“ਜੇ ਮਕਾਨ ਦੀਆਂ ਨੀਹਾਂ ਮਜ਼ਬੂਤ ਹੋਣ ਤਾਂ ਡਿਗਣ ਦਾ ਡਰ ਨਹੀਂ ਰਹਿੰਦਾ ...”
(24 ਸਤੰਬਰ 2026)
ਵਿਆਹਾਂ ਦਾ ਸੀਜ਼ਨ ਹੈ। ਇੱਕ ਤੋਂ ਬਾਅਦ ਦੂਜਾ ਫੰਕਸ਼ਨ। ਹਰ ਰੋਜ਼ ਤਿਆਰ ਹੋ ਕੇ ਘਰੋਂ ਜਾਣਾ ਹੁੰਦਾ ਹੈ। ਕਮਰੇ ਦੇ ਵਿੱਚ ਇੱਕ ਸ਼ੀਸ਼ਾ ਹੈ। ਕਦੇ ਇੱਕ ਜਣਾ ਉਸ ਅੱਗੇ ਜਾ ਖਲੋਂਦਾ ਹੈ ਅਤੇ ਕਦੇ ਦੂਜਾ। ਬੱਚਿਆਂ ਦੇ ਕਹਿਣ ’ਤੇ ਨਵੇਂ ਬਣੇ ਵਾਸ਼ਰੂਮ ਵਿੱਚ ਇੱਕ ਵੱਡਾ ਅਤੇ ਮਾਡਰਨ ਸ਼ੀਸ਼ਾ ਲਵਾਇਆ ਗਿਆ, ਪਰ ਤਿਆਰ ਸਾਰੇ ਕਮਰੇ ਵਿੱਚ ਅਲਮਾਰੀ ’ਤੇ ਲੱਗੇ ਸ਼ੀਸ਼ੇ ਅੱਗੇ ਹੋ ਰਹੇ ਸਨ। ਮਾਂ ਨੇ ਸਹਿਜ ਸੁਭਾਅ ਹੀ ਆਖਿਆ, “ਕੰਧ ਜਿੱਡੇ ਸ਼ੀਸ਼ੇ ਅੱਗੇ ਜਾ ਕੇ ਤਿਆਰ ਹੋਵੋ, ਐਨੇ ਵੱਡੇ ਸ਼ੀਸ਼ੇ ਦਾ ਕੀ ਫਾਇਦਾ?”
ਬੱਚਿਆਂ ਆਖਿਆ, “ਸਾਡੀਏ ਭੋਲੀਏ ਮਾਏਂ! ਉਹ ਸ਼ੀਸ਼ਾ ਤਾਂ ਫੋਟੋਆਂ ਖਿੱਚਣ ਦੇ ਸ਼ੌਕ ਨੂੰ ਲਵਾਇਆ, ਹਰ ਚੀਜ਼ ਵਿੱਚ ਫਾਇਦਾ ਜਾਂ ਨੁਕਸਾਨ ਨਹੀਂ ਦੇਖੀਦਾ। ਕੁਝ ਚੀਜ਼ਾਂ ਕਦੇ-ਕਦੇ ਸਿਰਫ ਆਪਣੀ ਖੁਸ਼ੀ ਲਈ ਵੀ ਕਰ ਲੈਣੀਆਂ ਚਾਹੀਦੀਆਂ ਹਨ। ਤੁਸੀਂ ਤਾਂ ਫਾਇਦੇ ਨੁਕਸਾਨ ਦੇਖਦੇ-ਦੇਖਦੇ ਆਪਣੇ ਸ਼ੌਕ ਵੀ ਪੂਰੇ ਨਹੀਂ ਕੀਤੇ। ਤੁਹਾਨੂੰ ਤਾਂ ਜ਼ਿੰਦਗੀ ਜੀ ਕੇ ਵੀ ਜ਼ਿੰਦਗੀ ਜਿਊਣੀ ਨਹੀਂ ਆਈ। ਸਾਡੀ ਪਿਆਰੀ ਮਾਂ! ਫਾਇਦੇ ਨੁਕਸਾਨ ਤੋਂ ਪਰੇ ਹਟ ਕੇ ਕਦੇ ਆਪਣੀ ਖੁਸ਼ੀ ਲਈ ਵੀ ਜੀ ਕੇ ਦੇਖ। ਨਹੀਂ ਤਾਂ ਇਹ ‘ਕਾਸ਼!’ ਸ਼ਬਦ ਬਾਅਦ ਵਿੱਚ ਬਹੁਤ ਤੰਗ ਕਰਦਾ ਹੈ।”
