“ਦਮੜਿਆਂ ਖ਼ਾਤਰ ਕਦੇ ਨਾ ਵਿਕਿਓ, ਬੋਲਿਓ ਜਾਂ ਕੁਝ ਲਿਖਿਓ, ਪਰ ਕਦੇ ਨਾ ਝੁਕਿਓ ...”
(21 ਫਰਵਰੀ 2026)
1. ਪਲਕਾਂ ਝਪਕਦਿਆਂ ਹੀ...
ਪਲਕਾਂ ਝਪਕਦਿਆਂ ਹੀ
ਕਿੰਨਾ ਕੁਝ ਬਦਲ ਜਾਂਦਾ ਹੈ
ਕਦੇ ਰਾਤ ਤੇ ਕਦੇ
ਸਵੇਰਾ ਨਜ਼ਰ ਆਉਂਦਾ ਹੈ
ਆਪਣੇ ਪਰਾਇਆਂ ’ਚ
ਫਰਕ ਵੀ ਮੁਸ਼ਕਿਲ ਹੋ ਜਾਂਦਾ ਹੈ
ਪਲਕਾਂ ਛਪਕਦਿਆਂ ਹੀ
ਕਿੰਨਾ ਕੁਝ ਬਦਲ ਜਾਂਦਾ ਹੈ
ਕਦੇ ਤੋਲਾ ਤੇ ਕਦੇ ਉਹ
ਸੇਰ ਨਜ਼ਰ ਆਉਂਦਾ ਹੈ
ਧਰਤ-ਆਸਮਾਂ ਤੇ
ਚੰਨ, ਸੂਰਜ ਤੇ ਸਿਤਾਰੇ
ਬਦਲਦੇ ਨਾ ਕਦੇ
ਪਰ ਆਦਮੀ ਦੀ ਫਿਤਰਤ
ਕੀ ਬਿਆਂ ਕਰੇ ਫਕੀਰ ਸਿਆਂ
ਪਲ-ਪਲ ਬਦਲੇ ਆਦਮੀ
ਜਿਉਂ ਗਿਰਗਟਾਂ ਸੰਗ ਦੋਸਤੀ
ਕਦੇ ਦੇਵਤਾ ਤੇ ਕਦੇ ਉਹ
ਦੈਂਤ ਨਜ਼ਰ ਆਉਂਦਾ ਹੈ
ਪਲਕਾਂ ਝਪਕਦਿਆਂ ਹੀ
ਕਿੰਨਾ ਕੁਝ ਬਦਲ ਜਾਂਦਾ ਹੈ!
* * *
2. ਨਵੀਂ ਫਸਲ
ਚਲੋ ਇੱਕ ਬਾਰ ਫੇਰ
ਜ਼ਿੰਦਗੀ ਨਾਲ ਦਿਲਲਗੀ ਕਰਦੇ ਹਾਂ
ਕੁਝ ਰੁੱਸਦੇ ਹਾਂ - ਕੁਝ ਮਨਾਉਂਦੇ ਹਾਂ
ਚਲੋ ਜ਼ਿੰਦਗੀ ਨੂੰ ਕੁਝ
ਕਰਕੇ ਦਿਖਾਉਂਦੇ ਹਾਂ
ਭੁੱਲ ਗਏ ਸੀ ਹਾਸੇ
ਦੇਖੇ ਬੜੇ ਮਦਾਰੀਆਂ ਦੇ ਤਮਾਸ਼ੇ
ਅੱਕ ਗਿਆ ਮਨ - ਥੱਕੇ ਥੱਕੇ ਕਦਮ
ਹੁਣ ਲੱਭਦੇ ਹਾਂ ਕਿਤੋਂ
ਜਵਾਕਾਂ ਦੀਆਂ ਚੀਕਾਂ
ਤੇ ਸਿੱਖਦੇ ਹਾਂ ਖੇਡਾਂ ਤੇ ਝੇਡਾਂ
ਸ਼ਾਇਦ ਅਸੀਂ ਵੀ ਲੱਭ ਲਈਏ
ਜੀਊਣ ਦੀਆਂ ਕੁਝ ਤਰਕੀਬਾਂ
ਬਹਰਹਾਲ ਕੁਰਸੀਆਂ ਤੋਂ
ਦੂਰੀ ਬਣਾਉਂਦੇ ਹਾਂ
ਪੱਥਰਾਂ ਨੂੰ ਅਲਵਿਦਾ ਕਹਿੰਦੇ ਹਾਂ
ਕੋਈ ਨਵੀਂ ਫਸਲ ਤਿਆਰ ਕਰਦੇ ਹਾਂ
ਕੋਈ ਨਵਾਂ ਮੁਕਾਮ ਹਾਸਲ ਕਰਦੇ ਹਾਂ
* * *
3. ਪੰਜਾਬੀ ਦਾ ਕੀ ਹੈ
ਪੰਜਾਬੀ ਆਉਂਦੀ
ਸਾਰੇ ਪੰਜਾਬੀਆਂ ਨੂੰ
ਪੰਜਾਬੀ ਦਾ ਕੀ ਹੈ!
