ParminderKaur6ਸੋ ਅਸੀਂ ਸੋਸ਼ਲ ਮੀਡੀਆ ਦੇ ਇਨ੍ਹਾਂ ਸਾਧਨਾਂ ਨੂੰ ਹੀ ਆਪਣੀ ਦੁਨੀਆ ਨਾ ਸਮਝੀਏ ਸਗੋਂ ...
(30 ਜੂਨ 2026)


ਸੋਸ਼ਲ ਤੋਂ ਭਾਵ ਹੈ ਸਮਾਜਿਕ
ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸੁਨੇਹੇ ਜਾਂ ਫਿਰ ਨਵੀਂਆਂ ਤੋਂ ਨਵੀਂਆਂ ਯੋਜਨਾਵਾਂ ਪ੍ਰਾਪਤ ਕਰਨ ਜਾਂ ਭੇਜਣ ਦਾ ਸਾਧਨਇਨ੍ਹਾਂ ਦੋਵਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਪਰ ਅੱਜ ਅਸੀਂ ਇਹ ਅੰਤਰ ਸਮਝ ਨਹੀਂ ਪਾ ਰਹੇ ਤੇ ਸੋਸ਼ਲ ਮੀਡੀਆ ਨੂੰ ਹੀ ਸਮਾਜਿਕ ਮੇਲ-ਜੋਲ ਸਮਝੀ ਬੈਠੇ ਹਾਂ ਜੋ ਕਿ ਗਲਤ ਹੈ, ਸੱਚ ਨਹੀਂ ਹੈਆਪਣਾ ਬਹੁਤ ਸਾਰਾ ਸਮਾਂ ਅਸੀਂ ਇਸ ਵੱਲ ਹੀ ਖਰਚ ਕਰ ਰਹੇ ਹਾਂਸੋ ਇਸ ਅੰਤਰ ਨੂੰ ਸਮਝਣਾ ਸਮੇਂ ਅਤੇ ਹਾਲਾਤ ਦੀ ਸਭ ਤੋਂ ਵੱਡੀ ਲੋੜ ਹੈ

ਅੱਜ ਤੋਂ ਜੇ 20-25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਫੋਨ, ਟੀ .ਵੀ, ਜਾਂ ਰੇਡੀਓ ਵੀ ਕਿਸੇ-ਕਿਸੇ ਦੇ ਘਰ ਹੀ ਹੁੰਦਾ ਸੀ, ਪਰ ਉਹ ਲੋਕ ਆਪਣੇ ਸੁਨੇਹੇ ਚਿੱਠੀਆਂ ਰਾਹੀਂ, ਤਾਰ ਰਾਹੀਂ ਜਾਂ ਕਿਸੇ ਵੀ ਤਰ੍ਹਾਂ ਰਿਸ਼ਤੇਦਾਰਾਂ ਤਕ ਪਹੁੰਚਾਉਂਦੇ ਸਨ ਤੇ ਦੂਰ ਤਕ ਦੀਆਂ ਰਿਸ਼ਤੇਦਾਰੀਆਂ ਵੀ ਦਿਲੋਂ ਨਿਭਾਉਂਦੇ ਸਨਉਹਨਾਂ ਦਾ ਭਾਈਚਾਰਿਕ ਦਾਇਰਾ ਵੀ ਅੱਜ ਦੇ ਲੋਕਾਂ ਦੇ ਮੁਕਾਬਲੇ ਬਹੁਤ ਵਿਸ਼ਾਲ ਸੀਉਹ ਲੋਕ ਖੁਸ਼ੀ-ਗਮੀ, ਧੁੱਪ-ਛਾਂ ਇਕੱਠੇ ਬਹਿ ਕੇ ਮਾਣਦੇ ਸਨਦੁੱਖ ਵੰਡਾਉਂਦੇ ਸਨ ਅਤੇ ਖੁਸ਼ੀਆਂ ਦੁੱਗਣੀਆਂ ਕਰਦੇ ਸਨਅਸਲ ਵਿੱਚ ਇਹੀ ਹੈ- ਸੋਸ਼ਲ ਹੋਣਾ

ਪਰ ਅੱਜ ਸੋਸ਼ਲ ਮੀਡੀਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਜੇ ਕਿਤੇ ਰਿਸ਼ਤੇਦਾਰੀ ਵਿੱਚ ਜਾਣ ਲਈ ਕਿਹਾ ਜਾਵੇ ਤਾਂ ਕਹਿੰਦੇ ਹਨ ਕਿ ਮੇਰੇ ਕੋਲ ਸਮਾਂ ਨਹੀਂ ਜਦਕਿ ਫ਼ੋਨ ’ਤੇ ਕਈ-ਕਈ ਘੰਟੇ ਬਹਿ ਕੇ ਸਮਾਂ ਬਰਬਾਦ ਕਰ ਰਹੇ ਹੁੰਦੇ ਹਨ, ਪਰ ਆਪਣਿਆਂ ਲਈ ਸਮਾਂ ਨਹੀਂ ਅੱਜ-ਕੱਲ੍ਹ ਘਰ ਵਿੱਚ ਜਿੰਨੇ ਮੈਂਬਰ, ਓਨੇ ਹੀ ਫੋਨ, ਪਰ ਕਿਸੇ ਕੋਲ ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਇੰਸਟਾਗ੍ਰਾਮ, ਫੇਸਬੁੱਕ, ਵੱਟਸ ਐਪ, ਮੈਸੈਂਜਰ, ਵਗੈਰਾ-ਵਗੈਰਾ, ਇਨ੍ਹਾਂ ਨੂੰ ਅਸੀਂ ਆਪਣਾ ਸੋਸ਼ਲ ਦਾਇਰਾ ਸਮਝੀ ਬੈਠੇ ਹਾਂ ਜੋ ਇਹ ਐਪਸ ਨਹੀਂ ਚਲਾ ਰਿਹਾ, ਕਿਹਾ ਜਾਂਦਾ ਹੈ ਕਿ ਉਹ ਸੋਸ਼ਲ ਵਿਅਕਤੀ ਨਹੀਂ ਹੈਉਸਨੂੰ ਤਾਂ ਕਿਸੇ ਨਾਲ ਕੋਈ ਮਤਲਬ ਨਹੀਂਹਰ ਵੇਲੇ ਪਤਾ ਨਹੀਂ ਕਿੱਥੇ ਤੁਰਿਆ ਰਹਿੰਦਾ ਹੈਕਦੇ ਵੀ ਕਿਸੇ ਦਾ ਸਟੇਟਸ ਨਹੀਂ ਦੇਖਦਾਭਾਵੇਂ ਉਹ ਇਨਸਾਨ ਦੁਨੀਆਦਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੋਵੇ, ਪਰ ਸਿਰਫ ਸੋਸ਼ਲ ਮੀਡੀਆ ’ਤੇ ਕਾਰਜਸ਼ੀਲ  ਨਾ ਹੋਣ ਕਾਰਨ ਕਿਹਾ ਜਾਂਦਾ ਹੈ ਕਿ ਉਹ ਸਮਾਜਿਕ ਨਹੀਂ ਹੈ, ਜੋ ਕਿ ਗਲਤ ਹੈ

