“ਬਜ਼ੁਰਗ ਅੰਕਲ ਨੇ ਕੰਬਦੀ ਜਿਹੀ ਅਵਾਜ਼ ਵਿੱਚ ਕਿਹਾ, “ਪੁੱਤ, ਮੇਰੇ ਦਿਲ ਵਿੱਚ ...”
(4 ਜੁਲਾਈ 2026)
ਕੁਝ ਦਿਨ ਪਹਿਲਾਂ ਇੱਕ ਬੱਚੀ ਆਪਣੇ ਦਾਦੇ-ਦਾਦੀ ਨਾਲ ਮੇਰੇ ਕੋਲ ਸਲਾਹ-ਮਸ਼ਵਰੇ ਲਈ ਮੇਰੇ ਕਾਉਂਸਲਿੰਗ ਰੂਮ ਵਿੱਚ ਆਈ। ਉਸ ਉਨ੍ਹਾਂ ਦੋਵਾਂ ਬਜ਼ੁਰਗ ਦੇ ਚਿਹਰੇ ਉੱਤੇ ਕੁਝ ਹੋਰ ਹੀ ਲਿਖਿਆ ਹੋਇਆ ਸੀ। ਅੱਖਾਂ ਥੱਕੀਆਂ ਹੋਈਆਂ ਸਨ, ਚਿਹਰੇ ਉੱਤੇ ਖਾਮੋਸ਼ੀ ਸੀ ਅਤੇ ਅੰਦਰ ਕੋਈ ਅਜਿਹਾ ਦਰਦ ਸੀ ਜੋ ਬੋਲਣ ਤੋਂ ਪਹਿਲਾਂ ਹੀ ਮਹਿਸੂਸ ਹੋ ਰਿਹਾ ਸੀ। ਮੈਂ ਬੱਚੀ ਨੂੰ ਬਿਠਾਇਆ ਅਤੇ ਹੌਲੀ ਜਿਹੀ ਮੁਸਕਰਾਕੇ ਕੇ ਪੁੱਛਿਆ, “ਅੰਕਲ ਜੀ, ਆਂਟੀ ਜੀ, ਅੱਜ ਤੁਸੀਂ ਠੀਕ ਨਹੀਂ ਲੱਗ ਰਹੇ। ਸਭ ਠੀਕ ਹੈ?”
ਇਹ ਸਵਾਲ ਸੁਣਦੇ ਹੀ ਦੋਵੇਂ ਕੁਝ ਪਲ ਚੁੱਪ ਰਹੇ। ਕਈ ਵਾਰ ਇਨਸਾਨ ਦੇ ਅੰਦਰ ਇੰਨਾ ਕੁਝ ਹੁੰਦਾ ਹੈ ਕਿ ਇੱਕ ਪਿਆਰ ਭਰਿਆ ਸਵਾਲ ਵੀ ਬੰਦ ਦਰਵਾਜ਼ਾ ਖੋਲ੍ਹ ਦਿੰਦਾ ਹੈ। ਬੀਬੀ ਨੇ ਆਪਣੀ ਚੁੰਨੀ ਠੀਕ ਕੀਤੀ, ਅੱਖਾਂ ਪੂੰਝੀਆਂ ਅਤੇ ਹੌਲੀ ਜਿਹੀ ਅਵਾਜ਼ ਵਿੱਚ ਕਿਹਾ, “ਗੁੱਡੀ, ਅਸੀਂ ਲੇਟ ਆਂ, ਸਾਨੂੰ ਪਤਾ… ਪਰ ਅਸੀਂ ਅੱਜ ਬਹੁਤ ਟੁੱਟੇ ਹੋਏ ਆਂ। ਸੋਚਿਆ ਤੇਰੇ ਕੋਲ ਆ ਕੇ ਮਨ ਹਲਕਾ ਹੋ ਜਾਵੇਗਾ।”
ਮੈਂ ਕਿਹਾ, “ਆਉ, ਤੁਸੀਂ ਬੈਠੋ। ਕੋਈ ਗੱਲ ਨਹੀਂ। ਕਈ ਵਾਰ ਮਨ ਦਾ ਭਾਰ ਹੀ ਸਭ ਤੋਂ ਪਹਿਲਾਂ ਉਤਾਰਨਾ ਜ਼ਰੂਰੀ ਹੁੰਦਾ ਹੈ।”
