“ਇਸ ਤਰ੍ਹਾਂ ਮੌਜੂਦਾ ਉੱਠ ਰਹੇ ਖੇਤਰੀ ਤੇ ਭਾਸ਼ਾਈ ਮੁੱਦੇ ਬੜੇ ਗ਼ੈਰ ਜ਼ਰੂਰੀ ਜਿਹੇ ...”
(30 ਜੁਲਾਈ 2018)
ਕਦੇ ਅਧਿਆਪਕ ਰਾਮ ਸਰੂਪ ਅਣਖੀ ਆਪਣੇ ਜੋੜੇ ਹੋਏ ਗੀਤ ਗਾਉਂਦਾ ਹੋਇਆ ਆਪਣੀ ਸਾਇਕਲ ’ਤੇ ਸਕੂਲ ਜਾਂਦਾ ਹੁੰਦਾ ਸੀ ਜੋ ਬਾਅਦ ਵਿਚ ਕਿਤਾਬ ਰੂਪ ਵਿਚ ਵੀ ਛਪੇ। ਹੁਣ ਨਾਵਲਕਾਰ ਰਾਮ ਸਰੂਪ ਅਣਖੀ ਨੂੰ ਪੰਜਾਬੀ ਸਾਹਿਤ ਵਿਚ ਹੀ ਨਹੀਂ ਸਗੋਂ ਭਾਰਤੀ ਸਾਹਿਤ ਵਿਚ ਇਕ ਲੀਜੈਂਡ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਅਣਖੀ ਜੀ ਪੰਜਾਬੀ ਦੇ ਸਮਰੱਥ ਗਲਪਕਾਰ ਸਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਦਾ ਖੂਬ ਸਨੇਹ ਮਿਲਿਆ ਤੇ ਉਹਨਾਂ ਦੇ ਜਾਣ ਤੋਂ ਇਕ ਦਹਾਕੇ ਮਗਰੋਂ ਵੀ ਉੰਨਾ ਹੀ ਮਿਲ ਰਿਹਾ ਹੈ। ਉਨ੍ਹਾਂ ਦੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਪ੍ਰਮੁੱਖਤਾ ਨਾਲ ਹੋਇਆ ਹੈ, ਜਿਨ੍ਹਾਂ ਵਿੱਚੋਂ ਪਾਠਕਾਂ ਨੂੰ ਆਪਣਾ ਅਕਸ ਨਜ਼ਰ ਆਉਂਦਾ ਹੈ।
ਕਈ ਸੀਮਤ ਭਾਸ਼ਾਈ ਸੋਚ ਵਾਲੇ ਲੋਕ ਭਾਵੇਂ ਆਂਚਲਿਕਤਾ ਦੇ ਖਿਲਾਫ਼ ਸ਼ੋਰ ਮਚਾਉਂਦੇ ਹੋਣ, ਪਰ ਮਾਲਵਾ ਅੰਚਲ ਦੀ ਬੋਲੀ ਨੂੰ ਆਪਣੀਆਂ ਰਚਨਾਵਾਂ ਵਿਚ ਵਰਤਦਿਆਂ ਉਹ ਕਦੇ ਵੀ ਦਵੰਧ ਦਾ ਸ਼ਿਕਾਰ ਨਹੀਂ ਰਹੇ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਮਲਵਈ ਬੋਲੀ ਪੰਜਾਬੀ ਸਾਹਿਤ ਦੇ ਕੇਂਦਰ ਵਿਚ ਹੈ। ਮਾਲਵੇ ਖਿੱਤੇ ਦੇ ਹੋਰ ਬਹੁਤ ਸਾਰੇ ਵੱਡੇ ਸਾਹਿਤਕਾਰਾਂ ਵਾਂਗ ਅਣਖੀ ਜੀ ਦਾ ਵੀ ਇਸ ਵਿਚ ਵਿਸ਼ੇਸ਼ ਯੋਗਦਾਨ ਹੈ। ਇਸ ਨਾਲ ਉਹ ਖੁਸ਼ ਵੀ ਬਹੁਤ ਸਨ ਅਤੇ ਆਪਣੀ ਵਿਸ਼ੇਸ਼ ਪ੍ਰਾਪਤੀ ਵਾਂਗ ਅਕਸਰ ਇਸ ਦਾ ਜ਼ਿਕਰ ਵੀ ਕਰਿਆ ਕਰਦੇ ਸਨ।
