KavitaSharma7ਮੈਂ ਕਿਹਾ, “ਫਿਰ ਵੀਮੈਡਮਇਹ ਹੋਏ ਤਾਂ ਚਾਰ ਹੀ।” ਉਹ ਅੜੀ, “ਨਹੀਂਤੁਸੀਂ ਇੱਕ ਹੀ ਲਿਖੋ। ...”
(28 ਦਸੰਬਰ 2025)


ਕੁਝ ਦਿਨ ਪਹਿਲਾਂ ਮੇਰੇ ਕੋਲ ਕਾਊਂਸਲਿੰਗ ਸੈਸ਼ਨ ਵਿੱਚ ਇੱਕ ਔਰਤ ਆਈ। ਉਮਰ ਉਸਦੀ ਲਗਭਗ 55 ਸਾਲ ਸੀ। ਬਹੁਤ ਸੋਹਣਾ ਲਿਬਾਸ
, ਪੂਰਾ ਇੱਜ਼ਤਦਾਰ ਵਿਅਕਤੀਤਵ, ਪਰ ਅੱਖਾਂ ਵਿੱਚ ਅਜੀਬ ਜਿਹੀ ਖਾਮੋਸ਼ੀ। ਅਸੀਂ ਇੱਕ ਦੂਜੀ ਨੂੰ ਸਤਿ ਸ਼੍ਰੀ ਅਕਾਲ ਕੀਤੀ। ਉਸਨੇ ਪਾਣੀ ਪੀਤਾ ਅਤੇ ਫਿਰ ਸੈਸ਼ਨ ਸ਼ੁਰੂ ਹੋਇਆ। ਮੈਂ ਉਸਨੂੰ ਕੁਝ ਮੁਢਲੇ ਸਵਾਲ ਪੁੱਛੇ। ਮੈਂ ਪੁੱਛਿਆ, “ਤੁਹਾਡੇ ਕਿੰਨੇ ਬੱਚੇ ਹਨ?”

ਉਸਨੇ ਕਿਹਾ, “ਇੱਕ।”

ਮੈਂ ਫਿਰ ਸਵਾਲ ਦੁਹਰਾਇਆ। ਉਸਦਾ ਉੱਤਰ ਫਿਰ ਵੀ “ਇੱਕ” ਸੀ। ਮੈਂ ਨਰਮਦਿਲੀ ਨਾਲ ਫਿਰ ਪੁੱਛਿਆ। ਉਸਨੇ ਫਿਰ ਉਹੀ ਉੱਤਰ ਦਿੱਤਾ। ਮੈਂ ਸਹਿਜ ਸੁਭਾਅ ਉਸਨੂੰ ਦੱਸਿਆ ਕਿ ਜਿਸ ਜਾਣਕਾਰ ਰਾਹੀਂ ਉਹ ਮੇਰੇ ਕੋਲ ਆਈ ਹੈ, ਉਸਨੇ ਮੈਨੂੰ ਉਸਦੇ ਚਾਰ ਬੱਚਿਆਂ ਦੇ ਹੋਣ ਬਾਰੇ ਦੱਸਿਆ ਸੀ। ਇਹ ਗੱਲ ਸੁਣਕੇ ਉਹ ਅਜੀਬ ਜਿਹੀ ਹਾਸੀ ਨਾਲ ਕਹਿੰਦੀ, “ਓਅ...ਕੇ।” ਫਿਰ ਕਹਿੰਦੀ, “ਹਾਂ, ਚਾਰ ਨੇ, ਪਰ ਉਹਨਾਂ ਵਿੱਚੋਂ ਇੱਕ ਪੁੱਤਰ ਹੈ, ਬਾਕੀ ਤਿੰਨ ਧੀਆਂ।”

ਮੈਂ ਕਿਹਾ, “ਫਿਰ ਵੀ, ਮੈਡਮ, ਇਹ ਹੋਏ ਤਾਂ ਚਾਰ ਹੀ।”

ਉਹ ਅੜੀ, “ਨਹੀਂ, ਤੁਸੀਂ ਇੱਕ ਹੀ ਲਿਖੋ।”

ਮੈਂ ਕਿਹਾ, “ਮੈਡਮ, ਸਮਝਣ ਦੀ ਕੋਸ਼ਿਸ਼ ਕਰੋ ...”

ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ, ਨਿਰੀ ਖਾਮੋਸ਼ੀ ਨਾਲ ਕਹਿੰਦੀ, “ਤੁਸੀਂ ਸਮਝੋ … ਮੈਂ ਤਾਂ ਸਮਝ ਗਈ ਹਾਂ।”

ਇਹ ਉਹ ਵਾਕ ਸੀ ਜੋ ਮੇਰੀ ਰੂਹ ਨੂੰ ਝੰਜੋੜ ਗਿਆ। ਚੁੱਪ ਛਾ ਗਈ। ਉਸਦਾ ਗਲਾ ਤਾਂ ਭਰ ਆਇਆ ਸੀ, ਪਰ ਉਹ ਰੋਈ ਨਹੀਂ। ਉਹ ਚੁੱਪ ਵੀ ਕਿੰਨੀ ਉੱਚੀ ਸੀ, ਜੋ ਸਿੱਧੀ ਰੂਹ ’ਤੇ ਲੱਗ ਰਹੀ ਸੀ। ਮੈਨੂੰ ਉਸਦੀਆਂ ਅੱਖਾਂ ਵਿੱਚ ਪਾਣੀ ਤੈਰਦਾ ਹੋਇਆ ਨਜ਼ਰ ਆਇਆ, ਪਰ ਉਹ ਹੰਝੂ ਬਣ ਕੇ ਬਾਹਰ ਨਹੀਂ ਡਿਗਿਆ। ਉਹ ਦਰਦ ਅਜੇ ਵੀ ਅੱਖਾਂ ਦੇ ਕਿਨਾਰਿਆਂ ’ਤੇ ਅਟਕਿਆ ਹੋਇਆ ਸੀ। ਨਾ ਬੋਲਿਆ ਗਿਆ, ਨਾ ਰੋਇਆ ਗਿਆ, ਸਿਰਫ ਮਹਿਸੂਸ ਕੀਤਾ ਗਿਆ। ਪਰ ਅੰਦਰ ਦੀ ਸਾਂਝ ਬਣ ਚੁੱਕੀ ਸੀ। ਉਸਦੀਆਂ ਅੱਖਾਂ ਵਿੱਚ ਸਾਲਾਂ ਦੀ ਚੀਕ ਸੀ। ਲੋਕਾਂ ਦੀਆਂ ਟਿੱਪਣੀਆਂ, ਪੁੱਤਰ ਦੀ ਲੋੜ, ਧੀਆਂ ਨੂੰ ਅਣਗਿਣਤ ਲੋਕਾਂ ਵੱਲੋਂ ਘੱਟ ਸਮਝਣਾ।

ਉਹ ਰੋ ਨਾ ਸਕੀ, ਘੁੱਟ ਕੇ ਬੈਠੀ ਰਹੀ; ਜਿਵੇਂ ਸ਼ੀਸ਼ੇ ਦੇ ਪਿੰਜਰੇ ਵਿੱਚ ਬੈਠੀ ਹੋਵੇ। ਉਸਦੇ ਦਰਦ ਦਿਖਾਈ ਦੇ ਰਹੇ ਸਨ ਪਰ ਸਮਝ ਨਹੀਂ ਆ ਰਹੇ ਸਨ। ਉਸਦੀ ਉਹ ਚੁੱਪ, ਉਹ ਥਰਥਰਾਉਂਦੀ ਆਵਾਜ਼, ਮੇਰੀ ਰੂਹ ਨੂੰ ਅੰਦਰੋਂ ਚੀਰਦੀ ਜਾ ਰਹੀ ਸੀ। ਫਿਰ ਉਸਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ। ਕਹਿੰਦੀ, “ਮੇਰੇ ਤਿੰਨ ਧੀਆਂ ਹਨ ਜੋ ਕਿ ਮੇਰੇ ਜਿਗਰ ਦਾ ਟੁਕੜਾ ਹਨ, ਮੇਰੇ ਸਿਰ ਦਾ ਤਾਜ ਹਨ, ਪਰ ਸਮਾਜ ਲਈ ਉਹ ਤਿੰਨ ਪੱਥਰ ਹਨ… ਜਦੋਂ ਮੇਰੀ ਤੀਜੀ ਧੀ ਹੋਈ, ਤਾਂ ਮੇਰਾ ਜਿਊਣਾ ਨਰਕ ਬਣ ਗਿਆ। ਪਤੀ ਨੇ ਕਿਹਾ, “ਇਸ ਵਾਰੀ ਪੁੱਤਰ ਚਾਹੀਦਾ ਹੈ, ਕਿਸੇ ਵੀ ਕੀਮਤ ’ਤੇ। ... ਮੈਂ ਤਿੰਨ ਸੀ-ਸੈਕਸ਼ਨ ਤੋਂ ਲੰਘ ਚੁੱਕੀ ਸੀ ਪਰ ਚੌਥੀ ਵਾਰੀ ਸਧਾਰਨ ਡਿਲਿਵਰੀ ਹੋਈ। ... ਹਾਂ, ਪੁੱਤਰ ਹੋਇਆ, ਪਰ ਮੇਰੀ ਆਤਮਾ ਜ਼ਖਮੀ ਹੋ ਗਈ। ਮੈਂ ਆਪਣੇ ਕੰਨਾਂ ਨਾਲ ਸੁਣਿਆ, “ਪੁੱਤਰ ਚਾਹੀਦਾ ਸੀ, ਜੇ ਇਸਦੀ ਜਾਨ ਵੀ ਚਲੀ ਜਾਂਦੀ ਤਾਂ ਵੀ ਪਰਵਾਹ ਨਹੀਂ ਸੀ।”