ਅੰਗਰੇਜ਼ੀ ਦਾ ਹੈ ਜ਼ਮਾਨਾ
ਅੰਗਰੇਜ਼ੀ ਕਿਉਂ ਨਾ ਪੜ੍ਹੋ
ਅੰਗਰੇਜ਼ ਬਣੋ!
ਪੰਜਾਬੀ ਨਾ ਬੋਲੋ ਕਿਤੇ
ਪੰਜਾਬੀ ਆਉਂਦੀ ਹੈ
ਸਾਰੇ ਪੰਜਾਬੀਆਂ ਨੂੰ
ਪੰਜਾਬੀ ਦਾ ਕੀ ਹੈ!
ਅੰਗਰੇਜ਼ੀ ਸਕੂਲਾਂ ਵਿੱਚ
ਪੜ੍ਹਦੇ ਨੇ ਜਵਾਕ
ਘਰਾਂ ਵਿੱਚ ਫੇਰ ਭਲਾ
ਪੰਜਾਬੀ ਕਿਉਂ ਬੋਲਣ
ਪੰਜਾਬੀ ਦਾ ਕੀ ਹੈ!
ਅਨਪੜ੍ਹ ਤੇ ਅੱਧਪੜ੍ਹੇ ਵੀ
ਮਾਰਦੇ ਮੂੰਹ ਅੰਗਰੇਜ਼ੀ ਨੂੰ
ਟੁੱਟੀ ਫੁੱਟੀ ਅੰਗਰੇਜ਼ੀ ’ਚ
ਕਹਿੰਦੇ- ਪੰਜਾਬੀ ਦਾ ਕੀ ਹੈ!
ਜਿਨ੍ਹਾਂ ਨੂੰ ਆਵੇ ਨਾ ਅੰਗਰੇਜ਼ੀ
ਉਹ ਹਿੰਦੀ ਬੋਲਦੇ ਫਿਲਮੀ ਜਿਹੀ
ਨਖਰੇਲੋ ਕਰਦੀਆਂ ਨਖ਼ਰੇ!
ਆਖਣ- ਪੰਜਾਬੀ ਮੇਂ
ਕਯਾ ਰੱਖਾ ਹੈ!
ਰਹਿ ਗਏ ਵਿਚਾਰੇ ਚੰਦ ਟੋਟਰੂ
ਓਏ ਸ਼ੈਦਾਈ ਫਕੀਰ ਸਿਆਂ!
ਉਹ ਬੋਲਣ ਪੰਜਾਬੀ, ਪੜ੍ਹਨ ਪੰਜਾਬੀ
ਤੇ ਲਿਖਦੇ ਵੀ ਪੰਜਾਬੀ ’ਚ
ਕਵਿਤਾਵਾਂ, ਲੇਖ ਤੇ
ਕਹਾਣੀਆਂ ਵਗ਼ੈਰਾ-ਵਗੈਰਾ!
ਬੋਲੀਆਂ ਤੇ ਨਾਅਰੇ ਵੀ
ਪੰਜਾਬੀ ਵਿੱਚ ਨੇ ਮਾਰਦੇ
ਪਰ ਜਦੋਂ ਬਾਤ ਆਵੇ ਘਰ
ਤੇ ਰੋਜ਼ਗਾਰ-ਕਾਰੋਬਾਰ ਦੀ
ਤੇ ਫੁਕਰਿਆਂ ਦੇ ਸੰਸਾਰ ਦੀ
ਤਾਂ ਇੱਕੋ ਆਵਾਜ਼ ਗੂੰਜਦੀ
ਪੰਜਾਬੀ ਆਉਂਦੀ ਸਾਰੇ
ਪੰਜਾਬੀਆਂ ਨੂੰ
ਪੰਜਾਬੀ ਦਾ ਕੀ ਹੈ!