ਅਸੀਂ ਹਰ ਵੇਲੇ ਹੀ ਬੱਚਿਆਂ ਦੀ ਜ਼ਿੰਦਗੀ ਆਪਣੇ ਤੋਂ ਬਿਹਤਰ ਬਣਾਉਣ ਬਾਰੇ ਸੋਚਦੇ ਹਾਂ। ਉਨ੍ਹਾਂ ਨੂੰ ਉਹ ਸਾਰੀਆਂ ਸੁਖ ਸਹੂਲਤਾਂ ਦੇਣੀਆਂ ਚਾਹੁੰਦੇ ਹਾਂ, ਜੋ ਅਸੀਂ ਨਹੀਂ ਮਾਣੀਆਂ। ਜੋ ਦੁੱਖ ਤਕਲੀਫਾਂ ਅਸੀਂ ਦੇਖੀਆਂ, ਚਾਹੁੰਦੇ ਹਾਂ ਕਿ ਸਾਡੇ ਬੱਚੇ ਨਾ ਦੇਖਣ। ਫਿਰ ਉਨ੍ਹਾਂ ਦੀ ਬਿਹਤਰ ਜ਼ਿੰਦਗੀ ਸਾਡੀ ਜ਼ਿੰਦਗੀ ਨਾਲੋਂ ਅਲੱਗ ਤਾਂ ਹੋਵੇਗੀ ਹੀ। ਪਰ ਅਸੀਂ ਉਨ੍ਹਾਂ ਦੀ ਬਿਹਤਰ ਜ਼ਿੰਦਗੀ ਨੂੰ ਹੀ ਚਿੰਤਾ ਦਾ ਵਿਸ਼ਾ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਚਿੰਤਾਵਾਂ ਦਾ ਹੋਰ ਵਾਧਾ ਕਰ ਲੈਂਦੇ ਹਾਂ।
ਕਿਤੇ ਨਾ ਕਿਤੇ ਹਰ ਮਾਂ ਬਾਪ ਇਹ ਵੀ ਸੋਚਦਾ ਹੈ ਕਿ ਮੇਰਾ ਬੇਟਾ ਜਾਂ ਬੇਟੀ ਜ਼ਿੰਦਗੀ ਨੂੰ ਸਾਡੇ ਵਾਂਗ ਬਤੀਤ ਕਰਨ, ਸਾਡੇ ਵਾਂਗ ਸਮਝਣ ਅਤੇ ਸਾਡੇ ਵਾਂਗ ਕੰਮ ਕਰਨ। ਪਰ ਨਹੀਂ, ਇਹ ਸੰਭਵ ਹੀ ਨਹੀਂ ਕਿਉਂਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਉਨ੍ਹਾਂ ਦੀ ਜ਼ਿੰਦਗੀ ਸਾਡੇ ਤੋਂ ਬਿਹਤਰ ਹੋਵੇ ਤੇ ਦੂਜੇ ਪਾਸੇ ਅਸੀਂ ਸੋਚਦੇ ਹਾਂ, ਉਹ ਜ਼ਿੰਦਗੀ ਸਾਡੇ ਵਾਂਗ ਜਿਊਣ। ਇੱਕ ਪਾਸਾ ਤਾਂ ਕਰਨਾ ਹੀ ਪਵੇਗਾ ਕਿ ਸਾਡੇ ਵਾਂਗ ਜਾਂ ਸਾਡੇ ਤੋਂ ਬਿਹਤਰ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਜ਼ਿੰਦਗੀ ਵੀ ਸਾਡੇ ਮਾਤਾ-ਪਿਤਾ ਨੇ ਆਪਣੇ ਤੋਂ ਬਿਹਤਰ ਬਣਾਈ। ਸੋ ਬਿਹਤਰ ਜ਼ਿੰਦਗੀ ਦੇ ਤੌਰ-ਤਰੀਕੇ ਸਾਡੇ ਨਾਲੋਂ ਬਹੁਤ ਵੱਖਰੇ ਹੋਣਗੇ, ਕਿਉਂਕਿ ਉਸ ਵਿੱਚ ਕਈ ਦਹਾਕਿਆਂ ਦਾ ਸਮਾਂ ਜੁੜ ਚੁੱਕਾ ਹੁੰਦਾ ਹੈ। ਅਸੀਂ ਬੱਚਿਆਂ ਨੂੰ ਨਿੱਤ ਨਵੀਂਆਂ ਸਹੂਲਤਾਂ ਉਨ੍ਹਾਂ ਦੇ ਮੰਗਣ ਤੋਂ ਪਹਿਲਾਂ ਹੀ ਦੇ ਦਿੰਦੇ ਹਾਂ। ਸਹੂਲਤਾਂ ਮਿਲਣ ਨਾਲ ਸੋਚ ਵਿੱਚ ਵੀ ਬਹੁਤ ਬਦਲਾਅ ਆਉਂਦਾ ਹੈ। ਸਾਡੀ ਸੋਚ ਹੋਰ ਸੀ, ਸਹੂਲਤਾਂ ਦੇ ਵਾਧੇ ਕਾਰਨ ਨਵੀਂ ਪੀੜ੍ਹੀ ਦੀ ਸੋਚ ਹੋਰ ਹੈ। ਬਿਹਤਰ ਜ਼ਿੰਦਗੀ ਲਈ ਦਿੱਤੀਆਂ ਸਹੂਲਤਾਂ ਜਦੋਂ ਦਿਓ ਤਾਂ ਨਾਲ ਹੀ ਉਨ੍ਹਾਂ ਨੂੰ ਇਹ ਜ਼ਰੂਰ ਸਮਝਾਓ ਕਿ ਇਨ੍ਹਾਂ ਨੂੰ ਕਿਸ ਹੱਦ ਤਕ ਅਤੇ ਕਿਵੇਂ ਵਰਤਣਾ ਹੈ। ਜੇ ਅਸੀਂ ਬੱਚੇ ਨੂੰ ਸਿਰਫ ਅਤੇ ਸਿਰਫ ਪਦਾਰਥਵਾਦੀ ਸਹੂਲਤਾਂ ਹੀ ਦੇ ਰਹੇ ਹਾਂ ਪਰ ਸਮਾਂ ਨਹੀਂ ਦੇ ਰਹੇ ਤਾਂ ਫਿਰ ਅੱਗੇ ਜਾ ਕੇ ਇਹ ਸਹੂਲਤਾਂ ਚਿੰਤਾ ਦਾ ਵਿਸ਼ਾ ਜ਼ਰੂਰ ਬਣਨਗੀਆਂ।
ਜਿਵੇਂ ਇੱਕ ਵਾਰ ਇੱਕ ਛੋਟੀ ਜਿਹੀ ਬੱਚੀ ਰੋਟੀ ਖਾਣ ਲੱਗੀ ਤਾਂ ਉਸਨੇ ਮਾਂ ਨੂੰ ਆਖਿਆ ਕਿ ਤੁਸੀਂ ਮੇਰੇ ਕੋਲ ਬੈਠੋ ਤੇ ਮੈਨੂੰ ਰੋਟੀ ਖਵਾਓ। ਮਾਂ ਨੇ ਉਸਨੂੰ ਮੋਬਾਇਲ ਦਿੰਦੇ ਹੋਏ ਆਖਿਆ, “ਇਸ ਨੂੰ ਦੇਖਦੇ ਦੇਖਦੇ ਰੋਟੀ ਖਾ ਲੈ।”
ਹੌਲੀ-ਹੌਲੀ ਬੱਚੀ ਦੀ ਆਦਤ ਵਿਗੜਦੀ ਗਈ ਤੇ ਉਹ ਹਰ ਚੀਜ਼ ਖਾਣ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੋਬਾਇਲ ਦੀ ਮੰਗ ਕਰਨ ਲੱਗੀ। ਮਾਂ ਦੇ ਰੋਕਣ ’ਤੇ ਵੀ ਉਹ ਨਾ ਮੰਨਦੀ। ਮਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਮੋਬਾਇਲ ਦਾ ਨਸ਼ਾ ਜਿਹਾ ਹੋ ਗਿਆ ਹੈ। ਮਾਂ ਨੇ ਮਹਿਸੂਸ ਕੀਤਾ ਕਿ ਉਸਦੀ ਬੱਚੀ ਹੁਣ ਮਾਂ ਤੋਂ ਬਿਨਾਂ ਭਾਵੇਂ ਰਹਿ ਲਵੇ ਪਰ ਮੋਬਾਇਲ ਤੋਂ ਬਿਨਾਂ ਨਹੀਂ ਰਹਿ ਸਕਦੀ। ਮਾਂ ਬਹੁਤ ਪਰੇਸ਼ਾਨ ਹੋ ਗਈ ਤੇ ਇੱਕ ਦਿਨ ਆਪਣੀ ਬੇਟੀ ਨੂੰ ਹੀ ਪੁੱਛਦੀ ਹੈ ਕਿ ਤੇਰੀ ਇਸ ਬੁਰੀ ਆਦਤ ਨੂੰ ਕਿਵੇਂ ਖਤਮ ਕਰਾਂ? ਬੱਚੀ ਆਖਦੀ ਹੈ, “ਮੰਮੀ ਤੁਸੀਂ ਮੇਰੇ ਨਾਲ ਖੇਡਿਆ ਕਰੋ, ਮੇਰੇ ਕੋਲ ਬੈਠਿਆ ਕਰੋ, ਮੇਰੇ ਨਾਲ ਸਮਾਂ ਬਿਤਾਇਆ ਕਰੋ।”
ਉਸ ਸਮੇਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬੱਚਿਆਂ ਲਈ ਸਭ ਤੋਂ ਜ਼ਰੂਰੀ ਚੀਜ਼ ਤੁਹਾਡਾ ਦਿੱਤਾ ਕੀਮਤੀ ਸਮਾਂ ਹੈ। ਛੋਟੇ ਹੁੰਦਿਆਂ ਤੋਂ ਹੀ ਨੈਤਿਕ ਕਦਰਾਂ-ਕੀਮਤਾਂ ਆਪਣੇ ਬੱਚਿਆਂ ਨੂ ਸਮਝਾਓ। ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨੂੰ ਪਿਆਰ ਕਰਨਾ ਸਿਖਾਓ। ਬਜ਼ੁਰਗਾਂ ਨਾਲ ਸਮਾਂ ਬਿਤਾਉਣ ਲਈ ਕਹੋ। ਅਸੀਂ ਅੱਜ ਕੱਲ੍ਹ ਛੋਟੇ ਪਰਿਵਾਰਾਂ ਨੂੰ ਤਾਂ ਅਪਣਾ ਲਿਆ ਹੈ ਪਰ ਬੱਚਿਆਂ ਨੂੰ ਆਪਣੇ ਬੀਤੇ ਕੱਲ੍ਹ ਵਿੱਚੋਂ ਚੰਗੀਆਂ ਗੱਲਾਂ ਦੱਸਦੇ ਹੋਏ ਰਿਸ਼ਤੇਦਾਰਾਂ ਅਤੇ ਬਜ਼ੁਰਗਾਂ ਦੇ ਨਾਲ ਮੇਲ-ਮਿਲਾਪ ਜ਼ਰੂਰ ਰੱਖੋ। ਇਹ ਬੀਤੇ ਕੱਲ੍ਹ ਅਤੇ ਅੱਜ ਦਾ ਸੁਮੇਲ ਵੀ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੀ ਬਿਹਤਰ ਜ਼ਿੰਦਗੀ ਜੋ ਸਾਡੇ ਨਾਲੋਂ ਬਹੁਤ ਵੱਖ ਹੈ, ਸਾਡੇ ਲਈ ਚਿੰਤਾ ਦਾ ਵਿਸ਼ਾ ਨਾ ਬਣੇ।
