KulwantSTibba7ਉਸ ਪਿੱਛੋਂ ਪਿੰਡ ਦੀ ਪੰਚਾਇਤ ਨੇ ਕਈ ਵਾਰ ਘਰ ਬੰਦੇ ਭੇਜ ਕੇ ਸੁਨੇਹਾ ਭੇਜਿਆ ਕਿ ...
(29 ਮਾਰਚ 2018)

 

ਇਹ ਘਟਨਾ ਸਾਲ 1993 ਦੀ ਹੈ। ਮੇਰੀ ਉਮਰ ਉਸ ਵੇਲੇ ਮਸਾਂ ਹੀ ਦਸ ਕੁ ਸਾਲਾਂ ਦੀ ਹੋਵੇਗੀ। ਮੈਂ ਉਦੋਂ ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਮੇਰੇ ਬਾਪੂ ਜੀ ਮਰੇ ਹੋਏ ਪਸੂ ਚੁੱਕਣ ਦਾ ਮਲੀਨ ਕਿੱਤਾ ਕਰਦੇ ਸਨ। ਪਿੰਡ ਦੀ ਪੰਚਾਇਤ ਨੇ ਇੱਕ ਸਾਂਝੀ ਥਾਂ ’ਤੇ ਖੁੱਲ੍ਹੀ ਬੋਲੀ ਰਾਹੀਂ ਚਮੜੇ ਦਾ ਠੇਕਾ ਦੇਣਾ ਅਤੇ ਵੱਧ ਬੋਲੀ ਦੇਣ ਵਾਲੇ ਦਲਿਤ ਦੇ ਨਾਂ ਠੇਕਾ ਇੱਕ ਸਾਲ ਲਈ ਤੋੜ ਦਿੰਦੇ। ਮੇਰੇ ਪਿਤਾ ਜੀ ਲੰਮੇ ਸਮੇਂ ਤੋਂ ਬੋਲੀ ਦੇ ਕੇ ਚਮੜੇ ਦਾ ਠੇਕਾ ਲੈਂਦੇ ਆ ਰਹੇ ਸਨ।

ਸਾਡੇ ਘਰ ਦੇ ਇੱਕ ਕੋਨੇ ਵਿੱਚ ਬਣੀ ਕੱਚੀ ਕੋਠੜੀ ਵਿੱਚ ਮਰੇ ਹੋਏ ਪਸੂਆਂ ਦੀਆਂ ਖੱਲਾਂ, ਜਿਵੇਂ ਮਾਝੀ, ਕਟਾਹਲ, ਗੋਕਾ, ਬਸੇਲਾ ਆਦਿ ਰੱਖੀਆਂ ਹੁੰਦੀਆਂ ਅਤੇ ਮੈਂ ਇਨ੍ਹਾਂ ਖੱਲਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਨਮਕ ਲਗਾਉਂਦਾ ਹੁੰਦਾ ਸੀ। ਪਰ ਮੈਨੂੰ ਇਹ ਕਿੱਤਾ ਕਦੇ ਵੀ ਪਸੰਦ ਨਹੀ ਸੀ। ਇੱਕ ਦਿਨ ਪਿੰਡ ਦੇ ਕਿਸੇ ਜੱਟ ਪਰਿਵਾਰ ਦੇ ਘਰ ਮੱਝ ਮਰ ਗਈ, ਉਹ ਸਾਡੇ ਘਰ ਸੁਨੇਹਾ ਦੇ ਗਏ ਕਿ ਮਰੀ ਹੋਈ ਮੱਝ ਚੁੱਕ ਲਿਆਓ। ਉਸ ਜੱਟ ਪਰਿਵਾਰ ਦੀ ਕੁੜੀ ਮੇਰੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸੀ। ਮੇਰੇ ਪਿਤਾ ਜੀ ਕਹਿੰਦੇ ਕਿ ਤੂੰ ਨਾਲ ਚੱਲ, ਆਪਾ ਮੱਝ ਰੇਹੜੇ ’ਤੇ ਲੱਦ ਕੇ ਹੱਡਾਰੋੜੀ ਵਿੱਚ ਲੈ ਚੱਲੀਏ। ਪਰ ਮੈਂ ਤਰੰਤ ਨਾਂਹ ਕਰ ਦਿੱਤੀ। ਮੇਰੇ ਮਨ ਵਿੱਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੱਲ੍ਹ ਨੂੰ ਸਕੂਲ ਵਿੱਚ ਮੈਂ ਉਨ੍ਹਾਂ ਜੱਟਾਂ ਦੀ ਕੁੜੀ ਨੂੰ ਕਿਵੇਂ ਮੂੰਹ ਦਿਖਾਵਾਂਗਾ? ਇਸ ਗੱਲ ਦੇ ਡਰੋਂ ਹੀ ਮੈਂ ਬਾਪੂ ਨੂੰ ਕਿਹਾ ਸੀ ਕਿ ਤੁਸੀਂ ਹੀ ਚੁੱਕ ਲਿਆਓ, ਮੈਂ ਸਿੱਧਾ ਹੱਡਾਰੋੜੀ ਵਿੱਚ ਆ ਜਾਵਾਂਗਾ।

