BSNanda2 

 

 

ਮੇਰੀ ਡਿਊਟੀ ਮਰਦਮਸ਼ੁਮਾਰੀ ਦੇ ਕੰਮ ਦੀ ਨਿਗਰਾਨੀ ਤੇ ਲਗਾਈ ਗਈ। ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਵਿਚ ਡਿਊਟੀ ’ਤੇ ਲੱਗੇ ਇੱਕ ਕਰਮਚਾਰੀ ਨੇ ਇੱਕ ਪਰਿਵਾਰ ਦਾ ਭਰਿਆ ਹੋਇਆ ਫਾਰਮ ਬੰਡਲ ਵਿੱਚੋਂ ਕੱਢ ਕੇ ਮੈਨੂੰ ਦਿਖਾਇਆ ਤੇ ਕਹਿਣ ਲੱਗਾ, ਇਹ ਪਰਿਵਾਰ ਬਚਿੱਤਰ ਜਿਹਾ ਹੈ। ਜੀਆਂ ਦੇ ਨਾਮ ਸਿੱਖਾਂ ਤੇ ਮੁਸਲਮਾਨਾਂ ਦੇ ਨਾਵਾਂ ਨਾਲ ਰਲਵੇਂ ਮਿਲਵੇਂ ਹਨ। ਮੈਂ ਚੰਗੀ ਤਰ੍ਹਾਂ ਪੁਸ਼ਟੀ ਕਰਕੇ ਫਾਰਮ ਭਰਿਆ ਹੈ।””

ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਪਰਿਵਾਰ ਸੱਚਮੁੱਚ ਬਚਿੱਤਰ ਹੀ ਲੱਗਿਆ। ਮੇਰੀ ਉਤਸੁਕਤਾ ਵਧ ਗਈ ਤੇ ਮੈਂ ਉਸ ਨੂੰ ਕਿਹਾ,"ਚੱਲ, ਮੈਨੂੰ ਘਰ ਦਿਖਾ। ਦੁਬਾਰਾ ਪੁੱਛਗਿੱਛ ਕਰਕੇ ਦੇਖ ਲੈਂਦੇ ਹਾਂ ... ਨਾਲੇ ਅਸਲ ਗੱਲ ਦਾ ਪਤਾ ਲੱਗ ਜਾਊ”

ਅਸੀਂ ਉਸ ਘਰ ਪਹੁੰਚੇ ਤਾਂ ਇੱਕ ਅੱਧਖੜ ਉਮਰ ਦੀ ਤੀਵੀਂ ਨੇ ਦਰਵਾਜ਼ਾ ਖੋਲ੍ਹ ਕੇ, ਅੰਦਰ ਜਾ ਕੇ, ਮੰਜੇ ਵੱਲ ਇਸ਼ਾਰਾ ਕਰਕੇ ਬੈਠ ਜਾਣ ਲਈ ਕਿਹਾ। ਇਸ ਔਰਤ ਦਾ ਪਹਿਰਾਵਾ ਵੀ ਬਚਿੱਤਰ ਸੀ, ਨਾ ਉਹ ਹਿੰਦੂ-ਸਿੱਖ ਪਹਿਰਾਵਾ ਸੀ ਤੇ ਨਾ ਹੀ ਮੁਸਲਮਾਨੀਬਸ, ਮਿਲਗੋਭਾ ਜਿਹਾ ਹੀ ਲੱਗਦਾ ਸੀ।

ਉਸ ਔਰਤ ਨੇ ਕੁਝ ਹੈਰਾਨ ਹੁੰਦੇ ਹੋਏ, ਘਬਰਾਈ ਜਿਹੀ ਨੇ ਮੇਰੇ ਨਾਲ ਆਏ ਬੰਦੇ ਵੱਲ ਇਸ਼ਾਰਾ ਕਰਕੇ ਕਿਹਾ,ਤੁਹਾਡਾ ਇਹ ਆਦਮੀ ਕੱਲ੍ਹ ਹੀ ਤਾਂ ਸਭ ਕੁਝ ਪੁੱਛ ਕੇ ਲੈ ਗਿਆ ਸੀ।””

ਮੈਂ ਉਸਦਾ ਡਰ ਦੂਰ ਕਰਨ ਲਈ ਕਿਹਾ,ਬੀਬੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਬੱਸ, ਕੁਝ ਵਧੇਰੇ ਜਾਣਕਾਰੀ ਲੈਣੀ ਸੀ।””

