JaswinderSDhaliwal7ਕਿਸੇ ਕੋਲ ਇਸ ਘਟਨਾ ਦਾ ਜ਼ਿਕਰ ਨਾ ਕਰੀਂਨਹੀਂ ਤਾਂ ਲੋਕ ਮੇਰੇ ਉੱਪਰ ਥੁੱਕਿਆ ਕਰਨਗੇ ...
(20 ਮਈ 2018)

 

ਇਹ ਘਟਨਾ ਜੂਨ 2001 ਦੀ ਹੈ। ਅੱਧੀ ਰਾਤ ਦਾ ਵਕਤ ਸੀ, ਮੈਂ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਅਚਾਨਕ ਮੇਰੇ ਸਰਹਾਣੇ ਕੋਲ ਪਏ ਟੈਲੀਫੋਨ ਦੀ ਘੰਟੀ ਵੱਜੀ, ਮੈਂ ਉੱਠ ਕੇ ਸਾਹਮਣੇ ਲੱਗੀ ਦੀਵਾਰ ਘੜੀ ’ਤੇ ਟਾਇਮ ਦੇਖਿਆ, ਰਾਤ ਦੇ 12 ਵੱਜ ਕੇ 45 ਮਿੰਟ ਹੋਏ ਸਨ। ਮੈਂ ਸੋਚ ਰਿਹਾ ਸੀ, ਫੋਨ ਸੁੱਖ ਦਾ ਹੋਵੇ, ਕਿਉਂਕਿ ਅੱਧੀ ਰਾਤ ਨੂੰ ਆਇਆ ਫੋਨ ਸੁੱਖ ਦਾ ਹੋਣ ਦੀ ਸੰਭਾਵਨਾ ਘੱਟ ਈ ਹੁੰਦੀ ਏ। ਜਦੋਂ ਮੈਂ ਫੋਨ ਚੁੱਕ ਕੇ ‘ਹੈਲੋ’ ਆਖਿਆ, ਅੱਗੋਂ ਇਕ ਔਰਤ ਨੇ ਬਹੁਤ ਹੀ ਧੀਮੀ ਅਵਾਜ ਵਿਚ ਸਤਿ ਸ਼੍ਰੀ ਅਕਾਲ ਬਲਾਈ। ਮੈਂ ਜਾਣ ਗਿਆ ਸੀ ਕਿ ਇਹ ਅਵਾਜ਼ ਮੇਰੇ ਇਕ ਦੋਸਤ ਦੇ ਘਰਵਾਲੀ, ਮੇਰੀ ਭਰਜਾਈ ਦੀ ਸੀ।

ਮੇਰਾ ਦੋਸਤ ਕਿਸੇ ਦਫਤਰ ਵਿਚ ਕਲਰਕ ਲੱਗਿਆ ਹੋਇਆ ਸੀ। ਅਸੀਂ ਇਕੱਠੇ ਕਲਰਕ ਭਰਤੀ ਹੋਏ ਸੀ, ਉਹ ਦਫਤਰ ਵਿਚ ਚਲਾ ਗਿਆ ਤੇ ਮੈਂ ਸਕੂਲ ਵਿਚ। ਮੇਰੀ ਭਰਜਾਈ ਕਹਿਣ ਲੱਗੀ, “ਵੀਰ ਜੀ, ਅੱਜ ਅਸੀਂ ਟੈਸਟ ਕਰਵਾਇਆ ਸੀ, ਮੇਰੇ ਹੋਣ ਵਾਲਾ ਬੱਚਾ ਲੜਕੀ ਏ। ਤੁਹਾਡਾ ਦੋਸਤ ਇਸ ਨੂੰ ਰੱਖਣਾ ਨਹੀਂ ਚਾਹੁੰਦਾ ਪਰ ਮੈਂ ਇਹ ਪਾਪ ਕਰਾਉਣਾ ਨਹੀਂ ਚਾਹੁੰਦੀ। ਤੁਹਾਡਾ ਦੋਸਤ ਏ, ਪਲੀਜ਼ ਤੁਸੀਂ ਉਸ ਨੂੰ ਸਮਝਾਉ।” ਇੰਨਾ ਕਹਿ ਕੇ ਉਹਨੇ ਫੋਨ ਕੱਟ ਦਿੱਤਾ।

