“ਇਹ ਅਲਫ਼ਾ ਪੀੜ੍ਹੀ ਦਿਨ ਦੇ ਪੰਜ ਤੋਂ ਛੇ ਘੰਟੇ ਸਿਰਫ ਮੋਬਾਇਲ ਫੋਨਾਂ ’ਤੇ ਹੀ ਅੱਖਾਂ ...”
(12 ਸਤੰਬਰ 2026)
Generation Alpha is Lethal Amongst All, Gen Z stands nowhere.
21ਵੀਂ ਸਦੀ ਦੂਜੇ ਦਹਾਕੇ, ਭਾਵ ਸਾਲ 2010 ਤੋਂ ਹੁਣ ਤਕ ਪੈਦਾ ਹੋਈ ਪੀੜ੍ਹੀ ਨੂੰ ਸਾਡਾ ਬਦਲਦਾ ਸਮਾਜ ਜੈਨ ਅਲਫਾ ਦੇ ਨਾਂਅ ਨਾਲ ਜਾਣਦਾ ਹੈ। ਇਹ 10 ਤੋਂ 14 ਸਾਲਾਂ ਦੇ ਬੱਚੇ ਵਧ ਰਹੇ ਬਿਜਲਈ-ਚੁੰਬਕੀ ਪ੍ਰਸਾਰੇ (Electromagnetic Spectrum) ਵਿੱਚ ਪਨਪਦੇ ਸੋਸ਼ਲ ਮੀਡੀਆ ਦੀ ਉਪਜ ਹਨ। ਇਨ੍ਹਾਂ ਨੇ ਕਦੇ ਚਲਦੇ ਇੰਟਰਨੈੱਟ ਵਿੱਚ ਰੁਕਾਵਟ ਜਾਂ ਬਫਰਿੰਗ ਹੁੰਦੀ ਨਹੀਂ ਵੇਖੀ। ਇਨ੍ਹਾਂ ਨੇ ਡਿਜਿਟਲ ਡਿਵਾਈਡ ਦੇ ਕੱਦ ਨੂੰ ਕਲਾਤਕਮ ਢੰਗਾਂ ਨਾਲ ਮਧਰਾ ਕੀਤਾ ਹੈ ਤੇ ਬਿਜਲਈ-ਚੁੰਬਕੀ ਪਸਾਰੇ ਉੱਤੇ ਸ਼ਹਿਰੀ ਪਕੜ ਨੂੰ ਢਿੱਲਾ ਕੀਤਾ ਹੈ। ਇਹ ਪੀੜ੍ਹੀ ਭਾਵੇਂ ਸ਼ਹਿਰਾਂ ਵਿੱਚ ਰਹਿੰਦੀ ਹੋਵੇ ਜਾਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ, ਬਰਾਬਰ ਦੀਆਂ ਰੀਲਾਂ ਬਣਾਉਂਦੀ ਹੈ। ਇਹ ਬਿਲਕੁਲ ਨਵੇਂ ਰੂਪਕ ਅਤੇ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਗੱਲਬਾਤ ਕਰਦਿਆਂ ਹੋਇਆਂ ਹੀ ਸਥਿਤੀਆਂ ਬਾਰੇ ਪੂਰੀ ਜਾਣਕਾਰੀ ਕੱਢ ਲੈਂਦੇ ਹਨ, ਤੇ ਲੈਣ-ਦੇਣ ਵੀ ਸੋਹਣਾ ਕਰਦੇ ਹਨ।
ਜੈਨੇਰੇਸ਼ਨ ਅਲਫ਼ਾ ਕਿਉਂ ‘ਘਾਤਕ’ ਹੈ? ਇਸਦੇ ਅੱਠ ਕਾਰਨ ਸਾਫਗੋਈ ਨਾਲ ਸਾਹਮਣੇ ਰੱਖਣੇ ਲਾਜ਼ਮੀ ਹਨ ਕਿਉਂਕਿ ਇਨ੍ਹਾਂ ਦੀ ਸਮਝ ਅਜੇ ਘੱਟ ਹੋਣ ਕਾਰਨ ਇਨ੍ਹਾਂ ਨੂੰ ਵਰਗਲਾਉਣਾ ਸੌਖਾ ਹੈ।