ਉਸਦੀ ਹਰ ਇੱਕ ਸਿਸਕੀ ਇੱਕ ਜ਼ਖ਼ਮ ਸੀ, ਜੋ ਸਿਰਫ ਉਸਦਾ ਨਹੀਂ, ਸਾਡੀ ਸਮਾਜਿਕ ਸੋਚ ਦਾ ਨਤੀਜਾ ਸੀ। ਉਹ ਰੋਣ ਤੋਂ ਵੀ ਡਰਦੀ ਸੀ, ਕਿਉਂਕਿ ਕਈ ਵਾਰ ਧੀਆਂ ਦੀਆਂ ਮਾਵਾਂ ਨੂੰ ਆਪਣੇ ਹੰਝੂਆਂ ਲਈ ਵੀ ਸਫ਼ਾਈ ਦੇਣੀ ਪੈਂਦੀ ਹੈ।

ਉਹ ਕਹਿੰਦੀ, “ਉਸ ਦਿਨ ਤੋਂ ਮੈਂ ਅੰਦਰੋਂ ਟੁੱਟ ਚੁੱਕੀ ਹਾਂ। ਮੈਂ ਮਾਂ ਤਾਂ ਹਾਂ ਚਾਰ ਬੱਚਿਆਂ ਦੀ, ਪਰ ਪਰਿਵਾਰ ਨੇ ਤਿੰਨਾਂ ਨੂੰ ਕਦੇ ਮੰਨਿਆ ਹੀ ਨਹੀਂ ਕਿਉਂਕਿ ਇਹ ਧੀਆਂ ਹਨ। ਧੀਆਂ ਹੋਣ ਦੀ ਸਜ਼ਾ ਪਾ ਰਹੀਆਂ ਹਨ।”

