MalkitRasi 7“ਜੀਵਨ ਦੀ ਗੌਰਵਮਈ ਉਸਾਰੀ ਲਈ ਇਹ ਵੀ ਅਹਿਮ ਨੁਕਤਾ ਹੈ ਕਿ ਅਸੀਂ ਅਤੀਤ ...”
(31 ਅਕਤੂਬਰ 2026)


ਮਨੁੱਖੀ ਹੋਂਦ ਬ੍ਰਹਿਮੰਡ ਦੀ ਗੌਰਵਮਈ ਅਤੇ ਰਹੱਸਮਈ ਰਚਨਾ ਹੈ
। ਜੀਵਨ ਕੋਈ ਸਾਗਰ ਵਾਂਗ ਸਥਿਰ ਨਹੀਂ, ਬਲਕਿ ਇੱਕ ਨਿਰੰਤਰ ਵਗਦੀ ਨਦੀ ਹੈ, ਜਿਸ ਵਿੱਚ ਖੜੋਤ ਆਤਮਿਕ ਮੌਤ ਦਾ ਸੂਚਕ ਹੈ। ਇਹ ਪਰਮ ਸੱਚ ਹੈ ਕਿ “ਜ਼ਿੰਦਗੀ ਉੱਸਰਦੀ ਰਹਿੰਦੀ ਹੈ ਜੇਕਰ ਇਸਨੂੰ ਉਸਾਰਨਾ ਚਾਹੀਏ।” ਜੀਵਨ ਇੱਕ ਅਜਿਹਾ ਕੋਰਾ ਪੰਨਾ ਹੈ, ਜਿਸ ਉੱਤੇ ਸੁਨਹਿਰੀ ਇਤਿਹਾਸ ਲਿਖਣ ਦੀ ਕਲਮ ਖੁਦ ਮਨੁੱਖ ਦੇ ਹੱਥ ਵਿੱਚ ਹੁੰਦੀ ਹੈ। ਇਹ ਕੋਈ ਬਣੀ-ਬਣਾਈ ਇਮਾਰਤ ਨਹੀਂ, ਸਗੋਂ ਇੱਕ ਨਿਰੰਤਰ ਚੱਲਣ ਵਾਲੀ ਸਿਰਜਣਾ-ਪ੍ਰਕਿਰਿਆ ਹੈ। ਜਿੰਨਾ ਚਿਰ ਸਾਡੇ ਅੰਦਰ ਜਿਊਣ ਦੀ ਪ੍ਰਚੰਡ ਤੜਫ, ਅਗਾਂਹਵਧੂ ਚੇਤਨਾ ਅਤੇ ਸਵੈਪਛਾਣ ਦਾ ਜਜ਼ਬਾ ਜੀਵੰਤ ਹੈ, ਉੰਨਾ ਚਿਰ ਜੀਵਨ ਦਾ ਹਰ ਪਲ ਇੱਕ ਨਵੀਂ ਉਡਾਣ ਦਾ ਆਗਾਜ਼ ਬਣਦਾ ਹੈ। ਸਾਡੇ ਅਧਿਆਤਮਿਕ ਵਿਚਾਰ, ਸਾਰਥਕ ਫੈਸਲੇ ਅਤੇ ਕਰਮ ਹੀ ਸਾਡੀ ਹੋਂਦ ਦੇ ਸਰੂਪ ਨੂੰ ਨਿਰਧਾਰਿਤ ਕਰਦੇ ਹਨ।