ਨਵੇਂ ਜ਼ਮਾਨੇ ਦੇ ਬੱਚਿਆਂ ਦੀ ਸੋਚ ਸਾਡੇ ਨਾਲੋਂ ਕਿਤੇ ਵਿਸ਼ਾਲ ਹੈ। ਜੋ ਪੜ੍ਹਾਈ ਅਸੀਂ ਪੜ੍ਹਦੇ ਸੀ, ਹੁਣ ਉਸ ਪੜ੍ਹਾਈ ਵਿੱਚ ਬਹੁਤ ਫਰਕ ਆ ਚੁੱਕਾ ਹੈ। ਜੋ ਖੇਡਾਂ ਅਸੀਂ ਖੇਡਦੇ ਸੀ, ਉਹ ਖੇਡਾਂ ਤਾਂ ਹੁਣ ਕਿਤੇ ਦਿਸਦੀਆਂ ਹੀ ਨਹੀਂ। ਫਿਰ ਪਤਾ ਨਹੀਂ ਅਸੀਂ ਕਿਵੇਂ ਸੋਚਦੇ ਹਾਂ ਕਿ ਬੱਚੇ ਸਾਡੇ ਵਰਗੀ ਸੋਚ ਰੱਖਣ। ਜੇ ਇੰਨਾ ਕੁਝ ਬਦਲਿਆ ਹੈ ਤਾਂ ਸਾਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ।
ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਮਾਤਾ-ਪਿਤਾ ਜੋ ਵੀ ਸਬਜ਼ੀ ਬਣਾਉਂਦੇ ਸੀ, ਸਾਰੇ ਉਹੀ ਖਾਂਦੇ ਸਨ। ਕਦੇ-ਕਦਾਈਂ ਜੇ ਕਦੇ ਜ਼ਿਦ ਕਰਨੀ ਕਿ ਨਹੀਂ ਮੈਂ ਤਾਂ ਰੋਟੀ ਨਹੀਂ ਕੁਝ ਹੋਰ ਖਾਣਾ ਹੈ ਤਾਂ ਮਾਤਾ ਜੀ ਆਖਦੇ ਰੋਟੀ ਵੇਲੇ ਤਾਂ ਰੋਟੀ ਹੀ ਮਿਲੇਗੀ। ਅਸੀਂ ਪਹਿਲਾਂ ਝਿੜਕਾਂ ਖਾ ਲੈਂਦੇ ਤੇ ਬਾਅਦ ਵਿੱਚ ਰੋਟੀ। ਪਰ ਅੱਜ-ਕੱਲ੍ਹ ਦੇ ਬੱਚੇ ਰੋਟੀ ਨਹੀਂ ਖਾਂਦੇ ਤਾਂ ਅਸੀਂ ਖੁਦ ਉਸਦੀ ਥਾਂ ਬੱਚਿਆਂ ਦੇ ਸਾਹਮਣੇ ਬਹੁਤ ਸਾਰੀਆਂ ਬਦਲਵੀਆਂ ਚੀਜ਼ਾਂ ਰੱਖ ਦਿੰਦੇ ਹਾਂ। ਫਿਰ ਜਦੋਂ ਕਦੇ ਬੱਚੇ ਰੋਟੀ ਦੀ ਥਾਂ ਆਪਣੇ ਮੂੰਹੋਂ ਕੁਝ ਹੋਰ ਚੀਜ਼ਾਂ ਦੀ ਮੰਗ ਕਰਦੇ ਹਨ ਤਾਂ ਉਸ ਸਮੇਂ ਅਸੀਂ ਹੀ ਉਨ੍ਹਾਂ ਨੂੰ ਝਿੜਕਾਂ ਦਿੰਦੇ ਹਾਂ। ਇੱਥੇ ਗਲਤੀ ਬੱਚੇ ਦੀ ਨਹੀਂ, ਸਾਡੀ ਹੈ। ਕਿਉਂਕਿ ਅਸੀਂ ਖੁਦ ਉਨ੍ਹਾਂ ਨੂੰ ਰੋਟੀ ਸਬਜ਼ੀ ਦੇ ਬਦਲ ਵਿੱਚ ਸਿਹਤ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਖਾਣ ਲਈ ਦੇ ਦਿੰਦੇ ਹਾਂ; ਜਿਸ ਕਾਰਨ ਬੱਚੇ ਚੰਗੇ ਖਾਣੇ ਤੋਂ ਪਰੇ ਹਟ ਪੀਜ਼ੇ, ਬਰਗਰ ਆਦਿ ਵਰਗੀਆਂ ਚੀਜ਼ਾਂ ਖਾਂਦੇ ਹਨ। ਇਹ ਚੀਜ਼ਾਂ ਖਾਣ ਨੂੰ ਜ਼ਰੂਰ ਦਿਓ, ਪਰ ਕਿਸੇ ਹੱਦ ਤਕ। ਚੀਜ਼ਾਂ ਸਾਡੇ ਵੇਲੇ ਅਸੀਂ ਵੀ ਖਾਂਦੇ ਸੀ, ਪਰ ਸਾਡੇ ਮਾਤਾ-ਪਿਤਾ ਰੋਟੀ ਦੇ ਸਮੇਂ ਰੋਟੀ ਹੀ ਦਿੰਦੇ ਸਨ। ਇਕੱਲੀਆਂ ਸਹੂਲਤਾਂ ਦੇਣਾ ਸਾਡਾ ਫਰਜ਼ ਨਹੀਂ, ਉਨ੍ਹਾਂ ਸਹੂਲਤਾਂ ਨੂੰ ਨਿਯਮਾਂ ਵਿੱਚ ਬੰਨ੍ਹਣਾ ਵੀ ਜ਼ਰੂਰੀ ਹੈ।
ਆਪ ਬੱਚਿਆਂ ਦੀ ਥਾਂ ’ਤੇ ਖੜ੍ਹੇ ਹੋ ਕੇ ਜ਼ਰੂਰ ਸੋਚੋ। ਉਨ੍ਹਾਂ ਦੇ ਫੈਸਲਿਆਂ ਦਾ ਸਵਾਗਤ ਕਰੋ। ਉਨ੍ਹਾਂ ਨੂੰ ਸੁਣੋ ਅਤੇ ਸਮਝੋ, ਤਾਂ ਹੀ ਬੱਚੇ ਸਾਨੂੰ ਸੁਣਨਗੇ ਅਤੇ ਸਮਝਣਗੇ। ਹਰ ਵੇਲੇ ਟੋਕਾ-ਟੋਕਾਈ ਤੋਂ ਗੁਰੇਜ਼ ਕਰਨਾ ਪਵੇਗਾ, ਨਹੀਂ ਤਾਂ ਬੱਚੇ ਤੰਗ ਆ ਕੇ ਮਾਪਿਆਂ ਤੋਂ ਗੱਲਾਂ ਲੁਕਾਉਣ ਲੱਗ ਜਾਂਦੇ ਹਨ। ਬੱਚਿਆਂ ਦੀ ਹਰ ਗੱਲ ਨੂੰ ਉਨ੍ਹਾਂ ਦੀ ਥਾਂ ’ਤੇ ਖੜ੍ਹੇ ਹੋ ਕੇ ਵਿਚਾਰੋ ਅਤੇ ਸਹੀ ਸਮਾਂ ਅਤੇ ਮੌਕਾ ਦੇਖ ਕੇ ਸਮਝਾਓ, ਇਕਦਮ ਹੀ ਨ ਭੜਕੋ। ਅਸੀਂ ਵੀ ਹਰ ਗੱਲ ਮਾਤਾ-ਪਿਤਾ ਦੀ ਨਹੀਂ ਮੰਨਦੇ ਸੀ। ਕਿਤੇ ਨਾ ਕਿਤੇ ਤਾਂ ਆਪਣੀ ਮਰਜ਼ੀ ਕਰਦੇ ਸੀ। ਸਾਰਾ ਕੁਝ ਅਸੀਂ ਆਪਣੇ ਮਾਤਾ-ਪਿਤਾ ਦੇ ਤਜਰਬੇ ਤੋਂ ਨਹੀਂ ਸਿੱਖਿਆ। ਕੁਝ ਤਜਰਬੇ ਅਸੀਂ ਖੁਦ ’ਤੇ ਹੰਢਾ ਕੇ ਵੀ ਸਿੱਖੇ ਹਨ। ਸੋ ਹੁਣ ਸਾਡੇ ਬੱਚਿਆਂ ਨੂੰ ਵੀ ਹੱਕ ਹੋਣਾ ਚਾਹੀਦਾ ਹੈ ਕਿ ਉਹ ਵੀ ਆਪਣੀ ਮਰਜ਼ੀ ਨਾਲ ਸੋਚਣ, ਸਮਝਣ ਅਤੇ ਕੰਮ ਕਰਨ। ਬੱਸ, ਬੱਚਿਆਂ ਦੀ ਚੰਗੀ ਪਰਵਰਿਸ਼ ਵਿੱਚ ਕੋਈ ਕਸਰ ਨਾ ਛੱਡੋ।
ਜੇ ਮਕਾਨ ਦੀਆਂ ਨੀਹਾਂ ਮਜ਼ਬੂਤ ਹੋਣ ਤਾਂ ਡਿਗਣ ਦਾ ਡਰ ਨਹੀਂ ਰਹਿੰਦਾ, ਉਸੇ ਤਰ੍ਹਾਂ ਹੀ ਜੇ ਬੱਚਿਆਂ ਦੀ ਪਰਵਰਿਸ਼ ਵੇਲੇ ਕੋਈ ਕਮੀ ਨਹੀਂ ਛੱਡੀ ਤਾਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਸੁੱਖ-ਸਹੂਲਤਾਂ ਦਿਓ, ਬੱਚਾ ਹਮੇਸ਼ਾ ਉਨ੍ਹਾਂ ਦੀ ਸਮਝਦਾਰੀ ਨਾਲ ਹੀ ਵਰਤੋਂ ਕਰੇਗਾ। ਅਸੀਂ ਆਪਣੇ ਬੱਚੇ ਦੀ ਪੇਰੈਂਟਿੰਗ ਕਿਵੇਂ ਕੀਤੀ ਹੈ, ਸਾਨੂੰ ਪਤਾ ਹੈ। ਆਪਣੇ ਬੱਚੇ ’ਤੇ ਸ਼ੱਕ ਕਰਨਾ ਭਾਵ ਆਪਣੀ ਪੇਰੈਂਟਿੰਗ ’ਤੇ ਸ਼ੱਕ ਕਰਨਾ ਹੈ। ਬੱਚਿਆਂ ਦੇ ਇੰਨੇ ਵਧੀਆ ਦੋਸਤ ਬਣੋ ਕਿ ਬੱਚਾ ਹਰ ਨਿੱਕੀ ਵੱਡੀ ਗੱਲ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰੇ। ਜ਼ਿੰਦਗੀ ਦੇ ਹਰ ਪੜਾਅ ’ਤੇ ਸਾਡਾ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ, ਕਿਉਂ ਜੋ ਇਹੀ ਸਮਾਂ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਅਪਡੇਟ ਕਰਦਾ ਹੈ। ਅਸੀਂ ਹਰ ਵੇਲੇ ਬੱਚਿਆਂ ਨੂੰ ਤਾਂ ਕਹਿੰਦੇ ਹਾਂ ਕਿ ਸਮੇਂ ਦੇ ਹਾਣੀ ਬਣੋ। ਸੋ ਇਹ ਨਿਯਮ ਸਾਡੇ ’ਤੇ ਵੀ ਲਾਗੂ ਹੁੰਦਾ ਹੈ ਕਿ ਅਸੀਂ ਵੀ ਸਮੇਂ ਦੇ ਹਾਣੀ ਬਣੀਏ। ਜੇ ਨਹੀਂ ਬਣਾਂਗੇ ਤਾਂ ਇਸ ਗੱਲ ਵਿੱਚ ਕੋਈ ਝੂਠ ਨਹੀਂ ਕਿ ਸਾਨੂੰ ਐਨੀ ਜ਼ਿੰਦਗੀ ਜੀ ਕੇ ਵੀ ਜ਼ਿੰਦਗੀ ਜਿਊਣੀ ਨਹੀਂ ਆਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































