ShangaraSBhullar7ਇਹ ਸਮੱਸਿਆ ਇਕੱਲੇ ਮੋਹਾਲੀ, ਚੰਡੀਗੜ੍ਹ ਜਾਂ ਹੋਰ ਨੇੜੇ ਤੇੜ ਦੇ ਸ਼ਹਿਰਾਂ ਦੀ ਨਹੀਂ, ਸਗੋਂ ...
(15 ਅਕਤੂਬਰ 2017)

 

ਮੈਂ ਮੋਹਾਲੀ ਏਅਰਪੋਰਟ ਰੋਡ ’ਤੇ ਰਹਿੰਦਾ ਹਾਂ। ਮੰਨਿਆ ਜਾਂਦਾ ਹੈ ਕਿ ਇਹ ਚੰਗਾ ਸਾਫ ਸੁਥਰਾ ਇਲਾਕਾ ਹੈ ਅਤੇ ਹੈ ਵੀ। ਪਿਛਲੇ ਕੁਝ ਸਮੇਂ ਤੋਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਇੱਥੇ ਦੇ ਵਾਸੀਆਂ ਨੂੰ ਆ ਰਹੀ ਹੈ, ਉਹ ਇਹ ਹੈ ਕਿ ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਇਨ੍ਹਾਂ ਵਿੱਚ ਮੱਝਾਂ, ਗਾਵਾਂ, ਸਾਨ੍ਹ ਅਤੇ ਕੱਟੜੂਆਂ-ਵਛੜੂਆਂ ਤੋਂ ਬਿਨਾਂ ਕੁੱਤੇ ਵੀ ਹਨ। ਵੈਸੇ ਇਹ ਦੱਸਣਾ ਵੀ ਬੜਾ ਵਾਜਬ ਹੀ ਹੋਵੇਗਾ ਕਿ ਇਹ ਸਮੱਸਿਆ ਇਕੱਲੇ ਮੋਹਾਲੀ, ਚੰਡੀਗੜ੍ਹ ਜਾਂ ਹੋਰ ਨੇੜੇ ਤੇੜ ਦੇ ਸ਼ਹਿਰਾਂ ਦੀ ਨਹੀਂ, ਸਗੋਂ ਪੂਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਵੀ ਬਣੀ ਹੋਈ ਹੈ ਅਤੇ ਵੱਡੀ ਗੱਲ ਇਹ ਹੈ ਕਿ ਹੱਲ ਕੋਈ ਨਹੀਂ ਨਜ਼ਰ ਆਉਂਦਾ।

ਅਸੀਂ ਸਾਰਾ ਪਰਿਵਾਰ ਰਾਤ ਨੂੰ ਰੋਟੀ ਖਾ ਕੇ ਦਸ ਪੰਦਰਾਂ ਮਿੰਟਾਂ ਲਈ ਬਾਹਰ ਟਹਿਲਣ ਜਾਂਦੇ ਹਾਂ। ਸਾਡੇ ਨੇੜੇ ਹੀ ਬਣੀ ਇੱਕ ਮਾਰਕਿਟ ਵਿਚ ਕਦੀ ਕਦੀ ਦਸ ਪੰਦਰਾਂ ਕੁੱਤਿਆਂ ਦਾ ਝੁੰਡ ਬੈਠਾ ਹੁੰਦਾ ਹੈ ਅਤੇ ਕਦੀ ਵੱਧ ਘੱਟ ਦਾ। ਜਦੋਂ ਕੋਈ ਇਕੱਲਾ ਦੁਕੱਲਾ ਵਿਅਕਤੀ ਉਨ੍ਹਾਂ ਦੇ ਨੇੜਿਓ ਲੰਘਦਾ ਹੈ ਤਾਂ ਇੱਕ ਵਾਰ ਤਾਂ ਡਰ ਨਾਲ ਉਹਦਾ ਸਾਹ ਸੁੱਕ ਜਾਂਦਾ ਹੈ। ਕੁਝ ਕੁੱਤੇ ਘੁਰ ਘੁਰ ਵੀ ਕਰਦੇ ਹਨ। ਇਹਤਿਆਤ ਵਜੋਂ ਅਸੀਂ ਖੁਦ ਇਕ ਮਜ਼ਬੂਤ ਡੰਡਾ ਨਾਲ ਲੈ ਕੇ ਜਾਂਦੇ ਹਾਂ ਆਪਣੇ ਬਚਾਓ ਲਈ। ਅਫਸੋਸ ਇਹ ਕਿ ਕੁੱਤਿਆਂ ਦੇ ਝੁੰਡ ਤੋਂ ਅੱਗੇ ਲੰਘੋ ਜਾਂ ਸ਼ਿਸ਼ ਕਾਰਨ ਨਾਲ ਕੁੱਤੇ ਇਕਦਮ ਇਕ ਪਾਸੇ ਨੂੰ ਭੱਜਦੇ ਹਨ ਜੋ ਸਕੂਟਰਾਂ, ਕਾਰਾਂ ਵਿਚ ਵੱਜਦੇ ਹਨ। ਸਭ ਤੋਂ ਵੱਧ ਖਤਰਾ ਬੱਚਿਆਂ ਦਾ ਹੈ ਮੋਹਾਲੀ ਅਤੇ ਚੰਡੀਗੜ੍ਹ ਵਿਚਪਿਛਲੇ ਕੁਝ ਸਮੇਂ ਵਿਚ ਹੀ ਕੁੱਤਿਆਂ ਵਲੋਂ ਬੱਚਿਆਂ ਨੂੰ ਵੱਢਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਅਗਲੀ ਗੱਲ ਇਹ ਕਿ ਇਲਾਕੇ ਦੀ ਕਿਸੇ ਗਲੀ ਵਿਚ ਜਾਂ ਫਿਰ ਏਅਰਪੋਰਟ ਰੋਡ ’ਤੇ ਅਵਾਰਾ ਪਸ਼ੂ, ਕੁਝ ਬੁੱਢੇ ਸਾਨ੍ਹ ਮਲਕੜੇ ਮਲਕੜੇ ਤੁਰਦੇ ਜਾਂ ਬੈਠੇ ਦਿਖਾਈ ਦਿੰਦੇ ਹਨ। ਨਿਆਣਿਆਂ ਦੀਆਂ ਤਾਂ ਚੀਕਾਂ ਨਿੱਕਲ ਹੀ ਜਾਂਦੀਆਂ ਹਨ, ਵੱਡੇ ਵੀ ਡਰਦੇ ਡਰਦੇ ਕੋਲੋਂ ਲਘੰਦੇ ਹਨ। ਦਿਨੇ ਵੀ ਅਤੇ ਰਾਤ ਵੀ ਇਹੋ ਜਿਹੇ ਅਵਾਰਾ ਪਸ਼ੂ ਗਲੀਆਂ ਮੁਹੱਲਿਆਂ ਵਿਚ ਘੁੰਮਦੇ ਰਹਿੰਦੇ ਹਨ, ਜਿਨ੍ਹਾਂ ਕੋਲੋਂ ਲੋਕ ਸ਼ਹਿ ਸ਼ਹਿ ਕੇ ਹੀ ਲੰਘਦੇ ਹਨ।

ਮੋਹਾਲੀ ਵਿਚ ਕੁਝ ਪਿੰਡ ਕੁੰਭੜਾ, ਮੌਲੀ, ਸੋਹਾਣਾ ਆਦਿ ਪੈਂਦੇ ਹਨ ਜਿੱਥੋਂ ਦੇ ਕਿਸਾਨਾਂ ਦੇ ਪਸ਼ੂ ਇਸ ਸ਼ਹਿਰ ਦੀਆਂ ਸੜਕਾਂ ’ਤੇ ਰਾਤ ਬਰਾਤੇ ਅਤੇ ਦਿਨੇ ਵੀ ਘੁੰਮਦੇ ਰਹਿੰਦੇ ਹਨ। ਕਿਸੇ ਵੇਲੇ ਇਹਨਾਂ ਦੀਆਂ ਹੇੜ੍ਹਾਂ ਦੀਆਂ ਹੇੜ੍ਹਾਂ ਸੜਕਾਂ ਤੋਂ ਲੰਘਦੀਆਂ ਹਨ। ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਇਹੀਓ ਹਾਲ ਕੁੱਤਿਆ ਦਾ ਹੈ। ਮਿਉਂਸਿਪਲ ਕਾਰਪਰੇਸ਼ਨ ਵਾਲੇ ਕੁੱਤਿਆਂ ਵੱਲੋਂ ਤਾਂ ਹੱਥ ਖੜ੍ਹੇ ਕਰੀ ਬੈਠੇ ਹਨ ਕਿ ਉਹ ਇਸ ਸਬੰਧ ਵਿਚ ਕੁਝ ਨਹੀਂ ਕਰ ਸਕਦੇ। ਹਾਂ, ਇਨ੍ਹਾਂ ਅਵਾਰਾ ਪਸ਼ੂਆਂ ਨੂੰ ਜਦੋਂ ਉਨ੍ਹਾਂ ਦੀਆਂ ਟੀਮਾਂ ਫੜਨ ਜਾਂਦੀਆਂ ਹਨ ਤਾਂ ਪਸ਼ੂਆਂ ਦੇ ਮਾਲਕ ਹਮਲਾਵਰ ਹੋ ਜਾਂਦੇ ਹਨ ਅਤੇ ਪਸ਼ੂ ਛੁਡਾ ਕੇ ਲੈ ਜਾਂਦੇ ਹਨ। ਪੁਲਸ ਵੀ ਇਸ ਸਬੰਧ ਵਿਚ ਕੁਝ ਨਹੀਂ ਕਰਦੀ। ਲਗਦਾ ਹੈ ਕਿ ਜਿਵੇਂ ਉਹਦੇ ਹੱਥ ਬੰਨ੍ਹੇ ਹੋਏ ਹੋਣ। ਚੰਡੀਗੜ੍ਹ ਦਾ ਵੀ ਇਹੀਓ ਹਾਲ ਹੈ। ਉੱਥੇ ਵੀ ਸੜਕਾਂ ਦੇ ਐਨ ਵਿਚਕਾਰ ਗਊਆਂ, ਮੱਝਾਂ ਬੈਠੀਆਂ ਹੁੰਦੀਆਂ ਹਨ। ਸੜਕਾਂ ’ਤੇ ਚੂੰਕਿ ਦੋਹੀਂ ਪਾਸੀਂ ਸੰਘਣੇ ਦਰਖਤ ਹਨ, ਰਾਤ ਨੂੰ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਕਾਰਾਂ, ਸਕੂਟਰ ਇਨ੍ਹਾਂ ਵਿਚ ਵੱਜਦੇ ਹਨ। ਇਸ ਨਾਲ ਕਈ ਮੌਤਾਂ ਵੀ ਹੋ ਜਾਂਦੀਆਂ ਹਨ। ਉੱਤੋਂ ਰਾਤ ਨੂੰ ਕਾਰਾਂ ਦੀਆਂ ਲਾਈਟਾਂ ਵੀ ਮੱਧਮ ਹੀ ਰੱਖਣੀਆਂ ਪੈਂਦੀਆਂ ਹਨ। ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਪਸ਼ੂ ਪੰਛੀਆਂ ਦੀ ਸੁਰੱਖਿਅਕ ਬਣ ਕੇ ਪੂਰੇ ਦੇਸ਼ ਨੂੰ ਐਸਾ ਡਰਾਇਆ ਹੋਇਆ ਹੈ ਕਿ ਕੀ ਲੋਕ ਅਤੇ ਕੀ ਪ੍ਰਸ਼ਾਸਨ, ਚੋਖੇ ਪਰੇਸ਼ਾਨ ਹਨ। ਉਹ ਨਾ ਤਾਂ ਕੁੱਤਿਆ ਨੂੰ ਮਾਰਨ ਅਤੇ ਨਾ ਹੀ ਖੱਸੀ ਕਰਨ ਦੀ ਹਰੀ ਝੰਡੀ ਦਿੰਦਾ ਹੈ ਅਤੇ ਨਾ ਹੀ ਅਵਾਰਾ ਪਸ਼ੂਆਂ ਦਾ ਛੇਤੀ ਕੀਤੇ ਕੋਈ ਹੱਲ ਹੁੰਦਾ ਹੈ। ਫਲਸਰੂਪ ਲੋਕਾਂ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧਦੀਆਂ ਜਾਂਦੀਆਂ ਹਨ।

ਰੋਜ਼ ਤਾਂ ਨਹੀਂ, ਕਦੀ ਕਦੀ ਮੈਂ ਖੁਦ ਆਪਣੇ ਘਰੋਂ ਦੋ-ਢਾਈ ਕਿਲੋਮੀਟਰ ਦੂਰ ਪੈਂਦੀ ਹਰਬਲ ਪਾਰਕ ਵਿਚ ਸਵੇਰੇ ਮੂੰਹ ਹਨੇਰੇ ਆਪਣੀ ਕਾਰ ’ਤੇ ਸੈਰ ਕਰਨ ਜਾਂਦਾ ਹਾਂ। ਇਕ ਦਿਨ ਰਸਤੇ ਵਿੱਚ ਜਾਂਦਿਆਂ ਦਰਖਤਾਂ ਦੇ ਇਕ ਝੁੰਡ ਜਿਹੇ ਵਿਚ ਪਤਾ ਉਦੋਂ ਹੀ ਲੱਗਾ ਜਦੋਂ ਕਾਰ ਠਾਹ ਕਰਦੀ ਕਿਸੇ ਨਾਲ ਵੱਜੀ। ਮੇਰਾ ਇਕ ਦਮ ਬੌਂਦਲ ਜਾਣਾ ਸੁਭਾਵਕ ਹੀ ਸੀ। ਹੇਠਾਂ ਉੱਤਰ ਕੇ ਵੇਖਿਆ ਤਾਂ ਇਕ ਢੱਗਾ ਸੜਕ ਦੇ ਕਿਨਾਰੇ ਬੈਠਾ ਸੀ। ਕਾਰ ਵੱਜਣ ਦੇ ਬਾਵਜੂਦ ਉਹ ਮਸਤ ਹੋ ਕੇ ਜੁਗਾਲੀ ਕਰਦਾ ਰਿਹਾ ਤੇ ਉੱਧਰ ਮੇਰੀ ਕਾਰ ਦਾ ਬੋਨਟ ਅਤੇ ਰੇਡੀਏਟਰ ਟੁੱਟ ਗਿਆ ਸੀ। ਉਸ ਸਵੇਰ ਦੀ ਸੈਰ ਮੈਨੂੰ 6-7 ਹਜ਼ਾਰ ਦੀ ਪੈ ਗਈ ਸੀ। ਇਸੇ ਤਰ੍ਹਾਂ ਦੀ ਇੱਕ ਗੱਲ ਮੇਰੇ ਦੋਸਤ ਸੰਜੇ ਸ਼ਰਮਾ ਨੇ ਸੁਣਾਈ। ਇਕ ਦਿਨ ਸ਼ਾਮ ਨੂੰ ਉਹ ਮੋਹਾਲੀ ਤੋਂ ਬਰਸਤਾ ਵਾਈ.ਪੀ.ਐੱਸ. ਸਕੂਲ ਕਾਰ ’ਤੇ ਆਪਣੇ ਘਰ ਆ ਰਿਹਾ ਸੀ। ਸਕੂਲ ਲੰਘਣ ਸਾਰ ਉਹਨੇ ਵੇਖਿਆ ਕਿ ਸਾਹਮਣੇ ਸੜਕ ਉੱਤੇ 15-20 ਕੁੱਤੇ ਆਪਸ ਵਿੱਚ ਲੜ ਭਿੜ ਰਹੇ ਸਨ। ਐਨ ਉਹਦੇ ਲਾਗੋਂ ਦੀ ਇਕ ਮੋਟਰ ਸਾਈਕਲ ਸਵਾਰ ਨਿਕਲਿਆ ਅਤੇ ਵੇਖਦਿਆ ਵੇਖਦਿਆਂ ਉਹ ਕੁੱਤੇ ਉਹਨੂੰ ਪੈ ਗਏ ਸਨ। ਮੋਟਰ ਸਾਈਕਲ ਸਵਾਰ ਦੂਰ ਪਰੇ ਜਾ ਡਿੱਗਾ ਸੀ ਕਿਉਂਕਿ ਕੁੱਤਿਆਂ ਦੇ ਝੁੰਡ ਵਿੱਚ ਉਹਦਾ ਮੋਟਰ ਸਾਈਕਲ ਇਕ ਦਮ ਡੋਲ ਗਿਆ ਸੀ। ਬਚਾਅ ਇਹ ਹੋਇਆ ਕਿ ਉਸ ਮੋਟਰ ਸਾਈਕਲ ਵਾਲੇ ਮੁੰਡੇ ਨੂੰ ਝਰੀਟ ਤੋਂ ਬਿਨਾਂ ਕੋਈ ਸੱਟ ਨਹੀਂ ਸੀ ਵੱਜੀ ਜੇ ਉਹਦਾ ਸਿਰ ਸੜਕ ਵਿਚਲੀ ਬੰਨੀ ਤੇ ਵਜਦਾ ਤਾਂ ਵੱਡਾ ਖਤਰਾ ਹੋ ਸਕਦਾ ਸੀ।

ਇਹ ਅਤੇ ਇਹੋ ਜਿਹੀਆਂ ਘਟਨਾਵਾਂ ਬਾਰੇ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ। ਹੈਰਾਨੀ ਇਹ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ’ਤੇ ਕਿਉਂ ਨਹੀਂ ਉੱਤਰ ਰਿਹਾ? ਪੂਰੇ ਪੰਜਾਬ ਵਿਚ ਗਊ ਕਮਿਸ਼ਨ ਬਣਿਆ ਹੋਇਆ ਹੈ। ਇਸ ਵੇਲੇ ਤਾਂ ਕੁਝ ਸ਼ਹਿਰਾਂ ਵਿਚ ਗਊਸ਼ਾਲਾਵਾਂ ਵੀ ਹਨ। ਸਰਕਾਰ ਜੋ ਵਿਉਂਤਬੰਦੀ ਬਣਾ ਰਹੀ ਹੈ, ਉਸ ਮੁਤਾਬਿਕ ਸੂਬੇ ਦੇ ਬਾਈ ਜ਼ਿਲ੍ਹਿਆਂ ਵਿਚ ਹੀ ਗਊਸ਼ਾਲਾ ਸਥਾਪਤ ਕਰ ਦਿੱਤੀਆਂ ਜਾਣਗੀਆ। ਸਹੀ ਫੈਸਲਾ ਹੈ ਪਰ ਇਸ ਤੋਂ ਪਹਿਲਾਂ ਕਿ ਪਸ਼ੂ ਸ਼ਹਿਰਾਂ ਵਿਚ ਹਾਦਸੇ ਦਾ ਵੱਡਾ ਕਾਰਨ ਬਣਨ, ਤੁਰੰਤ ਸਥਾਪਤ ਕਰ ਦਿੱਤੀਆਂ ਜਾਣ।

ਇਕ ਅੰਦਾਜ਼ੇ ਮੁਤਾਬਿਕ ਇਸ ਵੇਲੇ ਜਿਹੜੀਆਂ ਕੁਝ ਗਊਸ਼ਾਲਾਵਾਂ ਹਨ ਵੀ, ਉਨ੍ਹਾਂ ਦੇ ਬਾਵਜੂਦ ਇਕ ਤੋਂ ਸਵਾ ਲੱਖ ਦੇ ਕਰੀਬ ਗਊਆਂ ਸੜਕਾਂ ਉੱਤੇ ਘੁੰਮਦੀਆਂ ਫਿਰਦੀਆਂ ਹਨ। ਹੈਰਾਨੀ ਇਹ ਵੀ ਕਿ ਇਹ ਸੜਕਾਂ ’ਤੇ ਬਣੇ ਕੂੜਾਦਾਨਾਂ ’ਤੇ ਮੂੰਹ ਮਾਰਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ। ਘੱਟੋ-ਘੱਟ ਜਿਹੜੇ ਸ਼ਹਿਰਾਂ ਵਿਚ ਗਊਸ਼ਾਲਾ ਹੈ, ਉੱਥੇ ਤਾਂ ਇਨ੍ਹਾਂ ਨੂੰ ਖੁੱਲ੍ਹੇ ਆਮ ਸੜਕਾਂ ’ਤੇ ਘੁੰਮਣੋ ਰੋਕਿਆ ਜਾਵੇ ਫਿਰ ਇਹ ਵੀ ਕਿ ਸਰਕਾਰ ਨੇ ਲੋਕਾਂ ’ਤੇ ਬਕਾਇਦਾ ਗਊ ਟੈਕਸ ਲਾਇਆ ਹੋਇਆ ਹੈ। ਸੱਚ ਇਹ ਹੈ ਕਿ ਇਨ੍ਹਾਂ ਦੀ ਸੁਰੱਖਿਆ ਦਾ ਦਮ ਤਾਂ ਸਾਰੇ ਹੀ ਭਰਦੇ ਹਨ ਪਰ ਮਹਿਜ਼ ਚੌਧਰ ਖਾਤਰ। ਸੜਕਾਂ ’ਤੇ ਲਾਵਾਰਸ ਘੁੰਮਦੇ ਪਸ਼ੂਆਂ ਵੱਲ ਕਿਸੇ ਦਾ ਖਿਆਲ ਹੀ ਨਹੀਂ, ਹਰ ਕੋਈ ਆਪਣੀ ਬਿਆਨਬਾਜ਼ੀ ਕਰਕੇ ਬੁੱਤਾ ਸਾਰ ਰਿਹਾ ਹੈ। ਗਊਆਂ ਨੂੰ ਤਾਂ ਗਊਸ਼ਾਲਾ ਵਿੱਚ ਰੱਖਣ ਲਈ ਦੇਰ ਸਵੇਰ ਕਦਮ ਚੁੱਕੇ ਜਾਣ ਵਾਲੇ ਹਨ ਪਰ ਅਵਾਰਾ ਪਸ਼ੂਆਂ ਵੱਲ ਵੀ ਪ੍ਰਸ਼ਾਸਨ ਕਿਉਂ ਨਾ ਧਿਆਨ ਦੇਵੇ?

ਪ੍ਰਸ਼ਾਸਨ ਲੋਕਾਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਟੈਕਸ ਲੈਂਦਾ ਹੈ। ਇਸ ਸੂਰਤ ਵਿਚ ਲੋਕਾਂ ਦਾ ਵੀ ਇਹ ਹੱਕ ਬਣਦਾ ਹੈ ਕਿ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ। ਇਸੇ ਸੰਦਰਭ ਵਿਚ ਜੋ ਕੁੱਤਿਆਂ ਨੂੰ ਮਾਰਨਾ ਜਾ ਖੱਸੀ ਨਹੀਂ ਕਰਨਾ ਤਾਂ ਫਿਰ ਲੋਕਾਂ ਦੇ ਬਚਾਅ ਲਈ ਇਨ੍ਹਾਂ ਨੂੰ ਫੜ ਕੇ ਦੂਰ ਦੁਰਾਡੇ ਛੱਡ ਆਓ ਜਾਂ ਇਨ੍ਹਾਂ ਲਈ ਵੀ ਅਹਾਤਿਆਂ ਦਾ ਪ੍ਰਬੰਧ ਕਰੋ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਸ਼ੂ ਪੰਛੀ ਵੀ ਸਾਡੇ ਮਿੱਤਰਾਂ ਦੀ ਸ਼੍ਰੇਣੀ ਵਿਚ ਹਨ ਅਤੇ ਇਨ੍ਹਾਂ ਨੂੰ ਨੁਕਸਾਨ ਪੁਚਾਉਣਾ ਉਚਿਤ ਨਹੀਂ, ਪਰ ਜਦੋਂ ਇਹ ਆਮ ਲੋਕਾਂ ਦੇ ਦੁਸ਼ਮਣ ਬਣ ਜਾਣ, ਫਿਰ ਤਾਂ ਇਸ ਦਾ ਹੱਲ ਪ੍ਰਸ਼ਾਸਨ ਨੇ ਹੀ ਕੱਢਣਾ ਹੈ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨਾਲ ਸਿੱਝਣ ਦਾ ਕੰਮ ਮੁੱਖ ਤੌਰ ’ਤੇ ਮਿਉਂਸਿਪਲ ਕਮੇਟੀ ਜਾਂ ਕਾਰਪੋਰੇਸ਼ਨਾਂ ਦੇ ਜ਼ਿੰਮੇ ਰਿਹਾ ਹੈ ਅਤੇ ਉਹ ਇਸ ਵਿਚ ਆਪਣਾ ਵਾਜਬ ਰੋਲ ਨਿਭਾਉਂਦੀਆਂ ਵੀ ਰਹੀਆਂ ਹਨ। ਪਰ ਹੁਣ ਕਿਉਂ ਨਹੀਂ?

