਰਮਪਾਲ ਨੂੰ ਮਿਲਿਆ, ਇਸ ਤਰ੍ਹਾਂ ਦਾ ਕਦੇ ਕਿਸੇ ਛੜੇ ਬੰਦੇ ਨੂੰ ਅੱਜ ਤੱਕ ਮਿਲਦਾ ਘੱਟ ਹੀ ਦੇਖਿਆ। ਅੱਜਕਲ੍ਹ ਤਾਂ ਬੱਚੇ ਆਪਣੇ ਸੱਕੇ ਮਾਂ-ਬਾਪ ਨੂੰ ਇੰਨਾ ਸਤਿਕਾਰ ਨਹੀਂ ਦਿੰਦੇ, ਉਹ ਫਿਰ ਵੀ ਚਾਚਾ ਸੀ। ਧਰਮਪਾਲ ਨੇ ਵੀ ਭਰਾ ਦੇ ਬੱਚਿਆਂ ਲਈ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ

**

(2)

ਮਾਂ ਦੀ ਮਮਤਾ --- ਬਲਦੇਵ ਸਿੰਘ ਬਿੰਦਰਾ


BaldevBindraMaa1ਸਵਰਗੀ ਕੁਲਦੀਪ ਮਾਣਕ (ਗਾਇਕ) ਵੱਲੋਂ ਗਾਏ ਹੋਏ ਗੀਤ “ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ” ਵਿੱਚ ਜੋ ਭਾਵ ਗਾਇਕ ਨੇ ਮਾਂ ਦੀ ਮਮਤਾ ਬਾਰੇ ਪ੍ਰਗਟ ਕੀਤੇ ਹਨ
, ਸੋ ਫੀਸਦੀ ਸਦੀ ਸਚ ਹਨ। ਮਾਂ ਦਾ ਦਿਲ ਬਹੁਤ ਕੋਮਲ ਹੁੰਦਾ ਹੈ। ਉਸ ਦੇ ਦਿਲ ਵਿੱਚੋਂ ਹਮੇਸ਼ਾ ਹੀ ਆਪਣੇ ਬੱਚਿਆਂ ਲਈ ਦੁਆਵਾਂ ਨਿਕਲਦੀਆਂ ਹਨ। ਉਸ ਦੇ ਕਰਜ਼ ਦਾ ਮੁੱਲ ਕਦੇ ਜਿੰਦਗੀ ਵਿੱਚ ਨਹੀਂ ਮੋੜਿਆ ਜਾ ਸਕਦਾ।

ਇਹ ਗੱਲ 1995 ਦੇ ਸਤੰਬਰ-ਅਕਤੂਬਰ ਦੀ ਹੈ ਜਦੋਂ ਮੇਰੀ ਬਜ਼ੁਰਗ ਮਾਂ 95-96 ਸਾਲ ਦੀ ਸੀ ਤਾਂ ਉਸ ਨੂੰ ਇਕ ਨਾ-ਮੁਰਾਦ ਬਿਮਾਰੀ (ਕੈਂਸਰ) ਨੇ ਘੇਰ ਲਿਆ ਮੇਰੇ ਪਿਤਾ ਜੀ ਦਸ ਸਾਲ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਇਹਨਾਂ ਦੋਹਾਂ ਨੇ ਸਾਨੂੰ ਚੰਗਾ ਪਿਆਰ ਅਤੇ ਸੰਸਕਾਰ ਦਿੱਤੇ ਮੈਂ ਅਤੇ ਮੇਰਾ ਛੋਟਾ ਭਰਾ, ਜੋ ਕਿ ਪਿੰਡ ਹੀ ਰਹਿੰਦਾ ਸੀ, ਨੇ ਉਹਨਾਂ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਲਿਆਦਾ। ਇਲਾਜ ਕਰਨ ਵਾਲਾ ਡਾਕਟਰ (ਗੋਬਿੰਦ), ਜੋ ਮੇਰਾ ਕਾਫੀ ਵਾਕਿਫ ਸੀ, ਨੇ ਕਈ ਵਾਰ ਐਂਡੋਸਕੋਪੀ ਕੀਤੀ ਅਤੇ ਕੈਂਸਰ ਦੀ ਲਾ-ਇਲਾਜ ਬਿਮਾਰੀ ਦੱਸੀ। ਮੈਂ ਉਹਨਾਂ ਨਾਲ ਮਾਤਾ ਜੀ ਦੇ ਇਲਾਜ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਅਸੀਂ ਇਸ ਉਮਰ ਵਿੱਚ ਅਪਰੇਸ਼ਨ ਨਹੀਂ ਕਰ ਸਕਦੇ। ਮੈਂ ਦਵਾਈਆਂ ਲਿਖ ਦਿੰਦਾ ਹਾਂ, ਘਰ ਜਾ ਖਿਲਾਉ। ਮੈਂ ਲਿਖੀਆਂ ਦਵਾਈਆਂ ਲੈ ਕੇ ਆਪਣੇ ਭਰਾ ਹੱਥ ਦੇ ਦਿੱਤੀਆਂ ਤੇ ਪਿੰਡ (ਖਰੜ) ਨੇੜੇ ਭਰਾ ਕੋਲ ਭੇਜ ਦਿੱਤਾ। ਮੈਂ ਵੀ ਉਨ੍ਹਾਂ ਨੂੰ ਮਿਲਣ ਚੰਡੀਗੜ੍ਹ ਤੋਂ ਦੂਜੇ ਤੀਜੇ ਦਿਨ ਪਿੰਡ ਜਾਂਦਾ ਰਹਿੰਦਾ

