“ਮਾਮਾ ਜੀ, ਇਹ ਪੈਸੇ ਵਾਪਸ ਨਹੀਂ ਮਿਲਣੇ ਕਿਉਂਕਿ ਬੈਂਕ ਦੀਆਂ ਨਜ਼ਰਾਂ ਵਿੱਚ ...”
(11 ਮਾਰਚ 2025)
ਪਿਛਲੇ ਕੁਝ ਅਰਸੇ ਤੋਂ ਰੋਜ਼ ਬੈਂਕਾਂ ਵਿੱਚ ਹੋ ਰਹੇ ਡਿਜਿਟਲ ਆਰਥਿਕ ਅਪਰਾਧ, ਧੋਖਾਧੜੀਆਂ ਅਤੇ ਨਜਾਇਜ਼ ਲੈਣ ਦੇਣ ਦੀਆਂ ਖ਼ਬਰਾਂ ਸੁਣਨ ਤੇ ਦੇਖਣ ਨੂੰ ਮਿਲ ਰਹੀਆਂ ਹਨ। ਜਦੋਂ ਦੀਆਂ ਨਿੱਜੀ ਕੰਪਨੀਆਂ ਨੇ ਬੈਂਕਾਂ ਦੇ ਡਿਜਿਟਲ ਲੈਣ ਦੇਣ ਵਾਲੀਆਂ ਐਪਸ ਸ਼ੁਰੂ ਕੀਤੀਆਂ ਹਨ ਉਦੋਂ ਤੋਂ ਇਨ੍ਹਾਂ ਦਗ਼ੇਬਾਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਸ਼ਾਤਿਰ ਅਪਰਾਧੀ ਭਾਂਤ ਭਾਂਤ ਦੇ ਤਰੀਕਿਆਂ ਨਾਲ ਆਮ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਲਾਟਰੀ, ਇੰਨਸੋਰੈਂਸ, ਡਿਜਿਟਲ ਗ੍ਰਿਫ਼ਤਾਰੀ ਆਦਿ ਦਾ ਲੋਭ ਤੇ ਡਰ ਦੇ ਕੇ ਉਹ ਆਮ ਲੋਕਾਂ ਤੋਂ ਪੈਸੇ ਦੀ ਲੁੱਟ ਰਹੇ ਹਨ। ਸਰਕਾਰ ਅਤੇ ਬੈਂਕ ਵੀ ਇਨ੍ਹਾਂ ਲੁਟੇਰਿਆਂ ਤੋਂ ਬਚਣ ਲਈ ਅਖ਼ਬਾਰਾਂ, ਟੀਵੀ ਅਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਾਂ ਰਾਹੀਂ ਲਗਾਤਾਰ ਸੁਚੇਤ ਕਰ ਰਹੇ ਹਨ ਪਰ ਇਨ੍ਹਾਂ ਮਾਮਲਿਆਂ ਉੱਪਰ ਠੱਲ੍ਹ ਪੈਂਦੀ ਫ਼ਿਲਹਾਲ ਨਜ਼ਰ ਨਹੀਂ ਆ ਰਹੀ। ਸੈਂਕੜਿਆਂ ਤੋਂ ਲੈ ਕੇ ਕਰੋੜਾਂ ਰੁਪਇਆਂ ਦੇ ਧੋਖਾਧੜੀ ਦੇ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ। ਬੈਂਕਾਂ ਨੇ ਆਪਣੇ ਸਾਇਬਰ ਕਰਾਇਮ ਵਿੰਗ ਵੀ ਖੋਲ੍ਹੇ ਹੋਏ ਹਨ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਨੇ ਵੀ ਆਪਣੇ ਸਾਇਬਰ ਕਰਾਇਮ ਵਿਭਾਗ ਬਣਾਏ ਹੋਏ ਹਨ ਪਰ ਹੁਣ ਤਕ ਇਨ੍ਹਾਂ ਮਾਮਲਿਆਂ ਉੱਪਰ ਨਕੇਲ ਪਾਉਣ ਦਾ ਕੋਈ ਪੁਖਤਾ ਹੱਲ ਕਿਸੇ ਕੋਲ ਨਜ਼ਰ ਨਹੀਂ ਆ ਰਿਹਾ। ਸਾਡੇ ਘਰ ਵਿੱਚ ਵੀ ਇਨ੍ਹਾਂ ਅਪਰਾਧਾਂ ਬਾਰੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਅਸੀਂ ਇੱਕ ਦੂਸਰੇ ਨੂੰ ਸੁਚੇਤ ਕਰਦੇ ਰਹਿੰਦੇ ਹਾਂ ਪਰ ਉਸਦੇ ਬਾਵਜੂਦ ਵੀ ਇੱਕ ਅਜਿਹਾ ਕਾਰਾ ਮੇਰੀ ਪਤਨੀ ਰਾਜ ਕੁਮਾਰੀ ਨਾਲ ਵੀ ਪਿਛਲੇ ਦਿਨੀਂ ਵਾਪਰਿਆ ਹੈ।
ਰਾਜ ਕੁਮਾਰੀ ਰੋਜ਼ੀ ਰੋਟੀ ਦੇ ਚੱਕਰਾਂ ਵਿੱਚ ਮੁਹਾਲੀ ਦੇ ਇੱਕ ਪਿੰਡ ਵਿੱਚ ਪਿਛਲੇ ਤੀਹ ਕੁ ਸਾਲਾਂ ਤੋਂ ਇੱਕ ਛੋਟਾ ਜਿਹਾ ਨਿੱਜੀ ਸਕੂਲ ਚਲਾਉਂਦੀ ਆ ਰਹੀ ਹੈ, ਜਿਸ ਵਿੱਚ ਆਮ ਤੌਰ ’ਤੇ ਆਰਥਿਕ ਪੱਖ ਤੋਂ ਕਮਜ਼ੋਰ ਲੋਕਾਂ ਦੇ ਬੱਚੇ ਸਿੱਖਿਆ ਲੈਂਦੇ ਹਨ। ਉਹਨਾਂ ਵਿੱਚ ਵੀ ਜ਼ਿਆਦਾਤਰ ਪ੍ਰਵਾਸੀ ਲੋਕਾਂ ਦੇ ਬੱਚੇ ਸ਼ਾਮਿਲ ਹਨ। ਬਿਲਡਿੰਗ ਕਿਰਾਏ ਉੱਪਰ ਹੈ। ਵਿਦਿਆਰਥੀਆਂ ਦੀ ਗਿਣਤੀ ਅਕਸਰ ਡੇਢ-ਦੋ ਸੌ ਦੇ ਵਿਚਕਾਰ ਰਹਿੰਦੀ ਹੈ। ਹੋਇਆ ਇੰਜ ਕਿ ਬੀਤੇ ਸਾਲ ਦੇ ਨਵੰਬਰ ਮਹੀਨੇ ਦੀ ਸਤਾਈ ਤਾਰੀਖ ਦਿਨ ਬੁੱਧਵਾਰ ਦੀ ਸ਼ਾਮ ਦੇ ਸਾਢੇ ਕੁ ਪੰਜ ਵਜੇ ਰਾਜ ਕੁਮਾਰੀ ਦੇ ਮੁਬਾਈਲ ਫ਼ੋਨ ਉੱਪਰ ਘੰਟੀ ਵੱਜੀ। ਫ਼ੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਉਸਦੇ ਸਕੂਲ ਦੀ ਪੰਜਵੀਂ ਜਮਾਤ ਦੇ ਫਲਾਣੇ ਬੱਚੇ ਦਾ ਪਿਤਾ ਬੋਲ ਰਿਹਾ ਹੈ। ਕੁਝ ਦਾਖਲਾ ਫੀਸ ਤੇ ਮਹੀਨੇਵਾਰ ਫੀਸ ਜਮ੍ਹਾਂ ਨਹੀਂ ਕਰਵਾਈਹੈ। ਕੁੱਲ ਰਾਸ਼ੀ ਸੱਤ ਹਜ਼ਾਰ ਹੈ। ਉਹਨੇ ‘ਗੂਗਲ ਪੇ’ ਰਾਹੀਂ ਫੀਸ ਟਰਾਂਸਫਰ ਕਰਵਾਉਣ ਦੀ ਗੱਲ ਕੀਤੀ। ਰਾਜ ਕੁਮਾਰੀ ਨੇ ਬਹੁਤੀ ਪੁੱਛ ਪੜਤਾਲ ਕਰਨੀ ਜ਼ਰੂਰੀ ਨਾ ਸਮਝੀ ਤੇ ਹਾਮੀ ਭਰ ਦਿੱਤੀ। ਥੋੜ੍ਹੀ ਦੇਅਰ ਬਾਅਦ ਹੀ ਰਾਜ ਕੁਮਾਰੀ ਨੂੰ ਰੂਟੀਨ ਦੀ ਤਰ੍ਹਾਂ ਮੁਬਾਈਲ ਫ਼ੋਨ ਉੱਪਰ ਸੱਤ ਹਜ਼ਾਰ ਦੀ ਥਾਂ ਸੱਤਰ ਹਜ਼ਾਰ ਰੁਪਏ ਖਾਤੇ ਵਿੱਚ ਜਮ੍ਹਾਂ ਹੋਣ ਦਾ ਸੁਨੇਹਾ ਆ ਗਿਆ। ਨਾਲੋ ਨਾਲ ਹੀ ਉਸ ਭਾਈ ਦਾ ਫ਼ੋਨ ਆ ਗਿਆ ਕਿ ਉਸ ਤੋਂ ਗ਼ਲਤੀ ਨਾਲ ਸੱਤ ਦੀ ਬਜਾਏ ਸੱਤਰ ਹਜ਼ਾਰ ਰੁਪਏ ਟਰਾਂਸਫਰ ਹੋ ਗਏ ਹਨ। ਉਹਨੇ ਰਾਜ ਕੁਮਾਰੀ ਨੂੰ ਸੱਤ ਹਜ਼ਾਰ ਮਨਫ਼ੀ ਕਰਕੇ ਤ੍ਰੇਹਠ ਹਜ਼ਾਰ ਰੁਪਏ ਵਾਪਸ ਟਰਾਂਸਫਰ ਕਰਨ ਦੀ ਬਿਨਤੀ ਕੀਤੀ। ਉਹਨੇ ਦੋ ਤਿੰਨਾਂ ਮਿੰਟਾਂ ਵਿੱਚ ਰਾਜ ਕੁਮਾਰੀ ਦੇ ਦਿਮਾਗ ਨੂੰ ਫ਼ੋਨ ਦੀ ਗੱਲਬਾਤ ਰਾਹੀਂ ਸਮੋਹਨ ਕਰ ਲਿਆ। ਰਾਜ ਕੁਮਾਰੀ ਬਿਨਾਂ ਆਪਣਾ ਬੈਂਕ ਬੈਲੈਂਸ ਦੇਖੇ ਹੀ ਉਸ ਨੂੰ ਪੈਸੇ ਵਾਪਸ ਕਰਨ ਵਾਸਤੇ ਰਾਜ਼ੀ ਹੋ ਗਈ। ਉਸ ਭਾਈ ਨੂੰ ਸ਼ਾਇਦ ਜਾਣਕਾਰੀ ਸੀ ਕਿ ਰਾਜ ਕੁਮਾਰੀ ਦੇ ਖਾਤੇ ਵਿੱਚ ਲਗਭਗ ਬਾਈ ਕੁ ਹਜ਼ਾਰ ਰੁਪਏ ਹਨ। ਉਹਨੇ ਇੱਕ ਹੋਰ ਚਾਲ ਚੱਲੀ। ਰਾਜ ਕੁਮਾਰੀ ਨੂੰ ਪਹਿਲਾਂ ਵੀਹ ਹਜ਼ਾਰ ਤੇ ਫਿਰ ਤਰਤਾਲੀ ਹਜ਼ਾਰ ਰੁਪਏ ਟਰਾਂਸਫਰ ਕਰਨ ਵਾਸਤੇ ਕਿਹਾ। ਰੁਪਏ ਟਰਾਂਸਫਰ ਕਰਨ ਵਾਸਤੇ ਇੱਕ ਨਵਾਂ ਮੁਬਾਈਲ ਨੰਬਰ ਵੀ ਦਿੱਤਾ।
