“ਜਦੋਂ ਮੈਂ ਦੋ ਟੋਟੇ ਕੀਤੇ ਤਾਂ ਵਿੱਚੋਂ ਸੁੰਡੀ (ਕੀੜਾ) ਨਿਕਲੀ। ਮੈਂ ਸੋਚਿਆ ਸ਼ਾਇਦ ...”
(5 ਨਵੰਬਰ 2026)
ਦੀਵਿਆਂ ਦੀ ਰੋਸ਼ਨੀ ਦਾ ਤਿਉਹਾਰ ਭਾਰਤ ਵਿੱਚ ਹਿੰਦੂਆਂ ਅਤੇ ਸਿੱਖਾਂ ਵੱਲੋਂ ਸਾਂਝੇ ਤੌਰ ’ਤੇ ਹਰੇਕ ਸਾਲ ਮਨਾਇਆ ਜਾਂਦਾ ਹੈ। ਪੁਰਾਤਨ ਪਰੰਪਰਾ ਅਨੁਸਾਰ ਇਸ ਖੁਸ਼ੀ ਦੇ ਦਿਹਾੜੇ ਸ਼ੁਰੂ ਵਿੱਚ ਘਿਉ ਦੇ ਦੀਵੇ ਬਾਲ ਕੇ ਆਪਣੇ ਘਰਾਂ ਦੇ ਬਨੇਰਿਆਂ ਉੱਪਰ ਰੋਸ਼ਨੀ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਸੀ। ਹੌਲੀ ਹੌਲੀ ਮੋਮਬਤੀਆਂ, ਬਿਜਲੀ ਬਲਬ ਆਦਿ ਨਾਲ ਘਰਾਂ, ਧਾਰਮਿਕ ਅਸਥਾਨਾਂ ਆਦਿ ਨੂੰ ਰੁਸ਼ਨਾਇਆ ਜਾਣ ਲੱਗਾ। ਪਿਛਲੇ ਸਮੇਂ ਤੋਂ ਇਸਦੇ ਨਾਲ ਪਟਾਕੇ ਆਦਿ ਚਲਾਉਣ ਦਾ ਰੁਝਾਨ ਵਧ ਰਿਹਾ ਹੈ ਜਿਨ੍ਹਾਂ ਦਾ ਪੌਟਾਸ਼ ਹਵਾ ਪਲੀਤ ਕਰਦਾ ਹੈ, ਜਿਸ ਨਾਲ ਸਾਹ ਲੈਣਾ ਔਖਾ ਹੁੰਦਾ ਹੈ। ਬਹੁਤ ਸਾਰੇ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਪੀੜਿਤ ਹੋਣ ਕਰਕੇ ਹੋਰ ਵੀ ਔਖ ਮਹਿਸੂਸ ਕਰਨ ਲਗਦੇ ਹਨ। ਆਮ ਲੋਕਾਂ ਨੂੰ ਵੀ ਕਈ ਬਿਮਾਰੀਆਂ ਡਾਕਟਰਾਂ ਕੋਲ ਪਹੁੰਚਾ ਦਿੰਦੀਆਂ ਹਨ। ਮਰੀਜ਼ਾਂ ਦੀ ਗਿਣਤੀ ਇਨ੍ਹਾਂ ਦਿਨਾਂ ਵਿੱਚ ਵਧ ਜਾਂਦੀ ਹੈ। ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਘਰੋਂ ਬਾਹਰ ਨਿਕਲਣਾ ਔਖਾ ਹੁੰਦਾ ਹੈ। ਕੁਝ ਇਨ੍ਹਾਂ ਦਿਨਾਂ ਵਿੱਚ ਪਰਾਲੀ ਸਾੜਨ ਕਰਕੇ ਹਵਾ ਪਲੀਤ ਹੋਣ ਵਿੱਚ ਵਾਧਾ ਹੋ ਜਾਂਦਾ ਹੈ।
ਇਸ ਦਿਨ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਫੂਕ ਕੇ ਇੱਕ ਤਾਂ ਪੈਸੇ ਦੀ ਬਰਬਾਦੀ ਹੁੰਦੀ ਹੀ ਹੈ, ਦੂਜਾ, ਲੋਕਾਂ ਦੀ ਸਿਹਤ ਉੱਪਰ ਮਾੜੇ ਪ੍ਰਭਾਵ ਵੀ ਬਹੁਤ ਪੈਂਦੇ ਹਨ। ਇਸ ਲਈ ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ। ਨਵ-ਜੰਮੇ ਬੱਚਿਆਂ ਲਈ ਇਹ ਪ੍ਰਦੂਸ਼ਣ ਹੋਰ ਵੀ ਖਤਰਨਾਕ ਸਿੱਧ ਹੁੰਦਾ ਹੈ। ਅੱਜਕੱਲ੍ਹ ਬਜ਼ਾਰਾਂ ਵਿੱਚ ਵੱਡੇ-ਵੱਡੇ ਪਟਾਕੇ, ਅਨਾਰ, ਰੋਸ਼ਨੀਆਂ ਆਦਿ ਮਿਲਦੇ ਹਨ ਜੋ ਬੱਚਿਆਂ ਦੇ ਹੱਥਾਂ ਵਿੱਚ ਦੇਣੇ ਬੇਹੱਦ ਖਤਰਨਾਕ ਹਨ। ਕਈ ਵਾਰੀ ਛੋਟੇ ਬੱਚੇ ਚੋਰੀ ਛਿਪੇ ਇਹ ਘਾਤਕ ਆਤਸ਼ਬਾਜ਼ੀ ਖਰੀਦ ਲੈਂਦੇ ਹਨ ਜਾਂ ਘਰੋਂ ਖਰੀਦ ਕੀਤੇ ਇਸ ਸਮਾਨ ਵਿੱਚੋਂ ਮਾਪਿਆਂ ਤੋਂ ਅੱਖ ਬਚਾ ਕੇ ਚੁੱਕ ਲੈਂਦੇ ਹਨ। ਇਸ ਤਰ੍ਹਾਂ ਉਹ ਜਦੋਂ ਇਨ੍ਹਾਂ ਨੂੰ ਚਲਾਉਂਦੇ ਹਨ ਤਾਂ ਕਈ ਹਾਦਸੇ ਵਾਪਰ ਜਾਂਦੇ ਹਨ। ਕਈ ਬੱਚੇ ਆਪਣੇ ਹੱਥ ਸਾੜ ਲੈਂਦੇ ਹਨ। ਇੱਥੋਂ ਤਕ ਕਿ ਕਈ ਅੱਖਾਂ ਦੀ ਜੋਤ ਤੋਂ ਵਿਹੂਣੇ ਵੀ ਹੋ ਜਾਂਦੇ ਹਨ। ਕਈਆਂ ਦੇ ਕੰਨਾਂ ਦੇ ਪਰਦੇ ਉੱਚੀ ਅਵਾਜ਼ ਕਾਰਨ ਖਰਾਬ ਹੋ ਜਾਂਦੇ ਹਨ। ਸਾਰੀ ਉਮਰ ਜਿਸਦਾ ਪਛਤਾਵਾ ਰਹਿੰਦਾ ਹੈ। ਇਸ ਤਰ੍ਹਾਂ ਇਹ ਖੁਸ਼ੀ ਦਾ ਦਿਨ ਉਨ੍ਹਾਂ ਲਈ ਸਰਾਪ ਬਣ ਜਾਂਦਾ ਹੈ। ਮਾਪਿਆਂ ਨੂੰ ਇਨ੍ਹਾਂ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ ਸੁਚੇਤ ਤਾਂ ਕਰਨਾ ਹੀ ਚਾਹੀਦਾ ਹੈ ਸਗੋਂ ਉਨ੍ਹਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਕਈ ਵਾਰੀ ਤਾਂ ਵੱਡੇ ਵੀ ਇਸ ਆਤਿਸ਼ਬਾਜ਼ੀ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਕਿਸੇ ਵੀ ਪਟਾਕੇ, ਅਨਾਰ, ਚੱਕਰੀ ਆਦਿ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹ ਸਹੀ ਚੱਲੇਗੀ ਜਾਂ ਨਹੀ। ਕਈ ਪਟਾਕੇ ਅਚਾਨਕ ਹੱਥਾਂ ਵਿੱਚ ਹੀ ਫਟ ਜਾਂਦੇ ਹਨ।