ਭਾਵੇਂ ਮਾਂ ਦੀ ਸਿਹਤ ਉਮਰ ਕਰਕੇ ਤੇ ਬਿਮਾਰੀ ਕਰਕੇ ਬਹੁਤ ਹੀ ਢਿੱਲੀ ਹੋ ਗਈ ਸੀ ਪਰ ਫਿਰ ਵੀ ਉਹ ਬਹੁਤ ਹਿੰਮਤ ਅਤੇ ਜਿਗਰਾ ਰੱਖਦੇ ਸਨ। ਐਂਡੋਸਕੋਪੀ ਬਾਰੇ ਮੈਨੂੰ ਯਾਦ ਹੈ ਕਿ ਉਸ ਸਮੇਂ ਕਈ ਹੱਟੇ-ਕੱਟੇ ਬੰਦੇ ਜਦੋਂ ਐਂਡੋਸਕੋਪੀ ਕਰਵਾ ਕੇ ਬਾਹਰ ਆਉਂਦੇ ਸਨ ਤਾਂ ਰੋਣਹਾਕੇ ਹੋਏ ਹੁੰਦੇ ਸਨ ਪਰ ਧਨ ਹੈ ਮਾਂ ਜਿਸ ਨੇ ਕਦੀ ਸੀ ਵੀ ਨਹੀਂ ਵੱਟੀ।

ਮਾਂ ਦੀ ਮੌਤ ਤੋਂ ਇਕ ਹਫਤਾ ਪਹਿਲਾਂ ਮੈਂ ਉਹਨਾਂ ਨੂੰ ਮਿਲਣ ਪਿੰਡ ਗਿਆ ਤਾਂ ਉਹ ਇਕ ਮੰਜੇ ਉੱਤੇ ਲੇਟੇ ਹੋਏ ਸਨ। ਮੈਨੂੰ ਦੇਖ ਕੇ ਉਹਨਾਂ ਦੇ ਚਿਹਰੇ ਉੱਤੇ ਰੌਣਕ ਆ ਗਈ ਅਤੇ ਬਿਮਾਰੀ ਦੇ ਬਾਵਜੂਦ ਉੱਠ ਕੇ ਬੈਠ ਗਏ ਮੈਂ ਪਿਆਰ ਨਾਲ ਉਹਨਾਂ ਦੀਆ ਲੱਤਾਂ ਘੁੱਟੀਆਂ ਅਤੇ ਪਿੱਠ ਉੱਪਰ ਹੱਥ ਫੇਰਿਆ ਤਾਂ ਉਹਨਾਂ ਨੇ ਕੁਝ ਅਰਾਮ ਮਹਿਸੂਸ ਕੀਤਾ। ਅਤੇ ਫਿਰ ਮੰਜੇ ਉੱਤੇ ਲੇਟ ਗਏਮੈਂ ਵੀ ਦਫਤਰੋਂ ਰਾਤ ਦੀ ਡਿਊਟੀ ਕਰਕੇ ਗਿਆ ਸੀ। ਥੱਕੇ ਹੋਣ ਕਰਕੇ ਮੈਂ ਵੀ ਨਾਲ ਪਏ ਬਾਣ ਦੇ ਮੰਜੇ ਉੱਤੇ ਪੈ ਗਿਆ ਅਤੇ ਮੇਰੀ ਅੱਖ ਲੱਗ ਗਈ।

