HiraSinghDr7ਲੀਡਰ ਅਤੇ ਉਸਦੇ ਆਦਮੀਆਂ ਨੇ ਇਹਨਾਂ ਨੌਜਵਾਨਾਂ ਨੂੰ ਹਰ ਇਲੈਕਸ਼ਨ ਵਿਚ ਜਾਇਜ਼ ਨਜਾਇਜ਼ ਕੰਮਾਂ ਲਈ ...
(12 ਫਰਬਰੀ 2018)

 

26 ਜਨਵਰੀ ਨੂੰ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਵਿੱਕੀ ਗੌਂਡਰ ਦੀਆਂ ਖਬਰਾਂ ਨਾਲ ਕਈ ਦਿਨ ਪੰਜਾਬੀ ਅਖਬਾਰਾਂ ਭਰੀਆਂ ਰਹੀਆਂ। ਇਹ ਵਿੱਕੀ ਗੌਂਡਰ ਕੌਣ ਹੈ? ਇਹ ਕੋਈ ਬੇਗਾਨਾ ਨਹੀਂ, ਸਾਡੇ ਤੁਹਾਡੇ ਧੀਆਂ ਪੁੱਤਰਾਂ ਵਿੱਚੋਂ ਹੀ ਇਕ ਹੈ। ਜ਼ਿਲ੍ਹਾ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ ਦਾ ਵਸਨੀਕ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ 28 ਸਾਲ ਦੀ ਭਰ ਜਵਾਨ ਉਮਰ ਵਿਚ ਮਾਰਿਆ ਗਿਆ। ਸਰਕਾਰ ਦੀਆਂ ਰਿਪੋਰਟਾਂ ਨੂੰ ਹੀ ਸਹੀ ਮੰਨੀਏ ਤਾਂ ਇਸ ਵੇਲੇ ਪੰਜਾਬ ਵਿਚ ਹਜ਼ਾਰਾਂ ਨੌਜਵਾਨ ਹਨ ਜੋ ਜੀਵਨ ਦੀ ਸਹੀ ਤੋਰ ਤੋਂ ਭਟਕ ਕੇ ਗੈਂਗਸਟਰਾਂ ਦਾ ਜੀਵਨ ਜੀਉ ਰਹੇ ਹਨ। ਸਿੱਧੇ ਸਾਦੇ ਨੌਜਵਾਨ ਪੜ੍ਹਨ ਦੀ ਉਮਰੇ ਅਜਿਹੇ ਪੁੱਠੇ ਕਾਰਿਆਂ ਵਿਚ ਕਿਉਂ ਫਸ ਜਾਂਦੇ ਹਨ, ਜੋ ਉਹਨਾਂ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਮੈਨੂੰ ਚਾਰ ਕਾਰਨ ਅਜਿਹੇ ਲਗਦੇ ਹਨ ਜਿਹੜੇ ਨੌਜਵਾਨਾਂ ਨੂੰ ਗਲਤ ਰਸਤਿਆਂ ਤੇ ਪਾਉਂਦੇ ਹਨ।

ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਸਾਡੇ ਰਾਜਨੀਤਕ ਲੀਡਰ ਹਨ। ਅੱਜਕਲ ਰਾਜਨੀਤੀ ਵਿਚ ਗੁੰਡਾਗਰਦੀ ਦੇ ਅੰਸ਼ ਵਧ ਰਹੇ ਹਨ। ਜਿਹੜੀ ਵੀ ਧਿਰ ਸ਼ਕਤੀ ਵਿਚ ਆਉਂਦੀ ਹੈ, ਉਹੀ ਵਿਰੋਧੀਆਂ ਨੂੰ ਦਬਾਉਣ ਲਈ ਗੁੰਡਾ ਅਨਸਰਾਂ ਦਾ ਸਹਾਰਾ ਲੈਂਦੀ ਹੈ। ਇਕ ਲੀਡਰ (ਵਿਸ਼ੇਸ਼ ਤੌਰ ’ਤੇ ਸਾਡੇ ਐੱਮ. ਐੱਲ. ਏਜ.) ਅਤੇ ਉਸਦੇ ਇਲਾਕੇ ਵਿਚ ਰਹਿਣ ਵਾਲੇ ਉਸਦੇ ਨੇੜਲੇ ਆਦਮੀਆਂ ਦੁਆਲੇ ਅਜਿਹੇ ਨੌਜਵਾਨ ਜੁੜ ਜਾਂਦੇ ਹਨ, ਜੋ ਨਜਾਇਜ਼ ਕਬਜ਼ੇ ਕਰਨ ਅਤੇ ਇਲਾਕੇ ਵਿਚ ਹੁੰਦੇ ਝਗੜਿਆਂ ਵਿਚ ਘੜੰਮ ਚੌਧਰੀ ਬਣਨ ਦੀ ਲਾਲਸਾ ਰੱਖਦੇ ਹਨ। ਇਹ ਛੋਟੇ ਛੋਟੇ ਲੀਡਰ ਵੱਡੇ ਲੀਡਰ ਦੀ ਹਮਾਇਤ ਅਤੇ ਪੁਲਿਸ ਦੀ ਮਦਦ ਨਾਲ ਆਪਣੀ ਚੱਕਵੀਂ ਕਿਸਮ ਦੀ ਲੀਡਰੀ ਕਰਨ ਲੱਗ ਪੈਂਦੇ ਹਨ। ਕਿਉਂਕਿ ਲੀਡਰ ਅਤੇ ਉਸਦੇ ਆਦਮੀਆਂ ਨੇ ਇਹਨਾਂ ਨੌਜਵਾਨਾਂ ਨੂੰ ਹਰ ਇਲੈਕਸ਼ਨ ਵਿਚ ਜਾਇਜ਼ ਨਜਾਇਜ਼ ਕੰਮਾਂ ਲਈ ਵਰਤਣਾ ਹੁੰਦਾ ਹੈ, ਇਸ ਲਈ ਉਹ ਇਹਨਾਂ ਨੌਜਵਾਨਾਂ ਦੀ ਹਮਾਇਤ ਕਰਦੇ ਹਨ। ਇਸ ਲੁਕਵੀਂ ਹਮਾਇਤ ਸਦਕਾ ਪੁਲਿਸ ਇਹਨਾਂ ਦੇ ਕੰਮਾਂ (ਕਿਤੇ ਕਿਸੇ ਦਾ ਕਬਜ਼ਾ ਕਰਾਇਆ, ਕਿਸੇ ਨੂੰ ਧਮਕੀ ਦਿੱਤੀ, ਕਿਸੇ ਨੂੰ ਕੁੱਟ ਦਿੱਤਾ) ਤੋਂ ਅੱਖਾਂ ਮੀਟ ਰੱਖਦੀ ਹੈ। ਅਕਸਰ ਇਹ ਨੌਜਵਾਨ ਨਸ਼ੇੜੀ ਕਿਸਮ ਦੇ ਹੁੰਦੇ ਹਨ। ਹਰ ਇਲਾਕੇ ਦਾ ਐੱਮ. ਐੱਲ. ਏ. ਅਤੇ ਐੱਸ. ਐੱਚ. ਓ. ਇਹਨਾਂ ਦੇ ਨਸ਼ਿਆਂ ਦੀ ਪੂਰਤੀ ਕਰਦੇ ਹਨ। ਮੁਫਤ ਵਿਚ ਮਿਲਦੇ ਨਸ਼ਿਆਂ ਕਾਰਨ ਇਹ ਲੋਕ ਆਪਣੇ ਜੋਟੀਦਾਰਾਂ ਵਿਚ ਵਾਧਾ ਕਰਦੇ ਜਾਂਦੇ ਹਨ। ਜਦੋਂ ਮਹਿੰਗੇ ਨਸ਼ਿਆਂ ਦੀ ਪੂਰਤੀ ਵਿਚ ਕਮੀ ਆਉਂਦੀ ਹੈ ਤਾਂ ਇਹ ਲੋਕ ਨਸ਼ਿਆਂ ਦੇ ਕਾਰੋਬਾਰ ਵਿਚ ਪੈ ਜਾਂਦੇ ਹਨ। ਕਿਉਂਕਿ ਇਹ ਲੋਕ ਨਸ਼ਿਆਂ ਦੇ ਕਾਰੋਬਾਰ ਤੋਂ ਪੂਰੀ ਤਰ੍ਹਾਂ ਜਾਣੂ ਹੁੰਦੇ ਹਨ, ਇਸ ਲਈ ਛੇਤੀ ਹੀ ਪੈਸੇ ਵੀ ਕਮਾਉਣ ਲੱਗ ਪੈਂਦੇ ਹਨ। ਇੰਜ ਐਸ਼ ਪ੍ਰਸਤ ਜ਼ਿੰਦਗੀ ਜਿਊਣ ਵਾਲੇ ਲੲ ਗੈਂਗਸਟਰ ਬਣਨ ਦਾ ਰਾਹ ਖੁੱਲ੍ਹਦਾ ਹੈ।

