SarwanSingh7ਆਲਮੀ ਕੱਪ ਖੇਡਣ ਦੇ ਦਿਨ ਤਾਂ ਬੇਸ਼ਕ ਗਿਣਤੀ ਦੇ ਹੁੰਦੇ ਹਨ ਅਤੇ ਮੈਚ ਵੀ ...
(29 ਜੁਲਾਈ 2026)


ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰੌਂ ਵਿੱਚ ਕਿਹਾ ਸੀ ਕਿ 22 ਜਣੇ ਮੂਰਖ ਹਨ ਜਿਹੜੇ ਇੱਕ ਬਾਲ ਪਿੱਛੇ ਸਿਰਤੋੜ ਦੌੜੇ ਫਿਰਦੇ ਹਨ
11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ ਹਨ ਤੇ 11 ਜਣੇ ਦੂਜੇ ਪਾਸੇ ਨੂੰ, ਕਮਲੇ ਨਾ ਹੋਣ ਕਿਤੋਂ ਦੇ!

ਉਹ 22 ਜਣੇ ਤਾਂ ਪਤਾ ਨਹੀਂ ਕਿੰਨੇ ਕੁ ਕਮਲੇ ਹੋਣਗੇ ਪਰ ਸਚਾਈ ਇਹੋ ਹੈ ਕਿ ਉਨ੍ਹਾਂ ਨੇ ਸਿਆਣੀ ਬਿਆਣੀ ਅੱਧੋਂ ਵੱਧ ਦੁਨੀਆ ਕਮਲੀ ਕੀਤੀ ਪਈ ਹੈ! ਕੋਈ ਮੰਨੇ ਨਾ ਮੰਨੇ, ਫੁੱਟਬਾਲ ਦੀ ਖੇਡ ਵਿੱਚ ਕਮਾਲ ਦੀ ਕਸ਼ਿਸ਼ ਹੈਉਹ ਬਾਬੇ ਬਰਨਾਰਡ ਸ਼ਾਅ ਨੂੰ ਤਾਂ ਭਾਵੇਂ ਆਪਣੇ ਵੱਲ ਨਹੀਂ ਖਿੱਚ ਸਕੀ ਪਰ ਪੂਰੇ ਸੰਸਾਰ ਨੂੰ ਆਪਣੇ ਪੰਜਿਆਂ ਵਿੱਚ ਜਕੜੀ ਬੈਠੀ ਹੈਆਲਮੀ ਕੱਪ ਦੇ ਮੈਚਾਂ ਵਿੱਚ ਇੱਕ ਇੱਕ ਕਿੱਕ ਨੇ ਲੱਖਾਂ ਨਿਗਾਹਾਂ ਬੰਨ੍ਹੀ ਰੱਖੀਆਂ ਫੁੱਟਬਾਲ ਸੱਚਮੁੱਚ ਹੀ ਦੁਨੀਆਂ ਦੀ ਸਭ ਤੋਂ ਵੱਧ ਦਰਸ਼ਨੀ ਖੇਡ ਸਾਬਤ ਹੋਈ ਹੈ ਤਦ ਹੀ ਇਹ ਦੁਨੀਆਂ ਦੇ ਸਾਰੇ ਹੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ ਫੁੱਟਬਾਲ ਦੀ ਕੌਮਾਂਤਰੀ ਫੈਡਰੇਸ਼ਨ ‘ਫੀਫਾ’ ਦੇ 211 ਦੇਸ਼ ਤੇ ਖੇਤਰ ਮੈਂਬਰ ਹਨ

2022 ਦਾ 22ਵਾਂ ਆਲਮੀ ਕੱਪ 5 ਅਰਬ ਲੋਕਾਂ ਨੇ ਦੇਖਿਆ ਸੀ ਤੇ 23ਵਾਂ ਕੱਪ 6 ਅਰਬ ਲੋਕਾਂ ਨੇਅਰਬਾਂ ਖਰਬਾਂ ਰੁਪਏ, ਸਮਾਂ ਅਤੇ ਸਾਧਨ ਲੱਗ ਜਾਂਦੇ ਹਨ ਇਨ੍ਹਾਂ ਆਲਮੀ ਕੱਪਾਂ ਉੱਤੇਜੂਨ-ਜੁਲਾਈ ਫੁੱਟਬਾਲ ਦੀ ਚਰਚਾ ਦੇ ਮਹੀਨੇ ਬਣੇ ਰਹੇਤਿੰਨ ਮੁਲਕਾਂ, ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਲੇ 16 ਸ਼ਹਿਰਾਂ ਦੇ ਵਿਸ਼ਾਲ ਸਟੇਡੀਅਮ, ਪ੍ਰਬੰਧਕਾਂ, ਖਿਡਾਰੀਆਂ ਅਤੇ ਮੀਡੀਆਕਾਰਾਂ ਨਾਲ ਭਰਪੂਰ ਰਹੇਕਰੋੜਾਂ, ਅਰਬਾਂ ਡਾਲਰਾਂ ਦੀਆਂ ਸ਼ਰਤਾਂ ਲੱਗੀਆਂ ਤੇ ਸੱਟਾ ਖੇਡਿਆ ਗਿਆਜਿੱਤਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਹਾਰਾਂ ਦੇ ਹੰਝੂ ਵਹਾਏ ਗਏ

ਕੱਪ ਜਿੱਤਣ ਪਿੱਛੋਂ ਜੋ ਜਲੌਅ ਸਪੇਨੀਆਂ ਨੇ ਵਿਖਾਇਆ ਉਹਦੀਆਂ ਕਿਆ ਰੀਸਾਂਕਿਆ ਕਮਾਲ ਦੇ ਨਜ਼ਾਰੇ ਬੱਝੇ ਉਨ੍ਹਾਂ ਦੀ ਰਾਜਧਾਨੀ ਮੈਡਰਿਡ ਵਿੱਚ! ਫੀਫਾ ਕੱਪ ਜਿੱਤਣ ਦੀ ਖਬਰ ਤੋਂ ਵੱਡੀ ਖਬਰ ਕੇਵਲ ਤੀਜੀ ਆਲਮੀ ਜੰਗ ਹੀ ਹੋ ਸਕਦੀ ਸੀਡੇਢ ਮਹੀਨਾ ਰੇਡੀਓ, ਟੀ.ਵੀ, ਅਖਬਾਰ ਅਤੇ ਇੰਟਰਨੈੱਟ ਆਲਮੀ ਕੱਪ ਦੀਆਂ ਖਬਰਾਂ ਨਾਲ ਭਰੇ ਰਹੇ22 ਬੰਦਿਆਂ ਦੇ ਪੈਰਾਂ ਅਤੇ ਸਿਰਾਂ ਦੀ ਖੇਡ ਨੇ ਕਰੋੜਾਂ ਲੋਕਾਂ ਦੇ ਸਿਰ ਘੁਮਾਈ ਰੱਖੇ ਤੇ ਫੁੱਟਬਾਲ ਦੇ ਦੀਵਾਨਿਆਂ ਨੂੰ ਪਹਿਲੇ ਤੋੜ ਦਾ ਨਸ਼ਾ ਚਾੜ੍ਹੀ ਰੱਖਿਆ! ਉਨ੍ਹਾਂ ਦੀ ਹਾਤ-ਹੂਤ ਦੀਆਂ ਕਿਲਕਾਰੀਆਂ ਪੂਰੇ ਜੱਗ ਜਹਾਨ ਦੀ ਹਵਾ ਵਿੱਚ ਗੂੰਜਦੀਆਂ ਰਹੀਆਂ

