“ਸਾਡੇ ਪੰਜਾਬੀਆਂ ਕੋਲ ਪ੍ਰਤਿਭਾ ਦੀ ਘਾਟ ਨਹੀਂ ਪਰ ਅਸੀਂ ਉਸਦੀ ਸਮੇਂ ਸਿਰ ਪਛਾਣ ...”
(1 ਜੁਲਾਈ 2025)
ਕਿਰਪਾਲ ਸਿੰਘ ਪੰਨੂੰ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿੱਚ ਹੋਇਆ ਸੀ। ਬਰੈਂਪਟਨ ਵਿੱਚ ਰਹਿੰਦੇ ਪੰਜਾਬ ਬਿਜਲੀ ਬੋਰਡ ਦੇ ਰਿਟਾਇਰ ਚੀਫ ਇੰਜਨੀਅਰ ਈਸ਼ਰ ਸਿੰਘ ਨੇ ਉਸਦੀ ਨਿਸ਼ਕਾਮ ਸੇਵਾ ਦਾ ਵੇਰਵਾ ਅੰਗਰੇਜ਼ੀ ਵਿੱਚ ਡਰਾਫਟ ਕਰ ਕੇ ਓਨਟੇਰੀਓ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਤਾਂ ਸਰਕਾਰ ਨੇ ਪੰਨੂੰ ਨੂੰ ‘ਓਨਟੇਰੀਓ ਸੀਨੀਅਰਜ਼ ਅਚੀਵਮੈਂਟ ਅਵਾਰਡ’ ਦੇਣ ਦਾ ਐਲਾਨ ਕੀਤਾ। ਪੰਜਾਬੀ ਪਿਆਰਿਆਂ ਨੂੰ ਖੁਸ਼ੀ ਹੈ ਕਿ ਪੰਜਾਬੀ ਦੇ ਕੰਪਿਊਟਰੀਕਰਨ ਵਿੱਚ ਪ੍ਰਦਾਨ ਕੀਤੀਆਂ ਸੇਵਾਵਾਂ ਲਈ 25 ਜੂਨ 2025 ਨੂੰ ਓਨਟੇਰੀਓ ਸਰਕਾਰ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਦੇਣ ਦੀ ਰਸਮ ਗਵਰਨਰ ਹਾਊਸ ਵਿੱਚ ਓਨਟੇਰੀਓ ਦੀ ਮਾਣਯੋਗ ਗਵਰਨਰ ਨੇ ਨਿਭਾਈ।
ਪੰਜਾਬੀ ਭਾਈਚਾਰੇ ਵਿੱਚ ਪੰਨੂੰ ਨੂੰ ਕੋਈ ‘ਕੰਪਿਊਟਰ ਦਾ ਭਾਈ ਘਨੱਈਆ’ ਕਹਿੰਦਾ ਹੈ ਤੇ ਕੋਈ ‘ਕੰਪਿਊਟਰ ਦਾ ਧੰਨਾ ਜੱਟ।’ ਉਸਨੇ ਹਲ ਤੋਂ ਹਾਕੀ ਤੇ ਕਾਰਬਾਈਨ ਤੋਂ ਕੰਪਿਊਟਰ ਤਕ ਦਾ ਸਫ਼ਰ ਤੈਅ ਕੀਤਾ ਹੈ। ਉਹਦੀ ਉਮਰ ਬੇਸ਼ਕ ਨੱਬਿਆਂ ਨੂੰ ਢੁਕ ਚੁੱਕੀ ਹੈ ਪਰ ਉਹਦੇ ਵਲੰਟੀਅਰੀ ਕੰਪਿਊਟਰੀ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਈ। ਖੂੰਡੀ ਫੜ ਕੇ ਅਜੇ ਵੀ ਉਹ ਮਸਤ ਚਾਲੇ ਪਿਆ ਹੋਇਆ ਹੈ। 2011 ਵਿੱਚ ਉਸਦੇ 75ਵੇਂ ਜਨਮ ਦਿਵਸ ’ਤੇ ਉਸ ਨੂੰ ਅਭਿਨੰਦਨ ਗ੍ਰੰਥ ‘ਕੰਪਿਊਟਰ ਦਾ ਧਨੰਤਰ’ ਭੇਟ ਕੀਤਾ ਗਿਆ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕੈਨੇਡਾ ਦੀ ਓਨਟੇਰੀਓ ਸਰਕਾਰ ਵੱਲੋਂ ਵੀ ਨਿਵਾਜਿਆ ਜਾਵੇਗਾ।