ਮੈਂ ਆਪਣੇ ਨਾਲ ਆਏ ਬੰਦੇ ਨੂੰ ਇਸ਼ਾਰੇ ਨਾਲ ਕਿਹਾ, “ਇੰਨੇ ਚਿਰ ਨੂੰ ਤੂੰ ਅਗਲਾ ਘਰ ਦੇਖ ਲੈ।””

ਉਹ ਝੱਟ ਸਮਝ ਗਿਆ ਕਿ ਹੋ ਸਕਦਾ ਹੈ ਕਿ ਉਸਦੀ ਮੌਜੂਦਗੀ ਵਿਚ ਅਸਲ ਗੱਲ ਨਾ ਦੱਸਣ, ਤੇ ਉਹਚਲਾ ਗਿਆ।

ਮੈਨੂੰ ਪਿਆਸ ਨਹੀਂ ਸੀ, ਫੇਰ ਵੀ ਮੈਂ ਭਰੋਸਾ ਜਿੱਤਣ ਲਈ ਕਿਹਾ,ਬੀਬੀ, ਇੱਕ ਗਲਾਸ ਠੰਢਾ ਪਾਣੀ ਨਲਕਾ ਗੇੜ ਕੇ ਤਾਂ ਪਿਆਉ।” ਉਹ ਕੁਝ ਝਿਜਕ ਕੇ ਕਹਿਣ ਲੱਗੀ, ਸਾਡੇ ਘਰ ਦਾ ਪਾਣੀ ਪੀਣ ਵਿਚ ਤੁਸੀਂ ਭਰਮ ਤਾਂ ਨਹੀਂ ਕਰਦੇ? ਇਹ ਮੁਸਲਮਾਨਾਂ ਦਾ ਘਰ ਹੈ।”

 ਮੈਂ ਕਿਹਾ, ਬੀਬੀ, ਭਰਮ ਕਾਹਦਾ? ਪਾਣੀ ਤਾਂ ਅੰਮ੍ਰਿਤ ਹੈ ਇਹ ਇਨਸਾਨ ਦੀ ਮੁਢਲੀ ਜ਼ਰੂਰਤ ਹੈਪਾਣੀ ਵੀ ਕਦੀ ਹਿੰਦੂ ਜਾਂ ਮੁਸਲਮਾਨ ਹੁੰਦਾ ਹੈ?””

ਉਸ ਨੂੰ ਤਸੱਲੀ ਹੋ ਗਈ ਤੇ ਉਸਦਾ ਮੇਰੇ ਪ੍ਰਤੀ ਭਰੋਸਾ ਵਧ ਗਿਆ। ਉਸ ਮੇਰੇ ਸਾਹਮਣੇ ਚੁੱਲੇ ਦੀ ਸਵਾਹ ਨਾਲ ਪਿੱਤਲ ਦੇ ਗਲਾਸ ਨੂੰ ਚੰਗੀ ਤਰ੍ਹਾਂ ਦੋ ਤਿੰਨ ਵਾਰ ਮਾਂਜ ਕੇ ਪਾਣੀ ਦਾ ਭਰ ਕੇ ਲਿਆਂਦਾ। ਮੈਂ ਕਿਹਾ, “ਪਾਣੀ ਪੀ ਕੇ ਆਨੰਦ ਆ ਗਿਆ। ਪਾਣੀ ਠੰਢਾ ਵੀ ਹੈ ਤੇ ਮਿੱਠਾ ਵੀ।””