ਉਹ ਬੋਲਦੀ ਜਾ ਰਹੀ ਸੀ ਤੇ ਮੇਰੀ ਰੂਹ ਨੂੰ ਅੰਦਰ ਤਕ ਚੀਰਦੀ ਜਾ ਰਹੀ ਸੀ। ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਉਹ ਰੋਣ ਦੀ ਇਜਾਜ਼ਤ ਤਲਾਸ਼ ਰਹੀ ਸੀ ਪਰ ਸਮਾਜ ਨੇ ਉਸ ਤੋਂ ਉਹ ਹੱਕ ਵੀ ਖੋਹ ਲਿਆ ਸੀ। ਉਹ ਦੇ ਹਾਲਾਤ ਸਿਰਫ ਉਸਦੀ ਜ਼ਿੰਦਗੀ ਦੀ ਕਹਾਣੀ ਨਹੀਂ ਸਨ, ਇਹ ਸਾਡੀ ਨਕਾਰਾਤਮਕ ਸਮਾਜਿਕ ਬਿਮਾਰੀ ਦੀ ਗੂੰਜ ਸੀ। ਉਹ ਤੱਤ, ਜੋ ਔਰਤ ਨੂੰ ਹੀ ਔਰਤ ਦੇ ਅਸਤਿਤਵ ਤੋਂ ਇਨਕਾਰ ਕਰਾਉਂਦਾ ਹੈ। ਇਸ ਮਾਂ ਦੀ ਅੱਖਾਂ ਦੀ ਨਮੀ ਮੇਰੀ ਰੂਹ ’ਤੇ ਲੱਗ ਗਈ। ਮੈਂ ਸੋਚਣ ਲੱਗੀ, “ਅੱਜ ਵੀ ਅਸੀਂ ਕਿੰਨੇ ਹੀ ਘਰਾਂ ਵਿੱਚ ਧੀ ਹੋਣ ਦੇ ਗੁਨਾਹ ਦੀ ਸਜ਼ਾ ਦੇ ਰਹੇ ਹਾਂ? ਕਿੰਨੀ ਮਾਵਾਂ ਨੇ ਧੀਆਂ ਨੂੰ ਆਪਣਾ ਹਿੱਸਾ ਮੰਨਣਾ ਹੀ ਛੱਡ ਦਿੱਤਾ ਹੈ? ਜਦੋਂ ਉਸਨੇ ਕਿਹਾ “ਤੁਸੀਂ ਸਮਝੋ ...” ਉਹ ਸਿਰਫ ਮੇਰੇ ਲਈ ਨਹੀਂ ਸੀ, ਉਹ ਸਾਡੇ ਸਾਰਿਆਂ ਲਈ ਸੀ। ਸਮਾਜ ਲਈ, ਔਰਤਾਂ ਲਈ, ਜੋ ਹੋਰ ਔਰਤਾਂ ਨੂੰ ਧੀਆਂ ਦੀ ਮਾਂ ਬਣਨ ਤੇ ਪੁੱਤਰ ਦੇ ਨਾਂ ’ਤੇ ਅਸਵੀਕਾਰ ਕਰਦੀਆਂ ਹਨ। ਉਹ ਸਮਾਜਿਕ ਸਮਾਜਿਕ ਸ਼ਗਨਾਂ-ਵਿਹਾਰਾਂ ’ਤੇ ਆਪਣੇ ਹੰਝੂਆਂ ਨੂੰ ਨੀਵਾਂ ਰੱਖ ਕੇ, ਸਦਾ ਇੱਕ ਅਜਿਹੇ ਇਲਜ਼ਾਮ ਨਾਲ ਜਿਉਂਦੀ ਰਹੀ, ਜਿਵੇਂ ਧੀਆਂ ਨੂੰ ਜੰਮਣਾ ਉਸਦਾ ਗੁਨਾਹ ਹੋਵੇ। ਨਾ ਕਿਸੇ ਨੇ ਉਸਦਾ ਦਰਦ ਪੜ੍ਹਿਆ, ਨਾ ਕਿਸੇ ਨੇ ਉਸਦਾ ਅਸਤਿਤਵ।

ਇਹ ਵਿਗਿਆਨਕ ਤੌਰ ’ਤੇ ਸੱਚ ਹੈ ਕਿ ਸੰਤਾਨ ਦਾ ਪੁੱਤਰ ਹੋਣਾ ਜਾਂ ਧੀ ਹੋਣਾ ਔਰਤ ਦੇ ਹੱਥ ਵਿੱਚ ਕਦੇ ਵੀ ਨਹੀਂ ਹੁੰਦਾ। ਉਹ ਸਿਰਫ ਆਪਣੇ ਲਈ ਤੜਫ ਨਹੀਂ ਰਹੀ ਸੀ… ਉਹ ਤੜਫ ਰਹੀ ਸੀ ਹਰ ਉਸ ਮਾਂ ਲਈ, ਜਿਸਨੇ ਧੀ ਜਣ ਕੇ ਆਪਣੀ ਵੁੱਕਤ ਗਵਾ ਲਈ ਹੋਵੇ। ਉਹ ਰੋ ਰਹੀ ਸੀ ਉਸ ਸਮਾਜ ਲਈ, ਜੋ ਅੱਜ ਵੀ ਪੁੱਤਰ ਨੂੰ ਮਾਣ ਸਮਝਦਾ ਹੈ ਤੇ ਧੀ ਨੂੰ ਭਾਰ। ਸਮਾਂ ਆ ਗਿਆ ਏ ਰੁਕ ਕੇ ਸੋਚਣ ਦਾ, ਮਹਿਸੂਸ ਕਰਨ ਦਾ, ਅਤੇ ਬਦਲਣ ਦਾ। ਜਦੋਂ ਤਕ ਅਸੀਂ “ਧੀ” ਦੇ ਜਨਮ ਨੂੰ ਸ਼ਾਨ ਨਹੀਂ ਬਣਾਉਂਦੇ, ਉਹ ਹੰਝੂ ਵਗਦੇ ਰਹਿਣਗੇ ਤੇ ਹਰ ਧੀ ਦੀ ਮਾਂ “ਤੁਸੀਂ ਸਮਝੋ ...” ਆਖਦੀ ਰਹੇਗੀ।