* * *
4. ਜਦੋਂ ਪੈੜਾਂ ਛੱਡਦੇ ਨੇ
ਖ਼ਿਆਲਾਂ ਵਿੱਚ ਤਾਰੇ ਜਗਦੇ ਨੇ
ਸੋਚਾਂ ਵਿੱਚ ਸੂਰਜ ਮਘਦੇ ਨੇ
ਚੰਦ ਤੇ ਧਰਤ ਵੀ ਨੇ
ਜ਼ਿਹਨ ਅੰਦਰ
ਕੁਦਰਤ ਦੇ ਪਿਆਰੇ
ਜਦੋਂ ਪੈੜਾਂ ਛੱਡਦੇ ਨੇ
ਮਖ਼ਮਲੀ ਸੋਚ ਹੈ ਲੇਕਿਨ
ਪੈਰ ਨੇ ਜ਼ਮੀਨ ’ਤੇ
ਜੀਉਂਦੀਆਂ ਜ਼ਮੀਰਾਂ ਵਾਲੇ
ਹਰ ਥਾਂ ’ਤੇ ਖੜ੍ਹਦੇ ਨੇ
ਤੇ ਲਾਠੀ ਬਿਨ ਲੜਦੇ ਨੇ
ਝਗੜਿਆਂ-ਝੁਮੇਲਿਆਂ ’ਚ
ਅਗਰ ਉਲਝੇ ਨਾ ਆਦਮ
ਤਾਂ ਮਸਲੇ ਵਿਰਾਟ ਵੀ
ਪਲਾਂ ਵਿੱਚ ਸੁਲਝਦੇ ਨੇ
ਤੂੰ ਕਿਉਂ ਫਿਕਰਮੰਦ
ਹੋਵੇਂ ਫਕੀਰ ਸਿਆਂ
ਤੇਰੇ ਬਿਨ ਵੀ ਤਾਂ
ਦੁਨੀਆਂ ’ਚ
ਮੇਲੇ ਲਗਦੇ ਨੇ!
* * *
5. ਇਕਰਾਰ ਤੇ ਇਨਕਾਰ
ਨਾ ਮੇਰੀ ਸੁਣਿਓ
ਨਾ ਉਸਦੀ ਸੁਣਿਓ
ਜਦੋਂ ਵੀ ਸੁਣਿਓ
ਦਿਲ ਦੀ ਸੁਣਿਓ
ਪਰ ਜ਼ਮੀਰ ਦੀ
ਆਵਾਜ਼ ਵੀ ਸੁਣਿਓ
ਸੁਣਨਾ ਕਦੇ ਨਾ ਭੁੱਲਿਓ
ਪਰ ਅਣਸੁਣੀ ਵੀ ਕਰਿਓ
ਜੀਵਿਓ, ਚਾਹੇ ਮਰਿਓ
ਇਕਰਾਰ ਵੀ ਕਰਿਓ
ਤੇ ਇਨਕਾਰ ਵੀ ਕਰਿਓ
ਆਪਣਾ ਕੁਝ ਕਿਰਦਾਰ ਵੀ ਧਰਿਓ
ਖਾਮੋਸ਼ੀ ਦੇ ਆਲਮ ਵਿੱਚੋਂ
ਕੁਝ ਸ਼ਬਦ ਚੁਣਕੇ
ਭੁੱਲਕੇ ਵੀ ਕੁਝ ਨਾ ਭੁੱਲਿਓ
ਚੇਤੇ ਰੱਖਿਓ ਇੱਕ ਬਾਤ ਹਮੇਸ਼ਾ
ਦਮੜਿਆਂ ਖ਼ਾਤਰ ਕਦੇ ਨਾ ਵਿਕਿਓ
ਬੋਲਿਓ ਜਾਂ ਕੁਝ ਲਿਖਿਓ
ਪਰ ਕਦੇ ਨਾ ਝੁਕਿਓ
ਜਿਊਣੇ ਲਈ ਮਰਨੇ ਦਾ
ਅੰਦਾਜ਼ ਵੀ ਸਿੱਖਿਓ
ਆਪਣੇ ਵੱਲੋਂ ਕੁਝ ਖ਼ਾਸ ਕਰਿਓ
ਹੱਕ ਤਾਂ ਆਪੇ ਮਿਲ ਜਾਵਣਗੇ
ਪਹਿਲੋਂ ਫਰਜ਼ਾਂ ਖ਼ਾਤਰ ਲੜਿਓ!
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