ਪਰ ਮੈਨੂੰ ਯਾਦ ਆਇਆ ਜਦ ਮੈਂ ਨਿੱਕੇ ਹੁੰਦੇ ਆਪਣੇ ਮਾਂ-ਬਾਪ ਨਾਲ ਰੇਲ ਗੱਡੀ ਦਾ ਸਫਰ ਕਰਦਾ ਸੀ ਤਾਂ ਰੇਲਵੇ ਸਟੇਸ਼ਨ ਤੇ ਪਾਣੀ ਦੇ ਭਰੇ ਮਿੱਟੀ ਦੇ ਮੱਟ ਰੱਖੇ ਹੁੰਦੇ ਸਨ। ਉਨ੍ਹਾਂ ਉੱਪਰ ਲਿਖਿਆ ਹੁੰਦਾ, ਹਿੰਦੂ ਪਾਣੀ ਤੇ ਦੂਜੇ ਥਾਂ ਇੱਦਾਂ ਦੇ ਹੀ ਮਿੱਟੀ ਦੇ ਮੱਟਾਂ ਕੋਲ ਬੋਰਡ ਲੱਗਾ ਹੁੰਦਾ, ਮੁਸਲਮਾਨ ਪਾਣੀ। ਖੜ੍ਹੀ ਗੱਡੀ ਤੇ ਰੇਲਵੇ ਕਰਮਚਾਰੀ ਪਾਣੀ ਪਿਆਉਣ ਲਈ ਗੱਡੀ ਵਿਚ ਬੈਠੇ ਮੁਸਾਫਰਾਂ ਨੂੰ ਉੱਚੀ ਅਵਾਜ਼ ਵਿਚ ਕਹਿੰਦੇ, ਹਿੰਦੂ ਪਾਣੀ -ਮੁਸਲਿਮ ਪਾਣੀ। ਅੰਗਰੇਜ਼ ਸਰਕਾਰ ਵੱਲੋਂ ਸਖਤ ਹਦਾਇਤਾਂ ਸਨ ਇਸ ਬਾਰੇ। ਇਸੇ ਤਰ੍ਹਾਂ ਖਾਣ ਪੀਣ ਦੇ ਸਾਮਾਨ ਵੇਚਣ ਵਾਲੇ ਵੀ ਕਹਿੰਦੇ ਹਿੰਦੂ ਰੋਟੀ, ਮੁਸਲਿਮ ਰੋਟੀ।

ਮੈਂ ਸੋਚਿਆ, ਅੱਜ ਮੈਂ ਵੀ ਕਿੰਨਾ ਬਦਲ ਗਿਆ ਹਾਂ। ਮੈਨੂੰ ਹੋਰ ਪਾਣੀ ਦੀ ਲੋੜ ਨਹੀਂ ਸੀ ਪਰ ਮੈਂ ਕਿਹਾ,ਇੱਕ ਗਲਾਸ ਪਾਣੀ ਹੋਰ ਪਿਆਉਗੇ?

ਉਸ ਔਰਤ ਨੇ ਝੱਟ ਉੱਠ ਕੇ ਉਸੇ ਤਰ੍ਹਾਂ ਗਲਾਸ ਮਾਂਜ ਕੇ ਪਾਣੀ ਦਾ ਭਰ ਕੇ ਮੇਰੇ ਹੱਥ ਫੜਾਇਆ ਜੋ ਮੈਂ ਡੀਕ ਲਾ ਕੇ ਪੀ ਗਿਆ। ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਆਤਮ ਵਿਸ਼ਵਾਸ ਦੀ ਝਲਕ ਦੇਖਣ ਨੂੰ ਮਿਲੀ।

ਮੈਂ ਕਿਹਾ, ਬੀਬੀ, ਤੁਹਾਡਾ ਨਾਮ?

ਉਸਨੇ ਉੱਤਰ ਦਿੱਤਾ, ਨਾਮ ਤਾਂ ਮੇਰਾ ਰਹਿਮਤੋ ਹੈ ਪਰ ਪਿੰਡ ਵਾਲੇ ਮੈਨੂੰ ਹੁਣ ਰਣਜੀਤੋ ਕਹਿ ਕੇ ਬੁਲਾਉਂਦੇ ਹਨ ਤੇ ਸੱਚ ਪੁੱਛੋ ਤਾਂ ਹੁਣ ਮੈਨੂੰ ਆਪ ਵੀ ਭੁਲੇਖਾ ਪੈਂਦਾ ਹੈ ਕਿ ਮੈਂ ਰਹਿਮਤੋ ਹਾਂ ਜਾਂ ਰਣਜੀਤੋ?”

ਮੈਂ ਪੁੱਛਿਆ, "ਤੁਹਾਡਾ ਧਰਮ ਮੁਸਲਮਾਨ ਹੈ?"

