MajorSNabha7ਕਈ ਬੱਚੇ ਪਤੰਗ ਉਡਾਉਂਦੇ ਛੱਤਾਂ ਉੱਪਰੋਂ ਬੇਧਿਆਨੀ ਵਿੱਚ ਹੇਠਾਂ ਡਿਗ ਕੇ ਗੰਭੀਰ ਜਖ਼ਮੀ ...
(27 ਦਸੰਬਰ 2023)
ਇਸ ਸਮੇਂ ਪਾਠਕ: 195.


ਪਤੰਗ ਉਡਾਉਂਦੇ ਸਮੇਂ ਰੋਜ਼ਾਨਾ ਅਨੇਕਾਂ ਵਾਪਰ ਰਹੀਆਂ ਖਤਰਨਾਕ ਘਟਨਾਵਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਹਨ। ਰਾਹਗੀਰਾਂ ਦੀਆਂ ਗਰਦਨਾਂ
, ਮੂੰਹ ਆਦਿ ਵਿੱਚ ਖਤਰਨਾਕ ਚਾਇਨਾ ਡੋਰ ਨਾਲ ਜ਼ਖਮੀ ਹੋਇਆਂ ਦੇ ਵੀਹ-ਵੀਹ ਟਾਂਕੇ ਲੱਗਣ ਦੀਆਂ ਖਬਰਾਂ ਮਿਲਦੀਆਂ ਹਨ। ਭਾਵੇਂ ਇਹ ਸਾਰਾ ਕੁਝ ਚਾਈਨਾ ਡੋਰ ਦੇ ਵੇਚਣ ਉੱਤੇ ਪਾਬੰਦੀ ਹੋਣ ਦੇ ਬਾਵਜੂਦ ਹਰੇਕ ਸਾਲ ਹੁੰਦਾ ਆ ਰਿਹਾ ਹੈ। ਸਰਕਾਰੀਤੰਤਰ ਇਸ ਨੂੰ ਕਿਉਂ ਨਹੀਂ ਰੋਕ ਸਕਿਆ? ਸਰਕਾਰ ਵੱਡੇ-ਵੱਡੇ ਨਸ਼ੇ ਮਾਫੀਏ ਨੂੰ ਰੋਕਣ ਦੀਆਂ ਗੱਲਾਂ ਕਰਦੀ ਹੈ ਤਾਂ ਫਿਰ ਨਸ਼ੇ ਕਿਵੇਂ ਰੁਕ ਸਕਦੇ ਨੇ? ਇਹ ਡੋਰ ਆਮ ਤੌਰ ’ਤੇ ਛੋਟੀਆਂ ਦੁਕਾਨਾਂ ਉੱਤੇ ਵੀ ਆਮ ਵਿਕਦੀ ਹੈ।