• ਜੈਨਰੇਸ਼ਨ ਅਲਫਾ ਨੇ ਆਪਣਾ ਹਿਸਾਬ ਕਿਤਾਬ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਤੋਂ ਨਹੀਂ, ਸਗੋਂ ਲੋਕਲ ਅਧਿਕਾਰੀ ਭਾਵ ਐੱਸ ਡੀ ਐੱਮ (Sub Divisional Magistrate) ਜਾਂ ਡਿਪਟੀ ਕਮਿਸ਼ਨਰ (District Magistrate) ਤੋਂ ਲੈਣਾ ਹੈ ਅਤੇ ਇਸ ਸਦਕਾ ਦੌੜ ਛੋਟੀ ਹੈ, ਅਤੇ ਛੇਤੀ ਪੂਰੀ ਹੋ ਜਾਂਦੀ ਹੈ।
• ਬਾਲ ਅਵਸਥਾ ਵਿੱਚ ਹੋਣ ਕਾਰਨ ਮਾਪੇ ਭਾਵੇਂ ਕਿਸੇ ਵੀ ਪਾਰਟੀ ਦਾ ਸਮਰਥਨ ਕਰਦੇ ਹੋਣ, ਇਹ ਨਾਲ ਖੜ੍ਹੇ ਹੋ ਜਾਂਦੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੋਹਰੀ ਬਣਨਾ ਭਾਉਂਦਾ ਹੈ ਤੇ ਇਸ ਨਾਲ ਉਹ ਝੂਠੇ ਮਾਣ ਦਾ ਅਹਿਸਾਸ ਕਰਦੇ ਹਨ।
• ਇਹ ਪੀੜ੍ਹੀ ਰੀਲਾਂ ਬਣਾਉਣ ਵਿੱਚ ਮਾਹਿਰ ਹੈ। ਇਹ ਮਸਖਰੀ ਕਰਦੇ ਹੋਏ ਵੀ ਆਪਣਾ ਸੁਨੇਹਾ ਅਵਾਮ ਤਕ ਪਹੁੰਚਾਉਣ ਦੀ ਤਾਕਤ ਰੱਖਦੇ ਹਨ।
•ਨਾਚ-ਗਾਣੇ ਅਤੇ ਸੰਗੀਤ ਦੀ ਧਾਰਾ ’ਤੇ ਇਹ ਖੁਸ਼ ਰਹਿੰਦੇ ਹਨ। ਕਿਸੇ ਕਲਾਕਾਰ ਦੀ ਤਰ੍ਹਾਂ ਮਿਠਾਸ-ਖਟਾਸ ਨੂੰ ਹੱਸ ਕੇ ਪ੍ਰਵਾਨ ਕਰਦੇ ਹਨ।
•ਇਹ ਬੋਲਣ ਲੱਗਿਆਂ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਕਿਸੇ ਦੇ ਪੋਤੜੇ ਫਰੋਲਦਿਆਂ ਸ਼ਰਮ ਵਗੈਰਾ ਘੱਟ ਹੀ ਮੰਨਦੇ ਹਨ। ਇੱਜ਼ਤ ਦੀਆਂ ਧੱਜੀਆਂ ਉਡਾਉਂਦਿਆਂ ਦੇਰ ਨਹੀਂ ਲਾਉਂਦੇ।