ਰਾਜ ਕੁਮਾਰੀ ਨੇ ਉਸਦੇ ਸਮੋਹਨ ਅੰਦਰ ਹੀ ਵੀਹ ਹਜ਼ਾਰ ਰੁਪਏ ‘ਗੂਗਲ ਪੇ’ ਰਾਹੀਂ ਉਸ ਨੰਬਰ ਉੱਪਰ ਟਰਾਂਸਫਰ ਕਰ ਦਿੱਤੇ। ਫਿਰ ਉਸ ਬੰਦੇ ਨੇ ਬਾਕੀ ਤਰਤਾਲੀ ਹਜ਼ਾਰ ਟਰਾਂਸਫਰ ਕਰਨ ਵਾਸਤੇ ਕਿਹਾ। ਲਗਾਤਾਰ ਸਮੋਹਨ ਦੇ ਪ੍ਰਭਾਵ ਹੇਠਾਂ ਹੀ ਰਾਜ ਕੁਮਾਰੀ ਨੇ ਜਦੋਂ ਤਰਤਾਲੀ ਹਜ਼ਾਰ ਰੁਪਏ ਭੇਜਣ ਵਾਸਤੇ ਆਪਣੇ ਮੁਬਾਈਲ ਫ਼ੋਨ ਦਾ ‘ਭੇਜੋ’ ਬਟਨ ਦੱਬਿਆ ਤਾਂ ਬੈਂਕ ਦਾ ਬਿਜਲਈ ਸੁਨੇਹਾ ਆ ਗਿਆ ਕਿ ਉਸਦੇ ਖਾਤੇ ਵਿੱਚ ਲੋੜੀਂਦੀ ਰਕਮ ਨਹੀਂ ਹੈ।
ਸੁਨੇਹਾ ਦੇਖ ਕੇ ਰਾਜ ਕੁਮਾਰੀ ਦਾ ਦਿਮਾਗ ਸਮੋਹਨ ਤੋਂ ਇੱਕ ਦਮ ਮੁਕਤ ਹੋ ਗਿਆ। ਉਹਨੇ ਆਪਣਾ ਬੈਂਕ ਬੈਲੈਂਸ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਵਿੱਚ ਕੇਵਲ ਦੋ ਹਜ਼ਾਰ ਰੁਪਏ ਦੇ ਕਰੀਬ ਹੀ ਬਚੇ ਹਨ। ਉਹ ਦੌੜਦੀ ਹੋਈ ਮੇਰੇ ਕੋਲ ਆਈ। ਜਲਦੀ ਜਲਦੀ ਉਹਨੇ ਆਪਣੇ ਨਾਲ ਵਾਪਰੇ ਧੋਖੇ ਬਾਰੇ ਦੱਸਿਆ। ਇੰਨੇ ਨੂੰ ਉਸ ਭਾਈ ਦਾ ਫਿਰ ਫ਼ੋਨ ਆ ਗਿਆ। ਪੈਸੇ ਵਾਪਸ ਕਰਨ ਵਾਸਤੇ ਮੈਂ ਉਸ ਨੂੰ ਡਰਾਵਾ ਦਿੱਤਾ ਤੇ ਗਾਲ੍ਹਾਂ ਕੱਢੀਆਂ। ਉਹਨੇ ਫ਼ੋਨ ਬੰਦ ਕਰ ਦਿੱਤਾ।
ਮੈਂ ਰਾਜ ਕੁਮਾਰੀ ਦੇ ਫ਼ੋਨ ਉੱਪਰ ਸੱਤਰ ਹਜ਼ਾਰ ਵਾਲਾ ਸੁਨੇਹਾ ਦੇਖਿਆ। ਉਹ ਫਰਜ਼ੀ ਸੀ। ਜਿਸ ਮੁਬਾਈਲ ਫੋਨ ਉੱਪਰ ਰੁਪਏ ਭੇਜੇ ਸਨ, ਉਹ ਵੀ ਬੰਦ ਪਾਇਆ ਗਿਆ।