ਉਹ ਬੋਲੀ, “ਵੀਰਾ, ਸਾਡਾ ਕਾਹਦਾ ਧਰਮ ਰਹਿ ਗਿਆ ਹੈ? ਅਸੀਂ ਤਾਂ ਹੁਣ ਦੋਜਕਾਂ ਨੂੰ ਵੀ ਨਹੀਂ ਨਸੀਬ ਹੋਣਾ।””

“ਬੀਬੀ, ਸਾਰੇ ਧਰਮ ਆਪੋ ਆਪਣੀ ਥਾਵੇਂ ਚੰਗੇ ਹੁੰਦੇ ਹਨ। ਧਰਮ ਵੀ ਕੋਈ ਮਾੜਾ ਹੋਇਆ ਹੈ? ਬੰਦੇ ਹੀ ਚੰਗੇ ਮਾੜੇ ਹੁੰਦੇ ਹਨ।””

ਉਹ ਕਹਿਣ ਲੱਗੀ, ਮੈਂ ਗੁਰਦਵਾਰੇ ਅੰਦਰ ਤਾਂ ਕਦੀ ਗਈ ਨਹੀਂ, ਬਾਹਰ ਹੀ ਬੈਠ ਜਾਂਦੀ ਹਾਂ। ਅੰਦਰ ਭਾਈ ਵੀ ਇੱਦਾਂ ਦੀਆਂ ਹੀ ਗੱਲਾਂ ਲੋਕਾਂ ਨੂੰ ਸਮਝਾਂਦੇ ਹਨ। ਪਰ ਵੀਰਾ ਇਹ ਸਭ ਕਹਿਣ ਦੀਆਂ ਗੱਲਾਂ ਹਨ। ਜੋ ਸਾਡੇ ਨਾਲ ਬੀਤੀ, ਉਹ ਰੱਬ ਦੁਸ਼ਮਣ ਨਾਲ ਨਾ ਕਰੇ।””

ਮੈਂ ਕੁਝ ਚਿੰਤਤ ਹੋ ਕੇ ਪੁੱਛਿਆ, ਬੀਬੀ, ਕਿਸੇ ਪਿੰਡ ਵਾਲੇ ਨੇ ਤੁਹਾਡੇ ਨਾਲ ਬੁਰਾ ਭਲਾ ਤਾਂ ਨਹੀਂ ਕੀਤਾ?

ਬੱਸ, ... ਤੂੰ ਕੁਝ ਨਾ ਪੁੱਛ ਭਰਾਵਾ! ਹੁਣ ਪੁਰਾਣੇ ਜ਼ਖਮ ਖੁਰਚਣ ਨਾਲ ਕੀ ਬਣਨਾ ਹੈਜਿਨ੍ਹਾਂ ਦੇ ਜੀ ਜਾਂਦੇ ਹਨ ਅਣਆਈ ਮੌਤੇ, ਉਹ ਤਾਂ ਸਾਰੀ ਹਯਾਤੀ ਝੂਰਦੇ ਰਹਿੰਦੇ ਹਨ। ਜਦ ਪਾਕਿਸਤਾਨ ਬਣਿਆ, ਸਾਰੇ ਪਾਸੇ ਵੱਢ ਟੁੱਕ ਸ਼ੁਰੂ ਹੋ ਗਈ। ਸਾਡਾ ਪਿੰਡ ਤਾਂ ਚੰਗਾ ਸੀ, ਪਰ ਹਵਾ ਹੀ ਮਾੜੀ ਵਗੀ। ਆਪਣੇ ਪਰਾਏ ਹੋ ਗਏ। ਨੰਬਰਦਾਰਾਂ ਦੀ ਛੋਟੀ ਨੂੰਹ ਬਹੁਤ ਅੱਲਾ ਦੀ ਪਿਆਰੀ ਹੈ, ਉਸ ਲੁਕ ਛਿਪ ਤ੍ਰਕਾਲਾਂ ਵੇਲੇ ਸਾਡੇ ਘਰ ਆ ਕੇ ਦੱਸਿਆ, ਅੰਦਰ ਦੀ ਗੱਲ ਹੈ, ਅੱਜ ਅੱਧੀਂ ਰਾਤ ਖੈਰ ਨਹੀਂ, ਵੱਢ ਟੁੱਕ ਸ਼ੁਰੂ ਹੋ ਜਾਣੀ ਹੈ, ਆਪਣਾ ਬਚਾਉ ਕਰ ਲੈਣ।” ਮੈਂ ਅਜੇ ਨਵੀਂ ਵਿਆਹੀ ਆਈ ਸਾਂ ਸਾਡੇ ਨਾਲ ਮੇਰੀ ਸੱਸ ਤੇ ਸੁਹਰਾ ਰਹਿੰਦੇ ਸਨ। ਸੱਸ ਮੇਰੀ ਬਾਹਲੀ ਬੀਮਾਰ ਸੀ ਸਾਡਾ ਇਹ ਪਿੰਡ ਲੁਧਿਆਣੇ ਜ਼ਿਲ੍ਹੇ ਦਾ, ਇਸ ਪਾਸੇ ਆਖਰੀ ਪਿੰਡ ਹੈ। ਅੱਗੋਂ ਮਲੇਰਕੋਟਲੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਦੋ ਤਿੰਨ ਕੋਹਾਂ ਦਾ ਫਰਕ ਹੈ। ਮਲੇਰਕੋਟਲੇ ਮੁਸਲਮਾਨਾਂ ਦੀ ਵਧੇਰੇ ਵਸੋਂ ਸੁਣੀਂਦੀ ਸੀ। ਅਸੀਂ ਆਪਣੇ ਬਚਾਉ ਲਈ ਮਲੇਰਕੋਟਲੇ ਹੀ ਜਾਣਾ ਚੰਗਾ ਸਮਝਿਆ। ਅੱਧੀ ਰਾਤ ਤੋਂ ਪਹਿਲਾਂ ਹੀ ਅਸੀਂ ਪਿੰਡੋਂ ਨਿੱਕਲ ਤੁਰੇ। ਗਰੀਬਾਂ ਕੋਲ ਨਾਲ ਲਿਜਾਣ ਲਈ ਕੀ ਹੁੰਦਾ ਹੈ? ਮੇਰੇ ਘਰ ਵਾਲੇ ਨੇ ਆਪਣੀ ਮਾਂ ਨੂੰ ਪਿੱਠ ’ਤੇ ਚੁੱਕ ਲਿਆ ਤੇ ਮੇਰੇ ਸਹੁਰੇ ਨੇ ਮੇਰੀ ਬਾਂਹ ਪਕੜ ਲਈ ਤੇ ਅਸੀਂ ਤੁਰ ਪਏ। ਪਿੰਡੋਂ ਬਾਹਰ ਜਦ ਨਿੱਕਲੇ ਤਾਂ ਹੋਰ ਵੀ ਕਈ ਟੱਬਰ ਮਲੇਰਕੋਟਲੇ ਦੇ ਰਾਹ ਜਾਂਦੇ ਮਿਲੇ। ਉਹਨਾਂ ਨੂੰ ਵੀ ਲਗਦਾ ਸੂਹ ਮਿਲ ਗਈ ਹੋਣੀ ਹੈ, ਆਉੁਣ ਵਾਲੀ ਔਖੀ ਘੜੀ ਦੀ। ...

