“ਇਸ ਸਫਰ ਵਿੱਚ ਮੇਰੇ ਲਈ ਇੱਕ ਹੋਰ ਬਹੁਤ ਭਾਵੁਕ ਪਲ ਉਦੋਂ ਆਇਆ, ਜਦੋਂ ਮੇਰੇ ...”![]()
(12 ਸਤੰਬਰ 2026)

ਦੋਸਤੋ, ਪਿਛਲੇ ਕੁਝ ਸਮੇਂ ਤੋਂ ਆਪਣੇ ਬੱਚਿਆਂ, ਵਾਮਿਕਾ ਗੱਬੀ ਅਤੇ ਹਾਰਦਿਕ (ਪੂਰਨ) ਗੱਬੀ ਬਾਰੇ ਸੋਸ਼ਲ ਮੀਡੀਆ ਉੱਪਰ ਕਾਫੀ ਗੱਲਬਾਤ ਹੋ ਰਹੀ ਹੈ। ਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਦੋਵੇਂ ਕੌਣ ਹਨ, ਕਿੱਥੋਂ ਆਏ ਹਨ, ਇਨ੍ਹਾਂ ਦਾ ਪਰਿਵਾਰਿਕ ਪਿਛੋਕੜ ਕੀ ਹੈ ਤੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਇਨ੍ਹਾਂ ਦੀ ਚਰਚਾ ਹਰ ਪਾਸੇ ਕਿਉਂ ਹੋ ਰਹੀ ਹੈ?
ਅਸਲ ਵਿੱਚ ਆਪਣੀ ਧੀ ਵਾਮਿਕਾ ਗੱਬੀ ਦੀ ਤਮਿਲ ਭਾਸ਼ਾ (ਹਿੰਦੀ ਡੱਬਡ) ਫਿਲਮ ‘ਡੀ. ਸੀ.’ ਬੀਤੀ ਸੱਤ ਅਗਸਤ ਨੂੰ ਰਿਲੀਜ਼ ਹੋਈ ਤੇ ਬਲੌਕ ਬਸਟਰ ਰਹੀ ਹੈ ਤੇ ਆਪਣੇ ਪੁੱਤਰ ਹਾਰਦਿਕ ਗੱਬੀ ਉਰਫ ਪੂਰਨ ਗੱਬੀ ਦੀ ਫਿਲਮ ‘ਆਵਾਰਾਪਨ 2’ ਚੌਦਾਂ ਅਗਸਤ ਨੂੰ ਰਿਲੀਜ਼ ਹੋਈ ਤੇ ਸੁਪਰ ਹਿੱਟ ਜਾ ਰਹੀ ਹੈ।
ਹਰ ਸਫਲਤਾ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਤੇ ਕਈ ਵਾਰ ਉਹ ਕਹਾਣੀ ਉਸ ਬੰਦੇ ਤੋਂ ਵੀ ਬਹੁਤ ਪਿੱਛੇ ਤੋਂ ਸ਼ੁਰੂ ਹੁੰਦੀ ਹੈ, ਜਿਸਦਾ ਨਾਮ ਅੱਜ ਸਫਲਤਾ ਦੇ ਨਾਲ ਲਿਆ ਜਾ ਰਿਹਾ ਹੁੰਦਾ ਹੈ। ਆਪਣੀ ਧੀ ਵਾਮਿਕਾ ਗੱਬੀ ਨੂੰ ਫਿਲਮ ਇੰਡਸਟਰੀ ਵਿੱਚ ਆਪਣਾ ਸਫਰ ਸ਼ੁਰੂ ਕੀਤਿਆਂ ਲਗਭਗ ਅਠਾਰਾਂ ਸਾਲ ਹੋ ਚੁੱਕੇ ਹਨ ਤੇ ਆਪਣੇ ਸਪੁੱਤਰ ਪੂਰਨ ਗੱਬੀ ਨੂੰ ਵੀ ਲਗਭਗ ਸੱਤ-ਅੱਠ ਸਾਲ ਹੋ ਗਏ ਹਨ। ਪੂਰਨ, ਵਾਮਿਕਾ ਨਾਲੋਂ ਉਮਰ ਵਿੱਚ ਲਗਭਗ ਤਿੰਨ ਸਾਲ ਛੋਟਾ ਹੈ। ਅੱਜ ਜਿਹੜੀ ਸਫਲਤਾ ਦੀ ਪੌੜੀ ਇਹ ਦੋਵੇਂ ਚੜ੍ਹ ਰਹੇ ਹਨ, ਉਹ ਪੌੜੀ ਇੱਕ ਦਿਨ ਵਿੱਚ ਨਹੀਂ ਬਣੀ। ਇਸ ਪੌੜੀ ਦਾ ਹਰ ਡੰਡਾ ਮਿਹਨਤ ਨਾਲ ਬਣਿਆ ਹੈ। ਕਿਸੇ ਡੰਡੇ ਵਿੱਚ ਇੰਤਜ਼ਾਰ ਹੈ, ਕਿਸੇ ਵਿੱਚ ਨਾਕਾਮੀ, ਕਿਸੇ ਵਿੱਚ ਉਮੀਦ, ਕਿਸੇ ਵਿੱਚ ਨਿਰਾਸ਼ਾ ਅਤੇ ਕਿਸੇ ਵਿੱਚ ਉਹ ਜ਼ਿਦ ਕਿ “ਨਹੀਂ, ਅਜੇ ਰੁਕਣਾ ਨਹੀਂ... ਹਾਰ ਨਹੀਂ ਮੰਨਣੀ ਹੈ।”