ਇਹਨਾਂ ਨੌਜਵਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਇਹ ਨਸ਼ਿਆਂ ਦੀ ਦਲਦਲ ਵਿਚ ਧਕੇਲ ਰਹੇ ਲੀਡਰ ਉਹਨਾਂ ਦਾ ਭਲਾ ਨਹੀਂ ਕਰ ਰਹੇ। ਉਹਨਾਂ ਦੁਆਲੇ ਜੋ ਤਾਕਤ ਦੇ ਖੰਭ ਨਿਕਲੇ ਹਨ, ਇਹ ਪਰਾਏ ਹਨ। ਜਦੋਂ ਤੁਸੀਂ ਲੀਡਰਾਂ ਦੇ ਕਹਿਣੇ ਵਿਚ ਨਾ ਰਹੇ ਜਾਂ ਉਹਨਾਂ ਦੇ ਕੰਮ ਦੇ ਨਾ ਰਹੇ, ਤੁਹਾਨੂੰ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਕਾਨੂੰਨ ਨਾਲ ਖਿਲਵਾੜ ਜੇਲ੍ਹ ਅਤੇ ਗੁਮਨਾਮੀ ਵੱਲ ਜਾਂਦਾ ਰਸਤਾ ਹੈ, ਜੀਵਨ ਤੇ ਖੁਸ਼ਹਾਲੀ ਵੱਲ ਨਹੀਂ।

ਗੈਂਗਸਟਰ ਬਣਨ ਦਾ ਦੂਸਰਾ ਵੱਡਾ ਕਾਰਨ ਬੇਰੁਜ਼ਗਾਰੀ ਹੈ। ਪਿੰਡ ਕੀ, ਸ਼ਹਿਰ ਕੀ, ਹਰ ਥਾਂ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਪਹਿਲੀਆਂ ਸਰਕਾਰਾਂ ਆਪਣੇ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਬਾਰੇ ਸੋਚਦੀਆਂ ਸਨ, ਪਰ ਅੱਜ ਦੀਆਂ ਸਰਕਾਰਾਂ ਤਾਂ ਸਿਰਫ ਦਲਾਲੀ ਕਰਨ ਨੂੰ ਹੀ ਰਾਜਨੀਤੀ ਸਮਝਦੀਆਂ ਹਨ। ਵੱਡੀਆਂ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੂੰ ਦੇਸ਼ ਦੇ ਕੁਦਰਤੀ ਸ੍ਰੋਤ ਵੇਚੀ ਜਾ ਰਹੀਆਂ ਹਨ। ਨੌਜਵਾਨਾਂ ਦੀ ਭਲਾਈ ਲਈ ਕੋਈ ਸਕੀਮ ਨਹੀਂ ਜੇਕਰ ਸਕੀਮ ਹੈ ਤਾਂ ਮੁਫਤ ਫੋਨ, ਮੁਫਤ ਮੋਬਾਇਲ ਡਾਟਾ, ਮੁਫਤ ਯਾਤਰਾ ਆਦਿ। ਪਰਿਵਾਰ ਪਾਲਣ ਦੀ ਉਮਰੇ ਬੇਰੁਜ਼ਗਾਰ ਨੌਜਵਾਨ ਜਾਂ ਤਾਂ ਧਾਰਮਿਕ ਡੇਰਿਆਂ ਤੇ ਬਾਬਿਆਂ ਦੇ ਅੰਧਵਿਸ਼ਵਾਸੀ ਪ੍ਰਵਚਨ ਸੁਣਨ ਲਈ ਜਾਂਦੇ ਹਨ ਜਾਂ ਫਿਰ ਰਾਜਨੀਤਕ ਲੀਡਰਾਂ ਦੇ ਚਮਚਿਆਂ ਕੋਲ ਨਸ਼ਿਆਂ ਦੀ ਪੂਰਤੀ ਕਰਨ। ਨੌਜਵਾਨ ਪੀੜ੍ਹੀ ਕੋਲ ਕੋਈ ਆਦਰਸ਼ ਨਹੀਂ ਰਹਿ ਗਿਆ। ਰੋਜ਼ਗਾਰ ’ਤੇ ਲੱਗਾ ਹੋਇਆ ਕੋਈ ਵਿਅਕਤੀ ਸੌਖਿਆਂ ਗੈਂਗਸਟਰ ਨਹੀਂ ਬਣਦਾ ਪਰ ਬੇਰੁਜ਼ਗਾਰੀ ਦੀ ਹਾਲਤ ਵਿਚ ਗੈਂਗਸਟਰ ਬਣਨ ਦੇ ਬਹੁਤ ਮੌਕੇ ਹੋ ਸਕਦੇ ਹਨ। ਰੋਜ਼ਗਾਰ ਲੈਣਾ ਦੇਸ਼ ਦੇ ਨਾਗਰਿਕਾਂ ਦਾ ਹੱਕ ਹੁੰਦਾ ਹੈ, ਕੋਈ ਖੈਰਾਤ ਨਹੀਂ ਹੁੰਦੀ।