ਪੁਰਾਣੇ ਸਮੇਂ ਵਿੱਚ ਅੱਜ ਵਰਗੀਆਂ ਬੇਮਿਸਾਲ ਸਹੂਲਤਾਂ ਨਹੀਂ ਸਨ, ਪਰ ਫਿਰ ਵੀ ਉਹ ਲੋਕ ਦੂਰ-ਦੂਰ ਤਕ ਰਹਿੰਦੇ ਪਰਿਵਾਰਾਂ ਨੂੰ ਵੀ ਭਲੀਭਾਂਤ ਜਾਣਦੇ ਸਨ, ਕਿਉਂਕਿ ਲੋਕਾਂ ਦੇ ਸੁਭਾਅ ਵਿੱਚ ਮਿਲਵਰਤਣ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੁੰਦੀ ਸੀ ਬਹੁਤਾ ਦੂਰ ਨਾ ਜਾਈਏ, ਇੱਕ ਛੋਟੀ ਜਿਹੀ ਉਦਾਹਰਨ ਹੀ ਦਿੰਦੀ ਹਾਂ! ਮੇਰੀ ਆਪਣੀ ਹੀ ਭਤੀਜੀ ਜਦੋਂ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਗਈ, ਇੱਕ ਦਿਨ ਬੱਸ ਵਿੱਚ ਕਿਸੇ ਬਜ਼ੁਰਗ ਨੇ ਉਸਦਾ ਪਿਛੋਕੜ ਪੁੱਛਿਆ ਤਾਂ ਕੁੜੀ ਦੇ ਜਵਾਬ ਦੇਣ ਸਾਰ ਹੀ ਉਸ ਬਜ਼ੁਰਗ ਨੇ ਬੜੇ ਹੀ ਪਿਆਰ ਤੇ ਖੁਸ਼ੀ ਨਾਲ ਉਸਦੇ ਸਿਰ ’ਤੇ ਹੱਥ ਰੱਖਦੇ ਹੋਏ ਕਿਹਾ ਕਿ ਅੱਛਾ ਧੀਏ! ਕੀ ਤੂੰ ਗਿਆਨੀ ਮੋਹਣ ਸਿੰਘ ਦੀ ਪੜਪੋਤੀ ਹੈਂ?

ਕੁੜੀ ਨੇ ਉੱਤਰ ਦਿੱਤਾ, “ਹਾਂ ਜੀ

ਉਹ ਬਜ਼ੁਰਗ ਤਾਂ ਉਨ੍ਹਾਂ ਦੇ ਪਰਿਵਾਰ ਦੀ ਹਰ ਪੀੜ੍ਹੀ ਬਾਰੇ ਜਾਣਦਾ ਸੀ ਘਰ ਪਹੁੰਚ ਕੇ ਭਤੀਜੀ ਨੇ ਹੈਰਾਨ ਹੋ ਕੇ ਮਾਪਿਆਂ ਨੂੰ ਫੋਨ ’ਤੇ ਦੱਸਿਆ ਕਿ ਪਾਪਾ, ਅੱਜ ਪੜਦਾਦਾ ਜੀ ਦੀ ਪਛਾਣ ਤਾਂ ਵਿਦੇਸ਼ ਵਿੱਚ ਵੀ ਨਿਕਲ ਆਈ

ਇੱਥੇ ਵੀ ਇਹ ਗੱਲ ਸਪਸ਼ਟ ਹੈ ਕਿ ਉਸ ਵੇਲੇ ਕੋਈ ਸੋਸ਼ਲ ਮੀਡੀਆ ਨਹੀਂ ਸੀ ਪਰ ਉਸ ਸਮੇਂ ਲੋਕ ਇੱਕ ਦੂਜੇ ਨਾਲ ਮੇਲ-ਜੋਲ ਰੱਖਦੇ ਸਨ। ਉਹ ਮੀਲਾਂ ਦੂਰ ਵੀ ਇੱਕ-ਦੂਜੇ ਦੀ ਖਬਰਸਾਰ ਲੈਂਦੇ ਸਨ, ਪਰ ਅੱਜ ਸਾਨੂੰ ਆਪਣੇ ਗਲੀ-ਮੁਹੱਲੇ ਵਿੱਚ ਵੀ ਸਾਰਿਆਂ ਬਾਰੇ ਪਤਾ ਨਹੀਂ ਹੁੰਦਾਫੋਨ ’ਤੇ ਹੀ ਅਸੀਂ ਇੱਕ-ਦੂਜੇ ਨੂੰ ਖੁਸ਼ੀ-ਗਮੀ ਵਿੱਚ ਅੰਗੂਠੇ ਜਾਂ ਇਮੋਜੀ ਭੇਜ ਕੇ ਆਪਣੇ-ਆਪ ਨੂੰ ਸਮਾਜਿਕ ਜੀਵ ਕਹਿੰਦੇ ਹਾਂਸਾਡੀ ਜ਼ਿੰਮੇਵਾਰੀ ਇੱਥੇ ਹੀ ਖਤਮ ਨਹੀਂ ਹੁੰਦੀ