ਸਰਕਾਰ ਨੇ ਭਾਵੇਂ ਅਬਾਦੀ ਵਾਲੀਆਂ ਥਾਂਵਾਂ ਉੱਪਰ ਆਤਿਸ਼ਬਾਜ਼ੀ ਸਟੋਰ ਕਰਨ, ਵੇਚਣ ਅਤੇ ਚਲਾਉਣ ਉੱਪਰ ਰੋਕ ਲਾਈ ਜਾਂਦੀ ਹੈ ਪਰ ਇਹ ਕਾਰਗਰ ਢੰਗ ਨਾਲ ਲਾਗੂ ਨਹੀਂ ਹੁੰਦੀ। ਫਿਰ ਵੀ ਹਰੇਕ ਸਾਲ ਸਟੋਰਾਂ ਵਿੱਚ ਧਮਾਕੇ, ਬਜ਼ਾਰਾਂ ਵਿੱਚ ਅਗਜ਼ਨੀ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਹਰ ਸਾਲ ਹਸਪਤਾਲਾਂ ਵਿੱਚ ਐਮਰਜੈਂਸੀ ਵਿੱਚ ਦਿਵਾਲੀ ਵਾਲੀ ਰਾਤ ਬਹੁਤ ਸਾਰੇ ਪਟਾਕਿਆਂ ਨਾਲ ਹਾਦਸਾ ਗ੍ਰਸਤ ਹੋਏ ਬੱਚੇ ਅਤੇ ਵੱਡੇ ਵੀ ਆਉਂਦੇ ਦਿਖਾਈ ਦਿੰਦੇ ਹਨ। ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕੁਝ ਘੰਟਿਆਂ ਵਿੱਚ ਨਸ਼ਟ ਕਰ ਦਿੱਤੀ ਜਾਂਦੀ ਹੈ। ਗਰੀਬ ਲੋਕਾਂ ਲਈ ਇਹੋ ਜਿਹੀਆਂ ਖੁਸ਼ੀਆਂ ਕੋਈ ਮਾਅਨੇ ਨਹੀਂ ਰੱਖਦੀਆਂ। ਪਰ ਅਨਪੜ੍ਹਤਾ ਕਾਰਨ ਉਹ ਵੀ ਹੋਰਾਂ ਦੀ ਰੀਸ ਨਾਲ ਕਈ ਦਿਨ ਦੀ ਮਿਹਨਤ ਦੀ ਕਮਾਈ ਨੂੰ ਐਵੇਂ ਖਰਾਬ ਕਰ ਦਿੰਦੇ ਹਨ। ਅਗਰ ਕੋਈ ਇਸ ਦਿਨ ਐਨੇ ਪੈਸਿਆਂ ਨਾਲ ਕੋਈ ਲੋੜ ਵਾਲੀ ਨਵੀਂ ਚੀਜ਼ ਖਰੀਦੀ ਜਾਵੇ ਵਧੀਆ ਗੱਲ ਹੋਵੇਗੀ। ਬਹੁਤ ਸਾਰੇ ਲੋਕ ਪੈਸੇ ਦੀ ਬਰਬਾਦੀ ਕਰਦੇ ਹਨ। ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਸੰਬੰਧੀ ਗਿਆਨ ਪੂਰਵਕ ਚੀਜ਼ਾਂ ਇਸ ਸ਼ੁਭ ਮੌਕੇ ਖਰੀਦ ਕੇ ਉਨ੍ਹਾਂ ਦੀਆਂ ਖੁਸ਼ੀਆਂ ਵਿੱਚ ਵਾਧਾ ਕਰੋ। ਸਕੂਲਾਂ ਦੇ ਬਹੁਤ ਸਾਰੇ ਬੱਚੇ ਪਿੰਡਾਂ, ਸ਼ਹਿਰਾਂ ਆਦਿ ਵਿੱਚ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਰੈਲੀਆਂ ਵੀ ਕੱਢਦੇ ਹਨ ਜੋ ਸਕੂਲਾਂ ਦੇ ਪ੍ਰਬੰਧਕਾਂ ਦਾ ਵਧੀਆ ਉਪਰਾਲਾ ਹੈ। ਇਸ ਤਰ੍ਹਾਂ ਭਵਿੱਖ ਵਿੱਚ ਜ਼ਰੂਰ ਇਸਦਾ ਅਸਰ ਦਿਖਾਈ ਦੇਵੇਗਾ। ਸੋ ਸਾਨੂੰ ਸਾਰਿਆਂ ਨੂੰ ਇਸ ਪ੍ਰਪੰਰਾ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ।