ਗੈਂਗਸਟਰਾਂ ਦੇ ਉਭਾਰ ਵਿਚ ਤੀਸਰਾ ਮੁੱਖ ਕਾਰਨ ਪੁਲਿਸ ਅਤੇ ਜੇਲ ਵਿਭਾਗ ਸਮੇਤ ਸਾਡੀ ਨਿਆਇਕ ਵਿਵਸਥਾ ਹੈ। ਜਦੋਂ ਵੀ ਕਿਸੇ ਇਲਾਕੇ ਵਿਚ ਕੋਈ ਵੱਡਾ ਜੁਰਮ ਹੁੰਦਾ ਹੈ ਤਾਂ ਪੁਲਿਸ ਨਿਰਪੱਖ ਜਾਂਚ ਕਰਨ ਦੀ ਬਜਾਇ ਇਲਾਕੇ ਦੇ ਰਾਜਨੀਤਕ ਲੀਡਰਾਂ ਦੀ ਰਾਇ ਲੈਣ ਲੱਗ ਪੈਂਦੀ ਹੈ। ਰਾਜਨੀਤਕ ਲੀਡਰਾਂ ਨੇ ਪੁਲਿਸ ਪ੍ਰਬੰਧ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਮੇਰਾ ਇਕ ਰਿਸ਼ਤੇਦਾਰ ਪੁਲਿਸ ਅਫਸਰ ਕਹਿੰਦਾ, ਇੱਥੇ ਸਪਸ਼ਟ ਦੋ ਕਿਸਮ ਦੇ ਕਾਨੂੰਨ ਹਨ ਅਮੀਰਾਂ ਲਈ ਹੋਰ ਤੇ ਗਰੀਬਾਂ ਲਈ ਹੋਰ। ਜੇਕਰ ਇਲਾਕੇ ਦਾ ਲੀਡਰ (ਅਕਸਰ ਐੱਮ. ਐੱਲ. ਏ.) ਇਸ਼ਾਰਾ ਕਰ ਦੇਵੇ ਤਾਂ ਪੁਲਿਸ ਮੁਜਰਿਮ ਨੂੰ ਬਚਾਉਣ ’ਤੇ ਲੱਗ ਜਾਂਦੀ ਹੈ। ਜੇਕਰ ਲੀਡਰ ਦਾ ਕੋਈ ਹੁਕਮ ਨਹੀਂ ਤਾਂ ਪੁਲਿਸ ਪੈਸਾ ਬਣਾਉਣ ’ਤੇ ਲੱਗ ਜਾਂਦੀ ਹੈ। ਨਿਆਂ ਅਨਿਆਂ ਦੇਖਣ ਦਾ ਕੰਮ ਸ਼ਾਇਦ ਦਸ ਪ੍ਰਤੀਸ਼ਤ ਤੋਂ ਵੀ ਘੱਟ ਹੁੰਦਾ ਹੈ। ਸਾਡੀ ਨਿਆਂ ਵਿਵਸਥਾ ਅਜਿਹੀ ਹੈ ਕਿ ਜੇਕਰ ਮੁਜਰਿਮ ਵਕੀਲ ਦੀ ਫੀਸ (ਸਮੇਤ ਪੁਲਿਸ ਅਤੇ ਜੱਜ ਦੀ ਫੀਸ) ਭਰ ਦੇਵੇ ਤਾਂ ਅਦਾਲਤਾਂ ਮੁਜਰਿਮ ਨੂੰ ਫਾਂਸੀ ਤੋਂ ਵੀ ਉਤਾਰ ਲੈਂਦੀਆਂ ਹਨ ਪਰ ਜੇਕਰ ਫੀਸ ਨਹੀਂ ਭਰੀ ਤਾਂ ਅੱਧੀ ਬੋਤਲ ਦੇਸੀ ਸ਼ਰਾਬ ਦੇ ਜੁਰਮ ਵਿਚ ਵੀ ਛੇ ਮਹੀਨੇ ਜੇਲ ਵਿੱਚ ਬੰਦ ਰਹਿ ਸਕਦੇ ਹੋ।