ਉਹ ਦੋਵੇਂ ਬੈਠ ਗਏ, ਪਰ ਲਗਦਾ ਸੀ ਜਿਵੇਂ ਉਨ੍ਹਾਂ ਆਪਣੀ ਸਾਰੀ ਉਮਰ ਦੇ ਭਾਰ ਆਪਣਿਆਂ ਸਿਰਾਂ ਉੱਤੇ ਚੁੱਕਿਆ ਹੋਇਆ ਹੋਵੇ। ਕੁਝ ਪਲਾਂ ਬਾਅਦ ਬਜ਼ੁਰਗ ਅੰਕਲ ਨੇ ਕੰਬਦੀ ਜਿਹੀ ਅਵਾਜ਼ ਵਿੱਚ ਕਿਹਾ, “ਪੁੱਤ, ਮੇਰੇ ਦਿਲ ਵਿੱਚ ਬੜਾ ਦਰਦ ਹੈ। ਬਿਮਾਰੀ ਵਾਲਾ ਨਹੀਂ… ਬੋਲਾਂ ਵਾਲਾ ਦਰਦ ਹੈ ... ਮੇਰਾ ਪੁੱਤ ਕਹਿੰਦਾ ਜੇ ਤੁਸੀਂ ਨੌਕਰੀ ਵਿੱਚ ਹੀ ਮਰ ਜਾਂਦੇ ਤਾਂ ਮੇਰਾ ਭਵਿੱਖ ਬਣ ਜਾਂਦਾ। ... ਫਿਰ ਕਹਿੰਦਾ, ਪਾਪਾ, ਮੈਂ ਤਾਂ ਮਜ਼ਾਕ ਕਰ ਰਿਹਾ ਸੀ।”
ਇਹ ਸੁਣ ਕੇ ਮੇਰੇ ਅੰਦਰ ਕੁਝ ਟੁੱਟ ਗਿਆ। ਚਾਕੂ ਸਰੀਰ ਨੂੰ ਉੰਨਾ ਨਹੀਂ ਚੀਰਦੇ ਜਿੰਨਾ ਬੋਲ ਰੂਹ ਨੂੰ ਚੀਰ ਜਾਂਦੇ ਹਨ। ਕਈ ਵਾਰ ਜ਼ਖਮਾਂ ਵਿੱਚੋਂ ਖੂਨ ਨਹੀਂ ਵਗਦਾ ਪਰ ਸਾਰੀ ਜ਼ਿੰਦਗੀ ਅੰਦਰੋਂ ਰਿਸਦੇ ਰਹਿੰਦੇ ਹਨ। ਜਿਸ ਪੁੱਤ ਲਈ ਪਿਤਾ ਨੇ ਆਪਣੀ ਜਵਾਨੀ ਲਾ ਦਿੱਤੀ, ਜਿਸਦੀ ਪੜ੍ਹਾਈ ਲਈ ਆਪਣੀਆਂ ਲੋੜਾਂ ਰੋਕੀਆਂ, ਜਿਸਦੇ ਹਾਸਿਆਂ ਲਈ ਆਪਣੀਆਂ ਨੀਂਦਾਂ ਕੁਰਬਾਨ ਕੀਤੀਆਂ, ਉਹੀ ਪੁੱਤ ਜਦੋਂ ਪਿਤਾ ਦੀ ਮੌਤ ਵਿੱਚੋਂ ਆਪਣਾ ਭਵਿੱਖ ਲੱਭੇ ਤਾਂ ਇਹ ਸਿਰਫ ਇੱਕ ਘਰ ਦੀ ਗੱਲ ਨਹੀਂ ਰਹਿੰਦੀ; ਇਹ ਸਾਡੀ ਸਮਾਜਿਕ ਸੋਚ ਦੀ ਚੀਕ ਬਣ ਜਾਂਦੀ ਹੈ।
ਬਜ਼ੁਰਗ ਮਾਂ ਨੇ ਕਿਹਾ, “ਅਸੀਂ ਸਭ ਕੁਝ ਉਸਨੂੰ ਦੇ ਦਿੱਤਾ। ਰਿਟਾਇਰਮੈਂਟ ਦਾ ਪੈਸਾ ਵੀ, ਜਮ੍ਹਾਂ ਪੂੰਜੀ ਵੀ। ਪੈਨਸ਼ਨ ਦੀ ਰਕਮ ਵੀ ਉਹੀ ਲੈ ਜਾਂਦਾ ਹੈ। ਪਰ ਗੱਲ ਕਰਨ ਲਈ ਉਸਦੇ ਕੋਲ ਦੋ ਮਿੰਟ ਨਹੀਂ।”
ਫਿਰ ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਕੋਈ ਫੰਕਸ਼ਨ ਹੋਵੇ, ਪੁੱਤ ਦੇ ਦੋਸਤ ਆਉਣੇ ਹੋਣ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ, “ਤੁਸੀਂ ਅੰਦਰ ਹੀ ਰਹਿਣਾ, ਬਾਹਰ ਨਾ ਆਉਣਾ।”