ਇਨ੍ਹਾਂ ਦੋਵਾਂ ਦੇ ਆਪਣੇ ਆਪਣੇ ਸੰਘਰਸ਼ ਦੀ ਕਹਾਣੀ ਇੱਕ ਵੱਖਰਾ ਵਿਸ਼ਾ ਹੈ। ਉਹ ਕਦੇ ਫਿਰ ਵਿਸਥਾਰ ਨਾਲ ਲਿਖਾਂਗੇ। ਅੱਜ ਮੈਂ ਉਸ ਕਹਾਣੀ ਦੇ ਉਸ ਸਿਰੇ ਤਕ ਜਾਣਾ ਚਾਹੁੰਦਾ ਹਾਂ ਜਿੱਥੋਂ ਸ਼ਾਇਦ ਇਸ ਸਫਰ ਦਾ ਇੱਕ ਬਹੁਤ ਪੁਰਾਣਾ ਬੀਜ ਸਾਡੇ ਪਰਿਵਾਰ ਦੀ ਮਿੱਟੀ ਵਿੱਚ ਪਿਆ ਹੋਇਆ ਸੀ। ਉਸ ਬੀਜ ਦਾ ਨਾਮ ਸੀ- ਪੂਰਨ ਚੰਦ।
ਸਾਡੇ ਲਈ ਉਹ ਸਿਰਫ ਪੂਰਨ ਚੰਦ ਨਹੀਂ ਸਨ, ਉਹ ਸਾਡੇ ਪਿਤਾ ਜੀ ਉਰਫ ਪਾਪਾ ਜੀ ਸਨ। ਉਹ ਸਾਡੇ ਪਰਿਵਾਰ ਦੀ ਇੱਕ ਪੀੜ੍ਹੀ ਸਨ ਤੇ ਮੇਰੇ ਲਈ ਉਹ ਇੱਕ ਅਜਿਹੀ ਕਹਾਣੀ ਹਨ, ਜਿਸ ਨੂੰ ਜਿੰਨਾ ਯਾਦ ਕਰਦਾ ਹਾਂ, ਉੰਨਾ ਹੀ ਲਗਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਕਿੰਨੀ ਅਜੀਬ ਤਰ੍ਹਾਂ ਆਪਣੇ ਅਗਲੇ ਪੰਨੇ ਲਿਖਦੀ ਰਹਿੰਦੀ ਹੈ।
ਪਾਪਾ ਜੀ ਦਾ ਜਨਮ ਇੱਕ ਜੁਲਾਈ 1936 ਵਿੱਚ ਅੱਜ ਦੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਪਿੰਡ ਖੋਲ੍ਹੀ ਵਿੱਚ ਹੋਇਆ। ਜਦੋਂ ਉਹ ਲਗਭਗ ਤੇਰ੍ਹਾਂ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆਉਣਾ ਪਿਆ ਸੀ। ਇਹ ਕਹਾਣੀ ਵੀ ਆਮ ਵੰਡ ਦੀਆਂ ਕਹਾਣੀਆਂ ਵਰਗੀ ਸਿੱਧੀ-ਸਾਦੀ ਕਹਾਣੀ ਨਹੀਂ ਹੈ। ਸਾਡਾ ਪਰਿਵਾਰ ਪਾਕਿਸਤਾਨ ਬਣਨ ਤੋਂ ਤੁਰੰਤ ਬਾਅਦ ਇੱਧਰ ਨਹੀਂ ਆਇਆ, ਸਗੋਂ ਲਗਭਗ ਦੋ ਸਾਲ ਬਾਅਦ ਆਇਆ। ਕਿਉਂ ਆਇਆ? ਕਿਵੇਂ ਆਇਆ? ਉਸ ਸਮੇਂ ਕੀ ਕੁਝ ਵਾਪਰਿਆ? ਇਹ ਆਪਣੇ ਆਪ ਵਿੱਚ ਇੰਨੀ ਵੱਡੀ ਕਹਾਣੀ ਹੈ ਕਿ ਉਸ ਲਈ ਮੈਂ ਆਪਣੀ ਕਿਤਾਬ, ਜੋ ਕਿ ਮੇਰੇ ਪਿਤਾ ਜੀ ਦੇ ਜੀਵਨ ਉੱਪਰ ਅਧਾਰਤ ਹੈ, ‘ਪੂਰਨ ਕਥਾ’ ਲਿਖੀ ਹੈ। ਇਹ ਕਿਤਾਬ ਪੰਜਾਬੀ ਤ ਤੇ ਹਿੰਦੀ ਵਿੱਚ ਉਪਲਬਧ ਹੈ ਤੇ ਇਸਦਾ ਅੰਗਰੇਜ਼ੀ ਰੂਪ ‘ਪੂਰਨ ਗਾਥਾ: ਏ ਪਾਰਟੀਸ਼ਨ ਸਾਗਾ’ ਦੇ ਨਾਮ ਨਾਲ ਵੀ ਛਪਿਆ ਹੈ।
ਅੱਜ ਮੈਂ ਉਸ ਪੂਰੀ ਕਹਾਣੀ ਵਿੱਚ ਨਹੀਂ ਜਾਂਦਾ। ਅੱਜ ਸਿਰਫ ਉਸ ਬੰਦੇ ਦੀ ਗੱਲ ਕਰਨੀ ਹੈ, ਜਿਸਨੇ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਠੋਕਰ ਖਾਧੀ ਪਰ ਹਰ ਵਾਰ ਉੱਠ ਕੇ ਤੁਰਨਾ ਸਿੱਖਿਆ। ਪਾਪਾ ਜੀ 18 ਸਾਲ ਦੀ ਉਮਰ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਉਹ ਇੱਕ ਫੌਜੀ ਸਨ ਪਰ ਜ਼ਿੰਦਗੀ ਨੇ ਉਨ੍ਹਾਂ ਨੂੰ ਫੌਜ ਦੀ ਨੌਕਰੀ ਵੀ ਪੂਰੀ ਤਰ੍ਹਾਂ ਨਹੀਂ ਕਰਨ ਦਿੱਤੀ। ਅੱਠ ਸਾਲਾਂ ਬਾਅਦ ਹੀ ਸਲਾਨਾ ਛੁੱਟੀ ਦੌਰਾਨ ਇੱਕ ਹਾਦਸਾ ਵਾਪਰਿਆ। ਉਨ੍ਹਾਂ ਦਾ ਖੱਬਾ ਹੱਥ ਕੱਟਿਆ ਗਿਆ। ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਨੂੰ ਬਿਨਾਂ ਪੈਨਸ਼ਨ ਦੇ ਫੌਜ ਦੀ ਨੌਕਰੀ ਤੋਂ ਰੁਖਸਤ ਕਰ ਦਿੱਤਾ ਗਿਆ।
ਇੱਕ ਆਮ ਬੰਦੇ ਲਈ ਇਹ ਕਿੰਨਾ ਵੱਡਾ ਝਟਕਾ ਹੋ ਸਕਦਾ ਹੈ, ਇਹ ਅੱਜ ਅਸੀਂ ਸ਼ਾਇਦ ਪੂਰੀ ਤਰ੍ਹਾਂ ਮਹਿਸੂਸ ਨਾ ਕਰ ਸਕੀਏ ਪਰ ਉਸ ਵੇਲੇ ਉਸਦਾ ਪਰਿਵਾਰ ਸੀ। ਪਤਨੀ ਸੀ। ਭੈਣ ਭਰਾ ਅਤੇ ਮਾਂ ਸੀ। ਉਸਨੇ ਜ਼ਿੰਦਗੀ ਅੱਗੇ ਚਲਾਉਣੀ ਸੀ ਤੇ ਪਾਪਾ ਜੀ ਨੇ ਜ਼ਿੰਦਗੀ ਅੱਗੇ ਹੱਥ ਨਹੀਂ ਖੜ੍ਹੇ ਕੀਤੇ ਤੇ ਇਸ ਵਿੱਚ ਉਸਦਾ ਸਾਥ ਦਿੱਤਾ ਉਸਦੀ ਪਤਨੀ ਬਚਨਾ ਦੇਵੀ ਨੇ। ਉਹ ਕਦੇ ਚਪੜਾਸੀ ਬਣੇ। ਕਦੇ ਦੁਕਾਨਦਾਰੀ ਕੀਤੀ ਤੇ ਆਖਰਕਾਰ ਸਾਈਕਲ ’ਤੇ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ।
ਇਹੀ ਉਹ ਪੜਾਅ ਹੈ ਜਿੱਥੋਂ ਸਾਡੇ ਪਰਿਵਾਰ ਵਿੱਚ ਉਹ ਨਾਮ ਪਿਆ- ਫੇਰੀਵਾਲਾ ਭਾਈ। ਇੱਕ ਹੱਥ ਦੇ ਮਾਲਿਕ ਸਾਡੇ ਪਾਪਾ ਜੀ ਨੇ ਸਾਈਕਲ ’ਤੇ ਚੱਪਲਾਂ, ਬੂਟ ਅਤੇ ਹੋਰ ਸਮਾਨ ਲੱਦ ਕੇ ਪਿੰਡੋਂ ਪਿੰਡ ਜਾਣਾ। ਕਦੇ ਗਰਮੀ, ਕਦੇ ਸਰਦੀ, ਕਦੇ ਮੀਂਹ; ਕਦੇ ਕੋਈ ਸਮਾਨ ਵਿਕਿਆ, ਕਦੇ ਨਹੀਂ ਵਿਕਿਆ ਪਰ ਸਾਈਕਲ ਚਲਦਾ ਰਿਹਾ, ਫੇਰੀ ਚਲਦੀ ਰਹੀ, ਜ਼ਿੰਦਗੀ ਚਲਦੀ ਰਹੀ। ਇਸੇ ਮਿਹਨਤ ਨਾਲ ਉਨ੍ਹਾਂ ਨੇ ਹੌਲੀ-ਹੌਲੀ ਪੰਜ ਏਕੜ ਜ਼ਮੀਨ ਖਰੀਦ ਲਈ। ਉਹ ਜ਼ਮੀਨ ਵੀ ਕੋਈ ਤਿਆਰ-ਬਰ-ਤਿਆਰ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਸੀ। ਬੈਰਾਨੀ ਜ਼ਮੀਨ ਸੀ, ਕੁਦਰਤ ਦੇ ਪਾਣੀ ਤੋਂ ਬਿਨਾਂ। ਕੋਈ ਢੰਗ ਦਾ ਸਿੰਜਾਈ ਪ੍ਰਬੰਧ ਨਹੀਂ ਸੀ। ਪਰ ਪਾਪਾ ਜੀ ਨੇ ਉਸ ਜ਼ਮੀਨ ਨੂੰ ਵੀ ਬੈਰਾਨ ਨਹੀਂ ਛੱਡਿਆ। ਉਸ ਵਿੱਚ ਬਾਗ ਲੱਗੇ। ਬਗੀਚੇ ਬਣੇ। ਮਿੱਟੀ ਵਿੱਚ ਮਿਹਨਤ ਪਈ ਤੇ ਹੌਲੀ-ਹੌਲੀ ਉਹ ਬੈਰਾਨੀ ਜ਼ਮੀਨ ਜ਼ਿੰਦਗੀ ਦੇਣ ਵਾਲੀ ਜ਼ਮੀਨ ਬਣ ਗਈ। ਇਸ ਦੌਰਾਨ ਘਰ ਵਿੱਚ ਪੰਜ ਬੱਚਿਆਂ ਦਾ ਜਨਮ ਹੋਇਆ। ਜ਼ਿੰਮੇਵਾਰੀਆਂ ਵਧਦੀਆਂ ਗਈਆਂ, ਪਰਿਵਾਰ ਵਧਦਾ ਗਿਆ ਤੇ ਸੰਘਰਸ਼ ਵੀ ਵਧਦਾ ਗਿਆ ਪਰ ਇਸ ਸਾਰੀ ਕਹਾਣੀ ਵਿੱਚ ਇੱਕ ਗੱਲ ਬਹੁਤ ਦਿਲਚਸਪ ਹੈ ਤੇ ਉਹ ਹੈ ਪਾਪਾ ਜੀ ਦਾ ਫਿਲਮਾਂ ਦੇਖਣ ਦਾ ਸ਼ੌਕ।