ਇਸ ਤੋਂ ਬਾਅਦ ਮੈਂਨੂੰ ਸਾਰੀ ਰਾਤ ਨੀਂਦ ਨਹੀਂ ਆਈ। ਸੋਚਦਾ ਰਿਹਾ, ਉਸ ਨੰਨ੍ਹੀ ਬੱਚੀ ਬਾਰੇ ਜਿਸ ਨੇ ਅਜੇ ਜਨਮ ਵੀ ਨਹੀਂ ਲਿਆ ਸੀ ਤੇ ਉਸ ਨੂੰ ਮਾਰਨ ਦੀਆਂ ਸਕੀਮਾਂ ਸ਼ੁਰੂ ਵੀ ਹੋ ਗਈਆਂ ਸਨ। ਉਸ ਨੰਨ੍ਹੀ ਸੀ ਬੱਚੀ ਦਾ ਕੀ ਕਸੂਰ ਏ? ਇਹ ਸੋਚਦਿਆਂ ਸੋਚਦਿਆਂ ਹੀ ਸੁਬ੍ਹਾ ਹੋ ਗਈ। ਮੈਂ ਤਿਆਰ ਹੋ ਕਿ ਪਹਿਲੀ ਬੱਸ ਫੜੀ ਤੇ ਆਪਣੇ ਦੋਸਤ ਦੇ ਘਰ ਪਹੁੰਚ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਮੈਂ ਗੱਲ ਸ਼ੁਰੂ ਕੀਤੀ, “ਤੂੰ ਇਹ ਕੰਨਿਆ ਭਰੂਣ ਹੱਤਿਆ ਵਾਲਾ ਪਾਪ ਨਾ ਕਰ।”

ਮੇਰਾ ਦੋਸਤ ਕਹਿਣ ਲੱਗਾ, ਮੇਰੇ ਇਕ ਬੇਟੀ ਪਹਿਲਾਂ ਏ ਤੇ ਤੈਨੂੰ ਪਤਾ ਏ ਆਪਣੀ ਤਨਖਾਹ ਸਿਰਫ ਪੰਜ ਹਜ਼ਾਰ ਰੁਪਏ ਆ। ਮੈਂ ਇਕ ਲੜਕੀ ਨੂੰ ਤਾਂ ਵਿਆਹ ਵਿਚ ਕਾਰ ਦੇ ਕੇ ਵਿਆਹ ਸਕਦਾਂ, ਵ੍ਹਹਦ੍ਰਝਟ੍ਹ ਮੇਰੇ ਕੋਲ ਐਨੀ ਪੂੰਜੀ ਨਹੀ ਕਿ ਦੋ ਕਾਰਾਂ ਦੇ ਸਕਾਂ।”

ਇੰਨੀ ਹਿੰਮਤ ਮੇਰੇ ਵਿੱਚ ਵੀ ਨਹੀਂ ਸੀ ਕਿ ਮੈਂ ਕਹਿ ਦਿੰਦਾ ਕਿ ਕੋਈ ਗੱਲ ਨਹੀਂ, ਇਕ ਕਾਰ ਮੈਂ ਦੇ ਦੇਵਾਂਗਾਮੈਂ ਬਹੁਤ ਮਿੰਨਤਾਂ ਕੀਤੀਆਂ ਪਰ ਮੇਰਾ ਦੋਸਤ ਨਹੀਂ ਮੰਨਿਆ। ਮੈਂ ਨਿਰਾਸ਼ ਹੋ ਕੇ ਘਰ ਵਾਪਸ ਆ ਗਿਆ।