ਪੰਨੂੰ ਨੇ ਬਚਪਨ ਵਿੱਚ ਆਮ ਕਿਸਾਨ ਬੱਚਿਆਂ ਵਾਂਗ ਡੰਗਰ ਚਾਰੇ ਤੇ ਪੱਠਾ ਦੱਥਾ ਕੀਤਾ। 1947 ਦੀ ਵੱਢ-ਟੁੱਕ ਆਪਣੀ ਅੱਖੀਂ ਵੇਖੀ। ਉਸ ਬਾਰੇ ਬਾਅਦ ਵਿੱਚ ਕਹਾਣੀਆਂ ਲਿਖੀਆਂ। ਉਸਨੇ ਮੁਢਲੀ ਪੜ੍ਹਾਈ ਕਟਾਹਰੀ ਤੋਂ ਤੇ ਹਾਈ ਸਕੂਲ ਦੀ ਪੜ੍ਹਾਈ ਕਰਮਸਰ ਰਾੜਾ ਸਾਹਿਬ ਤੋਂ ਕੀਤੀ। ਉਹ ਸਕੂਲ ਦੀ ਹਾਕੀ ਟੀਮ ਦਾ ਵਧੀਆ ਖਿਡਾਰੀ ਸੀ ਤੇ ਕੁਝ ਸਾਲ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣੇ ਵੱਲੋਂ ਹਾਕੀ ਖੇਡਿਆ। ਹਾਕੀ ਦੀ ਖੇਡ ਦੇ ਸਿਰ `ਤੇ ਉਹ ਪਟਿਆਲਾ ਪੁਲਿਸ ਵਿੱਚ ਭਰਤੀ ਹੋ ਗਿਆ ਤੇ ਤਰੱਕੀਆਂ ਪਾਉਣ ਲੱਗਾ। ਉਹ ਗੋਲਡਨ ਹੈਟਟ੍ਰਿਕ ਮਾਰਨ ਵਾਲੇ ਹਾਕੀ ਦੇ ਆਈਕੌਨਿਕ ਓਲੰਪੀਅਨ ਬਲਬੀਰ ਸਿੰਘ ਨਾਲ ਵੀ ਹਾਕੀ ਖੇਡਦਾ ਰਿਹਾ। ਰਿਟਾਇਰ ਹੋਣ ਵੇਲੇ ਉਹ ਬੀਐੱਸਐੱਫ ਵਿੱਚ ਡਿਪਟੀ ਕਮਾਂਡੈਂਟ ਸੀ।
1988 ਵਿੱਚ ਨੌਕਰੀ ਤੋਂ ਅਗਾਊਂ ਰਿਟਾਇਰਮੈਂਟ ਲੈ ਕੇ, ਟੋਰਾਂਟੋ ਆਪਣੇ ਬੱਚਿਆਂ ਪਾਸ ਪਹੁੰਚ ਕੇ, ਉਸਨੇ ਕੁਝ ਸਮਾਂ ਏਅਰਪੋਰਟ ’ਤੇ ਸਕਿਉਰਿਟੀ ਅਫਸਰ ਦੀ ਡਿਊਟੀ ਵੀ ਕੀਤੀ ਸੀ। ਉਸਦੇ ਪੁੱਤਰਾਂ ਨੇ ਕੰਪਿਊਟਰ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ ਜਿਸ ਕਰਕੇ ਘਰ ਵਿੱਚ ਹੀ ਕੰਪਿਊਟਰ ਮੌਜੂਦ ਸਨ। ਉਹ ਆਪ ਗਿਆਨੀ ਪਾਸ ਗ੍ਰੈਜੂਏਟ ਸੀ। ਘਰੋਂ ਹੀ ਉਸ ਨੂੰ ਕੰਪਿਊਟਰ ਸਿੱਖਣ ਦੀ ਜਾਗ ਲੱਗ ਗਈ। ਉਸ ਨੂੰ ਮੁਢਲੀ ਜਾਣਕਾਰੀ ਆਪਣੇ ਬੱਚਿਆਂ ਤੋਂ ਮਿਲੀ, ਜਿਨ੍ਹਾਂ ਨੇ ਦੱਸ ਦਿੱਤਾ ਕਿ ਕੰਪਿਊਟਰ ਨਾਲ ਜਿੰਨੀ ਮਰਜ਼ੀ ਛੇੜ-ਛਾੜ ਕਰੀ ਚੱਲੋ, ਇਹਦਾ ਕੁਝ ਨਹੀਂ ਵਿਗੜਦਾ। ਫਿਰ ਉਸਨੇ ਆਪਣਾ ਸਾਰਾ ਵਿਹਲਾ ਸਮਾਂ ਅਤੇ ਪ੍ਰਤਿਭਾ ਕੰਪਿਊਟਰ ਦੀ ਕਾਰੀਗਰੀ ਕਰਨ ਵਿੱਚ ਝੋਕ ਦਿੱਤੇ, ਜਿਸਦੇ ਸਿੱਟੇ ਸਾਹਮਣੇ ਹਨ।