ਇੱਕ ਫੇਰੀਵਾਲਾ ਭਾਈ, ਜਿਸਦੀ ਆਪਣੀ ਜ਼ਿੰਦਗੀ ਸਾਈਕਲ, ਚੱਪਲਾਂ, ਬੂਟ, ਪਿੰਡਾਂ ਅਤੇ ਖੇਤਾਂ ਦੇ ਵਿਚਕਾਰ ਲੰਘ ਰਹੀ ਸੀ, ਉਸਦੇ ਮਨ ਅੰਦਰ ਫਿਲਮਾਂ ਲਈ ਇੱਕ ਵੱਖਰੀ ਦੁਨੀਆ ਸੀ। 1967 ਤੋਂ ਲੈ ਕੇ ਲਗਭਗ 1993-94 ਤਕ ਉਨ੍ਹਾਂ ਦੀ ਫੇਰੀਵਾਲੇ ਵਜੋਂ ਲੰਮੀ ਯਾਤਰਾ ਚੱਲੀ। ਹਰ ਹਫਤੇ ਚੱਪਲਾਂ-ਬੂਟ ਖਰੀਦਣ ਲਈ ਪਾਪਾ ਜੀ ਨੂੰ ਜਲੰਧਰ ਜਾਣਾ ਹੁੰਦਾ ਸੀ ਪਰ ਜਲੰਧਰ ਸਿਰਫ ਸਮਾਨ ਖਰੀਦਣ ਲਈ ਨਹੀਂ ਸੀ, ਉੱਥੇ ਫਿਲਮਾਂ ਵੀ ਸਨ। ਸ਼ਾਮ ਨੂੰ ਸ਼ੋਅ ਹੁੰਦੇ ਸਨ- ਛੇ ਤੋਂ ਨੌਂ, ਫਿਰ ਨੌਂ ਤੋਂ ਬਾਰਾਂ। ਤੇ ਪਾਪਾ ਜੀ ਹਰ ਵਾਰ ਦੋ ਫਿਲਮਾਂ ਦੇਖਦੇ ਸਨ। ਫਿਰ ਪਾਪਾ ਜੀ ਕਈ ਵਾਰ ਆਪਣੇ ਪਰਿਵਾਰ ਨੂੰ ਵੀ ਜਲੰਧਰ ਨਾਲ ਲੈ ਜਾਂਦੇ ਸਨ। ਉਨ੍ਹਾਂ ਨੂੰ ਵੀ ਫਿਲਮਾਂ ਵਿਖਾਉਂਦੇ।
ਸੋਚੋ ਜ਼ਰਾ ਕਿ ਇੱਕ ਪਾਸੇ ਸਾਈਕਲ ’ਤੇ ਫੇਰੀ ਲਾਉਣ ਵਾਲਾ ਇੱਕ ਆਮ ਜਿਹਾ ਬੰਦਾ। ਦੂਜੇ ਪਾਸੇ ਪਰਦੇ ’ਤੇ ਚਲਦੀ ਫਿਲਮ। ਸ਼ਾਇਦ ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਜਿਹੜਾ ਬੰਦਾ ਅੱਜ ਦਰਸ਼ਕ ਬਣ ਕੇ ਫਿਲਮਾਂ ਦੇਖ ਰਿਹਾ ਹੈ, ਉਸਦੀਆਂ ਅਗਲੀਆਂ ਪੀੜ੍ਹੀਆਂ ਇੱਕ ਦਿਨ ਉਸੇ ਫਿਲਮ ਇੰਡਸਟਰੀ ਦਾ ਅਹਿਮ ਹਿੱਸਾ ਬਣਨਗੀਆਂ ਪਰ ਸ਼ਾਇਦ ਸੁਪਨੇ ਇਸੇ ਤਰ੍ਹਾਂ ਕੰਮ ਕਰਦੇ ਹਨ। ਉਹ ਉਸ ਵੇਲੇ ਬੀਜ ਵਾਂਗ ਹੁੰਦੇ ਹਨ, ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਮਿੱਟੀ ਦੇ ਹੇਠਾਂ ਪਏ ਰਹਿੰਦੇ ਹਨ। ਫਿਰ ਸਾਲ ਲੰਘਦੇ ਹਨ। ਪੀੜ੍ਹੀਆਂ ਲੰਘਦੀਆਂ ਹਨ ਤੇ ਇੱਕ ਦਿਨ ਉਹੀ ਬੀਜ ਪੁੰਗਰ ਆਉਂਦਾ ਹੈ।
