ShangaraSBhullar7ਪਹਿਲਾਂ ਉਹ ਪੰਜਾਂ ਬੱਚਿਆਂ ਨੂੰ ਸੰਭਾਲਦੀ ਸੀ, ਫਿਰ ਦਸਾਂ ਨੂੰ ਸੰਭਾਲਣ ਲੱਗੀ ...
(2 ਦਸੰਬਰ 2017)

 

ਉਹ ਮੇਰੀ ਤਾਈ ਲਗਦੀ ਸੀ। ਪਿੰਡ ਦੇ ਬਹੁਤੇ ਲੋਕ ਉਹਨੂੰ ਸੂਬੇਦਾਰਨੀ ਕਹਿ ਕੇ ਬੁਲਾਉਂਦੇ ਸਨ। ਵਜਾਹ ਇਹ ਕਿ ਉਹਦਾ ਸਾਡੇ ਤਾਏ ਸੂਬੇਦਾਰ ਉਜਾਗਰ ਸਿੰਘ ਨਾਲ ਦੂਜਾ ਵਿਆਹ ਹੋਇਆ ਸੀ। ਜਿਵੇਂ ਥਾਣੇਦਾਰ ਦੀ ਘਰਵਾਲੀ ਖੁਦ ਬਖੁਦ ਥਾਣੇਦਾਰਨੀ ਬਣ ਜਾਂਦੀ ਹੈ, ਇਸੇ ਤਰ੍ਹਾਂ ਉਹ ਵੀ ਸੂਬੇਦਾਰਨੀ ਬਣ ਗਈ ਸੀ। ਹਾਲਾਂਕਿ ਸੀ ਉਹ ਅਧਿਆਪਕਾ। ਤਾਇਆ ਜੀ ਦੀ ਪਹਿਲੀ ਪਤਨੀ ਪੰਜ ਬੱਚੇ ਪਿੱਛੇ ਛੱਡ ਕੇ ਨਹੀਂ ਸੀ ਰਹੀ। ਇਸ ਲਈ ਤਾਏ ਨੂੰ ਮਜਬੂਰੀ ਵਿਚ ਦੂਜਾ ਵਿਆਹ ਕਰਵਾਉਣਾ ਪਿਆ। ਉਹ ਖੁਦ ਫੌਜ ਵਿਚ ਸਨ ਅਤੇ ਬਹੁਤਾ ਸਮਾਂ ਘਰੋਂ ਬਾਹਰ ਰਹਿੰਦੇ ਸਨ। ਬੱਚੇ ਛੋਟੇ ਸਨ। ਉਨ੍ਹਾਂ ਦੇ ਪਾਲਣ ਪੋਸ਼ਣ ਲਈ ਇਕ ਮਾਂ ਦੀ ਜ਼ਰੂਰਤ ਸੀ। ਤਾਏ ਦੇ ਪਹਿਲੇ ਵਿਆਹ ਦੇ ਜਿਹੜੇ ਪੰਜ ਬੱਚੇ ਸਨ, ਉਨ੍ਹਾਂ ਵਿਚ ਦੋ ਬੇਟੀਆਂ ਅਤੇ ਤਿੰਨ ਬੇਟੇ ਸਨ। ਇਨ੍ਹਾਂ ਪੰਜਾਂ ਵਿੱਚੋਂ ਹੁਣ ਇਕ ਸਭ ਤੋਂ ਛੋਟਾ ਮਿੰਨ੍ਹਾ ਹੀ ਜੀਉਂਦਾ ਹੈ ਅਤੇ ਉਹਦੀ ਉਮਰ ਵੀ ਇਸ ਵੇਲੇ 66-67 ਸਾਲ ਹੈ। ਸਭ ਤੋਂ ਵੱਡਾ ਭਗਵੰਤ ਸਿੰਘ ਮੇਰਾ ਹਾਣੀ ਸੀ ਅਤੇ ਮੇਰਾ ਜਮਾਤੀ ਵੀ। ਉਂਜ ਉਹ ਸਾਇੰਸ ਦਾ ਵਿਦਿਆਰਥੀ ਸੀ ਅਤੇ ਮੈਂ ਆਰਟਸ ਦਾ। ਹੁਣ ਉਹ ਵੀ ਨਹੀਂ ਰਿਹਾ।