ਇੱਕ ਰਿਸ਼ਤੇਦਾਰ ਕੁੜੀ ਨੂੰ, ਜੋ ਇਸੇ ਬੈਂਕ ਦੀ ਇੱਕ ਦੂਸਰੇ ਸੂਬੇ ਦੀ ਬਰਾਂਚ ਵਿੱਚ ਨੌਕਰੀ ਕਰਦੀ ਹੈ, ਅਸੀਂ ਫ਼ੋਨ ਕੀਤਾ। ਤਾਜ਼ੇ ਤਾਜ਼ੇ ਵਾਪਰੇ ਕਾਂਡ ਬਾਰੇ ਦੱਸਿਆ। ਸਾਡਾ ਦੁਖੜਾ ਸੁਣਨ ਤੋਂ ਬਾਅਦ ਉਸਦੀ ਪਹਿਲੀ ਪ੍ਰਤੀਕਿਰਿਆ ਸੀ, “ਮਾਮਾ ਜੀ, ਇਹ ਪੈਸੇ ਵਾਪਸ ਨਹੀਂ ਮਿਲਣੇ ਕਿਉਂਕਿ ਬੈਂਕ ਦੀਆਂ ਨਜ਼ਰਾਂ ਵਿੱਚ ਇਹ ਫਰਾਡ ਨਹੀਂ ਹੈ … … ਕਿਉਂਕਿ ਤੁਸੀਂ ਇਹ ਪੈਸੇ ਆਪਣੀ ਮਰਜ਼ੀ ਅਤੇ ਸੂਝਬੂਝ ਨਾਲ ਭੇਜੇ ਹਨ।”
ਇਹ ਬੋਲ ਸੁਣਦੇ ਹੀ ਸਾਨੂੰ ਅਜੀਬ ਲੱਗਿਅ।
ਅਸੀਂ ਰਾਜ ਕੁਮਾਰੀ ਦੇ ‘ਸਟੇਟ ਬੈਂਕ ਆਫ ਇੰਡੀਆ’ ਦੇ ‘ਕਸਟਮਰ ਕੇਅਰ ਸੈਂਟਰ’ ਨੂੰ ਫੋਨ ਮਿਲਾਇਆ। ਬੈਂਕ ਦੀ ਲੰਮੀ ਬਿਜਲਈ ‘ਕੂ ਕੈਂਅ ਚੈਂਅ’ ਤੋਂ ਬਾਅਦ ਅਸੀਂ ਉਹਨਾਂ ਦੇ ਅਧਿਕਾਰੀ ਨੂੰ ਆਪਣੀ ਦਾਸਤਾਨ ਸੁਣਾਈ, ਫਰਾਡ ਹੋ ਜਾਣ ਵਾਲਾ ਕਿੱਸਾ ਦੱਸਿਆ। ਆਪਣੀ ਸ਼ਿਕਾਇਤ ਦਰਜ਼ ਕਰਵਾਈ। ਬੈਂਕ ਅਧਿਕਾਰੀ ਦੀ ਗੱਲਬਾਤ ਤੋਂ ਵੀ ਇਹੀ ਭਾਸਿਆ ਕਿ ਰਕਮ ਮੁਸ਼ਕਿਲ ਹੀ ਵਾਪਸ ਮਿਲੇਗੀ। ਫਿਰ ਵੀ ਉਹਨੇ ਸ਼ਿਕਾਇਤ ਦਰਜ਼ ਕਰ ਲਈ। ਛੇਤੀ ਹੀ ਬੈਂਕ ਦਾ ਸ਼ਿਕਾਇਤ ਦਰਜ਼ ਹੋਣ ਦਾ ਸੁਨੇਹਾ ਆ ਗਿਆ।
ਤਿੰਨ ਦਿਨ ਬਾਅਦ ਸ਼ਾਮ ਨੂੰ ਫ਼ੋਨ ਉੱਪਰ ਕਸਟਮਰ ਕੇਅਰ ਤੋਂ ਇੱਕ ਬਿਜਲਈ ਸੁਨੇਹਾ ਆਇਆ ਕਿ ਤੁਹਾਡਾ ਮਸਲਾ ਹੱਲ ਹੋ ਗਿਆ ਹੈ। ਅਸੀਂ ਖੁਸ਼ ਹੋ ਗਏ। ਅਸੀਂ ਬੈਂਕ ਬੈਲੇਂਸ ਚੈੱਕ ਕੀਤਾ, ਰਕਮ ਵਾਪਸ ਨਹੀਂ ਸੀ ਆਈ। ਅਸੀਂ ਫਿਰ ਫ਼ੋਨ ਮਿਲਾਇਆ ਤੇ ਸ਼ਿਕਾਇਤ ਅਧਿਕਾਰੀ ਨੂੰ ਆਪਣੇ ‘ਰੁਪਏ ਕਾਂਡ’ ਬਾਰੇ ਦੱਸਿਆ। ਉਹ ਸਾਡੀ ਭਾਣਜੀ ਵਾਲੀ ਭਾਸ਼ਾ ਹੀ ਬੋਲੀ ਅਤੇ ਸਾਨੂੰ ਆਪਣੇ ਬੈਂਕ ਸ਼ਾਖਾ ਵਿੱਚ ਜਾ ਕੇ ਸ਼ਿਕਾਇਤ ਦਰਜ਼ ਕਰਵਾਉਣ ਦੀ ਸਲਾਹ ਦੇ ਕੇ ਫ਼ੋਨ ਬੰਦ ਕਰ ਦਿਤਾ।
