RajPartapSingh7“ਇਨ੍ਹਾਂ ਮੁਲਕਾਂ ਵਿੱਚ ਕੋਈ ਵੀ ਮਾਈ ਦਾ ਲਾਲ ਨਹੀਂ ਜੋ ਇਮਰਾਨ ਖਾਨ ਦੀ ਰਿਹਾਈ ...”
(24 ਅਕਤੂਬਰ 2026)

 

ਸਾਲ 1947 ਵਿੱਚ ਭਾਰਤ ਦੋ ਮੁਲਕਾਂ ਵਿੱਚ ਤਕਸੀਮ ਹੋ ਗਿਆ। ਸਾਡੇ ਕਈ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ। ਅੱਜ ਸੰਸਾਰ ਵਿੱਚ ਵਸਦੇ ਹਰ ਸਿੱਖ ਦਾ ਦਿਲ ਆਪਣੇ ਪਵਿੱਤਰ ਗੁਰਧਾਮਾਂ ਲਈ ਧੜਕਦਾ ਹੈ। ਸਿੱਖ ਹਰ ਰੋਜ਼ ਇਨ੍ਹਾਂ ‘ਗੁਰੂਦੁਆਰਿਆਂ ਦੇ ਦਰਸ਼ਨ-ਦੀਦਾਰਿਆਂ ਅਤੇ ਸੇਵਾ ਸੰਭਾਲ ਦਾ ਦਾਨ ਪੰਥ ਨੂੰ ਬਖਸ਼ਣ’ ਦੀ ਅਰਦਾਸ ਅਕਾਲ ਪੁਰਖ ਅੱਗੇ ਕਰਦੇ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਯਾਦ ਵਿੱਚ ਬਣੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਣਾਂ ਲਈ ਪਾਕਿਸਤਾਨ ਦੇ ਪਸ਼ਤੂਨ ਨਿਆਜ਼ੀ ਪਠਾਨ, ਮਸ਼ਹੂਰ ਕ੍ਰਿਕਟਰ ਅਤੇ ਉਸ ਵੇਲੇ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦੇ ਯਤਨਾਂ ਨਾਲ ਇੱਕ ਲਾਂਘਾ ਤਿਆਰ ਕੀਤਾ ਗਿਆ ਸੀ। ਭਾਰਤ ਦੇ ਸਿੱਖ ਕੇਵਲ ਮਾਤਰ ਇੱਕ ਪਰਮਿਟ ਨਾਲ, ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਣ ਕਰਦੇ ਹਨ। ਇਸ ਲਾਂਘੇ ਦੇ ਬਣਨ ਪਿੱਛੇ ਨਵਜੋਤ ਸਿੱਧੂ ਦੀਆਂ ਸਿਆਸੀ ਪੁਲਾਂਘਾਂ, ਅਤੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਆਸੀ ਮਰਜ਼ੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਪਾਕਿਸਤਾਨੀ ਫ਼ੌਜ ਦੇ ਸਰਬਰਾਹ ਕਮਰ ਜਾਵੇਦ ਬਾਜਵਾ ਨਾਲ ਨਵਜੋਤ ਸਿੱਧੂ ਦੀਆਂ ਪਾਈਆਂ ਗਲਵੱਕੜੀਆਂ ਕਾਰਨ ਸਿੱਧੂ ਨੂੰ ‘ਸੱਜੇ ਪੱਖੀ ਵਿਚਾਰਧਾਰਾਵਾਂ’ ਨੇ ਭਾਵੇਂ ਨੇਜ਼ਿਆਂ ’ਤੇ ਟੰਗਿਆ ਪਰ ਆਖਰਕਾਰ ਕਰਤਾਰਪੁਰ ਲਾਂਘਾ ਤਿਆਰ ਕਰ ਦਿੱਤਾ ਗਿਆ।