•ਸਕੂਲੀ ਵਰਦੀ ਵਿੱਚ ਵਿਚਰਦਿਆਂ ਕਾਨੂੰਨ ਦੀ ਪਕੜ ਇਨ੍ਹਾਂ ’ਤੇ ਢਿੱਲੀ ਹੀ ਰਹਿੰਦੀ ਹੈ ਅਤੇ ਇਸ ਲਈ ਮਾਫ਼ੀ ਮੰਗਦਿਆਂ ਦੇਰ ਨਹੀਂ ਲਾਉਂਦੇ। ਇਨ੍ਹਾਂ ਨਾਲ ਕੋਈ ਵੀ ਧੱਕਾ-ਮੁੱਕੀ, ਡੰਡਾ-ਪਰੇਡ ਜਾਂ ਸਖਤਾਈ ਦਾ ਹੋਣਾ ਇਨ੍ਹਾਂ ਨੂੰ ਆਲਮੀ ਹਮਦਰਦੀ ਪ੍ਰਦਾਨ ਕਰਦਾ ਹੈ।
• ਜੈਨਰੇਸ਼ਨ ਅਲਫ਼ਾ ਦੀਆਂ ਜ਼ਰੂਰਤਾਂ ਅਜੇ ਛੋਟੀਆਂ ਹਨ। ਕੇਵਲ ਮਾਤਰ ਬਿਜਲੀ-ਪੱਖਾ ਅਤੇ ਸੜਕਾਂ ਦੀ ਮੁਰੰਮਤ ਬਾਰੇ ਗੱਲ ਕਰਦੇ ਹਨ। ਆਪਣੇ ਵਿਦਿਆਲੇ ਵਿੱਚ ਅਧਿਆਪਕਾਂ ਦੀ ਮੌਜੂਦਗੀ ਚਾਹੁੰਦੇ ਹਨ, ਨਾ ਕਿ ਸਿਆਸੀ ਇਤਿਹਾਸ ਬਦਲਣ ਦੇ ਚਾਹਵਾਨ ਹਨ। ਜੈਨ ਜ਼ੀ ਵਾਂਗ ਜੈਨ ਅਲਫਾ ਵੀ ਗਰੀਬ ਅਤੇ ਮੱਧ ਵਰਗੀ ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਨਾਲ ਤਾਅਲੁੱਕ ਰੱਖਦੀ ਹੈ। ਇਸ ਅਲਫ਼ਾ ਪੀੜ੍ਹੀ ਵਿੱਚ ਤਿੰਨ ਗੱਲਾਂ ਖਾਸ ਹਨ:
•ਇਹ ਪੀੜ੍ਹੀ ਬੇਹੱਦ ਗ਼ਰੀਬ ਹੈ, ਅਤੇ ਇਸ ਕੋਲ ਕੇਵਲ ਮਾਤਰ ਉੱਚੀ ਅਵਾਜ਼ ਹੀ ਹੈ, ਜੋ ਕਿ ਆਪਣੇ ਹੱਕ ਲਈ ਉੱਠ ਰਹੀ ਹੈ।
•ਅਲਫ਼ਾ ਜੈਨਰੇਸ਼ਨ ਪੜ੍ਹਨ ਲਿਖਣ ਦੇ ਸ਼ੌਕੀਨ ਹਨ, ਪਰ ਮਾਪਿਆਂ ਕੋਲ ਸੋਮਿਆਂ ਦੀ ਬੇਹੱਦ ਕਮੀ ਹੈ।
• ਝਾਰਖੰਡ ਵਿੱਚ ਜਮਤਾਰਾ ਦੇ ਜਵਾਕਾਂ ਵਾਂਗ ਬਹੁਪੱਖੀ ਤਕਨੀਕ ਦਾ ਪ੍ਰਯੋਗ ਕਰਦਿਆਂ ਖੁਸ਼ ਰਹਿਣ ਦੀ ਕਲਾ ਵਿੱਚ ਪ੍ਰਵੀਨ ਹਨ।
ਇਨ੍ਹਾਂ ਨਾਲ ਸਿੱਝਦਿਆਂ ਵੱਡੇ-ਸਿਆਣੇ ਇੱਕ ਮੂਰਖਤਾਈ ਹਰਕਤ ਕਰ ਜਾਂਦੇ ਹਨ। ਨਿਆਣਾ ਸਮਝ ਕੇ ਸਾਰੇ ਜਵਾਕਾਂ ਨੂੰ ਭੀੜ ਵਿੱਚ ਬੋਲਣ ਦਿੰਦੇ ਹਨ। ਅਲਫ਼ਾ ਛੇਤੀ ਹੀ ਆਪਸੀ ਦੌੜ-ਮੁਕਾਬਲੇ ਸ਼ੁਰੂ ਕਰ ਦਿੰਦੇ ਹਨ ਅਤੇ ਦੇਖਦਿਆਂ ਹੀ ਕੱਚੇ ਚਿੱਠੇ ਖੋਲ੍ਹ ਕੇ ਪਾਸਾ ਹੀ ਪਲਟ ਦਿੰਦੇ ਹਨ। ਪੀੜ੍ਹੀ ਜ਼ੈੱਡ ਜ਼ੈਨ ਜ਼ੀ ਆਖ ਲਵੋ, ਨੇ ਚੰਗੀ ਜਾਗ ਲਾਈ ਹੈ। ਸੜਕਾਂ ਉੱਤੇ ਉੱਤਰਨ ਦੀ ਭਾਸ਼ਾ ਬਲੂੰਗੜਿਆਂ ਨੂੰ ਸਿਖਾ ਦਿੱਤੀ। ਇਹ ਭੰਬੀਰੀਆਂ ਬਣ ਨਿੱਕੀਆਂ ਨਿੱਕੀਆਂ ਉਡਾਰੀਆਂ ਮਾਰ ਭਿੰਨ-ਭਿੰਨਾਉਂਦੇ ਫਿਰ ਰਹੇ ਹਨ।
ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਬਾਅਦ ਹਾਲਾਤ ਲਗਾਤਾਰ ਬਦਲੇ ਹਨ। ਆਮ ਲੋਕਾਂ ਦੀ ਆਰਥਿਕ ਹਾਲਤ ਤੂੰਬਾ-ਤੂੰਬਾ ਹੋ ਗਈ। ਖੇਰੂੰ-ਖੇਰੂੰ ਹੋਇਆ ਮਧਲਾ ਅਤੇ ਛੋਟਾ ਉਦਯੋਗ ਤਰਸਯੋਗ ਹਾਲਾਤ ਵਿੱਚ ਹੈ। ਪਿਛਲੇ 6-7 ਸਾਲਾਂ ਤੋਂ ਨੌਕਰੀਆਂ ਲਗਭਗ ਖਤਮ ਹਨ। ਮੱਧਵਰਗੀ ਨੌਕਰੀ ਪੇਸ਼ਾ ਲੋਕਾਂ ਦੀ ਸਾਰੀ ਹੈਂਕੜ ਨਿਕਲ ਗਈ ਹੈ। ਇਸ ਬਦਅਮਨੀ ਵਿੱਚ ਮੱਧਵਰਗੀ ਸਮਾਜ ਦੇ ਘਰਾਂ ਵਿੱਚ ਪੈਦਾ ਹੋਇਆ ਅਲਫ਼ਾ ਆਪਣੇ ਮਾਪਿਆਂ ਦੀਆਂ ਮਜਬੂਰੀਆਂ ਨੂੰ ਨੇੜੇ ਹੋ ਕੇ ਦੇਖ ਰਿਹਾ ਹੈ ਅਤੇ ਆਪਣੇ ਹੱਕਾਂ ਦੀ ਲੜਾਈਆਂ ਲੜਨ ਲਈ ਤਿਆਰ ਹੋ ਰਿਹਾ ਹੈ। ਆਪਣੇ ਸਕੂਲਾਂ ਵਿੱਚ ਬੁਨਿਆਦੀ ਲੋੜਾਂ ਅਤੇ ਚੰਗੇ ਅਧਿਆਪਕਾਂ ਦੀ ਘਾਟ ਲਈ ਅਵਾਜ਼ ਬੁਲੰਦ ਕਰਨ ਵਿੱਚ ਯਕੀਨ ਰੱਖਦਾ ਹੈ।
ਆਉ! ਇਸ ਨਵੇਂ ਜੈਨਰੇਸ਼ਨ ਦੇ ਝੰਜਟ ਨੂੰ ਸਮਝੀਏ। 1946 ਤੋਂ 1964 ਵਿਚਾਲੇ ਪੈਦਾ ਹੋਇਆਂ ਨੂੰ ਬੇਲੋੜੇ ਜਵਾਕ ਜੰਮਣ ਵਾਲੀ ਪੀੜ੍ਹੀ ਆਖਦੇ ਹਨ। ਇਸ ਮਗਰੋਂ ਜੈਨਰੇਸ਼ਨ ਐਕਸ ਆ ਗਈ। ਇਨ੍ਹਾਂ ਨੂੰ 1965 ਤੋਂ 1980 ਦਾ ਸਮਾਂ ਦਿੱਤਾ ਗਿਆ ਹੈ। ਇਸ ਪੀੜ੍ਹੀ ਦੇ ਲੋਕ ਆਖਰੀ ਵਿਦਿਆਰਥੀ ਸਨ ਜੋ ਕਿ ਤਖਤੀ-ਗਾਚੀ ਵਰਤਦੇ ਸਨ। ਇਹ ਐਕਸ ਪੀੜ੍ਹੀ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ ਤੇ ਹੁਣ ਵੀ ਰੀਝ ਨਾਲ ਪੜ੍ਹ ਰਹੇ ਹਨ। 