“ਬੇਸ਼ਕ ਅਸੀਂ ਕਿਸੇ ਖਾਸ ਹਵਾਲੇ ਨਾਲ ਕਿਸੇ ਨੂੰ ਖਾੜਕੂ, ਜੁਝਾਰੂ ਜਾਂ ਕੋਈ ਹੋਰ ਨਾਮ ਵੀ ਦੇ ਦੇਈਏ, ਲੇਕਿਨ ਇਸ ਸਭ ਕੁਝ ...”
(16 ਅਗਸਤ 2024)
ਦਹਿਤਗਰਦ ਕੌਣ ਹੁੰਦਾ ਹੈ? ਜੋ ਦਹਿਸ਼ਤ ਫੈਲਾਏ ਤੇ ਕਿਸੇ ਵੀ ਸ਼ਖਸ ਨੂੰ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਡਰਾ ਧਮਕਾ ਕੇ ਦਹਿਸ਼ਤਜ਼ਦਾ ਕਰੇ ਅਤੇ ਆਪਣੀ ਧੌਂਸ ਜਾਂ ਚੌਧਰ ਜਮਾਏ। ਸਮੁੱਚੇ ਰੂਪ ਵਿੱਚ ਕਿਸੇ ਮਨੁੱਖ ਅੰਦਰ ਡਰ ਪੈਦਾ ਕਰਨਾ ਜਾਂ ਉਸ ਨੂੰ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਉਣ ਨੂੰ ਹੀ ਆਤੰਕ ਜਾਂ ਦਹਿਸ਼ਤ ਕਹਿੰਦੇ ਹਨ। ਇਹ ਦਹਿਸ਼ਤ ਧਰਮਾਂ ਦੇ ਨਾਉਂ ’ਤੇ ਵੀ ਹੋ ਸਕਦੀ ਹੈ, ਰਾਜਨੀਤਕ ਵੀ ਤੇ ਕਿਸੇ ਨੂੰ ਲੁੱਟਣ ਤੇ ਕੁੱਟਣ ਦੇ ਮਕਸਦ ਨਾਲ ਵੀ, ਭਾਵ ਸਿੱਧੇ ਰੂਪ ਵਿੱਚ ਗੁੰਡਾਗਰਦੀ। ਮਾਂ ਦੇ ਪੇਟ ਵਿੱਚੋਂ ਕੋਈ ਦਹਿਸ਼ਗਰਦ ਨਹੀਂ ਜੰਮਦਾ, ਸੰਗਤ ਤੇ ਹਾਲਾਤ ਉਸ ਨੂੰ ਦਹਿਸ਼ਤਗਰਦੀ ਦੇ ਰਸਤੇ ’ਤੇ ਲੈ ਤੁਰਦੇ ਹਨ। ਪਰ ਇਹ ਪੂਰਣ ਸੱਚ ਨਹੀਂ, ਸਚਾਈ ਤੇ ਹਕੀਕਤ ਕੁਝ ਹੋਰ ਹੀ ਹੈ। ਬਹੁਤਾ ਪਿਛੋਕੜ ਵਿੱਚ ਨਾ ਜਾਂਦਿਆਂ ਆਪਾਂ ਮੌਜੂਦਾ ਸੰਦਰਭ ਵਿੱਚ ਹੀ ਗੱਲ ਕਰ ਲੈਂਦੇ ਹਾਂ। ਬੇਸ਼ਕ ਵਿਸ਼ਵ ਵਿਆਪੀ ਪੱਧਰ ’ਤੇ ਅਸੀਂ ਜਾਣ ਸਕਦੇ ਹਾਂ ਤੇ ਇਹ ਇੱਕ ਜੱਗ ਜ਼ਾਹਿਰ ਹਕੀਕਤ ਵੀ ਹੈ ਕਿ ਅਮਰੀਕਾ ਦੁਨੀਆਂ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਦੇਸ਼ ਹੈ, ਅਫਗਾਨਿਸਤਾਨ, ਪਾਕਿਸਤਾਨ, ਲਿਬੀਆ, ਈਰਾਨ ਆਦਿ ਕਿੰਨੇ ਹੀ ਮੁਲਕ ਤੇ ਖਿੱਤੇ ਵੀ। ਹੋਰ ਜਿਹੜੇ ਵੀ ਮੁਲਕ ਦਹਿਸ਼ਤਗਰਦੀ ਦੇ ਸ਼ਿਕਾਰ ਹਨ, ਉੱਥੇ ਆਤੰਕ ਫੈਲਾਉਣ ਵਿੱਚ ਅਮਰੀਕਾ ਨੇ ਕਿਹੜੇ ਕਿਹੜੇ ਹੱਥਕੰਡੇ ਵਰਤੇ ਤੇ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ, ਕਿ ਉੱਥੋਂ ਦੇ ਬਾਸ਼ਿੰਦੇ ਹਮੇਸ਼ਾ ਦਹਿਸ਼ਤ ਦੇ ਪਰਛਾਵੇ ਹੇਠ ਜ਼ਿੰਦਗੀ ਬਸਰ ਕਰ ਰਹੇ ਹਨ।
ਅਮਰੀਕਾ ਸਮੇਤ ਯੂਰੀਪਨ ਦੇਸ਼ਾਂ ਦੀਆਂ ਚਾਲਾਂ ਦਾ ਹੀ ਸਿੱਟਾ ਹੈ ਰੂਸ ਤੇ ਯੂਰਕੇਨ ਦੀ ਜੰਗ। ਅਮਰੀਕਾ ਦੀ ਧੌਂਸ ਜਾਂ ਚੌਧਰ ਅੱਗੇ ਕੋਈ ਵੀ ਨਿੱਕਾ ਛੋਟਾ ਤਾਂ ਕੀ ਕੋਈ ਵੱਡਾ ਮੁਲਕ ਵੀ ਕੁਸਕਦਾ ਦਿਖਾਈ ਨਹੀਂ ਦਿੰਦਾ। ਪਹਿਲਾਂ ਦਹਿਸ਼ਤਗਰਦੀ ਦੀ ਟਰੇਨਿੰਗ ਦਿਓ ਤੇ ਫਿਰ ਕਿਸੇ ਵੀ ਮੁਲਕ ਵਿੱਚ ਆਪਣੀ ਕਠਪੁਤਲੀ ਜਾਂ ਹੱਥ-ਠੋਕਾ ਸਰਕਾਰ ਬਣਾਕੇ ਦੁਨੀਆਂ ਭਰ ਨੂੰ ਦਿਖਾ ਦਿਓ - ਲਓ ਆਹ ਦੇਖੋ, ਸਾਡੇ ਤੋਂ ਵੱਡਾ ਹੈ ਕੋਈ ਇਸ ਸੰਸਾਰ ਵਿੱਚ? ਹਾਲਾਂਕਿ ਹਿਟਲਰ, ਨੈਪੋਲੀਅਨ, ਚੰਗੇਜ਼ ਖਾਨ, ਨਾਦਰ, ਅਬਦਾਲੀ ਵਗੈਰਾ ਸਾਰੇ ਇਸ ਸੰਸਾਰ ਤੋਂ ਕੂਚ ਕਰ ਗਏ, ਪ੍ਰੰਤੂ ਉਹਨਾਂ ਦੇ ਦਹਿਸ਼ਤੀ ਕਾਰਨਾਮੇਂ ਅਜੇ ਵੀ ਮਨੁੱਖਤਾ ਨੂੰ ਹਿਲਾਕੇ ਰੱਖ ਦਿੰਦੇ ਹਨ। ਅੱਤਿਆਚਾਰੀ ਰਾਜਿਆਂ ਮਹਾਰਾਜਿਆਂ ਦੀਆਂ ਮਿਸਾਲਾਂ ਵੀ ਸਾਡੇ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਕਾਲੇ ਅੱਖਰਾਂ ਵਿੱਚ ਅੰਕਿਤ ਹਨ।
ਦਰਅਸਲ ਜਾਤਾਂ ਅਤੇ ਧਰਮਾਂ ਖਾਤਰ ਅਸੀਂ ਕਿਸੇ ਵੀ ਵਿਅਕਤੀ ਜਾਂ ਸਮਾਜ ਨੂੰ ਦਹਿਸ਼ਤਗਰਦੀ ਦੇ ਰਸਤੇ ਪਾ ਸਕਦੇ ਹਾਂ। ਧਰਮ ਇੱਕ ਅਜਿਹਾ ਨਾਜ਼ੁਕ ਮਾਮਲਾ ਹੈ ਕਿ ਕਠੋਰ ਤੇ ਉਜੱਡ ਕਿਸਮ ਦੇ ਬੰਦਿਆਂ ਦੀ ਤਾਂ ਛੱਡੋ, ਆਮ ਕਿਸਮ ਦਾ ਧਰਮ ਨੂੰ ਮੰਨਣ ਵਾਲਾ ਆਦਮੀ ਵੀ ਆਪਣੇ ਧਰਮ ਲਈ ਬਿਨਾਂ ਕੁਝ ਸੋਚੇ ਸਮਝੇ ਮਰਨ ਮਾਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ, ਜਿਸਦੀਆਂ ਤਾਜ਼ਾ ਮਿਸਾਲਾਂ ਸਾਨੂੰ ਆਪਣੇ ਹੀ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿੱਚ ਸਹਿਜੇ ਹੀ ਮਿਲ ਜਾਂਦੀਆਂ ਹਨ, ਜਿਵੇਂ ਜੰਮੂ ਕਸ਼ਮੀਰ, ਆਸਾਮ ਅਤੇ ਹੋਰ ਕਬਾਇਲੀ ਇਲਾਕਿਆਂ ਵਿੱਚ। ਲੁੱਟ ਖਸੁੱਟ ਤੇ ਕਤਲੋਗਾਰਤ ਬੇਸ਼ਕ ਧਰਮਾਂ, ਜਾਤਾਂ ਦੇ ਨਾਉਂ ’ਤੇ ਹੋਵੇ, ਚਾਹੇ ਕਿਸੇ ਵਿਸ਼ੇਸ਼ ਵਿਚਾਰਧਾਰਾ ਲਈ, ਇਸ ਨੂੰ ਕਿਵੇਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਾਂ, ਰਸਤੇ ਹੋਰ ਵੀ ਹਨ। ਵੱਡੇ ਪੱਧਰ ’ਤੇ ਪਾਕਿਸਤਾਨ, ਗਾਜ਼ਾ ਪੱਟੀ, ਇਰਾਕ, ਈਰਾਨ, ਅਫਗਾਨਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਆਤੰਕ ਜਾਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ। ਪੰਜਾਬ ਦੇ ਪੁਰਾਣੇ ਹਾਲਾਤ ਵੀ ਕਿਸੇ ਤੋਂ ਭੁੱਲੇ ਵਿਸਰੇ ਨਹੀਂ। ਉਸ ਵੇਲੇ ਤਾਂ ਲਗਦਾ ਹੀ ਨਹੀਂ ਸੀ ਕਿ ਇਹ ਕਾਲੇ ਦਿਨ ਕਦੇ ਬਦਲਣਗੇ ਵੀ? ਬੇਸ਼ਕ ਸਟੇਟ ਨੇ ਦਹਿਸ਼ਤ ਫੈਲਾਈ, ਰਾਜਨੀਤੀ ਤੇ ਪੁਲੀਸ ਦੀ ਸਾਂਝ ਭਿਆਲੀ ਨੇ ਆਪਣੇ ਰੰਗ ਦਿਖਾਉਣੇ ਆਰੰਭ ਕੀਤੇ ਕਿ ਰਫਤਾ ਰਫਤਾ ਪੰਜਾਬ ਦੇ ਹਾਲਾਤ ਆਮ ਅਵਸਥਾ ਵਿੱਚ ਆਉਣ ਲੱਗ ਪਏ। ਆਮ ਆਦਮੀ ਨੇ ਸੁਖ ਦਾ ਸਾਹ ਲਿਆ। ਦਰਅਸਲ ਲੋਕ ਸ਼ਾਤਰ ਰਾਜਨੀਤਕਾਂ ਅਤੇ ਧਰਮਾਂ ਦੇ ਅਖੌਤੀ ਆਗੂਆਂ ਦੇ ਪਿਛਲੱਗ ਹੁੰਦੇ ਹਨ, ਉਹ ਕਦੇ ਵੀ ਆਪਣੇ ਤਰਕ ਜਾਂ ਦਿਮਾਗ ਨਾਲ ਨਹੀਂ ਸੋਚਦੇ, ਦਿਲ ਤੇ ਭਾਵਨਾ ਦੇ ਵਹਿਣ ਵਿੱਚ ਵਹਿ ਤੁਰਦੇ ਹਨ, ਜਿਸਦੇ ਸਿੱਟੇ ਹਮੇਸ਼ਾ ਗੰਭੀਰ ਹੀ ਨਿਕਲਦੇ ਹਨ ਅਤੇ ਮਨੁੱਖਤਾ ਦਾ ਹਮੇਸ਼ਾ ਇਵੇਂ ਹੀ ਘਾਣ ਹੁੰਦਾ ਆਇਆ ਹੈ।