ਇਨ੍ਹਾਂ ਸਿਰਕੱਢ ਕੋਸ਼ਿਸ਼ਾਂ ਦਾ ਬਾਨੀ ਇਮਰਾਨ ਖਾਨ ਅੱਜ ਪਾਕਿਸਤਾਨ ਦੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਆਪਣੀਆਂ ਆਖਰੀ ਘੜੀਆਂ ਗਿਣ ਰਿਹਾ ਹੈ। ਆਲਮੀ ਪੱਧਰ ’ਤੇ ਇਮਰਾਨ ਖਾਨ ਦੀ ਰਿਹਾਈ ਦੀਆਂ ਅਵਾਜ਼ਾਂ ਜੇ ਬੁਲੰਦ ਨਾ ਹੋਈਆਂ ਤਾਂ ਇਹ ਵੀ ਬੰਗਲਾਦੇਸ਼ ਦੀ ਬੇਗਮ ਖਾਲਿਦਾ ਜ਼ਿਆ ਵਾਂਗ ਲਕਵਾਗ੍ਰਸਤ ਹੋ ਕੇ ਆਪਣੇ ਆਖਰੀ ਸਾਹ ਗਿਣਦਾ ਰਹੇਗਾ ਜਾਂ ਮਰ-ਖ਼ਪ ਜਾਵੇਗਾ। ਇਮਰਾਨ ਖਾਨ ਦੀ ਸਿਹਤ ਦਿਨ-ਬ-ਦਿਨ ਹੇਠਾਂ ਵੱਲ ਜਾ ਰਹੀ ਹੈ। ਉਸਦੀਆਂ ਅੱਖਾਂ ਦੀ ਰੌਸ਼ਨੀ ਲਗਭਗ ਜਾ ਚੁੱਕੀ ਹੈ। ਉਸਦਾ ਬਲੱਡ ਪ੍ਰੈੱਸ਼ਰ, ਤੇ ਸ਼ੂਗਰ ਵੀ ਠੀਕ ਨਹੀਂ ਰਹਿੰਦਾ। ਉਸਦੀ ਡਾਕਟਰੀ ਜਾਂਚ ਅਤੇ ਜਾਇਜ਼ ਇਲਾਜ ਵੀ ਨਹੀਂ ਹੋ ਰਿਹਾ। ਇਸ ਵੇਲੇ ਦਾ ਪਾਕਿਸਾਨੀ ਵਜ਼ੀਰ-ਏ-ਆਜ਼ਮ ਸ਼ਹਿਬਾਜ਼ ਸ਼ਰੀਫ, ਜਿਹੜਾ ਕਿ ਕੰਨਾਂ ਤੋਂ ਕੁਝ ਕੁ ਬੋਲਾ ਹੈ, ਅਤੇ ਪਾਕਿਸਤਾਨ ਦਾ ਆਰਮੀ ਚੀਫ ਆਸਿਮ ਮੁਨੀਰ, ਦੋਵੇਂ ਗੰਢ-ਤੁੱਪ ਕਰ ਕੇ ਗ਼ੈਰ-ਮੁਨਾਸਿਬ ਗਤੀਵਿਧੀਆਂ ਵਿੱਚ ਸ਼ਾਮਲ ਹਨ, ਅਤੇ ਮਨੁੱਖ਼ੀ ਅਧਿਕਾਰਾਂ ਨੂੰ ਅੱਖ਼ੋਂ-ਪਰੋਖੇ ਕਰ ਰਹੇ ਹਨ। ਇਮਰਾਨ ਖਾਨ ਅਤੇ ਉਸਦੀ ਬੇਗਮ ਬੁਸ਼ਰਾ ਬੀਬੀ ’ਤੇ ਪਾਕਿਸਤਾਨੀ ਸਰਕਾਰ ਨੇ 180 ਤੋਂ ਵੱਧ ਮੁਕੱਦਮੇ ਥੋਪੇ ਹੋਏ ਹਨ ਅਤੇ ਉਨ੍ਹਾਂ ਨੂੰ ਦਹਾਕਿਆਂ ਤਕ ਜੇਲ੍ਹ ਦੀ ਕਾਲ ਕੋਠੜੀ ਵਿੱਚ ਡੱਕਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਕਾਰੇ ਮਨੁੱਖੀ ਹੱਕਾਂ ਦੀ ਉਲੰਘਣਾ ਹਨ ਅਤੇ ਇਸ ਵੱਲ ਪੂਰੀ ਦੁਨੀਆ ਦੇ ਹੁਕਮਰਾਨਾਂ ਅਤੇ ਸੰਸਥਾਵਾਂ ਦਾ ਧਿਆਨ ਖਿੱਚਣਾ ਜ਼ਰੂਰੀ ਹੈ।

5 ਅਗਸਤ 2023 ਤੋਂ ਇਮਰਾਨ ਖਾਨ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਦੀਆਂ ਅਦਾਲਤਾਂ ਵੀ ਮੂੰਹ ਮੋੜ ਕੇ ਅਵੇਸਲੀਆਂ ਬਣੀਆਂ ਹੋਈਆਂ ਹਨ। ਪਾਕਿਸਤਾਨੀ ਸੁਪਰੀਮ ਕੋਰਟ ਦੀ ਬੇਰੁਖੀ ਬੇਹੱਦ ਸ਼ਰਮਨਾਕ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਯਾਹੀਆ ਅਫਰੀਦੀ ਵਿਕਿਆ ਹੋਇਆ ਇਨਸਾਨ ਹੈ। ਇਸਦੀ ਉਮੀਦ ਘੱਟ ਹੀ ਹੈ ਕਿ ਉਹ ਇਮਰਾਨ ਖਾਨ ਨੂੰ ਕੁਝ ਰਾਹਤ ਦੇਵੇਗਾ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਇਸ ਘਾਣ ਨੂੰ ਰੋਕੇਗਾ। ਰੋਂਦੀ ਡੁਸਕਦੀ ਬੁਸ਼ਰਾ ਬੀਬੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਖੁਦਾ ਦੀ ਬੰਦਗੀ ਕਰਨ ਵਾਲੀ ਇਹ ਬੀਬੀ ਵਲੀ-ਪੀਰ ਜਿੰਨਾ ਰੁਤਬਾ ਰੱਖਦੀ ਹੈ, ਅਤੇ ਇਸ ਨੂੰ ਜੇਲ੍ਹ ਵਿੱਚ ਡੱਕੀ ਰੱਖਣਾ ਗੁਨਾਹ-ਏ-ਅਜ਼ੀਮ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਇਸੇ ਤਰ੍ਹਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਜੇਲ੍ਹਾਂ ਪਿੱਛੇ ਡੱਕ ਕੇ ਮਾਰ ਰਹੇ ਹਨ ਅਤੇ ਦੁਨੀਆ ਸਿਰਫ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਸਾਲ 2024 ਵਿੱਚ ਨਵਾਲੀਨੀ ਅਲੈਕਸੀ ਦੀ ਮੌਤ ਆਦਮਜ਼ਾਤ ਲਈ ਇੱਕ ਗਹਿਰਾ ਸਦਮਾ ਸੀ, ਪਰ ਅਜਿਹੀਆਂ ਤਾਨਾਸ਼ਾਹੀਆਂ ਅੱਜ ਵੀ ਬਰਕਰਾਰ ਹਨ। ਮਿਆਂਮਾਰ ਦੀ ਆਂਗ-ਸਾਂ-ਸੂ-ਚੀ ਅੱਜ ਵੀ ਜੇਲ੍ਹ ਵਿੱਚ ਨਜ਼ਰਬੰਦ ਹੈ, ਅਤੇ ਫੌਜੀ ਹੁਕਮਰਾਨ ਅੰਗ ਹਲਾਂਇੰਗ ਦਾ ਤਸ਼ੱਦਦ ਅਜੇ ਵੀ ਕਾਇਮ ਹੈ। ਮਿਸਰ ਦਾ ਤਾਨਾਸ਼ਾਹ ਫਾਤਹਾ ਸੀਸੀ ਸ਼ਰੀਫ ਭਰਾਵਾਂ ਵਾਂਗ ਹੀ ਇੱਕ ਅਮਰੀਕੀ ਪਿੱਠੂ ਹੈ। ਇਸਨੇ ਸਾਲ 2012-13 ਵਿੱਚ ਰਾਸ਼ਟਰਪਤੀ ਮੌਰਸੀ ਨੂੰ ਜੇਲ੍ਹ ਵਿੱਚ ਬੰਦ ਕਰਕੇ ਮਰਨ ’ਤੇ ਮਜਬੂਰ ਕਰ ਦਿੱਤਾ ਸੀ। ਬਿਨਾਂ ਦਵਾ ਦਾਰੂ ਅਤੇ ਚੰਗੀ ਖੁਰਾਕ ਦੀ ਅਣਹੋਂਦ ਸਦਕਾ ਮਿਸਰ ਦਾ ਰਾਸ਼ਟਰਪਤੀ ਚੱਲ ਵਸਿਆ। ਸਾਡੇ ਮੁਲਕ ਵਿੱਚ ਵੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਉਮਰ ਖਾਲਿਦ ਜੇਲ੍ਹ ਵਿੱਚ ਬੰਦ ਹੈ। ਖਬਰੇ! ਕਿਸਮਤ ਵਿੱਚ ਕੀ ਲਿਖਿਆ ਹੈ ਇਨ੍ਹਾਂ ਨੌਜੁਆਨਾਂ ਦੀ! ਸਿਆਸੀ ਤਿਕੜਮਾਂ ਵਿੱਚ ਜਵਾਨੀਆਂ ਦਾ ਰੁਲਣਾ ਅਫਸੋਸਨਾਕ ਹੈ। ਕਨੱਈਆ ਕੁਮਾਰ ਤੇ ਸ਼ੇਖ ਰਾਸ਼ਿਦ ਤਾਂ ਪੱਤਰਾ ਵਾਚ ਗਏ; ਉਮਰ ਖਾਲਿਦ ਦੀ ਸੁੱਧ-ਬੁੱਧ ਲੈਣ ਵਾਲਾ ਕੋਈ ਨਹੀਂ ਬਚਿਆ। ਅਜਿਹੇ ਕਾਰੇ ਹਰੇਕ ਮੁਲਕ ਵਿੱਚ ਵਾਪਰਦੇ ਹਨ ਅਤੇ ਸਰਕਾਰਾਂ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਰਾਵਣ ਦਾ ਰੂਪ ਧਾਰ ਕੇ ਵਿਚਰਦੀਆਂ ਹਨ।