ਤਾਈ ਜੀ ਦਾ ਨਾਂ ਹਰਬੀਰ ਕੌਰ ਸੀ। ਅਸਲ ਵਿਚ ਉਹ ਅੰਬਾਲੇ ਦੇ ਨੇੜੇ ਪੈਂਦੇ ਇਕ ਪਿੰਡ ਦੀ ਜਮਪਲ ਸੀ। ਪਿੱਛੋਂ ਉਹਦੇ ਮਾਂ ਪਿਉ ਚੰਡੀਗੜ੍ਹ ਆ ਗਏ। ਉਹਦੀ ਪੜ੍ਹਾਈ ਲਿਖਾਈ ਅਤੇ ਪਾਲਣ ਪੋਸ਼ਣ ਅਤੇ ਵਿਆਹ ਵੀ ਚੰਡੀਗੜ੍ਹ ਹੀ ਹੋਇਆ। ਏਸ਼ੀਆ ਦੇ ਖੂਬਸੂਰਤ ਕਰਕੇ ਜਾਣੇ ਜਾਂਦੇ ਸ਼ਹਿਰ ਚੰਡੀਗੜ੍ਹੋਂ ਉਹ ਵਿਆਹੀ ਹੋਈ ਪਿੰਡ ਭੁੱਲਰੀਂ ਪਹੁੰਚੀ ਅਤੇ ਸਭ ਤੋਂ ਪਹਿਲਾ ਕੰਮ ਤਾਏ ਦੀ ਪਹਿਲੀ ਪਤਨੀ ਦੇ ਪੰਜੇ ਬੱਚੇ ਸੰਭਾਲਣ ਵਿਚ ਲੱਗ ਗਈ। ਉਨ੍ਹਾਂ ਪੰਜਾਂ ਵਿੱਚੋਂ ਲਗਪਗ ਸਾਰੇ ਹੀ ਪੜ੍ਹਦੇ ਸਨ। ਤਾਈ ਜੀ ਨੇ ਬੱਚਿਆਂ ਅਤੇ ਘਰ ਦੀ ਸਾਂਭ ਸੰਭਾਲ ਦੇ ਨਾਲ ਖੁਦ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਜੇ.ਬੀ.ਟੀ. ਕਰਕੇ ਸਕੂਲ ਵਿਚ ਅਧਿਆਪਕਾ ਲੱਗ ਗਈ। ਤਾਇਆ ਜੀ ਨੇ ਵੀ ਉਸ ਨੂੰ ਬੜਾ ਸਹਿਯੋਗ ਦਿੱਤਾ। ਇਸੇ ਦੌਰਾਨ ਅਗਲੇ ਸਾਲਾਂ ਵਿਚ ਤਾਈ ਜੀ ਦੇ ਆਪਣੇ ਵੀ ਪੰਜ ਬੱਚੇ ਹੋ ਗਏ। ਪਹਿਲਾਂ ਉਹ ਪੰਜਾਂ ਬੱਚਿਆਂ ਨੂੰ ਸੰਭਾਲਦੀ ਸੀ, ਫਿਰ ਦਸਾਂ ਨੂੰ ਸੰਭਾਲਣ ਲੱਗੀ। ਮਜ਼ੇਦਾਰ ਗੱਲ ਇਹ ਕਿ ਉਸਨੇ ਆਪਣੀ ਉਚੇਰੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਬੀ.ਐੱਡ. ਵੀ ਕਰ ਲਈ। ਸਮੇਂ ਦੀ ਤੋਰ ਨਾਲ ਹੌਲੀ ਹੌਲੀ ਕੁਝ ਬੱਚੇ ਨੌਕਰੀਆਂ ਤੇ ਲੱਗ ਗਏ ਅਤੇ ਉਨ੍ਹਾਂ ਦੇ ਵਿਆਹ ਵੀ ਹੋ ਗਏ। ਪਰਿਵਾਰ ਫੈਲਣ ਲੱਗਾ ਸੀ ਪਰ ਤਾਈ ਸੀ ਕਿ ਉਸ ਨੇ ਨਾ ਕੇਵਲ ਦਸ ਦੇ ਦਸ ਬੱਚਿਆਂ, ਸਗੋਂ ਆਪਣੀਆਂ ਨੂੰਹਾਂ ਅਤੇ ਭਤੀਜ ਨੂੰਹਾਂ ਵੀ, ਆਪਣੀਆਂ ਧੀਆਂ ਵਾਂਗ ਉਸੇ ਤਰ੍ਹਾਂ ਸੁਰੱਖਿਅਤ ਰੱਖਿਆ ਜਿਵੇਂ ਕੁੱਕੜੀ ਕਿਸੇ ਵੀ ਛੋਟੇ ਵੱਡੇ ਖਤਰੇ ਵੇਲੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠਾਂ ਲੁਕੋ ਲੈਂਦੀ ਹੈ। ਤਾਈ ਘਰ ਨੂੰ ਸੰਭਾਲਣ ਅਤੇ ਚਲਾਉਣ ਵਿਚ ਬੜੀ ਬਹਾਦਰ ਸਾਬਤ ਹੋਈ ਸੀ, ਇਸ ਲਈ ਸਾਰੇ ਬੱਚੇ ਵੀ ਉਸ ਨੂੰ ਮਾਂ ਦਾ ਪਿਆਰ ਸਤਿਕਾਰ ਆਖਰੀ ਸਵਾਸਾਂ ਤਕ ਦੇਂਦੇ ਰਹੇ।

ਤਾਈ ਪਿੱਛੇ ਜਿਹੇ 87 ਸਾਲ ਦੀ ਉਮਰ ਭੋਗ ਕੇ ਇੱਥੋਂ ਰੁਖਸਤ ਹੋ ਗਈ ਹੈ। ਆਪਣੇ ਇਸ ਮਿਹਨਤੀ ਅਤੇ ਸੰਘਰਸ਼ ਭਰੇ ਜੀਵਨ ਵਿਚ ਉਸਨੇ ਬਹੁਤ ਸਾਰੇ ਉਤਰਾ ਚੜ੍ਹਾਅ ਵੀ ਵੇਖੇ ਸਨ। ਇਨ੍ਹਾਂ ਵਿੱਚੋਂ ਪਹਿਲਾਂ ਤਾਇਆ ਜੀ ਦਾ ਸੱਤਰਵਿਆਂ ਅਤੇ ਅੱਸੀਵਿਆਂ ਦੌਰਾਨ ਸਵਰਗਵਾਸ ਹੋ ਜਾਣਾ ਸੀ। ਫਿਰ ਵੱਡੇ ਪਰਿਵਾਰ ਦੀਆਂ ਬਹੁਤ ਸਾਰੀਆਂ ਜ਼ਿੰਵਾਰੀਆਂ ਤਾਈ ਜੀ ਨੂੰ ਇਕੱਲਿਆਂ ਹੀ ਨਿਪਟਾਉਣੀਆਂ ਪਈਆਂ ਸਨ। ਉਸ ਨੂੰ ਵੈਸੇ ਰਿਟਾਇਰ ਹੋਇਆਂ ਵੀ ਤਿੰਨ ਦਹਾਕਿਆਂ ਤੋਂ ਉੱਪਰ ਸਮਾਂ ਹੋ ਗਿਆ ਸੀ ਅਤੇ ਇਸ ਦੌਰਾਨ ਉਹ ਬਹੁਤ ਸਮਾਂ ਆਪਣੇ ਬੇਟੇ ਗੋਗੀ ਕੋਲ ਅਸਟਰੇਲੀਆ ਰਹੀ ਹੈ। ਉਹ ਪਿੱਛੇ ਜਿਹੇ ਹੀ ਪਿੰਡ ਪਰਤੀ ਸੀ। ਉਂਜ ਦੂਜੇ ਵਿਆਹ ਦੇ ਉਹਦੇ ਪੰਜ ਬੱਚਿਆਂ ਵਿੱਚੋਂ ਵੀ ਹੁਣ ਇਕ ਤਾਂ ਨਹੀਂ ਰਿਹਾ ਜਦੋਂ ਕਿ ਦੋ ਧੀਆਂ ਦੇ ਜੀਵਨ ਸਾਥੀ ਵੀ ਵਿਛੋੜਾ ਦੇ ਗਏ ਹਨ। ਇਹ ਸਾਰਾ ਦੁੱਖ ਸੁੱਖ ਤਾਈ ਜੀ ਨੇ ਬੜੇ ਸਬਰ ਅਤੇ ਹਿੰਮਤ ਹੌਂਸਲੇ ਨਾਲ ਝੱਲਿਆ ਹੈ। ਉਹਦੇ ਦਸਾਂ ਬੱਚਿਆਂ ਵਿੱਚੋਂ ਇਸ ਵੇਲੇ ਪੰਜ ਜੀਵਤ ਹਨ ਅਤੇ ਉਸਦੇ ਆਖਰੀ ਸਮੇਂ ਉਹ ਸਭੇ ਆਪਣੇ ਪਰਵਾਰਾਂ ਨਾਲ ਉਸ ਕੋਲ ਹਾਜ਼ਰ ਸਨ।