ਗੈਂਗਸਟਰ ਬਣੇ ਨੌਜਵਾਨ ਅਕਸਰ ਗਰੁੱਪਾਂ ਵਿਚ ਹੁੰਦੇ ਹਨ। ਇੱਕ ਅੱਧੇ ਦੇ ਫੜੇ ਜਾਣ ’ਤੇ ਬਾਕੀ ਮੈਂਬਰ ਪੈਸਾ ਅਤੇ ਨਜਾਇਜ਼ ਹਥਿਆਰਾਂ ਦਾ ਡਰਾਵਾ ਵਰਤ ਕੇ ਅਕਸਰ ਨਜ਼ਰਬੰਦ ਸਾਥੀਆਂ ਨੂੰ ਛੁਡਾ ਲੈਂਦੇ ਹਨ। ਜੇਕਰ ਪੈਸੇ ਅਤੇ ਡਰਾਵੇ ਨਾਲ ਨਾ ਛੁੱਟੇ ਤਾਂ ਉਹ ਜ਼ਬਰਦਸਤੀ ਜੇਲਾਂ ਵਿੱਚੋਂ ਵੀ ਭਜਾ ਕੇ ਲੈ ਜਾਂਦੇ ਹਨ। ਜੇਕਰ ਕਿਸੇ ਮੁਜਰਿਮ ਨੂੰ ਜੇਲ ਜਾਣਾ ਵੀ ਪਵੇ ਤਾਂ ਜੇਲ ਪੱਕੇ/ਆਦੀ ਮੁਜਰਮਾਂ ਲਈ ਅਰਾਮਦਾਇਕ ਰਿਹਾਇਸ਼ਗਾਹ ਹੁੰਦੀ ਹੈ। ਉੱਥੇ ਵੱਡੇ ਮੁਜਰਿਮਾਂ ਦਾ ਰਾਜ ਚੱਲਦਾ ਹੈ। ਪਿਛਲੇ ਦਿਨਾਂ ਵਿਚ ਕਈ ਗੈਂਗਸਟਰ ਜੇਲਾਂ ਵਿੱਚੋਂ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ ਹਨ। ਪੁਰਾਣੇ ਸਮੇਂ ਵਿਚ ਜੇਲ੍ਹਾਂ ਦੀਆਂ ਦੀਵਾਰਾਂ ਇਸ ਲਈ ਉੱਚੀਆਂ ਬਣਾਈਆਂ ਜਾਂਦੀਆਂ ਸਨ ਕਿ ਇਹਨਾਂ ਅੰਦਰ ਗਏ ਮੁਜਰਿਮਾਂ ਦਾ ਬਾਹਰਲੀ ਦੁਨੀਆਂ ਨਾਲ ਸੰਪਰਕ ਨਾ ਰਹੇ। ਅੱਜ ਮੋਬਾਇਲ ਇੰਟਰਨੈੱਟ ਸੇਵਾਵਾਂ ਨੇ ਦੀਵਾਰਾਂ ਦੀ ਇਸ ਉਚਾਈ ਨੂੰ ਬੇਮਾਇਨਾ ਕਰ ਦਿੱਤਾ ਹੈ। ਹਰ ਮਹੀਨੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਮੋਬਾਇਲ ਫੋਨ ਤੇ ਸਿੰਮ ਕਾਰਡ ਫੜੇ ਜਾਂਦੇ ਹਨ। ਕਾਨੂੰਨਾਂ ਦੀਆਂ ਚੋਰ ਮੋਰੀਆਂ ਛੋਟੇ ਮੋਟੇ ਕੇਸਾਂ ਵਿਚ ਫਸੇ ਨੌਜਵਾਨਾਂ ਨੂੰ ਵੱਡੇ ਜੁਰਮ ਕਰਨ ਲਈ ਉਕਸਾਉਂਦੀਆਂ ਹਨ। ਪੰਜ-ਪੰਜ, ਛੇ-ਛੇ ਕੇਸ ਪੈਣ ’ਤੇ ਵੀ ਮੁਜਰਿਮਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਹਨ। ਕੇਸ ਸਾਲਾਂ ਦੇ ਸਾਲ ਸੁਸਤ ਚਾਲ ਚਲਦੇ ਰਹਿੰਦੇ ਹਨ। ਮੁਜਰਿਮ ਬਾਹਰ ਆ ਕੇ ਹੋਰ ਵਾਰਦਾਤਾਂ ਕਰਦੇ ਰਹਿੰਦੇ ਹਨ। ਗੈਂਗਸਟਰਾਂ ਵਿਚ ਨਵੇਂ ਰਲਣ ਵਾਲੇ ਨੌਜਵਾਨਾਂ ਦਾ ਹੌਸਲਾ ਵਧਿਆ ਰਹਿੰਦਾ ਹੈ।