ਅਸੀਂ ਅਜੇ ਆਪਣੇ ਪਿੰਡ ਦੀ ਜੂਹ ਵਿਚ ਹੀ ਸਾਂ ਕਿ ਸਾਡੇ ਪਿੱਛੇ ਪਿੰਡ ਦੇ ਲੋਕ ਅੱਗ ਦੀਆਂ ਮਿਸਾਲਾਂ, ਲਾਠੀਆਂ ਨੇਜੇ ਤੇ ਤਲਵਾਰਾਂ ਲਈ ਭੱਜੇ ਆਉਂਦੇ ਦਿਸੇ। ...

“ਮੇਰਾ ਘਰ ਵਾਲਾ ਤਾਂ ਵੱਡੇ ਵੱਡੇ ਕਦਮ ਪੁਟਦਾ ਅੱਗੇ ਨਿਕਲ ਗਿਆ ਪਰ ਮੇਰੇ ਸੁਹਰੇ ਤੋਂ ਤੁਰਿਆ ਨਾ ਜਾਵੇ। ਉਸਦੀ ਨਿਗਾਹ ਵੀ ਕਮਜ਼ੋਰ ਸੀਸਾਨੂੰ ਇਹ ਦੋ ਤਿੰਨ ਕੋਹ ਬਹੁਤ ਲੰਮਾ ਪੈਂਡਾ ਲੱਗ ਰਿਹਾ ਸੀ। ਸਾਥੋਂ ਡਰ ਮਾਰੇ ਕਦਮ ਪੁੱਟੇ ਨਹੀਂ ਸੀ ਜਾ ਰਹੇ। ...

