HarjitBedi7“ਕਈ ਵਾਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਚਾਹੁੰਦੇ ...”
(24 ਜੁਲਾਈ 2021)

 

ਸੱਚ ਕਹਿਣਾ ਵੀ ਔਖਾ, ਸੱਚ ਸੁਣਨਾ ਵੀ ਔਖਾ। ਅਜੋਕੇ ਦੌਰ ਵਿੱਚ ਤਾਂ ਹੈ ਹੀ ਝੂਠ ਦਾ ਪਸਾਰਾ। ਸੱਚ ਕਹਿਣਾ ਤੇ ਸੁਣਨਾ ਹੋਰ ਵੀ ਮੁਹਾਲ। ਖਾਸ ਕਰਕੇ ਸਿਆਸੀ ਲੀਡਰਾਂ ਦੁਆਰਾ ਹਰ ਗੱਲੇ ਵਾਰ ਵਾਰ ਝੂਠ ਬੋਲ ਕੇ ਪਾਇਆ ਜਾ ਰਿਹਾ ਹੈ ਲੋਕਾਂ ਦੀ ਮਾਨਸਿਕਤਾ ’ਤੇ ਭੈੜਾ ਅਸਰ। ਉਹਨਾਂ ਨੂੰ ਸੁੱਟਿਆ ਜਾ ਰਿਹਾ ਹੈ ਸ਼ਸ਼ੋਪੰਜ ਦੀ ਦਲਦਲ ਵਿੱਚ। ਸਿਆਸੀ ਲੀਡਰਾਂ ਦੁਆਰਾਂ ਵਾਰ ਵਾਰ ਝੂਠ ਬੋਲਣ ਨਾਲ ਲੋਕਾਂ ਦੀ ਮਾਨਸਿਕਤਾ ’ਤੇ ਐਨਾ ਭੈੜਾ ਅਸਰ ਪੈਂਦਾ ਹੈ ਕਿ ਉਹਨਾਂ ਨੂੰ ਝੂਠ ਵੀ ਸੱਚ ਜਾਪਣ ਲੱਗ ਪੈਂਦਾ ਹੈ। ਰਾਜਨੀਤਕ ਨੇਤਾਵਾਂ ਨੇ ਤਾਂ ਜਿਵੇਂ ਸਹੁੰ ਹੀ ਖਾਧੀ ਹੋਵੇ ਕਿ “ਜੋ ਕੁਝ ਕਹਾਂਗਾ, ਝੂਠ ਹੀ ਕਹਾਂਗਾ, ਝੂਠ ਤੋਂ ਸਿਵਾਏ ਕੁਝ ਨਹੀਂ ਕਹਾਂਗਾ।” ਲੋਕਾਂ ਨੂੰ ਲਾਰੇ ਅਤੇ ਵਾਅਦਿਆਂ ਦੀਆਂ ਪੰਡਾਂ ਭਰ ਭਰ ਦੇਣੀਆਂ, ਉਹਨਾਂ ਦੀ ਪੂਰਤੀ ਨਾ ਕਰਨਾ ਉਨ੍ਹਾਂ ਦਾ ਸ਼ੁਗਲ ਹੈ।

ਜ਼ਰਾ ਪਿੱਛੇ ਝਾਤ ਮਾਰੋ। ਗਰੀਬੀ ਹਟਾਓ ਤੇ ਸਭ ਲਈ ਰੁਜ਼ਗਾਰ ਦੀਆਂ ਗੱਪਾਂ ਮਾਰੀਆਂ ਗਈਆਂ। ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕੀਤਾ ਜਾਂਦਾ ਰਿਹਾ। ਫਿਰ ਹਰੇਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਪਾਉਣ ਦੀ ਮਹਾਨ ਗੱਪ ਮਾਰ ਕੇ ਕੁਰਸੀ ’ਤੇ ਜਾ ਬਿਰਾਜਮਾਨ ਹੋਏ। ਨੋਟਬੰਦੀ ਨਾਲ ਕਾਲਾ ਧਨ ਕਢਵਾਉਣਾ ਕਹਿ ਕੇ ਲੋਕਾਂ ਦਾ ਨੁਕਸਾਨ ਤੇ ਚਹੇਤਿਆਂ ਦੇ ਵਾਰੇ ਨਿਆਰੇ ਕਰਵਾਏ ਗਏ। ਅੱਛੇ ਦਿਨ ਆਉਣ ਦੀਆਂ ਧੜੀ ਧੜੀ ਦੀ ਗੱਪਾਂ ਠੋਕੀਆਂ ਗਈਆਂ। ਲੋਕਾਂ ਨੂੰ ਮਿਲਿਆ ਕੀ? ਝੂਠ ਰੂਪੀ ਛੁਣਛੁਣਾ। ਉਸ ਨਾਲ ਖੇਡੋ ਤੇ ਦਿਲ ਪਰਚਾਓ।