ਅਸੀਂ ਸੋਮਵਾਰ ਬੈਂਕ ਜਾ ਕੇ ਆਪਣੀ ਸ਼ਿਕਾਇਤ ਵੇਰਵੇ ਅਤੇ ਸਬੂਤਾਂ ਸਮੇਤ ਦਰਜ਼ ਕਰਵਾਈ। ਅਧਿਕਾਰੀ ਦਾ ਰਵੱਈਆ ਵਧੀਆ ਤਾਂ ਸੀ ਪਰ ਲੱਗਿਆ ਨਾਉਮੀਦਾ ਹੀ। ਉਹ ਕਿਹਾ, “ਤੁਸੀਂ ਵੀਹ ਹਜ਼ਾਰ ਦੀ ਗੱਲ ਕਰਦੇ ਹੋ, ਇੱਥੇ ਤਾਂ ਲੱਖਾਂ ਕਰੋੜਾਂ ਵਾਲੇ ਇਸ ਤਰ੍ਹਾਂ ਦੇ ਕੇਸ ਬੈਂਕ ਨੇ ਇਹ ਕਹਿੰਦੇ ਹੋਏ ਨਕਾਰ ਦਿੱਤੇ ਹਨ ਕਿ ਇਸ ਵਿੱਚ ਬੈਂਕ ਦਾ ਕੋਈ ਕਸੂਰ ਨਹੀਂ ਹੈ … … ਫਿਰ ਵੀ ਕੋਸ਼ਿਸ਼ ਕਰਦੇ ਹਾਂ … … ਤੁਸੀਂ ਸੂਬੇ ਦੇ ‘ਸਾਈਬਰ ਕਰਾਇਮ ਸੈੱਲ’ ਵਾਲਿਆਂ ਨੂੰ ਵੀ ਸੰਪਰਕ ਕਰੋ … ।”
ਅਸੀਂ ਉਸ ਅਧਿਕਾਰੀ ਨੂੰ ਕਿਹਾ ਕਿ ਇਹ ਤੁਹਾਡੇ ਬੈਂਕ ਦਾ ਮਸਲਾ ਹੈ ਸਾਈਬਰ ਕਰਾਇਮ ਦਾ ਨਹੀਂ ਹੈ ਪਰ ਉਹ ਅੱਗੋਂ ਮੁਸਕਰਾ ਪਿਆ।
ਕੁਝ ਦਿਨ ਪਹਿਲਾਂ ਲਗਭਗ ਚਾਰ ਮਹੀਨਿਆਂ ਬਾਅਦ ਬੈਂਕ ਦਾ ਬਿਜਲਈ ਸੁਨੇਹਾ ਆ ਗਿਆ, “ਤੁਹਾਡਾ ‘ਬੈਂਕ ਫਰਾਡ ਵਾਲਾ ਕਾਂਡ’ ਬੈਂਕ ਨੇ ਨਕਾਰ ਦਿੱਤਾ ਹੈ। ਬੈਂਕ ਇਸ ਵਾਸਤੇ ਜ਼ਿੰਮੇਵਾਰ ਨਹੀਂ ਹੈ।”
ਫਿਰ ਅਸੀਂ ਸੂਬੇ ਦੇ ‘ਸਾਈਬਰ ਕਰਾਇਮ ਸੈਲ’ ਵੱਲ ਰੁਖ਼ ਕੀਤਾ। ਉਮੀਦ ਉੱਥੇ ਵੀ ਕੋਈ ਨਾ ਦਿਸੀ।
ਮੇਰਾ ਸਾਰੇ ਲੋਕਾਂ, ਬੈਂਕਾਂ, ਪੁਲਿਸ ਅਤੇ ਸਰਕਾਰਾਂ ਨੂੰ ਇੱਕੋ ਸਵਾਲ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ ਦਾ ਹੱਲ ਕਿਸ ਕੋਲ ਹੈ?
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (