“ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਕਹਾਣੀਕਾਰਾਂ ਲਈ ‘ਕਹਾਣੀ-ਪਾਠ ਤੇ ਚਰਚਾ’ ਲਈ ਇਕ ਸਾਂਝਾ ਮੰਚ ...”
(30 ਅਕਤੂਬਰ 2017)
“ਕਹਾਣੀ ਪੰਜਾਬ” ਵੱਲੋਂ ਮੇਹਰ ਹੋਟਲ, ਡਲਹੌਜ਼ੀ ਵਿਖੇ 26 ਤੋਂ 28 ਸਤੰਬਰ 2017 ਤਕ “27ਵੀਂ ਰਾਮ ਸਰੂਪ ਅਣਖੀ ਸਿਮਰਤੀ ਕਹਾਣੀ ਗੋਸ਼ਟੀ” ਕਰਵਾਈ ਗਈ।
ਉਦਘਾਟਨ ਸੈਸ਼ਨ ਦੇ ਸ਼ੁਰੂ ਵਿਚ “ਕਹਾਣੀ ਪੰਜਾਬ” ਦੇ ਸੰਪਾਦਕ ਤੇ ਗੋਸ਼ਟੀ ਦੇ ਔਰਗੇਨਾਈਜ਼ਰ ਕ੍ਰਾਂਤੀ ਪਾਲ ਨੇ ਸਾਰਿਆਂ ‘ਜੀ ਆਇਆਂ’ ਕਿਹਾ। ਤਿੰਨ ਦਿਨਾਂ ਗੋਸ਼ਟੀ ਦੇ ਮਕਸਦ ਤੇ ਰੂਪਰੇਖਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਲਵਕਾਰ-ਕਹਾਣੀਕਾਰ ਸਵਰਗੀ ਰਾਮ ਸਰੂਪ ਅਣਖੀ ਜੀ ਦੀ ਕਲਪਨਾ ਸੀ ਕਿ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਕਹਾਣੀਕਾਰਾਂ ਲਈ ‘ਕਹਾਣੀ-ਪਾਠ ਤੇ ਚਰਚਾ’ ਲਈ ਇਕ ਸਾਂਝਾ ਮੰਚ ਮੁਹੱਈਆ ਕਰਾਇਆ ਜਾਵੇ। ਉਨ੍ਹਾਂ ਨੇ ਇਸ ਗੋਸ਼ਟੀ ਦੀ ਲੰਮੀ ਪਰੰਪਰਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਕਹਾਣੀ ਗੋਸ਼ਟੀਆਂ ਦੇ ਸਿਲਸਿਲੇ ਵਿਚ ਇਹ ਸਤਾਈਵੀਂ ਗੋਸ਼ਟੀ ਹੈ।
ਇਸ ਗੋਸ਼ਟੀ ਵਿਚ ਸ਼ਾਮਲ ਲੇਖਕਾਂ/ਆਲੋਚਕਾਂ ਨਾਲ ਜਾਣ-ਪਹਿਚਾਣ ਅਤੇ ਰਾਮ ਸਰੂਪ ਅਣਖੀ ਦੇ ਸਾਹਿਤ ਬਾਰੇ ਸੰਖੇਪ ਚਰਚਾ ਤੋਂ ਬਾਅਦ ਇਸੇ ਸੈਸ਼ਨ ਵਿਚ ਮਹਾਰਾਜ ਕ੍ਰਿਸ਼ਨ ਸੰਤੋਸ਼ੀ ਨੇ ‘ਘਰ ਵਾਪਸੀ’ (ਕਸ਼ਮੀਰੀ), ਮਨਮੋਹਨ ਬਾਵਾ ਨੇ ‘ਨੰਦ ਸਿੰਘ ਦੀ ਮੌਤ ਤੋਂ ਬਾਅਦ’ (ਪੰਜਾਬੀ) ਤੇ ਭਰਤ ਓਲਾ ਨੇ ‘ਬਿਨਾ ਸ਼ੀਰਸ਼ਕ ਦੀ ਕਹਾਣੀ’ (ਰਾਜਸਥਾਨੀ) ਕਹਾਣੀਆਂ ਦਾ ਪਾਠ ਕੀਤਾ।
ਦੂਜੇ ਸੈਸ਼ਨ ਵਿਚ ਦਲਜੀਤ ਸਿੰਘ ਸ਼ਾਹੀ ਨੇ ‘ਪੰਜ ਨਮਾਜੀ’ (ਪੰਜਾਬੀ), ਗੌਰੀ ਨਾਥ ਨੇ ‘ਏਕ ਅਕਾਊਂਟੈਂਟ ਕੀ ਡਾਇਰੀ’ (ਹਿੰਦੀ), ਰਾਜ ਰਾਹੀ ਨੇ ‘ਅਸਲੀ ਵਾਰਿਸ’ (ਡੋਗਰੀ) ਤੇ ਪਰਮਜੀਤ ਸਿੰਘ ਢੀਂਗੜਾ ਨੇ ‘ਚੁੱਪ ਮਹਾਭਾਰਤ’ (ਪੰਜਾਬੀ) ਕਹਾਣੀਆਂ ਦਾ ਪਾਠ ਕੀਤਾ।
ਤੀਜੇ ਸੈਸ਼ਨ ਵਿਚ ਅਬਦੁਲ ਬਿਸਮਿੱਲਾ (ਖੂਨ) ਵੱਲੋਂ ਹਿੰਦੀ ਕਹਾਣੀ ਅਤੇ ਗੁਰਮੀਤ ਕੜਿਆਲਵੀ (ਸਮੀਕਰਣ) ਤੇ ਮੋਨੋਜੀਤ (ਅਸਤਿਤਵ) ਵੱਲੋਂ ਪੰਜਾਬੀ ਕਹਾਣੀਆਂ ਪੜ੍ਹੀਆਂ ਗਈਆਂ।
ਹਿੰਦੀ ਅਨੁਵਾਦ ਦੇ ਰੂਪ ਵਿੱਚ ਪੜ੍ਹੀਆਂ ਗਈਆਂ ਪੰਜ ਭਾਸ਼ਾਵਾਂ ਦੀਆਂ ਕੁੱਲ 10 ਕਹਾਣੀਆਂ ’ਤੇ ਸਾਰੇ ਸ਼ਾਮਲ ਕਹਾਣੀਕਾਰਾਂ ਤੋਂ ਇਲਾਵਾ ਬਲਜੀਤ ਸਿੰਘ ਰੈਣਾ, ਰਾਜ ਕੁਮਾਰ ਮੇਹਰਾ, ਪਰਮਜੀਤ ਮਾਨ, ਪ੍ਰਤਾਪ ਸਿੰਘ, ਅਮਰੀਕ, ਬੌਬੀ ਓਬਰੋਏ, ਅਰਜਨ ਸ਼ਰਮਾ, ਭਾਰਤੀ ਦੱਤ, ਕੇਸਰਾ ਰਾਮ, ਅਬਦੁਲ ਬਿਸਮਿੱਲਾ ਤੇ ਕ੍ਰਾਂਤੀ ਪਾਲ ਨੇ ਖੁੱਲ੍ਹ ਕੇ ਚਰਚਾ ਕੀਤੀ।
ਆਖਰੀ ਸੈਸ਼ਨ ਵਿਚ ਅਣ-ਉਪਚਾਰਿਕ ਚਰਚਾ ਦੌਰਾਨ ‘ਬਯਾ’ ਦੇ ਸੰਪਾਦਕ ਤੇ ਕਥਾਕਾਰ ਗੌਰੀ ਨਾਥ ਨੇ ਗੋਸ਼ਟੀ ਦੀ ਸਫਲ ਨਿਰੰਤਰਤਾ ਨੂੰ ਸਲਾਹੁੰਦਿਆਂ ਕਿਹਾ ਕਿ ਭਾਵੇਂ ਇਹ ਬਹੁਤ ਔਖਾ ਕੰਮ ਹੈ, ਪਰ ਅਜਿਹੀਆਂ ਸਾਹਿਤਿਕ ਗੋਸ਼ਟੀਆਂ ਦੀ ਅੱਜ ਬਹੁਤ ਲੋੜ ਹੈ। ਨਿਸ਼ਚਿਤ ਹੀ ਅਜਿਹੀਆਂ ਗੋਸ਼ਟੀਆਂ ਤੋਂ ਨਵੇਂ ਲੇਖਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੀਨੀਅਰ ਕਥਾਕਾਰ ਅਬਦੁਲ ਬਿਸਮਿੱਲਾ ਦਾ ਕਹਾਣੀ ਗੋਸ਼ਟੀ ਦੇ ਸਮੁੱਚੇ ਪ੍ਰਭਾਵ ਬਾਰੇ ਕਹਿਣਾ ਸੀ ਇਸ ਗੋਸ਼ਟੀ ਨਾਲ ਉਹ ਕਈ ਸਾਲਾਂ ਤੋਂ ਜੁੜੇ ਹੋਏ ਹਨ। ਇਸ ਤਰ੍ਹਾਂ ਦੀਆਂ ਗੰਭੀਰ ਤੇ ਅਨੁਸ਼ਾਸਿਤ ਗੋਸ਼ਟੀਆਂ ਲਈ ਅਦਾਰਾ ਕਹਾਣੀ ਪੰਜਾਬ ਵਧਾਈ ਦਾ ਹੱਕਦਾਰ ਹੈ।
*****