1981 ਤੋਂ 1995 ਵਾਲਿਆਂ ਨੂੰ ਜੈਨੇਰੇਸ਼ਨ ਵਾਈ ਆਖਿਆ ਜਾਂਦਾ ਹੈ। ਇਹ ਇੰਟਰਨੈੱਟ ਦੀ ਆਮਦ ’ਤੇ ਪੈਦਾ ਹੋਏ। ਇਹ ਕੰਪਿਊਟਰ ’ਤੇ ਪੜ੍ਹਾਈ ਘੱਟ ਕਰਦੇ ਹਨ ਤੇ ਵੀਡੀਓ ਗੇਮਾਂ ਵੱਧ ਖੇਡਦੇ ਸਨ। ਇਹ ਪੀੜ੍ਹੀ ਠੰਢੇ ਦੀ ਬੋਤਲਾਂ ’ਤੇ ਪਲੀ ਹੈ। ਇਸ ਲਈ ਇਨ੍ਹਾਂ ਨੂੰ ਕੇਬਲ ਟੀਵੀ ਅਤੇ ਡਬਲਿਊ ਡਬਲਿਊ ਐੱਫ ਦੀਆਂ ਨਕਲੀ ਲੜਾਈਆਂ ਹੁਣ ਵੀ ਪਸੰਦ ਹਨ। ਮੀਲੇਨੀਅਲਜ਼ ਜਾਂ ਜੈਨੇਰੇਸ਼ਨ ਜ਼ੀ ਮੋਬਾਇਲ ’ਤੇ ਅੱਖਾਂ ਗੱਡ ਕੇ ਤੁਰਨ ਲੱਗ ਪਏ ਹਨ ਅਤੇ ਇਹ 1996 ਤੋਂ 2009 ਤਕ ਪੈਦਾ ਹੋਏ। ਇਨ੍ਹਾਂ ਨੂੰ ਹਰ ਇੱਕ ਚੀਜ਼ ਜ਼ੂਮ ਭਾਵ ਵੱਡਾ ਕਰ ਕੇ ਦੇਖਣ ਦੀ ਆਦਤ ਹੈ। ਇਸ ਲਈ ਜੈਨਜ਼ੀਆਂ ਨੂੰ ਬਾਰੀਕੀਆਂ ਦਾ ਵਾਹਵਾ ਗਿਆਨ ਰਹਿੰਦਾ ਹੈ। ਇਹ ਲੈਪਟੌਪ ਨਹੀਂ ਚੁੱਕਦੇ ਬਲਕਿ ਵਧੀਆ ਮੋਬਾਇਲ ਸਲਾਹੁੰਦੇ ਹਨ। ਆਨ ਲਾਈਨ ਕਲਾਸਾਂ ਲਾ ਕੇ ਖ਼ੁਸ਼ ਰਹਿੰਦੇ ਹਨ। ਸਾਹਮਣੇ ਵਾਲਾ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ, ਵਿਸ਼ਵਾਸ ਤਾਂ ਕੇਵਲ ਮਾਤਰ ਇੰਟਰਨੈੱਟ ’ਤੇ ਕਰਦੇ ਹਨ। ਇਹ ਗਿੱਗ ਇਕੌਨੌਮੀ ਜਾਂ ਨਿਕਸੁਕ ਅਰਥਚਾਰੇ ਨੂੰ ਚਲਾਉਣ ਵਾਲੇ, ਰੰਗ-ਬਰੰਗੇ ਕੱਪੜੇ ਪਾਉਣ ਵਾਲੇ ਜੀਵ ਹਨ। ਨੱਚਣ-ਗਾਉਣ ਅਤੇ ਫਾਸਟ/ਜੰਕ ਫੂਡ ਖਾਣ-ਪੀਣ ਦੇ ਸ਼ੌਕੀਨ ਹਨ। ਜੈਨ-ਜ਼ੀ ਭਾਵੇਂ ਆਪਣੇ ਆਪ ਵਿੱਚ ਨਿਰਾਲੀ ਹੈ, ਲੇਕਿਨ ਇਹ ਜੈਨ-ਅਲਫ਼ਾ ਸਾਹਮਣੇ ਟਿੱਕਦੀ ਨਹੀਂ।