ਚੌਥਾ ਅਤੇ ਸਭ ਤੋਂ ਅਹਿਮ ਕਾਰਨ ਜੋ ਸਾਡੇ ਨੌਜਵਾਨਾਂ ਵਿਚ ਗੈਂਗਸਟਰ ਬਣਨ ਦੀ ਰੁਚੀ ਪੈਦਾ ਕਰਦਾ ਹੈ, ਉਹ ਹੈ ਸਾਡਾ ਮਨੋਰੰਜਨ ਮੀਡੀਆ। ਟੀ. ਵੀ. ਉੱਪਰ ਚੱਲਦੇ ਗਾਣਿਆਂ (ਵਿਸ਼ੇਸ਼ ਕਰ ਪੰਜਾਬੀ ਗਾਣਿਆਂ) ਵਿੱਚ ਅਜਿਹੇ ਗਾਣਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਨ੍ਹਾਂ ਵਿਚ ਹਥਿਆਰਾਂ ਦੀ ਵਰਤੋਂ ਕਰਨ ਨੂੰ ਨੌਜਵਾਨਾਂ ਵਿਚ ਜਵਾਨੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਬਹੁਤ ਸਾਰੇ ਗਾਣਿਆਂ ਵਿਚ ਨੌਜਵਾਨ ਕੁੜੀਆਂ ਅਤੇ ਜ਼ਮੀਨਾਂ ਉੱਤੇ ਹਥਿਆਰਾਂ ਦੇ ਜ਼ੋਰ ਨਾਲ ਸਫਲ ਕਬਜ਼ੇ ਹੁੰਦੇ ਵਿਖਾਏ ਜਾਂਦੇ ਹਨ। ਪੰਜਾਬੀ ਗਾਣਿਆਂ ਅਤੇ ਫਿਲਮਾਂ ਵਿਚ ਯਾਰ ਦੀ ਯਾਰੀ ਹਥਿਆਰਾਂ ਸਮੇਤ ਕੰਮ ਆਉਂਦੀ ਵਿਖਾਈ ਜਾਂਦੀ ਹੈ, ਜਿਵੇਂ ਹਥਿਆਰ ਤੋਂ ਬਿਨਾਂ ਯਾਰ ਦੀ ਯਾਰੀ ਦਾ ਕੋਈ ਮਤਲਬ ਹੀ ਨਾ ਹੋਵੇ। ਪੰਜਾਬ ਸਰਕਾਰ ਲੋਕਾਂ ਦੀ ਜ਼ਮੀਨ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਵਾਸਤੇ ਤਾਂ ਬੜੀ ਛੇਤੀ ਕਾਨੂੰਨ ਬਣਾ ਲੈਂਦੀ ਹੈ ਪਰ ਲੋਕਾਂ ਨੂੰ ਸਾਫ ਸੁਥਰਾ (ਅਸ਼ਲੀਲਤਾ, ਨਸ਼ਿਆਂ ਅਤੇ ਹਥਿਆਰਾਂ ਦੇ ਦਿਖਾਵੇ ਤੋਂ ਰਹਿਤ) ਮਨੋਰੰਜਨ ਮਿਲੇ, ਅਜਿਹਾ ਕੋਈ ਕਾਨੂੰਨ ਨਹੀਂ ਬਣਾਉਂਦੀ।