ਮੈਨੂੰ ਕਈ ਵਾਰ ਲਗਦਾ ਹੈ ਕਿ ਸਾਡੇ ਪਾਪਾ ਜੀ ਦੇ ਅੰਦਰ ਫਿਲਮਾਂ ਦੇਖਣ ਦਾ ਉਹ ਸ਼ੌਕ ਸਿਰਫ ਸ਼ੌਕ ਨਹੀਂ ਸੀ। ਉਹ ਸ਼ਾਇਦ ਇੱਕ ਬੀਜ ਸੀ। ਕਲਾ ਦਾ ਬੀਜ, ਸਾਹਿਤ ਦਾ ਬੀਜ, ਅਦਾਕਾਰੀ ਦਾ ਬੀਜ, ਸੁਪਨੇ ਦੇਖਣ ਦਾ ਬੀਜ। ਤੇ ਇਹ ਬੀਜ ਹੌਲੀ-ਹੌਲੀ ਪਰਿਵਾਰ ਦੇ ਖੂਨ ਵਿੱਚ ਅੱਗੇ ਜਾਂਦਾ ਗਿਆ। ਪਾਪਾ ਜੀ ਖੁਦ ਕਦੇ ਫਿਲਮਾਂ ਦੇ ਪਰਦੇ ਤਕ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਜੋ ਪਰਦਾ ਸੀ, ਉਹ ਉਨ੍ਹਾਂ ਦੇ ਨਾਲ ਖਤਮ ਨਹੀਂ ਹੋਇਆ। ਉਹ ਅੱਗੇ ਤੁਰਦਾ ਗਿਆ। ਬੱਚਿਆਂ ਤਕ... ਪੋਤਰੇ-ਪੋਤਰੀਆਂ ਤਕ ਤੇ ਫਿਰ ਵਾਮਿਕਾ ਗੱਬੀ ਤੇ ਪੂਰਨ ਗੱਬੀ ਤਕ।
ਇਸ ਕਹਾਣੀ ਨੂੰ ਇੱਥੇ ਆਉਣ ਵਿੱਚ ਲਗਭਗ ਪੰਜਾਹ ਸਾਲ ਲੱਗ ਗਏ। ਪੰਜਾਹ ਸਾਲ! ਅੱਧੀ ਸਦੀ। ਮਨੁੱਖ ਦੀ ਜ਼ਿੰਦਗੀ ਵਿੱਚ ਪੰਜਾਹ ਸਾਲ ਬਹੁਤ ਵੱਡਾ ਸਮਾਂ ਹੁੰਦਾ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਣ ਦਾ ਸਮਾਂ। ਇੱਕ ਸੁਪਨੇ ਦੇ ਬੀਜ ਤੋਂ ਰੁੱਖ ਬਣਨ ਦਾ ਸਮਾਂ ਅਤੇ ਸ਼ਾਇਦ ਇਹੀ ਇਸ ਕਹਾਣੀ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਸੁਪਨਾ ਕਦੇ ਮਰਿਆ ਨਹੀਂ। ਉਹ ਸਿਰਫ ਆਪਣਾ ਸਮਾਂ ਉਡੀਕਦਾ ਰਿਹਾ। ਪਾਪਾ ਜੀ ਨੇ ਫਿਲਮਾਂ ਦੇਖੀਆਂ। ਅਗਲੀ ਪੀੜ੍ਹੀ ਨੇ ਸ਼ਾਇਦ ਉਨ੍ਹਾਂ ਫਿਲਮਾਂ ਨੂੰ ਹੋਰ ਗੰਭੀਰਤਾ ਨਾਲ ਦੇਖਿਆ ਫਿਰ ਕਿਸੇ ਨੇ ਕਲਾ ਵੱਲ ਕਦਮ ਵਧਾਇਆ, ਕਿਸੇ ਨੇ ਅਦਾਕਾਰੀ ਵੱਲ, ਕਿਸੇ ਨੇ ਲਿਖਣ ਵੱਲ। ਕਿਸੇ ਨੇ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕੀਤਾ ਅਤੇ ਅੱਜ ਉਸੇ ਪਰਿਵਾਰ ਦੇ ਬੱਚੇ ਫਿਲਮਾਂ ਦੇ ਪਰਦੇ ’ਤੇ ਚਮਕ ਰਹੇ ਹਨ।
ਇਸ ਲਈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਵਾਮਿਕਾ ਗੱਬੀ ਅਤੇ ਪੂਰਨ ਗੱਬੀ ਦੀ ਸਫਲਤਾ ਸਿਰਫ ਪਾਪਾ ਜੀ ਦੀ ਵਜਾਹ ਨਾਲ ਹੈ। ਨਹੀਂ, ਉਨ੍ਹਾਂ ਦੋਵਾਂ ਨੇ ਆਪਣੀ ਮਿਹਨਤ ਕੀਤੀ ਹੈ, ਆਪਣਾ ਸੰਘਰਸ਼ ਕੀਤਾ ਹੈ, ਆਪਣੇ ਸੁਪਨੇ ਲਈ ਲੜਾਈ ਲੜੀ ਹੈ ਪਰ ਹਰ ਮਨੁੱਖ ਦੇ ਪਿੱਛੇ ਇੱਕ ਪਰਿਵਾਰ ਹੁੰਦਾ ਹੈ। ਹਰ ਪਰਿਵਾਰ ਦੇ ਪਿੱਛੇ ਇੱਕ ਇਤਿਹਾਸ ਹੁੰਦਾ ਹੈ ਤੇ ਕਈ ਵਾਰ ਉਸ ਇਤਿਹਾਸ ਵਿੱਚ ਕੋਈ ਅਜਿਹਾ ਬੰਦਾ ਹੁੰਦਾ ਹੈ, ਜਿਸਨੇ ਖੁਦ ਕਦੇ ਆਪਣਾ ਸੁਪਨਾ ਪੂਰਾ ਨਹੀਂ ਕੀਤਾ ਹੁੰਦਾ ਪਰ ਉਹ ਆਪਣੇ ਅਗਲਿਆਂ ਲਈ ਉਸ ਸੁਪਨੇ ਦੀ ਮਿੱਟੀ ਤਿਆਰ ਕਰ ਜਾਂਦਾ ਹੈ। ਮੇਰੇ ਲਈ ਪਾਪਾ ਜੀ ਉਹੀ ਬੰਦੇ ਸਨ।