ਇਸ ਤੋਂ ਪਹਿਲਾਂ ਪੰਜਾਬ ਦੇ ਮਾਝਾ ਇਲਾਕੇ ਨੂੰ ਸਾਹਿਤ ਦਾ ਕੇਂਦਰ ਮੰਨਿਆ ਜਾਂਦਾ ਸੀ ਅਤੇ ਉੱਥੋਂ ਦੇ ਹੀ ਭਾਸ਼ਾ, ਸੱਭਿਆਚਾਰ ਨੂੰ ਮੁੱਖ ਧਾਰਾ ਦੇ ਭਾਸ਼ਾ, ਸੱਭਿਆਚਾਰ ਦੀ ਪਹਿਚਾਣ ਪ੍ਰਾਪਤ ਸੀ। ਮਾਲਵਾ ਇਕ ਬਹੁਤ ਹੀ ਪਛੜਿਆ ਅਤੇ ਗ਼ੈਰ-ਉਪਜਾਉ ਇਲਾਕਾ ਸੀ। ਦੂਰ-ਦੂਰ ਤੱਕ ਟਿੱਬੇ ਹੀ ਟਿੱਬੇ। ਫਸਲ ਦੇ ਨਾਂ ’ਤੇ ਵੀ ਛੋਲੇ, ਗਵਾਰ, ਬਾਜਰਾ ਹੀ ਹੁੰਦੇ ਸੀ। ਇਸ ਇਲਾਕੇ ਦੇ ਲੋਕਾਂ ਦਾ ਅਕਸ ਵੀ ਉਦੋਂ ਅਨਪੜ੍ਹ, ਗੰਵਾਰ ਪੇਂਡੂਆਂ ਵਾਲਾ ਸੀ।
ਅਣਖੀ ਜੀ ਦੱਸਦੇ ਹੁੰਦੇ ਸਨ ਕਿ ਜਦ ਉਹ ਮਾਝਾ, ਦੋਆਬਾ ਇਲਾਕੇ ਵਿਚ ਜਾਂਦੇ ਤਾਂ ਉੱਥੋਂ ਦੇ ਲੋਕ ਉਨ੍ਹਾਂ ਨੂੰ ਦੇਖ ਕੇ ਮਜ਼ਾਕ ਵਿੱਚ ਕਹਿੰਦੇ, “ਆ ਗਏ ਬਈ ਮਾਲਵੇ ਦੇ ਢੱਗੇ।” ਪਰ ਹੁਣ ਤਾਂ ਕਣਕ ਅਤੇ ਚਾਵਲ ਦੀ ਫੀ ਏਕੜ ਪੈਦਾਵਾਰ ਦੇ ਮਾਮਲੇ ਵਿਚ ਮਾਲਵੇ ਦਾ ਸੰਗਰੂਰ ਜ਼ਿਲ੍ਹਾ ਜਿੱਥੇ ਪੂਰੇ ਭਾਰਤ ਵਿਚ ਪਹਿਲੇ ਸਥਾਨ ’ਤੇ ਹੈ, ਉੱਥੇ ਪੰਜਾਬੀ ਸਾਹਿਤ ਵਿਚ ਵੀ ਮਹੱਤਵਪੂਰਨ ਥਾਂ ਹੈ। ਹਾਲਾਂਕਿ ਕਿਸੇ ਵੀ ਭਾਸ਼ਾ ਦੇ ਸਾਹਿਤ ਇਤਿਹਾਸ ਵਿਚ ਮਾਤਰ ਪੰਜਾਹ ਕੁ ਸਾਲਾਂ ਦਾ ਸਮਾਂ ਕਿਸੇ ਵੱਡੀ ਗਿਣਤੀ ਵਿਚ ਨਹੀਂ ਆਉਂਦਾ, ਪਰ ਅਣਖੀ ਜੀ ਨੇ ਮਲਵਈ ਭਾਸ਼ਾ ਨੂੰ ਜੋ ਪਹਿਚਾਣ ਦਿੱਤੀ, ਜ਼ਿਕਰਯੋਗ ਹੈ। ਜਾਂ ਕਹੀਏ ਕਿ ਮਾਲਵੇ ਦਾ ਇਕ ਅਜਿਹਾ ਢੱਗਾ ਜਿਸਨੇ ਪੰਜਾਬੀ ਸਾਹਿਤ ਦਾ ਧੁਰਾ ਆਪਣੀ ਸਿਰਜਣਾ ਦੇ ਬਲ, ਆਪਣੇ ਸਿੰਗ ’ਤੇ ਸਰਕਾ ਲਿਆ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਜਦ ਵੀ ਪਾਠਕਾਂ ਦੀ ਗੱਲ ਚਲਦੀ, ਇਕ ਪਾਸੇ ਉਹ ਲੇਖਕ ਹੁੰਦੇ ਜਿਹੜੇ ਪਾਠਕਾਂ ਦੀ ਕਮੀ ਦਾ ਰੋਣਾ ਰੋਂਦੇ ਰਹਿੰਦੇ ਹਨ ਅਤੇ ਦੂਸਰੇ ਪਾਸੇ ਅਣਖੀ ਜੀ, ਜਿਨ੍ਹਾਂ ਦਾ ਆਪਣਾ ਇਕ ਪਾਠਕ ਵਰਗ ਸੀ, ਜੋ ਉਨ੍ਹਾਂ ਦੀ ਹਰ ਆਉਣ ਵਾਲੀ ਰਚਨਾ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਸੀ ਅਤੇ ਹੱਥੋ-ਹੱਥ ਲੈਂਦਾ ਸੀ। ਇਹ ਪਾਠਕ ਵਰਗ ਘਟਿਆ ਨਹੀਂ, ਸਗੋਂ ਵਧਿਆ ਹੀ ਹੈ।
ਅਣਖੀ ਜੀ ਨੇ ਆਪਣਾ ਸਾਹਿਤਕ ਸਫਰ ਕਵਿਤਾ ਨਾਲ ਸ਼ੁਰੂ ਕੀਤਾ ਸੀ। ‘ਮਟਕ ਚਾਨਣਾ’ ਅਤੇ ‘ਕਣਕ ਦੀ ਕਹਾਣੀ’ ਕਾਵਿ-ਸੰਗ੍ਰਹਿ 1957-58 ਵਿਚ ਪ੍ਰਕਾਸ਼ਤ ਹੋਏ। ਇਸ ਤਰ੍ਹਾਂ ਕੁਲ ਪੰਜ ਕਾਵਿ-ਸੰਗ੍ਰਹਿ ਅਤੇ ਉਸ ਤੋਂ ਬਾਅਦ 250 ਤੋਂ ਵੱਧ ਕਹਾਣੀਆਂ ਲਿਖੀਆਂ, ਜਿਨ੍ਹਾਂ ਵਿੱਚੋਂ ਲਗਭਗ ਸੌ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋ ਕੇ ‘ਸਾਰਿਕਾ’ ਅਤੇ ‘ਧਰਮਯੁਗ’ ਵਰਗੀਆਂ ਉਸ ਵੇਲੇ ਦੀਆਂ ਪਰਮੁੱਖ ਹਿੰਦੀ ਪੱਤ੍ਰਕਾਵਾਂ ਵਿਚ ਛਪੀਆਂ। ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੋਏ। ਪਰ ਖ਼ਾਸ ਪਹਿਚਾਣ ਇਨ੍ਹਾਂ ਦੀ ਨਾਵਲਕਾਰ ਦੇ ਤੌਰ ’ਤੇ ਬਣੀ। ਪਹਿਲਾ ਨਾਵਲ 1970 ਵਿਚ ਛਪਿਆ। ਨਾਵਲ ‘ਕੋਠੇ ਖੜਕ ਸਿੰਘ’ ਲਈ 1987 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਜੋ ਅੰਗਰੇਜ਼ੀ ਸਮੇਤ ਕਈ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਉਸ ਤੋਂ ਬਾਅਦ ਨਾਵਲ ‘ਪ੍ਰਤਾਪੀ’ ਵੀ ਖੂਬ ਚਰਚਿਤ ਰਿਹਾ। ਫੇਰ ਤਾਂ ‘ਦੁੱਲੇ ਦੀ ਢਾਬ’, ‘ਗੇਲੋ’ ‘ਕਣਕਾਂ ਦਾ ਕਤਲਾਮ’, ‘ਭੀਮਾ’, ਲਗਭਗ ਹਰ ਸਾਲ ਇਕ ਨਾਵਲ ਆਉਣ ਲੱਗਿਆ ਸੀ। ਉਨ੍ਹਾਂ ਦੇ ਕਈ ਨਾਵਲ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਉਰਦੂ ਆਦਿ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਪ੍ਰਕਾਸ਼ਤ ਹੋ ਚੁੱਕੇ ਹਨ। ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਸਾਲ 2017 ਵਿਚ ‘ਭੀਮਾ’ ਹਿੰਦੀ ਵਿਚ ਅਨੁਵਾਦ ਹੋ ਕੇ ਛਪਿਆ। ਉਸ ਦਾ ਦੂਜਾ ਐਡੀਸ਼ਨ ਵੀ ਛਪ ਚੁੱਕਾ ਹੈ। ‘ਕਣਕਾਂ ਦਾ ਕਤਲਾਮ’ ਵੀ ਹਿੰਦੀ ਵਿਚ ਅਨੁਵਾਦ ਹੋ ਚੁੱਕਾ ਹੈ।
ਸਾਲ 1993 ਤੋਂ ਤ੍ਰੈਮਾਸਕ ਪੱਤ੍ਰਕਾ ‘ਕਹਾਣੀ ਪੰਜਾਬ’ ਦਾ ਸੰਪਾਦਨ ਵੀ ਕਰ ਰਹੇ ਸਨ।