ਬਸੰਤ ਪੰਚਮੀ ਵਾਲੇ ਦਿਨ ਹਰੇਕ ਬੱਚਾ ਪਤੰਗ ਉਡਾਉਣ ਦੀ ਖਾਹਿਸ਼ ਰੱਖਦਾ ਹੁੰਦਾ ਹੈ। ਕਈ ਮਾਪੇ ਖੁਦ ਹੀ ਬੱਚਿਆਂ ਲਈ ਪਤੰਗਾਂ ਖਰੀਦ ਕੇ ਲੈ ਆਉਂਦੇ ਹਨ ਜਾਂ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਮਨਪਸੰਦ ਦੀਆਂ ਪਤੰਗਾਂ ਦਿਵਾ ਕੇ ਲਿਆਉਂਦੇ ਹਨ। ਪਤੰਗ ਉਡਾਉਣਾ ਬੱਚਿਆਂ ਨੂੰ ਭਾਵੇਂ ਬਹੁਤ ਵਧੀਆ ਤਾਂ ਲਗਦਾ ਹੈ ਪਰ ਜਿਸ ਤਰ੍ਹਾਂ ਅੱਜ ਚਾਈਨਾ ਡੋਰ ਨਾਲ ਪਤੰਗ ਉਡਾਇਆ ਜਾਂਦਾ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇਸ ਡੋਰ ਨਾਲ ਪੰਛੀਆਂ ਅਤੇ ਮਨੁੱਖਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਡੋਰ ਪ੍ਰਦੂਸ਼ਨ ਫੈਲਾਉਣ ਦਾ ਕਾਰਨ ਵੀ ਬਣਦੀ ਹੈ। ਇਸੇ ਕਾਰਨ ਪ੍ਰਸ਼ਾਸਨ ਨੇ ਚਾਈਨਾ ਡੋਰ ਰੱਖਣ, ਵੇਚਣ, ਸਟੋਰ ਕਰਨ ’ਤੇ ਪਾਬੰਦੀ ਤਾਂ ਜ਼ਰੂਰ ਲਾਈ ਹੋਈ ਹੈ, ਕਿਤੇ ਕਿਤੇ ਮਾੜੀ ਮੋਟੀ ਪਾਬੰਦੀਸ਼ੁਦਾ ਡੋਰ ਨੂੰ ਫੜਨ ਦੀ ਕਾਰਵਾਈ ਭਾਵੇਂ ਦਿਖਾਵੇ ਲਈ ਕਰ ਵੀ ਲਈ ਜਾਂਦੀ ਹੈ, ਪੂਰਨ ਪਾਬੰਦੀ ਕਿਉਂ ਨਹੀਂ ਲੱਗ ਰਹੀ? ਇਸ ਪਿੱਛੇ ਕੀ ਕਾਰਨ ਹੈ, ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਪਰ ਇਹ ਜਾਨਲੇਵਾ ਡੋਰ ਸ਼ਰੇਆਮ ਦੁਕਾਨਾਂ ਤੋਂ ਮਿਲ ਜਾਂਦੀ ਹੈ ਅਤੇ ਪਤੰਗ ਉਡਾ ਰਹੇ ਬੱਚਿਆਂ ਦੇ ਹੱਥਾਂ ਵਿੱਚ ਦੇਖੀ ਜਾ ਸਕਦੀ ਹੈ।

ਬਸੰਤ ਪੰਚਮੀ ਵਾਲੇ ਦਿਨ ਸ਼ਹਿਰਾਂ ਅੰਦਰ ਰੰਗ ਬਰੰਗੇ ਪਤੰਗਾਂ ਦੀਆਂ ਧਾੜਾਂ ਆਮ ਵੇਖਣ ਨੂੰ ਮਿਲਦੀਆਂ ਹਨ। ਕਿੰਨੇ ਪਤੰਗ ਕੱਟੇ ਜਾਂਦੇ ਹਨ, ਜਿਨ੍ਹਾਂ ਦੀਆਂ ਡੋਰਾਂ ਹੇਠਾਂ ਆਉਂਦੀਆਂ ਬਿਜਲੀ ਦੀਆਂ ਤਾਰਾਂ, ਦ੍ਰਖ਼ਤਾਂ ਆਦਿ ਵਿੱਚ ਫਸ ਕੇ ਲਟਕ ਜਾਂਦੀਆਂ ਹਨ ਜੋ ਕਿ ਦੁਰਘਟਨਾਵਾਂ ਦਾ ਕਾਰਣ ਬਣਦੀਆਂ ਹਨ। ਗਲੀਆਂ, ਸੜਕਾਂ ਆਦਿ ’ਤੇ ਪੈਦਲ ਚੱਲਣ ਵੇਲੇ ਬੜੀ ਸਾਵਧਾਨ ਵਰਤਣੀ ਪੈਂਦੀ ਹੈ। ਪਤਾ ਨਹੀਂ ਲਗਦਾ ਕਿਸ ਵੇਲੇ ਕੋਈ ਡੋਰ ਤੁਹਾਡੇ ਪੈਰਾਂ ਵਿੱਚ ਉਲਝ ਕੇ ਤੁਹਾਨੂੰ ਮੂਧੇ ਮੂੰਹ ਡੇਗ ਦੇਵੇਬਸੰਤ ਪੰਚਮੀ ਨੂੰ ਤਿਉਹਾਰ ਵਾਲੇ ਦਿਨ ਜਦੋਂ ਬੱਚੇ ਖੁਸ਼ੀਆਂ ਮਨਾ ਰਹੇ ਹੁੰਦੇ ਹਨ, ਪਤਾ ਨਹੀਂ ਕਿੰਨੇ ਪੰਛੀ ਇਨ੍ਹਾਂ ਡੋਰਾਂ ਵਿੱਚ ਉਲਝ ਕੇ ਜਖ਼ਮੀ ਹੋ ਕੇ ਤੜਫੇ ਜਾਂ ਮਰਦੇ ਹੋਣਗੇ। ਇਹ ਚਾਈਨਾ ਡੋਰਾਂ ਰਸਤਿਆਂ ਵਿੱਚ ਆਮ ਉਲਝੀਆਂ ਹੋਈਆਂ ਪਈਆਂ ਮਿਲਦੀਆਂ ਹਨ, ਜੋ ਪੈਦਲ ਤੁਰੇ ਜਾਂਦਿਆਂ ਦੇ ਪੈਰਾਂ ਵਿੱਚ ਫਸ ਕੇ ਗਿਰਾਉਣ ਦਾ ਕੰਮ ਕਰਦੀਆਂ ਹਨ। ਕਈ ਵਾਰ ਤੇਜ਼ ਰਫਤਾਰ ਦੋ ਪਹੀਆ ਵਾਹਨ ਚਾਲਕਾਂ ਦੇ ਗਲਾਂ ਵਿੱਚ ਫਸ ਕੇ ਗਰਦਨ ਦੀਆਂ ਕੋਮਲ ਨਾੜਾਂ ਨੂੰ ਵੀ ਕੱਟ ਦੇਣ ਦੀਆਂ ਜਾਨਲੇਵਾ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਪਤੰਗ ਉਡਾਉਂਦੇ ਸਮੇਂ ਮਕਾਨਾਂ ਦੀਆਂ ਛੱਤਾਂ ਉੱਤੋਂ ਡਿਗ ਕੇ ਮੌਤਾਂ ਹੋਣ ਦੀਆਂ ਘਟਨਾਵਾਂ ਕਈ ਵਾਰ ਹੁੰਦੀਆਂ ਰਹਿੰਦੀਆਂ ਹਨ। ਹੁਣ ਗੱਲ ਗੰਭੀਰਤਾ ਨਾਲ ਸੋਚਣ ਦੀ ਆਉਂਦੀ ਹੈ ਕਿ ਸਾਡਾ ਸਮਾਜ ਇਹੋ ਜਿਹੇ ਕੰਮਾਂ ਨੂੰ ਉਤਸ਼ਾਹਿਤ ਕਿਉਂ ਕਰਦਾ ਹੈ ਜਿਨ੍ਹਾਂ ਨਾਲ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ

ਕਈ ਬੱਚੇ ਪਤੰਗ ਉਡਾਉਂਦੇ ਛੱਤਾਂ ਉੱਪਰੋਂ ਬੇਧਿਆਨੀ ਵਿੱਚ ਹੇਠਾਂ ਡਿਗ ਕੇ ਗੰਭੀਰ ਜਖ਼ਮੀ ਜਾਂ ਮੌਤ ਦੇ ਮੂੰਹ ਜਾ ਪੈਂਦੇ ਹਨ। ਇਹੋ ਜਿਹੇ ਦੁੱਖ ਮਾਪੇ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ। ਸੋ ਮਾਪਿਆਂ ਨੂੰ ਛੋਟੇ ਬੱਚਿਆਂ ਦੇ ਮਨਾਂ ਵਿੱਚ ਇਹੋ ਜਿਹੀਆਂ ਖਤਰਨਾਕ ਖੇਡਾਂ ਪ੍ਰਤੀ ਨਫਰਤ ਭਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਸਕੂਲੀ ਸਿਲੇਬਸ਼ ਵਿੱਚ ਵੀ ਇਸ ਸਬੰਧੀ ਛੋਟੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਵਿਤਾਵਾਂ, ਕਹਾਣੀਆਂ, ਆਦਿ ਨੂੰ ਸ਼ਾਮਲ ਕਰ ਕੇ ਸ਼ੁਰੂ ਤੋਂ ਹੀ ਉਨ੍ਹਾਂ ਦੇ ਮਨਾਂ ਵਿੱਚ ਚਾਈਨਾ ਡੋਰ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕੀਤਾ ਜਾ ਸਕੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4575)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੇਜਰ ਸਿੰਘ ਨਾਭਾ

ਮੇਜਰ ਸਿੰਘ ਨਾਭਾ

Nabha, Patiala, Punjab, India.
Tel: (91 - 94635 - 53962)
Email: (majorsnabha@gmail.com)