ਸੋਚੋ, ਜਿਸ ਘਰ ਦੀ ਨੀਂਹ ਮਾਪਿਆਂ ਨੇ ਆਪਣੇ ਹੱਥਾਂ ਨਾਲ ਰੱਖੀ, ਅੱਜ ਉਹੀ ਮਾਪੇ ਉਸ ਘਰ ਦੇ ਬੈਠਣ ਕਮਰੇ ਵਿੱਚ ਬੈਠਣ ਦੇ ਕਾਬਲ ਨਹੀਂ ਸਮਝੇ ਜਾਂਦੇ। ਜਿਸ ਛੱਤ ਲਈ ਉਨ੍ਹਾਂ ਨੇ ਉਮਰ ਲਾ ਦਿੱਤੀ, ਅੱਜ ਉਸੇ ਛੱਤ ਹੇਠਾਂ ਉਨ੍ਹਾਂ ਨੂੰ ਇੱਕ ਖੂੰਜੇ ਲਾਇਆ ਜਾਂਦਾ ਹੈ।
“ਗੁੱਡੀ, ਅਸੀਂ ਘਰ ਵਿੱਚ ਹਾਂ, ਪਰ ਆਪਣੇ ਘਰ ਵਿੱਚ ਨਹੀਂ ...।” ਉਨ੍ਹਾਂ ਦੀ ਇਹ ਗੱਲ ਮੇਰੇ ਦਿਲ ਵਿੱਚ ਪੱਥਰ ਵਾਂਗ ਵੱਜ ਗਈ। ਇਹ ਬੋਲ ਸਿਰਫ ਉਨ੍ਹਾਂ ਦੇ ਨਹੀਂ ਸਨ, ਉਨ੍ਹਾਂ ਹਜ਼ਾਰਾਂ ਬਜ਼ੁਰਗਾਂ ਦੀ ਅਵਾਜ਼ ਸਨ ਜਿਹੜੇ ਆਪਣੇ ਹੀ ਘਰਾਂ ਵਿੱਚ ਬਿਗਾਨੇ ਹੋ ਗਏ ਹਨ। ਉਹ ਮਾਵਾਂ ਜੋ ਸਾਰੀ ਉਮਰ ਰਸੋਈ ਵਿੱਚ ਖੜ੍ਹੀਆਂ ਰਹੀਆਂ, ਪਰ ਬੁਢਾਪੇ ਵਿੱਚ ਇੱਕ ਕੱਪ ਚਾਹ ਲਈ ਵੀ ਕਿਸੇ ਦੇ ਮੂਡ ਦੀ ਉਡੀਕ ਕਰਦੀਆਂ ਹਨ। ਉਹ ਪਿਤਾ ਜੋ ਕਦੇ ਘਰ ਦੇ ਫੈਸਲੇ ਕਰਦੇ ਸਨ, ਅੱਜ ਆਪਣੀ ਦਵਾਈ ਲਈ ਵੀ ਪੁੱਤ ਦੇ ਹੱਥਾਂ ਵੱਲ ਦੇਖਦੇ ਹਨ।
ਇਸੇ ਤਰ੍ਹਾਂ ਇੱਕ ਹੋਰ ਬਜ਼ੁਰਗ ਜੋੜਾ ਆਪਣੀ ਪੋਤੀ ਨੂੰ ਐਂਗਜ਼ਾਇਟੀ ਕਾਉਂਸਲਿੰਗ ਲਈ ਮੇਰੇ ਕੋਲ ਲੈ ਕੇ ਆਇਆ। ਬੱਚੀ ਦੇ ਚਿਹਰੇ ਉੱਤੇ ਘਬਰਾਹਟ ਸੀ, ਪਰ ਦਾਦਾ-ਦਾਦੀ ਦੀਆਂ ਅੱਖਾਂ ਵਿੱਚ ਵੀ ਦੱਬਿਆ ਹੋਇਆ ਦਰਦ ਸੀ। ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਉਹ ਆਪਣੇ ਹੀ ਬਣਾਏ ਘਰ ਦੀ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸਨ ਪਰ ਉਨ੍ਹਾਂ ਲਈ ਪੌੜੀਆਂ ਵੱਖਰੀਆਂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਮੁੱਖ ਦਰਵਾਜ਼ੇ ਰਾਹੀਂ ਆਉਂਦੇ-ਜਾਂਦੇ ਨਾ ਦਿਸਣ। ਉਨ੍ਹਾਂ ਦੀ ਪੜ੍ਹੀ-ਲਿਖੀ, ਲੈਕਚਰਾਰ ਨੂੰਹ ਕਹਿੰਦੀ ਹੈ, “ਮੰਮੀ-ਪਾਪਾ ਨੂੰ ਦੇਖ ਕੇ ਮੇਰਾ ਮੂਡ ਹੀ ਖਰਾਬ ਹੋ ਜਾਂਦਾ ਹੈ।”
ਇਹ ਸੁਣ ਕੇ ਮਨ ਅੰਦਰੋਂ ਹਿੱਲ ਗਿਆ। ਜਿਨ੍ਹਾਂ ਬਜ਼ੁਰਗਾਂ ਨੇ ਆਪਣੀ ਉਮਰ ਲਾ ਕੇ ਘਰ ਬਣਾਇਆ, ਅੱਜ ਉਹੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਲਈ ਵੀ ਅਣਚਾਹੇ ਹੋ ਗਏ। ਉਹ ਪੋਤੀ ਨੂੰ ਕਾਉਂਸਲਿੰਗ ਲਈ ਲੈ ਕੇ ਆਏ ਸਨ, ਪਰ ਉਨ੍ਹਾਂ ਦੀ ਆਪਣੀ ਖਾਮੋਸ਼ੀ ਵੀ ਬਹੁਤ ਕੁਝ ਕਹਿ ਰਹੀ ਸੀ। ਮੈਨੂੰ ਮਹਿਸੂਸ ਹੋਇਆ ਕਿ ਕਈ ਵਾਰ ਬੱਚੇ ਦੇ ਮਨ ਨੂੰ ਸਮਝਣ ਲਈ ਸਿਰਫ ਉਸਦੀਆਂ ਕਾਪੀਆਂ, marks ਜਾਂ mobile habits ਨਹੀਂ ਦੇਖਣੀਆਂ ਪੈਂਦੀਆਂ; ਕਈ ਵਾਰ ਘਰ ਦੇ ਅੰਦਰ ਦੀ ਹਵਾ ਦੀ ਸਰਸਰਾਹਟ ਵੀ ਸੁਣਨੀ ਪੈਂਦੀ ਹੈ।
ਮੇਰੇ ਕੋਲ ਇੱਕ ਹੋਰ ਬੱਚਾ ਕਾਉਂਸਲਿੰਗ ਲਈ ਆਉਂਦਾ ਹੈ, ਜੋ Down syndrome ਨਾਲ ਜੂਝ ਰਿਹਾ ਹੈ। ਉਸ ਬੱਚੇ ਦੇ ਦਾਦਾ-ਦਾਦੀ ਉਸਨੂੰ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਚਿਹਰਿਆਂ ਉੱਤੇ ਥਕਾਵਟ ਹੁੰਦੀ ਹੈ, ਪਰ ਪੋਤੇ ਲਈ ਪਿਆਰ ਇੰਨਾ ਡੂੰਘਾ ਹੁੰਦਾ ਹੈ ਕਿ ਦੇਖਣ ਵਾਲੇ ਦੀਆਂ ਅੱਖਾਂ ਭਰ ਆਉਣ। ਉਹ ਬੱਚੇ ਦੇ ਹਰ ਇਸ਼ਾਰੇ ਨੂੰ ਸਮਝਦੇ ਹਨ, ਉਸਦੀ ਹਰ ਛੋਟੀ ਜਿਹੀ ਪ੍ਰਗਤੀ ਉੱਤੇ ਖੁਸ਼ ਹੁੰਦੇ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪੋਤੇ ਦੀ ਪੜ੍ਹਾਈ ਵੇਲੇ ਸਕੂਲ ਦੇ ਬਾਹਰ ਘੰਟਿਆਂ ਬੈਠੇ ਰਹਿੰਦੇ ਹਨ। ਬੱਚਾ ਅੰਦਰ ਪੜ੍ਹਦਾ ਹੈ ਅਤੇ ਦਾਦਾ-ਦਾਦੀ ਬਾਹਰ ਉਡੀਕ ਕਰਦੇ ਹਨ। ਪਰ ਜਿਸ ਬੱਚੇ ਦੀ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਦਾਦਾ-ਦਾਦੀ ਉੱਤੇ ਹੈ, ਉਸੇ ਘਰ ਵਿੱਚ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ। Family function ਵਿੱਚ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਨੂੰਹ ਪੁੱਤ ਦੀ ਨਜ਼ਰ ਵਿੱਚ ਉਹ ਸਿਰਫ “ਕੰਮ ਆਉਣ ਵਾਲੇ ਬਜ਼ੁਰਗ” ਬਣ ਕੇ ਰਹਿ ਗਏ ਹਨ।
ਮੇਰੇ ਕੋਲ ਇੱਕ autistic ਬੱਚਾ ਵੀ ਆਉਂਦਾ ਹੈ। ਉਸਦੇ ਦਾਦਾ-ਦਾਦੀ ਉਸਨੂੰ ਇੰਨੀ ਸਹਿਜਤਾ ਨਾਲ ਸੰਭਾਲਦੇ ਹਨ ਕਿ ਕਈ ਵਾਰ ਮੈਂ ਸੋਚਦੀ ਹਾਂ, ਬੁਢਾਪਾ ਕਿੰਨਾ ਮਹਾਨ ਹੋ ਸਕਦਾ ਹੈ, ਜੇ ਉਸ ਵਿੱਚ ਪਿਆਰ ਅਤੇ ਸਹਿਣਸ਼ੀਲਤਾ ਬਚੀ ਰਹੇ। ਬੱਚਾ ਕਈ ਵਾਰ ਬੇਚੈਨ ਹੋ ਜਾਂਦਾ ਹੈ, ਕਈ ਵਾਰ ਇੱਕੋ ਗੱਲ ਦੁਹਰਾਈ ਜਾਂਦਾ ਹੈ, ਕਈ ਵਾਰ ਆਪਣੀ ਦੁਨੀਆ ਵਿੱਚ ਖੋ ਜਾਂਦਾ ਹੈ, ਪਰ ਦਾਦਾ-ਦਾਦੀ ਉਸਨੂੰ ਝਿੜਕਦੇ ਨਹੀਂ, ਉਹ ਉਸਦੀਆਂ ਸੁਰਾਂ ਨੂੰ ਸਮਝਦੇ ਹਨ, ਉਸਦੀ ਚੁੱਪ ਨੂੰ ਵੀ ਭਾਸ਼ਾ ਵਾਂਗ ਪੜ੍ਹਦੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਬਜ਼ੁਰਗ ਵੀ ਕਈ ਘਰਾਂ ਵਿੱਚ ਸਿਰਫ “ਬੱਚੇ ਨੂੰ ਸੰਭਾਲਣ ਵਾਲੇ” ਬਣ ਕੇ ਰਹਿ ਜਾਂਦੇ ਹਨ। ਉਨ੍ਹਾਂ ਦੀ ਸੇਵਾ ਲੈ ਲਈ ਜਾਂਦੀ ਹੈ ਪਰ ਇੱਜ਼ਤ ਵਾਪਸ ਨਹੀਂ ਕੀਤੀ ਜਾਂਦੀ।