ਫੁੱਟਬਾਲ ਦੇ ਸ਼ੈਦਾਈ ਮੁਲਖਈਏ ਨੇ ਤਾਂ ਸ਼ਰਤਾਂ ਲਾਉਣੀਆਂ ਹੀ ਸਨ, ਅਰਜਨਟੀਨਾ ਅਤੇ ਸਪੇਨ ਦੇ ਹਿਮਾਇਤੀਆਂ ਨੇ ਵੀ ਜਿੱਤ ਹਾਰ ਦਾ ਜੂਆ ਖੇਡਣਾ ਸੀ, ਹੈਰਾਨੀ ਇਸ ਗੱਲ ਦੀ ਸੀ ਕਿ ਬਠਿੰਡੇ ਦੇ ਬਾਣੀਏਂ, ਜਿਨ੍ਹਾਂ ਦਾ ਫੁੱਟਬਾਲ ਨਾਲ ਕੋਈ ਲੈਣ ਦੇਣ ਨਹੀਂ ਸੀ, ਉਨ੍ਹਾਂ ਨੇ ਵੀ ਅਰਜਨਟੀਨਾ ਜਾਂ ਸਪੇਨ ਦੀ ਹਾਰ ਜਿੱਤ ਉੱਤੇ ਲੱਖਾਂ ਦਾ ਸੱਟਾ ਖੇਡਿਆ

90 ਮਿੰਟਾਂ ਦੇ ਮੈਚ ਪਿੱਛੋਂ ਵਾਧੂ ਸਮੇਂ ਵਿੱਚ ਆਖਰ ਸਪੇਨ ਨੇ 1-0 ਗੋਲ ਨਾਲ 2026 ਦਾ ਆਲਮੀ ਕੱਪ ਜਿੱਤ ਲਿਆ ਜੋ ਉਸਦਾ ਦੂਜਾ ਵਿਸ਼ਵ ਕੱਪ ਹੈਗੋਲਡਨ ਟਰਾਫੀ ਦੇ ਨਾਲ ਗੋਲਡਨ ਬਾਲ ਅਤੇ ਗੋਲਡਨ ਗਲੱਬਜ਼ ਦੇ ਵਕਾਰੀ ਅਵਾਰਡ ਵੀ ਸਪੇਨੀ ਖਿਡਾਰੀਆਂ ਨੇ ਹੀ ਜਿੱਤੇਫਰਾਂਸ ਦਾ ਕਿਲੀਅਨ ਅਮਬਾਪੇ ਇਸ ਆਲਮੀ ਕੱਪ ਵਿੱਚ 10 ਗੋਲ ਕਰ ਕੇ ਗੋਲਡਨ ਬੂਟ ਦਾ ਅਵਾਰਡ ਜਿੱਤਿਆਲਿਓਨਲ ਮੈਸੀ, ਜਿਸਦੀ ਵਰ੍ਹਿਆਂ ਤੋਂ ਫੁੱਟਬਾਲ ਦੀ ਖੇਡ ਵਿੱਚ ਸਰਦਾਰੀ ਸੀ, 8 ਗੋਲਾਂ ਨਾਲ ਉਸ ਤੋਂ ਪਿੱਛੇ ਰਹਿ ਗਿਆ ਕੁੱਲ ਆਲਮੀ ਕੱਪਾਂ ਵਿੱਚ ਵੀ 21 ਗੋਲ ਕਰਨ ਦੇ ਬਾਵਜੂਦ ਉਹ ਕਿਲੀਅਨ ਅਮਬਾਪੇ ਦੇ 22 ਗੋਲ ਹੋ ਜਾਣ ਨਾਲ ਦੂਜੀ ਥਾਂ ਜਾ ਪਿਆਮੈਸੀ ਦੀ ਜਿੰਨੀ ਚੜ੍ਹਾਈ ਸੀ, ਮਹਿਮਾ ਸੀ, ਪਈ ਮੈਸੀ ਮੈਸੀ ਹੁੰਦੀ ਸੀ, ਫਾਈਨਲ ਮੈਚ ਵਿੱਚ ਹੋਈ ਹਾਰ ਨਾਲ ਉਹਦੀਆਂ ਧਾਹਾਂ ਨਾ ਨਿਕਲਦੀਆਂ ਤਾਂ ਹੋਰ ਕੀ ਨਿਕਲਦਾ!

ਰਿਸ਼ਤਾ ਅਰਜਨਟੀਨਾ ਅਤੇ ਸਪੇਨ ਦੇ ਸ਼ਰੀਕ ਹੋਣ ਦਾ ਵੀ ਸੀਕਿਹਾ ਜਾਂਦਾ ਹੈ ਕਿ ਸ਼ਰੀਕ ਮੋਹ ਵੀ ਸਭ ਤੋਂ ਵੱਧ ਕਰਦਾ ਹੈ ਤੇ ਖੋਰ (ਖਾਰ) ਵੀ ਸਭ ਤੋਂ ਵੱਧ ਰੱਖਦਾ ਹੈਫਾਈਨਲ ਮੈਚ ਦੇ ਖੇਡ ਮੈਦਾਨ ਦੀ ਭਾਸ਼ਾ ਅਰਜਨਟੀਨਾ ਅਤੇ ਸਪੇਨ ਦੇ ਖਿਡਾਰੀਆਂ ਦੀ ਇੱਕੋ ਸੀ: ਸਪੈਨਿਸ਼ਐਨ ਉਵੇਂ ਜਿਵੇਂ ਹਾਕੀ ਦੇ ਓਲੰਪਿਕ ਤੇ ਹੋਰ ਮੈਚਾਂ ਵਿੱਚ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਖੇਡ ਭਾਸ਼ਾ ‘ਲਈਂ ਨੂਰਿਆ, ਦੇਈਂ ਬੀਰਿਆ’ ਬੋਲਦਿਆਂ ਪੰਜਾਬੀ ਹੁੰਦੀ ਹੈਜਿਵੇਂ ਭਾਰਤੀ ਅਤੇ ਪਾਕਿਸਤਾਨੀ ਸ਼ਰੀਕ ਹੋਣ ਦੇ ਨਾਤੇ ਕਦੇ ਮੋਹ ਪਾਲ਼ ਲੈਂਦੇ ਤੇ ਕਦੇ ਭਿੜ ਪੈਂਦੇ ਹਨ, ਉਵੇਂ ਅਰਜਨਟੀਨੀਏ ਤੇ ਸਪੇਨੀਏ ਵੀ ਮੈਚ ਪਿੱਛੋਂ ਆਪਸ ਵਿੱਚ ਭਿੜੇ