ਸ਼ੁਰੂਆਤੀ ਜ਼ਿੰਦਗੀ ਭਿਅੰਕਰ ਤੰਗੀਆਂ-ਤੁਰਸ਼ੀਆਂ ਵਿਚ ਬਿਤਾਉਣ ਵਾਲੇ ਅਣਖੀ ਜੀ ਵਿਗਿਆਨਕ ਸੋਚ ਦੇ ਧਾਰਨੀ ਸਨ, ਇਹ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਵੀ ਸਾਫ ਦੇਖਿਆ ਜਾ ਸਕਦਾ ਹੈ। ਤਰਕਸ਼ੀਲਤਾ ਦਾ ਚਾਨਣ ਦੁਨੀਆ ਵਿਚ ਫੈਲਾਉਣ ਵਾਲੇ ਤਰਕ-ਸ਼ਾਸਤਰੀ ਅਬਰਾਹਮ ਟੀ. ਕਾਵੂਰ ਦੀਆਂ ਕਿਤਾਬਾਂ ਅਣਖੀ ਜੀ ਦੇ ਪਾਤਰ ਹੀ ਪੜ੍ਹ ਸਕਦੇ ਹਨ।
ਅਣਖੀ ਜੀ ਇਕ ਪ੍ਰਤੀਬੱਧ ਅਤੇ ਆਪਣੇ ਲੋਕਾਂ, ਆਪਣੀ ਮਿੱਟੀ ਨਾਲ ਜੁੜੇ ਸਾਹਿਤਕਾਰ ਸਨ। ‘ਆਪਣੀ ਮਿੱਟੀ ਦੇ ਰੁੱਖ’ ਪੁਸਤਕ ਵਿਚ ਦਰਜ ਆਪਣੀ ਅੰਤਮ ਇੱਛਾ ਦੇ ਰੂਪ ਵਿਚ ਲਿਖੇ ਇਹ ਸ਼ਬਦ ਇਹੀ ਸਿੱਧ ਕਰਦੇ ਹਨ - ‘ਸਾਰੀ ਜ਼ਿੰਦਗੀ ਕਿਸੇ ਪਰਾਸਰੀਰਕ ਸ਼ਕਤੀ ਵਿਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮੱਨੁਖ ਹੈ ... ਮੈਂ ਧਾਰਮਿਕ ਨਹੀਂ ਹਾਂ। ਮੇਰੀ ਮੌਤ ਤੋਂ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਜਾਂ ਸੱਤਵੇਂ ਦਿਨ ਮੇਰੇ ਰਿਸ਼ਤੇਦਾਰ, ਦੋਸਤ, ਮੇਰੇ ਪਾਠਕ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਇਹੀ ਮੇਰੇ ਲਈ ਵੱਡੀ ਸ਼ਰਧਾਂਜਲੀ ਹੋਵੇਗੀ।’ ਅਤੇ ਅਜਿਹਾ ਹੋਇਆ ਵੀ।
ਅਣਖੀ ਜੀ ਨੇ ਹਮੇਸ਼ਾ ਨਵੀਂਆਂ ਪ੍ਰਤੀਭਾਵਾਂ ਨੂੰ ਉਤਸ਼ਾਹਿਤ ਕੀਤਾ, ਪ੍ਰੇਰਤ ਕਰ ਕੇ ਉਨ੍ਹਾਂ ਤੋਂ ਲਿਖਵਾਇਆ ਅਤੇ ‘ਕਹਾਣੀ ਪੰਜਾਬ’ ਵਿਚ ਪ੍ਰਕਾਸ਼ਤ ਵੀ ਕੀਤਾ। ਕਈ ਕਹਾਣੀ-ਸੰਗ੍ਰਹਿ ਸੰਪਾਦਤ ਕੀਤੇ ਜਿਨ੍ਹਾਂ ਵਿਚ ਖ਼ਾਸ ਤੌਰ ’ਤੇ ਨਵੇਂ ਲੇਖਕਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ।
ਮੇਰੀ ਮੁਲਾਕਾਤ ਅਣਖੀ ਜੀ ਨਾਲ 1997-98 ਵਿਚ ਹੋਈ ਸੀ। ਜਦੋਂ ਮੈਂ ਸਾਹਿਤ ਪੜ੍ਹਨ-ਲਿਖਣ ਵੱਲ ਰੁਚਿਤ ਹੋਇਆ, ਪੰਜਾਬੀ ਦੀਆਂ ਤਾਂ ਕਾਫੀ ਪੱਤਰਕਾਵਾਂ ਸੰਗਰੂਰ ਬੱਸ ਅੱਡੇ ’ਤੇ ਮਿਲ ਜਾਂਦੀਆਂ ਸਨ ਪਰ ਹਿੰਦੀ ਪੱਤ੍ਰਕਾਵਾਂ ਲਈ ਕਹਾਣੀਕਾਰ ਗੁਰਮੇਲ ਮਡਾਹੜ ਮੈਨੂੰ ਅਣਖੀ ਜੀ ਕੋਲ ਬਰਨਾਲਾ ਲੈ ਕੇ ਗਏ। ਜਿੰਨਾ ਮੈਂ ਡਰ ਰਿਹਾ ਸਾਂ, ਉੰਨਾ ਹੀ ਉਹ ਤਪਾਕ ਨਾਲ ਮਿਲੇ। ‘ਕਥਾਦੇਸ਼’, ‘ਹੰਸ’, ‘ਸਮਕਾਲੀਨ ਭਾਰਤੀਯ ਸਾਹਿਤਯ’ ਆਦਿ ਕਈ ਪੱਤਰਕਾਵਾਂ ਮੈਨੂੰ ਦਿਖਾਉਂਦਿਆਂ ਕਹਿੰਦੇ, “ਇਨ੍ਹਾਂ ਚਾਰ-ਪੰਜ ਮੈਗਜ਼ੀਨਾਂ ਦੇ ਪਤੇ ਨੋਟ ਕਰ ਲੈ, ਚੰਦੇ ਭੇਜ ਦੇਈਂ। ਖੂਬ ਪੜ੍ਹੋ ਤੇ ਲਿਖੋ।”