ਇੱਕ ਕਾਉਂਸਲਰ ਵਜੋਂ ਮੈਂ ਮਹਿਸੂਸ ਕੀਤਾ ਹੈ ਕਿ ਬੁਢਾਪੇ ਦਾ ਦਰਦ ਹਮੇਸ਼ਾ ਬਿਮਾਰੀਆਂ ਕਰਕੇ ਨਹੀਂ ਹੁੰਦਾ, ਕਈ ਵਾਰ ਸਭ ਤੋਂ ਵੱਡਾ ਦਰਦ ਇਕੱਲਾਪਣ ਹੁੰਦਾ ਹੈ, ਅਣਗੌਲਣਾ ਹੁੰਦਾ ਹੈ, ਰੁੱਖੇ ਬੋਲ ਹੁੰਦੇ ਹਨ। ਉਦਾਸੀ ਸਿਰਫ ਜਵਾਨਾਂ ਦੀ ਸਮੱਸਿਆ ਨਹੀਂ, ਕਈ ਬਜ਼ੁਰਗ ਵੀ ਸਾਰਾ ਦਿਨ ਚੁੱਪ ਰਹਿੰਦੇ ਹਨ। ਉਹ ਖਾਣਾ ਘੱਟ ਕਰ ਦਿੰਦੇ ਹਨ, ਨੀਂਦ ਟੁੱਟਵੀਂ ਆਉਂਦੀ ਹੈ ਤੇ ਘਰ ਵਾਲੇ ਕਹਿ ਦਿੰਦੇ ਹਨ ਇਹ ਉਮਰ ਦਾ ਅਸਰ ਹੈ। ਨਹੀਂ, ਹਰ ਚੁੱਪ ਉਮਰ ਦਾ ਅਸਰ ਨਹੀਂ ਹੁੰਦੀ; ਕਈ ਵਾਰ ਉਹ ਅਣਗੌਲ਼ੇ ਹੋਣ ਦਾ ਜ਼ਖਮ ਵੀ ਹੁੰਦੀ ਹੈ।
ਅਸੀਂ ਕਿਹੜੇ ਸਮਾਜ ਵੱਲ ਜਾ ਰਹੇ ਹਾਂ? ਇੱਕ ਪਾਸੇ ਅਸੀਂ ਗਣੇਸ਼ ਜੀ ਦੀ ਪੂਜਾ ਕਰਦੇ ਹਾਂ, ਕਿਉਂਕਿ ਉਨ੍ਹਾਂ ਨੇ ਆਪਣੇ ਮਾਪਿਆਂ, ਸ਼ਿਵ ਜੀ ਅਤੇ ਪਾਰਵਤੀ ਜੀ ਨੂੰ ਸਭ ਤੋਂ ਵੱਡਾ ਮਾਣ ਦਿੱਤਾ। ਦੂਜੇ ਪਾਸੇ ਘਰ ਵਿੱਚ ਬੈਠੇ ਬੁੱਢੇ ਮਾਪਿਆਂ ਨੂੰ ਅਸੀਂ “ਸਮੱਸਿਆ” ਸਮਝਣ ਲੱਗ ਪਏ ਹਾਂ। ਹਰ ਸ਼ਹਿਰ ਵਿੱਚ ਸ਼ਨੀ ਦੇਵ ਦੇ ਮੰਦਰ ਹਨ। ਲੋਕ ਸ਼ਨੀ ਨੂੰ ਖੁਸ਼ ਕਰਨ ਲਈ ਮੱਥਾ ਟੇਕਦੇ ਹਨ, ਪਰ ਘਰ ਦੇ ਬਜ਼ੁਰਗਾਂ ਦੀ ਸੇਵਾ ਭੁੱਲ ਜਾਂਦੇ ਹਨ। ਜੇ ਘਰ ਵਿੱਚ ਬੈਠੇ ਬੁੱਢੇ ਮਾਪੇ ਅਣਡਿੱਠੇ ਰਹਿ ਜਾਣ ਅਤੇ ਅਸੀਂ ਮੰਦਰਾਂ ਵਿੱਚ ਭਟਕਦੇ ਰਹੀਏ ਤਾਂ ਇਹ ਕਿਹੜੀ ਭਗਤੀ ਹੋਈ? ਮੈਨੂੰ ਤਾਂ ਕਈ ਵਾਰ ਇਹੀ ਪੰਕਤੀ ਯਾਦ ਆ ਜਾਂਦੀ ਹੈ:
“ਪਾਣੀ ਵਿੱਚ ਮੀਨ ਪਿਆਸੀ, ਮੈਨੂੰ ਸੁਣ ਸੁਣ ਆਵੇ ਹਾਸੀ।”
ਜੀਵੰਤ ਮਾਪੇ ਘਰ ਵਿੱਚ ਬੈਠੇ ਹਨ, ਤੇ ਅਸੀਂ ਰੱਬ ਨੂੰ ਬਾਹਰ ਲੱਭ ਰਹੇ ਹਾਂ। ਮਾਂ ਦੀਆਂ ਅੱਖਾਂ ਵਿੱਚ ਰੱਬ ਹੈ, ਪਿਤਾ ਦੇ ਕੰਬਦੇ ਹੱਥਾਂ ਵਿੱਚ ਅਸੀਸ ਹੈ; ਦਾਦਾ-ਦਾਦੀ ਦੀਆਂ ਝੁਰੜੀਆਂ ਵਿੱਚ ਘਰ ਦਾ ਇਤਿਹਾਸ ਹੈ। ਉਨ੍ਹਾਂ ਦੀ ਥਾਲੀ ਵਿੱਚ ਰੋਟੀ ਪਾਉਣਾ ਵੀ ਪੂਜਾ ਹੈ। ਉਨ੍ਹਾਂ ਲਈ ਦਵਾਈ ਲਿਆਉਣਾ ਵੀ ਸੇਵਾ ਹੈ।