ਜੇ ਖਾਣ-ਪੀਣ ਦੀਆਂ ਵਸਤਾਂ ਦੀ ਗੱਲ ਕਰੀਏ ,ਇਨ੍ਹਾਂ ਦਿਨਾਂ ਵਿੱਚ ਤਾਜ਼ੀ ਮਠਿਆਈ ਮਿਲਣੀ ਸੌਖੀ ਨਹੀਂ ਹੁੰਦੀ ਕਿਉਂਕਿ ਲੋਕਾਂ ਦੀ ਮੰਗ ਅਨੁਸਾਰ ਇੱਕ ਦਿਨ ਵਿੱਚ ਵੱਡੀ ਮਿਕਦਾਰ ਵਿੱਚ ਮਠਿਆਈ ਤਿਆਰ ਕਰਨਾ ਅਸੰਭਵ ਹੈ। ਸਾਨੂੰ ਮਿਲਾਵਟੀ ਅਤੇ ਬੇਹੀ ਮਠਿਆਈ ਹੀ ਮਿਲੇਗੀ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਜੇ ਹੋ ਸਕੇ ਤਾਂ ਘਰ ਵਿੱਚ ਹੀ ਮਿੱਠੇ ਨਮਕੀਨ ਪਕਵਾਨ ਤਿਆਰ ਕਰ ਲੈਣੇ ਚਾਹੀਦੇ ਹਨ, ਜਿਵੇਂ ਪਹਿਲਾਂ ਸਾਡੇ ਘਰਾਂ ਵਿੱਚ ਬਣਦੇ ਹੁੰਦੇ ਸੀ। ਘਰ ਦਾ ਖੋਆ, ਲੱਡੂ, ਮੱਠੀਆਂ ਆਦਿ ਦੀ ਕੀ ਰੀਸ ਸੀ, ਕਿੰਨੇ ਕਿੰਨੇ ਦਿਨ ਖਰਾਬ ਨਹੀਂ ਹੁੰਦੇ ਸਨ। ਪਰ ਹੁਣ ਆਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਆਦਿ ਨੂੰ ਮਠਿਆਈ ਦੇ ਡੱਬੇ ਦੇਣ ਦਾ ਰੁਝਾਨ ਵਧ ਗਿਆ ਹੈ ਜੋ ਕਿ ਖਾਧਾ ਘੱਟ ਪਰ ਬਰਬਾਦ ਜ਼ਿਆਦਾ ਹੁੰਦਾ ਹੈ। ਇਸ ਨਾਲੋਂ ਡਰਾਈ ਫਰੂਟ ਦੇਣਾ ਚੰਗਾ ਹੈ। ਪਰ ਇਸ ਨੂੰ ਵੀ ਧਿਆਨ ਨਾਲ ਖਰੀਦੋ, ਇਹੋ ਜਿਹੇ ਸਮੇਂ ਗਿਫਟਾਂ ਵਿੱਚ ਆਪਾਂ ਪੈਕ ਕਰਵਾ ਲੈਂਦੇ ਹਾਂ ਕਈ ਵਾਰੀ ਪੁਰਾਣਾ ਮਾਲ ਹੀ ਦੁਕਾਨਦਾਰ ਪੈਕ ਕਰ ਦਿੰਦੇ ਹਨ।
ਮੈਂ ਇਸ ਵਾਰੀ ਇੱਕ ਵੱਡੀ ਦੁਕਾਨ ਤੋਂ ਅਖਰੋਟ ਤਾਜ਼ੇ ਸਮਝ ਕੇ ਲੈ ਲਏ ਜਦੋਂ ਕਈ ਦਿਨਾਂ ਬਾਅਦ ਅਖਰੋਟ ਤੋੜਿਆ ਤਾਂ ਵਿੱਚੋਂ ਗੁੱਦਾ ਕੱਢਿਆ ਤਾਂ ਉੱਪਰੋਂ ਤਾਂ ਸਾਫ ਦਿਸੇ ਪਰ ਜਦੋਂ ਮੈਂ ਦੋ ਟੋਟੇ ਕੀਤੇ ਤਾਂ ਵਿੱਚੋਂ ਸੁੰਡੀ (ਕੀੜਾ) ਨਿਕਲੀ। ਮੈਂ ਸੋਚਿਆ ਸ਼ਾਇਦ ਬਾਕੀ ਸਾਰੇ ਅਖਰੋਟ ਠੀਕ ਹੋਣਗੇ ਪਰ ਅਗਲੇ ਦਾ ਵੀ ਉਹੀ ਹਾਲ। ਮੈਂ ਉਪਭੋਗਤਾ ਦੇ ਹੱਕਾਂ ਤੋਂ ਜਾਗਰੂਕ ਹਾਂ। ਸੋ ਮੈਂ ਦੁਕਾਨਦਾਰ ਨੂੰ ਆਪਣੀ ਗੱਲ ਦੱਸੀ। ਪਹਿਲਾਂ ਤਾਂ ਉਹ ਪੈਰਾਂ ’ਤੇ ਪਾਣੀ ਹੀ ਨਾ ਪੈਣ ਦੇਵੇ ਕਿ ਅਸੀਂ ਤਾਂ ਬਹੁਤ ਅਖਰੋਟ ਵੇਚਦੇ ਹਾਂ, ਕਦੇ ਕੋਈ ਸ਼ਿਕਾਇਤ ਨਹੀਂ ਆਈ। ਮੇਰੇ ਸਾਹਮਣੇ ਉਸਨੇ ਪਹਿਲਾ ਅਖਰੋਟ ਤੋੜਿਆ। ਉਸਦੀ ਗੱਦ ਚੁੱਕ ਕੇ ਕਾਹਲੀ ਨਾਲ ਬਰੀਕ ਜਿਹੀ ਸੁੰਡੀ ਨੂੰ ਹੱਥ ਨਾਲ ਹੇਠਾਂ ਨੂੰ ਸੁੱਟ ਦਿੱਤਾ ਤੇ ਸਹੀ ਦੱਸੇ। ਫਿਰ ਮੈ ਇੱਕ ਉਸ ਸਾਹਮਣੇ ਤੋੜਿਆ ਤਾਂ ਵਿੱਚ ਸਪਸ਼ਟ ਸੁੰਡੀ ਉੱਪਰ ਹੀ ਸੀ। ਉਹ ਮੋਬਾਇਲ ਨਾਲ ਬੇਸ਼ਰਮੀ ਨਾਲ ਫੋਟੋ ਖਿੱਚਣ ਲੱਗ ਪਿਆ, ਡੀਲਰ ਨੂੰ ਦਿਖਾਉਣ ਲਈ। ਉਹਨੇ ਬਾਕੀ ਅਖਰੋਟ ਚੁੱਪ ਕਰਕੇ ਵਾਪਸ ਤਾਂ ਕਰ ਲਏ ਪਰ ਵਜ਼ਨ ਕਰਕੇ, ਜਿੰਨੇ ਅਖਰੋਟ ਮੈਂ ਘਰ ਤੋੜੇ ਸਨ, ਉਨ੍ਹਾਂ ਦਾ ਵਜ਼ਨ ਕੱਟ ਦਿੱਤਾ ਅਤੇ ਹੋਰ ਵਧੀਆ ਕਿਸਮ ਦੇ ਦੱਸ ਕੇ ਵਾਧੂ ਪੈਸੇ ਵੀ ਮੇਰੇ ਕੋਲੋਂ ਚਾਰਜ ਕਰ ਲਏ।
ਇਹੋ ਕੁਝ ਬਦਾਮ, ਕਾਜੂਆਂ ਵਿੱਚ ਹੁੰਦਾ ਹੈ। ਸੋ ਸਾਨੂੰ ਪਹਿਲਾਂ ਚੰਗੀ ਤਰ੍ਹਾਂ ਪਰਖ ਕਰ ਲੈ ਲੈਣੀ ਚਾਹੀਦੀ ਹੈ। ਇਹੋ ਜਿਹੇ ਗਿਫਟ ਦਿੱਤੇ ਕਿਸੇ ਦੇ ਵੀ ਕੰਮ ਨਹੀਂ ਆਉਂਦੇ। ਸੋ ਬੱਚਿਆਂ ਨੂੰ ਮਾਪਿਆਂ ਵੱਲੋਂ ਸ਼ੁਰੂ ਤੋਂ ਉਨ੍ਹਾਂ ਦੇ ਮਨਾਂ ਵਿੱਚ ਖਾਣ ਪ੍ਰਤੀ ਜਾਗਰੂਕ ਕਰਕੇ ਬਜ਼ਾਰੂ ਖਾਣ ਪੀਣ ਦੀਆਂ ਵਸਤਾਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਕਈ ਵਾਰੀ ਸਿਹਤ ਵਿਭਾਗ ਵੱਲੋਂ ਮਠਿਆਈ ਦੀਆਂ ਆਈਟਮਾਂ ਦੇ ਬਣਾਉਣ ਅਤੇ ਵਰਤੋਂ ਦੀ ਮਿਤੀ ਦਰਸਾਉਣ ਨੂੰ ਕਿਹਾ ਗਿਆ ਹੈ ਪਰ ਨਿਯਮ ਲਾਗੂ ਹੁੰਦਾ ਕਿਤੇ ਨਜ਼ਰ ਨਹੀਂ ਆਉਂਦਾ। ਇਹ ਲਾਗੂ ਕਿਉਂ ਨਹੀਂ ਹੋ ਰਿਹਾ? ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜੋ ਪੜਤਾਲ ਦਾ ਵਿਸ਼ਾ ਹੈ। ਦੁਕਾਨਦਾਰਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਰੋਕਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