“ਸਾਡੇ ਮਗਰ ਜਿਹੜੀ ਭੀੜ ਤਲਵਾਰਾਂ ਤੇ ਲਾਠੀਆਂ ਲਈ ਆ ਰਹੀ ਸੀ, ਨੇ ਵੱਢ ਟੁੱਕ ਸ਼ੁਰੂ ਕਰ ਦਿੱਤੀ। ਵਿੱਚੋਂ ਹੀ ਇੱਕ ਨੇ ਉੱਚੀ ਦੇਣੀ ਕਿਹਾ, ਸੁਣੋ ਭਰਾਵੋ, ਇੱਕ ਗੱਲ ਦਾ ਧਿਆਨ ਰੱਖਣਾ, ਇੱਥੇ ਸਾਡੇ ਪਿੰਡ ਦੀ ਹੱਦ ਮੁੱਕਦੀ ਹੈ ਤੇ ਮਲੇਰਕੋਟਲੇ ਦੀ ਸ਼ੁਰੂ ਹੁੰਦੀ ਹੈ ਅਸੀਂ ਸਰਹੱਦ ਤੇ ਖੜ੍ਹੇ ਹਾਂ। ਅੱਗੇ ਕਿਸੇ ਨੇ ਨਹੀਂ ਜਾਣਾ ਜਿਹੜੇ ਇਹ ਹੱਦ ਪਾਰ ਕਰ ਜਾਣ, ਉਹਨਾਂ ਨੂੰ ਕੁਝ ਨਹੀਂ ਕਹਿਣਾ ਨਾ ਜਾਂਦੇ ਦਾ ਪਿੱਛਾ ਕਰਨਾ ਹੈ। ਸਰਹੰਦ ਦੇ ਨਵਾਬ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਨਣ ਦਾ ਹੁਕਮ ਦਿੱਤਾ ਸੀ ਤਾਂ ਉਸ ਵੇਲੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਆਹ ਭਰੀ ਸੀ ਤੇ ਕਿਹਾ ਸੀ, ਇਹ ਜ਼ੁਲਮ ਬੱਚਿਆਂ ਤੇ ਕਿਉਂ? ਦੁਸ਼ਮਣੀ ਤਾਂ ਗੁਰੂ ਗੋਬਿੰਦ ਸਿੰਘ ਨਾਲ ਹੈ। ਸਾਡੇ ਗੁਰੂ ਨੇ ਉਸ ਦਾ ਅਹਿਸਾਨ ਚੁਕਾਉਣਾ ਹੈ। ਅਸੀਂ ਵੀ ਆਪਣੇ ਗੁਰੂ ਦਾ ਬਚਨ ਅੱਜ ਪਾਲਣਾ ਹੈ। ...

“ਮੇਰਾ ਘਰ ਵਾਲਾ ਤਾਂ ਹੱਦ ਪਾਰ ਕਰ ਚੁੱਕਾ ਸੀ ਪਰ ਮੈਂ ਮੰਦ ਭਾਗਣੀ ਸਹੁਰੇ ਨੂੰ ਧੂੰਹਦੀ ਧੂੰਹਦੀ ਪਿੱਛੇ ਰਹਿ ਗਈ। ...

“ਜਿਹੜੇ ਪਿੱਛੇ ਰਹਿ ਗਏ, ਉਹਨਾਂ ਦੀ ਸ਼ਾਮਤ ਆ ਗਈ। ਬਹੁਤ ਚੀਕ ਚਿਹਾੜਾ ਮਚਿਆ, ਬਹੁਤ ਵੱਢ ਟੁੱਕ ਹੋਈ। ...

“ਇੱਕ ਉੱਚੇ ਲੰਮੇ ਸਰਦਾਰ ਨੇ, ਜਿਸ ਮੂੰਹ ਤੇ ਮੜ੍ਹਾਸਾ ਮਾਰਿਆ ਹੋਇਆ ਸੀ ਤੇ ਹੱਥ ਵਿਚ ਨੰਗੀ ਤਲਵਾਰ ਫੜੀ ਹੋਈ ਸੀ ਨੇ ਮੇਰੇ ਸਹੁਰੇ ਨੂੰ ਮੈਥੋਂ ਵੱਖ ਕਰ ਲਿਆ ਤੇ ਮੇਰੇ ਦੇਖਦੇ ਦੇਖਦੇ ਤਲਵਾਰ ਨਾਲ ਉਸ ਦੀ ਮੁੰਡੀ ਧੜ ਤੋਂ ਅਲੱਗ ਕਰ ਦਿੱਤੀ। ਮੇਰੇ ਵੇਂਹਦੇ ਵੇਂਹਦੇ ਉਹ ਤੜਪ ਤੜਪ ਕੇ ਦਮ ਤੋੜ ਗਿਆ। ...