ਮੈਨੂੰ ਮੰਟਰੀਔਲ ਦੀ ਇੱਕ ਬਿਸਨਸ ਮੀਟਿੰਗ ਯਾਦ ਹੈ। ਇੱਕ ਵਿਅਕਤੀ ਨੇ ਪੁੱਛਿਆ, “ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਧ ਮੁਨਾਫੇ ਵਲੌ ਮਾਰਕਿਟ ਕਿਹੜੀ ਹੋਵੇਗੀ?” ਮੈਂ ਕਈ ਜਵਾਬ ਦਿੱਤੇ- Technology, Healthcare, Education. ਉਹ ਕਹਿੰਦਾ, “ਨਹੀਂ ਮੈਮ, ਸਭ ਤੋਂ ਵੱਡੀ ਮਾਰਕਿਟ ਹੋਵੇਗੀ ਬੁੱਢਿਆਂ ਵਾਸਤੇ ਘਰਾਂ ਦੀ ਉਸਾਰੀ।” ਉਸ ਵੇਲੇ ਇਹ ਗੱਲ ਮੈਨੂੰ ਚੁੱਭੀ ਸੀ। ਅੱਜ ਇਹ ਹੋਰ ਵੀ ਡਰਾਉਣੀ ਲਗਦੀ ਹੈ।
ਪੰਜਾਬ ਵਿੱਚ ਵੀ ਕਈ ਘਰਾਂ ਵਿੱਚ ਮਾਪੇ ਪਿੱਛੇ ਰਹਿ ਗਏ ਹਨ, ਬੱਚੇ ਵਿਦੇਸ਼ ਚਲੇ ਗਏ ਹਨ। ਵਿਦੇਸ਼ ਜਾਣਾ ਗਲਤ ਨਹੀਂ, ਪਰ ਜੇ ਸੁਪਨਿਆਂ ਹੇਠਾਂ ਮਾਪਿਆਂ ਦੇ ਹੰਝੂ ਦੱਬ ਜਾਣ ਤਾਂ ਉਹ ਸੁਪਨੇ ਨਹੀਂ, ਕਰਜ਼ ਬਣ ਜਾਂਦੇ ਹਨ। ਕਈ ਵਾਰ ਮਾਪਿਆਂ ਦੀ ਮੌਤ ਉੱਤੇ ਵੀ ਬੱਚੇ ਨਹੀਂ ਪਹੁੰਚ ਸਕਦੇ। ਕੋਈ ਛੁੱਟੀ ਨਾ ਮਿਲਣ ਦਾ ਬਹਾਨਾ ਬਣਾ ਦਿੰਦਾ ਹੈ, ਕੋਈ ਪਾਸਪੋਰਟ ਦਾ, ਕੋਈ ਸਿਟੀਜ਼ਨਸ਼ਿੱਪ ਦਾ। ਕਾਰਨ ਸੱਚੇ ਵੀ ਹੋ ਸਕਦੇ ਹਨ, ਪਰ ਮਾਂ-ਪਿਉ ਦੀ ਉਡੀਕ ਵੀ ਸੱਚੀ ਹੁੰਦੀ ਹੈ।
ਕੀ ਮਾਪਿਆਂ ਨੇ ਬੱਚਿਆਂ ਨੂੰ ਇਸ ਲਈ ਪਾਲਿਆ ਸੀ ਕਿ ਬੁਢਾਪੇ ਵਿੱਚ ਉਨ੍ਹਾਂ ਨੂੰ ਕਮਰੇ ਅੰਦਰ ਬੈਠਾ ਦਿੱਤਾ ਜਾਵੇ? ਕੀ ਪੈਨਸ਼ਨ ਲੈ ਲੈਣ ਨਾਲ ਪੁੱਤਰ ਹੋਣ ਦਾ ਫਰਜ਼ ਪੂਰਾ ਹੋ ਜਾਂਦਾ ਹੈ? ਜਿਹੜੇ ਦਾਦਾ-ਦਾਦੀ ਪੋਤੇ ਲਈ ਸਕੂਲ ਦੇ ਬਾਹਰ ਘੰਟਿਆਂ ਬੱਧੀ ਬੈਠ ਸਕਦੇ ਹਨ, ਕੀ ਉਹ ਘਰ ਦੇ ਜੋੜਮੇਲੇ ਵਿੱਚ ਇੱਜ਼ਤ ਨਾਲ ਨਹੀਂ ਬੈਠ ਸਕਦੇ?