ਪੰਜਾਬ ਦੇ ਪਿੰਡਾਂ, ਖਾਸ ਕਰਕੇ ਮਾਲਵੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਇਹ ਅਵਾਰਾ ਪਸ਼ੂ ਨਿੱਤ ਨੁਕਸਾਨ ਵੀ ਕਰਦੇ ਹਨ। ਉਹ ਰਾਤਾਂ ਨੂੰ ਰਾਖੀ ਕਰਦੇ ਹਨ। ਹੁਣ ਪਸ਼ੂ ਪੰਛੀਆਂ ਦੀ ਸੁਰੱਖਿਆ ਬਾਰੇ ਉੱਠੀ ਆਵਾਜ਼ ਤੇ ਘੜੇ ਨਿਯਮਾਂ ਕਰਕੇ ਇਹ ਸੜਕਾਂ, ਗਲੀ ਮੁਹੱਲਿਆਂ ਬਜ਼ਾਰਾਂ ਅਤੇ ਹੋਰ ਆਮ ਥਾਵਾਂ ’ਤੇ ਖਤਰੇ ਦੀ ਝੰਡੀ ਬਣਕੇ ਦੌੜਦੇ ਭੱਜਦੇ ਰਹਿੰਦੇ ਹਨ। ਪਸ਼ੂ ਪੰਛੀਆਂ ਦੀ ਸੁਰੱਖਿਆ ’ਤੇ ਕਈ ਸਵੈਸੇਵੀ ਜਥੇਬੰਦੀਆਂ ਕੰਮ ਵੀ ਕਰ ਰਹੀਆਂ ਹਨ। ਉਨਾਂ ਦਾ ਇਹ ਫੈਸਲਾ ਦਰੁਸਤ ਹੈ ਪਰ ਇਕਤਰਫਾ ਹੈ। ਉਹ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਵੀ ਚਿਤਵਣਇਹਦਾ ਮਤਲਬ ਤਾਂ ਇਹ ਹੋਇਆ ਕਿ ਮਨੁੱਖ ਨਾਲੋਂ ਪਸ਼ੂ ਪੰਛੀ ਵਧੇਰੇ ਮੁੱਲਵਾਨ ਹਨ ਜਦੋਂ ਕਿ ਸੱਚ ਇਹ ਵੀ ਹੈ ਕਿ ਜੋ ਵੀ ਸਮਾਜ ਅਤੇ ਲੋਕਾਂ ਲਈ ਖਤਰਨਾਕ ਮੰਨਿਆ ਜਾਂਦਾ ਹੈ ਉਸ ਨਾਲ ਸਖਤੀ ਨਾਲ ਸਿੱਝਿਆ ਜਾਣਾ ਚਾਹੀਦਾ ਹੈ। ਸਵਾਲ ਇਹ ਵੀ ਹੈ ਜੇ ਪਹਿਲਾਂ ਸਿੱਝਿਆ ਜਾਂਦਾ ਰਿਹਾ ਹੈ ਤਾਂ ਹੁਣ ਕਿਉਂ ਨਹੀਂ? ਕੀ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਦੀ ਕੋਈ ਵੁੱਕਤ ਨਹੀਂ? ਜੇ ਅਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਵੀ ਨਹੀਂ ਬਚਾ ਸਕਦੇ ਤਾਂ ਫਿਰ ਇਸ ਸਮਾਜ ਦਾ ਕੀ ਬਿੰਬ ਬਣੇਗਾ, ਇਹ ਤੁਸੀਂ ਸੋਚ ਹੀ ਸਕਦੇ ਹੋ।

*****

(864)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author