ਸਾਲ 1999 ਵਿੱਚ ਫ਼ੌਜੀ ਬਗਾਵਤ ਕਰਕੇ ਰਾਸ਼ਟਰਪਤੀ ਬਣੇ ਜਨਰਲ ਪਰਵੇਜ਼ ਮੁਸ਼ੱਰਫ ਦਾ ਹਿਮਾਇਤੀ ਇਮਰਾਨ ਖਾਨ ਸ਼ਰੀਫ ਭਰਾਵਾਂ ਦਾ ਵੈਰੀ ਬਣ ਗਿਆ। ਸਾਲ 2002 ਦੇ ਪਾਕਿਸਤਾਨੀ ਰਿਫਰੈਂਡਮ ਨੂੰ ਜਾਇਜ਼ ਠਹਿਰਾਉਂਦਿਆਂ ਇਮਰਾਨ ਖਾਨ ਜਰਨੈਲ ਪਰਵੇਜ਼ ਮੁਸ਼ੱਰਫ ਨਾਲ ਰਲ ਕੇ ਖ਼ੈਬਰ ਪਖਤੂਨਖਵਾ ਦਾ ਸਿਰਕੱਢ ਲੀਡਰ ਬਣ ਗਿਆ। ਇਸ ਸਦਕਾ ਨਵੇਂ ਦੋਸਤ ਅਤੇ ਦੁਸ਼ਮਣ ਵੀ ਬਣੇ।

ਇਮਰਾਨ ਖਾਨ 2018 ਤੋਂ ਲੈ ਕੇ 2022 ਤਕ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ ਅਤੇ ਇਸਦੀ ਸਰਕਾਰ ਦੌਰਾਨ ਹੀ ਅਮਰੀਕਾ ਬੇਹੱਦ ਸ਼ਰਮਨਾਕ ਢੰਗ ਨਾਲ ਅਫਗਾਨਿਸਤਾਨ ਨੂੰ ਛੱਡ ਕੇ ਦਿਨਾਂ ਵਿੱਚ ਹੀ ਨੌਂ ਦੋ ਗਿਆਰਾਂ ਹੋ ਗਿਆ। 21 ਸਾਲਾਂ ਤੋਂ ਚੱਲ ਰਹੀ ਆਲਮੀ ਦਹਿਸ਼ਤਵਾਦ ਵਿਰੁੱਧ ਲੜਾਈ 21 ਘੰਟਿਆਂ ਵਿੱਚ ਮੁੱਕ ਗਈ। ਵੀਅਤਨਾਮ ਦੇ ਯੁੱਧ ਤੋਂ ਬਾਅਦ ਦੀ ਕੁਕਰਮੀ ਛੱਡ-ਛੁਡਾਈ ਸਭ ਨੂੰ ਮੁੜ ਚੇਤੇ ਆ ਗਈ। ਦੌੜਦੇ ਅਮਰੀਕੀ ਅਤੇ ਉਸਦੇ ਜਹਾਜ਼ ਹੈਲੀਕਾਪਟਰਾਂ ਤੋਂ ਲਟਕਦੇ ਲੋਕ ਮੁੜ ਨਜ਼ਰ ਆਏ। ਅਮਰੀਕਾ ਨੂੰ ਹਰ ਪਾਸਿਓਂ ਲਾਹਨਤਾਂ ਪਈਆਂ। ਇਸ ਕਾਰੇ ਵਿੱਚ ਇਮਰਾਨ ਖਾਨ ਅਤੇ ਕਮਰ ਜਾਵੇਦ ਬਾਜਵਾ ਨੂੰ ਆਪਣੇ ਵਜੂਦ ਗੁਆਣੇ ਪਏ। ਆਸਿਮ ਮੁਨੀਰ, ਜੋ ਕਿ 2018 ਤੋਂ ਇਮਰਾਨ ਖਾਨ ਖਿਲਾਫ ਸਾਜ਼ਿਸ਼ਾਂ ਘੜ ਰਿਹਾ ਸੀ, ਨੂੰ ਸੈਨਾ ਦਾ ਮੁਖੀ ਅਤੇ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ।

ਇਸ ਕਾਰੇ ਦੇ ਬਦਲੇ 2022 ਵਿੱਚ ਪਾਕਿਸਤਾਨੀ ਲੋਕ ਸਭਾ ਵਿੱਚ ਰੁਸਵਾਈ ਹੋਈ ਅਤੇ ਇਮਰਾਨ ਖਾਨ ਆਪਣੀ ਸਰਕਾਰ ਹਾਰ ਗਿਆ। ਹੁਣ ਜੇਲ੍ਹ ਵਿੱਚ ਇਮਰਾਨ ਖਾਨ ਦੀ ਸਿਹਤ ਨਾਸਾਜ਼ ਹੁੰਦੀ ਜਾ ਰਹੀ ਹੈ। 74 ਸਾਲਾਂ ਦਾ ਬਿਰਧ ਸਰੀਰ ਜ਼ਿਆਦਾ ਬੇਰੁਖੀਆਂ ਨਹੀਂ ਝੱਲ ਸਕਦਾ।