ਉਹ ਕੰਪਿਊਟਰ ਦੇ ਪੰਜਾਬੀਕਰਨ ਦਾ ਛੁਪਿਆ ਰੁਸਤਮ ਨਿਕਲਿਆ। ਉਸਨੇ ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ ਬੜੀ ਸੁਖੈਨ ਬਣਾ ਦਿੱਤੀ। ਮੇਰੇ ਵਰਗੇ ਸੈਂਕੜੇ ਸੀਨੀਅਰਜ਼ ਨੇ ਉਸ ਤੋਂ ਕੰਪਿਊਟਰ ਦੀ ਮੁਫ਼ਤ ਸਿੱਖਿਆ ਲਈ। ਇਸ ਵਲੰਟੀਅਰ ਕਾਰਜ ਵਿੱਚ ਉਸਨੇ ਦੋ ਦਹਾਕੇ ਨਿਸ਼ਕਾਮ ਸੇਵਾ ਨਿਭਾਈ। ਨਾ ਹਨੇਰਾ ਦੇਖਿਆ, ਨਾ ਸਵੇਰਾ, ਬਾਰਾਂ ਮਹੀਨੇ ਤੀਹ ਦਿਨ ਇਸੇ ਕਾਰਜ ਵਿੱਚ ਲੱਗਾ ਰਿਹਾ। ਇਹ ਉਸਦੀ ਭਗਤੀ ਹੈ ਅਤੇ ਤਪੱਸਿਆ ਹੈ, ਜੋ ਸਾਧੂ ਸੁਭਾਅ ਪੰਨੂੰ ਪਿਛਲੇ ਪੱਚੀ ਤੀਹ ਸਾਲਾਂ ਤੋਂ ਕਰਦਾ ਆ ਰਿਹਾ ਹੈ। ਜੋ ਨਹੀਂ ਸੋ ਕਰ ਵਿਖਾਇਆ ਪਰ ਉਸਦੀ ਪ੍ਰਤਿਭਾ ਤੇ ਘਾਲਣਾ ਨੂੰ ਅਜੇ ਵੀ ਪੂਰਾ ਗੌਲਿਆ ਨਹੀਂ ਗਿਆ।
ਸਾਡੇ ਪੰਜਾਬੀਆਂ ਕੋਲ ਪ੍ਰਤਿਭਾ ਦੀ ਘਾਟ ਨਹੀਂ ਪਰ ਅਸੀਂ ਉਸਦੀ ਸਮੇਂ ਸਿਰ ਪਛਾਣ ਨਹੀਂ ਕਰਦੇ ਤੇ ਕਦਰ ਨਹੀਂ ਪਾਉਂਦੇ। ਕਈ ਵਾਰ ਬੜੇ ਪ੍ਰਤਿਭਾਵਾਨ ਵਿਅਕਤੀ ਅਣਗੌਲੇ ਰਹਿ ਜਾਂਦੇ ਹਨ ਜਦੋਂ ਕਿ ਉਨ੍ਹਾਂ ਅੰਦਰ ਬਹੁਤ ਕੁਝ ਕਰਨ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ। ਉਨ੍ਹਾਂ ਦੇ ਨਿੱਜੀ ਤੌਰ ’ਤੇ ਕੀਤੇ ਯਤਨ ਫਿਰ ਸੀਮਿਤ ਪੱਧਰ ਤਕ ਹੀ ਰਹਿ ਜਾਂਦੇ ਹਨ। ਬਾਅਦ ਵਿੱਚ ਪਛਤਾਵਾ ਹੁੰਦਾ ਹੈ ਕਿ ਅਜਿਹੇ ਸੱਜਣਾਂ ਤੋਂ ਹੋਰ ਵੀ ਵੱਧ ਕਾਰਜ ਕਰਾਉਣ ਲਈ ਉਨ੍ਹਾਂ ਨੂੰ ਸੰਭਾਲਿਆ ਕਿਉਂ ਨਾ ਗਿਆ ਤੇ ਲੋੜੀਂਦਾ ਸਹਿਯੋਗ ਕਿਉਂ ਨਾ ਦਿੱਤਾ ਗਿਆ?