ਅਣਖੀ ਜੀ ਨੇ ‘ਕਹਾਣੀ ਪੰਜਾਬ’ ਵੱਲੋਂ ਬਹੁ-ਭਾਸ਼ੀ ਕਹਾਣੀ ਗੋਸ਼ਠੀਆਂ ਦਾ ਇਕ ਨਿਰੰਤਰ ਸਿਲਸਿਲਾ ਚਲਾਇਆ ਹੋਇਆ ਸੀ। ਉਨ੍ਹਾਂ ਦਾ ਮਕਸਦ ਸੀ ਕਿ ਪੰਜਾਬੀ ਦੇ ਨਵੇਂ ਕਹਾਣੀਕਾਰ ਹੋਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਦੇ ਸੰਪਰਕ ਵਿਚ ਆ ਕੇ ਕੁਝ ਸਿੱਖ ਸਕਣ। ਪੰਜਾਬੀ ਸਾਹਿਤਕਾਰਾਂ ਤੋਂ ਅਲਾਵਾ ਹਿੰਦੀ, ਉਰਦੂ, ਰਾਜਸਥਾਨੀ ਦੇ ਬਹੁਤ ਸਾਰੇ ਲੇਖਕਾਂ ਨੇ ਸਮੇਂ-ਸਮੇਂ ਇਨ੍ਹਾਂ ਗੋਸ਼ਠੀਆਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ।
ਅਕਤੂਬਰ 2009 ਵਿਚ ਹੋਈ ਸਤਾਰ੍ਹਵੀਂ ਤ੍ਰੈਭਾਸ਼ੀ ਕਹਾਣੀ ਗੋਸ਼ਠੀ ਵਿਚ ਹਿੰਦੀ, ਪੰਜਾਬੀ ਅਤੇ ਰਾਜਸਥਾਨੀ ਕਹਾਣੀਕਾਰਾਂ/ਆਲੋਚਕਾਂ ਨੇ ਭਾਗ ਲਿਆ ਸੀ। ਗੋਸ਼ਠੀ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦਾ ਫੋਨ ਆਇਆ, “ਮੈਂ ਅਣਖੀ ਬੋਲਦਾਂ, ਕਾਰ ਵਿਚ ਮੈਂ ਤੇ ਕ੍ਰਾਂਤੀ ਹੋਵਾਂਗੇ। ਤੂੰ ਮੇਰੇ ਕੋਲ ਬਰਨਾਲੇ ਆਜੀਂ, ’ਕੱਠੇ ਚਲਾਂਗੇ।” ਫਿਰ ਮੈਂ ਤੇ ਰਾਜਸਥਾਨੀ ਕਥਾਕਾਰ ਭਰਤ ਓਲ਼ਾ ਅਣਖੀ ਜੀ ਨਾਲ ਡਲਹੌਜ਼ੀ ਦੇ ਅੱਠ-ਨੌਂ ਘੰਟਿਆਂ ਦੇ ਸਫਰ ਦੌਰਾਨ ਉਨ੍ਹਾਂ ਦੇ ਅੱਧੀ ਸਦੀ ਤੋਂ ਵੀ ਵੱਧ ਦੇ ਸਾਹਿਤਕ ਸਫਰ ਨਾਲ ਰੂ-ਬੂ-ਰੂ ਹੋਏ ਸਾਂ। ਪੰਜਾਬੀ ਵਿਚ ਇਕੱਲੇ ਸਾਹਿਤਕਾਰ ਵੱਲੋਂ ਕੀਤਾ ਜਾਣ ਵਾਲਾ ਗੋਸ਼ਠੀਆਂ ਦਾ ਇਹ ਇੱਕੋ-ਇੱਕ ਵੱਡਾ ਅਤੇ ਅਨੌਖਾ ਆਯੋਜਨ ਹੈ। ਉਨ੍ਹਾਂ ਦੇ ਬੇਟੇ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਪ੍ਰਾਅਧਿਆਪਕ, ਕਵੀ, ਆਲੋਚਕ ਅਤੇ ‘ਕਹਾਣੀ ਪੰਜਾਬ’ ਦੇ ਸੰਪਾਦਕ ਡਾ. ਕ੍ਰਾਂਤੀ ਪਾਲ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਹੈ। ‘ਕਹਾਣੀ ਪੰਜਾਬ’ ਦਾ ਪ੍ਰਕਾਸ਼ਨ ਵੀ ਉਸੇ ਮਿਆਰ ਤੇ ਉਤਸ਼ਾਹ ਨਾਲ ਜ਼ਾਰੀ ਹੈ।