ਮੈਂ ਦਿਨ ਰਾਤ ਉਸ ਕੁੜੀ ਬਾਰੇ ਹੀ ਸੋਚਦਾ ਰਹਿੰਦਾ, ਜੋ ਇਸ ਧਰਤੀ ’ਤੇ ਅਜੇ ਆਈ ਹੀ ਨਹੀਂ ਸੀ। ਉਸਦੀਆਂ ਚੀਕਾਂ ਮੇਰੇ ਕੰਨਾਂ ਵਿੱਚ ਗੂੰਜਦੀਆ ਰਹਿੰਦੀਆਂ, ਜਿਵੇਂ ਉਹ ਕਹਿ ਰਹੀ ਹੋਵੇ, ਮੈਂ ਜਿਉਣਾ ਚਾਹੁੰਦੀ ਹਾਂ, ਮੈਂਨੂੰ ਬਚਾ ਲਉ।

ਲਗਭਗ ਦੋ ਹਫਤਿਆਂ ਬਾਅਦ ਮੈਂਨੂੰ ਮੇਰੀ ਭਰਜਾਈ ਦਾ ਫੇਰ ਫੋਨ ਆਇਆ। ਉਹ ਕਹਿਣ ਲੱਗੀ, ਡਾਕਟਰ ਤੋਂ ਕੱਲ੍ਹ ਦਾ ਟਾਇਮ ਲਿਆ, ਅੱਜ ਦੀ ਰਾਤ ਇਸ ਲੜਕੀ ਦੀ ਆਖਰੀ ਰਾਤ ਏ। ਭਾਜੀ, ਜੇ ਕੁਝ ਕਰ ਸਕਦੇ ਓ ਤਾਂ ਅਜੇ ਵੀ ਮੌਕਾ ਏ। ਮੈਂ ਪੂਰੀ ਰਾਤ ਵਿੱਚ ਇੱਕ ਮਿੰਟ ਵੀ ਸੌਂ ਨਾ ਸਕਿਆ, ਉਸ ਬੱਚੀ ਬਾਰੇ ਹੀ ਸੋਚਦਾ ਰਿਹਾ

ਸੁਬ੍ਹਾ ਫਿਰ ਮੈਂ ਆਪਣੇ ਦੋਸਤ ਦੇ ਘਰ ਪਹੁੰਚ ਗਿਆ। ਇਕ ਵਾਰ ਫਿਰ ਆਪਣੇ ਦੋਸਤ ਨੂੰ ਸਮਝਾਇਆ, ਤਰਲੇ ਕੀਤੇ, ਮਿੰਨਤਾਂ ਕੀਤੀਆਂ, ਰੱਬ ਦਾ ਵਾਸਤਾ ਪਾਇਆਮੈਂ ਆਪਣੇ ਦੋਸਤ ਨੂੰ ਕਹਿ ਦਿੱਤਾ, “ਜੇ ਤੂੰ ਇਸ ਲੜਕੀ ਨੂੰ ਮਾਰ ਦਿੱਤਾ ਤਾਂ ਮੈਂ ਵੀ ਆਤਮ ਹੱਤਿਆ ਕਰ ਲਵਾਂਗਾ।”

ਪਰਮਾਤਮਾ ਨੇ ਮੇਰੇ ਦੋਸਤ ਦੇ ਮਨ ਵਿਚ ਮਿਹਰ ਪਾ ਦਿੱਤੀ। ਉਸ ਨੇ ਹੌਲੀ ਜਿਹੀ ਹਾਂ ਵਿਚ ਸਿਰ ਹਿਲਾ ਦਿੱਤਾ, ਤਾਂ ਕਿਤੇ ਜਾ ਕੇ ਮੇਰੇ ਸਾਹ ਵਿਚ ਸਾਹ ਪਏ। ਮੈਂ ਬਹੁਤ ਖੁਸ਼ ਸੀ। ਖੁਸ਼ੀ ਖੁਸ਼ੀ ਘਰ ਵਾਪਸ ਆ ਗਿਆ