ਨਾਅਰਾ ‘ਸਭ ਦਾ ਸਾਥ ਸਭ ਦਾ ਵਿਕਾਸ’ ਦਾ, ਘੱਟ ਗਿਣਤੀਆਂ, ਔਰਤਾਂ, ਦਲਿਤਾਂ ਨਾਲ ਦੁਰਵਿਹਾਰ। ਗਰੀਬ ਕਿਰਤੀਆਂ ਤੇ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਉਹਨਾਂ ਦਾ ਉਡਾਇਆ ਗਿਆ ਮਜ਼ਾਕ। ਲੀਡਰਾਂ ਦਾ ਗੁਣ ਹੈ ਕਿ ਪਹਿਲਾਂ ਨਾਲੋਂ ਵੱਡਾ ਝੂਠ ਮਾਰੋ। ਪਹਿਲਾਂ ਮਾਰੇ ਝੂਠ ਲੋਕ ਭੁੱਲ ਜਾਣਗੇ। ਲੋਕਾਂ ਦੇ ਅਸਲ ਮੁੱਦਿਆਂ ਬਾਰੇ ਨਹੀਂ ਗੱਲ ਕਰਨੀ। । ਅੰਦਰੋਗਤੀ ਇੱਕਮਿੱਕ ਤੇ ਉੱਤੋਂ ਉੱਤੋਂ ਕੁੱਕੜ ਖੋਹ। ਸਾਧਾਰਣ ਲੋਕ ਵਿਚਾਰੇ ਕੀ ਜਾਣਨ। ਇਸੇ ਨੂੰ ਕਹਿੰਦੇ ਹਨ, ਘੁੱਗੀ ਕਿਆ ਜਾਣੇ ਸਤਗੁਰ ਕੀਆਂ ਬਾਤਾਂ।

ਕਹਾਵਤ ਹੈ ਕਿ ਝੂਠਾ ਹੀ ਸਹੁੰ ਖਾਂਦਾ। ਸਾਡੇ ਲੀਡਰਾਂ ਨੇ ਇਹ ਸੱਚ ਕਰ ਦਿਖਾਇਆ। ਅਸ਼ਕੇ ਜਾਈਏ ਉਹਨਾਂ ਦੇ। ਉਹ ਕਿਹੜਾ ਸਾਡੇ ਵਰਗੇ ਸਾਧਾਰਣ ਲੋਕ ਨੇ ਜੋ ਸਹੁੰ ਖਾ ਕੇ ਨਾ ਮੁੱਕਰਣ।

ਕਰੋਨਾ ਦੇ ਇਸ ਦੌਰ ਵਿੱਚ ਆਕਸੀਜਨ ਨਾ ਮਿਲਣ ਕਰਕੇ ਮੌਤਾਂ ਹੋਣਾ ਜੱਗ ਜ਼ਾਹਰ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਵਿੱਚੋਂ ਛੇ ਸੌ ਤੋਂ ਵੱਧ ਕਿਸਾਨਾਂ ਦਾ ਸ਼ਹੀਦ ਹੋਣਾ ਵੀ ਕਿਸੇ ਤੋਂ ਭੁੱਲਿਆ ਨਹੀਂ। ਪਰ ਦੁਨੀਆਂ ਦੇ ਸਭ ਤੋਂ ਵੱਡੇ ਕਹੇ ਜਾਂਦੇ ਲੋਕਤੰਤਰ ਦੇ ਮੰਦਰ ਵਿੱਚ ਰਿਕਾਰਡ ਵਿੱਚ ਨਾ ਹੋਣ ਦਾ ਬਹਾਨਾ ਬਣਾ ਕੇ ਸੱਚ ਤੋਂ ਟਾਲਾ ਵੱਟਣਾ ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ।

ਮੀਡੀਆ ਕਹਾਉਂਦਾ ਹੈ ਲੋਕਤੰਤਰ ਦਾ ਚੌਥਾ ਥੰਮ੍ਹ। ਮੀਡੀਏ ਦੇ ਵੱਡੇ ਹਿੱਸੇ ਨੇ ਝੂਠ ਨੂੰ ਸੱਚ ਬਣਾਉਣ ਦੀ ਸਹੁੰ ਖਾਧੀ ਲਗਦੀ ਹੈ। ਭਾਅ ਜੀ ਗੁਰਸ਼ਰਨ ਸਿੰਘ ਦਾ ਕਿਹਾ ਸੋਲਾਂ ਆਨੇ ਸੱਚ ਹੈ ਕਿ ਖਬਰ ਦੇ ਪਿੱਛੇ ਛੁਪੀ ਹੁੰਦੀ ਹੈ ਹੋਰ ਖਬਰ। ਸੱਚ ਜਾਣਨ ਲਈ ਲਾਈਲੱਗਪੁਣੇ ਨੂੰ ਦੇਣੀ ਪਵੇਗੀ ਤਿਲਾਂਜਲੀ। ਸੱਚ ਜਾਣਨ ਦੀ ਸਿੱਖਣੀ ਪਵੇਗੀ ਜਾਚ। ਤਰਕਸ਼ੀਲ ਬਣਕੇ ਸੋਚ ਵਿਚਾਰ ਕਰਨੀ ਪਵੇਗੀ। ਝੂਠ ਦੀ ਹਨੇਰੀ ਵਗਾ ਕੇ ਲੋਕਾਂ ਨੂੰ ਪੈਰੋਂ ਉਖਾੜਨ ਵਾਲੇ ਲੋਕ-ਧ੍ਰੋਹੀਆਂ ਦੀ ਪਛਾਣ ਕਰਨਾ ਜ਼ਰੂਰੀ ਹੈ।