ਅੱਜ ਤੋਂ 25/30 ਵਰ੍ਹੇ ਪਹਿਲਾਂ ਪੰਜਾਬ ਦੀ ਕਿਸੇ ਵਿੱਦਿਅਕ, ਭਾਸ਼ਾ ਜਾਂ ਤਕਨੀਕੀ ਸੰਸਥਾ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਕੋਈ ਅਹਿਮ ਪ੍ਰੋਜੈਕਟ ਦਿੱਤਾ ਜਾਂਦਾ ਤਾਂ ਹੁਣ ਤਕ ਹੋਰ ਵੀ ਬਹੁਤ ਕੁਛ ਚੰਗਾ ਹੋ ਗਿਆ ਹੁੰਦਾ। ਹੁਣ ਵੀ ਅਜਿਹਾ ਕਰ ਲਿਆ ਜਾਵੇ ਤਾਂ ਚੰਗਾ ਹੀ ਹੋਵੇਗਾ।
ਕਿਰਪਾਲ ਸਿੰਘ ਪੰਨੂੰ ਸਾਡੇ ਦਰਮਿਆਨ ਕੰਪਿਊਟਰ ਦਾ ਅਜਿਹਾ ਆਸ਼ਕ ਹੈ ਜਿਸ ਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਫਰਿਹਾਦ ਕਿਹਾ ਜਾ ਸਕਦਾ ਹੈ। ਪਰ ਉਹ ਆਪਣੇ ਹੀ ਤੇਸੇ ਨਾਲ ਪਹਾੜ ਕੱਟਣ ਡਿਹਾ ਹੈ। ਧਨ ਹੈ ਉਸਦੀ ਲਗਨ ਤੇ ਸਲਾਮ ਹੈ ਉਸਦੇ ਸਿਰੜ ਨੂੰ ਕਿ ਇਕੱਲਾ ਹੀ ਰਾਹ ਬਣਾਈ ਤੁਰਿਆ ਜਾ ਰਿਹਾ ਹੈ। ਉਂਜ ਡਰ ਹੈ ਕਿ ਉਹ ਅਧਵਾਟੇ ਨਾ ਰਹਿ ਜਾਵੇ। ਇਸ ਲਈ ਲੋੜ ਹੈ ਉਸ ਨੂੰ ਸੰਭਾਲਣ ਦੀ ਤੇ ਉਸ ਤੋਂ ਹੋਰ ਵੀ ਯਾਦਗਾਰੀ ਕਾਰਜ ਕਰਵਾਉਣ ਦੀ।
ਕਈ ਵਾਰ ਇਹ ਸੋਚ ਕੇ ਸ਼ਰਮਿੰਦਗੀ ਹੁੰਦੀ ਹੈ ਕਿ ਸਾਡੀਆਂ ਪੰਜਾਬ ਸਰਕਾਰਾਂ ਤੇ ਪੰਜਾਬੀ ਸੰਸਥਾਵਾਂ ਪੰਜਾਬੀ ਹੀਰਿਆਂ ਦੀ ਓਨੀ ਕਦਰ ਨਹੀਂ ਪਾਉਂਦੀਆਂ ਜੋ ਕਦਰ ਕੈਨੇਡਾ ਜਾਂ ਕੁਝ ਹੋਰ ਮੁਲਕਾਂ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਪਾ ਰਹੀਆਂ ਹਨ। ਪੰਜਾਬੀ ਪਿਆਰੇ ਕੈਨੇਡਾ ਦੀ ਓਨਟੇਰੀਓ ਸਰਕਾਰ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਸਾਡੇ ਭੁੱਲੇ ਵਿਸਰੇ ਕੰਪਿਊਟਰ ਦੇ ਧਨੰਤਰ ਵਲੰਟੀਅਰ ਪੰਨੂੰ ਦੀ ਕਦਰ ਪਾਈ।