ਸਮਾਂ ਆਪਣੀ ਰਫਤਾਰ ਨਾਲ ਚੱਲਦਾ ਗਿਆ। ਮੇਰੇ ਦੋਸਤ ਦੇ ਘਰ ਬੇਟੀ ਨੇ ਜਨਮ ਲਿਆ। ਬੇਟੀ ਨੂੰ ਸਕੂਲ ਵਿਚ ਪੜ੍ਹਨ ਲਾਇਆ ਗਿਆ। ਇੰਨੀ ਖੂਬਸੂਰਤ ਅਤੇ ਇੰਨੀ ਹੁਸ਼ਿਆਰ ਲੜਕੀ ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਸੀ।

ਸੰਨ 2012 ਵਿਚ ਦਿੱਲੀ ਵਿਚ ਕਿਸੇ ਧਾਰਮਿਕ ਸੰਸਥਾ ਵੱਲੋਂ ਇਕ ਗੁਰਬਾਣੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪੂਰੇ ਦੇਸ਼ ਵਿੱਚੋਂ ਲਗਭਗ ਦੋ ਲੱਖ ਵਿਦਿਆਰਥੀਆਂ ਨੇ ਭਾਗ ਲਿਆ। ਇਸ ਲੜਕੀ ਨੇ ਵੀ ਉਸ ਗੁਰਬਾਣੀ ਮੁਕਾਬਲੇ ਵਿੱਚ ਭਾਗ ਲਿਆ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਪਹਿਲਾ ਇਨਾਮ ਇਨੋਵਾ ਕਾਰ ਜਿੱਤ ਲਈ।

ਜਦੋਂ ਮੈਂਨੂੰ ਬੱਚੀ ਦੇ ਕਾਰ ਜਿੱਤਣ ਦਾ ਪਤਾ ਲੱਗਿਆ, ਮੈਂ ਆਪਣੇ ਦੋਸਤ ਦੇ ਘਰ ਪਹੁੰਚ ਗਿਆ। ਰਿਸ਼ਤੇਦਾਰ ਦੋਸਤ ਮਿੱਤਰ ਅਤੇ ਪਿੰਡ ਵਾਲੇ ਬੱਚੀ ਨੂੰ ਅਤੇ ਬੱਚੀ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇ ਰਹੇ ਸਨ। ਵੱਖ ਵੱਖ ਟੀ ਵੀ ਚੈਨਲਾਂ ਅਤੇ ਅਖਬਾਰਾਂ ਦੇ ਪੱਤਰਕਾਰ ਵੀ ਪਹੁੰਚੇ ਹੋਏ ਸਨ। ਜਦੋਂ ਇਕ ਪੱਤਰਕਾਰ ਨੇ ਬੱਚੀ ਨੂੰ ਪੁੱਛਿਆ, ਤੈਨੂੰ ਗੁਰਬਾਣੀ ਦੀ ਇੰਨੀ ਪ੍ਰੇਰਨਾ ਕਿੱਥੋਂ ਮਿਲੀ ਤਾਂ ਬੱਚੀ ਨੇ ਦੱਸਿਆ, ਸਾਡੇ ਸਕੂਲ ਦੀ ਲਾਇਬਰੇਰੀ ਵਿਚ ਲੱਗੀਆਂ ਵੱਖ ਵੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਨੇ ਮੈਂਨੂੰ ਬਹੁਤ ਪ੍ਰਭਾਵਿਤ ਕੀਤਾ। ਸਾਡੇ ਸਕੂਲ ਦੀ ਲਾਇਬਰੇਰੀਅਨ, ਜੋ ਅੰਮ੍ਰਿਤਧਾਰੀ ਏ, ਸਾਨੂੰ ਇਹਨਾਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਇਤਿਹਾਸ ਤੋ ਸਾਨੂੰ ਜਾਣੂ ਕਰਵਾਉਦੀ ਰਹਿੰਦੀ ਹੈ।”