“ਉਸ ਸਰਦਾਰ ਨੇ ਆਪਣੀ ਪੱਗ ਨਾਲ ਮੇਰੀਆਂ ਬਾਹਾਂ ਬੰਨ੍ਹ ਕੇ ਮੈਨੂੰ ਆਪਣੇ ਮੋਢੇ ਤੇ ਚੱਕ ਪਿੰਡ ਵਿਚ ਹੀ ਡੰਗਰਾਂ ਵਾਲੀ ਆਪਣੀ ਹਵੇਲੀ ਵਿਚ ਲਿਆ ਸੁੱਟਿਆ। ਮੈਂ ਬਥੇਰੀ ਰੋਈ, ਤਰਲੇ ਮਿੰਨਤਾਂ ਕੀਤੀਆਂ ਪਰ ਮੇਰੀ ਕਿਸ ਸੁਣਨੀ ਸੀ। ਉਸ ਕਿਹਾ, ਬਾਹਰ ਜਾਣ ਦਾ ਕੋਈ ਰਸਤਾ ਨਹੀਂ ਅਰਾਮ ਨਾਲ ਬੈਠ, ਮੈ ਤੇਰੇ ਲਈ ਰੋਟੀ ਟੁੱਕ ਦਾ ਪ੍ਰਬੰਧ ਕਰਦਾ ਹਾਂ। ...

“ਕਰੀਬ ਘੰਟੇ ਪਿੱਛੋਂ ਉਹ ਮੇਰੀ ਰੋਟੀ ਚੁੱਕੀ ਆਇਆ। ਰੋਟੀ ਕਿਸ ਖਾਣੀ ਸੀ? ਸਾਡੇ ਲਈ ਤਾਂ ਪਰਲੋ ਆਈ ਹੋਈ ਸੀ। ਇੰਨੇ ਨੂੰ ਉਸ ਦੀ ਘਰਵਾਲੀ ਨੰਬਰਦਾਰਨੀ ਮਗਰੇ ਮਗਰ ਆ ਧਮਕੀ, ਲਗਦਾ ਹੈ ਉਹਨੂੰ ਸ਼ੱਕ ਪੈ ਗਿਆ ਹੋਣਾ ਹੈ ਨੰਬਰਦਾਰ ਦੀਆਂ ਗੱਲਾਂ ਤੋਂ। ...

“ਜਦ ਉੱਥੇ ਉਸਨੇ ਮੈਨੂੰ ਦੇਖਿਆ, ਉਸ ਬਹੁਤ ਕੁਪੱਤ ਕੀਤੀ ਤੇ ਮੈਨੂੰ ਆਪਣੀ ਪਨਾਹ ਵਿਚ ਘਰ ਲੈ ਗਈ ਤੇ ਆਖਿਆ, ਅੱਜ ਤੋਂ ਤੂੰ ਮੇਰੀ ਧੀ ਹੈਂ ਤੇਰੀ ਜਾਨ ਤੇ ਇੱਜ਼ਤ ਦੀ ਰਾਖੀ ਦਾ ਮੇਰਾ ਜ਼ਿੰਮਾ। ...

“ਫੇਰ ਸਮਾਂ ਪਾ ਕੇ ਜਦ ਅਮਨ ਚੈਨ ਹੋ ਗਿਆ ਤਾਂ ਨੰਬਰਦਾਰਨੀ ਮੇਰੇ ਘਰ ਵਾਲੇ ਨੂੰ ਪਿੰਡ ਮੋੜ ਲਿਆਈ। ਮੇਰੀ ਸੱਸ ਬਹੁਤਾ ਚਿਰ ਨਾ ਜੀ ਸਕੀ, ਜਦ ਉਸਨੂੰ ਆਪਣੇ ਘਰਵਾਲੇ ਦੀ ਮੌਤ ਦਾ ਪਤਾ ਲੱਗਾ। ...