ਫੀਫਾ ਦਾ ਫੁੱਟਬਾਲ ਕੱਪ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈਇਹ ਓਲੰਪਿਕ ਖੇਡਾਂ ਦੇ ਅੱਧ ਵਿਚਾਲੇ ਹਰ ਚਹੁੰ ਸਾਲੀਂ ਹੁੰਦਾ ਹੈਆਧੁਨਿਕ ਓਲੰਪਿਕ ਖੇਡਾਂ 1896 ਤੋਂ ਸ਼ੁਰੂ ਹੋਈਆਂ ਸਨ ਤੇ ਫੀਫਾ ਆਲਮੀ ਕੱਪ 1930 ਤੋਂ ਸ਼ੁਰੂ ਹੋਇਆ2018 ਦਾ 21ਵਾਂ ਆਲਮੀ ਕੱਪ 3.57 ਬਿਲੀਅਨ ਭਾਵ 357 ਕਰੋੜ ਦਰਸ਼ਕਾਂ ਨੇ ਦੇਖਿਆ ਸੀ2022 ਦਾ ਕੱਪ 500 ਕਰੋੜ ਯਾਨੀ ਦੁਨੀਆ ਦੀ ਅੱਧੋਂ ਵੱਧ ਅਬਾਦੀ ਨੇ ਦੇਖਿਆ11 ਜੂਨ 2026 ਤੋਂ ਸ਼ਰੂ ਹੋਏ ਤੇ 19 ਜੁਲਾਈ ਨੂੰ ਸਮਾਪਤ ਹੋਏ ਅਜੋਕੇ 23ਵੇਂ ਆਲਮੀ ਕੱਪ ਦੇ ਦਰਸ਼ਕਾਂ ਦੀ ਗਿਣਤੀ ਦਾ ਹਿਸਾਬ ਲਾਇਆ ਜਾ ਰਿਹਾ ਹੈ, ਜੋ ਹੋ ਸਕਦਾ ਹੈ 600 ਕਰੋੜ ਤੋਂ ਵੀ ਟੱਪ ਜਾਵੇ! 2022 ਦੇ ਕੱਪ ਦਾ ਫਾਈਨਲ ਮੈਚ ਦੁਨੀਆ ਦੇ ਲਗਭਗ 150 ਕਰੋੜ ਲੋਕਾਂ ਨੇ ਦੇਖਿਆ ਸੀ

ਅਜੋਕੇ ਆਲਮੀ ਕੱਪ ਵਿੱਚ ਪਹਿਲੇ ਸਾਰੇ ਵਿਸ਼ਵ ਕੱਪਾਂ ਨਾਲੋਂ ਵਧੇਰੇ ਕੁੱਲ 104 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ ਫੀਫਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਹੋਏ ਹਨ211 ਦੇਸ਼ਾਂ/ਟੈਰੇਟਰੀਆਂ ਵਿੱਚੋਂ 48 ਦੇਸ਼ਾਂ ਦੀਆਂ ਕੌਮੀ ਟੀਮਾਂ ਆਲਮੀ ਕੱਪ ਲਈ ਕੁਆਲੀਫਾਈ ਕੀਤੀਆਂ ਸਨਚਾਰ ਸਾਲਾਂ ਬਾਅਦ ਹੁੰਦੇ ਆ ਰਹੇ 23 ਆਲਮੀ ਕੱਪਾਂ ਵਿੱਚ ਹੁਣ ਤਕ 80 ਮੁਲਕਾਂ ਦੀਆਂ ਨੈਸ਼ਨਲ ਟੀਮਾਂ ਭਾਗ ਲੈ ਚੁੱਕੀਆਂ ਹਨਉਨ੍ਹਾਂ ਵਿੱਚ 5 ਲੱਖ ਦੀ ਅਬਾਦੀ ਵਾਲਾ ਅਫਰੀਕਨ ਦੇਸ਼ ਕੇਪ ਵਾਰਡੇ ਵੀ ਹੈ ਜਿਸ ਨੂੰ ਅਰਜਨਟੀਨਾ ਦੀ ਵਿਸ਼ਵ ਚੈਂਪੀਅਨ ਟੀਮ ਮੈਚ ਦੇ ਪੂਰੇ ਸਮੇਂ ਵਿੱਚ ਨਹੀਂ ਸੀ ਹਰਾ ਸਕੀਵਾਧੂ ਸਮੇਂ ਵਿੱਚ ਵੀ ਮਸੀਂ 1 ਗੋਲ ਨਾਲ ਹਰਾ ਸਕੀ

ਕੇਪ ਵਾਰਡੇ ਦੇ ਉਲਟ ਜਨਸੰਖਿਆ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਭਾਰਤ ਦੀ ਕੌਮੀ ਟੀਮ, ਫੀਫਾ ਕੱਪ ਦੇ 96 ਸਾਲਾ ਇਤਿਹਾਸ ਵਿੱਚ ਇੱਕ ਵਾਰ ਵੀ ਇਹ ਕੱਪ ਖੇਡਣ ਦੇ ਯੋਗ ਨਹੀਂ ਹੋ ਸਕੀਐਵੇਂ ਹਵਾ ਵਿੱਚ ਹੀ ਵਿਸ਼ਵ ਗੁਰੂ ਬਣ ਜਾਣ ਦੀਆਂ ਸ਼ੇਖੀਆਂ ਮਾਰੀ ਜਾਣ ਦੀ ਗੱਲ ਹੋਰ ਹੈਇੰਡੀਆ ਅਥਵਾ ਭਾਰਤ ਨੇ ਫੁੱਟਬਾਲ ਦਾ ਆਲਮੀ ਕੱਪ ਤਾਂ ਕੀ ਕਰਾਉਣਾ ਸੀ, ਓਲੰਪਿਕ ਖੇਡਾਂ ਦੇ 130 ਸਾਲਾਂ ਇਤਿਹਾਸ ਵਿੱਚ ਇੱਕ ਵਾਰ ਵੀ ਓਲੰਪਿਕ ਖੇਡਾਂ ਨਹੀਂ ਕਰਵਾ ਸਕਿਆਜੇਕਰ 2036 ਜਾਂ 2040 ਦੀਆਂ ਓਲੰਪਿਕ ਖੇਡਾਂ ਵੀ ‘ਭਾਰਤ ਮਹਾਨ’ ਆਪਣੀ ਭੋਏਂ ਉੱਤੇ ਕਰਾ ਜਾਵੇ ਤਾਂ ਵਾਹ ਭਲੀ