ਜੀਵਨ ਦੀ ਆਤਮਿਕ ਅਤੇ ਬੌਧਿਕ ਉਸਾਰੀ ਦੀ ਪਹਿਲੀ ਨੀਂਹ ਹਾਂ-ਪੱਖੀ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਹੈ। ਮਨੁੱਖ ਦਾ ਨਜ਼ਰੀਆ ਹੀ ਉਸਦੇ ਸੰਸਾਰ ਦਾ ਨਿਰਮਾਤਾ ਹੁੰਦਾ ਹੈ। ਜੇਕਰ ਅੰਦਰੂਨੀ ਚੇਤਨਾ ਨਕਾਰਾਤਮਕਤਾ ਦੇ ਅੰਧਕਾਰ ਵਿੱਚ ਡੁੱਬੀ ਹੋਵੇ ਤਾਂ ਬਹਾਰਾਂ ਦੇ ਮੌਸਮ ਵਿੱਚ ਵੀ ਪਤਝੜ ਦਾ ਭਾਸ ਹੁੰਦਾ ਹੈ। ਇਸਦੇ ਉਲਟ, ਇੱਕ ਆਸ਼ਾਵਾਦੀ ਅਤੇ ਹਾਂ-ਪੱਖੀ ਮਨੁੱਖ ਘੋਰ ਹਨੇਰੇ ਵਿੱਚ ਵੀ ਚਾਨਣ ਦੀ ਬਾਰੀ ਖੋਲ੍ਹ ਲੈਂਦਾ ਹੈ। ਦੁੱਖ, ਵੇਦਨਾ ਅਤੇ ਅਸਫਲਤਾਵਾਂ ਜੀਵਨ ਦੇ ਅਟੱਲ ਪੜਾਅ ਹਨ। ਪਰ ਇੱਕ ਅਗਾਂਹਵਧੂ ਪਾਂਧੀ ਇਨ੍ਹਾਂ ਮੁਸ਼ਕਿਲਾਂ ਨੂੰ ਪੈਰਾਂ ਦੀ ਬੇੜੀ ਨਹੀਂ ਬਲਕਿ ਅੰਬਰ ਵੱਲ ਉਡਣ ਲਈ ਪਰਵਾਜ਼ (ਖੰਭ) ਬਣਾਉਂਦਾ ਹੈ। ਉਹ ਹਰ ਚੁਣੌਤੀ ਵਿੱਚੋਂ ਇੱਕ ਨਵੀਂ ਸਿੱਖਿਆ ਅਤੇ ਜੀਵਨ-ਜੁਗਤ ਗ੍ਰਹਿਣ ਕਰਦਾ ਹੈ। ਜਦੋਂ ਅਸੀਂ ਆਪਣੀ ਮਾਨਸਿਕਤਾ ਨੂੰ ਉਚੇਰੀ ਸੋਚ ਨਾਲ ਸਿੰਜਦੇ ਹਾਂ ਤਾਂ ਈਰਖਾ, ਸੰਕੀਰਨਤਾ ਅਤੇ ਨਿਰਾਸ਼ਾ ਵਰਗੇ ਵਿਕਾਰ ਖੁਦ-ਬ-ਖੁਦ ਫਨਾਹ ਹੋ ਜਾਂਦੇ ਹਨ, ਅਤੇ ਹੋਂਦ ਵਧੇਰੇ ਰਹੱਸਮਈ, ਮੁੱਲਵਾਨ ਅਤੇ ਅਨੰਦਮਈ ਪ੍ਰਤੀਤ ਹੋਣ ਲਗਦੀ ਹੈ।

ਜਿਸ ਤਰ੍ਹਾਂ ਕਿਸੇ ਵਿਸ਼ਾਲ ਅਤੇ ਉੱਚੇ ਮਹਿਲ ਨੂੰ ਸਦੀਆਂ ਤਕ ਸਥਿਰ ਰੱਖਣ ਲਈ ਮਜ਼ਬੂਤ ਥੰਮ੍ਹਾਂ ਦੀ ਲੋੜ ਹੁੰਦੀ ਹੈ, ਉਵੇਂ ਹੀ ਜੀਵਨ ਨੂੰ ਗੌਰਵਮਈ ਬਣਾਉਣ ਲਈ ‘ਦ੍ਰਿੜ ਸੰਕਲਪ’ ਲਾਜ਼ਮੀ ਹੈ। ਜਿਸ ਮਨੁੱਖ ਦੇ ਜੀਵਨ ਵਿੱਚ ਕੋਈ ਮਹਾਨ ਉਦੇਸ਼ ਜਾਂ ਪ੍ਰਤੀਬੱਧਤਾ ਨਹੀਂ ਹੈ, ਉਸਦੀ ਹਾਲਤ ਉਸ ਬੇੜੀ ਵਰਗੀ ਹੁੰਦੀ ਹੈ, ਜਿਹੜੀ ਬਿਨਾਂ ਚੱਪੂਆਂ ਤੋਂ ਸਮੁੰਦਰ ਦੀਆਂ ਬੇਕਾਬੂ ਲਹਿਰਾਂ ਦੇ ਰਹਿਮੋ-ਕਰਮ ’ਤੇ ਭਟਕਦੀ ਰਹਿੰਦੀ ਹੈ। ਸੰਕਲਪ ਮਨੁੱਖੀ ਊਰਜਾ ਨੂੰ ਇੱਕ ਕੇਂਦਰ-ਬਿੰਦੂ ਪ੍ਰਦਾਨ ਕਰਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਅੰਦਰੂਨੀ ਸਵੈ ਵਿੱਚ ਕੋਈ ਉੱਚਾ ਨਿਸ਼ਾਨਾ ਧਾਰ ਲੈਂਦਾ ਹੈ ਤਾਂ ਬਾਹਰੀ ਰੁਕਾਵਟਾਂ ਦੀ ਹਸਤੀ ਤਿਣਕੇ ਵਾਂਗ ਉਡ ਜਾਂਦੀ ਹੈ। ਇਤਿਹਾਸ ਸਾਖੀ ਹੈ ਕਿ ਸੰਸਾਰ ਵਿੱਚ ਜਿੰਨੇ ਵੀ ਮਨੁੱਖੀ ਕਲਿਆਣ ਦੇ ਕਾਰਜ ਹੋਏ ਹਨ ਜਾਂ ਇਨਕਲਾਬੀ ਪਰਿਵਰਤਨ ਆਏ ਹਨ, ਉਹ ਸਭ ਕਿਸੇ ਨਾ ਕਿਸੇ ਮਨੁੱਖ ਦੇ ਅਟੱਲ ਸੰਕਲਪ ਦੀ ਕੁੱਖ ਵਿੱਚੋਂ ਹੀ ਜਨਮੇ ਸਨ। ਅਗਾਂਹਵਧੂ ਇਰਾਦੇ ਮਨੁੱਖ ਨੂੰ ਖੜੋਤ (ਆਲਸ) ਦੀ ਦਲਦਲ ਵਿੱਚੋਂ ਮੁਕਤ ਕਰ ਕੇ ਕਰਮ ਦੇ ਮਹਾਂ-ਸੰਗਰਾਮ ਵਿੱਚ ਉਤਾਰ ਦਿੰਦੇ ਹਨ।

ਕੇਵਲ ਉੱਚ-ਪਾਏ ਦੇ ਵਿਚਾਰਾਂ ਦਾ ਪ੍ਰਵਾਹ ਜਾਂ ਕਲਪਨਾ ਦੇ ਮਹਿਲ ਉਸਾਰਨਾ ਹੀ ਕਾਫੀ ਨਹੀਂ ਹੁੰਦਾ; ਜਿੰਨਾ ਚਿਰ ਉਨ੍ਹਾਂ ਵਿਚਾਰਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ, ਉਹ ਕੇਵਲ ਮਾਨਸਿਕ ਅਭਿਆਸ ਬਣ ਕੇ ਰਹਿ ਜਾਂਦੇ ਹਨ। ਕਰਮ ਹੀ ਮਨੁੱਖੀ ਹੋਂਦ ਦੀ ਅਸਲ ਵਰਣਮਾਲਾ ਹੈ। ਪ੍ਰਸਿੱਧ ਸ਼ਾਇਰ ਡਾ. ਜਗਤਾਰ ਦੇ ਸੂਖਮ ਬੋਲ ਇਸ ਸਚਾਈ ’ਤੇ ਮੋਹਰ ਲਾਉਂਦੇ ਹਨ:

“ਹੋਰ ਵਧਦੀ ਜਾ ਰਹੀ ਹੈ ਲੋੜ ਹੁਣ ਰਫਤਾਰ ਦੀ,
ਗੱਲ ਨਾ ਕਰੀਏ ਹਵਾ ਦੀ
, ਗੱਲ ਕਰੀਏ ਕਾਰ ਦੀ।”