ਉਹ ਰੋ ਰਹੀ ਸੀ, ਪਰ ਉਸਦਾ ਉਹ ਰੋਣਾ ਸਿਰਫ ਆਪਣੀ ਅਪਮਾਨਿਤ ਜ਼ਿੰਦਗੀ ਲਈ ਨਹੀਂ ਸੀ। ਉਹ ਹੰਝੂ ਨਹੀਂ ਸਨ, ਉਹ ਤਾਂ ਸਦੀਆਂ ਤੋਂ ਦੱਬੇ ਹੋਏ ਦਰਦ ਦੀ ਸੰਜੀਵੀ ਚੀਕ ਸਨ। ਧੀਆਂ ਦੀਆਂ ਮਾਵਾਂ ਅੱਜ ਵੀ ਆਪਣੇ ਹੀ ਘਰਾਂ ਵਿੱਚ ਬੇਗਾਨੀਆਂ ਬਣ ਕੇ ਜੀ ਰਹੀਆਂ ਨੇ। ਉਹ ਮਾਂ, ਜੋ ਚਾਰ ਬੱਚਿਆਂ ਦੀ ਮਾਂ ਸੀ, ਅੱਜ ਤਿੰਨ ਨੂੰ ਗਿਣਦੀ ਵੀ ਨਹੀਂ ਸੀ, ਕਿਉਂਕਿ ਸਮਾਜ ਨੇ ਉਸਦੇ ਮਨ ਵਿੱਚ ਇਹ ਲਿਖ ਦਿੱਤਾ ਕਿ ਧੀਆਂ ਕਿਸੇ ਗਿਣਤੀ ਵਿੱਚ ਨਹੀਂ ਆਉਂਦੀਆਂ।

“ਤੁਸੀਂ ਸਮਝੋ ...” ਇਹ ਸਿਰਫ ਇੱਕ ਵਾਕ ਨਹੀਂ ਸੀ, ਇਹ ਤਾਂ ਸਾਡੇ ਸਮੂਹਿਕ ਅਣਸੁਣੇ ਪਾਪਾਂ ਦਾ ਖ਼ਾਮੋਸ਼ ਇਲਜ਼ਾਮ ਸੀ। ਸਮਾਂ ਆ ਗਿਆ ਏ, ਜਦੋਂ ਅਸੀਂ ਗੁਰੂ ਨਾਨਕ ਜੀ ਦੀ ਬਾਣੀ ਨੂੰ ਸਿਰਫ ਪੜ੍ਹੀਏ ਨਹੀਂ, ਜੀਵੀਏ ਵੀ, “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।”