ਇਸ ਖੋਜ ਬਾਰੇ ਹਾਲਾਂ ਵੀ ਮੱਤਭੇਦ ਹਨ ਕਿ ਫੁੱਟਬਾਲ ਦੀ ਖੇਡ ਦਾ ਜਨਮ ਚੀਨ ਵਿੱਚ ਹੋਇਆ, ਇਟਲੀ ਜਾਂ ਅਫਰੀਕਾ ਵਿੱਚ ਹੋਇਆ? ਪਰ ਇਸ ਤੱਥ ਨਾਲ ਸਭ ਸਹਿਮਤ ਹਨ ਕਿ ਬਰਤਾਨੀਆਂ ਨੇ ਇਸ ਖੇਡ ਨੂੰ ਅਪਣਾਇਆ ਅਤੇ ਸੰਵਾਰਿਆਫਿਰ ਫੀਫਾ ਬਣੀ ਜਿਸਦਾ ਮੁੱਖ ਮੰਤਵ ਫੁੱਟਬਾਲ ਦੀ ਖੇਡ ਨੂੰ ਕੁੱਲ ਦੁਨੀਆਂ ਵਿੱਚ ਮਕਬੂਲ ਕਰਨਾ ਸੀ1920 ਵਿੱਚ ਫਰਾਂਸ ਦਾ ਇੱਕ ਵਕੀਲ ਜੂਲਸ ਰੀਮੇ ਫੀਫਾ ਦਾ ਪ੍ਰਧਾਨ ਬਣਿਆਉਹ 1954 ਤਕ ਇਸ ਅਹੁਦੇ ਉੱਤੇ ਰਿਹਾਉਹਦੇ ਮਨ ਵਿੱਚ ਵਿਚਾਰ ਆਇਆ ਕਿ ਫੁੱਟਬਾਲ ਦੀ ਖੇਡ ਦਾ ਹਰ ਚਾਰ ਸਾਲ ਬਾਅਦ ਵਰਲਡ ਕੱਪ ਟੂਰਨਾਮੈਂਟ ਕਰਵਾਇਆ ਜਾਵੇ ਤਾਂ ਜੋ ਇਹ ਖੇਡ ਹੋਰ ਵਿਕਾਸ ਕਰੇ ਅਤੇ ਹੋਰ ਹਰਮਨ ਪਿਆਰੀ ਹੋਵੇ ਫੁੱਟਬਾਲ ਦੀ ਆਲਮੀ ਸਰਦਾਰੀ ਦਾ ਚਿੰਨ੍ਹ 9 ਪੌਂਡ ਸ਼ੁੱਧ ਸੋਨੇ ਦਾ ਕੱਪ ਬਣਾਇਆ ਗਿਆ, ਜਿਸਦਾ ਨਾਂ ਜੂਲਸ ਰੀਮੇ ਟਰਾਫੀ ਰੱਖਿਆਇਹ ਕੱਪ ਚਲੰਤ ਸੀ ਪਰ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ ਮੁਲਕ ਇਸ ਨੂੰ ਤਿੰਨ ਵਾਰ ਜਿੱਤ ਲਵੇਗਾ, ਹਮੇਸ਼ਾ ਲਈ ਉਹਦਾ ਹੋ ਜਾਵੇਗਾ

ਪਹਿਲਾ ਵਰਲਡ ਕੱਪ ਕਰਾਉਣ ਲਈ ਉਰੂਗੁਏ, ਇਟਲੀ, ਹਾਲੈਂਡ, ਸਪੇਨ ਤੇ ਸਵੀਡਨ ਨੇ ਪੇਸ਼ਕਸ਼ ਕੀਤੀ ਸੀਜਦੋਂ ਫੀਫਾ ਵੱਲੋਂ ਉਰੂਗੁਏ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਤਾਂ ਬਾਕੀ ਚਾਰੇ ਮੁਲਕ ਰੁੱਸ ਗਏਉਨ੍ਹਾਂ ਨੇ ਪਹਿਲੇ ਆਲਮੀ ਕੱਪ ਵਿੱਚ ਆਪਣੀਆਂ ਟੀਮਾਂ ਨਾ ਭੇਜੀਆਂਪਹਿਲੇ ਆਲਮੀ ਕੱਪ ਦਾ ਪਹਿਲਾ ਮੈਚ 13 ਜੁਲਾਈ 1930 ਨੂੰ ਫਰਾਂਸ ਅਤੇ ਮੈਕਸੀਕੋ ਦੀਆਂ ਟੀਮਾਂ ਵਿਚਾਲੇ ਉਰੂਗੁਏ ਦੇ ਸ਼ਤਾਬਦੀ ਸਟੇਡੀਅਮ ਵਿੱਚ ਖੇਡਿਆ ਗਿਆ ਜੋ ਫਰਾਂਸ ਨੇ ਜਿੱਤਿਆਪਹਿਲਾ ਗੋਲ ਕਰਨ ਦਾ ਸਿਹਰਾ ਫਰਾਂਸੀਸੀ ਖਿਡਾਰੀ ਲੂਈ ਲਾਰੋਂ ਦੇ ਸਿਰ ਬੱਝਾਉਦੋਂ 13 ਮੁਲਕਾਂ ਦੀਆਂ ਟੀਮਾਂ ਨੇ ਹੀ ਵਿਸ਼ਵ ਕੱਪ ਵਿੱਚ ਭਾਗ ਲਿਆਫਾਈਨਲ ਮੈਚ ਉਰੂਗੁਏ ਅਤੇ ਅਰਜਨਟੀਨਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਨੂੰ ਉਰੂਗੁਏ ਨੇ 4-2 ਗੋਲਾਂ ਨਾਲ ਜਿੱਤ ਕੇ ਪ੍ਰਸਿੱਧ ਮੂਰਤੀਕਾਰ ਅਬੇਲ ਲਾਪਲੂ ਦੀ ਡਿਜ਼ਾਈਨ ਕੀਤੀ ਅਤਿ ਮਹਿੰਗੀ ਜੂਲਸ ਰੀਮੇ ਟਰਾਫੀ ਚਾਰ ਸਾਲ ਲਈ ਆਪਣੇ ਕਬਜ਼ੇ ਵਿੱਚ ਕਰ ਲਈ

1934 ਦਾ ਦੂਜਾ ਆਲਮੀ ਕੱਪ ਇਟਲੀ ਵਿੱਚ ਖੇਡਿਆ ਗਿਆ ਉੱਥੇ ਉਰੂਗੁਏ ਗੈਂਰਹਾਜ਼ਰ ਰਿਹਾ17 ਟੀਮਾਂ ਦੇ ਭੇੜ ਵਿੱਚੋਂ ਇਟਲੀ ਅਤੇ ਚੈਕੋਸਲੋਵਾਕੀਆ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ55 ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਵਿੱਚ ਇਟਲੀ ਨੇ ਚੈਕੋਸਲੋਵਾਕੀਆ ਨੂੰ 2-1 ਗੋਲਾਂ ’ਤੇ ਹਰਾ ਕੇ ਜੂਲਸ ਰੀਮੇ ਟਰਾਫੀ ਹਾਸਲ ਕਰ ਲਈ1938 ਦੇ ਤੀਜੇ ਆਲਮੀ ਕੱਪ ਦਾ ਮੇਜ਼ਬਾਨ ਫਰਾਂਸ ਸੀ ਉੱਥੇ ਉਰੂਗੁਏ ਅਤੇ ਅਰਜਨਟੀਨਾ ਦੀਆਂ ਟੀਮਾਂ ਨਾ ਪੁੱਜੀਆਂਆਸਟ੍ਰੇਲੀਆ ਅਤੇ ਸਪੇਨ ਵੀ ਵੱਖੋ ਵੱਖਰੇ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਲਾਂਭੇ ਰਹੇਤੀਜੇ ਆਲਮੀ ਕੱਪ ਦਾ ਸਭ ਤੋਂ ਵਧੀਆ ਮੈਚ ਬ੍ਰਾਜ਼ੀਲ ਅਤੇ ਪੋਲੈਂਡ ਵਿਚਕਾਰ ਖੇਡਿਆ ਗਿਆ ਜੋ ਬ੍ਰਾਜ਼ੀਲ ਨੇ 6-5 ਗੋਲਾਂ ਨਾਲ ਜਿੱਤਿਆਬ੍ਰਾਜ਼ੀਲ ਦੇ ਲਿਓਨੀਦਾਸ ਨੇ ਨੰਗੇ ਪੈਰੀਂ ਖੇਡਦਿਆਂ 4 ਗੋਲ ਕੀਤੇ ਅੰਤਿਮ ਮੈਚ ਇਟਲੀ ਅਤੇ ਹੰਗਰੀ ਵਿਚਾਲੇ ਹੋਇਆਇਟਲੀ ਨੇ 4-2 ਗੋਲਾਂ ਨਾਲ ਦੂਜੀ ਵਾਰ ਜੂਲਸ ਰੀਮੇ ਟਰਾਫੀ ਜਿੱਤੀਦੂਜੇ ਵਿਸ਼ਵ ਯੁੱਧ ਕਾਰਨ 1942 ਤੇ 46 ਦੇ ਵਿਸ਼ਵ ਕੱਪ ਖੇਡੇ ਹੀ ਨਾ ਜਾ ਸਕੇ

1950 ਦਾ ਚੌਥਾ ਆਲਮੀ ਕੱਪ ਬ੍ਰਾਜ਼ੀਲ ਵਿੱਚ ਖੇਡਿਆ ਗਿਆਉਰੂਗੁਏ ਦੀ ਟੀਮ 20 ਸਾਲਾਂ ਪਿੱਛੋਂ ਆਲਮੀ ਕੱਪ ਵਿੱਚ ਪਰਤੀ ਜਿਸਨੇ ਫਾਈਨਲ ਮੈਚ ਵਿੱਚ ਬ੍ਰਾਜ਼ੀਲ ਨੂੰ ਹਰਾ ਦਿੱਤਾਜਿੱਤ ਦੇ ਜਸ਼ਨ ਤਾਂ ਮਨਾਏ ਹੀ ਜਾਂਦੇ ਹਨ, ਬ੍ਰਾਜ਼ੀਲ ਨੇ ਹਾਰ ਦਾ ਮਾਤਮ ਵੀ ਕੌਮੀ ਪੱਧਰ ’ਤੇ ਮਨਾਇਆਬ੍ਰਾਜ਼ੀਲ ਨੂੰ ਹਾਰਦਿਆਂ ਦੇਖ 60 ਦਰਸ਼ਕ ਮਾਰਕੋਨਾ ਸਟੇਡੀਅਮ ਵਿੱਚ ਹੀ ਬੇਹੋਸ਼ ਹੋ ਗਏ ਸਨ ਤੇ ਕੁਝ ਇੱਕ ਘਰੀਂ ਬੈਠੇ ਕੁਮੈਂਟਰੀ ਸੁਣਦਿਆਂ ਚੱਲ ਵਸੇ ਸਨ1954 ਦਾ 5ਵਾਂ ਵਿਸ਼ਵ ਕੱਪ ਸਵਿਟਜ਼ਰਲੈਂਡ ਵਿੱਚ ਖੇਡਿਆ ਗਿਆਹੰਗਰੀ ਦੀ ਟੀਮ ਚਾਰ ਸਾਲਾਂ ਤੋਂ 28 ਕੌਮਾਂਤਰੀ ਮੈਚਾਂ ਵਿੱਚ ਕਿਤੇ ਵੀ ਨਹੀਂ ਸੀ ਹਾਰੀ ਪਰ ਫਾਈਨਲ ਮੈਚ ਵਿੱਚ ਪੱਛਮੀ ਜਰਮਨੀ ਨੇ ਹੰਗਰੀ ਨੂੰ 3-2 ਗੋਲਾਂ ਨਾਲ ਹਰਾ ਕੇ ਸਨਸਨੀ ਫੈਲਾਅ ਦਿੱਤੀਉਹ ਵੀ ਉਸ ਹਾਲਤ ਵਿੱਚ, ਜਦੋਂ ਹੰਗਰੀ ਪਹਿਲਾਂ ਹੀ 2 ਗੋਲ ਕਰ ਚੁੱਕਾ ਸੀਉਦੋਂ ਦਾ ਖੁੰਝਿਆ ਹੰਗਰੀ ਅੱਜ ਤਕ ਵਿਸ਼ਵ ਕੱਪ ਨੂੰ ਤਰਸ ਰਿਹਾ ਹੈ

ਸਵੀਡਨ ਵਿੱਚ ਖੇਡੇ 1958 ਦੇ ਆਲਮੀ ਕੱਪ ਵਿੱਚ ਬ੍ਰਾਜ਼ੀਲ ਦੇ ਪੇਲੇ ਦੀ ਪਹਿਲੀ ਚੜ੍ਹਤ ਹੋਈ18ਵੇਂ ਸਾਲ ਦੀ ਉਮਰੇ ਉਸਨੇ ਫਰਾਂਸ ਵਿਰੁੱਧ ਹੈਟ੍ਰਿਕ ਮਾਰਿਆ ਜਿਸਨੇ ਫੁੱਟਬਾਲ ਦੀ ਦੁਨੀਆਂ ਵਿੱਚ ਥਲਕਾ ਮਚਾ ਦਿੱਤਾਫਾਈਨਲ ਮੈਚ ਬ੍ਰਾਜ਼ੀਲ ਅਤੇ ਸਵੀਡਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਬ੍ਰਾਜ਼ੀਲ ਦੀ ਟੀਮ ਨੇ 5-2 ਗੋਲਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ

1962 ਦਾ 7ਵਾਂ ਆਲਮੀ ਕੱਪ ਚਿਲੀ ਵਿੱਚ ਖੇਡਿਆ ਗਿਆ ਜਿਸਦਾ ਅੰਤਿਮ ਮੈਚ ਬ੍ਰਾਜ਼ੀਲ ਤੇ ਚੈਕੋਸਲੋਵਾਕੀਆ ਵਿਚਕਾਰ ਹੋਇਆਪੇਲੇ ਦੇ ਜ਼ਖਮੀ ਹੋਣ ਦੇ ਬਾਵਜੂਦ ਬ੍ਰਾਜ਼ੀਲ ਨੇ ਜੂਲਸ ਰੀਮੇ ਟਰਾਫੀ ਆਪਣੇ ਕਬਜ਼ੇ ਵਿੱਚ ਰੱਖੀ1966 ਦਾ ਵਿਸ਼ਵ ਕੱਪ ਬਰਤਾਨੀਆਂ ਵਿੱਚ ਹੋਇਆ ਜਿੱਥੇ ਪੇਲੇ ਫੱਟੜ ਹੋ ਗਿਆ ਅਤੇ ਬ੍ਰਾਜ਼ੀਲ ਦੀ ਟੀਮ ਮੁਢਲੇ ਮੈਚਾਂ ਵਿੱਚ ਹੀ ਹਾਰ ਗਈਫਾਈਨਲ ਮੈਚ ਇੰਗਲੈਂਡ ਅਤੇ ਜਰਮਨੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਇੰਗਲੈਂਡ ਨੇ ਜਿੱਤ ਲਿਆਬਹੁਤੀ ਹੈਰਾਨੀ ਏਸ਼ੀਆ ਦੇ ਦੇਸ਼ ਉੱਤਰੀ ਕੋਰੀਆ ਨੇ ਪੈਦਾ ਕੀਤੀ ਜਦੋਂ ਇੱਕ ਮੈਚ ਵਿੱਚ ਉਸਨੇ ਦੋ ਵਾਰ ਵਿਸ਼ਵ ਕੱਪ ਜੇਤੂ ਇਟਲੀ ਨੂੰ ਹਰਾ ਕੇ ਕੁਆਟਰ ਫਾਈਨਲ ਦੀ ਪੌੜੀ ਨੂੰ ਜਾ ਹੱਥ ਪਾਏ

ਨੌਂਵਾਂ ਵਿਸ਼ਵ ਕੱਪ ਮੈਕਸੀਕੋ ਵਿੱਚ ਹੋਇਆ ਜਿੱਥੇ ਬ੍ਰਾਜ਼ੀਲ ਅਤੇ ਇਟਲੀ ਦੀਆਂ ਟੀਮਾਂ ਫਾਈਨਲ ਵਿੱਚ ਭਿੜੀਆਂਪੇਲੇ ਚੌਥੀ ਵਾਰ ਵਿਸ਼ਵ ਕੱਪ ਖੇਡਦਾ ਪੂਰੇ ਜਲੌਅ ਵਿੱਚ ਸੀ ਇੱਕ ਲੱਖ ਦਰਸ਼ਕ ਮੈਕਸੀਕੋ ਦੇ ਸਟੇਡੀਅਮ ਵਿੱਚ ਪੱਬਾਂ ਭਾਰ ਸਨਪੇਲੇ ਦੀ ਟੀਮ ਨੇ ਇਟਲੀ ਸਿਰ 4 ਗੋਲ ਕਰ ਕੇ ਬੰਬ ਬੁਲਾ ਦਿੱਤਾਮੈਚ ਮੁੱਕਣ ਦਾ ਵਿਸਲ ਵੱਜਣ ਸਾਰ ਅਣਗਿਣਤ ਪੇਲੇ-ਪ੍ਰੇਮੀ ਉਹਦੇ ਵੱਲ ਵਧੇ ਤਾਂ ਮੌਕੇ ਦੀ ਨਜ਼ਾਕਤ ਦੇਖਦਿਆਂ ਉਹਨੇ ਆਪਣੀ ਜਰਸੀ ਉਹਨਾਂ ਵੱਲ ਵਗਾਹ ਮਾਰੀ ਜੋ ਨਿਸ਼ਾਨੀ ਵਜੋਂ ਉਹਨਾਂ ਦੇ ਹੱਥ ਲੀਰ ਲੀਰ ਆਈਪੇਲੇ ਭੱਜ ਕੇ ਕਮਰੇ ਵਿੱਚ ਜਾ ਲੁਕਿਆ ਉਸਨੇ ਸ਼ੁਕਰ ਕੀਤਾ ਕਿ ਮੈਕਸੀਕੋ ਦੇ ਦਰਸ਼ਕਾਂ ਕੋਲੋਂ ਉਹਦਾ ਕੱਛਾ ਬਚ ਗਿਆ ਸੀ!

ਪੇਲੇ ਦੇ ਜਨਮ ਸਮੇਂ ਉਹਦੇ ਫੁਟਬਾਲਰ ਪਿਉ ਨੇ ਪੁੱਤਰ ਦੇ ਪੱਟ ਤੇ ਪੈਰ ਟੋਂਹਦਿਆਂ ਕਿਹਾ ਸੀ, “ਲੱਗਦੈ ਫੁੱਟਬਾਲ ਚੰਗੀ ਖੇਡ ਲਏਗਾ।” ਮਾਂ ਨੇ ਟੋਕਿਆ ਸੀ, “ਇਹਨੂੰ ਫੁਟਬਾਲਰ ਬਣਨ ਦਾ ਸਰਾਪ ਨਾ ਦੇਹਅੱਗੇ ਫੁੱਟਬਾਲ ਖੇਡ ਕੇ ਤੂੰ ਕੀ ਲੱਲ੍ਹਰ ਲਾਇਐ?”

ਬ੍ਰਾਜ਼ੀਲ ਦੇ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਨਾਲ ਜੂਲਸ ਰੀਮੇ ਟਰਾਫੀ ਪੱਕੇ ਤੌਰ ’ਤੇ ਬ੍ਰਾਜ਼ੀਲ ਦੀ ਬਣ ਗਈ ਸੀ1973 ਵਿੱਚ ਖਾਲਸ ਸੋਨੇ ਦੀ ਉਸ ਟਰਾਫੀ ਨੂੰ ਚੋਰਾਂ ਨੇ ਚੁਰਾ ਲਿਆ ਤੇ ਮਗਰੋਂ ਭੰਨ ਗਾਲ੍ਹ ਸੁੱਟਿਆਚੋਰ ਬੇਸ਼ਕ ਫੜੇ ਗਏ ਪਰ ਟਰਾਫੀ ਨਾ ਲੱਭੀ1974 ਦੇ ਵਿਸ਼ਵ ਕੱਪ ਲਈ ਨਵੀਂ ਫੀਫਾ ਤਿਆਰ ਕਰਵਾਈ ਗਈ ਜੋ ਫਾਈਨਲ ਮੈਚ ਵਿੱਚ ਜਰਮਨੀ ਨੇ ਹਾਲੈਂਡ ਨੂੰ ਹਰਾ ਕੇ ਜਿੱਤੀਨਵੀਂ ਟਰਾਫੀ ਖਾਲਸ ਸੋਨੇ ਦੀ ਹੈ ਜਿਸਦਾ ਬੇਸ ਹਰੇ ਕੀਮਤੀ ਪੱਥਰ ਦਾ ਹੈਉਚਾਈ 36.5 ਸੈਂਟੀਮੀਟਰ, ਚੌੜਾਈ 12.5 ਸੈਂਟੀਮੀਟਰ ਤੇ ਭਾਰ 6.175 ਕਿਲੋਗ੍ਰਾਮ ਹੈਸਿਰਫ ਸੋਨੇ ਅਤੇ ਸਮਗਰੀ ਦੀ ਕੀਮਤ ਹੀ 2,50,000 ਅਮਰੀਕਨ ਡਾਲਰ ਬਣਦੀ ਹੈਮਾਹਿਰਾਂ ਨੇ ਇਸਦੀ ਇਤਿਹਾਸਕ ਅਤੇ ਪ੍ਰਤੀਕਆਤਮਿਕ ਕੀਮਤ 20 ਮਿਲੀਅਨ ਅਮਰੀਕਨ ਡਾਲਰ ਯਾਨੀ 2 ਕੁ ਕਰੋੜ ਰੁਪਏ ਅੰਕੀ ਹੈਇਹ ਦੁਨੀਆ ਦੀ ਸਭ ਤੋਂ ਮਹਿੰਗੀ ਖੇਡ ਟਰਾਫੀ ਹੈ ਜੋ ਦੁਨੀਆ ਭਰ ਵਿੱਚ ਫੁੱਟਬਾਲ ਦੀ ਏਕਤਾ ਅਤੇ ਮਹੱਤਤਾ ਦੀ ਪ੍ਰਤੀਕ ਹੈ

1978 ਵਿੱਚ ਅਰਜਨਟੀਨਾ ਨੇ ਫਤਿਹ ਹਾਸਲ ਕੀਤੀ ਤੇ 1982 ਵਿੱਚ ਇਟਲੀ ਨੇਇਟਲੀ ਦੇ ਖਿਡਾਰੀ ਪਾਵਲੋ ਰੌਸੀ ਨੂੰ ਜੱਕੋਤੱਕੀ ਵਿੱਚ ਖਿਡਾਇਆ ਗਿਆ ਸੀ ਪਰ ਉਸਨੇ ਫਾਈਨਲ ਮੈਚ ਵਿੱਚ ਜਰਮਨੀ ਸਿਰ 3 ਗੋਲ ਕਰ ਕੇ ਧੰਨ ਧੰਨ ਕਰਾ ਦਿੱਤੀ1986 ਦਾ ਵਿਸ਼ਵ ਕੱਪ ਅਰਜਨਟੀਨਾ ਨੇ ਜਿੱਤਿਆ, ਜਿਸ ਵਿੱਚ ਮਾਰਾਦੋਨਾ ਦੇ ਰੱਬੀ ਹੱਥ ਨਾਲ ਹੋਏ ਗੋਲ ਦੀ ਕਰਾਮਾਤ ਵਾਪਰੀ1990 ਵਿੱਚ ਇਟਲੀ, 1994 ਜਰਮਨੀ ਅਤੇ 1998 ਵਿੱਚ ਫਰਾਂਸ ਵਿਸ਼ਵ ਵਿਜੇਤਾ ਬਣੇ

21ਵੀਂ ਸਦੀ ਦਾ ਪਹਿਲਾ ਉਂਜ 17ਵਾਂ ਵਿਸ਼ਵ ਕੱਪ ਪਹਿਲੀ ਵਾਰ ਏਸ਼ੀਆ ਦੀ ਧਰਤੀ ’ਤੇ ਖੇਡਿਆ ਗਿਆਕੋਰੀਆ ਅਤੇ ਜਾਪਾਨ ਦੇ ਸ਼ਹਿਰ ਇਹਦੇ ਮੇਜ਼ਬਾਨ ਸਨਸੰਸਾਰ ਦੇ ਲਗਭਗ 200 ਮੁਲਕਾਂ ਦੀਆਂ ਟੀਮਾਂ ਵਿੱਚ ਆਪਸ ਵਿੱਚੀਂ ਮੈਚ ਖਿਡਾ ਕੇ 32 ਟੀਮਾਂ ਨਿਤਾਰੀਆਂ ਗਈਆਂ ਜਿਨ੍ਹਾਂ ਨੂੰ ਅੱਗੇ 8 ਗਰੁੱਪਾਂ ਵਿੱਚ ਵੰਡਿਆ ਗਿਆ31 ਮਈ 2002 ਨੂੰ ਨਵੀਂ ਸਦੀ ਦੇ ਵਿਸ਼ਵ ਕੱਪ ਦਾ ਸ਼ਾਨਾਂਮੱਤਾ ਉਦਘਾਟਨ ਹੋਇਆ ਅਤੇ ਪਹਿਲਾ ਮੈਚ ਆਲਮੀ ਚੈਂਪੀਅਨ ਫਰਾਂਸ ਅਤੇ ਅਫਰੀਕੀ ਮੁਲਕ ਸੈਨੇਗਲ ਦੀ ਪਹਿਲੀ ਵਾਰ ਭਾਗ ਲੈ ਰਹੀ ਨਵੀਂ ਟੀਮ ਵਿਚਾਲੇ ਖੇਡਿਆ ਗਿਆਇਹ ਗੱਲ ਕਿਸੇ ਦੇ ਖਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਸੈਨੇਗਲ ਛੁਪਿਆ ਰੁਸਤਮ ਨਿਕਲੇਗਾ ਜੋ ਵਿਸ਼ਵ ਕੱਪ ਦੇ ਤਕੜੇ ਦਾਅਵੇਦਾਰ ਫਰਾਂਸ ਦੀਆਂ ਗੋਡਣੀਆਂ ਲੁਆ ਦੇਵੇਗਾ

ਕੁਆਟਰ ਫਾਈਨਲ ਵਿੱਚ ਕੋਰੀਆ ਨੇ ਸਪੇਨ ਨੂੰ, ਜਰਮਨੀ ਨੇ ਅਮਰੀਕਾ ਨੂੰ, ਤੁਰਕੀ ਨੇ ਸੈਨੇਗਲ ਨੂੰ ਅਤੇ ਬ੍ਰਾਜ਼ੀਲ ਨੇ ਜਾਪਾਨ ਨੂੰ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਪਾਇਆਬ੍ਰਾਜ਼ੀਲ ਅਤੇ ਜਰਮਨੀ 7-7 ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜ ਚੁੱਕੇ ਸਨ ਪਰ ਆਪਸ ਵਿੱਚ ਕਦੇ ਨਹੀਂ ਸਨ ਟੱਕਰੇਬ੍ਰਾਜ਼ੀਲ 4 ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਜਰਮਨੀ 3 ਵਾਰਦੁਨੀਆਂ ਦੇ ਸਭ ਤੋਂ ਮਹਿੰਗੇ ਖਿਡਾਰੀ ਰੋਨਾਲਡੋ ਨੇ 2 ਗੋਲ ਦਾਗ ਕੇ 8 ਗੋਲਾਂ ਨਾਲ ਗੋਲਡਨ ਬੂਟ ਵੀ ਹਾਸਲ ਕੀਤਾ ਅਤੇ ਬ੍ਰਾਜ਼ੀਲ ਨੂੰ ਪੰਜਵੀਂ ਵਾਰ ਫੁੱਟਬਾਲ ਦਾ ਸ਼ਹਿਨਸ਼ਾਹ ਬਣਾਇਆ2006 ਦਾ ਕੱਪ ਇਟਲੀ ਨੇ ਫਰਾਂਸ ਨੂੰ, 2010 ਦਾ ਕੱਪ ਸਪੇਨ ਨੇ ਨੀਦਰਲੈਂਡ ਨੂੰ, 2014 ਦਾ ਕੱਪ ਜਰਮਨੀ ਨੇ ਅਰਜਨਟੀਨਾ ਨੂੰ, 2018 ਦਾ ਕੱਪ ਫਰਾਂਸ ਨੇ ਕ੍ਰੋਸ਼ੀਆ ਨੂੰ, 2022 ਦਾ ਕੱਪ ਅਰਜਨਟੀਨਾ ਨੇ ਫਰਾਂਸ ਨੂੰ ਅਤੇ 2026 ਦਾ ਕੱਪ ਸਪੇਨ ਨੇ ਅਰਜਨਟੀਨਾ ਨੂੰ ਫਾਈਨਲ ਮੈਚਾਂ ਵਿੱਚ ਹਰਾ ਕੇ ਜਿੱਤੇ

