“ਗਦਰੀਆਂ ਦੇ ਸਪੁਨਿਆਂ ਦਾ, ਆਇਆ ਜੇਕਰ ਰਾਜ ਹੁੰਦਾ। ਬੰਗਾਲ ਦੇ ਟੋਟੇ ਨਾ ਹੁੰਦੇ, ਵੰਡਿਆ ਨਾ ਪੰਜਾਬ ਹੁੰਦਾ। ...”
(1 ਜਨਵਰੀ 2017)
1. ਨਵੇਂ ਸਾਲ ਦਿਆ ਸੂਰਜਾ
ਕਹਿੰਦੇ ਹੁੰਦੇ ਨਿੱਕੇ ਹੁੰਦੇ, ਸੂਰਜਾ ਸੂਰਜਾ ਫੱਟੀ ਸੁਕਾ।
ਨਵੀਂ ਗੁਜਾਰਿਸ਼ ਸੂਰਜ ਅੱਗੇ, ਅੱਜ ਰਹੇ ਹਾਂ ਪਾ।
ਹੁਣ ਫੱਟੀ ਨਹੀਂ ਸੁਕਾਉਣੀ, ਕੁੱਝ ਕਰ ਕੇ ਨਵਾਂ ਦਿਖਾ।
ਨਵੇਂ ਸਾਲ ਦਿਆ ਸੂਰਜਾ, ਜੱਗ ਤੋਂ ਜੰਗ ਦੇ ਬੱਦਲ ਹਟਾ।
ਸਾਮਰਾਜੀਆਂ ਫਿਰਕਾਪ੍ਰਸਤਾਂ, ਪਾ ਲਈ ਗੂੜ੍ਹੀ ਯਾਰੀ।
ਦੁਨੀਆਂ ਨੂੰ ਲੁੱਟਣ ਖਾਤਰ, ਕਰ ਲਈ ਪੂਰੀ ਤਿਆਰੀ।
ਜੰਗੇ-ਮੈਦਾਨ ਬਣਾ ਦਿੱਤੀ ਹੈ, ਇਹਨਾਂ ਦੁਨੀਆਂ ਸਾਰੀ।
ਇਹਨਾਂ ਦੇ ਚੁੰਗਲ ਵਿੱਚੋਂ, ਨਿਕਲਣ ਦਾ ਰਾਹ ਦਿਖਾ।
ਨਵੇਂ ਸਾਲ ਦਿਆ ਸੂਰਜਾ, ਜੱਗ ਤੋਂ ਜੰਗ ਦੇ ਬੱਦਲ ਹਟਾ।
ਧਰਤ-ਖਜ਼ਾਨੇ ਲੁੱਟਣ ਖਾਤਰ, ਚੋਜ ਨਵੇਂ ਨਿੱਤ ਕਰਦੇ।
ਨਾਲ ਗੁਆਂਢੀ ਦੇ ਲੜਾ ਕੇ, ਝੋਲੀ ਆਪਣੀ ਭਰਦੇ।
ਨਹੀਂ ਗੁਆਂਢੀ ਸਾਡੇ ਦੁਸ਼ਮਣ, ਸੋਚ ਲੋਕਾਂ ਦੀ ਕਰਦੇ।
ਮੁਨਾਫੇ ਖਾਤਰ ਹਥਿਆਰਾਂ ਦਾ, ਹੁੰਦਾ ਵਪਾਰ ਹਟਾ।
ਨਵੇਂ ਸਾਲ ਦਿਆ ਸੂਰਜਾ, ਜੱਗ ਤੋਂ ਜੰਗ ਦੇ ਬੱਦਲ ਹਟਾ।
ਬਰਾਬਰੀ ਤੇ ਇਨਸਾਫ ਵਾਸਤੇ, ਜੰਗ ਨਵੀਂ ਛਿੜ ਜਾਵੇ।
ਬੰਦਿਆਂ ਵਾਲਾ ਜੀਵਣ ਹੋਵੇ, ਸਭ ਦਾ ਚਿਹਰਾ ਖਿੜ ਜਾਵੇ।
ਠੰਢੇ ਮਿੱਠੇ ਪਾਣੀ ਵਾਲਾ, ਖੂਹ ਸਾਂਝਾਂ ਵਾਲਾ ਗਿੜ ਜਾਵੇ।
ਛੱਡ ਐਸੀਆਂ ਕਿਰਨਾਂ ਸੂਰਜਾ, ਭਰਮਾਂ ਦੇ ਜਾਲ਼ੇ ਲਾਹ।
ਨਵੇਂ ਸਾਲ ਦਿਆ ਸੂਰਜਾ, ਜੱਗ ਤੋਂ ਜੰਗ ਦੇ ਬੱਦਲ ਹਟਾ।
**
2. ਭੁੱਖੇ ਢਿੱਡ
ਨੋਟਾਂ ਦੀ ਬਣਾਉਂਦੇ ਰੋਟੀ,
ਤੇ ਸੋਨੇ ਦੀ ਸਬਜ਼ੀ।
ਖੋਹ ਲੋਕਾਂ ਦੇ ਮੂੰਹੋਂ ਰੋਟੀ,
ਕਰਨ ਇਕੱਠੀ ਨਗਦੀ।
ਖਾਣ ਪੀਣ ਦੀਆਂ ਚੀਜ਼ਾਂ ਨੇ ਹੀ,
ਢਿੱਡ ਦਾ ਬਾਲਣ ਹੋਣਾ।
ਪਤਾ ਨਹੀਂ ਇਹ ਕੈਸੇ ਢਿੱਡ ਨੇ,
ਖਾਂਦੇ ਨੋਟ ਤੇ ਸੋਨਾ।
ਤਾਂਹੀਂਓ ਤਾਂ ਇਹ ਢਿੱਡ ਨੀ ਭਰਦੇ,
ਹੋਰ ਹੀ ਹੋਰ ਤਮੰਨਾ ਕਰਨਾ।
ਸਾਰੇ ਮੁਲਕ ਦੀ ਖੋਹ ਕੇ ਰੋਟੀ,
ਇਹਨਾਂ ਫਿਰ ਵੀ ਨਹੀਂਓਂ ਭਰਨਾ।
**
3. ਵਹਿਮਾਂ ਭਰਮਾਂ ਵਾਲੀ ਬੂਟੀ
ਪੀਲੇ ਫੁੱਲਾਂ ਵਾਲੀ ਬੂਟੀ, ਘਾਹ ਨੂੰ ਮਾਰ ਮੁਕਾ ਦਿੰਦੀ।
ਵਹਿਮਾਂ ਭਰਮਾਂ ਵਾਲੀ ਬੂਟੀ, ਅਕਲ ਤੇ ਪਰਦਾ ਪਾ ਦਿੰਦੀ।
ਸਿਆਣੇ ਬਿਆਣੇ ਬੰਦੇ ਜਦ, ਵਹਿਮਾਂ ਵਿੱਚ ਫਸ ਜਾਂਦੇ ਨੇ।
ਡਾਕਟਰਾਂ ਕੋਲ ਜਾਣ ਦੀ ਥਾਂ, ਧਾਗੇ ਤਬੀਤ ਕਰਾਂਦੇ ਨੇ।
ਰੋਗ ਘਟਣ ਦੀ ਥਾਂ ਦੇ ਉੱਤੇ, ਹੋਰ ਵੀ ਵਧਦੇ ਜਾਂਦੇ ਨੇ।
ਸਰੀਰ ਨਾਲ ਵੀ ਕਰਦੇ ਧੱਕਾ, ਝੁੱਗਾ ਵੀ ਚੌੜ ਕਰਾਂਦੇ ਨੇ।
ਜਿੰਨੇ ਮਰਜੀ ਪਾ ਲਓ ਮੂੰਗੇ, ਦੁੱਖ ਕਦੇ ਨਾ ਜਾਣੇ ਕੱਟੇ।
ਤੰਤਰ ਮੰਤਰ ਵਾਲੇ ਪਾਉਂਦੇ, ਲੋਕਾਂ ਦੀਆਂ ਅੱਖਾਂ ਵਿੱਚ ਘੱਟੇ।
ਦੁਖੀ ਬੰਦੇ ਨੂੰ ਐਡ ਉਹਨਾਂ ਦੀ, ਬਿਲਕੁਲ ਉੱਲੂ ਬਣਾ ਦਿੰਦੀ।
ਵਹਿਮਾਂ ਭਰਮਾਂ ਵਾਲੀ ਬੂਟੀ, ਅਕਲ ਤੇ ਪਰਦਾ ਪਾ ਦਿੰਦੀ।
ਇਹੋ ਜਿਹੇ ਠੱਗਾਂ ਦੀ ਠੱਗੀ, ਜਿੰਦਗੀ ਲਈ ਰੁਆ ਦਿੰਦੀ।