ਅਚਾਨਕ ਸੋਟੀ ਦੀ ਠੱਕ ਠੱਕ ਦੀ ਅਵਾਜ਼ ਸੁਣਕੇ ਮੇਰੀ ਅੱਖ ਖੁੱਲ੍ਹ ਗਈ ਤਾਂ ਮੈਂ ਦੇਖਦਾ ਹਾਂ ਕਿ ਬਿਮਾਰ ਮਾਂ, ਜਿਸਦੀ ਆਪਣੀ ਹਾਲਤ ਠੀਕ ਨਹੀਂ ਸੀ, ਕੱਛ ਵਿਚ ਇਕ ਦਰੀ ਤੇ ਚਾਦਰ ਚੁੱਕੀ ਸੋਟੀ ਦੇ ਸਹਾਰੇ ਲੜਖੜਾਉਂਦੀ ਆ ਰਹੀ ਸੀ। ਉਹ ਕਹਿਣ ਲੱਗੀ, “ਮੇਰਾ ਪੁੱਤ ਕਿਉਂ ਘਰੋੜੇ (ਬਿਨਾਂ ਬਿਸਤਰੇ) ਬਾਣ ’ਤੇ ਮੰਜੇ ਉੱਤੇ ਪਿਆ ਹੈ ... ਆਹ ਲੈ, ਇਹ ਦਰੀ ਵਿਛਾ ਕੇ ਪੈ।” ਫਿਰ ਉਹ ਆਪ ਹੀ ਦਰੀ ਵਿਛਾਉਣ ਦੀ ਕੋਸ਼ਿਸ਼ ਕਰਨ ਲੱਗੀ। ਮੈਂ ਮਾਂ ਕੋਲੋਂ ਫੜ ਕੇ ਦਰੀ ਵਿਛਾ ਲਈ। ਪਰ ਮੈਂ ਇਹ ਦੇਖ ਦੇ ਹੈਰਾਨ-ਪ੍ਰੇਸ਼ਾਨ ਹੋ ਗਿਆ ਤੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਖਸਤਾ ਹਾਲਤ ਦੇ ਬਾਵਜੂਦ ਮੇਰਾ ਘਰੋੜੇ ਮੰਜੇ ਉੱਤੇ ਪੈਣ ਦਾ ਜ਼ਿਆਦਾ ਦੁੱਖ ਮਹਿਸੂਸ ਕੀਤਾ। ਮੈਂ ਮਾਂ ਦੇ ਮਮਤਾ ਭਰੇ ਪਿਆਰ ਨੂੰ ਦੇਖਕੇ ਉਸ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਮੇਰੀਆਂ ਅੱਖਾਂ ਵਿੱਚੋਂ ਅੱਥਰੂਆਂ ਦੀ ਝੜੀ ਲੱਗ ਗਈ।

ਇਸ ਗੱਲ ਨੂੰ ਅੱਜ 23 ਸਾਲ ਗੁਜ਼ਰ ਚੁੱਕੇ ਹਨ ਤੇ ਮੇਰੀ ਆਪਣੀ ਉਮਰ ਵੀ 75 ਸਾਲ ਦੀ ਹੋ ਚੁੱਕੀ ਹੈ, ਹੁਣ ਵੀ ਜਦੋਂ ਕਦੇ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਆਪ-ਮੁਹਾਰੇ ਛਲਕ ਪੈਂਦੀਆਂ ਹਨ। ਇਹ ਹੁੰਦੀ ਹੈ ਮਾਂ ਦੀ ਮਮਤਾ। ਮਾਂ ਦੀ ਮਮਤਾ ਦਾ ਕਰਜ਼ ਤਾਂ ਹਰੀ ਸਿੰਘ ਨਲੂਆ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਸੂਰਵੀਰ ਯੋਧੇ ਵੀ ਨਹੀਂ ਉਤਾਰ ਸਕੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਵੇਂ ਮਾਂ ਨੇ ਸਾਡੇ ਮਲ-ਮੂਤਰ (ਗਿੱਲੇ) ਵਿੱਚ ਆਪ ਪੈ ਕੇ ਸਾਨੂੰ ਸੁੱਕੇ ਪਾਸੇ ਪਾਇਆ ਹੈ। ਆਓ ਮਾਂ-ਬਾਪ ਦੀ ਬੁਢਾਪੇ ਵਿੱਚ ਹਮੇਸ਼ਾ ਤਨੋ-ਮਨੋ ਸੇਵਾ ਕਰੀਏ। ਅਹਿਸਾਨ ਨਹੀਂ, ਫਰਜ਼ ਸਮਝ ਕੇ।

*****

(1182)

About the Author

ਬਲਦੇਵ ਸਿੰਘ ਬਿੰਦਰਾ

ਬਲਦੇਵ ਸਿੰਘ ਬਿੰਦਰਾ

Chandigarh, India.
Phone: (91 - 94174 - 66804)