ਆਲਮੀ ਕੱਪ ਖੇਡਣ ਦੇ ਦਿਨ ਤਾਂ ਬੇਸ਼ਕ ਗਿਣਤੀ ਦੇ ਹੁੰਦੇ ਹਨ ਅਤੇ ਮੈਚ ਵੀ ਗਿਣਤੀ ਦੇ ਪਰ ਉਹਨਾਂ ਦੀਆਂ ਗੱਲਾਂ ਸਾਲਾਂ-ਬੱਧੀ ਚਲਦੀਆਂ ਰਹਿੰਦੀਆਂ ਹਨਆਲਮੀ ਕੱਪਾਂ ਵਿੱਚ ਕਈ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜੋ ਦੇਰ ਤਕ ਨਹੀਂ ਭੁੱਲਦੀਆਂਜੇਤੂਆਂ ਦੀਆਂ ਖੁਸ਼ੀ ਵਿੱਚ ਖਿੜੀਆਂ ਵਰਾਛਾਂ ਅਤੇ ਹਾਰੂਆਂ ਦੇ ਗਮਗੀਨ ਚਿਹਰੇ! ਹਾਰਨ ਵਾਲਿਆਂ ਤੋਂ ਉੱਠਿਆ ਨਹੀਂ ਜਾਂਦਾ ਤੇ ਜਿੱਤਣ ਵਾਲਿਆਂ ਤੋਂ ਬੈਠਿਆ ਨਹੀਂ ਜਾਂਦਾਟੀਮਾਂ ਦੇ ਕੋਚਾਂ ਦੀ ਪਰੇਸ਼ਾਨੀ ਅਤੇ ਖੁਸ਼ੀ ਦਾ ਵੀ ਕੋਈ ਅੰਤ ਨਹੀਂ ਰਹਿੰਦਾਦਰਸ਼ਕਾਂ ਦੀ ਹਾਤ-ਹੂਤ ਦਾ ਤਾਂ ਕਾਹਦਾ ਹਿਸਾਬ ਕਿਤਾਬ ਹੋਣਾ ਸੀ? ਜਦੋਂ ਨੂੰ 23ਵੇਂ ਆਲਮੀ ਕੱਪ ਦੀਆਂ ਗੱਲਾਂ ਮੁੱਕਣਗੀਆਂ ਉਦੋਂ ਨੂੰ 24ਵੇਂ ਫੀਫਾ ਕੱਪ ਦੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ ਇਹੋ ਜੀਵਨ ਦਾ ਗੇੜ ਹੈ ਤੇ ਇਹੋ ਖੇਡਾਂ ਦਾ ਫਲਸਫਾ ਇੱਕ ਖੇਡ ਮੇਲੇ ਦੀ ਧੂੜ ਬਹਿੰਦੀ ਹੈ ਤੇ ਦੂਜੇ ਦੀ ਚੜ੍ਹਨੀ ਸ਼ੁਰੂ ਹੋ ਜਾਂਦੀ ਹੈਵੇਖਾਂਗੇ 2030 ਵਾਲਾ ਫੀਫਾ ਦਾ ਸ਼ਤਾਬਦੀ ਫੁੱਟਬਾਲ ਮੇਲਾ ਕਿਹੋ ਜਿਹਾ ਲਗਦਾ ਹੈ?

ਫੀਫਾ ਆਲਮੀ ਕੱਪਾਂ ਦੇ ਨਤੀਜੇ:
1930 ਉਰੂਗੁਏ, ਅਰਜਨਟੀਨਾ, ਅਮਰੀਕਾ।
1934 ਇਟਲੀ
, ਚੈਕੋਸਲੋਵਾਕੀਆ, ਜਰਮਨੀ।
1938 ਇਟਲੀ, ਹੰਗਰੀ, ਬ੍ਰਾਜ਼ੀਲ।
1950 ਉਰੂਗੁਏ
, ਬ੍ਰਾਜ਼ੀਲ, ਸਵੀਡਨ।
1954 ਪੱਛਮੀ ਜਰਮਨੀ, ਹੰਗਰੀ, ਆਸਟ੍ਰੇਲੀਆ।
1958 ਬ੍ਰਾਜ਼ੀਲ, ਸਵੀਡਨ, ਫਰਾਂਸ।
1962 ਬ੍ਰਾਜ਼ੀਲ, ਚੈਕੋਸਲੋਵਾਕੀਆ, ਚਿੱਲੀ।
1966 ਇੰਗਲੈਂਡ, ਵੈਸਟ ਜਰਮਨੀ, ਪੁਰਤਗਾਲ।
1970 ਬ੍ਰਾਜ਼ੀਲ, ਇਟਲੀ, ਵੈਸਟ ਜਰਮਨੀ।
1974 ਬ੍ਰਾਜ਼ੀਲ
, ਨੀਦਰਲੈਂਡ, ਪੋਲੈਂਡ।
1978 ਅਰਜਨਟੀਨਾ, ਨੀਦਰਲੈਂਡ, ਬ੍ਰਾਜ਼ੀਲ।
1982 ਇਟਲੀ
, ਵੈਸਟ ਜਰਮਨੀ, ਪੋਲੈਂਡ।
1986 ਅਰਜਨਟੀਨਾ, ਵੈਸਟ ਜਰਮਨੀ, ਫਰਾਂਸ।
1990 ਵੈਸਟ ਜਰਮਨੀ, ਅਰਜਨਟੀਨਾ, ਇਟਲੀ।
1994 ਬ੍ਰਾਜ਼ੀਲ
, ਇਟਲੀ, ਸਵੀਡਨ।
1998 ਫਰਾਂਸ, ਬ੍ਰਾਜ਼ੀਲ, ਕ੍ਰੋਸ਼ੀਆ।
2002 ਬ੍ਰਾਜ਼ੀਲ, ਜਰਮਨੀ, ਟਰਕੀ।
2006 ਇਟਲੀ, ਫਰਾਂਸ, ਜਰਮਨੀ।
2010 ਸਪੇਨ, ਨੀਦਰਲੈਂਡ, ਜਰਮਨੀ।
2014 ਜਰਮਨੀ
, ਅਰਜਨਟੀਨਾ, ਨੀਦਰਲੈਂਡ।
2018 ਫਰਾਂਸ, ਕ੍ਰੋਸ਼ੀਆ, ਬੈਲਜੀਅਮ।
2022 ਅਰਜਨਟੀਨਾ, ਫਰਾਂਸ, ਕ੍ਰੋਸ਼ੀਆ।
2026 ਸਪੇਨ, ਅਰਜਨਟੀਨਾ, ਇੰਗਲੈਂਡ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author