ਜ਼ਿੰਦਗੀ ਦੀਆਂ ਸਭ ਤੋਂ ਖੂਬਸੂਰਤ ਕਹਾਣੀਆਂ ਉਹੀ ਹੁੰਦੀਆਂ ਹਨ ਜਿਹੜੀਆਂ ਅਸੀਂ ਪਹਿਲਾਂ ਤੋਂ ਨਹੀਂ ਲਿਖ ਸਕਦੇ। ਅਸੀਂ ਸਿਰਫ ਉਨ੍ਹਾਂ ਨੂੰ ਜੀਉਂਦੇ ਹਾਂ ਤੇ ਫਿਰ ਕਈ ਸਾਲਾਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਅੱਛਾ, ਤਾਂ ਇਹ ਸਫਰ ਇੱਥੋਂ ਸ਼ੁਰੂ ਹੋਇਆ ਸੀ!
ਅੱਜ ਜਦੋਂ ਵਾਮਿਕਾ ਗੱਬੀ ਅਤੇ ਪੂਰਨ ਗੱਬੀ ਦੀ ਚਰਚਾ ਹੋ ਰਹੀ ਹੈ, ਜਦੋਂ ਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ, ਜਦੋਂ ਉਹ ਸਫਲਤਾ ਦੀ ਪੌੜੀ ਚੜ੍ਹ ਰਹੇ ਹਨ ਤਾਂ ਸਾਡੇ ਲਈ ਇਹ ਸਿਰਫ ਦੋ ਕਲਾਕਾਰਾਂ ਦੀ ਸਫਲਤਾ ਨਹੀਂ, ਇਹ ਇੱਕ ਲੰਮੇ ਸਫਰ ਦੀ ਸਫਲਤਾ ਹੈ। ਇੱਕ ਫੇਰੀਵਾਲੇ ਦੀ ਸਫਲਤਾ ਹੈ, ਇੱਕ ਫੌਜੀ ਦੀ ਸਫਲਤਾ ਹੈ, ਇੱਕ ਪਿਤਾ ਦੇ ਸੁਪਨੇ ਦੀ ਸਫਲਤਾ ਹੈ। ਇੱਕ ਮਾਂ ਦੀ ਮਿਹਨਤ ਦੀ ਸਫਲਤਾ ਹੈ, ਇੱਕ ਪਰਿਵਾਰ ਦੇ ਪੰਜਾਹ ਸਾਲਾਂ ਦੇ ਸਬਰ ਦੀ ਸਫਲਤਾ ਹੈ। ਅਤੇ ਸਭ ਤੋਂ ਵੱਡੀ ਗੱਲ ਜੋ ਇਹ ਸਾਬਤ ਕਰਦੀ ਹੈ ਕਿ ਸੁਪਨੇ ਕਈ ਵਾਰ ਇੱਕ ਜ਼ਿੰਦਗੀ ਵਿੱਚ ਪੂਰੇ ਨਹੀਂ ਹੁੰਦੇ, ਉਹ ਕਈ ਪੀੜ੍ਹੀਆਂ ਲੈ ਲੈਂਦੇ ਹਨ।
ਇੱਕ ਪੀੜ੍ਹੀ ਸੁਪਨਾ ਦੇਖਦੀ ਹੈ, ਦੂਜੀ ਉਸ ਲਈ ਮਿੱਟੀ ਤਿਆਰ ਕਰਦੀ ਹੈ, ਤੀਜੀ ਉਸ ਵਿੱਚ ਪਾਣੀ ਪਾਉਂਦੀ ਹੈ ਤੇ ਕਈ ਵਾਰ ਚੌਥੀ ਪੀੜ੍ਹੀ ਉਸਦਾ ਫਲ ਖਾਂਦੀ ਹੈ। ਪਰ ਉਸ ਫਲ ਵਿੱਚ ਪਹਿਲੀ ਪੀੜ੍ਹੀ ਦਾ ਵੀ ਹਿੱਸਾ ਹੁੰਦਾ ਹੈ। ਅੱਜ ਮੈਂ ਆਪਣੇ ਸਵਰਗਵਾਸੀ ਪਾਪਾ ਜੀ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂ। ਜਿੱਥੇ ਵੀ ਉਹ ਹੋਣਗੇ, ਸ਼ਾਇਦ ਅੱਜ ਆਪਣੇ ਉਨ੍ਹਾਂ ਪੁਰਾਣੇ ਸਾਈਕਲ ਵਾਲੇ ਦਿਨਾਂ ਨੂੰ ਯਾਦ ਕਰ ਰਹੇ ਹੋਣਗੇ। ਸ਼ਾਇਦ ਉਨ੍ਹਾਂ ਨੂੰ ਉਹ ਜਲੰਧਰ ਦੀਆਂ ਸੜਕਾਂ ਯਾਦ ਆਉਂਦੀਆਂ ਹੋਣਗੀਆਂ। ਸ਼ਾਇਦ ਉਹ ਫਿਲਮਾਂ ਦੇ ਉਹ ਸ਼ੋਅ ਯਾਦ ਕਰਦੇ ਹੋਣਗੇ ਤੇ ਸ਼ਾਇਦ ਉਹ ਮੁਸਕਰਾ ਰਹੇ ਹੋਣਗੇ ਕਿ “ਜਿਹੜੀਆਂ ਫਿਲਮਾਂ ਮੈਂ ਦੇਖਣ ਜਾਂਦਾ ਸਾਂ, ਅੱਜ ਮੇਰੇ ਘਰ ਦੇ ਬੱਚੇ ਉਨ੍ਹਾਂ ਫਿਲਮਾਂ ਦਾ ਹਿੱਸਾ ਬਣ ਰਹੇ ਨੇ।” ਇਸ ਤੋਂ ਵੱਡੀ ਖੁਸ਼ੀ ਇੱਕ ਪਿਉ ਲਈ ਹੋਰ ਕੀ ਹੋ ਸਕਦੀ ਹੈ?