ਇਹ ਲੇਖ ਹਰ ਪੁੱਤ ਜਾਂ ਧੀ ਦੇ ਵਿਰੁੱਧ ਨਹੀਂ। ਅੱਜ ਵੀ ਬਹੁਤ ਘਰ ਹਨ ਜਿੱਥੇ ਬੱਚੇ ਮਾਪਿਆਂ ਨੂੰ ਰੱਬ ਵਾਂਗ ਮੰਨਦੇ ਹਨ, ਉਨ੍ਹਾਂ ਦਾ ਹਰ ਤਰ੍ਹਾਂ ਖਿਆਲ ਰੱਖਦੇ ਹਨ, ਕੋਲ ਬੈਠਦੇ ਹਨ, ਗੱਲਾਂ ਸੁਣਦੇ ਹਨ। ਅਜਿਹੇ ਬੱਚੇ ਵਧਾਈ ਦੇ ਹੱਕਦਾਰ ਹਨ। ਪਰ ਇਹ ਲੇਖ ਉਨ੍ਹਾਂ ਘਰਾਂ ਲਈ ਹੈ ਜਿੱਥੇ ਬਜ਼ੁਰਗ ਸਰੀਰਕ ਤੌਰ ’ਤੇ ਮੌਜੂਦ ਹਨ, ਪਰ ਭਾਵਨਾਤਮਕ ਤੌਰ ’ਤੇ ਛੱਡੇ ਜਾ ਚੁੱਕੇ ਹਨ। ਜਿੱਥੇ ਪੈਨਸ਼ਨ ਦੀ ਕਦਰ ਹੈ, ਪਰ ਮਨ ਦੀ ਨਹੀਂ। ਜਿੱਥੇ ਦਾਦਾ-ਦਾਦੀ ਤੋਂ ਪੋਤਰੇ ਸੰਭਲਵਾਏ ਜਾਂਦੇ ਹਨ, ਪਰ ਉਨ੍ਹਾਂ ਨੂੰ ਇੱਜ਼ਤ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।
ਇਸ ਲਈ ਮੱਥਾ ਟੇਕਣ ਤੋਂ ਪਹਿਲਾਂ ਮਾਪਿਆਂ ਦੀਆਂ ਅੱਖਾਂ ਦੇਖੋ। ਮੰਦਰ ਜਾਣ ਤੋਂ ਪਹਿਲਾਂ ਘਰ ਦੇ ਬਜ਼ੁਰਗਾਂ ਨੂੰ ਪੁੱਛੋ, “ਤੁਸੀਂ ਠੀਕਠਾਕ ਹੋ?” ਦਾਨ ਕਰਨ ਤੋਂ ਪਹਿਲਾਂ ਮਾਂ ਦੀ ਦਵਾਈ ਲਿਆਓ। ਭੋਗ ਲਾਉਣ ਤੋਂ ਪਹਿਲਾਂ ਪਿਤਾ ਦੀ ਥਾਲੀ ਵਿੱਚ ਗਰਮ ਰੋਟੀ ਪਾਓ। ਘਰੇਲੂ ਮਿਲਣੀਆਂ ਮਹਿਮਾਨਾਂ ਨੂੰ ਬੁਲਾਉਣ ਤੋਂ ਪਹਿਲਾਂ ਦਾਦਾ-ਦਾਦੀ ਨੂੰ ਸਾਹਮਣੇ ਬਿਠਾਓ। ਬੱਚਿਆਂ ਨੂੰ ਸਿਖਾਓ ਕਿ ਬਜ਼ੁਰਗ ਸ਼ਰਮ ਨਹੀਂ, ਸ਼ਾਨ ਹੁੰਦੇ ਹਨ। ਮਾਪੇ ਬੋਝ ਨਹੀਂ ਹੁੰਦੇ, ਦਾਦੇ-ਦਾਦੀਆਂ ਪੁਰਾਣੀ ਚੀਜ਼ਾਂ ਨਹੀਂ ਹੁੰਦੇ, ਉਹ ਘਰਾਂ ਦੀਆਂ ਜੜ੍ਹਾਂ ਹੁੰਦੇ ਹਨ। ਅਤੇ ਜਿਸ ਘਰ ਦੀਆਂ ਜੜ੍ਹਾਂ ਸੁੱਕ ਜਾਣ, ਉਸ ਘਰ ਦੀਆਂ ਦੀਵਾਰਾਂ ਚਾਹੇ ਕਿੰਨੀਆਂ ਵੀ ਚਮਕਦਾਰ ਹੋਣ, ਉਹ ਘਰ ਅੰਦਰੋਂ ਖਾਲੀ ਹੋ ਜਾਂਦਾ ਹੈ।
***
(ਡਾ. ਕਵਿਤਾ ਸ਼ਰਮਾ ਮਨੋਵਿਗਿਆਨਿਕ ਕਾਉਂਸਲਰ ਹਨ, ਜੋ ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕ ਅਵਸਥਾ ਨਾਲ ਸੰਬੰਧਿਤ ਕਾਉਂਸਲਿੰਗ ਕਰਦੇ ਹਨ।)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)




















































































