ਹੁਣ ਹਮਾਸ ਦਾ ਇਜ਼ਰਾਇਲ ’ਤੇ ਆਤੰਕੀ ਹਮਲਾ ਤੇ ਜਵਾਬੀ ਕਾਰਵਾਈ ਵਿੱਚ ਗਾਜ਼ਾ ਪੱਟੀ ਤੇ ਕਤਲੇਆਮ ਤਾਂ ਹੁਣੇ ਦੀ ਗੱਲ ਹੈ, ਜਿਸਦਾ ਨੰਗਾ ਨਾਚ ਅਸੀਂ ਅਖਬਾਰਾਂ ਵਿੱਚ ਪੜ੍ਹ ਵੀ ਰਹੇ ਹਾਂ ਤੇ ਚੈਨਲਾਂ ਤੇ ਦੇਖ ਵੀ ਰਹੇ ਹਾਂ। ਆਮ ਕਰਕੇ ਵਿਸ਼ਵ ਵਿਆਪੀ ਦਹਿਸ਼ਤੀ ਰਾਜਨੀਤੀ ਤੋਂ ਆਮ ਵਿਅਕਤੀ ਅਨਜਾਣ ਹੈ, ਕਰ ਵੀ ਕੀ ਸਕਦਾ ਹੈ? ਪਰ ਆਪਣੇ ਦੇਸ਼, ਪ੍ਰਾਂਤ, ਸ਼ਹਿਰ ਜਾਂ ਪਿੰਡ ਪੱਧਰ ਲਈ ਉਪਰਾਲੇ ਤਾਂ ਉਹ ਕਰ ਹੀ ਸਕਦਾ ਹੈ ਅਤੇ ਉਹ ਦਹਿਸ਼ਤਗਰਦੀ ਦੀ ਪੁਣਛਾਣ ਕਰਦਿਆਂ ਤੇ ਸਹੀ ਸੋਚ ਅਪਣਾਉਂਦਿਆਂ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਤਾਂ ਨਿਭਾ ਹੀ ਸਕਦਾ ਹੈ। ਕਿਸੇ ਵੀ ਜਾਤ, ਧਰਮ ਨੂੰ ਇੱਥੇ ਕੋਈ ਖਤਰਾ ਨਹੀਂ, ਖਤਰੇ ਦੇ ਅਸੀਂ ਗਲਤ ਅਨੁਮਾਨ ਲਾ ਲੈਂਦੇ ਹਾਂ। ਘਾਗ ਰਾਜਸੀ ਤੇ ਧਾਰਮਿਕ ਆਗੂ ਜਾਂ ਪੁਲੀਸ ਦਾ ਮਾਰੂ ਤੇ ਘਿਨਾਉਣਾ ਕਿਰਦਾਰ ਇਸ ਲਈ ਸਿੱਧੇ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਹਨ। ਆਮ ਆਦਮੀ ਦਾ ਕੇਵਲ ਇੰਨਾ ਹੀ ਕਸੂਰ ਹੈ ਕਿ ਉਹ ਜਿਸ ਵੀ ਰਾਜਸੀ ਪਾਰਟੀ ਦੇ ਥੋੜ੍ਹਾ ਨੇੜੇ ਹੁੰਦਾ ਹੈ ਜਾਂ ਜਿਸ ਵੀ ਧਰਮ ਵਿੱਚ ਉਹ ਆਸਥਾ ਰੱਖਦਾ ਹੈ, ਉਸ ਬਾਰੇ ਇੱਕ ਵੀ ਸ਼ਬਦ ਸੁਣਨ ਲਈ ਤਿਅਰ ਨਹੀਂ ਹੁੰਦਾ ਤੇ ਥੋੜ੍ਹੀ ਬਹੁਤੀ ਬਹਿਸ ਹੋਣ ’ਤੇ ਮਰਨ ਮਾਰਨ ’ਤੇ ਉਤਾਰੂ ਹੋ ਜਾਂਦਾ ਹੈ, ਜੋ ਇੱਕ ਖਤਰਨਾਕ ਰੁਝਾਨ ਹੈ। ਹਾਂ, ਸਿਰਫਿਰੇ ਚਤੁਰ ਰਾਜਨੀਤਕ ਆਗੂ ਤੇ ਧਰਮਾਂ ਦੇ ਠੇਕੇਦਾਰ ਆਮ ਲੋਕਾਂ ਨੂੰ ਹਨੇਰੇ ਵਿੱਚ ਰੱਖਦਿਆਂ ਆਪਣਾ ਪੱਖ ਮਜ਼ਬੂਤ ਕਰ ਲੈਂਦੇ ਹਨ ਅਤੇ ਆਮ ਆਦਮੀ ਨੂੰ ਦਹਿਸ਼ਤਗਰਦੀ ਲਈ ਪ੍ਰੇਰਣ ਵਿੱਚ ਵੱਡਾ ਰੋਲ ਅਦਾ ਕਰਦੇ ਹਨ। ਕਿਸੇ ਇੱਕ ਰਾਜਸੀ ਪਾਰਟੀ, ਧਰਮ ਜਾਂ ਫਿਰਕੇ ਦੀ ਗੱਲ ਕਰਨੀ ਜ਼ਰੂਰੀ ਨਹੀਂ ਬਣਦੀ, ਕੇਵਲ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਤੋਂ ਜਿੰਨਾ ਵੀ ਹੋ ਸਕੇ, ਕਿਨਾਰਾ ਕਰਨ ਦੀ ਵੱਡੀ ਅਵੱਸ਼ਕਤਾ ਹੈ।
ਇਸ ਕਾਰਜ ਲਈ ਸਾਡੇ ਪੱਤਰਕਾਰ, ਕਵੀ, ਲੇਖਕ ਅਤੇ ਸਾਹਿਤਕਾਰ ਵੱਡਾ ਰੋਲ ਨਿਭਾਅ ਸਕਦੇ ਹਨ ਤੇ ਨਿਭਾਉਂਦੇ ਵੀ ਹਨ ਚੂੰਕਿ ਉਹ ਸੰਵੇਦਨਸ਼ੀਲ ਹੁੰਦੇ ਹਨ, ਚੰਗੇ ਮਾੜੇ ਦੀ ਨਿਰਖ ਪਰਖ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੰਦੇ ਹਨ। ਪਰ ਪੂਰੇ ਭਾਰਤ ਅਤੇ ਇਸਦੇ ਵੱਖ ਵੱਖ ਖੇਤਰਾਂ ਵਿੱਚ ਜਦੋਂ ਵੀ ਦਹਿਸ਼ਤਗਰਦੀ ਕਾਰਨ ਹਾਲਾਤ ਬਦਤਰ ਹੋ ਜਾਂਦੇ ਹਨ ਤਾਂ ਕੁਝ ਇੱਕ ਪੱਤਰਕਾਰ ਤੇ ਬੁੱਧੀਜੀਵੀ ਵਰਗ ਵੀ ਇੱਕ ਪਾਸੜ ਕਿਰਦਾਰ ਨਿਭਾਉਂਦਾ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਜਿਹੜਾ ਵੀ ਅੱਤਵਾਦੀ ਅੱਤ ਚੁੱਕਦਾ ਹੈ, ਉਹ ਅੱਤਵਾਦੀ ਅਖਾਵਾਉਂਦਾ ਹੈ, ਮਸਲਨ ਉਸ ਨੂੰ ਆਤੰਕਵਾਦੀ, ਉਗਰਵਾਦੀ, ਇੰਤਹਾਪਸੰਦ, ਕਿਸੇ ਵੀ ਨਾਂ ਨਾਲ ਪੁਕਾਰਿਆ ਜਾ ਸਕਦਾ ਹੈ। ਬੇਸ਼ਕ ਅਸੀਂ ਕਿਸੇ ਖਾਸ ਹਵਾਲੇ ਨਾਲ ਕਿਸੇ ਨੂੰ ਖਾੜਕੂ, ਜੁਝਾਰੂ ਜਾਂ ਕੋਈ ਹੋਰ ਨਾਮ ਵੀ ਦੇ ਦੇਈਏ, ਲੇਕਿਨ ਇਸ ਸਭ ਕੁਝ ਦੇ ਬਾਵਜੂਦ ਜੋ ਵੀ ਸ਼ਖਸ (ਜਾਂ ਜਥੇਬੰਦੀ) ਮਨੁੱਖਤਾ ਦਾ ਦੁਸ਼ਮਣ ਹੈ ਤੇ ਲੋਕਾਂ ਦੇ ਕਤਲ ਕਰਨ ਦੇ ਰਸਤੇ ਤੁਰਿਆ ਹੈ, ਉਹ ਸਾਰੀਆਂ ਹਾਲਤਾਂ ਵਿੱਚ ਹੀ ਆਤੰਕੀ ਹੈ, ਇੱਕ ਦਹਿਸ਼ਤਗਰਦ। ਹੁਣ ਦੂਰ ਕਿਉਂ ਜਾਂਦੇ ਹੋ, ਦੁਨੀਆਂ ਭਰ ਵਿੱਚ ਜਿੱਥੇ ਵੀ ਬੇਕਸੂਰ ਬੰਦਿਆਂ ਦੇ ਕਤਲ ਹੁੰਦੇ ਹਨ, ਨਿੱਕੀ ਜਿੰਨੀ ਗੱਲ ’ਤੇ ਉਹਨਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਉਸ ਨੂੰ ਆਪਾਂ ਦਹਿਸ਼ਤਗਰਦ ਨਾ ਕਹੀਏ ਤਾਂ ਕੀ ਕਹਾਂਗੇ? ਪੁਰਸ਼ਾ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਤੇ ਅੱਤਿਆਚਾਰ ਕਰਨ ਵਾਲੇ ਅਤੇ ਇਹਨਾਂ ਦੀਆਂ ਗਰਦਣਾ ਕਲਮ ਕਰਨ ਵਾਲੇ ਅਤੇ ਗੋਲੀਆਂ ਨਾਲ ਭੁੰਨਣ ਵਾਲੇ ਆਤੰਕੀ ਜਾਂ ਦਹਿਸ਼ਤੀ ਨਹੀਂ ਤਾਂ ਹੋਰ ਕੀ ਹਨ? ਬੇਸ਼ਕ ਦੁਨੀਆਂ ਦਾ ਕੋਈ ਵੀ ਧਰਮ ਦਹਿਸ਼ਤ ਨਹੀਂ ਸਿਖਾਉਂਦਾ, ਪਿਆਰ ਅਤੇ ਮਹੱਬਤ ਦਾ ਪੈਗਾਮ ਦਿੰਦਾ ਹੈ, ਪ੍ਰੰਤੂ ਧਰਮਾਂ ਦੀ ਪਵਿੱਤਰਤਾ ਦੇ ਉਲਟ ਜਾਂਦਿਆਂ ਦਹਿਸ਼ਤ ਫੈਲਾਉਣ ਵਾਲੇ ਆਪਣੇ ਹੀ ਧਰਮ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਔਰੰਗਜ਼ੇਬੀ ਤੇ ਹਿਟਲਰੀ ਇਰਾਦਿਆਂ ਨੂੰ ਰੋਕਣ ਅਤੇ ਠੱਲ੍ਹ ਪਾਉਣ ਦੀ ਅੱਜ ਵੱਡੀ ਲੋੜ ਹੈ। ਹਰ ਇੱਕ ਰੱਬ ਦਾ ਬੰਦਾ ਮਾਨਸਿਕ ਤੇ ਸਰੀਰਕ ਆਜ਼ਾਦੀ ਚਾਹੁੰਦਾ ਹੈ, ਪ੍ਰੰਤੂ ਦਹਿਸ਼ਤਗਰਦ ਸਾਡੀਆਂ ਉਸਾਰੂ ਅਤੇ ਸਾਰਥਕ ਭਾਵਨਾਵਾਂ ਦੇ ਵੀ ਕਾਤਲ ਹਨ।
ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਦਹਿਸ਼ਤਗਰਦੀ ਤੋਂ ਨੀਚ ਕੋਈ ਵਰਤਾਰਾ ਨਹੀਂ ਅਤੇ ਕੋਈ ਵੀ ਕੌਮ ਜਾਂ ਮੁਲਕ ਉੰਨੀ ਦੇਰ ਤਕ ਤਰੱਕੀ ਜਾਂ ਵਿਕਾਸ ਨਹੀਂ ਕਰ ਸਕਦਾ, ਜਿੰਨੀ ਦੇਰ ਤਕ ਉੱਥੋਂ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਜੀਵਨ ਬਤੀਤ ਕਰਦੇ ਹਨ। ਰੱਬ ਤੇ ਕੁਦਰਤ ਨੇ ਸਾਨੂੰ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਹਨ, ਇਸ ਲਈ ਸਭਿਅਕ ਸਮਾਜ ਵਿੱਚ ਚੱਜ ਅਚਾਰ ਦੀ ਜ਼ਿੰਦਗੀ ਜੀਉਣ ਤੇ ਬਸਰ ਕਰਨ ਲਈ ਸਾਨੂੰ ਸਾਰਿਆਂ ਨੂੰ ਦਹਿਸ਼ਤਗਰਦੀ ਦਾ ਦਮਨ ਕਰਨ ਹਿਤ ਇੱਕ ਜੁਟ ਹੋਣਾ ਹੀ ਪਵੇਗਾ। ਦੁਨੀਆਂ, ਦੇਸ਼ ਜਾਂ ਪ੍ਰਾਂਤ ਦੀ ਤਾਂ ਬਾਅਦ ਵਿੱਚ ਵੇਖੀ ਜਾਵੇਗੀ ਪਹਿਲਾਂ ਸਾਨੂੰ ਆਪਣੇ ਘਰਾਂ ਵਿੱਚ ਬੈਠਕੇ ਹੀ ਇਹ ਅਹਿਦ ਕਰਨਾ ਹੋਵੇਗਾ, ਇੱਕ ਕਸਮ ਲੈਣੀ ਹੋਵੇਗੀ ਕਿ ਮੈਂ ਨਾ ਆਪਣੇ ਘਰਦਿਆਂ ਅੱਗੇ ਦਹਿਸ਼ਤ ਦਾ ਮੁਜ਼ਾਹਰਾ ਕਰਾਂਗਾ ਅਤੇ ਨਾ ਹੀ ਗਲੀ ਗੁਆਂਢ ਤੇ ਪਿੰਡ-ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਫੈਲਾਵਾਂਗਾ ਤੇ ਨਾ ਹੀ ਫੈਲਾਉਣ ਦੇਵਾਂਗਾ, ਬਲਕਿ ਹਰ ਤਰ੍ਹਾਂ ਦੇ ਦਹਿਸ਼ਤੀ ਹਾਲਾਤ ਨੂੰ, ਚਾਹੇ ਉਹ ਦਹਿਸ਼ਤ ਕਿਸੇ ਵੀ ਵਿਚਾਰ, ਵਿਚਾਰਧਾਰਾ ਦੇ ਅਨੁਕੂਲ ਕਿਉਂ ਨਾ ਜਾਂਦੀ ਹੋਵੇ, ਉਸ ਦਾ ਪੂਰਣ ਬੀਜ ਨਾਸ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲੜਦਾ ਰਹਾਂਗਾ, ਪੂਰੇ ਜਮਹੂਰੀ ਤਰੀਕੇ ਤੇ ਸਲੀਕੇ ਨਾਲ - ਕਿਉਂਕਿ ਸਭ ਤੋਂ ਖਤਰਨਾਕ ਹੁੰਦਾ ਹੈ ਦਹਿਸ਼ਤਗਰਦ ਹੋਣਾ ਅਤੇ ਦਹਿਸ਼ਤਗਰਦੀ ਨੂੰ ਉਚਿਤ ਠਹਿਰਾਉਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5218)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.