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਕਾਰਨ ਗਲਤ ਰਸਤੇ ਪਏ ਨੌਜਵਾਨਾਂ ਨੂੰ (ਝੂਠੇ ਜਾਂ ਸੱਚੇ) ਪੁਲਿਸ ਮੁਕਾਬਲਿਆਂ ਵਿਚ ਮਾਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ। ਮੌਤ ਨਾਲ ਖੇਡ ਰਹੇ ਇਹ ਗੈਂਗਸਟਰਾਂ ਨਾਲ ਜੁੜੇ ਨੌਜਵਾਨ ਸਮੁੱਚੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਵਸਦੇ ਕਿਸੇ ਪਿਉ ਦੇ ਸੁਪਨੇ ਹਨ, ਕਿਸੇ ਮਾਂ ਦੀਆਂ ਆਂਦਰਾਂ ਹਨ, ਕਿਸੇ ਭੈਣ ਦੀ ਰੱਖੜੀ ਹਨ, ਕਿਸੇ ਚੂੜੇ ਵਾਲੀ ਦਾ ਭਵਿੱਖ ਹਨ। ਇਹਨਾਂ ਨੂੰ ਸਿੱਧੇ ਰਾਹ ਲਿਆਉਣ ਦੇ ਨਾਲ ਨਾਲ ਸਾਨੂੰ ਆਪਣੀ ਵਿਵਸਥਾ ਨੂੰ ਵੀ ਬਦਲਣ ਦੀ ਲੋੜ ਹੈ। ਰਾਜਨੀਤੀ ਨੂੰ ਕਿੱਤੇ ਨਾਲੋਂ ਸੇਵਾ ਸਮਝਣ ਦੀ ਲੋੜ ਹੈ। ਸਾਡੇ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਸਕਾਰਾਤਮਕ ਢੰਗ ਵਰਤ ਕੇ ਜਿਵੇਂ ਖੇਡਾਂ/ਕਲੱਬਾਂ ਦੀਆਂ ਗਤੀਵਿਧੀਆਂ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ। ਸਰਕਾਰੀ ਨੀਤੀਆਂ ਨੂੰ ਲੋਕ-ਕਲਿਆਣ ਵਾਲੀਆਂ ਬਣਾਉਣ। ਨਸ਼ਿਆਂ ਦੇ ਵਪਾਰ ਨੂੰ ਪਾਕਿਸਤਾਨ ਦੇ ਸਿਰ ਮੜ੍ਹਨ ਦੀ ਥਾਂ ਆਪਣੀ ਕਮੀ ਮੰਨ ਕੇ ਇਸ ਦਾ ਖਾਤਮਾ ਕਰਨ। ਪੁਲਿਸ ਛੋਟੇ ਮੋਟੇ ਜੁਰਮ ਕਰਨ ਵਾਲੇ ਨੌਜਵਾਨਾਂ ’ਤੇ ਨਕੇਲ ਕੱਸ ਕੇ ਉਹਨਾਂ ਨੂੰ ਵੱਡੇ ਮੁਜਰਿਮ ਬਣਨ ਤੋਂ ਰੋਕੇ।