57 ਮੁਲਕਾਂ ਦਾ ਇਸਲਾਮਿਕ ਸਹਿਯੋਗ ਸੰਘ ਕੱਦ ਤਕ ਸੁੱਤਾ ਰਹੇਗਾ? ਇਨ੍ਹਾਂ ਮੁਲਕਾਂ ਵਿੱਚ ਕੋਈ ਵੀ ਮਾਈ ਦਾ ਲਾਲ ਨਹੀਂ ਜੋ ਇਮਰਾਨ ਖਾਨ ਦੀ ਰਿਹਾਈ ਜਾਂ ਸਿਹਤ ਦਾ ਧਿਆਨ ਰੱਖਣ ਲਈ ਪਾਕਿਸਤਾਨ ਸਰਕਾਰ ’ਤੇ ਦਬਾਅ ਪਾਵੇ? ਸੰਯੁਕਤ ਰਾਸ਼ਟਰ ਸੰਘ ਦਾ ਆਮ ਇਕੱਠ ਜਿਸ ਨੂੰ ਅਸੀਂ ਜਨਰਲ ਅਸੈਂਬਲੀ ਆਖਦੇ ਹਾਂ, ਘੱਟੋ-ਘੱਟ ਉੱਥੇ ਤਾਂ ਮੁੱਦਾ ਤਾਂ ਬਣਨਾ ਚਾਹੀਦਾ ਸੀ! ਆਲਮੀ ਇਨਸਾਨੀ ਹੱਕਾਂ ਦੇ ਆਯੋਗ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਅਤੇ ਇਹ ਤਹਿਰੀਕ-ਏ-ਇਨਸਾਫ ਪਾਰਟੀ ਦਾ ਬਾਨੀ ਆਲਮੀ ਬੇਪਰਵਾਹੀਆਂ ਹੇਠ ਫਨਾਹ ਹੋ ਜਾਵੇਗਾ। ਪਾਕਿਸਤਾਨ ਦੀ ਆਮ ਜਨਤਾ ਭੁੱਲ ਗਈ ਕਿ ਇਮਰਾਨ ਖਾਨ ਨੇ ਸਾਲ 1992 ਵਿੱਚ ਕ੍ਰਿਕਟ ਦਾ ਵਿਸ਼ਵ ਕੱਪ ਪਾਕਿਸਤਾਨ ਨੂੰ ਜਿਤਾ ਕੇ ਦਿੱਤਾ ਸੀ। 22 ਸਾਲਾਂ ਤਕ ਮੁਲਕ ਲਈ ਕ੍ਰਿਕੇਟ ਖੇਡੀ ਅਤੇ ਕ੍ਰਿਕਟ ਦੀ ਦੁਨੀਆ ਨੂੰ ਸਰਫਰਾਜ਼ ਨਵਾਜ਼ ਨਾਲ ਮਿਲ ਕੇ ਰਿਵਰਸ ਸਵਿੰਗ ਦਾ ਅਨੂਠਾ ਸਬਕ ਸਿਖਾਇਆ। ਭਾਰਤੀ ਪੰਜਾਬ ਦਾ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਘੱਟੋ-ਘੱਟ ਇਨਸਾਨੀਅਤ ਦੇ ਨਾਤੇ ਹੀ ਇਸ ਸ਼ਾਨਦਾਰ ਸਿਆਸਤਦਾਨ ਲਈ ਇਨਸਾਫ ਦੀ ਗੁਹਾਰ ਲਾਉਣ ਅਤੇ ਪਾਕਿਸਤਾਨੀ ਸਰਕਾਰ ਨੂੰ ਸ਼ਰਮਿੰਦਿਆਂ ਕਰਨ।

ਕਪਿਲ ਦੇਵ, ਸੁਨੀਲ ਗਾਵਸਕਰ, ਦਲੀਪ ਵੈਂਗਸਰਕਰ ਵਰਗਿਆਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਹਿੰਦੋਸਤਾਨੀ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਹੋਂਦ ਵਿੱਚ ਲਿਆਉਣ ਵਾਲੇ ਦੇ ਹੱਕ ਵਿੱਚ ਇੱਕ ਅੱਧਾ ਜਲਸਾ ਜਾਂ ਰੈਲੀ ਹੀ ਕੱਢ ਦੇਣ! ਅਕਾਲੀ ਦਲ ਹੀ ਇਸ ਮਨੁੱਖੀ ਅਧਿਕਾਰ ਦੇ ਘਾਣ ਨੂੰ ਆਪਣੇ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾ ਲਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਰਾਜਪ੍ਰਤਾਪ ਸਿੰਘ

ਰਾਜਪ੍ਰਤਾਪ ਸਿੰਘ

WhatsApp: (91 - 73476 - 39156)
Email: (detente44jimmy@gmail.com)