ਸਾਡੇ ਕਾਰਜ ਹਮੇਸ਼ਾ ‘ਉਸਾਰੂ ਅਤੇ ਸਿਰਜਣਾਤਮਕ’ ਹੋਣੇ ਚਾਹੀਦੇ ਹਨ, ਭਾਵ ਅਜਿਹੇ ਕਰਮ ਜੋ ਨਾ ਸਿਰਫ ਸਾਡੀ ਨਿੱਜੀ ਹੋਂਦ ਨੂੰ ਪ੍ਰਕਾਸ਼ਮਾਨ ਕਰਨ, ਬਲਕਿ ਸਮੁੱਚੀ ਮਨੁੱਖਤਾ ਦੇ, ਸਰਬੱਤ ਦੇ ਭਲੇ ਦਾ ਮਾਰਗ ਪੇਸ਼ ਕਰਨ। ਸਿਦਕ, ਲਗਨ ਅਤੇ ਇਮਾਨਦਾਰੀ ਨਾਲ ਕੀਤੇ ਗਏ ਕਾਰਜ ਹੀ ਮਨੁੱਖ ਨੂੰ ਆਮ ਜੀਵਾਂ ਦੀ ਸ਼੍ਰੇਣੀ ਵਿੱਚੋਂ ਕੱਢ ਕੇ ਇਤਿਹਾਸ ਦੇ ਨਾਇਕ ਬਣਾਉਂਦੇ ਹਨ। ਜਦੋਂ ਅਸੀਂ ਸਮਾਜ ਦੇ ਪੀੜਿਤ ਵਰਗ ਦੀ ਵੇਦਨਾ ਨੂੰ ਹਰਨ ਲਈ ਯਤਨਸ਼ੀਲ ਹੁੰਦੇ ਹਾਂ ਤਾਂ ਸਾਡਾ ਜੀਵਨ ਅਧਿਆਤਮਿਕ ਤੌਰ ’ਤੇ ਵਧੇਰੇ ਮੁੱਲਵਾਨ ਬਣ ਜਾਂਦਾ ਹੈ।