ਨਿਆਂ ਪਾਲਿਕਾ ਨੂੰ ਚਾਹੀਦਾ ਹੈ ਕਿ ਆਦੀ ਮੁਜਰਿਮਾਂ ਦੀ ਕੈਟਾਗਰੀ ਬਣਾ ਕੇ ਉਹਨਾਂ ਦੀਆਂ ਜ਼ਮਾਨਤਾਂ ਦੇ ਰਾਹ ਬੰਦ ਕਰੇ। ਇੰਜ ਹੀ ਪੰਜਾਬ ਦਾ ਜੇਲ ਵਿਭਾਗ ਵੀ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ। ਅੱਜ ਜੇਲਾਂ ਨਸ਼ਿਆਂ ਦੇ ਵਪਾਰ ਅਤੇ ਮੁਜਰਿਮਾਂ ਦੇ ਸ਼ਾਹੀ ਅੱਡੇ ਬਣੀਆਂ ਹੋਈਆਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੇਲ ਕਾਨੂੰਨ ਵਿਚ ਲੋੜੀਂਦੀ ਸੋਧ ਕਰੇ।

ਸਭ ਤੋਂ ਜ਼ਰੂਰੀ ਇਹ ਹੈ ਕਿ ਪੰਜਾਬੀ ਸਭਿਆਚਾਰ ਦੇ ਨਾਮ ਤੇ ਅਸ਼ਲੀਲਤਾ, ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੀਆਂ ਫਿਲਮਾਂ ਅਤੇ ਗੀਤ ਐਲਬਮਾਂ ਨੂੰ ਰੋਕਣ ਲਈ ਪੰਜਾਬ ਵਿਚ ਫਿਲਮ ਸੈਂਸਰ ਬੋਰਡ ਵਰਗੀ ਕੋਈ ਕਾਨੂੰਨੀ /ਸੰਵਿਧਾਨਕ ਸੰਸਥਾ ਬਣਾਈ ਜਾਵੇ। ਇਲੈਕਟ੍ਰਾਨਿਕ ਅਤੇ ਪਰਿੰਟ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਗੈਂਗਸਟਰਾਂ ਦੀਆਂ ਖਬਰਾਂ ਨੂੰ ਵਿਸ਼ੇਸ਼ ਤਰਜੀਹ ਦੇ ਕੇ ਨਾ ਦਿਖਾਉਣ/ਛਾਪਣ। ਟੀ. ਵੀ. ਅਤੇ ਅਖਬਾਰਾਂ ਵਿਚ ਮਿਲਦੀ ਵਿਸ਼ੇਸ਼ ਤਰਜੀਹ ਵੀ ਨੌਜਵਾਨਾਂ ਵਿਚ ਗੈਂਗਸਟਰ ਬਣਨ ਦੀ ਖਿੱਚ ਪੈਦਾ ਕਰਦੀ ਹੈ।

ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕੋਈ ਨੌਜਵਾਨ ਘਰ ਬੈਠਿਆਂ ਗੈਂਗਸਟਰ ਨਹੀਂ ਬਣਦਾ, ਸਾਡੀ ਵਿਵਸਥਾ ਹੀ ਅਜਿਹਾ ਮਾਹੌਲ ਪੈਦਾ ਕਰਦੀ ਹੈ ਕਿ ਸਾਡੇ ਨੌਜਵਾਨ ‘ਵਿੱਕੀ ਗੌਂਡਰ’ ਬਣਨ ਲਈ ਮਜਬੂਰ ਹੁੰਦੇ ਹਨ। ਇਹ ਨੌਜਵਾਨ ਸਾਡੇ ਆਪਣੇ ਹਨ, ਦੇਸ਼ ਦਾ ਅਸਲੀ ਸਰਮਾਇਆ ਹਨ। ਇਹਨਾਂ ਦੀ ਅਥਾਹ ਸ਼ਕਤੀ ਨੂੰ ਸਕਾਰਾਤਮਕ ਰੂਪ ਵਿਚ ਵਰਤਣ ਦੀ ਲੋੜ ਹੈ। ਰਾਜਨੀਤਕ ਇੱਛਾ ਤੋਂ ਬਿਨਾਂ ਕੋਈ ਗੈਂਗਸਟਰ ਗਰੁੱਪ ਬਣ/ਚਲ ਨਹੀਂ ਸਕਦਾ।

*****

(1009)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹੀਰਾ ਸਿੰਘ

ਡਾ. ਹੀਰਾ ਸਿੰਘ

Phone: (91 - 95175 - 34823)
Email: (hsrandhawajal@gmail.com)