ਸੋ ਅਸੀਂ ਆਪਣੇ ਆਪ ਨੂੰ ਸੋਸ਼ਲ ਮੀਡੀਆ ’ਤੇ ਇੰਨਾ ਵੀ ਮਸਰੂਫ ਨਾ ਕਰੀਏ ਕਿ ਸਾਡੀ ਸਮਾਜਿਕ ਜ਼ਿੰਦਗੀ ਹੀ ਨਾ ਰਹੇਅੱਜ ਅਸੀਂ ਨਿੱਕੇ-ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਫੋਨ ਫੜਾ ਕੇ ਨਾ ਕੇਵਲ ਉਹਨਾਂ ਦਾ ਬਚਪਨ ਖੋਹ ਰਹੇ ਹਾਂ, ਸਗੋਂ ਬਹੁਤ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਉਹਨਾਂ ਨੂੰ ਦੂਰ ਕਰ ਰਹੇ ਹਾਂ, ਜੋ ਉਹ ਕੇਵਲ ਸਮਾਜ ਵਿੱਚ ਵਿਚਰ ਕੇ ਤੇ ਦੂਜੇ ਬੱਚਿਆਂ ਨਾਲ ਖੇਡਦੇ-ਖੇਡਦੇ ਹੀ ਸਿੱਖ ਸਕਦੇ ਹਨ

ਸਮੇਂ ਦੀ ਲੋੜ ਅਨੁਸਾਰ ਆਧੁਨਿਕ ਸਾਧਨਾਂ ਨੂੰ ਅਪਣਾਉਣਾ ਕੋਈ ਮਾੜੀ ਗੱਲ ਨਹੀਂਖਾਸਕਰ ਸੋਸ਼ਲ ਮੀਡੀਆ! ਜਿਸਦੇ ਬਿਨਾਂ ਅੱਜਕਲ ਕਿਸੇ ਦੀ ਗਤੀ ਨਹੀਂਪੂਰੀ ਦੁਨੀਆ ਲਈ ਇਹ ਇੱਕ ਵਰਦਾਨ ਸਾਬਤ ਹੋ ਰਿਹਾ ਹੈ, ਪਰ ਜੋ ਚੀਜ਼ ਜਿਸ ਕੰਮ ਲਈ ਬਣੀ ਹੈ, ਉਸਨੂੰ ਉੱਥੇ ਤਕ ਹੀ ਸੀਮਿਤ ਰੱਖਿਆ ਜਾਵੇਜਿਵੇਂ ਕਿ ਇੱਕ ਕਹਾਵਤ ਹੈ ਕਿ ਲੋੜ ਤੋਂ ਵੱਧ ਹਰ ਚੀਜ਼ ਮਾੜੀ ਹੁੰਦੀ ਹੈ

ਸੋ ਅਸੀਂ ਸੋਸ਼ਲ ਮੀਡੀਆ ਦੇ ਇਨ੍ਹਾਂ ਸਾਧਨਾਂ ਨੂੰ ਹੀ ਆਪਣੀ ਦੁਨੀਆ ਨਾ ਸਮਝੀਏ ਸਗੋਂ ਇਸ ਤੋਂ ਬਾਹਰ ਆਪਣੇ ਆਸ ਪਾਸ ਦੀ ਦੁਨੀਆ ਵੱਲ ਵੀ ਝਾਤ ਜ਼ਰੂਰ ਮਾਰੀਏ ਤੇ ਸੱਚਮੁੱਚ ਸਮਾਜਿਕ ਜੀਵ ਬਣੀਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪਰਮਿੰਦਰ ਕੌਰ

ਪਰਮਿੰਦਰ ਕੌਰ

Whatsapp: (91 - 98773 - 46150)
Email: (parminderk579@gmail.com)