ਤਾਈ ਜੀ ਚੜ੍ਹਦੀ ਉਮਰੇ ਉਸੇ ਤਰ੍ਹਾਂ ਬੜੀ ਲੰਬੀ ਅਤੇ ਸੋਹਣੀ ਸੁਨੱਖੀ ਸੀ, ਜਿਵੇਂ ਖੁਦ ਤਾਇਆ ਸੂਬੇਦਾਰ। ਤਾਇਆ ਜੀ ਦਾ ਰੰਗ ਬੜਾ ਗੋਰਾ ਨਿਛੋਹ ਸੀ ਅਤੇ ਉਹ ਬੜੇ ਭਰਵੇਂ ਸਰੀਰ ਅਤੇ ਹੱਸਮੁੱਖ ਸਭਾਅ ਦੇ ਸਨ। ਮੇਰੀ ਚੂੰਕਿ ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਭਗਵੰਤ ਨਾਲ ਮਿੱਤਰਤਾ ਸੀ ਇਸ ਲਈ ਮੈਂ ਅਕਸਰ ਉਨਾਂ ਦੇ ਘਰ ਜਾਂਦਾ ਰਹਿੰਦਾ ਸਾਂ। ਜਦੋਂ ਵੀ ਤਾਇਆ ਜੀ ਫੌਜ ਵਿੱਚੋਂ ਛੁੱਟੀ ਆਉਂਦੇ ਤਾਂ ਉਹ ਬੜੇ ਇਤਫਾਕ ਨਾਲ ਮਿਲਦੇ ਅਤੇ ਬੜੀਆਂ ਜਾਣਕਾਰੀ ਭਰਪੂਰ ਗੱਲਾਂ ਕਰਦੇ ਸਨ। ਤਾਈ ਜੀ ਵੀ ਹਮੇਸ਼ਾ ਪੜ੍ਹਾਈ ਦੀਆਂ ਗੱਲਾਂ ਕਰਦੇ ਸਨ। ਮੈਂ ਖੁਦ ਭਾਵੇਂ ਪੜ੍ਹਾਈ ਵਿਚ ਬਹੁਤਾ ਹੁਸ਼ਿਆਰ ਨਹੀਂ ਸਾਂ ਫਿਰ ਵੀ ਕਾਫੀ ਠੀਕ ਸਾਂ। ਇਸ ਲਈ ਉਹ ਦੋਵੇਂ ਮੇਰੇ ਨਾਲ ਬੜਾ ਸਨੇਹ ਕਰਦੇ। ਮੈਂ ਜਦੋਂ ਉਚੇਰੀ ਪੜ੍ਹਾਈ ਪਿੱਛੋਂ ਕੁਝ ਸਮੇਂ ਲਈ ਜਲੰਧਰ ਕੰਮ ਕਰਨ ਲੱਗਾ ਤਾਂ ਦੋ ਤਿੰਨ ਵਾਰ ਮੈਨੂੰ ਉਨ੍ਹਾਂ ਦੇ ਜਲੰਧਰ ਵਾਲੇ ਘਰ ਜਾਣ ਦਾ ਵੀ ਮੌਕਾ ਮਿਲਿਆ। ਉਹਨੀਂ ਦਿਨੀਂ ਤਾਇਆ ਜੀ ਦੀ ਡਿਊਟੀ ਜਲੰਧਰ ਸੀ। ਤਾਇਆ ਜੀ ਅਤੇ ਤਾਈ ਜੀ ਅਸਲੋਂ ਇਕ ਦੂਜੇ ਦੇ ਪੂਰਕ ਸਨ ਅਤੇ ਇਸ ਤਰ੍ਹਾਂ ਦੇ ਜੋੜੇ ਘੱਟ ਹੀ ਦੇਖਣ ਨੂੰ ਮਿਲਦੇ ਹਨ। ਹੁਣ ਜਦੋਂ ਤਾਈ ਜੀ ਵੀ ਤਾਇਆ ਜੀ ਵਾਲੇ ਰਾਹ ਤੇ ਚਲੇ ਗਏ ਹਨ ਤਾਂ ਆਪਣੇ ਪਿੱਛੇ ਕਈ ਵੱਡਮੁੱਲੀਆਂ ਯਾਦਾਂ ਛੱਡ ਗਏ ਹਨ।

*****

(917)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author