“ਜ਼ਿੰਦਗੀ ਉੰਨਾ ਚਿਰ ਨਹੀਂ ਹਾਰਦੀ, ਜਿੰਨਾ ਚਿਰ ਅਸੀਂ ਨਹੀਂ ਹਾਰਦੇ।” ਇਹ ਅਮਰ ਸਤਰਾਂ ਸਾਨੂੰ ਅਹਿਸਾਸ ਕਰਵਾਉਂਦੀਆਂ ਹਨ ਕਿ ਹਾਰ ਕਦੇ ਵੀ ਬਾਹਰੀ ਹਾਲਾਤ ਜਾਂ ਪਰਿਸਥਿਤੀਆਂ ਦੇ ਅਧੀਨ ਨਹੀਂ ਹੁੰਦੀ; ਹਾਰ ਦਾ ਸਬੰਧ ਮਨੁੱਖ ਦੇ ਅੰਦਰੂਨੀ ਆਤਮ-ਬਲ ਨਾਲ ਹੈ। ਜਿਵੇਂ ਕਿ ਗੁਰਬਾਣੀ ਦਾ ਪਰਮ-ਸਿੱਧਾਂਤ ਹੈ, “ਮਨਿ ਜੀਤੈ ਜਗੁ ਜੀਤੁ” (ਮਨ ਨੂੰ ਜਿੱਤਣ ਵਾਲਾ ਹੀ ਵਾਸਤਵ ਵਿੱਚ ਜਗਤ ਦਾ ਵਿਜੇਤਾ ਹੈ)। ਜੇਕਰ ਕੋਈ ਇਨਸਾਨ ਬਾਹਰੀ ਜਗਤ ਵਿੱਚ ਆਪਣਾ ਸਭ ਕੁਝ ਗੁਆ ਬੈਠੇ, ਪਰ ਉਸਦਾ ਅੰਦਰੂਨੀ ਸਿਦਕ, ਹੌਸਲਾ ਅਤੇ ਆਤਮ-ਵਿਸ਼ਵਾਸ ਅਟੱਲ ਰਹੇ ਤਾਂ ਉਹ ਰਾਖ ਵਿੱਚੋਂ ਮੁੜ ਉੱਠਣ ਵਾਲੇ ਕੁਕਨਸ ਪੰਛੀ ਵਾਂਗ ਸਭ ਕੁਝ ਦੁਬਾਰਾ ਸਿਰਜ ਸਕਦਾ ਹੈ। ਅਬਰਾਹਮ ਲਿੰਕਨ, ਚੀ ਗੁਵੇਰਾ, ਹੋ ਚੀ ਮਿੰਨ, ਲੈਨਿਨ, ਨੈਲਸਨ ਮੰਡੇਲਾ, ਥਾਮਸ ਐਡੀਸਨ, ਕਾਰਲ ਮਾਰਕਸ, ਫਰਾਇਡ, ਡਾਰਵਿਨ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਿਰਸਾ ਮੁੰਡਾ, ਸੁਭਾਸ਼ ਚੰਦਰ ਬੋਸ, ਮਹਾਰਾਣਾ ਪ੍ਰਤਾਪ, ਛੱਤਰਪਤੀ ਸ਼ਿਵਾ ਜੀ, ਜੋਤੀਬਾ ਫੂਲੇ, ਭੀਮ ਰਾਓ ਅੰਬੇਦਕਰ, ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਮਦਨ ਲਾਲ ਢੀਂਗਰਾ ਅਤੇ ਭਗਤ ਪੂਰਨ ਸਿੰਘ ਜਿਹੀਆਂ ਅਜ਼ੀਮ ਸ਼ਖਸੀਅਤਾਂ ਨੇ ਜੀਵਨ ਦੇ ਰਣਖੇਤਰ ਵਿੱਚ ਅਣਗਿਣਤ ਤੁਫਾਨਾਂ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਕਦੇ ਮਨ ਤੋਂ ਹਾਰ ਸਵੀਕਾਰ ਨਹੀਂ ਕੀਤੀ। ਉਨ੍ਹਾਂ ਦੀ ਇਸੇ ‘ਨਾ-ਝੁਕਣ’ ਵਾਲੀ ਬਿਰਤੀ ਨੇ ਉਨ੍ਹਾਂ ਨੂੰ ਸਮੇਂ ਦੀ ਹਿੱਕ ’ਤੇ ਅਮਰ ਕਰ ਦਿੱਤਾ। ਪਰਿਸਥਿਤੀਆਂ ਅੱਗੇ ਗੋਡੇ ਟੇਕ ਦੇਣਾ ਕਾਇਰਤਾ ਹੈ, ਜਦਕਿ ਹਾਰ ਦੀ ਹਿੱਕ ’ਤੇ ਪੈਰ ਰੱਖ ਕੇ ਦੁਬਾਰਾ ਉੱਠ ਖੜ੍ਹੇ ਹੋਣਾ ਹੀ ਅਸਲ ਜੀਵਨ-ਫਲਸਫਾ ਹੈ।

ਅਤੀਤ ਤੋਂ ਮੁਕਤੀ ਅਤੇ ਨਵ-ਨਿਰਮਾਣ - ਜੀਵਨ ਦੀ ਗੌਰਵਮਈ ਉਸਾਰੀ ਲਈ ਇਹ ਵੀ ਅਹਿਮ ਨੁਕਤਾ ਹੈ ਕਿ ਅਸੀਂ ਅਤੀਤ (ਬੀਤੇ ਸਮੇਂ) ਦੇ ਪਰਛਾਵਿਆਂ ਅਤੇ ਗਲਤੀਆਂ ਦੇ ਗੁਲਾਮ ਨਾ ਬਣੀਏ, ਬਲਕਿ ਉਨ੍ਹਾਂ ਤੋਂ ‘ਅਗਾਂਹਵਧੂ ਸਬਕ’ ਸਿੱਖੀਏ। ਕਈ ਲੋਕ ਆਪਣੇ ਪੁਰਾਣੇ ਦੁੱਖਾਂ, ਵੇਦਨਾਵਾਂ ਜਾਂ ਅਸਫਲਤਾਵਾਂ ਦੇ ਮਾਤਮ ਵਿੱਚ ਆਪਣਾ ਵਰਤਮਾਨ ਅਤੇ ਸੁਨਹਿਰੀ ਭਵਿੱਖ ਵੀ ਮਿੱਟੀ ਕਰ ਦਿੰਦੇ ਹਨ। ਸਿਆਣਪ ਇਸ ਵਿੱਚ ਹੈ ਕਿ ਅਤੀਤ ਨੂੰ ਕੇਵਲ ਇੱਕ ਅਧਿਆਪਕ ਮੰਨਿਆ ਜਾਵੇ। ਉਸਦੇ ਤਜਰਬਿਆਂ ਦੀ ਰੌਸ਼ਨੀ ਵਿੱਚ ਵਰਤਮਾਨ ਦੀ ਮਿੱਟੀ ਨੂੰ ਉਪਜਾਊ ਬਣਾਇਆ ਜਾਵੇ। ਜੀਵਨ ਇੱਕ ਵਗਦੀ ਨਦੀ ਹੈ, ਜਿਸਦੀ ਫਿਤਰਤ ਵਿੱਚ ਕੇਵਲ ਅੱਗੇ ਵਧਣਾ ਹੈ; ਪਿੱਛੇ ਮੁੜਨਾ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਹੈ।