“ਇਸ ਸਾਰੇ ਪਿੰਡ ਵਿਚ ਹੁਣ ਸਿਰਫ ਸਾਡਾ ਹੀ ਇੱਕੋ ਇੱਕ ਮੁਸਲਮਾਨਾਂ ਦਾ ਘਰ ਹੈ। ਅਸੀਂ ਕਾਹਦੇ ਮੁਸਲਮਾਨ ਹਾਂ। ਮੇਰਾ ਲੜਕਾ ਰਫੀਕ ਜਦ ਸਕੂਲ ਪੜ੍ਹਦਾ ਸੀ, ਉਸ ਨੂੰ ਔਖਾ ਲੱਗਾ ਤੇ ਹਾਰ ਕੇ ਉਸ ਆਪਣਾ ਨਾਮ ਰਘਬੀਰ ਰੱਖ ਲਿਆ। ਦੇਖਾ ਦੇਖੀ ਪੱਗ ਬੰਨ੍ਹਣੀ ਵੀ ਸਿੱਖ ਗਿਆ ਹੈ। ਇਕੱਲਿਆਂ ਦਾ ਵੀ ਕੋਈ ਜਿਉਣਾ ਹੁੰਦਾ ਹੈ? ਸਾਨੂੰ ਤਾਂ ਆਪਣੇ ਰੀਤੀ ਰਿਵਾਜ ਵੀ ਭੁੱਲਦੇ ਜਾਂਦੇ ਹਨ। ਰਘਬੀਰ ਨੇ ਮੈਨੂੰ ਗੁਰੂਆਂ ਦੀਆਂ ਸਾਖੀਆਂ ਪੜ੍ਹ ਪੜ੍ਹ ਕੇ ਸੁਣਾਈਆਂ। ਮੈਂ ਸੋਚਦੀ ਹਾਂ, ਇੰਨ੍ਹਾਂ ਲੋਕਾਂ ਨੂੰ ਆਪਣੇ ਪੀਰ ਦੀ ਇੱਕ ਗੱਲ ਤਾਂ ਯਾਦ ਰਹੀ ਕਿ ਮਲੇਰਕੋਟਲੇ ਦੀ ਸਰਹੱਦ ਤੋਂ ਉਰਾਂ ਉਰਾਂ ਹੀ ਰਹਿਣਾ ਹੈ ਪਰ ਮੈਂ ਇਹ ਵੀ ਸੁਣਿਆ ਹੈ ਕਿ ਉਸੇ ਪੀਰ ਨੇ ਕਿਹਾ ਹੈ ਕਿ ਕਿਸੇ ਨਿਹੱਥੇ ਅਤੇ ਅਬਲਾ ਤੇ ਵਾਰ ਨਹੀਂ ਕਰਨਾ, ਬੇਕਸੂਰ ਉੱਤੇ ਵੀ ਵਾਰ ਨਹੀਂ ਕਰਨਾ। ਸਾਡਾ ਕੀ ਕਸੂਰ ਸੀ?

ਇਹ ਕਹਿੰਦੀ ਕਹਿੰਦੀ ਉਸਦੀਆਂ ਅੱਖਾਂ ਵਿਚ ਹੰਝੂ ਆ ਗਏ। ਮੈਂ ਇਹ ਦੇਖਕੇ ਆਪਣੇ ਆਪ ਨੂੰ ਕਸੂਰਵਾਰ ਸਮਝਣ ਲੱਗ ਪਿਆ। ਮੇਰੇ ਕੋਲ ਉਸਦੀਆਂ ਗੱਲਾਂ ਦਾ ਜਵਾਬ ਨਹੀਂ ਸੀ, ਸਿਵਾਏ ਕਿ ਉੱਧਰ ਪਾਕਿਸਤਾਨ ਵਿਚ ਵੀ ਹਿੰਦੂ ਸਿੱਖਾਂ ਨਾਲ ਇੱਦਾਂ ਹੀ ਜ਼ੁਲਮ ਹੋਇਆ। ਪਰ ਇਹ ਤਾਂ ਉਸ ਦਾ ਧਰਵਾਸ ਨਹੀਂ ਸੀ ਕਰ ਸਕਦਾ। ਮੇਰੀਆਂ ਨਜ਼ਰਾਂ ਨੀਵੀਆਂ ਪੈ ਗਈਆਂ। ਮੈਂ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪਿਆ ਤੇ ਕਿਹਾ, ਬੀਬੀ, ਜੋ ਹੋ ਗਿਆ, ਉਹ ਤਾਂ ਬਦਲ ਨਹੀਂ ਸਕਦਾ ਮੇਰੀ ਅੱਲਾ ਅੱਗੇ ਦੁਆ ਹੈ ਕਿ ਉਹ ਤੈਨੂੰ ਤਸਕੀਨ ਤੇ ਰਹਿਮਤਾਂ ਬਖਸ਼ੇ।”

**

(15)