ਅਣਖੀ ਜੀ ਸਹੀ ਮਾਅਨਿਆਂ ਵਿਚ ਆਪਣੀ ਮਿੱਟੀ ਨਾਲ ਜੁੜੇ ਹੋਏ ਲੇਖਕ ਸਨ। ਇਸੇ ਕਾਰਨ ਉਨ੍ਹਾਂ ਦੇ ਨਾਵਲਾਂ ਦੇ ਥੀਮ, ਪਾਤਰ ਅਤੇ ਤਮਾਮ ਤਾਣਾਬਾਣਾ ਮਾਲਵਾ ਆਂਚਲ ਕੇ ਕੁਝ ਕੁ ਪਿੰਡਾਂ ਦੁਆਲੇ ਹੀ ਘੁੰਮਦਾ ਹੈ, ਜਿਸ ਵਿਚ ਮੁੱਖ ਤੌਰ ’ਤੇ ਪੂੰਜੀਵਾਦ ਦੀ ਮਾਰ ਹੇਠ ਆਈ ਹਰੀ ਕ੍ਰਾਂਤੀ ਤੋਂ ਬਾਅਦ ਦੀ ਕਿਸਾਨੀ, ਪੇਂਡੂ ਸਮਾਜ ਦੀ ਟੁੱਟ-ਭੱਜ ਅਤੇ ਰਿਸ਼ਤਿਆਂ ਵਿਚ ਆਏ ਨਿਘਾਰ ਨੂੰ ਬੜੀ ਸ਼ਿੱਦਤ ਨਾਲ ਚਿਤਰਿਆ ਗਿਆ ਹੈ। 1968 ਵਿਚ ਰਚੇ ਆਪਣੇ ਪਹਿਲੇ ਨਾਵਲ ‘ਸੁਲਗਦੀ ਰਾਤ’ ਵਿਚ ਉਹ ਦਰਜ ਕਰਦੇ ਹਨ, ‘ਇਕ ਦਿਨ ਧਰਤੀ ਵਿੱਚੋਂ ਅਜਿਹਾ ਕੁਝ ਨਵਾਂ ਫੁੱਟੇਗਾ, ਜਿਸ ਨਾਲ ਸਾਰਾ ਵਾਤਾਵਰਨ ਮਹਿਕ ਉੱਠੇਗਾ ... ਦੇਸ਼ ਦੀ ਸਾਰੀ ਜਾਇਦਾਦ ਲੋਕਾਂ ਦੀ ਸਾਂਝੀ ਮਿਲਕੀਅਤ ਬਣ ਜਾਵੇਗੀ।’ ਅਤੇ ਫਿਰ ਸਾਰੀ ਉਮਰ ਅਣਖੀ ਜੀ ਆਪਣੀਆਂ ਰਚਨਾਵਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਜੂਝਦੇ ਰਹੇ, ਭਾਵੇਂ ਉਹ ‘ਜ਼ਮੀਨਾਂ ਵਾਲੇ’, ‘ਸਲਫਾਸ’ ਨਾਵਲ ਹੋਣ ਜਾਂ ‘ਕਣਕਾਂ ਦਾ ਕਤਲਾਮ’। ਉਨ੍ਹਾਂ ਦੇ ਨਾਵਲ ‘ਜ਼ਮੀਨਾਂ ਵਾਲੇ’ ਵਿਚ ਜ਼ਮੀਨ ਦੀ ਹੈਂਕੜ ਹੀ ਮੌਜੂਦਾ ਸਮੇਂ ਵਿਚ ਜੱਟ ਨੂੰ ਲੈ ਡੁੱਬੀ, ਕਿਉਂਕਿ ਇਹ ਯੁਗ ਹੱਥਾਂ ਦੀ ਕਿਰਤ ਕਰਨ ਵਾਲਿਆਂ ਦਾ ਹੈ। ‘ਬਸ ਹੋਰ ਨਹੀਂ’ ਵਿਚ ਮਰਦ-ਔਰਤ ਦੀ ਪਹਿਚਾਣ ਅਤੇ ਰਿਸ਼ਤੇ ਦਾ ਮਸਲਾ ਉਠਾਇਆ ਗਿਆ ਹੈ।
ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਪਿੰਡ ਦੇ ਬਦਲ ਰਹੇ ਕਲਚਰ ਨੂੰ ਪੇਸ਼ ਕੀਤਾ ਹੈ। ਕਹਿੰਦੇ, “ਸਮੁੱਚੇ ਜੀਵਨ-ਮੁੱਲ ਹੁਣ ਪੰਜ-ਸੱਤ ਸਾਲਾਂ ਬਾਅਦ ਹੀ ਬਦਲ ਜਾਂਦੇ ਹਨ। ‘ਕੋਠੇ ਖੜਕ ਸਿੰਘ’ ਤੋਂ ਲੈ ਕੇ ‘ਪ੍ਰਤਾਪੀ’ ਅਤੇ ਫੇਰ ‘ਦੁੱਲੇ ਦੀ ਢਾਬ’ ਵਿਚ ਦੀ ਗੁਜ਼ਰਦਾ ਪੰਜਾਬੀ ਪੇਂਡੂ ਜੀਵਨ ਹੁਣ ਕਿੱਥੋਂ, ਕਿੱਥੇ ਜਾ ਪਹੁੰਚਿਆ ਹੈ। ਕੀ ਕਦੇ ਸੋਚਿਆ ਸੀ ਕਿ ਕਿਸਾਨ ਕਦੇ ਕਰਜ਼ੇ ਦੀ ਭਿਆਨਕ ਮਾਰ ਤੋਂ ਤੰਗ ਸਲਫਾਸ ਦੀਆਂ ਗੋਲੀਆਂ ਖਾ ਕੇ ਮਰ ਜਾਇਆ ਕਰਨਗੇ। ਤੇ ਜਿਨ੍ਹਾਂ ਨੂੰ ਉਹ ਨਿੱਕੀ-ਸੁੱਕੀ ਜਾਤ ਸਮਝਦੇ ਸੀ, ਉਹ ਪਿੰਡਾਂ ਨੂੰ ਹੀ ਛੱਡ ਜਾਣਗੇ ਅਤੇ ਸ਼ਹਿਰ ਜਾ ਕੇ ਕਾਰਾਂ, ਕੋਠੀਆਂ ਵਾਲੇ ਬਣ ਜਾਣਗੇ।”
‘ਗੇਲੋ’ ਨਾਵਲ ਟੁੱਟ ਰਹੀ ਕਿਸਾਨੀ ਤੇ ‘ਕਣਕਾਂ ਦਾ ਕਤਲਾਮ’ ਪੰਜਾਬ ਦੇ ਭਖਦੇ ਜ਼ਮੀਨੀ ਮਸਲੇ ਬਾਰੇ ਹੈ। ਬਹੁਕੌਮੀ ਕੰਪਨੀਆਂ ਦੀਆਂ ਫੈਕਟਰੀਆਂ ਧੜਾਧੜ ਲੱਗ ਰਹੀਆਂ ਹਨ। ਇਨ੍ਹਾਂ ਲਈ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਅਜਿਹੇ ਕਿਸਾਨਾਂ ਦਾ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਢਾਂਚਾ ਹਿੱਲ ਜਾਂਦਾ ਹੈ।
ਨਾਵਲ ‘ਭੀਮਾ’ ਵਿਚ ਬਿਹਾਰੀ ਖੇਤ-ਮਜਦੂਰਾਂ ਨੂੰ ਰਚਨਾ ਦਾ ਕੇਂਦਰ ਬਿੰਦੂ ਬਣਾਇਆ ਗਿਆ ਹੈ। ਪਿਛਲੇ ਤੀਹ-ਚਾਲੀ ਸਾਲਾਂ ਤੋਂ ਬਿਹਾਰੀ ਲੋਕ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਪੰਜਾਬ ਆਉਣ ਲੱਗੇ ਸਨ ਅਤੇ ਪੱਕੇ ਤੌਰ ’ਤੇ ਇੱਥੇ ਹੀ ਵਸਦੇ ਜਾ ਰਹੇ ਹਨ। ਸ਼ੁਰੂ-ਸ਼ੁਰੂ ਵਿਚ ਇਹ ਸੋਚ ਸੀ ਕਿ ਇਹ ਲੋਕ ਪੰਜਾਬ ’ਤੇ ਆਰਥਿਕ ਬੋਝ ਬਣ ਰਹੇ ਹਨ ਤੇ ਪੰਜਾਬ ਦੇ ਕਲਚਰ ਨੂੰ ਵਿਗਾੜ ਦੇਣਗੇ। ਪਰ ਅਜਿਹਾ ਨਹੀਂ ਹੋਇਆ। ਐਨੇ ਵਰ੍ਹੇ ਬੀਤ ਜਾਣ ਬਾਅਦ ਇਨ੍ਹਾਂ ਦੀ ਦੂਜੀ ਪੀੜ੍ਹੀ ਜੋ ਇੱਧਰ ਹੀ ਜੰਮੀ-ਪਲੀ ਹੈ, ਨੇ ਪੰਜਾਬੀ ਕਲਚਰ ਨੂੰ ਅਪਨਾ ਲਿਆ ਹੈ, ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਹਨ।