ਵਹਿਮਾਂ ਭਰਮਾਂ ਵਾਲੀ ਬੂਟੀ, ਅਕਲ ਤੇ ਪਰਦਾ ਪਾ ਦਿੰਦੀ।
**
4. ਗ਼ਦਰੀਆਂ ਦੇ ਸੁਪਨਿਆਂ ਦਾ
ਗਦਰੀਆਂ ਦੇ ਸਪੁਨਿਆਂ ਦਾ, ਆਇਆ ਜੇਕਰ ਰਾਜ ਹੁੰਦਾ।
ਬੰਗਾਲ ਦੇ ਟੋਟੇ ਨਾ ਹੁੰਦੇ, ਵੰਡਿਆ ਨਾ ਪੰਜਾਬ ਹੁੰਦਾ।
ਕਸ਼ਮੀਰ ਸਮੱਸਿਆ ਵਰਗੇ, ਪਏ ਕੋਈ ਪੰਗੇ ਨਾ ਹੁੰਦੇ।
ਬਾਬਰੀ ਮਸਜਿਦ ਕਾਹਨੂੰ ਢਹਿੰਦੀ, ਗੁਜਰਾਤ ਵਿੱਚ ਦੰਗੇ ਨਾ ਹੁੰਦੇ।
ਪੈਂਹਟ ਕਹੱਤਰ ਵਾਲੀਆਂ ਜੰਗਾਂ, ਬਣਦੀਆਂ ਨਾ ਇਤਿਹਾਸ ਦਾ ਹਿੱਸਾ।
ਮਨੁਖਤਾ ਦੇ ਘਾਣ ਵਾਲਾ, ਵਾਪਰਦਾ ਨਾ ਚੁਰਾਸੀ ਵਾਲਾ ਕਿੱਸਾ।
ਹਿੰਦੂ, ਸਿੱਖ ਤੇ ਮੁਸਲਿਮ ਸਾਰੇ, ਆਪਸ ਦੇ ਵਿੱਚ ਰਲਕੇ ਰਹਿੰਦੇ।
ਇੱਕ ਦੂਜੇ ਦੀਆਂ ਬਾਂਹਾਂ ਬਣਦੇ, ਦੁੱਖ ਸੁਖ ’ਕੱਠੇ ਹੋ ਕੇ ਸਹਿੰਦੇ।
ਬੰਦੇ ਹੱਥੋਂ ਲੁੱਟ ਬੰਦੇ ਦੀ, ਵਾਲਾ ਨਾ ਵਰਤਾਰਾ ਹੁੰਦਾ।
ਸਾਰੇ ਜਹਾਂ ਸੇ ਅੱਛਾ, ਫਿਰ ਹਿੰਦੁਸਤਾਨ ਹਮਾਰਾ ਹੁੰਦਾ।
ਕਿਉਂ ਬੰਦ ਹੋ ਗਈਆਂ ਅੱਖਾਂ, ਕਿਉਂ ਜੀਭਾਂ ਨੂੰ ਲੱਗੇ ਤਾਲੇ।
ਜਿਉਂਦੇ ਬੰਦਿਆਂ ਵਿੱਚ ਹੋ ਜਾਈਏ, ਅਸੀਂ ਕਹਾਈਏ ਅਣਖਾਂ ਵਾਲੇ।
ਭਗਤ ਸਰਾਭੇ ਦੇ ਅਸੀਂ ਵਾਰਿਸ, ਸੋਚ ਉਹਨਾਂ ਦੀ ਅਪਣਾਈਏ।
ਉਹਨਾਂ ਲਏ ਸੀ ਜਿਹੜੇ ਸੁਪਨੇ, ਸਭ ਦੀਆਂ ਅੱਖਾਂ ਵਿੱਚ ਜਗਾਈਏ।
ਗਦਰੀਆਂ ਦੇ ਵਾਰਸ ਹਾਂ ਜੇ, ਕਹਾਣੀ ਅੱਗੇ ਤੋਰੀਏ।
ਗੋਰਿਆਂ ਦੇ ਵਾਰਸਾਂ ਦੀ, ਰਲ ਮਿਲ ਬਾਂਹ ਮਰੋੜੀਏ।
*****
(547)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)