ਸਾਡੇ ਪਰਿਵਾਰ ਵਿੱਚ ਸਭ ਤੋਂ ਛੋਟਾ ਹੋਣ ਕਾਰਣ ਮੇਰੀ ਗੱਲ ਅਕਸਰ ਮੰਨ ਲਈ ਜਾਂਦੀ ਸੀ। ਇਹ ਗੱਲ ਆਈ ਗਈ ਹੋ ਗਈ ਪਰ ਇਸ ਘਟਨਾ ਨੇ ਸਾਡੇ ਪਰਿਵਾਰ ਦੇ ਮਲੀਨ ਕਿੱਤੇ ਪ੍ਰਤੀ ਮੇਰੇ ਮਨ ਵਿੱਚ ਨਫ਼ਰਤ ਪੈਦਾ ਕਰ ਦਿੱਤੀ।

ਇੱਕ ਦਿਨ ਸਾਡੇ ਘਰ ਚੌਕੀਦਾਰ ਸੁਨੇਹਾ ਦੇ ਗਿਆ ਕਿ ਸੱਥ ਵਿੱਚ ਚਮੜੇ ਦੇ ਠੇਕੇ ਦੀ ਬੋਲੀ ਹੋ ਰਹੀ ਹੈ,ਪੰਚਾਇਤ ਨੇ ਕਿਹਾ ਕਿ ਆ ਕੇ ਬੋਲੀ ਦੇਵੋ। ਮੇਰਾ ਬਾਪੂ ਤਰੰਤ ਹੀ ਪਿੰਡ ਦੀ ਸੱਥ ਵੱਲ ਹੋ ਤੁਰਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਬਾਪੂ ਮੁੜ ਠੇਕੇ ਦੀ ਬੋਲੀ ਦੇਣ ਚੱਲਿਆ ਹੈ ਤਾਂ ਮੈਂ ਵਾਹੋਦਾਹੀ ਬਾਪੂ ਮਗਰ ਭੱਜਿਆ ਅਤੇ ਰਾਹ ਵਿੱਚ ਹੀ ਉਸ ਨੂੰ ਰੋਕ ਕੇ ਇਸ ਕਿੱਤੇ ਨੂੰ ਛੱਡ ਦੇਣ ਲਈ ਵਾਸਤਾ ਪਾਇਆ। ਬਾਪੂ ਮੇਰੀ ਗੱਲ ਮੰਨ ਕੇ ਘਰ ਮੁੜ ਮਾਇਆ। ਉਸ ਪਿੱਛੋਂ ਪਿੰਡ ਦੀ ਪੰਚਾਇਤ ਨੇ ਕਈ ਵਾਰ ਘਰ ਬੰਦੇ ਭੇਜ ਕੇ ਸੁਨੇਹਾ ਭੇਜਿਆ ਕਿ ਸੱਥ ਵਿੱਚ ਆ ਕੇ ਬੋਲੀ ਦੇਵੋ, ਨਹੀਂ ਤਾਂ ਚਮੜੇ ਦਾ ਠੇਕਾ ਕਿਸੇ ਹੋਰ ਨੂੰ ਦੇ ਦੇਵਾਂਗੇ। ਬਾਪੂ ਨੇ ਕੋਰਾ ਜਵਾਬ ਦੇ ਦਿੱਤਾ ਕਿ ਅੱਜ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ। ਮੈਨੂੰ ਇੰਨਾ ਚਾਅ ਚੜ੍ਹਿਆ, ਜਿਵੇਂ ਕੋਈ ਜੰਗ ਜਿੱਤ ਲਈ ਹੋਵੇ।

ਬਚਪਨ ਵਿੱਚ ਚਮੜੇ ਦੇ ਮਲੀਨ ਕਿੱਤੇ ਵਿਰੁੱਧ ਕੀਤੀ ਬਗ਼ਾਵਤ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ।

ਇਸ ਘਟਨਾ ਤੋਂ ਵੀਹ ਸਾਲ ਬਾਅਦ ਜਦੋਂ ਮੈਂ ਸੰਵਿਧਾਨ ਨਿਰਮਾਤਾ ਡਾ. ਬੀ.ਆਰ.ਅੰਬੇਡਕਰ ਨੂੰ ਪੜ੍ਹਿਆ ਤਾਂ ਉਨ੍ਹਾਂ ਵੱਲੋਂ ਦਲਿਤਾਂ ਨੂੰ ਮਲੀਨ ਕਿੱਤੇ ਛੱਡ ਦੇਣ ਦੀ ਦਿੱਤੀ ਸਲਾਹ ਬਾਰੇ ਪੜ੍ਹ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦਾ ਕਥਨ ਹੈ: ‘ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।’

ਆਪਣੇ ਆਪ ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਬਚਪਨ ਵਿੱਚ ਨਾ ਤਾਂ ਮੈਂ ਡਾ. ਅੰਬੇਡਕਰ ਨੂੰ ਜਾਣਦਾ ਸੀ ਅਤੇ ਨਾ ਹੀ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਕੁਝ ਜਾਣਦਾ ਸੀ। ਪਰ ਬਚਪਨ ਵਿੱਚ ਕੀਤੀ ਬਗ਼ਾਵਤ ਦਾ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨਾਲ ਮੇਲ ਖਾ ਜਾਣਾ ਇੱਕ ਸੰਯੋਗ ਹੀ ਸਮਝਦਾ ਹਾਂ।

*****

(1083)

About the Author

ਕੁਲਵੰਤ ਸਿੰਘ ਟਿੱਬਾ

ਕੁਲਵੰਤ ਸਿੰਘ ਟਿੱਬਾ

Tibba, Sangur, Punjab, India.
Phone: (91 - 92179 - 71379)
Email: (kulwanttibbapress@gmail.com)