ਹੁਣ ਦੀ ਜੈਨ ਅਲਫਾ ਕੰਨਾਂ ਵਿੱਚ ਈਅਰ ਬੱਡਜ਼ ਲਾ ਕੇ ਤੁਰਦਿਆਂ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਜੇਬ ਵਿੱਚ ਭਾਵੇਂ 10 ਰੁਪਏ ਹੋਣ, ਲੇਕਿਨ ਮੋਬਾਇਲ ਅਤੇ ਉਸਦਾ ਚਾਰਜਰ ਜ਼ਰੂਰ ਹੋਵੇਗਾ। ਕਿਸੇ ਢਾਬੇ ’ਤੇ ਜਾ ਕੇ ਪਹਿਲਾਂ ਚਾਰਜਰ ਪੁਆਇੰਟ ਲੱਭਦੇ ਹਨ ਤੇ ਫਿਰ ਦੋ ਕੁ ਸੈਲਫੀਆਂ ਲੈ ਕੇ ਆਪਣੀ ਮਾਂ ਨੂੰ ਭੇਜਦੇ ਹਨ। ਭਾਰਤ ਦੀ ਜੈਨੇਰੇਸ਼ਨ ਅਲਫਾ ਸਾਰੀਆਂ ਹੀ ਜੈਨੇਰੇਸ਼ਨਾਂ ਤੋਂ ਵੱਧ ਗਰੀਬ ਹੈ। ਇਹ ਪੀੜ੍ਹੀ ਅਕਲਮੰਦ ਹੈ ਲੇਕਿਨ ਬਾਲੜੇ ਹੋਣ ਕਾਰਨ ਅਜੇ ਭੁੱਲਣਹਾਰ ਹਨ। ਹਰ ਪਲ ਆਪਣੀ ਮੰਗ ਵਿੱਚ ਬਦਲਾਓ ਲੈ ਆਉਂਦੇ ਹਨ। ਇਹ ਅਲਫ਼ਾ ਪੀੜ੍ਹੀ ਦਿਨ ਦੇ ਪੰਜ ਤੋਂ ਛੇ ਘੰਟੇ ਸਿਰਫ ਮੋਬਾਇਲ ਫੋਨਾਂ ’ਤੇ ਹੀ ਅੱਖਾਂ ਗੱਡੀ ਰੱਖਦੀ ਹੈ। ਅਲਫਾ ਪੀੜ੍ਹੀ ਬੌਟਮ ਲਾਈਨ ਅਪਰੋਚ ਭਾਵ ਮੁੱਖ ਵਾਕ ਦੀ ਤਰਫਦਾਰ ਹੈ, ਇਸ ਨੂੰ ਨਿਚੋੜ ਜਾਂ ਸਾਰਾਂਸ਼ ਹੀ ਸਮਝ ਆਉਂਦਾ ਹੈ ਪਰ ਬਹੁਤਾਤਰ ਇਹ ਪੀੜ੍ਹੀ ਕਹਾਣੀ ਦੇ ਅਰਥ ਵਿਗਾੜਨ ਵਿੱਚ ਵਿਸ਼ਵਾਸ ਰੱਖਦੀ ਹੈ। ਬੇਲੋੜੀਆਂ ਉਮੀਦਾਂ ਵਿੱਚ ਇਸਦਾ ਵਿਸ਼ਵਾਸ ਹੱਦੋਂ ਵੱਧ ਹੈ। ਇਹ ਅਲਫਾ ਜ਼ਿਆਦਾ ਸੌਂਦੇ ਹਨ, ਅਤੇ ਇਨ੍ਹਾਂ ਦੇ ਟਾਈਮ ਟੇਬਲ ਮਾਪਿਆਂ ਅਤੇ ਅਦਾਰਿਆਂ ਨਾਲ ਮੇਲ ਨਹੀਂ ਖਾਂਦੇ। ਇਹ ਜ਼ਿਆਦਾ ਉਨੀਂਦਰੇ ਹਨ। ਜੈਨਰੇਸ਼ਨ ਜ਼ੀ ਵਾਂਗ ਮਾਪਿਆਂ ਨਾਲੋਂ ਦੁਰਾਡੇ ਬੈਠੇ ਦੋਸਤ ਮਿੱਤਰ ਦਾ ਧਿਆਨ ਜ਼ਿਆਦਾ ਰੱਖਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