ਅਸੀਂ ਚੁੱਪ ਰਹੇ ਤਾਂ ਉਹ ਹੰਝੂ ਕਦੇ ਨਹੀਂ ਸੁੱਕਣਗੇ... ਅਤੇ ਹਰ ਧੀ ਦੀ ਮਾਂ, “ਤੁਸੀਂ ਸਮਝੋ ...” ਆਖਦੀ ਰਹੇਗੀ। ਸੱਚ ਇਹ ਵੀ ਹੈ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਸਮਾਜ ਵਿੱਚ ਅੱਜ ਵੀ ਬਹੁਤ ਸਾਰੇ ਸਮਝਦਾਰ, ਧੀਆਂ ਨੂੰ ਪਿਆਰ ਕਰਨ ਵਾਲੇ ਅਤੇ ਵਧੀਆ ਸੋਚ ਵਾਲੇ ਲੋਕ ਮੌਜੂਦ ਹਨ। ਅਜਿਹੇ ਮਾਪੇ ਵੀ ਹਨ, ਜੋ ਆਪਣੀਆਂ ਧੀਆਂ ਨਾਲ ਬੇਹੱਦ ਪਿਆਰ ਕਰਦੇ ਹਨ, ਉਨ੍ਹਾਂ ਉੱਤੇ ਮਾਣ ਕਰਦੇ ਹਨ। ਅਜਿਹੇ ਸੱਸਾਂ-ਸਹੁਰੇ ਵੀ ਹਨ, ਜੋ ਆਪਣੀ ਨੂੰਹਾਂ ਨੂੰ ਧੀਆਂ ਵਾਂਗ ਸਮਝਦੇ ਹਨ ਅਤੇ ਕਦੇ ਵੀ ਇਹ ਨਹੀਂ ਆਖਦੇ ਕਿ ਤੂੰ ਧੀ ਜਣ ਕੇ ਕੋਈ ਗਲਤੀ ਕੀਤੀ ਹੈ। ਉਹ ਲੋਕ ਧੀਆਂ ਨੂੰ ਰੱਬ ਦੀ ਨਿਆਮਤ ਮੰਨਦੇ ਹਨ। ਉਹ ਦੋ ਜਾਂ ਤਿੰਨ ਧੀਆਂ ਹੋਣ ਉੱਤੇ ਨਾ ਤਾਂ ਅਫਸੋਸ ਕਰਦੇ ਹਨ, ਨਾ ਹੀ ਤਾਅਨੇ ਮਾਰਦੇ ਹਨ।

ਇਹ ਲੇਖ ਉਨ੍ਹਾਂਲੋਕਾਂ ਲਈ ਹੈ ਜੋ ਅਜੇ ਵੀ ਧੀਆਂ ਦੀ ਕਦਰ ਨਹੀਂ ਕਰਦੇ, ਜੋ ਮਾਂ ਨੂੰ ਉਸਦੀ ਧੀ ਲਈ ਤਾਹਨੇ ਮਾਰਦੇ ਹਨ, ਜੋ ਅਜੇ ਵੀ ਔਰਤ ਨੂੰ ਸਿਰਫ ਪੁੱਤਰ ਦੀ ਮਾਂ ਹੋਣ ਤਕ ਹੀ ਸੀਮਿਤ ਕਰਦੇ ਹਨ। ਸਾਨੂੰ ਇਹ ਸਮਝਣਾ ਹੋਵੇਗਾ ਕਿ ਬਦਲਾਅ ਹਮੇਸ਼ਾ ਨਿੱਕੀ ਨਿੱਕੀ ਸੋਚ ਤੋਂ ਸ਼ੁਰੂ ਹੁੰਦਾ ਹੈ। ਅਸੀਂ ਜੇ ਹਰ ਧੀ ਨੂੰ ਮਾਣ ਦੇਈਏ ਤਾਂ ਅਸਲ ਬਦਲਾਅ ਖੁਦ-ਬ-ਖੁਦ ਆ ਜਾਵੇਗਾ। ਤੁਸੀਂ ਸਮਝੋ ਇਹ ਜੋ ਕੁਝ ਸ਼ਬਦਾਂ ਰਾਹੀਂ ਬਿਆਨਿਆ ਗਿਆ ਹੈ, ਇਹ ਸਿਰਫ ਸ਼ਬਦ ਨਹੀਂ ਹਨ, ਇਹ ਇੱਕ ਪੁਕਾਰ ਹੈ… ਇੱਕ ਅਜਿਹੀ ਪੁਕਾਰ ਜੋ ਹਰ ਉਸ ਔਰਤ ਦੇ ਦਿਲ ਵਿੱਚੋਂ ਨਿਕਲ ਰਹੀ ਹੈ, ਜੋ ਸਦੀਆਂ ਤੋਂ ਆਪਣੇ ਵਜੂਦ ਲਈ, ਆਪਣੀ ਧੀ ਦੀ ਕਦਰ ਲਈ ਚੁੱਪਚਾਪ ਲੜ ਰਹੀ ਹੈ। ਇਹ ਪੁਕਾਰ ਇੱਕ ਅਣਸੁਣੀ ਆਵਾਜ਼ ਹੈ, “ਤੁਸੀਂ ਸਮਝੋ ...”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕਵਿਤਾ ਸ਼ਰਮਾ

ਡਾ. ਕਵਿਤਾ ਸ਼ਰਮਾ

Whatsapp: (Canada 1 - 437 - 871 - 0333)
Email: (frenchabsolute@gmail.com)