ਇਸ ਸਫਰ ਵਿੱਚ ਮੇਰੇ ਲਈ ਇੱਕ ਹੋਰ ਬਹੁਤ ਭਾਵੁਕ ਪਲ ਉਦੋਂ ਆਇਆ, ਜਦੋਂ ਮੇਰੇ ਪੁੱਤਰ ਹਾਰਦਿਕ ਗੱਬੀ ਨੇ ਇੱਕ ਦਿਨ ਅਚਾਨਕ ਮੈਨੂੰ ਕਿਹਾ, “ਡੈਡੀ, ਮੈਂ ਆਪਣਾ ਨਾਮ ਬਦਲਣ ਲੱਗਾ ਹਾਂ।”
ਮੈਂ ਪੁੱਛਿਆ, “ਇਸ ਨਾਮ ਵਿੱਚ ਕੀ ਬੁਰਾਈ ਹੈ?”
ਉਹ ਕਹਿੰਦਾ, “ਬੁਰਾਈ ਕੋਈ ਨਹੀਂ, ਪਰ ਮੈਂ ਆਪਣਾ ਨਾਮ ਬਦਲਣਾ ਚਾਹੁੰਦਾ ਹਾਂ।”
ਮੈਂ ਕਿਹਾ, “ਚੱਲ, ਬਦਲ ਲੈ ਪਰ ਨਵਾਂ ਨਾਮ ਕੀ ਰੱਖਣਾ ਹੈ?”
ਉਸਨੇ ਕਿਹਾ, “ਮੈਂ ਆਪਣਾ ਨਾਮ ਆਪਣੇ ਦਾਦਾ ਜੀ ਦੇ ਨਾਮ ’ਤੇ ਰੱਖਣਾ ਚਾਹੁੰਦਾ ਹਾਂ- ਪੂਰਨ ਗੱਬੀ।”
ਉਸ ਵੇਲੇ ਮੈਨੂੰ ਇਹ ਗੱਲ ਥੋੜ੍ਹੀ ਅਜੀਬ ਜਿਹੀ ਲੱਗੀ। ਮਨ ਵਿੱਚ ਇੱਕ ਪਲ ਲਈ ਇਹ ਵੀ ਆਇਆ ਕਿ ਮੈਂ ਪੂਰਨ ਦਾ ਪੁੱਤਰ ਤੇ ਪੂਰਨ ਦਾ ਪਿਤਾ ਬਣ ਜਾਵਾਂਗਾ ਪਰ ਸਮੇਂ ਦੇ ਨਾਲ ਮੈਨੂੰ ਇਸ ਨਾਮ ਦਾ ਅਰਥ ਬਿਲਕੁਲ ਵੱਖਰਾ ਨਜ਼ਰ ਆਉਣ ਲੱਗਾ। ਅਸੀਂ ਅਕਸਰ ਸੁਣਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਪਰ ਇੱਥੇ ਮੈਨੂੰ ਲੱਗਿਆ ਕਿ ਇਤਿਹਾਸ ਸਿਰਫ ਦੁਹਰਾਇਆ ਨਹੀਂ ਗਿਆ ਸਗੋਂ ਉਸਨੇ ਇੱਕ ਚੱਕਰ ਪੂਰਾ ਕੀਤਾ ਹੈ। ਮੇਰੇ ਪਿਤਾ ਪੂਰਨ ਚੰਦ, ਜਿਨ੍ਹਾਂ ਦੀਆਂ ਅੱਖਾਂ ਵਿੱਚ ਫਿਲਮਾਂ ਦੇਖਣ ਦਾ ਸੁਪਨਾ ਸੀ, ਜਿਹੜੇ ਸਾਈਕਲ ’ਤੇ ਫੇਰੀ ਲਾ ਕੇ ਆਪਣੀ ਜ਼ਿੰਦਗੀ ਚਲਾਉਂਦੇ ਰਹੇ, ਉਨ੍ਹਾਂ ਦਾ ਨਾਮ ਅੱਜ ਮੇਰੇ ਪੁੱਤਰ ਨੇ ਆਪਣੇ ਨਾਮ ਦਾ ਹਿੱਸਾ ਬਣਾ ਲਿਆ। ਹੁਣ ਜਦੋਂ ਵੀ ਵੱਡੇ ਪਰਦੇ ’ਤੇ ‘ਪੂਰਨ ਗੱਬੀ” ਦਾ ਨਾਮ ਆਵੇਗਾ ਤਾਂ ਮੇਰੇ ਲਈ ਉਹ ਸਿਰਫ ਮੇਰੇ ਪੁੱਤਰ ਦਾ ਨਾਮ ਨਹੀਂ ਹੋਵੇਗਾ। ਉਹ ਮੇਰੇ ਪੁੱਤਰ ਵੱਲੋਂ ਆਪਣੇ ਦਾਦਾ ਨੂੰ ਦਿੱਤੀ ਇੱਕ ਵੱਡੀ ਸ਼ਰਧਾਂਜਲੀ ਅਤੇ ਵਿਲੱਖਣ ਤੋਹਫਾ ਹੋਵੇਗਾ। ਮੈਨੂੰ ਲੱਗੇਗਾ ਕਿ ਪੂਰਨ ਗੱਬੀ ਅਸਲ ਵਿੱਚ ਪਾਪਾ ਦਾ ਹੀ ਇੱਕ ਅੰਸ਼ ਹੈ, ਜੋ ਮੇਰੇ ਪਿਤਾ ਤੋਂ ਮੇਰੇ ਵਿੱਚ ਆਇਆ ਤੇ ਮੇਰੇ ਰਾਹੀਂ ਮੇਰੇ ਪੁੱਤਰ ਤਕ ਪਹੁੰਚਿਆ ਤੇ ਹੁਣ ਮੇਰੇ ਪੁੱਤਰ ਦੇ ਨਾਮ ਨਾਲ ਵੱਡੇ ਪਰਦੇ ਤਕ ਜਾ ਰਿਹਾ ਹੈ। ਸ਼ਾਇਦ ਇਹੀ ਹੁੰਦੀ ਹੈ ਵਿਰਾਸਤ, ਜਦੋਂ ਇੱਕ ਇਨਸਾਨ ਦੀ ਕਹਾਣੀ ਉਸਦੀ ਜ਼ਿੰਦਗੀ ਤੋਂ ਅੱਗੇ ਨਿਕਲ ਕੇ ਅਗਲੀ ਪੀੜ੍ਹੀ ਦੇ ਨਾਮ ਵਿੱਚ ਜਿਊਂਦੀ ਰਹਿੰਦੀ ਹੈ।
ਪੂਰਨ ਚੰਦ ਦੇ ਪੁੱਤਰ ਗੋਵਰਧਨ ਗੱਬੀ ਵੱਲੋਂ ਆਪਣੇ ਸਵਰਗਵਾਸੀ ਪਾਪਾ ਜੀ ਨੂੰ ਬਹੁਤ-ਬਹੁਤ ਵਧਾਈਆਂ। ਅੱਜ ਵੀ ਸਾਡੇ ਵਿੱਚ ਮੌਜੂਦ ਸਾਡੀ ਮਾਂ ਬਚਨਾ ਦੇਵੀ ਨੂੰ ਵੀ ਦਿਲੋਂ ਬਹੁਤ-ਬਹੁਤ ਵਧਾਈਆਂ। ਅਸਲ ਵਿੱਚ ਇਹ ਸਫਰ ਸਿਰਫ ਵਾਮਿਕਾ ਅਤੇ ਪੂਰਨ ਦਾ ਨਹੀਂ, ਇਹ ਸਾਡੇ ਸਾਰੇ ਪਰਿਵਾਰ ਦਾ ਸਫਰ ਹੈ। ਇਹ ਉਸ ਸੁਪਨੇ ਦਾ ਸਫਰ ਹੈ, ਜਿਹੜਾ ਸ਼ਾਇਦ ਪੰਜਾਹ ਸਾਲ ਪਹਿਲਾਂ ਇੱਕ ਫੇਰੀਵਾਲੇ ਭਾਈ ਦੀਆਂ ਅੱਖਾਂ ਵਿੱਚ ਬੀਜਿਆ ਗਿਆ ਸੀ। ਉਹ ਬੀਜ ਮਿੱਟੀ ਵਿੱਚ ਪਿਆ ਰਿਹਾ, ਸਾਲਾਂ ਤਕ, ਦਹਾਕਿਆਂ ਤਕ ਫਿਰ ਖੂਨ ਵਿੱਚ ਚੱਲਿਆ। ਪੀੜ੍ਹੀ ਤੋਂ ਪੀੜ੍ਹੀ ਤਕ ਗਿਆ ਤੇ ਅੱਜ ਆ ਕੇ ਇੱਕ ਰੁੱਖ ਬਣ ਰਿਹਾ ਹੈ। ਹਾਲੇ ਇਹ ਰੁੱਖ ਹੋਰ ਵੱਡਾ ਹੋਣਾ ਹੈ। ਹਾਲੇ ਹੋਰ ਫਲ ਲੱਗਣੇ ਹਨ। ਹਾਲੇ ਹੋਰ ਕਹਾਣੀਆਂ ਲਿਖੀਆਂ ਜਾਣੀਆਂ ਹਨ ਤੇ ਪਾਪਾ ਦੀ ਇਸ ਕਹਾਣੀ ਦੇ ਪਿੱਛੇ ਜੋ ਕੁਝ ਹੋਰ ਲੁਕਿਆ ਹੋਇਆ ਹੈ, ਉਹ ਸਾਹਮਣੇ ਆਵੇਗਾ। ਕੁਦਰਤ ਮਿਹਰ ਬਣਾਈ ਰੱਖੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