ਜੋ ਲੋਕ ਕਹਿੰਦੇ ਹਨ ਕਿ ਰੱਬ ਦੇ ਸਾਹਮਣੇ ਵਿਗਿਆਨ ਦੀ ਕੀ ਔਕਾਤ, ਉਹੀ ਬੀਮਾਰੀ ਆਉਣ ’ਤੇ ਦੁੜੱਕੀ ਲਾ ਕੇ ਵਿਗਿਆਨ ਦੀ ਸ਼ਰਨ ਵਿੱਚ ਭੱਜੇ ਆਉਂਦੇ ਨੇ। ਇਸਦਾ ਮਤਲਬ ਹੈ ਕਿ ਉਹ ਸਾਇੰਸ ਨੂੰ ਝੂਠ-ਮੂਠ ਹੀ ਨਿੰਦ ਰਹੇ ਹੁੰਦੇ ਹਨ। ਜਿਹੜੇ ਕਹਿੰਦੇ ਹਨ ਕਿ ਉੱਪਰ ਵਾਲਾ ਸਭ ਕੁਝ ਦੇਖਦਾ ਹੈ, ਉਹ ਆਪਣੀ ਤੇ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਸਾਇੰਸ ਦੁਆਰਾ ਈਜਾਦ ਕੈਮਰਿਆਂ ਦੀ ਵਰਤੋਂ ਕਰਦੇ ਹਨ। ਲੋਕਾਂ ਦੇ ਦਾਨ ’ਤੇ ਪਲਣ ਵਾਲੇ ਲੋਕਾਂ ਨੂੰ ਸਮਝਾਉਂਦੇ ਹਨ ਕਿ ਰੱਬ ਹੀ ਸਭ ਨੂੰ ਦਿੰਦਾ ਹੈ। ਫਿਰ ਉਹ ਆਪ ਰੱਬ ਤੋਂ ਸਿੱਧਾ ਹੀ ਕਿਉਂ ਨਹੀਂ ਲੈ ਲੈਂਦੇ? ਉਹਨਾਂ ਦਾ ਮਕਸਦ ਝੂਠ ਮਾਰ ਕੇ ਸਾਧਾਰਣ ਲੋਕਾਂ ਦੀ ਕਿਰਤ ਹੜੱਪਣਾ ਹੁੰਦਾ ਹੈ।

ਸੱਚ ’ਤੇ ਖੜ੍ਹੇ ਲੋਕ ਕਦੇ ਵੀ ਘਬਰਾਉਂਦੇ ਨਹੀਂ ਕਿਉਂਕਿ ਉਹ ਜਾਣਦੇ ਹਨ ਕਿ ਸੱਚ ਨੂੰ ਬਹੁਤ ਵਾਰੀ ਇਕੱਲੇ ਚੱਲਣਾ ਪੈਂਦਾ ਹੈ। ਜਦ ਕਿ ਝੂਠ ਨਾਲ ਕਾਫਲੇ ਹੁੰਦੇ ਹਨ। ਫਰੀਡਰਿਕ ਨੀਤਸ਼ੇ ਦੇ ਕਥਨ ਅਨੁਸਾਰ, “ਕਈ ਵਾਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਭਰਮ ਟੁੱਟਣ ਤੇ ਫੋਕੀਆਂ ਮਾਨਤਾਵਾਂ ਰੱਦ ਹੋਣ।”

ਸੱਚ ’ਤੇ ਪਹਿਰਾ ਦੇਣਾ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਵਧੀਆ ਸਮਾਜ ਸਿਰਜਣ ਲਈ ਸੱਚ ’ਤੇ ਪਹਿਰਾ ਦਿੰਦੇ ਹੋਏ ਝੂਠ ਨਾਲ ਲੜਨਾ ਜ਼ਰੂਰੀ ਹੈ। ਸੱਚ ਆਖਰ ਸੱਚ ਹੈ, ਜਿੱਤ ਸੱਚ ਦੀ ਹੋਣੀ ਹੁੰਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2916)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author