ਪੰਨੂੰ ਨਿਸ਼ਕਾਮ ਸੇਵਕ ਹੈ। ਡੀਆਰਚਾਤ੍ਰਿਕ ਫੌਂਟ ਦਾ ਉਸਨੇ ਲੰਗਰ ਲਾ ਰੱਖਿਆ ਹੈ। ਉਹਦੀ ਸੇਵਾ ਭਾਈ ਘਨੱਈਏ ਵਰਗੀ ਹੈ। ਜੋ ਜੀਅ ਆਵੇ ਸੋ ਰਾਜ਼ੀ ਜਾਵੇ। ਜੇ ਉਹ ਚਾਹੁੰਦਾ ਤਾਂ ਗੁਰਮੁਖੀ-ਸ਼ਾਹਮੁਖੀ ਦੇ ਸਭ ਤੋਂ ਪਹਿਲਾਂ ਤਿਆਰ ਕੀਤੇ ਕਨਵਰਸ਼ਨ ਟੂਲ ਨਾਲ ਜੇਬਾਂ ਭਰ ਸਕਦਾ ਸੀ ਜਿਵੇਂ ਕਿ ਉਹਦੀ ਹੀ ਨਕਲ ਕਰ ਕੇ ਕਈ ਯੂਨੀਵਰਸਿਟੀਏ ‘ਵਿਦਵਾਨ’ ਭਰਨ ਲੱਗ ਪਏ ਸਨ! ਪੰਨੂੰ ਪੈਸੇ ਕਮਾਉਣ ਦੀ ਜਿੱਲ੍ਹਣ ਵਿੱਚ ਨਹੀਂ ਖੁੱਭਾ ਤੇ ਇਹੋ ਕਾਰਨ ਹੈ ਕਿ ਉਹ ਕੰਪਿਊਟਰ ਦਾ ਭਾਈ ਘਨੱਈਆ ਵੱਜਦਾ ਹੈ।
ਹੁਣ ਕਿਸੇ ਦਾ ਕੰਪਿਊਟਰ ਬਿਮਾਰ ਹੋ ਜਾਵੇ ਤਾਂ ਉਹ ਵੈਦ ਰੋਗੀਆਂ ਦਾ ਬਣ ਕੇ ਬਹੁੜਦਾ ਹੈ। ਕਿਸੇ ਨੇ ਕੰਪਿਊਟਰ ਦੀ ਜਾਚ ਸਿੱਖਣੀ ਹੋਵੇ ਤਾਂ ਉਹ ਹਰ ਵੇਲੇ ਹਾਜ਼ਰ ਹੁੰਦਾ ਹੈ। ਕਿਤਾਬਾਂ ਦੇ ਖਰੜੇ ਛਪਾਈ ਲਈ ਤਿਆਰ ਕਰ ਦਿੰਦਾ ਹੈ। ਇੰਜ ਪੰਜਾਬੀ ਦੀਆਂ ਸੈਂਕੜੇ ਕਿਤਾਬਾਂ ਉਸਦੀ ਨਿਸ਼ਕਾਮ ਸੇਵਾ ਨਾਲ ਛਪੀਆਂ ਹਨ। ਵੀਹ ਪੱਚੀ ਕਿਤਾਬਾਂ ਤਾਂ ਮੇਰੀਆਂ ਹੀ ਹੋਣਗੀਆਂ। ਵੱਡਾ ਛੋਟਾ ਕੋਈ ਵੀ ਸਵਾਲੀ ਹੋਵੇ, ਉਹਦੇ ਮਸਲੇ ਦਾ ਹੱਲ ਕਰਨ ਲਈ ਉਹ ਹਮੇਸ਼ਾ ਤਤਪਰ ਰਹਿੰਦਾ ਹੈ। ਸਾਡੀ ਦੁਆ ਹੈ ਉਹ ਸਿਹਤਯਾਬ ਰਹੇ, ਸੌ ਸਾਲ ਜੀਵੇ ਤੇ ਆਪਣੀ ਸਵੈਜੀਵਨੀ ਲਿਖਣ ਲਈ ਵੀ ਕੁਝ ਸਮਾਂ ਕੱਢੇ। ਸਾਨੂੰ ਯਕੀਨ ਹੈ ਉਸਦੀ ਸਵੈਜੀਵਨੀ ਹੋਰਨਾਂ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)