ਇੱਕ ਪੱਤਰਕਾਰ ਨੇ ਉਸ ਲੜਕੀ ਨੂੰ ਪੁੱਛਿਆ ਕਿ ਪਰਿਵਾਰ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਕਿਸ ਦਾ ਪਿਆਰ ਆਉਂਦਾ ਏ, ਕਿਸ ਦਾ ਮੋਹ ਆਉਂਦਾ ਏ? ਸੱਚ ਕਰਕੇ ਜਾਣਿਉ, ਉਸ ਲੜਕੀ ਨੇ ਦੋਵੇਂ ਬਾਹਾਂ ਖਿਲਾਰ ਲਈਆਂ ਤੇ ਛੋਟੇ ਛੋਟੇ ਕਦਮਾਂ ਨਾਲ ਭੱਜ ਕੇ ਆਪਣੇ ਪਿਤਾ ਨੂੰ ਜੱਫੀ ਪਾ ਲਈ ਤੇ ਕਹਿੰਦੀ, “ਸਭ ਤੋਂ ਵੱਧ ਪਿਆਰ ਮੈਂਨੂੰ ਮੇਰੇ ਪਾਪਾ ਦਾ ਆਉਦਾ ਏ

ਮੇਰੇ ਦੋਸਤ ਨੇ ਮੇਰੇ ਵੱਲ ਦੇਖਿਆ। ਉਸਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਮੈਨੂੰ ਲੱਗਿਆ, ਜਿਵੇਂ ਉਹ ਕਹਿ ਰਿਹਾ ਹੋਵੇ - ਇਹ ਉਹੀ ਲੜਕੀ ਏ, ਜਿਸ ਨੂੰ ਮੈਂ ਜਨਮ ਤੋਂ ਪਹਿਲਾਂ ਮਾਰ ਦੇਣਾ ਚਾਹੁੰਦਾ ਸੀ। ਜਿਸ ਕਾਰ ਦੀ ਖਾਤਰ ਮੈਂ ਮਾਰਨਾ ਚਾਹੁੰਦਾ ਸੀ, ਉਹ ਕਾਰ ਤਾ ਇਹਨੇ ਆਪ ਈ ਪ੍ਰਾਪਤ ਕਰ ਲਈ ਏ, ਮੇਰਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰ ਦਿੱਤਾ ਏ। ਇਵੇਂ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਸੋਚ ’ਤੇ ਪਛਤਾ ਰਿਹਾ ਹੋਵੇ।

ਉਦੋਂ ਹੀ ਮੇਰਾ ਦੋਸਤ ਮੇਰੀ ਬਾਂਹ ਫੜ ਕੇ ਪਾਸੇ ਲੈ ਗਿਆ ਤੇ ਮੇਰੇ ਤੋਂ ਕਸਮ ਪਵਾ ਲਈ ਕਿ ਮੇਰਾ ਨਾਮ ਲੈ ਕੇ ਕਿਸੇ ਕੋਲ ਇਸ ਘਟਨਾ ਦਾ ਜ਼ਿਕਰ ਨਾ ਕਰੀਂ, ਨਹੀਂ ਤਾਂ ਲੋਕ ਮੇਰੇ ਉੱਪਰ ਥੁੱਕਿਆ ਕਰਨਗੇ। ਮੈਂਨੂੰ ਤਾਅਨੇ ਮਾਰਿਆ ਕਰਨਗੇ ਕਿ ਇਸ ਲੜਕੀ ਨੂੰ ਮਾਰਨ ਬਾਰੇ ਤੂੰ ਸੋਚ ਕਿਵੇਂ ਲਿਆ।

*****

(1158)

About the Author

ਜਸਵਿੰਦਰ ਸਿੰਘ ਧਾਲੀਵਾਲ

ਜਸਵਿੰਦਰ ਸਿੰਘ ਧਾਲੀਵਾਲ

Kurai, Mukatsar Sahib, Punjab, India.
Phone: (91 - 75082 - 54006)
Email: (jaswindersingh857@gmail.com)