ਜੀਵਨ ਇੱਕ ਬਹੁਤ ਹੀ ਖੂਬਸੂਰਤ ਅਤੇ ਦੁਰਲੱਭ ਮੌਕਾ ਹੈ, ਇਸ ਨੂੰ ਨਿਰਾਸ਼ਾ ਦੇ ਅੰਧਕਾਰ ਵਿੱਚ ਗੁਜ਼ਾਰਨਾ ਇਸ ਉੱਪਰ ਤੁਹਮਤ ਹੈ। ਜੀਵਨ ਦੀ ਅਸਲ ਸੁਹਜਾਤਮਕਤਾ ਇਸਦੀ ਨਿਰੰਤਰ ਉਸਾਰੀ ਅਤੇ ਸਵੈਪੜਚੋਲ ਵਿੱਚ ਹੈ। ਜਿੰਨਾ ਚਿਰ ਸਾਡੀਆਂ ਰਗਾਂ ਵਿੱਚ ਲਹੂ ਦਾ ਸੰਚਾਰ ਹੋ ਰਿਹਾ ਹੈ, ਉਮੀਦ ਦਾ ਦੀਪਕ ਬੁਝਣਾ ਨਹੀਂ ਚਾਹੀਦਾ। ਜੇਕਰ ਅਸੀਂ ਹਾਂ-ਪੱਖੀ ਚਿੰਤਨ, ਦ੍ਰਿੜ੍ਹ ਸੰਕਲਪ ਅਤੇ ਨਿਰੰਤਰ ਉਸਾਰੂ ਕਾਰਜਾਂ ਨੂੰ ਆਪਣਾ ਹਮਸਫਰ ਬਣਾ ਲਈਏ ਤਾਂ ਸੰਸਾਰ ਦੀ ਕੋਈ ਵੀ ਨਕਾਰਾਤਮਕ ਸ਼ਕਤੀ ਸਾਡੀ ਆਤਮਾ ਨੂੰ ਹਰਾ ਨਹੀਂ ਕਰ ਸਕਦੀ। ਆਉ, ਅਸੀਂ ਵੀ ਆਪਣੀ ਹੋਂਦ ਨੂੰ ਇੱਕ ਨਵੀਂ ਉਚਾਈ ਦੇਈਏ, ਹਰ ਪਲ ਸਿਰਜਣਾਤਮਕ ਬਣੀਏ, ਕਿਉਂਕਿ ਜ਼ਿੰਦਗੀ ਤਾਂ ਹੀ ਮੁੱਲਵਾਨ ਬਣਦੀ ਹੈ ਜੇਕਰ ਅਸੀਂ ਖੁਦ ਇਸ ਨੂੰ ਇੱਕ ਕਲਾ-ਕ੍ਰਿਤ ਵਾਂਗ ਉਸਾਰੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਮਲਕੀਤ ਰਾਸੀ

ਮਲਕੀਤ ਰਾਸੀ

Patti, Tarn Taran Sahib, Punjab, India.
WhatsApp: (91 - 84272 - 33744)
Email: (malkeetraasi@gmail.com)