ਰੋਟੀ-ਰੋਜ਼ੀ ਦੀ ਭਾਲ ਵਿਚ ਇਨਸਾਨ ਆਪਣਾ ਘਰ-ਬਾਰ ਛੱਡ ਕੇ ਪਰਾਈ ਧਰਤੀ ’ਤੇ ਜਾਂਦਾ ਹੈ। ਅਤੇ ਫੇਰ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਪੰਜਾਬ ਵਿਚ ਹੋਰ ਜਾਤਾਂ ਵੀ ਤਾਂ ਕਦੇ ਬਾਹਰੋਂ ਹੀ ਆ ਕੇ ਵਸੀਆਂ ਸਨ। ਇਕ ਸਮਾਂ ਆਵੇਗਾ, ਜਦ ਵੱਖਰੀ ਪਹਿਚਾਣ ਨਹੀਂ ਰਹਿ ਜਾਵੇਗੀ ਕਿ ਇਹ ਬਿਹਾਰੀ ਲੋਕ ਕਦੇ ਬਾਹਰੋਂ ਆਏ ਸਨ। ਪੰਜਾਬੀ ਲੋਕ ਵੀ ਤਾਂ ਹੋਰ ਸੂਬਿਆਂ/ਦੇਸਾਂ ਵਿਚ ਪੱਕੇ ਤੌਰ ’ਤੇ ਵਸ ਗਏ ਹਨ। ਇੰਗਲੈਂਡ, ਕਨੇਡਾ, ਅਮਰੀਕਾ ਪੰਜਾਬੀਆਂ ਨਾਲ ਭਰੇ ਪਏ ਹਨ। ਇਨਸਾਨ ਲਈ ਸਾਰਾ ਸੰਸਾਰ ਉਸਦਾ ਆਪਣਾ ਹੈ। ਕੋਈ ਜਿੱਥੇ ਮਰਜ਼ੀ ਜਾ ਕੇ ਰਹੇ, ਰੋਟੀ-ਰੋਜ਼ੀ ਕਮਾਵੇ ਅਤੇ ਪਰਿਵਾਰ ਪਾਲੇ। ਇਸ ਤਰ੍ਹਾਂ ਮੌਜੂਦਾ ਉੱਠ ਰਹੇ ਖੇਤਰੀ ਤੇ ਭਾਸ਼ਾਈ ਮੁੱਦੇ ਬੜੇ ਗ਼ੈਰ ਜ਼ਰੂਰੀ ਜਿਹੇ ਲੱਗਦੇ ਹਨ।
‘ਸਾਰਿਕਾ’ ਦੇ ਦਸੰਬਰ 1970 ਅੰਕ ਵਿਚ ਅਣਖੀ ਜੀ ਦੀਆਂ ਇਕੱਠੀਆਂ ਹੀ ਤਿੰਨ ਕਹਾਣੀਆਂ ਅਨੁਵਾਦ ਹੋ ਕੇ ਛਪੀਆਂ ਸਨ। ਡੱਬੀ ਵਿਚ ਨੋਟ ਸੀ, ‘ਪਰੰਪਰਾ ਨੂੰ ਨਿਭਾਉਂਦਿਆਂ ਹੋਇਆਂ ਵੀ ਅਣਖੀ ਨੇ ਆਪਣੀਆਂ ਕਹਾਣੀਆਂ ਨੂੰ ਰੂੜ੍ਹ ਨਹੀਂ ਹੋਣ ਦਿੱਤਾ। ਉਨ੍ਹਾਂ ਦੀਆਂ ਕਹਾਣੀਆਂ ਦੀ ਸਾਦਗੀ ਅਤੇ ਸਿੱਧਾਪਣ ਤਜ਼ਜ ਧਾਰ ਵਰਗਾ ਹੈ। ਸਾਰਿਕਾ ਦੀ ਦ੍ਰਿਸ਼ਟੀ ਵਿਚ ਇਸ ਲੇਖਕ ਦੀਆਂ ਕਹਾਣੀਆਂ ਭਾਰਤੀ ਪ੍ਰਤੀਭਾ ਪੱਧਰ ਦੀਆਂ ਹਨ।’
ਪੰਜਾਹ ਸਾਲ ਪਹਿਲਾਂ ਹਿੰਦੀ ਦੀ ਇਕ ਵੱਡੀ ਸਾਹਿਤਿਕ ਪੱਤਰਕਾ ‘ਸਾਰਿਕਾ’ ਵਿਚ ਲਿਖੀ ਗਈ ਇਹ ਟਿੱਪਣੀ ਅੱਜ ਬਿਲਕੁਲ ਸੱਚ ਜਾਪਦੀ ਹੈ। ਅਕਸਰ ਹੁੰਦਾ ਇਹ ਹੈ ਕਿ ਮੌਤ ਤੋਂ ਥੋੜ੍ਹਾ ਚਿਰ ਬਾਅਦ ਹੀ ਬਹੁਤੇ ਲੇਖਕ ਤਾਂ ਪਾਠਕਾਂ ਵੱਲੋਂ ਭੁਲਾ ਦਿੱਤੇ ਜਾਂਦੇ ਹਨ ਪਰ ਅਣਖੀ ਜੀ ਅੱਜ ਵੀ ਆਪਣੇ ਪਾਠਕਾਂ ਵਿਚ ਮਕਬੂਲ ਹਨ। ਨਾਵਲਾਂ/ਕਹਾਣੀਆਂ ’ਤੇ ਫਿਲਮਾਂ ਬਣ ਰਹੀਆਂ ਹਨ। ਨਾਵਲਾਂ ਦੇ ਬਾਰ-ਬਾਰ ਐਡੀਸ਼ਨ ਛਪ ਰਹੇ ਹਨ। ਮਕਬੂਲੀਅਤ ਦਿਨੋਂ-ਦਿਨ ਵਧ ਹੀ ਰਹੀ ਹੈ। ਉਦਾਹਰਣ ਵੱਜੋਂ ਨੌਜਵਾਨ ਕਵੀ ਹਰਮਨ ਦੀ ਕਵਿਤਾ ਵਿਚ ਦੇਖੋ, ਕਿਵੇਂ ਮਾਣ ਨਾਲ ਜ਼ਿਕਰ ਆਉਂਦਾ ਹੈ- ‘ਬੈਠਕ ਵਿਚ ਚਿਣੇ ਪਏ ਨੇ ਅਣਖੀ ਦੇ ਨਾਵਲ ...।’ ਅਣਖੀ ਹੁਣ ਗੀਤਾਂ ਵਿਚ ਗਾਇਆ ਜਾਂਦਾ ਹੈ।
*****
(1245)